Showing posts with label Film Music. Show all posts
Showing posts with label Film Music. Show all posts

Tuesday, July 19, 2022

ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਵਿਛੋੜਾ ਵੱਡਾ ਜ਼ਖ਼ਮ ਦੇ ਗਿਆ

19th July 2022 at 10:16 AM

 ਲੂਣਾ ਗਾ ਕੇ ਮੁਹੱਬਤ ਦਾ ਅਣਲਿਖਿਆ ਇਕਰਾਰਨਾਮਾ ਪੂਰਾ ਕੀਤਾ 

ਲੁਧਿਆਣਾ: 19 ਜੁਲਾਈ 2022: (ਪ੍ਰੋਫੈਸਰ ਗੁਰਭਜਨ ਗਿੱਲ//ਪੰਜਾਬ ਸਕਰੀਨ)::

ਮੈਨੂੰ ਨਹੀਂ ਸੀ ਪਤਾ ਉਹ ਪੱਕਾ ਭਾਊ ਹੈ, ਅੰਬਰਸਰੀਆ। ਖ਼ਾਲਸਾ ਕਾਲਿਜ ਅੰਮ੍ਰਿਤਸਰ ਦਾ ਪੜ੍ਹਿਆ ਹੋਇਆ। 24 ਕੈਰਿਟ ਸ਼ੁੱਧ ਟਕਸਾਲੀ ਗਾਇਕ।

ਵੀਹ ਪੱਚੀ ਕੁ ਸਾਲ ਪਹਿਲਾਂ  ਉਸ ਵੱਡੇ ਵੀਰ ਨਾਲ ਸਾਰਥਕ ਮਿਊਜ਼ਿਕ ਵਾਲੇ ਸਃ ਭੁਪਿੰਦਰ ਸਿੰਘ ਨਾਲ ਮੁਲਾਕਾਤ ਹੋਈ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਸੰਗੀਤ ਦਰਬਾਰ ਵਿੱਚ।

ਮੈਂ ਹਿੰਦੀ ਚ ਗੱਲ ਕਰਨੀ ਚਾਹੀ, ਇਹ ਸਮਝ ਕੇ ਕਿ ਉਹ ਕੋਈ ਗੈਰ ਪੰਜਾਬੀ ਹੈ।

ਭੁਪਿੰਦਰ ਵੀਰ ਨੇ ਸ਼ੁੱਧ ਮਾਝੇ ਦੀ ਜ਼ਬਾਨ ਚ ਉੱਤਰ ਮੋੜਿਆ,

ਭਾਅ ਕੀ ਹੋ ਗਿਆ, ਮੇਰਾ ਪੰਜਾਬ ਮੇਰੇ ਨਾਲ ਹੁਣ ਹਿੰਦੀ ਚ ਗੱਲ ਕਰੂ?

ਮੈਂ ਛਿੱਥਾ ਪੈ ਗਿਆ। ਮੈਂ ਦੱਸਿਆ ਕਿ ਮੈਂ ਵੀ ਬਟਾਲੇ ਨੇੜਿਉਂ ਹਾਂ ਬਸੰਤਕੋਟ ਤੋਂ। ਉਸ ਘੁੱਟ ਕੇ ਗਲਵੱਕੜੀ ਚ ਲੈ ਲਿਆ ਤੇ ਬੋਲਿਆ, ਭਾਅ ਸ਼ਿਵ ਕੁਮਾਰ ਦਾ ਗਿਰਾਈਂ? ਹੈਂ ਨਾ।

ਮੈਂ ਹਾਮੀ ਭਰੀ ਤਾਂ ਉਹ ਖਿੜ ਗਿਆ। ਭੁਪਿੰਦਰ ਸਿੰਘ ਗ਼ਜ਼ਲ ਗਾਇਕ ਜਗਜੀਤ ਸਿੰਘ ਤੋਂ ਵੀ ਪਹਿਲਾਂ ਬੰਬਈ ਵਿੱਚ ਸੰਘਰਸ਼ ਕਰ ਰਿਹਾ ਸੀ। ਉਹ ਭੂਪੇਂਦਰ ਦੇ ਨਾਮ ਨਾਲ ਮਸ਼ਹੂਰ ਹੋਇਆ।

ਗੱਲਾਂ ਗੱਲਾਂ ਚ ਉਸ ਦੱਸਿਆ ਕਿ ਉਹ ਸ਼ਿਵ ਕੁਮਾਰ ਦੀ ਅਮਰ ਰਚਨਾ ਲੂਣਾ ਦਾ ਚੋਣਵਾਂ ਗਾਇਨ ਰੀਕਾਰਡ ਕਰਵਾ ਰਿਹੈ, ਜੀਵਨ ਸਾਥਣ ਮਿਤਾਲੀ ਸਿੰਘ ਨਾਲ ਮਿਲ ਕੇ।

ਕੁਝ ਚਿਰ ਬਾਦ ਉਹ ਸੀ ਡੀ ਆ ਗਈ ਸੀ। ਹੁਣ ਯੂ ਟਿਊਬ ਚ ਲੱਭ ਜਾਂਦੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਿਵ ਕੁਮਾਰ ਦਾ ਜਵਾਨੀ ਵੇਲੇ ਨੇੜੂ ਵੀ ਸੀ। ਉਸ ਨਾਲ ਇਕਰਾਰ ਸੀ ਕਿ ਕਦੇ ਮੈਂ ਵੀ ਲੂਣਾ ਗਾਵਾਂਗਾ। 

ਭੁਪਿੰਦਰ ਸਿੰਘ ਨੇ ਹਿੰਦੀ ਫ਼ਿਲਮਾਂ ਚ ਬਹੁਤ ਯਾਦਗਾਰੀ ਗੀਤ  ਤੇ  ਗ਼ਜ਼ਲਾਂ ਗਾਈਆਂ।

ਉਸ ਦੀ ਆਵਾਜ਼ ਵਿੱਚ ਧਰਤੀ ਦੀ ਹੂਕ ਸੀ ਤੇ ਅੰਬਰ ਦੀ ਗੂੰਜ। ਉਹ ਮੁਕੰਮਲ ਗਾਇਕ ਸੀ ਪਰ ਆਪਣੀਆਂ ਸ਼ਰਤਾਂ ਤੇ ਕੰਮ ਕਰਨ ਵਾਲਾ। ਕਿਸੇ ਦੀ ਅਧੀਨਗੀ 82 ਸਾਲ ਦੀ ਉਮਰ ਤੀਕ ਪ੍ਰਵਾਨ ਨਹੀਂ ਕੀਤੀ। ਸਿਦਕ ਸਵਾਸਾਂ ਨਾਲ ਨਿਭਾਇਆ ਵੱਡੇ ਵੀਰ ਨੇ।

ਉਸ ਦੇ ਗਾਏ ਇਹ ਬੋਲ ਰੂਹ ਚ ਗੂੰਜ ਰਹੇ ਨੇ।

ਮੇਰੀ ਆਵਾਜ਼ ਹੀ ਮੇਰੀ ਪਹਿਚਾਨ ਹੈ

ਗਰ ਯਾਦ ਰਹੇ।


ਦਿਲ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ ਦਿਨ


ਹੋ ਕੇ ਮਜਬੂਰ ਮੁਝੇ ਉਸਨੇ ਭੁਲਾਇਆ ਹੋਗਾ।

ਅੱਜ ਦਿਨ ਚੜ੍ਹਦੇ ਸਾਰ ਉਸ ਦੇ ਸਦੀਵੀ ਵਿਛੋੜੇ ਦੀ ਖ਼ਬਰ ਮਿਲੀ ਤਾਂ ਲੱਗਿਆ ਕਿ ਆਹ ਕੀ?


ਵੱਡੇ ਵੀਰ ਨਾਲ ਵੀਹ ਪੱਚੀ ਸਾਲ ਪਹਿਲਾਂ ਖਿਚਵਾਈ ਇਹ ਤਸਵੀਰ ਅੱਜ ਮੈਨੂੰ ਬਹੁਤ ਉਦਾਸ ਕਰ ਗਈ ਹੈ।

ਵੱਡੇ ਭਾਅ ਨੂੰ ਸਲਾਮ!


ਗੁਰਭਜਨ ਗਿੱਲ

19.7.2022


Monday, May 27, 2019

ਮੈਂਟਲ ਬੰਦੇ ਫਿਲਮਜ਼ ਵੱਲੋਂ ਹੋਈ ਐਕਟਿੰਗ ਲਈ ਆਡੀਸ਼ਨ

May 27, 2019, 3:59 PM
ਬਿੰਨੀ ਬਰਨਾਲਵੀ ਅਤੇ ਪੈਰੀ ਛਾਬੜਾ ਨੇ ਕੀਤਾ ਆਡੀਸ਼ਨ ਦਾ ਉੱਦਮ 
ਲੁਧਿਆਣਾ: 28 ਮਈ 2019: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਵਿੱਚ ਫ਼ਿਲਮਾਂ ਅਤੇ ਗੀਤਾਂ ਵਾਲੀ ਸ਼ੂਟਿੰਗ ਦੀਆਂ ਸਰਗਰਮੀਆਂ ਵਿੱਚ ਵਾਧਾ ਜਾਰੀ ਹੈ। ਆਏ ਦਿਨ ਕੋਈ ਨ ਕੋਈ ਈਵੈਂਟ ਆਯੋਜਿਤ ਹੁੰਦੀ ਰਹਿੰਦੀ ਹੈ। ਹੁਣ ਇੱਕ ਆਡੀਸ਼ਨ ਹੋਈ ਹੈ ਬੀ ਆਰ ਐਸ ਨਗਰ ਵਿਖੇ। ਅੱਜ ਲੁਧਿਆਣਾ ਦੇ ਐਨਲਾਈਟਮੈਂਟ ਮਾਰਸ਼ਲ ਆਰਟ ਸਕੂਲ ਦੇ ਵਿੱਚ ਮੈਂਟਲ ਬੰਦੇ ਫਿਲਮਜ਼ ਵੱਲੋਂ ਐਕਟਿੰਗ ਦੇ ਆਡੀਸ਼ਨ ਲਏ ਗਏ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਕਲਾਕਾਰਾਂ ਨੇ ਭਾਗ ਲਿਆ। ਆਡੀਸ਼ਨ ਦੀ ਜੱਜਮੈਂਟ ਪਾਲੀਵੁੱਡ ਐਕਟਰ ਅਤੇ ਗਾਇਕ ਗੁਰਮੁੱਖ ਗਿੰਨੀ ,ਗਾਇਕਾ ਤੇ ਗੀਤ ਮਾਡਲ ਅਮਨ ਗਹੀਰ ਨੇ ਕੀਤੀ। ਇਸ ਆਡੀਸ਼ਨ ਦਾ ਮਕਸਦ ਨਵੇਂ ਚਿਹਰਿਆਂ ਨੂੰ ਲਘੂ ਫਿਲਮਾਂ, ਟੈਲੀ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਣਾ ਹੈ। ਇਸ ਮੌਕੇ ਮੈਂਟਲ ਬੰਦੇ ਫਿਲਮਜ਼ ਦੇ ਸੀ.ਈ.ਓ. ਬਿੰਨੀ ਬਰਨਾਲਵੀ, ਐਗਜ਼ਿਕਿਊਟਿਵ ਡਾਇਰੈਕਟਰ ਪੈਰੀ ਛਾਬੜਾ ਮੈਨੇਜਿੰਗ ਡਾਇਰੈਕਟਰ ਅਮਨਦੀਪ ਬਰਨਾਲਾ, ਅਰਸ਼ਪ੍ਰੀਤ ਮਿੰਟੂ ਅਤੇ ਪਰਮਜੀਤ ਕੌਰ ਹਾਜ਼ਿਰ ਸਨ। ਪੈਰੀ ਛਾਬੜਾ ਦਾ ਕਹਿਣਾ ਹੈ ਕਿ ਅਜਿਹੇ ਆਯੋਜਨਾਂ ਨਾਲ ਜਿੱਥੇ ਵੱਖ ਇਲਾਕਿਆਂ ਦਾ ਨਵਾਂ ਟੈਲੈਂਟ ਸਾਹਮਣੇ ਆਉਂਦਾ ਹੈ ਉੱਥੇ ਇਸ ਨਾਲ ਜੁੜੇ ਛੋਟਾ ਛੋਟਾ ਕੰਮ ਕਰਨ ਵਾਲੇ ਕਈ ਵਿਅਕਤੀਆਂ ਨੂੰ  ਰੋਜ਼ਗਾਰ ਵੀ ਮਿਲਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਉੱਦਮ ਉਪਰਾਲੇ ਕਰਨ ਵਾਲਿਆਂ ਸੰਸਥਾਵਾਂ ਨੂੰ ਫ਼ੰਡ ਵੀ ਦੇਵੇ, ਥਾਂ ਵੀ ਅਤੇ ਵੱਖ ਵੱਖ ਪ੍ਰੋਜੈਕਟਾਂ ਦਾ ਕੰਮ ਵੀ। ਅਜਿਹੇ ਕਲਾਕਾਰ ਸਰਕਾਰ ਦੀਆਂ ਨੀਤੀਆਂ ਨੂੰ ਬਹੁਤ ਆਸਾਨੀ ਨਾਲ ਅਤੇ ਬਹੁਤ ਘੱਟ ਖਰਚਿਆ ਵਿੱਚ ਲੋਕਾਂ ਦੇ ਦਿਲਾਂ ਤੱਕ ਲਿਜਾ ਸਕਦੇ ਹਨ। 

Friday, May 09, 2014

ਏਸ਼ੀਅਨ ਤੇ ਲਾਇਨਜ਼ ਕਲੱਬ ਨੇ ਯਾਦ ਕੀਤਾ ਤਲਤ ਮਹਿਮੂਦ ਨੂੰ

Fri, May 9, 2014 at 6:29 PM
VRTC  ਵਿਖੇ ਕੀਤਾ ਗਿਆ ਵਿਸ਼ੇਸ਼ ਆਯੋਜਨ 
ਲੁਧਿਆਣਾ 9 ਮਈ (ਸਤਪਾਲ ਸੋਨੀ//ਪੰਜਾਬ ਸਕਰੀਨ): 
ਬਲੈਕ ਐਂਡ ਵਾਈਟ ਪਰਦੇ ਤੇ 1945 ਤੋਂ 1958 ਤੱਕ ਐਕਟਰ ਤੇ ਗਾਇਕ ਦੇ ਤੌਰ ਤੇ ਆਪਣਾ ਨਾਮ ਚਮਕਾਉਣ ਵਾਲੇ ਅਤੇ 8 ਹਜ਼ਾਰ ਤੋਂ ਜ਼ਿਆਦਾ ਗੀਤ ਗਾਉਣ ਵਾਲੇ ਸੁਰ ਸਮਰਾਟ ਪਦਮ ਭੂਸ਼ਣ ਤਲਤ ਮਹਿਮੂਦ ਨੂੰ ਉਹਨਾਂ ਦੀ 16ਵੀਂ ਬਰਸੀ ਤੇ ਏਸ਼ੀਅਨ ਕਲੱਬ ਇੰਟਰਨੈਸ਼ਨਲ ਤੇ ਲਾਇਨਜ਼ ਕਲੱਬ ਜ਼ਿਲ੍ਹਾ 321 ਐਫ ਨੇ ਯਾਦ ਕੀਤਾ। ਉਹਨਾਂ ਦੀ ਯਾਦ ਵਿੱਚ ਏਸ਼ੀਅਨ ਕਲੱਬ ਦੇ ਪ੍ਰਬੰਧ ਨਿਰਦੇਸ਼ਕ ਜੋਤਿਸ਼ਾ ਅਚਾਰੀਆ ਸੁਖਮਿੰਦਰ ਅਤੇ ਲਾਇਨਜ਼ ਕਲੱਬ ਦੇ ਰਿਜ਼ਨਲ ਚੇਅਰਮੈਨ ਨਵਜੀਤ ਸਿੰਘ ਦੀ ਅਗਵਾਈ ਹੇਠ ਨੇਤਰਹੀਣ ਅਤੇ ਅੰਗਹੀਣ ਬੱਚਿਆਂ ਦੀ ਸੰਸਥਾ, ਹੰਬੜਾਂ ਰੋਡ ਵਿਖੇ ਵੋਕੇਸ਼ਨ ਰੀਹੈਬਲੀਟੇਸ਼ਨ ਟ੍ਰੇਨਿੰਗ ਸੈਂਟਰ ਵਿੱਚ ਉਹਨਾਂ ਦੇ ਗੀਤਾਂ ਉੱਤੇ ਅਧਾਰਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੀ.ਆਰ.ਟੀ.ਸੀ. ਵੱਲੋਂ ਅਧਿਆਪਕਾ ਸੋਨੀਆਂ ਨੇ ਜਿੱਥੇ ਨੇਤਰਹੀਣ ਬੱਚਿਆਂ ਦਾ ਨਿਰਦੇਸ਼ਨ ਕੀਤਾ, ਉੱਤੇ ਆਪ ਵੀ "ਜਾਏਂ ਤੋਂ ਜਾਏਂ ਕਹਾਂ" ਗੀਤ ਪੇਸ਼ ਕੀਤਾ। ਇਹ ਹੀ ਨਹੀਂ, ਬਸੰਤ ਨੇ "ਜਲਤੇ ਹੇਂ ਜਿਸ ਕੇ ਲੀਏ' 'ਤਸਵੀਰ ਬਨਾਤਾ ਹੂੰ ਤੇਰੀ ਤਸਵੀਰ ਨਹੀਂ ਬਣਤੀ', ਜੈਆ ਨੇ 'ਸ਼ਾਮੇ ਗਮ ਕੀ ਕਸਮ ਆਜ ਗਮਗੀਂ ਹੈ ਹਮ', ਮਨੀ ਸ਼ਰਮਾਂ ਨੇ 'ਫਿਰ ਵੋਹੀ ਸ਼ਾਮ' ਇਸ਼ੀਤਾ ਨੇ 'ਮੇਰਾ ਕਰਾਰ ਲੇਜਾ' ਗੀਤਾਂ ਨਾਲ ਜਿੱਥੇ ਆਪਣੇ ਸੁਰਾਂ ਦਾ ਜਾਦੂ ਜਗਾ ਦਿੱਤਾ ਉੱਥੇ ਉਹਨਾਂ ਨੂੰ 3 ਹਜ਼ਾਰ ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ। ਏਸ਼ੀਅਨ ਕਲੱਬ ਵੱਲੋਂ ਸੁਖਮਿੰਦਰ ਨੇ 'ਤੁਝੇ ਅਪਨੇ ਪਾਸ ਬੁਲਾਤੀ ਹੈ ਤੇਰੀ ਦੁਨੀਆਂ', 'ਰਾਤ ਨੇ ਕਿਆ ਕਿਆ ਖਾਬ ਦਿਖਾਏ' ਗੀਤ ਗਾਏ ਅਤੇ ਅਸ਼ੋਕ ਧੀਰ ਤੇ ਕੋਮਲ ਵਰਮਾਂ ਨਾਲ 'ਇਤਨਾ ਨਾ ਮੁਝ ਸੇ ਤੂੰ ਪਿਆਰ ਬੜਾ' ਗੀਤਾ ਗਾਇਆ, ਕੋਮਲ ਵਰਮਾਂ ਨੇ 'ਮੇਰੀ ਯਾਦ ਮੇਂ ਤੁਮ ਨਾ ਆਸੂੰ ਬਹਾਨਾ', ਰਕੇਸ਼ ਕਪੂਰ ਨੇ 'ਸੀਨੇ ਮੇਂ ਸੁਲਗਤੇ ਹੇਂ ਆਰਮਾਨ' ਗੀਤਾਂ ਨਾਲ ਵਾਹ-ਵਾਹੀ ਹਾਸਲ ਕੀਤੀ, ਜਦ ਕਿ ਅਰਵਿੰਦ ਰਾਜੂ ਨੇ ਵੱਖ-ਵੱਖ ਕਲਾਕਾਰਾਂ ਦੀਆਂ ਅਵਾਜ਼ਾਂ ਨਾਲ ਦਰਸ਼ਨਾਂ ਦੀਆਂ ਕਿਲਕਾਰੀਆਂ ਗੁੰਜਾ ਦਿੱਤੀਆਂ । ਲਾਇਨਜ਼ ਕਲੱਬ ਵੱਲੋਂ ਨਵਜੀਤ ਸਿੰਘ ਚੰਦੋਕ ਨੇ 'ਪਲ-ਪਲ ਦਿਲ ਕੇ ਪਾਸ', ਵਿਨੈ ਸੂਦ ਨੇ 'ਫਿਰ ਵੋਹੀ ਸ਼ਾਮ' ਗੀਤ ਸੁਣਾਏ ਤੇ ਅਮਰਜੀਤ ਅਰੋੜਾ ਨੇ 'ਹਾਸ-ਰਸ' ਪੇਸ਼ ਕੀਤਾ । ਇਸ ਮੌਕੇ ਤੇ ਪੰਡਿਤ ਰਾਜਨ ਸ਼ਰਮਾਂ ਨੇ 'ਮੇਂ ਯੇਹ ਸੋਚ ਕਰ ਉਸ ਕੇ ਦਰ ਸੇ ਉਠਾ ਥਾ' ਗੀਤ ਤੇ ਸ਼ਾਮਲ ਲਾਲ ਗੁਪਤਾ ਨੇ ਜ਼ਿੰਦਗੀ ਦੀਆਂ ਸਚਾਈਆਂ ਪੇਸ਼ ਕੀਤੀਆਂ । ਨੇਤਰਹੀਣ ਅਤੇ ਅੰਗਹੀਣ ਬੱਚਿਆਂ ਦੀ ਪੜ੍ਹਾਈ ਦੇ ਲਈ ਅਕਾਂਕਸ਼ਾ ਤੇ ਮੁਸਕਾਨ ਨੇ ਉਹਨਾਂ ਨੂੰ ਕੰਪਿਊਟਰ ਭੇਂਟ ਕਰਨ ਲਈ ਭੇਜਿਆ । ਰਾਕੇਸ਼ ਕਪੂਰ ਨੇ ਸਕੂਲ ਨੂੰ 21 ਹਜ਼ਾਰ ਰੁਪਏ ਤੇ ਵੀ.ਕੇ. ਸੂਦ ਨੇ 1100/- ਰੁਪਏ ਭੇਂਟ ਕੀਤੇ। ਜੋਤਿਸ਼ਾ ਅਚਾਰੀਆਂ ਸੁਖਮਿੰਦਰ, ਨਵਜੀਤ ਸਿੰਘ, ਗਰੀਸ਼ ਗੁਪਤਾ, ਅਸ਼ੋਕ ਧੀਰ, ਲਾਇਨਜ਼ ਕਲੱਬ ਦੇ ਹੋਣ ਵਾਲੇ ਗਵਰਨਰ ਯੋਗੇਸ਼ ਸੋਨੀ, ਪਰਮਜੀਤ ਕੌਰ, ਚੇਤਨਾ ਸ਼ਰਮਾਂ, ਸ਼ਲਿੰਦਰ ਵੱਲੋਂ ਨਗਦ ਰਾਸ਼ੀ ਦੇ ਨਾਲ ਨਾਲ ਫ਼ਲ, ਮਿਠਾਈਆਂ, ਬੇਲ-ਪੂਰੀ, ਮਿਲਕ ਬਰੰਮੀ ਤੇ ਜੂਸ ਬੱਚਿਆਂ ਨੂੰ ਦਿੱਤੇ ਗਏ । ਇਸ ਮੌਕੇ ਤੇ ਰਵਿੰਦਰ ਸਿੰਘ ਸੈਣੀ, ਰੀਆ, ਰਾਜ਼ਨ ਗੁਲਾਟੀ, ਮਨਕੀਰਤ ਕੌਰ, ਰੋਹਿਤ ਸੋਨਕਰ, ਡਾ. ਏ.ਐਸ. ਜੱਸੀ, ਪ੍ਰਮੋਦ ਦਾਦਾ, ਭਾਰਤ ਗੁਪਤਾ, ਡਾ. ਅਨਿਲ ਸ਼ਰਮਾਂ, ਡਿੰਪਲ, ਮੀਨਾ ਨਾਗੀ, ਪ੍ਰੇਮ ਖੁਰਾਨਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਮੰਨੇ-ਪ੍ਰਮੰਨੇ ਲੋਕ ਹਾਜ਼ਰ ਸਨ। 

Tuesday, December 31, 2013

ਆਂਧੀ ਵਾਲੀ ਸੁਚਿਤਰਾ ਸੇਨ ਦੀ ਹਾਲਤ ਸਥਿਰ

"ਦੇਵਦਾਸ" ਅਤੇ "ਆਂਧੀ' ਨਾਲ ਹਿੰਦੀ ਫਿਲਮ ਦਰਸ਼ਕਾਂ ਦਾ ਦਿਲ ਵੀ ਜਿੱਤਿਆ
ਕੋਲਕਾਤਾ: 31 ਦਸੰਬਰ 2013: (ਪੰਜਾਬ ਸਕਰੀਨ ਬਿਊਰੋ):
   ਵੀਡੀਓ Courtesy: Filmi Gaane//YouTube ਇਸ ਫਿਲਮ ਦਾ ਇਹ ਗੀਤ ਬਹੁਤ ਪਸੰਦ ਕੀਤਾ ਗਿਆ ਸੀ। ਫਿਲਮ ਆਂਧੀ ਦੇ ਇਸ ਗੀਤ ਨੂੰ ਲਿਖਿਆ ਸੀ ਪ੍ਰਸਿਧ ਸ਼ਾਇਰ ਗੁਲਜ਼ਾਰ ਨੇ ਅਤੇ ਸੰਗੀਤ ਨਾਲ ਸਜਾਇਆ ਸੀ ਆਰ ਦੀ ਬਰਮਨ ਨੇ। ਕਿਸ਼ੋਰ  ਲਤਾ ਮੰਗੇਸ਼ਕਰ ਦੀ ਆਵਾਜ਼ ਨਾਲ ਇਹ ਗੀਤ ਇੱਕ ਯਾਦਗਾਰੀ ਗੀਤ ਬਣ ਗਿਆ। 
ਕੋਲਕਾਤਾ: 31 ਦਸੰਬਰ 2013: (ਪੰਜਾਬ ਸਕਰੀਨ ਬਿਊਰੋ):
ਸੰਨ 1974 ਵਿੱਚ ਆਈ ਫਿਲਮ ਆਂਧੀ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਸੁਚਿਤਰਾ ਸੇਨ ਹੁਣ ਮੰਜੇ ਤੇ ਹੈ ਅਤੇ ਗੰਭੀਰ ਹੈ।  ਸਾਹ ਸੰਬੰਧੀ ਬੀਮਾਰੀ ਨਾਲ ਪੀੜਤ ਇਸ ਬੰਗਾਲੀ ਅਭਿਨੇਤਰੀ ਸੁਚਿਤਰਾ ਸੇਨ ਦੀ ਹਾਲਤ ਮੰਗਲਵਾਰ ਨੂੰ ਸਥਿਰ ਬਣੀ ਰਹੀ। ਬੇਲੇ ਵਿਊ ਕਲੀਨਿਕ ਵੱਲੋਂ ਜਾਰੀ ਮੈਡੀਕਲ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਸੋਮਵਾਰ ਦੀ ਤਰ੍ਹਾਂ ਹੀ ਸਥਿਰ ਬਣੀ ਹੋਈ ਹੈ। ਉਨ੍ਹਾਂ ਦੇ ਸਾਰੇ ਅੰਗ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 82 ਸਾਲਾਂ ਸੁਚਿਤਰਾ ਸੇਨ ਫੇਫੜਿਆਂ ਦੀ ਬੀਮਾਰੀ ਕੰਟਰੋਲ 'ਚ ਹੈ ਅਤੇ ਉਨ੍ਹਾਂ ਦੇ ਫੇਫੜਿਆਂ 'ਚ ਜਮਾ ਹੋਏ ਤਰਲ ਪਦਾਰਥ ਨੂੰ ਖਤਮ ਕਰਨ ਲਈ ਦਿੱਤੇ ਜਾ ਰਹੇ ਐਂਟੀਬਾਓਟਿਕਸ ਕੰਮ ਕਰ ਰਹੇ ਹਨ। ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਣ 'ਤੇ ਉਨ੍ਹਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਵੇਗਾ। ਦਿਲ ਦੇ ਰੋਗ ਦੇ ਮਾਹਰ ਡਾਕਟਰ ਸੁਬਰਤ ਮੋਈਨਾ ਦੀ ਅਗਵਾਈ 'ਚ ਡਾਕਟਰਾਂ ਦੀ 5 ਮੈਂਬਰੀ ਕਮੇਟੀ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ।
ਬੰਬਈ ਕਾ ਬਾਬੂ ਫਿਲਮ ਦਾ ਇਹ ਗੀਤ ਵੀ ਹਿੱਟ ਹੋਇਆ ਸੀ। ਇਸ ਗੀਤ ਨੂੰ ਲਿਖੀ ਸੀ ਮਜਰੂਹ ਸੁਲਤਾਨ ਪੁਰੀ ਨੇ। ਰਾਜ ਖੋਸਲਾ ਨਿਰਦੇਸ਼ਿਤ ਇਸ ਫਿਲਮ ਵਿੱਚ ਦੇਵਾਨੰਦ ਅਤੇ ਸੁਚਿਤਰਾ ਸੇਨ ਨੇ ਅਦਾਕਾਰੀ ਦਾ ਇੱਕ ਨਵਾਂ ਅਧਿਆਏ ਜੋੜਿਆ ਸੀ। 
6 ਅਪ੍ਰੈਲ 1931 ਨੂੰ ਜਨਮੀ ਇਸ ਬੇਹਤਰੀਨ ਅਦਾਕਾਰਾ ਨੇ ਆਪਣੇ ਜੀਵਨ ਸੰਗ੍ਰਾਮ ਅਤੇ ਅਦਾਕਾਰੀ ਦੇ ਬਲਬੂਤੇ ਸਾਬਿਤ ਕੀਤਾ ਕਿ ਸ਼ਾਦੀ ਕਦੇ ਸਫਲਤਾ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਦੀ। ਕਾਬਿਲੇ ਜ਼ਿਕਰ ਹੈ ਕਿ ਜਦੋਂ ਲੋਕ ਵਿਆਹ ਸ਼ਾਦੀ ਤੋਂ ਬਾਅਦ ਆਪਣੇ ਆਪ ਨੂੰ ਗਏ ਗੁਜ਼ਰੇ ਸਮਝਣ ਲੱਗਦੇ ਹਨ ਉਦੋਂ ਇਸ ਕਲਾਕਾਰ ਨੇ ਸ਼ਾਦੀ ਤੋਂ ਮਗਰੋਂ 1952 ਵਿੱਚ ਫਿਲਮੀ ਦੁਨੀਆ ਵਿੱਚ ਪੈਰ ਰੱਖਿਆ।  ਉਸਨੇ ਖੁਦ ਵੀ ਫਿਲਮਾਂ ਵਿੱਚ ਨਾਮ ਕਮਾਇਆ ਅਤੇ ਆਪਣੇ ਬੇਟੀ ਮੂਨ ਮੂਨ ਸੇਨ ਨੂੰ ਵੀ ਹਰ ਤਰ੍ਹਾਂ ਨਾਲ ਪ੍ਰੇਰਨਾ ਦਿੱਤੀ। ਅੱਜ ਉਹ ਮਹਾਂ ਕਲਾਕਾਰ ਬੀਮਾਰ ਹੈ ਆਓ ਉਸ ਦੀ ਲੰਮੀ ਉਮਰ ਲਈ ਦੁਆ ਕਰੀਏ। 
ਸੰਨ 1957 ਵਿੱਚ ਆਈ ਇਸ ਫਿਲਮ ਵਿੱਚ ਭਾਰਤ ਭੂਸ਼ਣ ਅਤੇ ਸੁਚਿਤਰਾ ਸੇਨ ਨੇ ਅਦਾਕਾਰੀ ਦਾ ਲੋਹਾ ਮਨਵਾਇਆ। ਆਵਾਜ਼ ਦੀ ਮਲਿਕਾ ਲਤਾ ਮੰਗੇਸ਼ਕਰ ਦੇ ਗਾਏ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਹੇਮੰਤ ਨੇ।  

Sunday, November 03, 2013

ਕੈਂਸਰ ਦੀ ਜੰਗ ਵਿੱਚ ਹਾਰ ਗਈ ਰੇਸ਼ਮਾ

ਉਸਦੀ ਮੌਤ ਦਾ ਇਸ਼ਾਰਾ ਪੰਜਾਬੀ ਟ੍ਰਿਬਿਊਨ ਨੇ ਅਪ੍ਰੈਲ 'ਚ ਹੀ ਦੇ ਦਿੱਤਾ ਸੀ 
ਰੇਸ਼ਮਾ ਦੀ ਗੱਲ ਕਰਦਿਆਂ…                                                   -ਸਵਰਨ ਸਿੰਘ ਟਹਿਣਾ
Posted On April - 27 - 2013
ਗਾਇਕੀ ਖੇਤਰ ਦੀ ਅਜ਼ੀਮ ਸ਼ਖ਼ਸੀਅਤ ਜਿਸ ਨੇ ਜ਼ਿੰਦਗੀ ਨਿਰਬਾਹ ਲਈ ਗਾਇਕੀ ਖੇਤਰ ਨੂੰ ਅਜਿਹਾ ਚੁਣਿਆ ਕਿ ਇਹੀ ਉਸ ਦਾ ਹਾਸਲ ਬਣ ਗਿਆ,ਅੱਜ ਲਹਿੰਦੇ ਪੰਜਾਬ ਵਿਚਲੇ ਲਾਹੌਰ ਦੇ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਜੰਗ ਲੜ ਰਹੀ ਹੈ। ਕੋਈ ਵਿਰਲਾ-ਟਾਂਵਾਂ ਉਹਦਾ ਪਤਾ ਲੈਣ ਜਾਂਦੈ ਤੇ ਹੱਡੀਆਂ ਦੀ ਮੁੱਠ ਬਣ ਚੁੱਕੇ ਸਰੀਰ ਵੱਲ ਦੇਖ ਉਸ ਦੇ ਕੱਲ੍ਹ ਤੇ ਅੱਜ ਵਿਚਲਾ ਅੰਤਰ ਸਾਫ਼ ਦਿਸਣ ਲੱਗਦੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਆਪਸੀ ਸਾਂਝ ਬਾਰੇ ਜਿੰਨਾ ਕੁਝ ਲਿਖਿਆ ਜਾਵੇ, ਘੱਟ ਏ ਤੇ ਜਿੰਨਾ ਬੋਲਿਆ ਜਾਵੇ, ਥੋਡ਼੍ਹਾ ਏ ਪਰ ਜਦੋਂ ਦੋਵਾਂ ਪਾਸਿਆਂ ਦੇ ਕਲਾਕਾਰਾਂ ’ਤੇ ਵਕਤ ਦਾ ਝੱਖੜ ਝੁੱਲਦਾ ਹੈ ਤਾਂ ਸੂਖ਼ਮ ਭਾਵੀ ਲੋਕਾਂ ਦਾ ਪਿਘਲਣਾ ਕੁਦਰਤੀ ਹੈ। ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ ਦੀ। ਉਸ ਨਾਲ ਮੇਲ ਕਦੇ ਨਹੀਂ ਹੋਇਆ, ਬਸ ਗੀਤਾਂ ਜ਼ਰੀਏ ਇੰਜ ਜਾਪਿਐ ਜਿਵੇਂ ਉਸ ਨਾਲ ਪਰਿਵਾਰਕ ਸਾਂਝ ਹੋਵੇ। ਭੋਲ਼ੇ ਚਿਹਰੇ, ਸਾਦੀਆਂ ਗੱਲਾਂ, ਮੂੰਹ ਫੱਟ ਬੋਲਾਂ ਵਾਲੀ ਰੇਸ਼ਮਾ ਕਦਰਦਾਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਜਾਪਦੀ ਹੈ। ਉਸ ਦੀਆਂ ਉਦਾਸੀ ਵਾਲੀਆਂ ਮੁਲਾਕਾਤਾਂ ਵੱਖ-ਵੱਖ ਟੀ.ਵੀ. ਚੈਨਲਾਂ ਤੋਂ ਕਈ ਵਾਰ ਦੇਖੀਆਂ ਨੇ, ਜਿਨ੍ਹਾਂ ਵਿੱਚ ਉਹ ਆਪਣਾ ਦਰਦ ਬਿਆਨ ਕਰਦੀ ਰਹੀ ਹੈ ਪਰ ਅੱਜ ਉਸ ਦੀ ਹਾਲਤ ਏਨੀ ਨਾਜ਼ਕ ਹੈ ਕਿ ਕਿਸੇ ਵੀ ਵੇਲੇ ਕੋਈ ਮਾੜੀ ਖ਼ਬਰ ਆ ਸਕਦੀ ਹੈ। ਕੈਂਸਰ ਦੀ ਬੀਮਾਰੀ ਨੇ ਉਸ ਨੂੰ ਅਜਿਹਾ ਘੇਰਿਆ ਕਿ ਉਸ ਦੀ ਗਾਇਕੀ ਛੁੱਟ ਗਈ ਤੇ ਜ਼ਿੰਦਗੀ ਦੀ ਡੋਰ ਵੀ ਨਾ ਛੁੱਟ ਜਾਵੇ, ਇਸ ਦਾ ਫ਼ਿਕਰ ਸਤਾ ਰਿਹੈ। ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਅਖ਼ਬਾਰ ਉਸ ਦੀ ਹਾਲ ਬਿਆਨੀ ਕਰ ਰਹੇ ਨੇ, ਸ਼ੌਕਤ ਅਲੀ ਸਮੇਤ ਪਾਕਿਸਤਾਨ ਦੇ ਕਈ ਮਸ਼ਹੂਰ ਗਾਇਕ ਉਸ ਦਾ ਹਾਲ-ਚਾਲ ਪੁੱਛਣ ਹਸਪਤਾਲ ਗਏ, ਜਿਨ੍ਹਾਂ ਦੀਆਂ ਖ਼ਬਰਾਂ ਵੀ ਬਣੀਆਂ ਤੇ ਸਭ ਦੀਆਂ ਨਮ ਅੱਖਾਂ ਇਹ ਦੱਸਣ ਲਈ ਕਾਫ਼ੀ ਸਨ ਕਿ ਕੁਦਰਤ ਅਜਿਹਾ ਕਹਿਰ ਵੈਰੀ ’ਤੇ ਵੀ ਨਾ ਕਮਾਵੇ।
Courtesy Photo
ਰੇਸ਼ਮਾ ਦਾ ਪਿਛੋਕੜ, ਗਾਇਕੀ ਨਾਲ ਜੁੜਨ ਦਾ ਸਬੱਬ ਤੇ ਮੋਹਰਲੀ ਕਤਾਰ ਦੀ ਗਾਇਕਾ ਹੁੰਦਿਆਂ ਵੀ ਸਭ ਕੁਝ ਤੋਂ ਬੇਖ਼ਬਰ ਰਹਿਣਾ ਦੱਸ ਦਿੰਦੈ ਕਿ ਕੁਝ ਕਲਾਕਾਰ ਅਜਿਹੇ ਹੁੰਦੇ ਨੇ, ਜਿਹੜੇ ‘ਖਾਸ’ ਹੁੰਦਿਆਂ ‘ਆਮ’ ਬਣੇ ਰਹਿੰਦੇ ਨੇ। ਪੜ੍ਹਨਾ-ਲਿਖਣਾ ਰੇਸ਼ਮਾ ਹਿੱਸੇ ਨਾ ਆਇਆ ਕਿਉਂਕਿ ਪਰਿਵਾਰਕ ਮਾਹੌਲ ਹੀ ਅਜਿਹਾ ਸੀ ਪਰ ਫੇਰ ਵੀ ਜਿਸ ਤਰ੍ਹਾਂ ਉਸ ਨੇ ਗੀਤਾਂ ਨੂੰ ਕੰਠ ਕੀਤਾ ਤੇ ਉਹ ਰਿਕਾਰਡ ਹੁੰਦਿਆਂ ਜਿਵੇਂ ਪੂਰੀ ਦੁਨੀਆਂ ਵਿੱਚ ਉਸ ਦੀ ਮਸ਼ਹੂਰੀ ਹੋਈ, ਅਲੋਕਾਰੀ ਪ੍ਰਾਪਤੀ ਹੈ। ਇੱਕ ਚੈਨਲ ’ਤੇ ਮੁਲਾਕਾਤ ਦੌਰਾਨ ਰੇਸ਼ਮਾ ਨੇ ਦੱਸਿਆ ਸੀ, ‘‘ਪਹਿਲੀ ਵਾਰ ਜਦੋਂ ਇੱਕ ਅਖ਼ਬਾਰ ਵਿੱਚ ਫੋਟੋ ਛਪੀ ਤਾਂ ਮੈਂ ਡਰ ਗਈ ਕਿ ਕਿਤੇ ਮਾਪੇ ਤੇ ਬਰਾਦਰੀ ਇਹ ਨਾ ਸੋਚਣ ਕਿ ਮੈਂ ਕੀ ਚੰਦ ਚਾੜ੍ਹ ਦਿੱਤੈ…ਪਰ ਫੇਰ ਹੌਲੀ-ਹੌਲੀ ਰੇਡੀਓ ’ਤੇ ਗਾਉਣ ਦੀ ਖੁੱਲ੍ਹ ਹੋ ਗਈ। ਬਰਾਦਰੀ ਤੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤੇ ਫੇਰ ਸਰਹੱਦਾਂ ਤੋਂ ਪਾਰ ਗੱਲਾਂ ਹੋਣ ਲੱਗੀਆਂ। ਉਸ ਤੋਂ ਬਾਅਦ ਵਿਦੇਸ਼ੀ ਦੌਰੇ ਸ਼ੁਰੂ ਹੋ ਗਏ…ਤੇ ਪਤਾ ਨਹੀਂ ਕਿਵੇਂ ਲੋਕ ਰੇਸ਼ਮਾ..ਰੇਸ਼ਮਾ ਕਹਿ ਵਡਿਆਉਣ ਲੱਗ ਗਏ।’’ ਕੁਝ ਸਾਲ ਪਹਿਲਾਂ ਉਸ ਨੂੰ ਡਾਕਟਰਾਂ ਦੱਸਿਆ ਕਿ ਤੁਹਾਨੂੰ ਕੈਂਸਰ ਹੈ ਤੇ ਉਦੋਂ ਤੋਂ ਗਾਉਣਾ ਲਾਂਭੇ ਹੋ ਗਿਆ। ਇਲਾਜ ਚੱਲਣ ਲੱਗਿਆ ਤੇ ਕੈਂਸਰ ਦੇ ਮਰੀਜ਼ ਦਾ ਹਾਲ ਕੀਮੋਥਰੈਪੀਆਂ ਤੇ ਹੋਰ ਪ੍ਰਣਾਲੀਆਂ ਵਿੱਚੋਂ ਗੁਜ਼ਰਦਿਆਂ ਕੇਹਾ ਹੋ ਜਾਂਦੈ, ਸਭ ਜਾਣਦੇ ਹੀ ਨੇ। ਦੁੱਖ ਹੈ ਕਿ ਕੈਂਸਰ ਦਾ ਇਹ ਚੰਦਰਾ ਰੋਗ ਕੀਮਤੀ ਜਾਨਾਂ ਖਾ ਰਿਹੈ। ਰੋਜ਼ਾਨਾ ਅਖ਼ਬਾਰਾਂ, ਰਸਾਲਿਆਂ ਦੇ ਭਰੇ ਸਫ਼ੇ ਦੱਸਦੇ ਨੇ ਕਿ ਇਹ ਬੀਮਾਰੀ ਕਿਵੇਂ ਪੈਰ ਪਸਾਰਦੀ ਜਾ ਰਹੀ ਏ। ਕਿੰਨੇ ਹੀ ਆਮ ਤੇ ਖਾਸ ਲੋਕ ਇਸ ਦੀ ਭੇਟ ਚੜ੍ਹ ਚੁੱਕੇ ਨੇ। ਕੁਝ ਸਮਾਂ ਪਹਿਲਾਂ ਗਾਇਕਾ ਪਰਮਿੰਦਰ ਸੰਧੂ ਤੇ ਫੇਰ ਉੱਘੇ ਗਾਇਕ ਕਰਨੈਲ ਗਿੱਲ ਦੀ ਅਖੀਰ ਦਾ ਕਾਰਨ ਵੀ ਇਹ ਬੀਮਾਰੀ ਬਣੀ। ਪਾਕਿਸਤਾਨੀ ਸਰਕਾਰ ਨੇ ਰੇਸ਼ਮਾ ਦਾ ਇਲਾਜ ਆਪਣੇ ਪੱਧਰ ’ਤੇ ਕਰਾਉਣ ਦੀ ਗੱਲ ਕਹੀ ਹੈ ਤੇ ਉਸ ਨੂੰ ਦਸ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵਚਨ ਵੀ ਕੀਤਾ ਹੈ। ਸਭ ਦੀਆਂ ਦੁਆਵਾਂ ਉਸ ਦੇ ਨਾਲ ਹਨ ਪਰ ਰੋਗ ਦੇ ਇਸ ਪੜਾਅ ’ਤੇ ਦੁਆਵਾਂ ਤੇ ਦਵਾਵਾਂ ਬਹੁਤਾ ਅਸਰ ਨਹੀਂ ਕਰਦੀਆਂ। ਇਹ ਸਭ ਲਿਖਦਿਆਂ ਉਸ ਦੇ ‘ਲੰਬੀ ਜੁਦਾਈ’ ਤੇ ‘ਹਾਇ ਓ ਰੱਬਾ ਨਹੀਂਓਂ ਲੱਗਦਾ ਦਿਲ ਮੇਰਾ’, ‘ਵੇ ਮੈਂ ਚੋਰੀ ਚੋਰੀ’ ਤੇ ‘ਦਮਾ ਦਮ ਮਸਤ ਕਲੰਦਰ’ ਗੀਤ ਚੇਤੇ ਆ ਰਹੇ ਨੇ। ਰੇਸ਼ਮਾ ਬੀਮਾਰੀ ਨਾਲ ਲੜ ਰਹੀ ਹੈ ਤੇ ਉਸ ਦੇ ਹਾਲਾਤ ਬਾਰੇ ਗਾਹੇ-ਬਗਾਹੇ ਖ਼ਬਰਾਂ ਛਪ ਰਹੀਆਂ ਨੇ। ਦੁੱਖ ਦੀ ਗੱਲ ਹੈ ਕਿ ਚੰਗੇ ਕਲਾਕਾਰ ਸਾਡਾ ਸਾਥ ਛੱਡ ਰਹੇ ਨੇ, ਜਿਨ੍ਹਾਂ ਦੀ ਮਖ਼ਮਲੀ ਆਵਾਜ਼ ਕਦੇ ਚੇਤੇ ਦੀ ਚੰਗੇਰ ’ਚੋਂ ਉੱਤਰ ਨਹੀਂ ਸਕਦੀ।
ਕੈਂਸਰ ਦੀ ਜੰਗ ਵਿੱਚ ਹਾਰ ਗਈ ਰੇਸ਼ਮਾ

ਰੇਸ਼ਮਾ ਦੀ ਗੱਲ ਕਰਦਿਆਂ…