Showing posts with label Dasuha. Show all posts
Showing posts with label Dasuha. Show all posts

Thursday, January 06, 2022

ਪ੍ਰਧਾਨ ਮੰਤਰੀ ਦੀ ਫੇਰੀ ਸਬੰਧੀ ਲੋੜੀਂਦੇ ਪ੍ਰਬੰਧਾਂ ਦੀ ਨਿਗਰਾਨੀ ਮੈਂ ਖੁਦ ਕੀਤੀ-ਚੰਨੀ

6th January 2022 at 7:54 PM
ਮੁਖ ਮੰਤਰੀ ਵੱਲੋਂ ਭਾਜਪਾ ਦੇ ਨਾਲ ਅਕਾਲੀਆਂ ਅਤੇ ਆਪ ਦੀ ਵੀ ਆਲੋਚਨਾ

*ਭਾਜਪਾ ਦੀ ਨਾਕਾਮ ਰੈਲੀ ਦਰਸਾਉਂਦੀ ਹੈ ਕਿ ਲੋਕ ਗੁੱਸੇ ਹਨ ਭਾਜਪਾ ਨਾਲ 

*ਪੰਜਾਬੀਆਂ ਨੇ ਭਾਜਪਾ ਅਤੇ ਇਸ ਦੇ ਫੁੱਟ ਪਾਊ ਏਜੰਡੇ ਨੂੰ ਨਕਾਰ ਦਿੱਤਾ ਹੈ

*ਪੰਜਾਬ ਨੂੰ ਬਰਬਾਦ ਕਰਨ ਲਈ ਅਕਾਲੀਆਂ ਦੀ ਕਰੜੀ ਨਿੰਦਾ

*ਕੇਜਰੀਵਾਲ ਅਤੇ ਉਸ ਦੇ ਸਾਥੀਆਂ ਦੀ ਪੰਜਾਬ ਦੀ ਦੌਲਤ 'ਤੇ ਅੱਖ


ਦਸੂਹਾ
(ਹੁਸ਼ਿਆਰਪੁਰ): 6 ਜਨਵਰੀ 2022: (ਪੰਜਾਬ ਸਕਰੀਨ ਬਿਊਰੋ)::

ਜਦੋਂ ਭਾਰਤੀ ਜਨਤਾ ਪਾਰਟੀ ਅਤੇ ਭਾਜਪਾ ਦੇ ਸਮਰਥਕਾਂ ਵੱਲੋਂ ਦੇਸ਼ ਭਰ ਵਿੱਚ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਕੇ ਬਾਰ ਬਾਰ ਬਹੁਤ ਸਾਰੇ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਹਨ ਉਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁਲੰਦ ਆਵਾਜ਼ ਵਿੱਚ ਸਪਸ਼ਟ ਆਖਿਆ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸਬੰਧਤ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਉਹਨਾਂ ਨੇ ਖੁਦ ਕੀਤੀ ਹੈ। ਉਹਨਾਂ ਸਾਫ ਆਖਿਆ ਕਿ ਅਸਲ ਵਿੱਚ ਬੁੱਧਵਾਰ ਵਾਲੀ ਰੈਲੀ ਦੀ ਅਸਫਲਤਾ ਇਸ ਤੱਥ ਦਾ ਸਬੂਤ ਹੈ ਕਿ ਸੂਝਵਾਨ ਪੰਜਾਬੀਆਂ ਨੇ ਭਾਜਪਾ ਦੇ ਫੁੱਟ ਪਾਊ ਅਤੇ ਨਫਰਤ ਦੇ ਏਜੰਡੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

ਅੱਜ ਇੱਥੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੱਲ ਹੋਈ ਭਾਜਪਾ ਦੀ ਰੈਲੀ ਵਿੱਚ ਜਿੱਥੇ 70,000 ਕੁਰਸੀਆਂ ਲਗਾਈਆਂ ਗਈਆਂ ਸਨ, ਸਿਰਫ਼ 700 ਵਿਅਕਤੀ ਹਾਜ਼ਰ ਹੋਣ ਦਾ ਤੱਥ ਮੋਦੀ ਸਰਕਾਰ ਵਿਰੁੱਧ ਲੋਕਾਂ ਦੇ ਮਨਾਂ ਵਿਚਲੇ ਰੋਸ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਖਾਲੀ ਪਈਆਂ ਕੁਰਸੀਆਂ ਨੇ ਭਾਜਪਾ ਅਤੇ ਇਸ ਦੀ ਸਮੁੱਚੀ ਲੀਡਰਸ਼ਿਪ ਨੂੰ ਜਨਤਾ ਦੀਆਂ ਭਾਵਨਾਵਾਂ ਦਾ ਪਤਾ ਲਗਾਉਣ ਵਿੱਚ ਨਾਕਾਮ ਰਹਿਣ ਦਾ ਸ਼ੀਸ਼ਾ ਦਿਖਾਇਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬੀਆਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹੰਕਾਰੀ ਆਗੂਆਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਦਾ ਅੰਦਾਜ਼ਾ ਭਾਜਪਾ ਦੇ ਇਸ ਫਲਾਪ ਸ਼ੋਅ ਤੋਂ ਲਗਾਇਆ ਜਾ ਸਕਦਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਆਈ ਪਰ ਭਾਜਪਾ ਦੀ ਰੈਲੀ ਵਿੱਚ ਲੋਕਾਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਦੌਰਾ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਸਬੰਧੀ ਲੋੜੀਂਦੇ ਪ੍ਰਬੰਧਾਂ ਦੀ ਨਿਗਰਾਨੀ ਉਨ੍ਹਾਂ ਨੇ ਖੁਦ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਨੇ ਬਠਿੰਡਾ ਤੋਂ ਫਿਰੋਜ਼ਪੁਰ ਤੱਕ ਹਵਾਈ ਯਾਤਰਾ ਕਰਨੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਆਖਰੀ ਪਲਾਂ ਵਿੱਚ ਬਦਲਾਅ ਕਰਦਿਆਂ ਅਚਾਨਕ ਸੜਕ ਰਾਹੀਂ ਯਾਤਰਾ ਕਰਨ ਦਾ ਫੈਸਲਾ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ਨੇ ਇਸ ਦੇ ਵੀ ਪੂਰੇ ਪ੍ਰਬੰਧ ਕੀਤੇ ਹੋਏ ਸਨ ਪਰ ਰੈਲੀ ਵਿੱਚ ਲੋਕਾਂ ਦੀ ਘੱਟ ਹਾਜ਼ਰੀ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੇ ਸੜਕ ਜਾਮ ਦਾ ਹਵਾਲਾ ਦਿੰਦਿਆਂ ਆਪਣਾ ਦੌਰਾ ਰੱਦ ਕਰ ਦਿੱਤਾ।

ਅਕਾਲੀਆਂ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਇਕ ਦਹਾਕੇ ਦੇ ਸ਼ਾਸਨ ਦੌਰਾਨ ਅਕਾਲੀ ਆਗੂਆਂ ਨੇ ਸੂਬੇ ਨੂੰ ਖੂਬ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਨ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ। ਮੁੱਖ ਚੰਨੀ ਨੇ ਕਿਹਾ ਕਿ ਅਕਾਲੀਆਂ ਨੂੰ ਇਨ੍ਹਾਂ ਗੁਨਾਹਾਂ ਲਈ ਪੰਜਾਬ ਵਾਸੀ ਕਦੇ ਮੁਆਫ ਨਹੀਂ ਕਰਨਗੇ।

'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੰਮੇ  ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਫਵਾਹਾਂ ਫੈਲਾਉਣ ਵਾਲੇ ਹਨ ਜੋ ਸੂਬੇ ਨੂੰ ਲੁੱਟਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸੂਬੇ ਅਤੇ ਇੱਥੋਂ ਦੇ ਲੋਕਾਂ ਲਈ ਨੁਕਸਾਨਦੇਹ ਹੈ। ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਦੇ ਨਾਪਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕ੍ਰਾਂਤੀਕਾਰੀ ਤਬਦੀਲੀ ਦੇਖੀ ਹੈ ਕਿਉਂਕਿ ਪਹਿਲੀ ਵਾਰ ਸੱਤਾ ਕਿਸੇ ਜ਼ਿਮੀਂਦਾਰ ਜਾਂ ਸ਼ਾਹੀ ਵਿਅਕਤੀ ਦੀ ਬਜਾਏ ਆਮ ਆਦਮੀ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਟੀਚਾ ਸਾਰਿਆਂ ਲਈ ਬਰਾਬਰ ਮੌਕੇ ਅਤੇ ਸੂਬੇ ਦੇ ਸਰੋਤਾਂ ਤੱਕ ਹਰ ਕਿਸੇ ਦੀ ਪਹੁੰਚ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਹਿੱਸੇ ਵਜੋਂ 1500 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ, ਪੇਂਡੂ ਖੇਤਰਾਂ ਵਿੱਚ ਮੋਟਰਾਂ ਦੇ 1200 ਕਰੋੜ ਰੁਪਏ ਦੇ ਬਿੱਲਾਂ ਦੀ ਛੋਟ ਦਿੱਤੀ ਗਈ ਹੈ, ਪਾਣੀ ਦੇ ਖਰਚੇ ਨੂੰ 50 ਰੁਪਏ ਤੱਕ ਘਟਾ ਦਿੱਤਾ ਗਿਆ ਹੈ ਅਤੇ ਰੇਤ ਦੇ ਰੇਟਾਂ ਵਿਚ ਵੀ ਕਟੌਤੀ ਕੀਤੀ ਗਈ ਹੈ। 

ਮੁੱਖ ਮੰਤਰੀ ਨੇ ਲੋਕਾਂ ਦੀ ਭਲਾਈ ਲਈ ਮਿਸਾਲੀ ਕੰਮ ਕਰਨ ਲਈ ਸਥਾਨਕ ਵਿਧਾਇਕ ਸ੍ਰੀ ਅਰੁਣ ਡੋਗਰਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦਾ ਉਦੇਸ਼ ਲੋਕਾਂ ਦੀ ਭਲਾਈ ਅਤੇ ਇਲਾਕੇ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਨੇ ਇਸ ਖੇਤਰ ਵਿੱਚ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਡੋਗਰਾ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀਮਤੀ ਇੰਦੂ ਬਾਲਾ, ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਐਸਐਸਪੀ ਸ੍ਰੀ ਕੇ.ਐਸ. ਹੀਰ ਹਾਜ਼ਰ ਸਨ।

-----


Monday, October 16, 2017

ਨਾਮਧਾਰੀ ਸੰਗਤ ਵੱਲੋਂ ਸਿਮਰਨ ਸਾਧਨਾ ਅਤੇ ਅੱਸੂ ਦਾ ਮੇਲਾ

 ਮੇਲਾ ਬਣਿਆ ਬਣਿਆ ਸਮਾਜ ਕਲਿਆਣ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ
ਠਾਕੁਰ ਦਲੀਪ ਸਿੰਘ ਜੀ ਨੇ ਦਿੱਤਾ ਵੱਧ ਤੋ ਵੱਧ  ਵਿੱਦਿਆ ਗ੍ਰਹਿਣ ਕਰਨ  ਸੰਦੇਸ਼ 
ਦਸੂਹਾ: 15 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਸੰਗਤ ਵੱਲੋਂ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਤੇ ਸਿਮਰਨ ਸਾਧਨਾ ਦਾ ਪ੍ਰਤੀਕ ਸਾਲਾਨਾ ਜੱਪ-ਪ੍ਰਯੋਗ ਅਤੇ ਅੱਸੂ ਦੇ ਮੇਲੇ ਦੇ ਮਹਾਨ ਸਮਾਗਮ ਦਾ ਸਮਾਪਤੀ ਸਮਾਰੋਹ ਬਹੁਤ ਹੀ ਵਿੱਲਖਣ ਢੰਗ ਨਾਲ ਸੰਪੰਨ ਹੋਇਆ। ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾ ਨਤਮਸਤਕ ਹੋਇਆ। ਇਹ ਸਮਾਗਮ 4 ਸਤੰਬਰ ਤੋਂ 15 ਅਕਤੁਬਰ ਤੱਕ ਪ੍ਰਚੀਨ ਪਾਂਡਵ ਤਲਾਬ ਮੰਦਿਰ ਦਸੂਹਾ ਵਿੱਖੇ ਚੱਲਿਆ। ਗੁਰਬਾਣੀ ਅਨੁਸਾਰ ਨਾਮਧਾਰੀ ਸੰਗਤ ਨੇ 40 ਦਿਨ ਜਲ ਦੇ ਕਿਨਾਰੇ ਬਹਿ ਕੇ ਨਾਮ-ਸਿਮਰਨ  ਕੀਤਾ ਹੈ ਕਿਉਂਕਿ ਜਲ ਕਿਨਾਰੇ ਬੈਠ ਕੇ ਨਾਮ-ਸਿਮਰਨ ਕਰਨ ਦੀ ਬਹੁਤ ਮਹੱਤਤਾ ਗੁਰਬਾਣੀ ਵਿੱਚ ਲਿਖੀ ਹੈ।
ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਦੱਸਿਆ ਕਿ ਅਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਬਾਣੀ ਦਾ ਸਿਰਫ ਇਹ ਕਹਿ ਕੇ ਨਾ ਵਿਰੋਧ ਕਰੀਏ ਕਿ ਇਸ ਵਿੱਚਪੁਰਾਣਿਕ ਕਥਾਵਾਂ ਦਾ ਵਰਨਣ ਹੈ ਕਿਉਂਕਿ ਪੁਰਾਣਿਕ ਕਥਾਵਾਂ ਦਾ ਵਰਨਣ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਵੀ ਹੈ। ਇਸੇ ਤਰਾਂ ਸਾਨੂੰ ਆਯੁਰਵੈਦ ਤੇ ਯੋਗ ਨੂੰ ਅਪਨਾਉਣ ਦੀ ਲੋੜ ਹੈ ਕਿਉਂਕਿ ਇਹ ਸਾਰੀਆਂ ਸਵਦੇਸ਼ੀ ਹਨ ਅਤੇ ਸਾਡੇ ਫਾਇਦੇ ਲਈ ਹਨ। ਉਹਨਾਂ ਨੇ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਤੁਲਸੀ ਦੇ ਬੂਟੇ ਲਾਉਣ ਲਈ ਵੀ ਪ੍ਰੇਰਿਆ ਅਤੇ ਕਿਹਾ ਕਿ ਜੇਕਰ ਰੋਜ 5-7 ਪੱਤੇ ਤੁਲਸੀ ਦੇ ਨਿਰਣੇ ਕਾਲਜੇ ਖਾ ਲਏ ਜਾਣ ਤਾਂ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਉਹਨਾਂ ਹਿੰਦੂ ਸਿੱਖਾਂ ਨੂੰ ਆਪਸ ਵਿੱਚ ਆਪਸੀ ਭਾਈਚਾਰਾ ਗੁਰਬਾਣੀ ਦੀਆਂ ਤੁਕਾਂ ਦੀ ਉਦਾਹਰਣ ਦੇ ਕੇ ਵਧਾਉਣ ਲਈ ਪ੍ਰੇਰਿਆ।ਇਸ ਸਮੇਂ ਉਹਨਾਂ ਨੇ ਵੇਦਾਂਤ ਨੂੰ ਸਮਝਣ ਲਈ ਵੀ ਪ੍ਰੇਰਿਆ ਕਿਉਂਕਿ ਵੇਦਾਂਤ ਸਮਝੇ ਬਗੈਰ ਸਾਨੂੰ ਗੁਰਬਾਣੀ ਸਮਝ ਨਹੀਂ ਆ ਸਕਦੀ।
ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਿਦਿਆ ਦੇ ਪੱਖ ਨੂੰ ਵੀ ਉਜਾਗਰ ਕੀਤਾ ਅਤੇ ਦੱਸਿਆ ਕਿ ਉਹਨਾਂ ਵੱਲੋਂ ਤਿਆਰ ਕੀਤੇ ਅਤੇ ਕਰਵਾਏ ਗਏ ਗ੍ਰੰਥਾਂ ਦਾ ਭਾਰ ਨੌਂ ਮਣ ਸੀ। ਇਸ ਬਾਰੇ ਸਾਨੂੰ ਬਹੁਤ ਹੀ ਘੱਟ ਜਾਣਕਾਰੀ ਹੈ।ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਵਿਦਿਆ ਲਈਏ ਅਤੇ ਉੱਚ ਪਦਵੀਆਂ ਗ੍ਰਹਿਣ ਕਰੀਏ ਕਿਉਂਕਿ ਉੱਚ ਵਿਦਿਆ ਪ੍ਰਾਪਤ ਕਰਨ ਵਾਲੇ ਹੀਵੱਡੇ ਕਾਰੋਬਾਰ, ਵੱਡੀਆਂ ਪਦਵੀਆਂ, ਮੰਤਰੀ, ਆਈ.ਏ.ਐਸ., ਆਈ.ਪੀ.ਐਸ. ਬਣਦੇ  ਹਨ ਅਤੇ ਉਹ ਹੀ ਕਲਾਕਾਰ ਤੇ ਲੀਡਰ ਬਣਦੇ ਹਨ। 
ਇਸ ਸਮਾਗਮ ਦੋਰਾਨ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੂੰ ਸਮੂਹ ਸੰਗਤ ਨੂੰ ਆਪਣੀ ਨਿਰੋਗ ਸਿਹਤ , ਖਾਣ-ਪੀਣ , ਨਿਰਮਲ ਕਰਮ, ਉੱਚਵਿੱਦਿਆ, ਚੋਹਗਿਰਦੇ ਦੀ ਸਫਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀ ਨੂੰ ਪੂਰੀ ਤਰ੍ਹਾ ਮੰਨਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਆਪ ਜੀ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਇਸਤਰੀਆਂ ਨੂੰ ਸਮਾਜ ਵਿੱਚ ਹੋਰ ਉੱਚਾ ਦਰਜਾ ਦਿੱਤਾ ਜਾਵੇ, ਜਿਸ ਲਈ ਆਪਜੀ ਦਵਾਰਾ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਸ ਵਾਸਤੇ ਨਾਮਧਾਰੀ ਅੰਮ੍ਰਿਤਧਾਰੀ ਸਿੰਘਣੀਆਂ ਦਵਾਰਾ ਅੱਜ ਅਨੰਦਕਾਰਜ ਦੀ ਰਸਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰੀ ਤਰਾਂ ਨਿਭਾਈ ਗਈ ਜਿਸ ਵਿੱਚ ਅੰਮ੍ਰਿਤ ਬਨਾਉਣਾ, ਛਕਾਉਣਾ, ਹਵਨ ਕਰਨਾ, ਲਾਵਾਂ ਤੇ ਸਲੋਕ ਪੜਨੇ ਸ਼ਾਮਲ ਸਨ। ਲੜਕੀਆਂ ਨੂੰ ਹਰ ਪੱਖੋਂ ਸਮਾਜ ਵਿੱਚ ਮੂਹਰੇ ਰੱਖਿਆ ਜਾਵੇ। ਨੂੰਹਾਂ-ਧੀਆਂ ਵਿੱਚ ਫਰਕ ਨਾ ਕੀਤਾ ਜਾਵੇ। ਇਹ ਸਾਰਾ ਕੁਝ ਕਰਵਾ ਕੇ ਸਤਿਗੁਰੂ ਜੀ ਨੇ ਇਹਨਾਂ ਗੱਲਾਂ ਨੂੰ ਕਿਰਿਆਤਮਕ ਰੂਪ ਦਿੱਤਾ ਹੈ।
ਆਪ ਜੀ ਨੇ ਦੱਸਿਆ ਕਿ ਰੋਜ ਹੀ ਕਿਸੇ ਗਰੀਬ ਦੀ ਨਿਮਰਤਾ ਨਾਲ ਮਦਦ ਕਰੋ ਅਤੇ ਰੋਜ ਭਾਵੇਂ ਉਹਨਾਂ ਨੂੰ ਜਲ ਦਾ ਗਿਲਾਸ ਹੀ ਛਕਾ ਦਿਉ ਅਤੇ ਜੀ ਕਹਿ ਕੇ ਬੁਲਾਉ। ਫਿਰ ਕਲਪਨਾ ਕਰੋ ਕਿ ਇਹ ਸਤਿਗੁਰੂ ਨਾਨਕ ਦੇਵ ਜੀ ਜਾਂ ਭਗਵਾਨ ਦਾ ਰੂਪ ਹਨ। ਐਸਾ ਰੋਜ ਕਰਨ ਨਾਲ ਆਪ ਜੀ ਦੀ ਕਲਪਨਾ ਦ੍ਰਿੜ ਹੋ ਜਾਵੇਗੀ ਅਤੇ ਆਪ ਜੀ ਬ੍ਰਹਮਗਿਆਨੀ ਦੀ ਅਵਸਥਾ ਨੂੰ ਪ੍ਰਾਪਤ ਕਰ ਸਕੋਗੇ।
ਵਿਧਵਾ ਵਿਵਾਹ ਜਾਂ ਕਿਸੇ ਪੱਖੋਂ ਮਾਤਾ-ਪਿਤਾਦੇ ਘਰ ਬੈਠੀ ਬੇਟੀ ਦੇ ਪੁਨਰ ਵਿਆਹ ਕਰਵਾਉ ਅਤੇ ਸਮਾਜ ਨੂੰ ਚਾਹੀਦਾ ਹੈ ਕਿ ਉਹ ਵੀ ਉਹਨਾਂ ਨੂੰ ਅਪਨਾਉਣ। ਅਰਦਾਸ ਤੋਂ ਬਾਅਦ ਏਕਤਾ ਦਾ ਨਾਅਰਾ ਸੰਗਤ ਨੇ ਮਿਲਕੇ ਪੜ੍ਹਿਆ: “ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇੱਕ ਹਾਂ”।
ਵਿੱਸ਼ਵ ਨਾਮਧਾਰੀ ਵਿੱਦਿਅਕ ਜੱਥੇ ਦੇ ਪ੍ਰਧਾਨ ਸੰਤ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬੱਚਿਆਂ ਨੂੰ ਅਰਦਾਸ ਕਰਨ, ਪਾਠ , ਗੁਰਬਾਣੀ ਦੇ ਸ਼ਬਦ ਗਾਇਣ ਕਰਨ ਦਾ ਮੌਕਾ ਦਿੱਤਾ, ਗੁਰਬਾਣੀ ਦਾ ਅਭਿਆਸ ਅਤੇ ਬਾਣੀ ਕੰਠ ਕਰਵਾਈ ਗਈ।

ਅੱਜ ਵਿਸ਼ੇਸ਼ ਰੂਪ ਵਿੱਚ ਸ਼੍ਰੀ ਵਿਨੋਦ ਕੁਮਾਰ ਸਾਂਪਲਾ ਜੀ ਪ੍ਰਧਾਨ ਬੀ.ਜੇ.ਪੀ., ਸ਼੍ਰੀ ਅਰੁਨੇਸ਼ ਠਾਕੁਰ ਜੀਐਮ.ਐਲ.ਏ., ਸੰਤ ਬਾਬਾ ਤੇਜਾ ਸਿੰਘ ਜੀ ਨਿਰਮਲੇ, ਸੰਤ ਯਾਦਵਿੰਦਰ ਸਿੰਘ ਜੀ, ਸੰਤ ਬਾਬਾ ਛਿੰਦਾ ਸਿੰਘ ਜੀ, ਸੰਤ ਬਾਬਾ ਸੂਬਾ ਭਗਤ ਸਿੰਘਜੀ, ਸੂਬਾਭਗਤਸਿੰਘਜੀ, ਸ੍ਰੀ ਬਲਜਿੰਦਰ ਸਿੰਘ ਪਨੇਸਰ, ਸ਼੍ਰੀ ਰਜੇਸ਼ ਮਿਸ਼ਰਾ ਜੀ, ਸੰਤ ਬਲਵਿੰਦਰ ਸਿੰਘ ਜੀ ਦਸੂਹਾ, ਸੰਤ ਬੂਟਾ ਸਿੰਘ ਜੀ, ਸੰਤ ਸੁਖਵਿੰਦਰ ਸਿੰਘ ਜੀ, ਸੰਤ ਦਿਲਬਾਗ ਸਿੰਘ, ਸੰਤ ਜੁਗਿੰਦਰ ਸਿੰਘ ਆਦਿ ਹਾਜ਼ਰ ਸਨ।  

Tuesday, September 19, 2017

ਵਿਸ਼ਵ ਅਮਨ ਅਤੇ ਏਕਤਾ ਲਈ ਚਲ ਰਿਹਾ ਸਾਲਾਨਾ ਜੱਪ-ਪ੍ਰਯੋਗ ਦਾ ਮਹਾਂ ਕੁੰਭ

Wed, Sep 13, 2017 at 10:01 AM
"ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਅਰਾਧਿ।
ਕਾਰ੍ਹਾ ਤੁਝੈ ਨ ਵਿਆਪਈ ਨਾਨਕ ਮਿਟੈ ਉਪਾਧਿ।"
ਗਉੜੀ ਬਾਵਨ ਅਖਰੀ ਮ.5 ਪੰਨਾ 255                   
ਗੁਰਬਾਣੀ ਵਿੱਚ ਨਾਮ ਸਿਮਰਨ ਕਰਨ ਦੇ ਮਹਾਤਮ ਨੂੰ ਮੁਖ ਰੱਖਦੇ ਹੋਏ ਨਾਮਧਾਰੀ ਸਤਿਗੁਰੂ ,ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਭ ਤੋਂ ਪਹਿਲੇ ਸਨ 1906 ਈਸਵੀ ,ਭਾਦੋਂ ਮਹੀਨੇ ਤੋਂ ਅੱਸੂ ਮਹੀਨੇ ਤੱਕ ਨੀਲੋਂ ਨਹਿਰ ਦੇ ਕੰਡੇ ਤੇ ਸਰਬੱਤ ਦੇ ਭਲੇ ਲਈ 40 ਦਿਨਾਂ ਦੀ ਸਿਮਰਨ-ਸਾਧਨਾ ਸ਼ੁਰੂ ਕਰਵਾਈ। ਸੰਗਤ ਨੇ ਵੱਧ-ਚੜ੍ਹ ਕੇ ਹਿੱਸਾ ਪਾਇਆ ਅਤੇ ਆਪਣਾ ਜਨਮ ਸਫਲਾ ਕੀਤਾ। ਬਾਦ ਵਿਚ ਸਤਿਗੁਰੂ ਜਗਜੀਤ ਸਿੰਘ ਜੀ ਨੇ ਉਸ ਲੜੀ ਨੂੰ ਅਗੇ ਤੋਰਿਆ। ਆਪ ਜੀ ਦੀ ਪ੍ਰੇਰਣਾ ਅਤੇ ਸੰਗਤ ਦੇ ਉਤਸ਼ਾਹ ਨਾਲ ਸਾਲ-ਸਾਲ ਭਰ ਜੱਪ ਪ੍ਰਯੋਗ ਨਿਰੰਤਰ ਚਲਦਾ ਰਿਹਾ। ਅੱਜ ਵੀ ਉਹਨਾਂ ਮਹਾਨ ਸੰਸਕਾਰਾਂ ਵਿਚ ਹੋਰ ਪ੍ਰੋੜ੍ਹਤਾ ਲਿਆ ਕੇ ਸਰਬੱਤ ਦੇ ਭਲੇ ਦੀ ਮਹਾਨ ਸੋਚ ਰੱਖਣ ਵਾਲੇਸਾਂਝੀਵਾਲਤਾ ਦੀ ਮੂਰਤਏਕਤਾ ਦੇ ਬਾਨੀ ਨਾਮਧਾਰੀ ਪ੍ਰਮੁੱਖ ਸਤਿਗੁਰੂ ਦਲੀਪ ਸਿੰਘ ਜੀ ਨੇ ਸੰਗਤ ਨੂੰ ਨਾਮ ਬਾਣੀ ਦਾ ਮਹਾਤਮ ਦੱਸਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 40 ਦਿਨਾਂ ਦਾ ਜੱਪ ਪ੍ਰਯੋਗ ਸ਼ੁਰੂ ਕਰਵਾਇਆ ਹੈ। ਜੋ ਇਸ ਵਾਰ ਦਸੂਹਾ ਵਿਖੇ ਇਤਿਹਾਸਿਕ ਸਰੋਵਰਪ੍ਰਾਚੀਨ ਪਾਂਡਵ ਤਾਲਾਬਭਗਵਾਨ ਸ਼ਿਵ ਜੀ ਦੀ ਮੂਰਤੀ ਵਾਲੇ ਮੰਦਰ ਵਿਖੇ ਬੜੀ ਸ਼ਰਧਾ-ਭਾਵਨਾ ਅਤੇ ਅਨੁਸ਼ਾਸ਼ਨ ਨਾਲ ਆਯੋਜਿਤ ਕੀਤਾ ਹੈ। ਇਸ ਮਹਾਨ ਜੱਪ-ਪ੍ਰਯੋਗ (ਸਿਮਰਨ-ਸਾਧਨਾ) ਦੇ ਦੌਰਾਨ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈਕੇ ਸ਼ਾਮ ਤੱਕ ਲਗਭਗ 8 ਘੰਟੇ ਨਾਮ ਸਿਮਰਨਕਥਾ ਕੀਰਤਨ ਆਦਿ ਦਾ ਪ੍ਰਵਾਹ ਚਲ ਰਿਹਾ ਹੈ। ਇਸ ਦੌਰਾਨ ਸੰਗਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ, ਨਾਮ ਸਿਮਰਨ ਕਰ ਸਤਿਗੁਰੂ ਜੀ ਦੇ ਅਨਮੋਲ ਖਜਾਨੇ ਦਾ ਆਨੰਦ ਤਾਂ ਪ੍ਰਾਪਤ ਕਰਦੀ ਹੀ ਹੈਨਾਲ ਦੇ ਨਾਲ ਸਾਤਵਿਕ ਆਹਾਰ ਅਤੇ ਸਾਦੇ ਪਹਿਰਾਵੇ ਨੂੰ ਅਪਣਾਉਂਦੇ ਹੋਏਸੇਵਾ-ਸਿਮਰਨ ਕਰਦੇ ਹੋਏ ਸਾਰਾ ਦਿਨ ਸਤਿਗੁਰੂ ਦੇ ਰੰਗ ਵਿਚ ਹੀ ਰੰਗੀ ਰਹਿੰਦੀ ਹੈ। ਇਸ ਵਾਰ ਸਤਿਗੁਰੂ ਜੀ ਨੇ ਪਹਿਲੇ ਦਿਨ ਇਸ ਜੱਪ ਪ੍ਰਯੋਗ ਦੀ ਸ਼ੁਰੂਆਤ ਵਿੱਚ ਸੰਗਤ ਵਿਚ ਦਰਸ਼ਨ ਦੇ ਕੇ ਸੰਗਤ ਨੂੰ ਆਪਣੇ ਅਨਮੋਲ ਬਚਨ ਦੱਸ ਕੇ ਨਿਹਾਲ ਕੀਤਾਆਪ ਜੀ ਨੇ ਸਾਧ ਸੰਗਤ ਨੂੰ ਆਪਣੇ-ਆਪਣੇ ਆਸਣ ਤੇ ਬੈਠ ਕੇ, ਜਲ ਨਾਲ ਗੜਵਾ ਭਰ ਕੇ ਮਾਲਾ ਫੇਰ ਕੇ ਸਤਿਗੁਰੂ ਜੀ ਦਾ ਧਿਆਨ ਧਾਰ, ਸਮਾਧੀਲੀਨ  ਹੋ ਕੇ ਪੰਜੇ ਗਿਆਨ-ਇੰਦਰੀਆਂ ਨੂੰ ਸੰਕੋਚਇਕਾਗਰ ਚਿੱਤ ਹੋ ਨਾਮ ਸਿਮਰਨ ਕਰਨ ਦੀ ਜਾਚ ਦੱਸੀ। ਇਸ ਤੋਂ ਇਲਾਵਾ ਆਪ ਜੀ ਨੇ ਸਾਧ ਸੰਗਤ ਨੂੰ ਇਨ੍ਹਾਂ ਚਾਲੀ ਦਿਨਾਂ ਦਾ ਲਾਹਾ ਲੈਣ ਲਈ ਗੁਰਬਾਣੀ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜੱਪਣ ਦੀ ਮਹੱਤਤਾਸੁੱਚ- ਸਫਾਈ ਰੱਖਣ ਬਾਰੇਨਿਰਮਾਣਤਾ ਬਾਰੇ ਅਤੇ ਵੱਧ ਤੋਂ ਵੱਧ ਮੌਨ ਰਹਿ ਕੇ ਇਸ ਸੁਭਾਗੇ ਮੌਕੇ ਦੀ ਸਹੀ ਵਰਤੋਂ ਕਰਨ ਦੀ ਜਾਚ ਦੱਸੀ। ਇਹ ਭਾਦੋਂ-ਅੱਸੂ ਮਹੀਨੇ ਦੇ  ਜੱਪ ਪ੍ਰਯੋਗ ਦਾ ਮਹਾਕੁੰਭ 4 ਸਤੰਬਰ 2017 ਤੋਂ 13 ਅਕਤੂਬਰ 2017 ਤੱਕ ਚਲੇਗਾ। ਫਿਰ 13 ਅਕਤੂਬਰ ਤੋਂ 15 ਅਕਤੂਬਰ 2017 ਤੱਕ ਅੱਸੂ  ਦੇ ਮੇਲੇ ਦਾ ਸਮਾਗਮ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਸਮੁੱਚੀ ਨਾਮਧਾਰੀ ਸਾਧ-ਸੰਗਤ, ਸਾਰੇ ਸ਼ਰਧਾਵਾਨ, ਪ੍ਰੇਮੀ ਸੱਜਣਾਂ ਨੂੰ ਸਨਿਮਰ ਨਿੱਘਾ ਸੱਦਾ ਵੀ ਦੇਂਦੀ ਹੈ ਜੀ ਤੇ ਬੇਨਤੀ ਕਰਦੀ ਹੈ ਕਿ ਵਿਸ਼ਵ ਵਿੱਚ ਅਮਨਸ਼ਾਂਤੀ ਅਤੇ ਏਕਤਾ ਲਈ ਚਲ ਰਹੇ ਇਸ ਸਾਲਾਨਾ ਜੱਪ-ਪ੍ਰਯੋਗ (ਸਿਮਰਨ ਸਾਧਨਾ) ਵਿੱਚ  ਹਾਜਰੀ ਭਰ ਕੇ ਆਪਣੇ ਜੀਵਨ ਨੂੰ  ਸਫਲ ਬਣਾਓ ਜੀ 
ਪ੍ਰਿੰਸੀਪਲ ਰਾਜਪਾਲ ਕੌਰ,
ਪ੍ਰੈਸ ਸਕੱਤਰ    
ਮੋਬਾਈਲ ਸੰਪਰਕ ਨੰਬਰ: 9023150008                           

Monday, September 28, 2015

“ ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ“–ਲਾਲ ਸਿੰਘ

ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਸੰਤ ਸਿੰਘ ਸੋਖੋਂ ਵਾਲਾ ਬੌਧਿਕ ਅੰਸ਼ ਵੀ ਭਾਰੂ ਨਹੀਂ
ਕਹਾਣੀਕਾਰ ਲਾਲ ਸਿੰਘ ਪੰਜਾਬੀ ਦੇ ਸਮਕਾਲੀ ਸਿਰਕੱਢ ਕਹਾਣੀਕਾਰਾਂ ਵਿਚੋਂ ਇਕ ਕਹਾਣੀਕਾਰ ਹੈ। ਲਾਲ ਸਿੰਘ ਸਧਾਰਨ ਕਿਸਮ ਦਾ ਇਨਸਾਨ ਹੈ ਸਾਦਾ ਪਹਿਰਾਵਾ ਪਾਉਣ ਵਾਲਾ ਤੇ ਸਾਊ ਸੁਭਾਅ ਦਾ ਮਾਲਕ ਹੈ। ਮੌਜੂਦਾ ਪੰਜਾਬੀ ਕਹਾਣੀਕਾਰਾਂ ਵਿੱਚ ਉਸਦਾਂ ਨਾਂ ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸੰਧੂ ਵਰਗੇ ਪ੍ਰਮੁੱਖ ਕਹਾਣੀਕਾਰਾਂ ਦੇ ਨਾਲ ਨਾਲ ਆਉਂਦਾ ਹੈ। ਦੁਆਬੇ ਦੇ ਪਿੰਡ ਝੱਜਾਂ ਜਿਲ੍ਹਾ ਹੋਸ਼ਿਆਰਪੁਰ (ਹੁਣ ਵਾਸੀ ਦਸੂਹਾ) ਦੇ ਜੰਮਪਲ ਹੋਣ ਕਾਰਨ ਉਸ ਦੀਆਂ ਕਹਾਣੀਆਂ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ। ਉਹ ਲੋਕ-ਹਿਤੂ ,ਮਨੁੱਖ ਹਿਤੈਸ਼ੀ ਤੇ ਅਗਾਂਹ ਵਧੂ ਸੋਚ  ਅਤੇ ਰੁਚੀ ਰੱਖਣ ਵਾਲਾ ਹੈ। ਇਕ ਲੇਖਕ ਵਜੋਂ ਉਹ ਵੱਖ-ਵੱਖ ਵਿਸ਼ਿਆਂ ਉੱਤੇ ਕਲਮ ਅਜਮਾਉਣ ਵਿੱਚ ਸਫਲ ਹੋਇਆ ਹੈ। ਉਸਦੀ ਸਮੁੱਚੀ ਰਚਨਾ ਵਿੱਚ ਕਮਾਲ ਦੀ ਸਹਿਜਤਾ ਹੈਪੰਜਾਬ ਦੀ ਦੁਖਾਂਤਕ ਸਥਿਤੀ ਨੂੰ ਅਨੁਭਵ ਕਰਦੇ ਹੋਏ ਵੱਖ ਵੱਖ ਵਿਸ਼ਿਆਂ ਨੂੰ ਆਧਾਰ ਬਣਾ ਕੇ ਉਸ ਨੇ ਬਹੁਤ ਸਾਰੀਆਂ ਕਹਾਣੀਆਂ ਸਾਧਾਰਨ ਪਾਠਕਾਂ ਦੀ ਬਜਾਇ ਵਿਦਵਾਨਾਂ, ਬੁੱਧੀਮਾਨ ਪਾਠਕਾਂ ਨੂੰ ਜ਼ਿਆਦਾ ਪ੍ਰਭਾਵਤ ਕਰਦੀਆਂ ਹਨ। ਮਤਲਬ ਇਹ ਕਿ ਉਸਦੀਆਂ ਕਹਾਣੀਆਂ ਪੜ੍ਹਨ ਵੇਲੇ ਪਾਠਕਾਂ ਨੂੰ ਪੂਰੇ ਸੁਚੇਤ ਰਹਿਣਾ ਪੈਂਦਾ ਹੈ। ਅਧਿਆਪਨ ਪਿੱਠਭੂਮੀ ਹੋਣ ਕਰਕੇ ਸਕੂਲਾਂ ਦੇ ਵਾਤਾਵਰਨ ਨੂੰ ਬਾਖੂਬੀ ਚਿਤਰਿਆ ਹੈ। ਪ੍ਰਾਪਤ ਸਮਾਜ ਵਿਵਸਥਾ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਪ ਕਰਨ ਲਈ ਆਪਣੀ ਕਲਮ ਰਾਹੀਂ ਮਾਰਕਸਵਾਦੀ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ ਕਿਰਤਾਂ ਦੀ ਉਸਨੇ ਸਿਰਜਣਾ ਕੀਤੀ ਹੈ। ਲਾਲ ਸਿੰਘ ਕੋਲ ਸਾਫ,ਨਿਧੜਕ ਤੇ ਸਪੱਸ਼ਟ ਗੱਲ ਕਹਿਣ ਦੀ ਸਮਰੱਥਾ ਹੇ।  ਸਾਦਾ ਜੀਵਨ ਬਤੀਤ ਕਰਦੇ ਦੁਆਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਇਸ ਕਹਾਣੀਕਾਰ ਦੇ ਹੁਣ ਤੱਕ ਛੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਮਾਰਖੋਰੇ (1984), ਬਲੌਰ (1986) , ਧੁੱਪ-ਛਾਂ (1990) , ਕਾਲੀ ਮਿੱਟੀ (1996), ਅੱਧੇ ਅਧੂਰੇ (2003) ਅਤੇ ਗੜ੍ਹੀ ਬਖ਼ਸ਼ਾ ਸਿੰਘ (2009) ਨਾਲ ਪੰਜਾਬੀ ਸਾਹਿਤਕ ਖੇਤਰ ਵਿੱਚ ਇੱਕ ਸਮਰੱਥ ਕਹਾਣੀਕਾਰ ਵੱਜੋਂ ਉਸ ਦੀ ਚਰਚਾ ਹੁੰਦੀ ਹੈ। ਲਾਲ ਸਿੰਘ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਾ ਹੈ। ਉਹ ਵਰਗਾਂ ਦੀ ਗੱਲ ਕਰਦਾ ਹੈ, ਲੁੱਟ-ਖਸੁੱਟ ਦੀ ਗੱਲ ਕਰਦਾ ਹੈ ਅਥਵਾ ਸਮਾਜ ਦੇ ਸਾਰੇ ਪੱਖਾਂ ਦੀ ਗੱਲ ਕਰਦਾ ਹੈ। ਕਥਾ–ਸੰਗ੍ਰਹਿ ਧੁੱਪ-ਛਾਂ ਵਿੱਚ ਪ੍ਰਸਤੁਤ ਸੱਤ ਕਹਾਣੀਆਂ ਸਮਾਜ ਦੇ ਸਭਿਆਚਾਰਕ, ਆਰਥਿਕ ਅਤੇ ਰਾਜਨੀਤਕ ਪੱਖਾਂ ਦੀ ਤਸਵੀਰ ਪੇਸ਼ ਕਰਦੀਆਂ ਹਨ। ਰਾਜਨੀਤੀ ਨੂੰ ਆਧਾਰ ਬਣਾ ਕੇ ਪਿੰਡ ਦੇ ਗਰੀਬ ਸ਼ੇਣੀ ਦੇ ਹੋਏ ਸ਼ੋਸ਼ਣ, ਜਾਤ ਪਾਤ ਪੱਖੋਂ ਉਤਪੀੜਤ ਹੋਈ ਨਿਮਨ ਸ਼੍ਰੇਣੀ ਦੀ ਸਮਾਜਕ ਸਥਿਤੀ ਨੂੰ ਦਰਸਾਉਣ, ਗਰੀਬ ਤਬਕੇ ਤੇ ਲੋਟੂ ਲੋਕਾਂ ਦੇ ਅੱਤਿਆਚਾਰ। ਆਧੁਨਿਕ ਤਕਨੀਕੀ ਯੁੱਗ ਵਿੱਚ ਕੁਰਸੀ ਦੀ ਪ੍ਰਾਪਤੀ ਲਈ ਧਰਮ ਕਰਮ ਦੀ ਜ਼ਰੂਰਤ , ਦਲਿਤ ਵਰਗ ਲਈ ਚਿੰਤਨ, ਜਾਗੀਰਦਾਰੀ ਸਮਾਜ ਵੱਲੋਂ ਕੀਤੀ ਜਾਦੀਂ ਲੁੱਟ,ਪੰਜਾਬ ਦੇ ਸੰਕਟ ਨੂੰ ਪ੍ਰਤੀਕਾਰਤਮਕ ਰੂਪ ਨਾਲ ਪੇਸ਼ਕਾਰੀ, ਅਖੌਤੀ ਵਿਗਿਆਨੀਆਂ,ਖੋਜੀਆਂ ,ਰੀਸਰਚ ਸਕਾਲਰਾਂ ਦੇ ਕਟਾਂਕਸ਼, ਸਮਾਜ ਦੀ ਸੇਵਾ ਲਈ ਸੰਘਰਸ਼ਮਈ ਰਸਤਾ ਅਪਨਾਉਣ ਦੇ ਸੰਦੇਸ਼ , ਲੇਖਕਾਂ ਦੀ ਪ੍ਰਕਾਸ਼ਕਾਂ ਵੱਲੋਂ ਹੁੰਦੀ ਲੁੱਟ ਸਮੇਤ ਸਮਾਜ ਵਿੱਚ ਅੱਤਿਆਚਾਰ, ਭ੍ਰਿਸ਼ਟਾਚਾਰ ਆਦਿ ਸਮਾਜਿਕ ਬੁਰਾਈਆਂ ਨੇ ਸਮਾਜਕ ਰਿਸ਼ਤਿਆਂ ,ਕਰਜਿਆਂ ਨਾਲ ਨਿਰੰਤਰ ਭੰਨੀ ਕਿਸਾਨੀ ਦਾ ਆਰਥਿਕ ਤੇ ਸਮਾਜਿਕ ਨਿਘਾਰ,ਭਾਰਤੀ ਸਮਾਜ ਵਿੱਚ ਲਗੀਆਂ ਜਾਤੀ ਪਾਤੀ ਵਿਵਸਥਾ ਦੀਆਂ ਡੂੰਘੀਆਂ ਤੇ ਮਜਬੂਤ ਜੜ੍ਹਾਂ, ਲੋਕਾਂ ਦੇ ਅੰਧ-ਵਿਸ਼ਵਾਸ਼ੀ ਹੋਣ ਦਾ,  ਕਦਰਾਂ-ਕੀਮਤਾਂ ਦੀ ਮੁੱਲ-ਘਟਾਈ ਵਾਲੇ ਅਤੇ ਅਜਿਹੇ ਹੋਰ ਸਮਾਜਕ ਸਰੋਕਾਰਾਂ ਨੂੰ ਲਾਲ ਸਿੰਘ ਆਪਣੀਆਂ ਕਹਾਣੀਆਂ ਵਿੱਚ ਕੇਂਦਰੀ ਸਰੋਕਾਰ ਬਣਾਉਂਦੀਆਂ ਹਨ। ਪੰਜਾਬ ਦੀ ਤ੍ਰਾਸਦੀ ਨੂੰ ਕਹਾਣੀਆਂ ਦਾ ਵਿਸ਼ਾ ਬਣਾਉਣ ਵਾਲੇ ਲੇਖਕਾਂ ਵਿੱਚ ਪ੍ਰੇਮ ਪ੍ਰਕਾਸ਼, ਵਰਿਆਮ ਸੰਧੂ, ਮੋਹਨ ਭੰਡਾਰੀ ਆਦਿ ਤੋਂ ਬਾਅਦ ਲਾਲ ਸਿੰਘ ਦਾ ਨਾਂ ਵੀ ਆਉਂਦਾ ਹੈ। ਲਾਲ ਸਿੰਘ ਇਕ ਸਮਝਦਾਰ,ਸੁਲਝਿਆ ਹੋਇਆ ਕਹਾਣੀਕਾਰ ਹੈ। ਉਸਨੇ ਆਪਣੀਆਂ ਕਹਾਣੀਆਂ ਦੇ ਪਾਤਰ ਆਮ ਜੀਵਨ ਵਿਚੋਂ ਹੀ ਲਏ ਹਨ। ਉਸ ਦੇ ਪਾਤਰ ਕਥਾ ਵਿਚ ਕਿਧਰੇ ਵੀ ਵਾਧੂ ਨਹੀ ਦਿਖਾਈ ਦਿੰਦੇ। ਉਸ ਨੇ ਆਪਣੀਆਂ ਕਹਾਣੀਆਂ ਚ ਲੋੜ ਅਨੁਸਾਰ ਹੀ ਪਾਤਰ ਲਏ ਹਨ। ਉਸਦੀਆਂ ਕਹਾਣੀਆਂ ਵਿੱਚ ਚੇਤੰਨ ਦਲਿਤ ਪਾਤਰ ਅਤੇ ਦਲਿਤਾਂ ਦਾ ਸ਼ੋਸ਼ਣ ਕਰਨ ਵਾਲੇ ਪਾਤਰ ਸਿਰਜੇ ਗਏ ਹਨ। ਪ੍ਰਮੁੱਖ ਤੌਰ ਤੇ ਲਾਲ ਸਿੰਘ ਦੇ ਪਾਤਰ ਚਾਰ ਸ਼੍ਰੇਣੀਆਂ ਦੇ ਹਨ, ਸ਼ੋਸ਼ਕ ਪਾਤਰ, ਸ਼ੋਸ਼ਿਤ ਪਾਤਰ, ਜਾਗਰੂਪ ਤੇ ਚੇਤੰਨ ਪਾਤਰ ਅਤੇ ਇਸਤਰੀ ਪਾਤਰ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਥੇ ਔਰਤਾਂ ਨਾਲ ਹੁੰਦਾ ਜਿਨਸੀ ਤੇ ਆਰਥਿਕ ਸ਼ੋਸ਼ਣ ਪੇਸ਼ ਕੀਤਾ ਹੈ ਉਥੇ ਇਸ ਸ਼ੋਸ਼ਣ ਤੋਂ ਚੇਤੰਨ ਵੇਖੀਆਂ ਜਾ ਸਕਦੀਆਂ ਹਨ। ਲਾਲ ਸਿੰਘ ਦਾ ਔਰਤਾਂ ਪ੍ਰਤੀ ਦ੍ਰਿਸ਼ਟੀਕੌਣ ਉਸਾਰੂ ਹੈ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਪਾਤਰਾਂ ਦਾ ਚਿਤਰਣ ਵੀ ਮਿਲਦਾ ਹੈ। ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਦੀ ਕਥਾ-ਸਿਰਜਨਾ ਕਰਨ ਲਈ ਵਰਣਾਤਮਕ , ਵਾਰਤਾਲਾਪੀ , ਸੰਕੇਤਕ ਅਤੇ ਘਟਨਾਵੀਂ ਵਿਧੀਆਂ ਦਾ ਇਸਤੇਮਾਲ ਬਾਖੂਬੀ ਕੀਤਾ ਹੈ। ਇਹਨਾ ਵਿਧੀਆਂ ਨਾਲ ਉਸਾਰੇ ਗਏ ਪਾਤਰ ਵਰਗ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਤਰ ਹਨ। ਉਨ੍ਹਾਂ ਦੀ ਵਿਅਕਤੀਗਤ ਹੋਂਦ ਵੀ ਕਾਇਮ ਰਹਿੰਦੀ ਹੈ। ਉਨ੍ਹਾਂ ਦੀ ਮਾਨਸਿਕਤਾ ਵਿੱਚ ਡੂੰਘਾਈ ਵੇਖੀ ਜਾ ਸਕਦੀ ਹੈ। ਪਾਤਰਾਂ ਦਾ ਹਕੀਕੀ ਜੀਵਨ ਪੇਸ਼ ਕੀਤਾ ਗਿਆ ਹੈ। ਜਿਆਦਾਤਰ ਪਾਤਰ ਦੇ ਪਰਿਸਥਿਤੀਆਂ ਦੇ ਸ਼ਿਕਾਰ ਹਨ। ਪਾਤਰ ਪੇਂਡੂ ਪਿਛੋਕੜ ਤੋਂ ਆਏ ਹਨ । ਲਾਲ ਸਿੰਘ ਇਹ ਗੱਲ ਮੰਨ ਕੇ ਚਲਦਾ ਹੈ ਕਿ ਗਲਪੀ ਪਾਤਰ ਸਮਾਜਕ ਵਿਰੋਧਾਂ ਵਿਚੋਂ ਵਿਕਸਿਤ ਹੁੰਦੇ ਹਨ। ਇਸ ਲਈ ਉਸ ਦੇ ਮਹੱਤਵਪੂਰਨ ਪਾਤਰਾਂ ਦੇ ਆਲੇ ਦੁਆਲੇ ਪਾਤਰਾਂ ਦੀ ਇਕ ਵੱਡੀ ਭੀੜ ਵੀ ਵਿਖਾਈ ਦਿੰਦੀ ਹੈ ।ਇਸ ਭੀੜ ਦੇ ਪਾਤਰ ਦੂਰ ਤੱਕ ਆਪਣੀ ਹੋਂਦ ਸਥਾਪਤ ਨਹੀਂ ਕਰ ਸਕਦੇ । ਪਰੰਤੂ ਪ੍ਰਮੁੱਖ ਪਾਤਰਾਂ ਨੂੰ ਸਿਰਜਨਾ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ।ਲਾਲ ਸਿੰਘ ਵਿੱਚ ਇਕ ਚੰਗੇ ਕਹਾਣੀਕਾਰ ਵਾਲੇ ਸਾਰੇ ਗੁਣ ਮੌਜੂਦ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਉਂ ਜਿਉਂ ਬੌਧਿਕਤਾ ਦਾ ਅੰਸ਼ ਵਧਦਾ ਜਾਂਦਾ ਹੈ , ਉਵੇਂ ਹੀ ਉਸ ਦੀਆਂ ਕਹਾਣੀਆਂ ਵਿੱਚ ਜਟਿਲਤਾ ਆਉਂਦੀ ਜਾਂਦੀ ਹੈ । ਲਾਲ ਸਿੰਘ ਮਾਰਕਸਵਾਦ ਤੋਂ ਪ੍ਰਭਾਵਿਤ ਕਹਾਣੀਕਾਰ ਹੈ । ਇਸ ਸਬੰਧੀ ਉਸਦੇ ਆਪਣੇ ਵਿਚਾਰ ਹਨ ਮੈਨੂੰ ਤੁਸੀਂ ਉਨ੍ਹਾਂ ਲੇਖਕਾਂ ਚ ਗਿਣਦੇ ਹੋ .......ਜਿਨ੍ਹਾਂ ਨੇ ਮਾਰਕਸਵਾਦ ਦੇ ਪ੍ਰਭਾਵ ਨੂੰ ਆਪਣੀ ਲੇਖਣੀ ਵਿੱਚ ਦੋਸ਼ਪੂਰਨ ਹੱਦ ਤੱਕ ਗ੍ਰਹਿਣ ਕੀਤਾ ਹੈ । ਇਸ ਪ੍ਰਭਾਵ ਨੂੰ ਭਾਵੇਂ ਕਬੂਲਿਆ ਤਾਂ ਅਚੇਤ ਰੂਪ ਵਿਚ ਹੀ , ਪਰ ਹੁਣ ਸੁਚੇਤ ਰਹਿ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ । ਲਾਲ ਸਿੰਘ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ । ਉਹ ਮੱਧ ਵਰਗ ਤੇ ਨਿਮਨ ਵਰਗ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ । ਆਪਣੀਆਂ ਕਹਾਣੀਆਂ ਵਿਚ ਉਹ ਗਰੀਬਾਂ , ਦੀਆਂ ਸਮੱਸਿਆਵਾਂ ਬਾਰੇ ਸੋਚਦਾ ਹੀ ਨਹੀਂ ਸਗੋਂ ਉਹਨਾਂ ਦਾ ਹੱਲ ਲੱਭਣ ਦਾ ਯਤਨ ਕਰਦਾ ਹੈ । ਉਸ ਦੀ ਕਹਾਣੀ ਕਲਾ ਵਿਚੋਂ ਜੀਵਨ ਲਈ ਉਮੀਦ ਦਾ ਅਭਾਸ ਹੁੰਦਾ ਹੈ ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਦੀਆਂ ਸਮੱਸਿਆਵਾਂ ਨਾਲ ਜੁੜਦੇ ਹੋਏ  ਸਮੱਸਿਆ ਪ੍ਰਧਾਨ ਬਣ ਜਾਂਦੀਆਂ ਹਨ । ਲਾਲ ਸਿੰਘ ਦੀ ਕਹਾਣੀ ਕਲਾ ਦੀ ਪ੍ਰਧਾਨ ਧੁਰਾ ਤਾਂ ਅਮੀਰੀ ਗਰੀਬੀ ਦੇ ਪਾੜੇ ਦੀ ਸਮੱਸਿਆ ਨੂੰ ਚਿਤਰਨ ਵਾਲੀ ਬਣਦੀ ਹੈ । ਇਸ ਪਾੜੇ ਨੂੰ ਉਸਨੇ ਛੋਟੀ ਕਿਸਾਨੀ ਦੀ ਆਰਥਿਕ ਦਸ਼ਾ ਅਤੇ ਗਰੀਬ ਮਜਦੂਰਾਂ ਦੇ ਪੀੜਿਤ ਜੀਵਨ ਦੇ ਪ੍ਰਸੰਗ ਚ ਉਭਾਰਿਆ ਹੈ। ਧਾਰਮਿਕ ਪਾਖੰਡਬਾਜ਼ੀ ਦੇ ਨੰਗੇ ਨਾਚ ਨੂੰ ਪੰਜਾਬ ਸੰਕਟ ਦੇ ਸੰਦਰਭ ਵਿੱਚ ਚਿਤਰਿਆ ਹੈ। ਸਰਕਾਰੀ ਮਹਿਕਮਿਆਂ ਵਿਚਲੇ ਭ੍ਰਿਸ਼ਟਾਚਾਰ ਨੁੰ ਰਾਜਨੀਤਕ ਸੰਦਰਭ ਚ ਪੇਸ਼ ਕੀਤਾ ਹੈ। ਅਗਾਂਹਵਧੂ ਦ੍ਰਿਸ਼ਟੀਕੋਣ ਕੇਂਦਰ ਵਿਚ ਰੱਖ ਕੇ ਉਸ ਸਮੱਸਿਆਵਾਂ ਦਾ ਕਲਾਤਮਕ ਪ੍ਰਗਟਾਵਾ ਕਰਦਾ ਹੈ ਅਤੇ ਇਸ ਵਿਚ ਕਾਫੀ ਹੱਦ ਤੱਕ ਲਾਲ ਸਿੰਘ ਸਫਲ ਰਿਹਾ ਹੈ ।
ਲਾਲ ਸਿੰਘ ਪਾਤਰਾਂ ਨੂੰ ਲੋੜ ਅਨੁਸਾਰ ਥਾਂ ਦੇਣ ਲਈ ਬੜੀ ਹੀ ਸੋਚ ਤੇ ਸਮਝ ਤੋਂ ਕੰਮ ਲੈਦਾਂ ਹੈ। ਕਹਾਣੀਆਂ ਵਿੱਚ ਵਾਧੂ ਪਾਤਰ ਨਹੀਂ ਪੇਸ਼ ਕਰਦਾ। ਕਹਾਣੀਆਂ ਵਿਚ ਯਥਾਰਥ ਦੀ ਪੇਸ਼ਕਾਰੀ ਨੂੰ ਹੀ ਪ੍ਰਮੁੱਖਤਾ ਸਥਾਨ ਪ੍ਰਾਪਤ ਹੈ। ਕਹਾਣੀਆਂ ਦਾ ਪਲਾਟ ਲਾਲ ਸਿੰਘ ਯਥਾਰਥਮਈ ਬਣਾਉਦਾ ਹੈ। ਯਥਾਰਥ ਦੀ ਪੇਸ਼ਕਾਰੀ ਰਾਹੀਂ ਲਾਲ ਸਿੰਘ ਦੀ ਕਹਾਣੀ ਰੌਚਕਤਾ ਕਮਾਲ ਦੀ ਹੁੰਦੀ ਹੈ । ਲਾਲ ਸਿੰਘ ਦੇ ਪਲਾਟ ਸੰਗਠਨ ਵਿਚੋਂ ਰਵਾਇਤੀ ਹੁਨਰੀ ਕਹਾਣੀ ਦੇ ਪਲਾਟ ਨੂੰ ਲੱਭਣਾ ਬਤਾ ਔਖਾ ਹੈ। ਕਿਉਂਕਿ ਕਹਾਣੀਕਾਰ ਦੀਆਂ ਕਹਾਣੀਆਂ ਦੇ ਇਕਹਿਰੇ ਪਲਾਟ ਨਹੀਂ ਹਨ ਕਿਉਂਕੀ ਅਸਲ ਵਿੱਚ ਆਧੁਨਿਕ ਜੀਵਨ ਦੇ ਯਥਾਰਥ ਨੂੰ ਇਕਹਿਰੇ ਪਲਾਂਟ ਰਾਹੀਂ ਦਰਸਾਉਣਾ ਅਸੰਭਵ ਹੈ। ਇਸ ਲਈ  ਲਾਲ ਸਿੰਘ ਦੀਆਂ ਕਹਾਣੀਆਂ ਜਟਿਲ ਹੁੰਦੀਆਂ ਹਨ।  ਲਾਲ ਸਿੰਘ ਦੀਆਂ ਕਹਾਣੀਆਂ ਦੇ ਆਰੰਭ ਵਿੱਚ ਹੀ ਵਿਲੱਖਣਤਾ ਵੇਖਣ ਨੂੰ ਮਿਲਦੀ ਹੈ ਉਹ ਕਈ ਵਾਰ ਕਹਾਣੀ ਦੀ ਸ਼ੁਰੂਆਤ ਕਹਾਣੀ ਦੇ ਪ੍ਰਤੀਕ ਵਾਕ ਨੂੰ ਦੁਹਰਾ ਕੇ ਹੀ ਕਰਦਾ ਹੈ। ਇਹ ਪਹਿਲਾਂ ਵਾਕ ਜਿਥੇ ਕਹਾਣੀ ਦੀ ਰੌਚਕਤਾ ਪੈਦਾ ਕਰਦਾ ਹੈ , ਉਥੇ ਮੂਲ ਵਿਸ਼ੇ ਵੱਲ ਵੀ ਸੰਕੇਤ ਕਰਦਾ ਹੈ ।
ਲਾਲ ਸਿੰਘ ਦੀਆਂ ਕਹਾਣੀਆਂ ਮੋਟੇ ਤੌਰ ਤੇ ਪਾਤਰ ਪ੍ਰਧਾਨ , ਪ੍ਰ਼ਤੀਕਾਤਮਕ ਤੇ ਚਿਨ੍ਹਾਂਤਕਮ , ਇਕ ਬਚਨੀ , ਵਰਣਾਤਮਕ , ਘਟਨਾ ਪ੍ਰਧਾਨ ਅਤੇ ਪਿਛਲ ਝਾਤ ਪਵਾਊ ਕਹਾਣੀਆਂ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਸਿਖਰ ਅੰਤ ਦੇ ਕਾਫੀ ਨਜ਼ਦੀਕ ਹੁੰਦਾ ਹੈ  । ਇਸਦੀਆਂ ਕਹਾਣੀਆਂ ਵਿਚ ਕਾਫੀ ਰੌਚਕਤਾ ਹੈ । ਪਾਠਕ ਵਿੱਚ ਅੱਗੇ ਕੀ ਹੋਇਆ ਜਾਨਣ ਦੀ ਉਤਸੁਕਤਾ ਪੈਦਾ ਬੜੀ ਤੀਬਰ ਹੁੰਦੀ ਹੈ ।  ਲਾਲ ਸਿੰਘ ਦੀਆਂ ਕਹਾਣੀਆਂ  ਵਿਚ ਰਵਾਨੀ ਹੋਣ ਕਾਰਨ ਪਾਠਕ ਕਹਾਣੀ ਦੇ ਸਿਖਰ ਵੱਲ ਜਾ ਕੇ ਕਹਾਣੀ ਦੇ ਅੰਤ ਪਿੱਛੋਂ ਅੰਤ ਮਗਰੋਂ ਹੱਕਾ ਬੱਕਾ ਰਹਿ ਜਾਂਦਾ ਹੈ। ਦੁਆਬੇ ਇਲਾਕੇ ਵਿਚ ਰਹਿਣ ਕਾਰਨ ਲਾਲ ਸਿੰਘ ਦੀ ਗਲਪ ਭਾਸ਼ਾ ਉੱਤੇ ਦੁਆਬੀ ਰੰਗ ਦਾ ਹੋਣਾ ਸੁਭਾਵਕ ਗੱਲ ਹੈ। ਉਹ ਆਪਣੀ ਦੁਆਬੀ ਉਪਬੋਲੀ ਦੀ ਵਰਤੋਂ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ। ਲਾਲ ਸਿੰਘ ਕਹਾਣੀਆਂ ਵਿੱਚ ਵਿਅੰਗ ਵਿਧੀ ਦੀ ਵਰਤੋਂ ਕਰਦਾ ਹੈ। ਵਿਅੰਗ ਰਾਹੀਂ ਉਸਨੇ ਸਮਾਜਕ ਬੁਰਾਈਆਂ ਦੇ ਮਨੁੱਖੀ ਕਮਜ਼ੋਰੀ ਨੂੰ ਨਿਸ਼ਾਨਾ ਬਣਾਇਆ ਹੈ। ਲਾਲ ਸਿੰਘ ਦੀਆਂ ਕਹਾਣੀਆਂ ਦੇ ਵਾਰਤਾਲਾਪ ਕਾਫੀ ਰੌਚਕ ਹਨ। ਉਸਨੇ ਪੰਜਾਬੀ, ਹਿੰਦੀ, ਹਰਿਆਣਵੀ, ਭੋਜਪੁਰੀ, ਪਹਾੜੀ, ਉਰਦੂ ਤੇ ਅੰਗਰੇਜ਼ੀ ਵਿੱਚ ਵਾਰਤਾਲਾਪ ਰਚੇ ਹਨ। ਲਾਲ ਸਿੰਘ ਨੇ ਆਪਣੀਆਂ ਕਈ ਕਹਾਣੀਆਂ ਵਿਚ ਸਮਾਸੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਲਾਲ ਸਿੰਘ ਦੀ ਬੋਲੀ ਚਾਹੇ ਕੋਈ ਵੀ ਹੋਵੇ ,ਪੰਤੂ ਉਸਨੇ ਪ੍ਰਭਾਵਸ਼ਾਲੀ ਵਾਕਾਂ ਦੀ ਸਿਰਜਨਾ ਕੀਤੀ ਹੈ। ਜਿਨ੍ਹਾਂ ਤੋਂ ਉਸ ਦੇ ਡੂੰਘੇ ਗਿਆਨ ਦਾ ਅਭਾਸ ਹੁੰਦਾ ਹੈ। ਲਾਲ ਸਿੰਘ  ਸਮਾਜ ਯਥਾਰਥ ਦੀ ਪੇਸ਼ਕਾਰੀ ਲਈ ਨਿਸੰਗ ਹੋ ਕੇ ਗਾਲ੍ਹਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦਾ।
ਲਾਲ ਸਿੰਘ ਦੀ ਕਹਾਣੀ ਦਾ ਅਕਾਰ, ਰੂਪ ਅਤੇ ਬਣਤਰ ਇਸਨੂੰ ਨਾਵਲ ਵਾਂਗ ਖਿਲਾਰਨ ਦੀ ਆਗਿਆ ਹੀ ਦਿੰਦੀ ਹੈ । ਸਥਾਨਕ ਰੰਗਣ ਨਾਲ ਕਹਾਣੀ ਵਿਚ ਯਥਾਰਥਤਾ ਆ ਜਾਂਦੀ ਹੈ । ਕਦੇ ਕਦੇ ਪਾਤਰਾਂ ਦੀ ਮਨੋਦਸ਼ਾ ਦਾ ਵਿਸ਼ਲੇਸ਼ਣ ਕਰਨ ਲਈ ਅਤੇ ਕਦੇ ਕਦੇ ਉਤੇਜਿਤ ਮਨੁੱਖੀ ਹਾਵਾਂ-ਭਾਵਾਂ ਤੇ ਜ਼ਜ਼ਬਿਆਂ ਨੂੰ ਪ੍ਰਗਟ ਕਰਨ ਲਈ ਵੀ ਸਥਾਨਕ ਸਭਿਆਚਾਰ ਦਾ ਪ੍ਰਯੋਗ ਵੀ ਕਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਦੁਆਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਝਲਕੀਆਂ ਦਿਖਾਈ ਦਿੰਦੀਆਂ ਹਨਪੇਂਡੂ ਜੀਵਨ ਚਿੱਤਰਨ ਕਰਨ ਸਮੇਂ ਉਸਨੇ ਘਰਾਂ, ਫਸਲਾਂ, ਡੰਗਰਾਂ, ਖੇਤੀ ਦੇ ਨਵੇਂ ਤਜਰਬਿਆਂ ਆਦਿ ਦਾ ਜ਼ਿਕਰ ਕੀਤਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ, ਸਿਰਲੇਖ ਅਤਿਅੰਤ ਸਫਲ ਰਹੇ ਹਨ। ਪੰਜਾਬੀ ਕਹਾਣੀ ਦੇ ਖੇਤਰ ਵਿਚ ਉਸਨੇ ਨਿਵੇਕਲਾ ਸਥਾਨ ਬਣਾ ਕੇ ਪੰਜਾਬੀ ਪਾਠਕਾਂ ਵਿੱਚ  ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਲਾਲ ਸਿੰਘ ਨੇ ਸਭ ਤੋਂ ਜ਼ਿਆਦਾ ਕਿਸੇ  ਕਹਾਣੀਕਾਰ ਦਾ ਪ੍ਰਭਾਵ ਕਬੂਲਿਆ ਲਗਦਾ ਹੈ ਤਾਂ ਉਹ ਸੁਜਾਨ ਸਿੰਘ ਹੈ ਕਿਉਂਕੀ ਸੁਜਾਨ ਸਿੰਘ ਪ੍ਰਗਤੀਵਾਦੀ ਕਹਾਣੀਕਾਰ ਸੀ  ਤੇ ਜਿਸ ਨੇ  ਨਿਮਨ ਵਰਗ ਦੀ ਪੀੜ ਨੂੰ ਪੂਰੀ ਤਰ੍ਹਾਂ ਮਹਿਸੂਸਿਆ ਤੇ ਆਪਣੀ ਕਥਾ ਵਿੱਚ ਜੁਬਾਨ ਵੀ ਦਿੱਤੀ। ਜਿਵੇਂ ਸੁਜਾਨ ਸਿੰਘ ਲਿਖਦਾ ਸੀ ਉਸੇ ਰੰਗ ਚ ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਲਿਖੀਆਂ ਹਨ। ਸੁਜਾਨ ਸਿੰਘ ਤੇ ਲਾਲ ਸਿੰਘ ਵਿੱਚ ਸਾਂਝ ਉਹਨਾਂ ਦੇ ਨਿੱਜੀ ਜੀਵਨ ਤੋਂ ਪਤਾ ਲੱਗਦੀ ਹੈ। ਦੋਹਾਂ ਦਾ ਜੀਵਨ ਸੰਘਰਸ਼ਸ਼ੀਲ ਰਿਹਾ ਹੈ । ਦੋਹਾਂ ਨੇ ਆਰਥਿਕ ਔਕੜਾਂ ਨੂੰ ਭੋਗਿਆ ਹੈ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਸੰਤ ਸਿੰਘ ਸੋਖੋਂ ਵਾਲਾ ਬੌਧਿਕ ਅੰਸ਼ ਵੀ ਭਾਰੂ ਨਹੀਂ ਹੈ । ਉਸ ਦੇ ਪਾਤਰ ਯਥਾਰਥਕ ਹਨ । ਕਹਾਣੀ ਵਿਚ ਉਵੇਂ ਹੀ ਪੇਸ਼ ਹੁੰਦੇ ਹਨ , ਜਿਵੇਂ ਪਰਿਸਥਿਤੀਆਂ ਉਹਨਾਂ ਨੂੰ ਚਾਹੁੰਦੀਆਂ ਹਨ । ਲਾਲ ਸਿੰਘ ਦੇ ਪਾਤਰ ਉਸਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਦੇ। ਲਾਲ ਸਿੰਘ ਦੇ ਕਥਾਈ ਪਾਤਰ ਭਾਵੇਂ ਹੇਠਲੀ ਜਮਾਤ ਵਿੱਚੋਂ ਹੋਣ ,ਕਿਰਸਾਨੀ ਵਿਚੋਂ ਹੋਣ ਜਾਂ ਫੇਰ ਮੱਧ ਵਰਗ ਵਿਚੋਂ , ਸਾਰੇ ਦੇ ਸਾਰੇ ਆਪਣੀ ਵਰਗਗਤ ਮਾਨਸਿਕਤਾ ਅਨੁਕੂਲ ਵਿਚਰਦੇ ਹਨ। ਔਰਤ ਦੇ ਜਿਨਸੀ ਸੰਬੰਧਾਂ ਦੀ ਪੇਸ਼ਕਾਰੀ ਸਮੇਂ ਕਰਤਾਰ ਸਿੰਘ ਦੁੱਗਲ ਨਾਲੋਂ ਲਾਲ ਸਿੰਘ ਇੱਕ ਵੱਖਰੀ ਭਾਂਤ ਦਾ ਕਹਾਣੀਕਾਰ ਨਜ਼ਰ ਆਉਂਦਾ ਹੈ । ਲਾਲ ਸਿੰਘ ਨੇ ਪੇਂਡੂ ਸਮਾਜ ਦਾ ਸੰਘਣਾ ਵਾਤਾਵਰਨ ਚਿਤਰਿਆ ਹੈ। ਪਾਤਰਾਂ ਦੀ ਬੋਲੀ ਦੁਆਬੀ ਵਾਤਾਵਰਣ ਨੂੰ ਹੋਰ ਗੂੜ੍ਹਾ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ। ਇਸੇ ਲਈ ਲਾਲ ਸਿੰਘ ਦੀ ਕਹਾਣੀ ਨਿੱਕੀ ਨਾ ਹੋ ਕੇ ਲੰਬੀ ਕਹਾਣੀ ਦਾ ਰੂਪ ਧਾਰ ਜਾਂਦੀ ਹੈ। ਲਾਲ ਸਿੰਘ ਕਹਾਣੀ ਲਿਖਣ ਸਮੇਂ ਕਦੀ ਪਿਛਲੇ ਸਮੇਂ ਦੇ ਕਿਸੇ ਛਿਣ ਦੀ ਗੱਲ ਕਰਨ ਲਗ ਪੈਂਦਾ ਹੈ, ਕਦੇ ਵਰਤਮਾਨ ਸਮੇਂ ਦੇ ਕਿਸੇ ਪਲ ਨੂੰ ਬਿਆਨ ਕਰਦਾ ਹੈ। ਲਾਲ ਸਿੰਘ ਇੱਕ ਵਧੀਆ ਕਹਾਣੀਕਾਰ ਹੈ । ਉਸ ਨੇ ਆਪਣੇ ਚੌਗਿਰਦੇ ਵਿਚ ਜਿਹੜੀਆਂ ਘਟਨਾਵਾਂ ਨੂੰ ਵੇਖਿਆ ਹੈ , ਨੂੰ ਆਪਣੀਆਂ ਕਹਾਣੀਆਂ ਵਿਚ ਗਲਪ ਦੀ ਪੱਧਰ ਤੇ ਰਹਿ ਕੇ ਕਲਮਬੰਦ ਕਰ ਦਿੱਤਾ। ਸਮਾਜਕ ਰਿਸ਼ਤਿਆਂ ਦਾ ਚਿਤਰਨ ਹੈ। ਰਾਜਨੀਤਕ ਦੇ ਧਾਰਮਿਕ ਪੈਂਤੜਿਆਂ ਨੂੰ ਆਪਣੀ ਕਥਾ ਸਮੱਗਰੀ ਦਾ ਹਿੱਸਾ ਬਣਾਇਆ ਹੈ। ਲਾਲ ਸਿੰਘ ਕਿਰਤੀ ਵਰਗ ਚੋਂ ਆਇਆ ਹੋਣ ਕਰਕੇ ਉਸ ਨੂੰ ਕਿਰਤੀ ਜਮਾਤ ਦੀ ਆਰਥਿਕ ਦਸ਼ਾ ਤੇ ਉਤਪੀੜਤ ਸਥਿਤੀ ਦਾ ਅਹਿਸਾਸ ਹੈ । ਉਹ ਬਰਾਬਰੀ ਦੇ ਸਮਾਜ ਦੀ ਤੜਪ ਰੱਖਣ ਵਾਲਾ ਸੱਚਾ ਤੇ ਸੁਹਿਰਦ ਲੇਖਕ ਹੈ । ਭਾਵ ਲਾਲ ਸਿੰਘ ਇੱਕ ਯਥਾਰਥਵਾਦੀ ਕਹਾਣੀਕਾਰ ਹੈ। ਲਾਲ ਸਿੰਘ ਲੋਕ ਹਿਤੂ ,ਮਨੁੱਖ ਹਿਤੈਸ਼ੀ ਅਗਾਂਹਵਧੂ ਸੋਚ ਵਾਲਾ ਲੇਖਕ ਹੈ। ਲਾਲ ਸਿੰਘ ਨਿਮਨ ਸ਼੍ਰੇਣੀ ਦਾ ਗਲਪਕਾਰ ਹੈ। ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਤੋਂ ਅਸਮਰੱਥ ਜਾਪਦਾ ਦਲਿਤ ਵਰਗ ਇਸਦੀਆਂ ਕਹਾਣੀਆਂ ਵਿੱਚ ਕਾਰਜਸ਼ੀਲ ਹੈ। ਲਾਲ ਸਿੰਘ ਦੀਆਂ ਕਹਾਣੀਆਂ ਜੀਵਨ ਦੇ ਵੱਖ ਵੱਖ ਪੱਖਾਂ ਦੀਆਂ ਸਮੱਸਿਆਵਾਂ ਦਾ ਫੋਕਸੀਕਰਨ ਹੈ।  ਇਸ ਦੀਆਂ ਕਹਾਣੀਆਂ ਸਮਾਜਕ ਸਰੋਕਾਰਾਂ ਦੇ ਦਾਇਰੇ ਵਿਚ ਉਥੋਂ ਦੀਆਂ ਸਮੱਸਿਆਵਾਂ ,ਕਮਜ਼ੋਰੀਆਂ ਨੂੰ ਬਿਆਨ ਕਰਦੀਆਂ ਹਨ

Monday, February 24, 2014

ਸਵੈ ਕਥਨ: ਮੇਰੇ ਅੰਦਰਲੇ ਕਹਾਣੀਕਾਰ ਦਾ ਜਨਮ

 Sun, Feb 23, 2014 at 11:00 PM
ਕਲਮ ਦੇ ਇੱਕ ਬਹਾਦਰ ਸਿਪਾਹੀ ਦੀ ਇੱਕ ਸੱਚੀ ਕਹਾਣੀ 
ਮੈਨੂੰ 1980 ਤੱਕ ਬਿਲਕੁਲ ਨਹੀਂ ਸੀ ਪਤਾ ਕਿ ਕਹਾਣੀ ਕਿਸ ਬਲਾ ਦਾ ਨਾਮ ਹੈ । ਇਸ ਤੋਂ ਪਹਿਲਾਂ ਮੈਂ ਕਵਿਤਾ ਨੂੰ ਕਿਧਰੇ-ਕਿਧਰੇ ਮੂੰਹ ਜ਼ਰੂਰ ਮਾਰ ਲਿਆ ਕਰਦਾ ਸੀ । ਉਹ ਕਵਿਤਾ ਹੁੰਦੀ ਵੀ ਨਹੀਂ ਸੀ। ਇਹ ਇਕ ਤਰ੍ਹਾਂ ਨਾਲ ਐਵੇਂ ਸਭਾ ਦੀ ਇੱਕਤਰਤਾ ਵਿਚ ਹਾਜ਼ਰ ਹੋ ਕੇ ਆਪਣਾ ਨਾਂ ਦਰਜ ਕਰਵਾਉਣ ਦਾ ਉਪਰਾਲਾ ਜਿਹਾ ਹੁੰਦਾ ਸੀ । ਇਹ ਲਿਖਤ-ਲਿਖਾਈ, ਮੇਰੇ ਆਸ-ਪਾਸ ਵਿਚਰਦੇ ਸਾਹਿਤਕਾਰਾਂ ਨੂੰ ਜੋੜ-ਗੰਢ ਕੇ ਇਕ ਸਭਾ-ਸਸਾਇਟੀ ਵਿਚ ਪਰੋ ਕੇ ਉਹਨਾਂ ਦੀਆਂ ਖਿਲਤਾਂ-ਕਿਰਤਾਂ ਸੁਣਨ ਤੇ ਵੀ ਭਾਰੂ ਨਹੀਂ ਸੀ ਹੁੰਦੀ। ਮੇਰੀ ਸੰਤੁਸ਼ਟੀ ਸਿਰਫ਼ ਏਨੇ ਨਾਲ ਹੀ ਹੋ ਜਾਂਦੀ ਸੀ ਕਿ ਮੈਂ ਇਕੱਲੇ ਬੈਠ ਮਗਜ਼-ਪੱਚੀ ਕਰਦੇ ਲਿਖਣ-ਪੂੰਝਣ ਵਾਲਿਆਂ ਦਾ ਸਕੱਤਰ ਹੁੰਦਾ ਸੀ। 1975 ਤੋਂ ਲੱਗੀ ਐਮਰਜੈਂਸੀ 1977 ਦੇ ਖਾਤਮੇ ਉਪਰੰਤ ਮੈਂ ਆਪਣੇ ਪੁਰਾਣੇ ਹੀਰੋ ਸਾਇਕਲ ਦੀ ਸਹਾਇਤਾ ਨਾਲ ਮੁਕੇਰੀਆਂ (ਹੁਸ਼ਿਆਰਪੁਰ) ਇਲਾਕੇ ਦੇ ਸਾਹਿਤਕ ਰੁਚੀਆਂ ਰੱਖਣ ਵਾਲੇ ਸੱਠ  ਦੇ ਕਰੀਬ ਮੈਂਬਰ ਸੂਚੀ ਬੱਧ ਕਰ ਲਏ । 20 ਜੂਨ 1977 ਨੂੰ ਇਹਨਾਂ ਵਿਚੋਂ 38 ਜਣੇ ਖਾਲਸਾ ਸਕੂਲ ਮੁਕੇਰੀਆਂ ਵਿਖੇ ਹੋਈ ਪਹਿਲੀ ਇਕੱਤਰਤਾ ਵਿਚ ਹਾਜ਼ਰ ਸਨ। ਸਭਾਵਾਂ ਦੇ ਅਜਿਹੇ ਗਠਨ ਦਾ ਸਿਲਸਿਲਾ ਅਗਾਂਹ ਚਲਦਾ ਰਿਹਾ। ਪਹਿਲਾਂ ਗੁਰਮੀਤ ਹੇਅਰ , ਸੁਦਰਸ਼ਨ ਨੱਤ ਦੀ ਸਹਾਇਤਾ ਨਾਲ ਤਲਵਾੜੇ , ਫਿਰ ਪੰਮੀ ਦਿਵੇਦੀ ਤੇ ਮਦਨ ਵੀਰਾ ਦੀ ਅਗਵਾਈ ਟਾਂਡੇ , ਜੈ ਦੇਵ ਦਿਲਵਰ ਦੀ ਨੁਮਾਇੰਦਗੀ ਨਾਲ ਬੁਲ੍ਹੋਵਾਲ ਤੇ ਮੇਰੇ ਆਪਣੇ ਯਤਨਾਂ ਨਾਲ 1980  ਦੀ ਜੁਲਾਈ ਨੂੰ ਦਸੂਹਾ ਸਾਹਿਤ ਸਭਾਵਾਂ ਦਾ ਗਠਨ ਹੋਇਆ, ਮੁਕੇਰੀਆਂ ਸਭਾ ਦੇ ਨਾਲ ਨਾਲ ਮੈਨੂੰ ਦਸੂਹਾ ਸਾਹਿਤ ਸਭਾ ਦੀ ਸਕੱਤਰੀ ਵੀ ਕਈ ਵਰ੍ਹੇ ਕਰਨੀ ਪਈ ।
ਮੇਰੀ ਮੁੱਢਲੀ ਸਭਾ ਹਰ ਵਰ੍ਹੇ ਸਾਲਾਨਾ ਸਮਾਗਮ ਸਮੇਂ ਕਿਸੇ ਨਾਮਵਰ ਵਿਦਵਾਨ ਤੋਂ ਪਰਚਾ ਲਿਖਵਾ ਕੇ ਗੋਸ਼ਟੀ ਕਰਦੀ ਸੀ । ਦੂਜਾ ਪਰਚਾ ਸਭਾ ਦੇ ਕਿਸੇ ਮੈਂਬਰ ਦਾ ਹੁੰਦਾ ਸੀ। ਤਿੰਨ ਕੁ ਸਾਲ ਸਭਾ ਦਾ ਆਲੋਚਨਾ ਰੁਚੀਆਂ ਵਾਲਾ ਮੈਂਬਰ ਬਲਬੀਰ ਮੁਕੇਰੀਆਂ ਪਰਚੇ ਲਿਖਦਾ ਰਿਹਾ । ਅਗਲੇ ਵਰ੍ਹੇ ਮੈਨੂੰ ਸਮਕਾਲ ਕਹਾਣੀ ਤੇ ਪਰਚਾ ਲਿਖਣ ਲਈ ਆਖ ਦਿੱਤਾ। ਮੈਨੂੰ ਪੰਗਾ ਪੈ ਗਿਆ । ਮੈਂ ਉਦੋਂ ਤੱਕ ਕਵਿਤਾ‘, ‘ਪ੍ਰੀਤਲੜੀ ‘, ‘ਸੇਧ ‘, ‘ਸਰਦਲ‘, ‘ਸਮਤਾ‘, ‘ਸਿਰਜਨਾ‘, ‘ਪੰਜਾਬੀ ਦੁਨੀਆਂ ‘, ‘ਹੇਮ ਜਯੋਤੀ ‘, ‘ਸਿਆੜ ਆਦਿ ਪੰਜਾਬੀ ਪਰਚਿਆਂ ਅੰਦਰ ਛਪੀ ਕਵਿਤਾ ਦਾ ਹੀ ਪਾਠਕ ਰਿਹਾਂ ਸਾਂ । ਉੱਜ ਇਹ ਸਾਰੇ ਪਰਚੇ ਵਰ੍ਹਿਆਂ ਤੋਂ ਮੇਰੇ ਪਾਸ ਸਾਂਭੇ ਪਏ ਸਨ । ਮੈਂ ਇਕ ਵਢਿਓਂ ਉਹਨਾਂ ਸਾਰਿਆਂ ਅੰਦਰ ਛਪੀਆਂ ਕਹਾਣੀਆਂ ਦਾ ਆਖੰਡ ਪਾਠ ਕਰ ਮਾਰਿਆ । ਬੱਸ ਬਾਈ ਜੀ ਉਸ ਆਖੰਡ ਪਾਠ ਨੇ ਮੇਰੇ ਅੰਦਰ ਕਿਧਰੇ ਕਹਾਣੀ ਦਾ ਬੀਜਸੁੱਟ ਦਿੱਤਾ। ਗੋਸ਼ਟੀ ਦਾ ਆਟਾ-ਦਲੀਆ ਕਰਕੇ ਮੈਥੋਂ ਵੀ ਥੋੜੇ ਕੁ ਦਿਨੀਂ ਇਕ ਮਿੰਨੀ ਕਹਾਣੀ ਲਿਖ ਹੋ ਗਈ, ‘ਈਡੀਇੱਟ।ਇਹ ਸੰਨ 80, 81 ਦੇ ਏੜ- ਗੇੜ ਦੀ ਗੱਲ ਐ । ਫਿਰ ਅਜਿਹੀਆਂ ਕਈ ਹੋਰ ਵੀ ਲਿਖੀਆਂ । ਇਹ ਮਿੰਨੀ ਕਹਾਣੀਆਂ ਪਹਿਲੀ ਪੁਸਤਕ ਮਾਰਖੋਰੇਦੇ ਅੰਤਲੇ ਪੰਨਿਆਂ ਤੇ ਦਰਜ ਹਨ। ਇਸੇ ਬੀਜ ਨੇ ਅੱਗੇ ਚੱਲ ਕੇ ਚੰਗਾ ਖਿਲਾਰ ਪਾਇਆ। ਪਹਿਲਾਂ 1984 ਵਿਚ ਮਾਰਖੋਰੋ ਦੀਆਂ 12 ਟਾਹਣੀਆਂ ਉੱਕਰੀਆਂ,ਫਿਰ ਨਾਲ ਲਗਦੇ ਹੀ 1996 ਵਿਚ ਬਲੌਰ ਪੁਸਤਕ ਦੀਆਂ ਅੱਠ ਕੁ ਕਹਾਣੀਆਂ । ਪਹਿਲੀ ਪੁਸਤਕ ਮਾਰਖੋਰੇ ਨੇ ਕਾਫੀ ਸਾਰੀ ਪਛਾਣ ਵੀ ਬਣਾ ਦਿੱਤੀ । ਡਾ ਮੋਹਨਜੀਤ ਨੇ ਉਸੇ ਵਰ੍ਹੇ ਦੀਆਂ ਪੰਜ ਸਰਾਹਣਯੋਗ ਪੁਸਤਕਾਂ ਜਿਹਨਾਂ ਵਿਚ ਮਹਾਂਸ਼ਵੇਤਾ ਦੇਵੀ ਦੀਆਂ ਕਹਾਣੀਆਂ ਦੀ ਪੁਸਤਕ ਵੀ ਸ਼ਾਮਿਲ ਸੀ, ‘ ਮਾਰਖੋਰੋ ਵੀ ਨਾਲ ਹੀ ਜੋੜੀ ਸੀ । ਉਪਰੋਤਕ ਦੋਨਾਂ ਪੁਸਤਕਾਂ ਅਤੇ ਤੀਜੀ ਪੁਸਤਕ ਕਾਲੀ ਮਿੱਟੀ ਨੇ ਪਹਿਲੋਂ ਬਣੀ ਪਛਾਣ ਮਸਾਂ ਹੀ ਸੰਭਾਲੀ । ਪਰ ਧੁੱਪ-ਛਾਂ ਦੀ ਆਮਦ ਨਾਲ ਮੈਨੂੰ ਲੱਗਾ ਕਿ ਚਾਰ ਕੁ ਕਦਮ ਹੋਰ ਅਗਾਂਹ  ਤੁਰਿਆ ਹਾਂ। ਫਿਰ ਅੱਧੇ ਅਧੂਰੇ ਦੀਆਂ ਕਹਾਣੀਆਂ ਨੇ ਸਚਮੁੱਚ ਹੀ ਮੈਨੂੰ ਸਰਦੇ ਪੁੱਜਦੇ ਕਹਾਣੀ ਲੇਖਕਾਂ ਵਿਚ ਸ਼ਾਮਿਲ ਕਰ ਲਿਆ। ਇਸ ਪੁਸਤਕ ਦੀ ਪਹਿਲੀ ਕਹਾਣੀ ਸੌਰੀ ਜਗਨ ਹਿੰਦੀ ਚ ਅਨੁਵਾਦ ਹੋ ਕੇ ਵਰਤਮਾਨ ਸਾਹਿਤਯ ਵਿਚ ਛਪੀ । ਅੱਧੇ ਅਧੂਰੇ ਕਹਾਣੀ ਨੂੰ ਕਈ ਸਾਰੇ ਗਾਹਕ ਟੱਕਰੇ , ਚੋਣਵੇਂ ਸੰਗ੍ਰਿਹਾਂ ਵਿਚ ਸ਼ਾਮਿਲ ਕਰਨ ਲਈ । ਮੈਡਮ ਜਸਵਿੰਦਰ ਬਿੰਦਰਾ ਨੇ ਆਪਣੀ ਮੂਲ ਹਿੰਦੀ ਪੁਸਤਕ ਬੀਸਵੀਂ ਸਦੀ ਕੀ ਸ੍ਰੇਸ਼ਟ ਪੰਜਾਬੀ ਕਹਾਣੀ ਵਿਚ ਸ਼ਾਮਿਲ ਕਰਕੇ ਇਸ ਨੂੰ ਹੋਰ ਗੌਲਣ-ਯੋਗ ਬਣਾ ਦਿੱਤਾ । ਇਸ ਪੁਸਤਕ ਦੀ ਕਹਾਣੀ ਪੌੜੀ ਨੂੰ ਘਨੀਸ਼ਾਮ ਦਾਸ ਰੰਜਨ ਵਲੋਂ ਲਖਨਊ ਹਿੰਦੀ ਸਾਹਿਤਯ ਪ੍ਰੀਸ਼ਦ ਲਈ ਛਾਪੀ ਪੁਸਤਕ ਵਿਚ ਸ਼ਾਮਿਲ ਕੀਤਾ । ਐਨਕ ਕਹਾਣੀ ਇਲਿਆਸ ਘੁੰਮਣ ਨੇ ਸ਼ਾਹਮੁੱਖੀ ਪਰਚੇ ਵਰ੍ਹੇ ਵਾਰ ਸਾਹਿਤ ਵਿਚ ਛਾਪੀ । ਇਹਨਾਂ ਪੰਜਾਂ ਕਹਾਣੀ ਪੁਸਤਕਾਂ ਦਾ ਵੇਰਵਾ ਦੱਸਣ ਦਾ ਮੇਰਾ ਇਹ ਅਰਥ ਬਿਲਕੁਲ ਨਹੀਂ ਕਿ ਮੈਂ ਬਹੁਤ ਵੱਡਾ, ਹਿਮਾਲੀਆ ਪਰਬਤ ਤੋਂ ਵੀ ਕਈ ਯੋਜਕ ਉੱਚਾ ਘਾਣੀਕਾਰ ਬਣ ਗਿਆਂ, ਪਰ ਏਨਾ ਜਰੂਰ ਹੋਇਆਂ ਕਿ ਮੇਰਾ ਆਪਦੇ ਸਿਰ-ਖੁਦ ਹੋ ਕੇ ਕਹਾਣੀ ਪਟ ਤੇ ਪ੍ਰਵੇਸ਼ ਕਰਨਾ ਚੁੱਭਿਆ ਜ਼ਰੂਰ ਮੱਠਧਾਰੀਆਂ ਨੂੰ, ਖਾਸ ਕਰਕੇ ਮੱਠ-ਧਾਰੀਆਂ ਦੇ ਜੁੱਲੀਕਾਰ ਆਲੋਚਕਾਂ ਨੂੰ । ਇਹ ਮੈਂ ਇਸ ਤੱਥ ਨੂੰ ਆਧਾਰ ਬਣਾ ਕੇ ਕਹਿ ਰਿਹਾਂ ਕਿ ਉਹਨਾਂ ਦੀ  ‘ਅਦਬੀ ਸੰਗਤਨੇ ਮੇਰੀ ਕਹਾਣੀ ਲਿਖਤ ਨੂੰ ਨਾ ਕਦੀ ਸਿੱਧੇ ਮੂੰਹ ਪਹਿਲਾਂ ਕਬੂਲਿਆਂ, ਨਾ ਹੁਣ ਹੀ, ਇਹ ਉਹਨਾਂ ਦੇ ਨੱਥ ਹੇਠ ਆਉਂਦੀ ਹੈ। ਇਹਨਾਂ ਕਹਾਣੀਆਂ ਨੂੰ, ਜਿਨ੍ਹਾਂ ਦੀਆਂ ਇਹ ਹਨ, ਜਿਨ੍ਹਾਂ ਦੀ ਰੂਹ-ਜਾਨ ਇਹਨਾਂ ਦੀ ਤੰਦ-ਤੰਤਰ ਦਾ ਹਿੱਸਾ ਹੈ, ਉਹਨਾਂ ਪਾਤਰਾਂ ਉਹਨਾਂ ਪਾਠਕਾਂ ਨੇ ਇਹਨਾਂ ਨੂੰ ਕਬੂਲਿਆਂ ਹੀ ਨਹੀਂ ਸਗੋਂ ਨਵਾਂ ਜ਼ਮਾਨਾ ਜਾਂ ਕਹਾਣੀ-ਧਾਰਾ ਵਲੋਂ ਕਰਵਾਏ ਵਰ੍ਹੇ ਵਾਰ ਸਰਵੇਖਣਾਂ ਲਈ ਚੁਣੇ ਜਾਣ ਲਈ ਆਪਣੇ ਵੋਟ-ਹੁੰਗਾਰੇ ਦਾ ਭਰਪੂਰ ਇਸਤੇਮਾਲ ਵੀ ਕੀਤਾ ਹੈ। ਗੜ੍ਹੀ ਬਖ਼ਸ਼ਾ ਸਿੰਘ ਨਾਮੀ ਛੇਵੀ ਪੁਸਤਕ ਦੀਆਂ ਛੇਆਂ ਕਹਾਣੀਆਂ ਵਿਚੋਂ ਪੰਜ ਇਸ ਮਾਣ ਦੀਆਂ ਭਾਗੀਦਾਰ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਮਾਰਖੋਰੇ ਤੋਂ ਗੜੀ ਬਖ਼ਸ਼ਾ ਸਿੰਘ ਦਾ ਕਹਾਣੀ ਸਫ਼ਰ ਠੀਕ-ਠਾਕ ਹੀ ਰਿਹਾ ਹੈ ।
ਲਾਲ ਸਿੰਘ ਦਸੂਹਾ
094655-74866

Sunday, April 15, 2012

ਲਾਲ ਸਿੰਘ ਦਸੂਹਾ ਦੀਆਂ ਦਸ ਮਿੰਨੀ ਕਹਾਣੀਆਂ

1)“ ਫਿਕਰ “   
ਸਾਰਾ ਦਿਨ ਮੀਂਹ ਵਰਦਾ ਰਿਹਾ। ਸਾਰੀ ਰਾਤ ਵੀ। ਜਰਨੈਲੀ ਸੜਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ ਨੂੰ ਸਰਕ ਆਏ – ਅਗਲਾ ਦਿਨ ਚੜ੍ਹਦਿਆਂ ਸਾਰ ਹੀ ਠੇਕੇਦਾਰ ਦੀਆਂ ਗੰਦੀਆਂ ਜਾਲ੍ਹਾਂ ਨਾਲ ਲਿੱਬੜੇ ਤੰਬੂ ਤਾਂ ਖਤਾਨਾਂ ਦੀਆਂ ਢਲਾਨਾਂ ਵਲ ਤਿਲਕ ਗਏ, ਉਨ੍ਹਾਂ ਅੰਦਰ ਠੁਰ ਠੁਰ ਕਰਦੇ ਭਿੱਜੇ ਚੁਲ੍ਹੇ ‘ਦਿਹਾੜੀਦਾਰਾਂ’ ਲਈ ਬੁਰਕੀ ਰੋਟੀ ਵੀ ਨਾ ਪਕਾ ਸਕੇ।

ਦੂਰ ਹਟਵੇਂ ਛੱਪਡ਼ ‘ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰ੍ਹਦੀ ਮੀਂਹ ਵਿਚ ਪਰਲੂ ਚਲਾਉਣ ਦਾ ਹੁਕਮ ਦੇ ਕੇ , ਭੁੱਖੇ-ਭਾਣੇ ਮਰਦਾਂ-ਇਸਤ੍ਰੀਆਂ ਨੂੰ ਟੋਕਰੀਆਂ ਹੇਠ ਜੋੜ ਦਿੱਤਾ। ਰਾਧੀ ਦੀ ਪੰਜ ਕੁ ਸਾਲ ਦੀ ਪਿੰਨੋ ਨੇ ਮਾਂ ਦੀ ਪਾਟੀ ਸਾੜ੍ਹੀ ‘ਚੋਂ ਟੋਟੋ ਵਿਚ ਇਕ ਸਾਲ ਦੇ ਨਿੱਕੇ ਤੇਜੂ ਨੂੰ ਲਪੇਟ ਲਿਆ, ਅਤੇ ‘ਸੜਕ ਬੰਦ ਹੈ‘ ਲਿਖੇ ਦੋ ਡਰਮਾਂ ‘ਤੇ ਟਿਕਾਏ ਫੱਟੇ ਹੇਠ ਖਲੋ ਕੇ ਆਉਂਦੀਆਂ ਮੋਟਰਾਂ ਗੱਡੀਆਂ ਨੂੰ ਰੋਕ ਕੇ ਲੰਘਾਉਣ ਲਈ ਮੈਲੀ ਜਿਹੀ ਲਾਲ ਝੰਡੀ ਫੜ ਲਈ। ਦੁਪਹਿਰ ਪਿਛੋਂ ਇਸ ਸੜਕੇ ਅੰਤਰ-ਰਾਸ਼ਟਰੀ ਕਾਰ ਰੈਲੀ ਲੰਘਣ ਤੋਂ ਪਹਿਲਾਂ ਪਹਿਲਾਂ ਬਹੁਤੇ ਖ਼ਰਾਬ ਟੋਟੋ ਨੂੰ ਸੁਆਰਨ ਦੇ ਉਪਰੋਂ ਚੜ੍ਹੇ ਹੁਕਮ ਦੀ ਪਾਲਣਾ ਕਰਦੇ ਠੇਕੇਦਾਰ ਨੇ ਰਾਧੀ ਨੂੰ ਦੁੱਧ ਚੁੰਘਾਉਣ ਲਈ ਵਿਲਕਦੇ ਬਾਲ ਕੋਲ ਜਾਣੋ ਉਨ੍ਹਾਂ ਚਿਰ ਰੋਕੀ ਰੱਖਿਆ ਜਿੰਨਾ ਚਿਰ ਮਹਿਕਮੇ ਦੇ ਵੱਡੇ ਅਫ਼ਸਰ ਦੀ ਜੀਪ ਨੱਪੀ ਰੋੜੀ  ਉਪਰੋਂ ਲੰਘ ਕੇ ’ਓ.ਕੇ.‘ ਨਾਂ ਆਖ ਗਈ ।

ਠੰਡ ਨਾਲ ਠਰੇ ਸੁੰਨ ਹੋਏ ਬਾਲਾਂ ਨੂੰ ਭਿੱਜੇ ਤੰਬੂ ਅੰਦਰ ਸੁਲਘਦੀ ਅੱਗ ਦਾ ਧੂਆਂ ਸਿਕਾਉਂਦੀ ਰਾਧੀ ਨੂੰ ਨੇਰ੍ਹੀ ਵਾਂਗ ਲੰਘਦੀਆਂ ਸੁਦੇਸ਼ੀ-ਵਿਦੇਸ਼ੀ ਕਾਰਾਂ ਨਾਲ ਉਭਰ ਕੇ ਗੋਲੀ ਵਾਂਗ ਤੰਬੂ ਵਿਚ ਵਜਦੇ ਚਿੱਕੜ ਦੇ ਛਿਟਿਆਂ ਦਾ ਓਨਾ ਫਿਕਰ ਨਹੀਂ ਸੀ ਜਿਨਾ ਤਿੰਨ ਕੁ ਮੀਲਾਂ ਦੀ ਵਿੱਥ ‘ਤੇ ਵੱਸੇ ਕਰਬੇ ਤੋਂ ਠੇਕੇਦਾਰ ਦੇ ਘਰੋਂ ‘ਤਨਖਾਹ‘ ਲੈ ਕੇ ਆਟਾ-ਦਾਲ ਲੈਣ ਗਏ ਭਈਆਂ ਦਾ, ਜਿਹੜੇ ਉਦ੍ਹੇ ਬੰਦੇ ਸਮੇਤ ਏਨੀ ਰਾਤ ਗਿਆਂ ਵੀ ਹਾਲੀ ਸ਼ਹਿਰੋਂ ਨਹੀਂ ਸਨ ਪਰਤੇ।
------------
)ਈਡੀਇਟ
ਸਵੇਰ ਸਾਰ ਉੱਠ ਕੇ , ਇਸ਼ਨਾਨ ਕਰ ਕੇ , ਨਿੱਤ ਨੇਮ ਮੁਕਾ ਕੇ , ਸਰਦਾਰ ਜੀ ਅਰਦਾਸ ਕਰ ਰਹੇ ਸਨ – “ ਚਾਰ ਪੈਰ੍ਹ ਰੈਣ ਸੁੱਖ ਦੀ ਬਤੀਤ ਹੋਈ ਆ, ਚਾਰ ਪੈਰ੍ਹ ਦਿਨ ਸੁਖ ਦਾ ਬਤੀਤ ਕਰਨਾ .....ਨਾਨਕ ਨਾਮ ਚਡ਼੍ਹਦੀ ਕਲਾ ਤੇਰੇ ਭਾਣੇ ਸਰਬ.............” ਕਿ ਚਾਣਚੱਕ ਸਰਕਾਰੀ ਰੈਸਟ-ਹਾਊਸ ਦੇ ਮੁੱਖ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ।

ਬਹਿਰੇ ਨੇ ਦੋਨਾਂ ਹੱਥਾਂ ‘ਚ ਸੰਭਾਲ ਦੇ ਫਡ਼ੀ ਚਾਹ ਵਾਲੀ ਟਰੇ ਮੇਜ਼ ‘ਤੇ ਰੱਖੀ ਟੀਊਬ-ਲਾਇਟ ਦਾ ਬਟਨ ਦਬਾਇਆ । ਅੱਖ ਝਮੱਖਾ ਮਾਰ ਕੇ ਟੀਊਬ ਜਗੀ ਤੇ ਕਮਰਾ ਚਾਨਣ ਚਾਨਣ ਹੋ ਗਿਆ । ਅਰਦਾਸ ਦੀ ਇਕਾਗਰਤਾ ‘ਚੋਂ ਸਰਦਾਰ ਹੋਰਾਂ ਦਾ ਉੱਖੜਿਆ ਧਿਆਨ ਸਰ੍ਹਾਣੇ ਕੋਲ ਪਏ ਇੱਕ ਵੰਗ ਦੇ ਟੋਟੇ ਨਾਲ ਟਕਰਾ ਦੇ ਟੁਕੜੇ ਟੁਕੜੇ ਹੋ ਗਿਆ– “ਟੀ ...........ਚਾਹ ......ਨਾਨਸੈਂਨਸ .........ਅਭੀ ਨਹੀਂ .....ਈਡੀਇਟ । “
-----------------
3)ਨੀਲੀ ‘ਸ਼ਾਹੀ
ਮੰਡੀ ਵਿੱਚ ਕਣਕ ਛਾਣਦੀ ਹਾਰੀ ਥੱਕੀ ਸ਼ੰਕਰੀ ਨੇ ,ਘੁੰਡੀਆਂ ਦੀ ਪੰਡ ਜੀ .ਟੀ .ਰੋਡ ਦੀ ਪੱਕੀ ਪੱਟਡ਼ੀ ‘ਤੇ ਲਿਆ ਸੁੱਟੀ । ਆਪ ‘ ਝੁਲਕਾ ਪਾਣ ‘ ਲਈ ਸਫੈਦਿਆਂ ਦੀ ਡੱਬ-ਖੜੱਬੀ ਛਾਂ ਵਿੱਚ ਢੋ ਲਾ ਕੇ ਬੈਠ ਗਈ । ਛੇਂਵੀ ਜਮਾਤ ਵਿਚ ਪਡ਼੍ਹਦਾ ਉਸ ਦਾ ਤੀਜਾ ਪੁੱਤਰ ਕਿਸ਼ਨਾ ਸਕੂਲੋਂ ਰੋਂਦਾ ਡੁਸਕਦਾ ਆਇਆ – “ ਮਾਂ ਦਸੀ ਦਈਂ ........ਨੀਲੀ ਸ਼ਾਹੀ ਲੈਣੀ। ਗੁਰੇ ਦਾ ਦਵਾਤ ‘ਚੋਂ ਡੋਕੇ ਲਏ......ਉਹਨੇ ਮਾਰਿਆ, ਮਾਸਟਰ ਹੋਰਾਂ ਕਾਪੀ ਦੇਖੀ ....ਤਾਂ ਚਪੇੜਾਂ ਮਾਰੀਆਂ । “

ਖਾਖਾਂ ਤੇ ਲੱਗੀਆਂ ਚਪੇੜਾਂ ਦੇ ਨੀਲ ਮਾਂ ਦੀ ਬਰੀਕ ਨੀਝ ਨੇ ਗਿਣ ਲਏ । ਮੂੰਹ ਹਨੇਰੇ ਦੀ ਪੱਕੀ ਰੋਟੀ ਦੁਪਹਿਰਾਂ ਤੱਕ ਪਈ ਪਾਣੀ ਦੇ ਘੁੱਟਾਂ ਨਾਲ ਵੀ ਅੰਦਰ ਲੰਘਣੋਂ ਇਨਕਾਰੀ ਹੋਣ ਲੱਗੀ । ਸਿੱਜਲ ਅੱਖਾਂ ਨੂੰ ਸਿਰੋਂ ਅਤੇ ਪੈਰੋਂ ਨੰਗਾ ਕਿਸ਼ਨਾ ਝਉਲਾ ਝਉਲਾ ਦਿਸਣ ਲੱਗਾ । ...ਦਾਣਿਆਂ ਦੀ ਮੁਠ ‘ਕੱਠੀ ਕਰ ਲੈ .....ਤੇ ਹਟੀਉਂ ਨੀਲੀ ......।“ ਸ਼ੰਕਰੀ ਦੀ ਬਾਕੀ ਗੱਲ ਗਲਘੋਟੂ ਬਣ ਕੇ ਸੰਘੀ ‘ਚ ਅੜ  ਗਈ ।

ਛੋਹਲੇ ਪੈਰੀਂ ਕਿਸ਼ਨਾ ਸੜਕ ਵਲ ਵਧਿਆ। ਵੀਹ , ਪੰਝੀ ਫੁਟ ਲੰਮੀ ਹਵਾ ਨਾਲ ਗੱਲਾਂ ਕਰਦੀ ਇਕ ਬੀਊਕ ਕਾਰ ਕਰੀਚ ਕਰਦੀ ਬਰੇਕ ਲਾ ਕੇ ਰੁਕਦੀ ਰੁਕਦੀ ਕਿਸ਼ਨੇ ਨੂੰ ਪਾਸਾ ਮਾਰ ਕੇ ਹਵਾ ਹੋ ਗਈ । ਫੁੱਟਬਾਲ ਵਾਂਗ ਮੁੰਡਾ ਕੱਚੇ ‘ਤੇ ਰਿਡ਼੍ਹਿਆ ਤੇ ਬੇਹੋਸ਼ ਹੋ ਗਿਆ । ਦੌਡ਼ ਕੇ ਪੱਲੇਦਾਰਾਂ ਨੇ ਮੁੰਡੇ ਨੂੰ ਚੁੱਕਿਆ ਤੇ ਡਿਸਪੈਂਸਰੀ ਲੈ ਗਏ । ਬਰਾਂਡੇ ਵਿਚ ਪਏ ਲੱਕਡ਼ ਦੇ ਬੈਂਚ ‘ਤੇ ਲਿਟਾਏ ਕਿਸ਼ਨੇ ਦੇ ਦੰਦਾਂ ਤੋਂ ਲਹੂ ਪੂੰਝਦਿਆ, ਸ਼ੰਕਰੀ ਨੇ ਖਾਕੀ ਝੱਗਾ ਉੱਪਰ ਕਰ ਕੇ ਦੇਖਿਆ ਕਿ ਪਿੰਡੇ ‘ਤੇ ਲੱਗੀਆਂ ਸੱਟਾਂ ਦਾ ਰੰਗ ਖਾਖਾਂ ‘ਤੇ ਪਏ ਨੀਲ ਦੇ ਰੰਗ ਨਾਲੋਂ ਕਿਤੇ ਬਹੁਤਾ ਨੀਲਾ ਸੀ–ਨੀਲੀ ‘ਸ਼ਾਹੀ ਵਰਗਾ ।
-------------------------
4)ਕੱਲ੍ਹ ਗੱਲ ਕਰਾਂਗੇ 
ਫੈਕਟਰੀ ਕਾਮੇ ,ਫੈਕਟਰੀ ਦਫ਼ਤਰ ਤੋਂ ਬਾਹਰ , ਸੱਤ ਤਾਰੀਖ਼ ਨੂੰ ਸ਼ਾਮ ਪੰਜ ਵਜੇ , ਤਨਖਾਹ ਲੈਣ ਲਈ ਖਡ਼ੇ , ਫਿਟਰ ਹੱਥ ਫੋਰਮੈਨ ਦੇ ਓਵਰਟਾਇਮ ਲਾਉਣ ਦੇ ਸੁਨੇਹੇ ਦਾ ਓਤਰ ਭੇਜਦੇ ਹਨ – ਉਹਨੂੰ ਆਖ , ਕੱਲ੍ਹ ਗੱਲ ਕਰਾਂਗੇ । ਫੈਕਟਰੀ ਮਾਲਕ , ਦਫ਼ਤਰ ਨਾਲ ਲੱਗਦੇ ਆਰਾਮ ਕਮਰੇ ਵਿਚ ਵਿਸਕੀ ਦੀਆਂ ਦੋ ਤਿੰਨ ਗਲਾਸੀਆਂ ਚਾੜ੍ਹ ਕੇ, ਸੌਫੇ ਤੇ ਟੇਡਾ ਹੋ, ਸਿਗਰਟ ਦੇ ਲੰਮੇ ਕਸ਼ਾਂ ਦਾ ਧੂੰਆਂ ਗੋਲ ਚੱਕਰ ਬਣਾ ਕੇ ਛੱਤ ਵੱਲ ਉਲਾਰਦਾ, ਗੇਟ-ਮੈਨ ਨੂੰ ਬੁਲਾ ਕੇ ਕਹਿੰਦਾ ਹੈ – ਉਨ ਕੋ ਬੋਲੋ, ਕੱਲ੍ਹ ਗੱਲ ਕਰਾਂਗੇ। ਭੜਕੇ ਹੋਏ ਕਾਮੇ ਅੰਦਰ ਧਸ, ਮੇਜ਼ ਨੂੰ ਲੱਤ ਮਾਰ ਬੋਤਲ ਤੋੜਦੇ ਫੜ੍ਹੇ ਗਏ । ਆਪਣੀਆਂ ਹੀ ਪੱਗਾਂ ਨਾਲ ਨੂੜੇ ਹੱਥਾਂ ਨਾਲ ਠਾਣੇ ਵਿਚ ਵੜਦਿਆਂ ਨੂੰ ਹੁਕਮ ਸੁਣਦਾ ਹੈ– ਸਾਲਿਆਂ ਨੂੰ .......ਹਵਾਲਾਤ , ਕੱਲ੍ਹ ਗੱਲ ਕਰਾਂਗੇ।

ਰਿਹਾਈ ਦਾ ਹੁਕਮ ਕਰਵਾਉਣ ਲਈ ਕਾਮਿਆਂ ਦੀ ਯੂਨੀਅਨ ਦਾ ‘ਨੇਤਾ’ ਜਨ-ਨਾਇਕ ਦੇ ਨਿਵਾਸ-ਅਸਥਾਨ ‘ਤੇ ਪਹੁੰਚਦਾ ਹੈ, ਤਾਂ ਉਥੇ ਹੀ ਰੰਗ ਜਮਾਈ ਬੈਠਾ ਪੁਲਿਸ ਦਾ ਵੱਡਾ ਅਫ਼ਸਰ ਅੰਦਰੋਂ ਸੁਨੇਹਾ ਭੇਜਦਾ ਹੈ–ਹੁਣ ਮੂਡ ਠੀਕ ਨਹੀਂ, ਕੱਲ੍ਹ ਗੱਲ ਕਰਾਂਗੇ। ਭੁੱਖੇ ਭਾਣੇ, ਕੋਠੜੀ ਵਿੱਚ ਦੜੇ, ਹੂਸੜ  ਵਿਚ ਤੜਫ਼ਦੇ, ਮਾਂਗਣੂਆਂ ਮੱਛਰਾਂ ਦੀ ਜਲਣ ਨੂੰ ਖੁਰਕਦੇ, ਕਾਮੇ ਕਚੀਚੀਆਂ ਵੱਟ ਰਹੇ ਹਨ-ਅੱਜ ਦੀ ਰਾਤ ਕੱਟੋ, ਕੱਲ੍ਹ ਗੱਲ ਕਰਾਂਗੇ ।
---------------------
5)ਪ੍ਰਸ਼ਨ-ਚਿੰਨ੍ਹ
ਤੇਰਾਂ ਜਮਾਤਾਂ ਪਾਸ, ਹੜਤਾਲ ਨਾ ਕਰਨ ਦਾ ਵਾਹਦਾ-ਫਾਰਮ ਭਰ, ਕੱਪੜੇ ਦੀ ਵੱਡੀ ਮਿਲ ਵਿੱਚ ਨੌਕਰੀ ਕਰਦੀ ਸੀਤਾ, ਬੀਮਾਰ ਬੱਚੀ ਨੂੰ ਮੋਢੇ ਲਾਈ ਸਵੇਰੇ ਸੱਤ ਵਜੇ ਹਸਪਤਾਲ ਦੇ ਖੱਬੇ ਦਰਵਾਜ਼ੇ ਸਾਹਮਣੇ ਲੱਗੀ ਲੰਮੀ ਕਤਾਰ ਵਿੱਚ ਆ ਖੜੋਂਦੀ ਹੈ। ਦਸ ਵਜੇ ਤਕ ਵੀ ਡਾਕਟਰ ਦੇ ਨਾ ਪਹੁੰਚਣ ਕਾਰਨ ਪਾਣੀ ਨੂੰ ਵਿਲਕਦੇ ਬੀਮਾਰ ਬੱਚਿਆਂ ਦੀਆਂ ਮਾਵਾਂ, ਮੰਤਰੀਆਂ ਦੀਆਂ ਕੋਠੀਆਂ ਵੱਲ ਜਾਂਦੇ ਪਾਣੀ ਦੇ ਟੈਂਕਰ ਨੂੰ ਰੋਕਦੇ ਹੜਤਾਲੀ ਪਾਣੀ-ਕਾਮਿਆਂ ਦੀ ਬੇਕਾਬੂ ਭੀੜ ‘ਤੇ ਚੱਲੀ ਪੁਲੀਸ ਦੀ ਗੋਲੀ ਨਾਲ ਮਰੇ ਬੰਦਿਆਂ ਕਰਕੇ ਬੰਦ ਹੋਈ ਸੜਕ ਤੋਂ ਮੁੜਦੀਆਂ, ਸਰਕਾਰਾਂ, ਬੱਸਾਂ, ਡਾਕਟਰਾਂ, ਪੁਲਸੀਆਂ, ਹੜਤਾਲੀਆਂ ਨੂੰ ਗਾਲ੍ਹਾਂ ਕੱਢਦੀਆਂ, ਘਬਰਾਹਟ ਉਗਲਦੀਆਂ ਹਨ। ਬਾਲ ਵਰ੍ਹਾ ਮਨਾਉਣ ਲਈ ਲੱਗੇ ਸ਼ਾਮਿਆਨੇ ਅੰਦਰ ਲਟਕਦੇ ਉਦੇਸ਼ਾਂ ਕੋਲ ਖੱਚਾ-ਖੱਚ ਭਰੇ ਬਰਾਂਡੇ ਦੇ ਹੁਸੜ ਵਿੱਚ ਖੜੀ ਸੀਤਾ ਨੂੰ ਬੱਚੀ ਦੇ ਵਧਦੇ ਬੁਖਾਰ ਦੀ ਵਧਦੀ ਤਪਸ਼ ਇਕਦਮ ਘਟ ਗਈ ਜਾਪਦੀ ਹੈ, ਜਦ ਉਸ ਦੇ ਮੋਢੇ ਨਾਲ ਲਮਕਿਆ ਵਿਸਮਿਕ ਚਿੰਨ੍ਹ ਉਸ ਦੀਆਂ ਬਾਹਾਂ ਵਿੱਚ ਪ੍ਰਸ਼ਨ-ਚਿੰਨ੍ਹ ਬਣ ਕੇ ਡਿੱਗ ਪੈਂਦਾ ਹੈ।
------------------
6)ਛਾਉਣੀ 
ਸੀਮਾ ਦੀ ਰੱਖਿਆ ਲਈ ਛਾਉਣੀ ਵਿੱਚ ਕੀਤੇ ਗਏ ਵਾਧੇ ਹੇਠ ਆਈ ਪੰਜ ਕੁ ਏਕਡ਼ ਜ਼ਮੀਨ ਦਾ ਅੱਖਾਂ ਪੂੰਝਣ ਜਿੰਨਾ ਮੁਆਵਜ਼ਾ ਦੇ ਕੇ , ਕੇਂਦਰੀ ਸਰਕਾਰ ਦੀ ਪਾਈ ‘ਫਾਹੀ ’ ਨੂੰ ਨਜਿੱਠਣ ਲਈ ਰਾਜ ਦੇ ਮੁੱਖ ਮੰਤਰੀ ਨੇ  ਸ਼ਹਿਰ ਦੇ ਰੈਸਟ-ਹਾਊਸ ਵਿੱਚ ਆਉਣਾ ਸੀ ।

ਰੈਸਟ-ਹਾਊਸ ਦੀ ਸਫਾਈ ਅਤੇ ਨੇੜਿਓਂ ਦੀ ਜਰਨੈਲੀ ਸੜਕ ਦੁਆਲੇ ਲੱਗੇ ਸਫੈਂਦਿਆਂ ਹੇਠ ਨਰਸਰੀ ਦੀਆਂ ਥੈਲੀਆਂ ਵਿਚ ਉਗਾਏ ਨਿੱਕੇ ਨਿੱਕੇ ਬੂਟਿਆਂ ਨੂੰ ਸੁਆਰਨ ਦਾ ਕੰਮ ਅਜਿਹੇ ਵੇਲੇ ਕਮੇਟੀ ਵਾਲਿਆਂ ਲਈ ਬਹੁਤਾ ਹੀ ਵਧ ਜਾਂਦਾ ਹੈ। ਬਾਕੀ ਦੇ ਸ਼ਹਿਰ ਵਲੋਂ ਅਵੇਸਲੇ ਹੋ ਕੇ, ਇਕੋ ਹੀ ਥਾਂ ਝੋਕੇ ਗਏ ਸਾਰੇ ਸਫਾਈ-ਮਜ਼ਦੂਰਾਂ ਦੇ ਕੰਮ ਦਾ ਨਰੀਖਣ ਕਰ ਕੇ ਪ੍ਰਧਾਨ ਹੋਰੀਂ ਬੜੇ ਚੈਨ ਨਾਲ ਹਨੇਰੇ ਪਏ ਘਰ ਪਹੁੰਚੇ ਤੇ ਸੁਖ ਦੀ ਨੀਂਦ ਸੌਂ ਗਏ ।

ਕੇਲਿਆਂ ਦੇ ਬੂਟਿਆਂ ਨੂੰ ਧਰਤੀ ਵਿੱਚ ਗੱਡੀਆਂ ਬਾਂਸਾਂ ਦੀਆਂ ਪੌੜੀਆਂ ਦਾ ਆਸਰਾ ਦੇ ਕੇ ‘ਜੀ ਆਇਆ ਨੂੰ ‘ ਦਾ ਗੇਟ ਬਣਾਉਣ ਲਈ ਜਦ ਪ੍ਰਧਾਨ ਹੋਰੀਂ ਅਗਲੇ ਦਿਨ ਆਏ ਤਾਂ ਰੈਸਟ-ਹਾਊਸ ਅਤੇ ਸੜਕ ਵਿਚਕਾਰਲੀ ਥਾਂ ‘ਤੇ ਸਿਰਲੀਗਰਾਂ ਦੀਆਂ ਝੁੱਗੀਆਂ ਅਤੇ ਇੱਟਾਂ ਦੇ ਚੁਲ੍ਹਿਆਂ ਵਿਚ ਧੁਖਦਾ ਧੂੰਆਂ ਦੇਖ ਕੇ ਗੁੱਸਾ ਤਾਂ ਆਉਣਾ ਹੀ ਸੀ , ਪਰ ਲੀਰਾਂ-ਕਚੀਰਾਂ, ਗੰਦੀਆਂ ਝੁੱਗੀਆਂ ਲਾਗੇ ਠੰਢ ਨਾਲ ਕੁੰਗਡ਼ੀਆਂ ਖੱਚਰਾਂ ਦੀ ਖਿਲਰੀ ਲਿੱਦ ਅਤੇ ਨਿਆਣਿਆਂ ਦਾ ਮੱਲ-ਮੂਤਰ ਦੇਖ ਕੇ , ਉਹਨਾਂ ਨੂੰ ਅੱਗ ਹੀ ਲੱਗ ਗਈ। ਸਮਾਂ ਥੋੜ੍ਹਾ ਰਹਿੰਦਾ ਦੇਖ ਉਹ ਉਰਦੂ ਵਰਗੀ ਪੰਜਾਬੀ ਵਿੱਚ ਗਾਲ੍ਹਾਂ ਵਰ੍ਹਾਉਂਦੇ ਕਦੀ ਸਿਕਲੀਗਰਾਂ ਵੱਲ ਦੌੜਦੇ, ਕਦੀ ਟੈਲੀਫੋਨ ‘ਤੇ ਬੁਲਾਈ ਪੁਲਸ ਨੂੰ ਉਡੀਕਣ ਲਈ ਬਣਦੇ ਗੇਟ ਵੱਲ।

ਉੱਜੜੇ ਲੋਕਾਂ ਦੇ ਵਫ਼ਦ ਨੂੰ ਮਿਲਣ ਲਈ ਦਿੱਤੇ ਹੋਏ ਸਮੇਂ ਤੋਂ ਮੁੱਖ-ਮੰਤਰੀ ਭਾਵੇਂ ਛੇ ਘੰਟੇ ਪੱਛਡ਼ ਕੇ ਪਹੁੰਚੇ ਪਰ ਏਨਾ ਸਾਰਾ ਸਮਾਂ ਪੁਲੀਸ ਦਾ ਡੰਡਾ ਵਰਤ ਕੇ ਵੀ ਪ੍ਰਧਾਨ ਹੋਰੀਂ , ਝੁੱਗੀਆਂ ਦੀ ਛਾਉਣੀ ਨੂੰ ਗੈਸਟ-ਹਾਊਸ ਦੇ ਬਿਲਕੁਲ ਸਾਹਮਣਿਓਂ ਉਠਾਲ ਨਾ ਸਕੇ।
-------------------------
7)ਥੰਮੀਆਂ
ਉਂਝ ਤਾਂ ਸਰਦਾਰ ਹੁਣੀ ਆਮ ਕਰਕੇ ਫ਼ਸਲ ਬਾੜੀ ਦਾ ਹਿਸਾਬ ਰੱਖਣ ਲਈ ਫਾਰਮ ‘ਤੇ ਹੀ ਰਹਿੰਦੇ ਹਨ, ਪਰ ਕੁੜੀਆਂ ਦੇ ਸਕੂਲ ਅਤੇ ਕਾਲਜ ਦੇ ਕਰਤਾ-ਧਰਤਾ ਹੋਣ ਕਰਕੇ, ਦੂਜੇ ਚੌਥੇ ਅਧਿਆਪਕਾਂ ਦੇ ਆਉਣ ਜਾਣ ਦਾ ਸਮਾਂ ਚੈੱਕ ਕਰਨ ਲਈ ਜੀਪ ਦੌੜਾਨੀ ਪੈ ਜਾਂਦੀ ਏ, ਜਾਂ ਤਨਖਾਹ ਦੇ ਚੈੱਕ ਦੇਣ ਤੋਂ ਪਹਿਲਾਂ ਕਟੌਤੀ ਦੀ ਰਕਮ ਨਕਦ ਵਸੂਲ ਕਰ ਕੇ ਖਾਤੇ ਵਿੱਚ ਪਾਉਂਦਿਆਂ ਈ ਦਿਹਾੜੀ ਲੱਗ ਜਾਂਦੀ ਏ, ਜਾਂ ਚਰਿਤਰਹੀਣਤਾ ਦੇ ਦੋਸ਼ ਹੇਠ ਕੱਢ ਕੇ ਨਵੀਂ ਅਧਿਆਪਕਾ ਭਰਤੀ ਕਰਨ ਲਈ ਸ਼ਹਿਰ ਗਿਆਂ ਥੋਡ਼੍ਹਾ ਬਹੁਤ ਸਮਾਂ ਲੱਗ ਹੀ ਜਾਂਦਾ ਆ।

ਉਂਝ ਤਾਂ ਸਰਦਾਰ ਹੁਣੀ ਡੇਰ੍ਹੀ ਵਿਚਲੀਆਂ ਵਿਦੇਸ਼ੀ ਜਿਣਸ ਦੀਆਂ ਮੱਝਾਂ ਗਾਈਆਂ ਦਾ ਧਿਆਨ ਰੱਖਣ ਲਈ ਆਮ ਕਰਕੇ ਫਾਰਮ ‘ਤੇ ਹੀ ਰਹਿੰਦੇ ਹਨ, ਪਰ ਮੱਸਿਆਂ, ਪੁੰਨਿਆਂ, ਸੰਗਰਾਦ, ਗੁਰਪੁਰਬ ਤੇ ਹੋਰ ਦਿਨ-ਦਿਹਾੜੇ, ਆਪਣੇ ਨਾਂ ਥੱਲੇ ਉਸਾਰੇ ਗੁਰਦਵਾਰੇ ਵਿਚ ਰੱਖੇ ਪਾਠ ਦੇ ਭੋਗ ਸਮੇਂ ਆਪਣੇ ਸਕੂਲ ਦੇ ਬੱਚੇ ਗੁਰਦਵਾਰੇ ਬਿਠਾ ਕੇ,ਢਾਡੀਆਂ ਦੀਆਂ ਵਾਰਾਂ ਸੁਣਨ ਅਤੇ ਪ੍ਰਸ਼ਾਦ ਵਰਤਣ ਤੱਕ ਉਹਨਾਂ ਨੂੰ ਆਪ ਵੀ ਉਥੇ ਹੀ ਬਿਰਾਜੇ ਰਹਿਣਾ ਪੈਂਦਾ ਏ , ਜਾਂ ਦੇਸ਼-ਵਿਆਪੀ ਪ੍ਰਬੰਧਕ ਕਮੇਟੀ ਦੇ ਕਾਰਕੁਨ ਹੋਣ ਨਾਤੇ ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਦਾ ਨਰੀਖਸ਼ਣ ਕਰਨ ਲਈ ਸਮੇਂ ਸਮੇਂ ਲੰਮੇ ਦੌਰਿਆਂ ‘ਤੇ ਜਾਣਾ ਈ ਪੈਂਦਾ ਐ।

ਉਂਝ ਤਾਂ ਸਰਦਾਰ ਹੋਣਾਂ ਨੂੰ ਫਾਰਮ ਵਿਚ ਚਲਦੇ ਮੁਰਗੀਖਾਨੇ ਦਾ ਵੀ ਫਿਕਰ ਐ ਪਰ ਇਲਾਕੇ ਦੇ ਇਕੋ ਇਕ ਜਨ-ਸੇਵਕ ਹੋਣ ਕਰਕੇ ਸਰਕਾਰੇ । ਦਰਬਾਰੇ , ਅਦਾਲਤੀਂ ,ਦਫ਼ਤਰੀਂ ਕਿਸੇ ਨਾ ਕਿਸੇ ਨਾ ਗਿਆਂ, ਕੁਝ ਇਕ ਦਿਨ ਰਾਜਧਾਨੀਆਂ ਵਿਚ ਰਹਿ ਕੇ ਵੀ ਲੋਕਾਂ ਦੇ ਕਾਰਜ ਸੁਆਰਨੇ ਈ ਪੈਂਦੇ ਹਨ ।

ਉਂਝ ਤਾਂ ਸਰਦਾਰ ਹੋਰੀਂ ਫਾਰਮ ਵਿਚ ਚਲਦੇ ਤਿੰਨ ਟਰੈਕਟਰਾਂ , ਜੀਪ , ਕਾਰ , ਮੋਟਰਸਾਇਕਲ ਦੀ ਮਸ਼ੀਨਰੀ ਨੂੰ ਵਿਗਡ਼ਨ ਤੋਂ ਬਚਾਈ ਰੱਖਣ ਦਾ ਪੂਰਾ ਪੂਰਾ ਯਤਨ ਕਰਦੇ ਹਨ ਪਰ ਗੁਰੂ ਦੀ ਨਗਰੀ ਵਿਚ ਚਲਦੇ ਸੋਲਾਂ ਸਤਾਰਾਂ ਟਰੱਕਾਂ ਵਿਚੋਂ ਕਿਸੇ ਨਾ ਕਿਸੇ ਦੀ ਕੀਤੀ ਘਟਨਾ-ਦੁਰਘਟਨਾ ਨੂੰ ਸੰਭਾਲਣ ਲਈ ਵੀ ਸਮਾਂ ਖ਼ਰਚ ਕਰਨ ਈ ਪੈਂਦਾ ਹੈ , ਜਾਂ ਫਾਰਮ ‘ਚੋਂ ਆਲੂ ਭਰ ਕੇ ਕਲਕੱਤੇ , ਬੰਬਈ , ਜੈਪੁਰ ਲੱਥੀਆਂ ਗੱਡੀਆਂ ਦੀ ਰਕਮ ਵਸਲੂਣ ਲਈ ਗਿਆਂ ਨੂੰ ਫਾਰਮੀ ਸੂਰਾਂ ਦੀ ਵਧੀ ਗਿਣਤੀ ਤੋਂ ਪੱਲਾ ਛੁਡਵਾਉਣ ਲਈ ਇਕ ਅੱਧ ਮਹੀਨਾ ਰੁਕਣਾ ਵੀ ਪੈਂ ਜਾਂਦਾ ਹੈ ।

ਆਪਣੀ ਛੱਤਰ-ਛਾਇਆ ਹੇਠ ਚਲਦੀਆਂ ‘ਸੰਸਥਾਵਾਂ ’ ਦੀ ਮਾਲੀ ਸਹਾਇਤਾਂ ਲਈ ਉਗਰਾਹੀ ਕਰਨ ਲਈ ਕਿਤੇ ਦੂਰ ਪਾਰ ਦੇਸ਼ਾਂ ਨੂੰ ਗਏ ਹੋਣ ਤਾਂ ਵੀ ਸਭ ਕਿਸਮ ਦੀਆਂ ਸਰਕਾਰਾਂ ਦਾ ਆਇਆ ਗਿਆ ਮੰਤਰੀ ਉਹਨਾਂ ਕੋਲ ਹੀ ਠਹਿਰਦਾ ਹੈ , ਇਸ ਲਈ ਸਭਨਾਂ ਦਾ ਵਿਚਾਰ ਇਹੋ ਕਿ ਆਮ ਕਰਕੇ ਸਰਦਾਰ ਹੋਂਰੀ ਫਾਰਮ ਵਿਚ ਹੀ ਰਹਿੰਦੇ ਹਨ , ਉਂਝ।
--------------
8)ਰੂੜ੍ਹੀ 
ਮਹਾਂ-ਨਗਰ ਦੀ ਗੰਦੀ ਬਸਤੀ ਦੀ ਨੁੱਕਰੇ ਇੱਕ ਝੌਂਪਡ਼ੀ ਵਿੱਚ ਮਰਨ ਕੰਢੇ ਪਈ ਅੰਨੀ ਰੂੜ੍ਹੀ ਨੂੰ ਜਮਾਂਦਾਰ ਦੇ ਘਰੋਂ

ਰੋਟੀ ਦੇਣ ਆਉਂਦੀ ਨਿੱਕੀ ਕੁੜੀ ਪਿਆਰੀ ਦੇ ਪੈਰਾਂ ਦੀ ਬਿੜਕ ਦੀ ਤਾਂ ਪੂਰੀ ਪਛਾਣ ਸੀ, ਪਰ ਮੌਤ ਨੂੰ ਉਡੀਕਦੀਆਂ ਦੋ ਤਿੰਨ ਉਸ ਦੀਆਂ ਹਾਨਣਾਂ ਵਿਚੋਂ ਜੇ ਕੋਈ, ਕਦੀ ਕਦੀ ਪੌਤੇ ਪੜ੍ਹੋਤੇ ਨੂੰ ਪੰਜੀ ਦਸੀ ਦਾ ਲਾਲਚ ਦੇ ਕੇ ਡੰਗੋਰੀ ਫੜ੍ਹ, ਉਸ ਦਾ ਹਾਲ ਪੁੱਛਣ ਪੈਰ ਘਸੀਟਦੀ ਆਉਂਦੀ, ਤਾਂ ਬਲਗਮ ਮੱਧਮ ਆਵਾਜ਼ ਵਿੱਚ ਪੁੱਛਦੀ–“ਆਇਆ ਕੋਈ ਸੁੱਖ-ਸੁਨੇਹਾ। “

ਸਫਾਈ ਮਜ਼ਦੂਰਾਂ ਦੀ ਪਿਛਲੀ ਹੜਤਾਲ ਦੀ ਰੜਕ ਰੱਖ, ਅਫੀਮ ਕੇਸ ਬਣਾ, ਜੇਲ੍ਹ ਭੇਜੇ ਉਹਦੇ ਦਸਵੀਂ ਫੇਲ੍ਹ ਪੁੱਤਰ ਦੇ ਘਰ ਪਰਤਣ ਦੀ ਕੋਈ ਖ਼ਬਰ ਉਹਦੀ ਬਿਰਧ ਸਾਥਣ ਭਾਵੇਂ ਨਾ ਦੇਂਦੀ ਪਰ ਨਿੱਤ ਨਵੇਂ ਮਹਾਂ-ਨਗਰ ਵਿੱਚ ਵਾਪਰਦੇ ਦੰਗੇ, ਫਸਾਦ, ਚੋਰੀਆਂ, ਉਧਾਲੇ, ਟੱਕਰਾਂ, ਚੋਣਾਂ ਦੀ ਓਪਰੀ ਓਪਰੀ ਚਰਚਾ ਜ਼ਰੂਰ ਹੁੰਦੀ।

ਬਸਤੀ ਨੂੰ ਜਾਂਦੀ ਪੱਕੀ ਸੜਕ ਵਿੱਚ ਖੁੱਡੇ ,ਗਲੀਆਂ ਦੀ ਬਿਜਲੀ , ਗੰਦੇ ਪਾਣੀ ਦੇ ਨਿਕਾਸ ਲਈ ਬਣੇ ਪੱਕੇ ਨਾਲੇ ਨੂੰ ਜੁਡ਼ਦੀਆਂ ਨਾਲੀਆਂ ਨੂੰ ਠੀਕ ਕਰਵਾਉਣ ਦੇ ਪਿਛਲੇ ਤਿੰਨਾਂ ਵਰ੍ਹਿਆਂ ਵਿੱਚ ਹੋਈਆਂ ਦੋਹਾਂ ਇਲੈਕਸ਼ਨਾਂ ਸਮੇਂ ਪਰਚਾਰੇ ਨਾਹਰਿਆਂ ਦਾ ਪ੍ਰਭਾਵ ਢਾਈ ਹਜ਼ਾਰ ਵੋਟਰਾਂ ਦੀ ਬਸਤੀ ਤੋਂ ਖੁੱਸਦਾ ਦੇਖ ਕੇ , ਇਸ ਵਾਰ ਨਿਗਮ ਚੋਣਾਂ ਵਿਚ ਲਾਲ ਹਰਦਿਆਲ ਦੇ ਹਰੀਜਨ ਭਲਾਈ ਲਈ , ਹਰ ਗਲੀ ਨੂੰ ਇਕ ਇਕ ਟੈਲੀਵੀਯਨ ਮੁਫਤ ਵੰਡਣ ਦੇ ਐਲਾਨ ਦੀ ਖ਼ਬਰ ਪ੍ਰਸਿੰਨੀ ਕੋਲੋਂ ਸੁਣ ਕੇ ਰੁੜ੍ਹੀ ਬੇਹੋਸ਼ ਜਿਹੀ ਹੋ ਗਈ ।

................ ਉਸ ਨੂੰ ਜਾਪਿਆ ਜਿਵੇਂ ਉਸ ਦੇ ਪੁੱਤ ਨੂੰ ਜੇਲ੍ਹੋਂ ਛੁਡਵਾ, ਹਾਰ ਸ਼ਿੰਗਾਰ ਕੇ ਸਫਾਈ ਮਜ਼ਦੂਰ ਨਾਹਰੇ ਮਾਰਦੇ, ਉਸ ਨੂੰ ਝੌਂਪੜੀ ਅੰਦਰੋਂ ਚੁੱਕ ਕੇ, ਸਟਰੈਚਰ ‘ਤੇ ਪਾ, ਸਰਕਾਰੀ ਗੱਡੀ ‘ਤੇ ਹਸਪਤਾਲ ਲੈ ਜਾ ਕੇ,ਦਮੇ ਦੇ ਇਲਾਜ ਦੇ ਟੀਕੇ ਦੀ ਸੂਈ ਉਸ ਦੀ ਸੱਜੀ ਬਾਂਹ ਤੇ ਚੋਭ ਰਹੇ ਹੋਣ............। ਪਰ ਹੋਸ਼ ਆਉਣ ‘ਤੇ ਉਸ ਨੇ ਦੇਖਿਆ ਕਿ ਇਕ ਪੋਲਿੰਗ ਸੈਂਟਰ ਲਾਗੇ ਭੀੜ ਵਿਚ ਖੜ੍ਹੀ ਜੀਪ ਵਿੱਚੋਂ ਸਟਰੈਚਰ ‘ਤੇ ਵੋਟ ਚੁੱਕੀ ਜਾਂਦੇ ਵਰਕਰਾਂ ਨੂੰ ਟਾਂਕੇ ਵਾਲੀ ਸਰਿੰਜ ਸਾਂਭਦਾ ਡਾਕਟਰ ਜ਼ਰਾ ਛੇਤੀ ਕਰ ਲੈਣ ਲਈ ਆਖ ਰਿਹਾ ਸੀ।
-----------------
9)ਛੂਹ-ਛੁਹਾਈ 
ਸੀਤਾ ਦਾ ਪਿਤਾ ,ਰਾਜਧਾਨੀ ਦੇ ਅਫ਼ਸਰਾਂ ਦੀ ਰਿਹਾਇਸ਼ ਵਾਲੀ ਕਲੋਨੀ ਵਿੱਚ ਕਰਿਆਨੇ ਦੀ ਚੰਗੀ ਸਰਦੀ-ਪੁਜਦੀ ਦੁਕਾਨ ਕਰਦਾ , ਸਕੂਟਰ ਸਮੇਤ ਸਿਟੀ ਬਸ ਹੇਠ ਆ ਕੇ ਮਰ ਜਾਂਦਾ ਹੈ। ਆਜ਼ਾਦ ਵਿਚਾਰਾਂ ਦੀ ‘ਕੱਲੀ ਕਹਿਰੀ ਸੀਤਾ ਨੂੰ ਮਾਂ ਜ਼ੋਰ ਦੇ ਕੇ ਕਾਲਜੋਂ ਹਟਾ ਕੇ ਨੌਕਰਾਂ ਰਾਹੀਂ ਦੁਕਾਨ ਦਾ ਕੰਮ ਚਲਾਉਣ ਦਾ ਯਤਨ ਕਰਦੀ ਹੈ। ਪਰ ਵਣਜ ਵਿਹਾਰ ਤੋਂ ਅਣਜਾਨ ਸੀਤਾ ਪੱਲਾ ਗੁਆ ਕੇ ਵੀ ਅਸਫਲ ਰਹਿੰਦੀ ਹੈ। ਕਾਰੋਬਾਰੀ ਸੰਬੰਧਾਂ ਵਿਚਕਾਰ ਆੜ੍ਹਤੀਆਂ ਦਾ ਨਿੱਕਾ ਸਤੀਸ਼ ,ਵੀਹ ਹਜ਼ਾਰ ਘਰੋਂ ਕੱਢ ਸੀਤਾ ਨੂੰ ਦਰਸਾਏ ਰੰਗੀਨ ਸੁਪਨਿਆਂ ਦੇ ਸੰਸਾਰ ਵਿਚ ਜੀਣ ਲਈ ਦੂਰ ਦੁਰਾਡੇ ਕਿਸੇ ਫਿਲਮੀ ਸ਼ਹਿਰ ਅੰਦਰ ਵਸ ਕੇ , ਹੋਰ ਰੰਗੀਨੀਆਂ ਦੀ ਭਾਲ ਵਿੱਚ ਭੱਟਕਣ ਲੱਗਦਾ ਹੈ। ਰਾਜਧਾਨੀ ਦੇ ਵੱਡੇ ਮੰਦਰ ’ਚ ਫ਼ਰਸ਼ ‘ਤੇ ਪੋਚਾ ਮਾਰਦੀ ਮਾਂ ਨੂੰ ਟੋਲਦੀ, ਫਿਲਮੀ ਸ਼ਹਿਰ ਛੱਡ ਸੀਤਾ ਪੰਜ ਸਾਲਾਂ ਪਿਛੋਂ ਚਾਰ ਸਾਲਾਂ ਦੀ ਬੱਚੀ ਸਮੇਤ ਅਤਿ ਭੈੜੇ ਹਾਲੀਂ ਆ ਮਿਲਦੀ ਹੈ। ਦੇਸ਼ ਦੇ ਸਭ ਤੋਂ ਅਮੀਰ ਮਾਰਵਾੜੀ ਦੇ ਮੰਦਰ ਵਿਚਲੇ ਅਜਾਇਬ-ਘਰ ਦੇ ਪਿਛਵਾੜੇ ਬਣੇ ਨੌਕਰਾਂ ਦੇ ਕਮਰਿਆਂ ਵਿਚ ਮਾਂ ਨਾਲ ਰਹਿੰਦੀ ਸੀਤਾ ਨੂੰ, ਪ੍ਰਬੰਧਕਾਂ ਵਲੋਂ ਮਿਲਦੀਆਂ ਅੰਤਾਂ ਦੀਆਂ ਅਸ਼ੀਰਵਾਦਾਂ ਤੋਂ ਤੰਗ ਆ ਕੇ ਦੂਰ ਕਿਸੇ ਬਸਤੀ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈਦਾ ਹੈ ।
------------
10)ਰਾਜ਼ੀਨਾਮਾ
ਗੱਲ ਪਾਣੀ ਦਾ ਵਾਰੀ ਤੋਂ ਵਿਗੜੀ। ਰਾਮਾ, ਸ਼ਾਮਾ ਦੋਵੇਂ ਭਰਾ, ਸਕੇ। ਗਊ ਸੁਭਾ, ਬੀਬੇ। ਦੋਨਾਂ ਦੀਆਂ ਜੋਗਾਂ ਦਰਸ਼ਨੀ। ਅੱਧੇ ਪਿੰਡ ਦੀ ਬਿਜਾਈ ਕਰਕੇ। ਰੱਜ ਕੇ ਪੈਸੇ। ਦੋ ਖੇਤ ਖ਼ਰੀਦ ਲਏ। ਸਸਤਾ ਸਮਾਂ ਸੀ। ਵਿਆਹੋ-ਵਰ੍ਹੇ ਗਏ । ਟੱਬਰੀਆਂ ਆਈਆਂ। ਰਿਸ਼ਤਾ ਤਿੜਕ ਗਿਆ, ਭਰਾਵਾਂ ਦਾ।

ਵੱਡੇ ਨੇ ਹਵੇਲੀ ਸਾਂਭ ਲਈ, ਛੋਟੇ ਨੇ ਘਰ। ਪੰਜ-ਪੰਜ, ਛੇ-ਛੇ ਨਿਆਣੇ ਹੋਏ। ਮਾਂ ਚਲ ਵਸੀ। ਬੋਲੋਂ ਕੁਬੋਲ ਹੋ ਗਏ।ਕੰਮ ਵੱਖ ਵੱਖ ਹੋ ਗਿਆ। ‘ਕੱਲਾ‘ ਕੱਲਾ ਜੋਤੇ ਕਰੇ। ਨਿਬੇੜਾ ਘੱਟ। ਖ਼ਰਚ ਵਧ। ਗੱਲ ਹੋਰ ਵਿਗੜ ਗਈ।
ਖੇਤ ਵੰਡੇ ਗਏ। ਇਕ ਇਕ ਹਿੱਸੇ ਆਇਆ। ਖਾਲ ਦੋਨਾਂ ਨੂੰ ਇਕੋ। ਤੀਹ ਮਿੰਟਾਂ ਦੀ ਵਾਰੀ, ਸਤਵੇਂ ਦਿਨ। ਪੰਦਰਾਂ ਮਿੰਟ ਹਿੱਸੇ ਆਉਣ।ਮੀਂਹ ਪਿਆ ਨਾ, ਬਿਜਾਈ ਝੋਨੇ ਦੀ। ਸ਼ਾਮੇ ਨੇ ਵੀਹ ਮਿੰਟ ਪਾਣੀ ਲਾ ਲਿਆ। ਰਾਮਾ ਗਲ ਪੈ ਗਿਆ। ਕਹੀ ਮਾਰੀ ਛੱਡਵੀਂ। ਲੱਤ ਵੱਢੀ ਗਈ। ਸ਼ਾਮਾ ਹਸਪਤਾਲ ਪਹੁੰਚ ਗਿਆ। ਡਾਕਟਰ ਦੀ ‘ਪੂਜਾ‘ ਵੀ ਕੀਤੀ। ਛੱਬੀ ਬਣੀ ਨਾ,ਬਣੀ ਚੌਵੀ। ਸਾਰੀ ਪੰਚਾਇਤ ਠਾਣੇ। ਠਾਣੇਦਾਰ ਪੰਚਾਂ ਦੀ ‘ਮਾਂ ਦੀ,ਧੀ ਦੀ ਕਰੇ। ਆਖੇ–ਪਿੰਡ ਦਾ ਮਸਲਾ ਸੀ,ਪੰਚਾਇਤ ਮਰੀ ਹੋਈ ਸੀ। ਭਰਾ ਨੇ ਭਰਾ ਵੱਢ’ਤਾ। ਮਾਰ ਜਾਂਦਾ? ਜਾਹ ਜਾਂਦੀ। ਦੂਜਾ ਫਾਹੇ ਲਗਦਾ।

ਖੈਰ– ਪੈ-ਪੁਆ ਕੇ, ਗੱਲ ਰਾਜ਼ੀਨਾਮੇ ‘ਤੇ ਨਿੱਬੜੀ। ਦੋਨਾਂ ਦੇ ਲੱਗੇ। ਰਾਮੇ ਦਾ ਛੇ ਸੌ, ਸ਼ਾਮੇ ਦਾ ਚਾਰ ਸੌ। ਦੋਨੋਂ ਖੁਸ਼। ਜੱਫੀਆਂ ਪਾਉਣ–ਭਰਾ ਭਰਾ। ਪਿੰਡ ਆਏ। ਪੰਚ ਸੱਦੇ ਗਏ। ਦੋ ਬਲੈਡਰ ਲੱਗੇ। ਲੰਬੜ ਆਖੇ–ਇਹ ਆਂ ਰਾਜ਼ੀਨਾਮਾ ਅਸਲੀ। ਸਾਰੇ ਖੁਸ਼। ਰਾਮਾ ਵੀ, ਸ਼ਾਮਾ ਵੀ। ਨਿਆਣੇ ਵੀ , ਸਿਆਣੇ ਵੀ। ਸ਼ਾਹ ਹੱਟੀ ਵਾਲਾ ਵੀ, ਮਾਸਟਰ ਵੀ ਵੇਲੇ ਸਿਰ ਬਹੁੜੇ ਸਨ, ਵਿਆਜ ਦਾ ਕੀ ਹੁੰਦੈ?
----------
ਲੇਖਕ ਨਾਲ ਸੰਪਰਕ:: 
ਲਾਲ ਸਿੰਘ ਦਸੂਹਾ
ਨੇਡ਼ੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
Mobile No : 094655-74866

(ਇਹ ਕਹਾਣੀਆਂ ਲਾਲ ਸਿੰਘ ਦਸੂਹਾ ਦੀ 1984 ਵਿੱਚ ਛਪੀ ਪੁਸਤਕ ‘ਮਾਰਖੋਰੇ ‘ ਵਿੱਚੋਂ ਹਨ)