Showing posts with label Lal Singh. Show all posts
Showing posts with label Lal Singh. Show all posts

Monday, September 28, 2015

“ ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ“–ਲਾਲ ਸਿੰਘ

ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਸੰਤ ਸਿੰਘ ਸੋਖੋਂ ਵਾਲਾ ਬੌਧਿਕ ਅੰਸ਼ ਵੀ ਭਾਰੂ ਨਹੀਂ
ਕਹਾਣੀਕਾਰ ਲਾਲ ਸਿੰਘ ਪੰਜਾਬੀ ਦੇ ਸਮਕਾਲੀ ਸਿਰਕੱਢ ਕਹਾਣੀਕਾਰਾਂ ਵਿਚੋਂ ਇਕ ਕਹਾਣੀਕਾਰ ਹੈ। ਲਾਲ ਸਿੰਘ ਸਧਾਰਨ ਕਿਸਮ ਦਾ ਇਨਸਾਨ ਹੈ ਸਾਦਾ ਪਹਿਰਾਵਾ ਪਾਉਣ ਵਾਲਾ ਤੇ ਸਾਊ ਸੁਭਾਅ ਦਾ ਮਾਲਕ ਹੈ। ਮੌਜੂਦਾ ਪੰਜਾਬੀ ਕਹਾਣੀਕਾਰਾਂ ਵਿੱਚ ਉਸਦਾਂ ਨਾਂ ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸੰਧੂ ਵਰਗੇ ਪ੍ਰਮੁੱਖ ਕਹਾਣੀਕਾਰਾਂ ਦੇ ਨਾਲ ਨਾਲ ਆਉਂਦਾ ਹੈ। ਦੁਆਬੇ ਦੇ ਪਿੰਡ ਝੱਜਾਂ ਜਿਲ੍ਹਾ ਹੋਸ਼ਿਆਰਪੁਰ (ਹੁਣ ਵਾਸੀ ਦਸੂਹਾ) ਦੇ ਜੰਮਪਲ ਹੋਣ ਕਾਰਨ ਉਸ ਦੀਆਂ ਕਹਾਣੀਆਂ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ। ਉਹ ਲੋਕ-ਹਿਤੂ ,ਮਨੁੱਖ ਹਿਤੈਸ਼ੀ ਤੇ ਅਗਾਂਹ ਵਧੂ ਸੋਚ  ਅਤੇ ਰੁਚੀ ਰੱਖਣ ਵਾਲਾ ਹੈ। ਇਕ ਲੇਖਕ ਵਜੋਂ ਉਹ ਵੱਖ-ਵੱਖ ਵਿਸ਼ਿਆਂ ਉੱਤੇ ਕਲਮ ਅਜਮਾਉਣ ਵਿੱਚ ਸਫਲ ਹੋਇਆ ਹੈ। ਉਸਦੀ ਸਮੁੱਚੀ ਰਚਨਾ ਵਿੱਚ ਕਮਾਲ ਦੀ ਸਹਿਜਤਾ ਹੈ। ਪੰਜਾਬ ਦੀ ਦੁਖਾਂਤਕ ਸਥਿਤੀ ਨੂੰ ਅਨੁਭਵ ਕਰਦੇ ਹੋਏ ਵੱਖ ਵੱਖ ਵਿਸ਼ਿਆਂ ਨੂੰ ਆਧਾਰ ਬਣਾ ਕੇ ਉਸ ਨੇ ਬਹੁਤ ਸਾਰੀਆਂ ਕਹਾਣੀਆਂ ਸਾਧਾਰਨ ਪਾਠਕਾਂ ਦੀ ਬਜਾਇ ਵਿਦਵਾਨਾਂ, ਬੁੱਧੀਮਾਨ ਪਾਠਕਾਂ ਨੂੰ ਜ਼ਿਆਦਾ ਪ੍ਰਭਾਵਤ ਕਰਦੀਆਂ ਹਨ। ਮਤਲਬ ਇਹ ਕਿ ਉਸਦੀਆਂ ਕਹਾਣੀਆਂ ਪੜ੍ਹਨ ਵੇਲੇ ਪਾਠਕਾਂ ਨੂੰ ਪੂਰੇ ਸੁਚੇਤ ਰਹਿਣਾ ਪੈਂਦਾ ਹੈ। ਅਧਿਆਪਨ ਪਿੱਠਭੂਮੀ ਹੋਣ ਕਰਕੇ ਸਕੂਲਾਂ ਦੇ ਵਾਤਾਵਰਨ ਨੂੰ ਬਾਖੂਬੀ ਚਿਤਰਿਆ ਹੈ। ਪ੍ਰਾਪਤ ਸਮਾਜ ਵਿਵਸਥਾ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਪ ਕਰਨ ਲਈ ਆਪਣੀ ਕਲਮ ਰਾਹੀਂ ਮਾਰਕਸਵਾਦੀ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ ਕਿਰਤਾਂ ਦੀ ਉਸਨੇ ਸਿਰਜਣਾ ਕੀਤੀ ਹੈ। ਲਾਲ ਸਿੰਘ ਕੋਲ ਸਾਫ,ਨਿਧੜਕ ਤੇ ਸਪੱਸ਼ਟ ਗੱਲ ਕਹਿਣ ਦੀ ਸਮਰੱਥਾ ਹੇ।  ਸਾਦਾ ਜੀਵਨ ਬਤੀਤ ਕਰਦੇ ਦੁਆਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਇਸ ਕਹਾਣੀਕਾਰ ਦੇ ਹੁਣ ਤੱਕ ਛੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਮਾਰਖੋਰੇ (1984), ਬਲੌਰ (1986) , ਧੁੱਪ-ਛਾਂ (1990) , ਕਾਲੀ ਮਿੱਟੀ (1996), ਅੱਧੇ ਅਧੂਰੇ (2003) ਅਤੇ ਗੜ੍ਹੀ ਬਖ਼ਸ਼ਾ ਸਿੰਘ (2009) ਨਾਲ ਪੰਜਾਬੀ ਸਾਹਿਤਕ ਖੇਤਰ ਵਿੱਚ ਇੱਕ ਸਮਰੱਥ ਕਹਾਣੀਕਾਰ ਵੱਜੋਂ ਉਸ ਦੀ ਚਰਚਾ ਹੁੰਦੀ ਹੈ। ਲਾਲ ਸਿੰਘ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਾ ਹੈ। ਉਹ ਵਰਗਾਂ ਦੀ ਗੱਲ ਕਰਦਾ ਹੈ, ਲੁੱਟ-ਖਸੁੱਟ ਦੀ ਗੱਲ ਕਰਦਾ ਹੈ ਅਥਵਾ ਸਮਾਜ ਦੇ ਸਾਰੇ ਪੱਖਾਂ ਦੀ ਗੱਲ ਕਰਦਾ ਹੈ। ਕਥਾ–ਸੰਗ੍ਰਹਿ ‘ਧੁੱਪ-ਛਾਂ’ ਵਿੱਚ ਪ੍ਰਸਤੁਤ ਸੱਤ ਕਹਾਣੀਆਂ ਸਮਾਜ ਦੇ ਸਭਿਆਚਾਰਕ, ਆਰਥਿਕ ਅਤੇ ਰਾਜਨੀਤਕ ਪੱਖਾਂ ਦੀ ਤਸਵੀਰ ਪੇਸ਼ ਕਰਦੀਆਂ ਹਨ। ਰਾਜਨੀਤੀ ਨੂੰ ਆਧਾਰ ਬਣਾ ਕੇ ਪਿੰਡ ਦੇ ਗਰੀਬ ਸ਼ੇਣੀ ਦੇ ਹੋਏ ਸ਼ੋਸ਼ਣ, ਜਾਤ ਪਾਤ ਪੱਖੋਂ ਉਤਪੀੜਤ ਹੋਈ ਨਿਮਨ ਸ਼੍ਰੇਣੀ ਦੀ ਸਮਾਜਕ ਸਥਿਤੀ ਨੂੰ ਦਰਸਾਉਣ, ਗਰੀਬ ਤਬਕੇ ਤੇ ਲੋਟੂ ਲੋਕਾਂ ਦੇ ਅੱਤਿਆਚਾਰ। ਆਧੁਨਿਕ ਤਕਨੀਕੀ ਯੁੱਗ ਵਿੱਚ ਕੁਰਸੀ ਦੀ ਪ੍ਰਾਪਤੀ ਲਈ ਧਰਮ ਕਰਮ ਦੀ ਜ਼ਰੂਰਤ , ਦਲਿਤ ਵਰਗ ਲਈ ਚਿੰਤਨ, ਜਾਗੀਰਦਾਰੀ ਸਮਾਜ ਵੱਲੋਂ ਕੀਤੀ ਜਾਦੀਂ ਲੁੱਟ,ਪੰਜਾਬ ਦੇ ਸੰਕਟ ਨੂੰ ਪ੍ਰਤੀਕਾਰਤਮਕ ਰੂਪ ਨਾਲ ਪੇਸ਼ਕਾਰੀ, ਅਖੌਤੀ ਵਿਗਿਆਨੀਆਂ,ਖੋਜੀਆਂ ,ਰੀਸਰਚ ਸਕਾਲਰਾਂ ਦੇ ਕਟਾਂਕਸ਼, ਸਮਾਜ ਦੀ ਸੇਵਾ ਲਈ ਸੰਘਰਸ਼ਮਈ ਰਸਤਾ ਅਪਨਾਉਣ ਦੇ ਸੰਦੇਸ਼ , ਲੇਖਕਾਂ ਦੀ ਪ੍ਰਕਾਸ਼ਕਾਂ ਵੱਲੋਂ ਹੁੰਦੀ ਲੁੱਟ ਸਮੇਤ ਸਮਾਜ ਵਿੱਚ ਅੱਤਿਆਚਾਰ, ਭ੍ਰਿਸ਼ਟਾਚਾਰ ਆਦਿ ਸਮਾਜਿਕ ਬੁਰਾਈਆਂ ਨੇ ਸਮਾਜਕ ਰਿਸ਼ਤਿਆਂ ,ਕਰਜਿਆਂ ਨਾਲ ਨਿਰੰਤਰ ਭੰਨੀ ਕਿਸਾਨੀ ਦਾ ਆਰਥਿਕ ਤੇ ਸਮਾਜਿਕ ਨਿਘਾਰ,ਭਾਰਤੀ ਸਮਾਜ ਵਿੱਚ ਲਗੀਆਂ ਜਾਤੀ ਪਾਤੀ ਵਿਵਸਥਾ ਦੀਆਂ ਡੂੰਘੀਆਂ ਤੇ ਮਜਬੂਤ ਜੜ੍ਹਾਂ, ਲੋਕਾਂ ਦੇ ਅੰਧ-ਵਿਸ਼ਵਾਸ਼ੀ ਹੋਣ ਦਾ,  ਕਦਰਾਂ-ਕੀਮਤਾਂ ਦੀ ਮੁੱਲ-ਘਟਾਈ ਵਾਲੇ ਅਤੇ ਅਜਿਹੇ ਹੋਰ ਸਮਾਜਕ ਸਰੋਕਾਰਾਂ ਨੂੰ ਲਾਲ ਸਿੰਘ ਆਪਣੀਆਂ ਕਹਾਣੀਆਂ ਵਿੱਚ ਕੇਂਦਰੀ ਸਰੋਕਾਰ ਬਣਾਉਂਦੀਆਂ ਹਨ। ਪੰਜਾਬ ਦੀ ਤ੍ਰਾਸਦੀ ਨੂੰ ਕਹਾਣੀਆਂ ਦਾ ਵਿਸ਼ਾ ਬਣਾਉਣ ਵਾਲੇ ਲੇਖਕਾਂ ਵਿੱਚ ਪ੍ਰੇਮ ਪ੍ਰਕਾਸ਼, ਵਰਿਆਮ ਸੰਧੂ, ਮੋਹਨ ਭੰਡਾਰੀ ਆਦਿ ਤੋਂ ਬਾਅਦ ਲਾਲ ਸਿੰਘ ਦਾ ਨਾਂ ਵੀ ਆਉਂਦਾ ਹੈ। ਲਾਲ ਸਿੰਘ ਇਕ ਸਮਝਦਾਰ,ਸੁਲਝਿਆ ਹੋਇਆ ਕਹਾਣੀਕਾਰ ਹੈ। ਉਸਨੇ ਆਪਣੀਆਂ ਕਹਾਣੀਆਂ ਦੇ ਪਾਤਰ ਆਮ ਜੀਵਨ ਵਿਚੋਂ ਹੀ ਲਏ ਹਨ। ਉਸ ਦੇ ਪਾਤਰ ਕਥਾ ਵਿਚ ਕਿਧਰੇ ਵੀ ਵਾਧੂ ਨਹੀ ਦਿਖਾਈ ਦਿੰਦੇ। ਉਸ ਨੇ ਆਪਣੀਆਂ ਕਹਾਣੀਆਂ ‘ਚ ਲੋੜ ਅਨੁਸਾਰ ਹੀ ਪਾਤਰ ਲਏ ਹਨ। ਉਸਦੀਆਂ ਕਹਾਣੀਆਂ ਵਿੱਚ ਚੇਤੰਨ ਦਲਿਤ ਪਾਤਰ ਅਤੇ ਦਲਿਤਾਂ ਦਾ ਸ਼ੋਸ਼ਣ ਕਰਨ ਵਾਲੇ ਪਾਤਰ ਸਿਰਜੇ ਗਏ ਹਨ। ਪ੍ਰਮੁੱਖ ਤੌਰ ਤੇ ਲਾਲ ਸਿੰਘ ਦੇ ਪਾਤਰ ਚਾਰ ਸ਼੍ਰੇਣੀਆਂ ਦੇ ਹਨ, ਸ਼ੋਸ਼ਕ ਪਾਤਰ, ਸ਼ੋਸ਼ਿਤ ਪਾਤਰ, ਜਾਗਰੂਪ ਤੇ ਚੇਤੰਨ ਪਾਤਰ ਅਤੇ ਇਸਤਰੀ ਪਾਤਰ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਥੇ ਔਰਤਾਂ ਨਾਲ ਹੁੰਦਾ ਜਿਨਸੀ ਤੇ ਆਰਥਿਕ ਸ਼ੋਸ਼ਣ ਪੇਸ਼ ਕੀਤਾ ਹੈ ਉਥੇ ਇਸ ਸ਼ੋਸ਼ਣ ਤੋਂ ਚੇਤੰਨ ਵੇਖੀਆਂ ਜਾ ਸਕਦੀਆਂ ਹਨ। ਲਾਲ ਸਿੰਘ ਦਾ ਔਰਤਾਂ ਪ੍ਰਤੀ ਦ੍ਰਿਸ਼ਟੀਕੌਣ ਉਸਾਰੂ ਹੈ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਪਾਤਰਾਂ ਦਾ ਚਿਤਰਣ ਵੀ ਮਿਲਦਾ ਹੈ। ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਦੀ ਕਥਾ-ਸਿਰਜਨਾ ਕਰਨ ਲਈ ਵਰਣਾਤਮਕ , ਵਾਰਤਾਲਾਪੀ , ਸੰਕੇਤਕ ਅਤੇ ਘਟਨਾਵੀਂ ਵਿਧੀਆਂ ਦਾ ਇਸਤੇਮਾਲ ਬਾਖੂਬੀ ਕੀਤਾ ਹੈ। ਇਹਨਾ ਵਿਧੀਆਂ ਨਾਲ ਉਸਾਰੇ ਗਏ ਪਾਤਰ ਵਰਗ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਤਰ ਹਨ। ਉਨ੍ਹਾਂ ਦੀ ਵਿਅਕਤੀਗਤ ਹੋਂਦ ਵੀ ਕਾਇਮ ਰਹਿੰਦੀ ਹੈ। ਉਨ੍ਹਾਂ ਦੀ ਮਾਨਸਿਕਤਾ ਵਿੱਚ ਡੂੰਘਾਈ ਵੇਖੀ ਜਾ ਸਕਦੀ ਹੈ। ਪਾਤਰਾਂ ਦਾ ਹਕੀਕੀ ਜੀਵਨ ਪੇਸ਼ ਕੀਤਾ ਗਿਆ ਹੈ। ਜਿਆਦਾਤਰ ਪਾਤਰ ਦੇ ਪਰਿਸਥਿਤੀਆਂ ਦੇ ਸ਼ਿਕਾਰ ਹਨ। ਪਾਤਰ ਪੇਂਡੂ ਪਿਛੋਕੜ ਤੋਂ ਆਏ ਹਨ । ਲਾਲ ਸਿੰਘ ਇਹ ਗੱਲ ਮੰਨ ਕੇ ਚਲਦਾ ਹੈ ਕਿ ਗਲਪੀ ਪਾਤਰ ਸਮਾਜਕ ਵਿਰੋਧਾਂ ਵਿਚੋਂ ਵਿਕਸਿਤ ਹੁੰਦੇ ਹਨ। ਇਸ ਲਈ ਉਸ ਦੇ ਮਹੱਤਵਪੂਰਨ ਪਾਤਰਾਂ ਦੇ ਆਲੇ ਦੁਆਲੇ ਪਾਤਰਾਂ ਦੀ ਇਕ ਵੱਡੀ ਭੀੜ ਵੀ ਵਿਖਾਈ ਦਿੰਦੀ ਹੈ ।ਇਸ ਭੀੜ ਦੇ ਪਾਤਰ ਦੂਰ ਤੱਕ ਆਪਣੀ ਹੋਂਦ ਸਥਾਪਤ ਨਹੀਂ ਕਰ ਸਕਦੇ । ਪਰੰਤੂ ਪ੍ਰਮੁੱਖ ਪਾਤਰਾਂ ਨੂੰ ਸਿਰਜਨਾ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ।ਲਾਲ ਸਿੰਘ ਵਿੱਚ ਇਕ ਚੰਗੇ ਕਹਾਣੀਕਾਰ ਵਾਲੇ ਸਾਰੇ ਗੁਣ ਮੌਜੂਦ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਉਂ ਜਿਉਂ ਬੌਧਿਕਤਾ ਦਾ ਅੰਸ਼ ਵਧਦਾ ਜਾਂਦਾ ਹੈ , ਉਵੇਂ ਹੀ ਉਸ ਦੀਆਂ ਕਹਾਣੀਆਂ ਵਿੱਚ ਜਟਿਲਤਾ ਆਉਂਦੀ ਜਾਂਦੀ ਹੈ । ਲਾਲ ਸਿੰਘ ਮਾਰਕਸਵਾਦ ਤੋਂ ਪ੍ਰਭਾਵਿਤ ਕਹਾਣੀਕਾਰ ਹੈ । ਇਸ ਸਬੰਧੀ ਉਸਦੇ ਆਪਣੇ ਵਿਚਾਰ ਹਨ “ ਮੈਨੂੰ ਤੁਸੀਂ ਉਨ੍ਹਾਂ ਲੇਖਕਾਂ ‘ਚ ਗਿਣਦੇ ਹੋ .......ਜਿਨ੍ਹਾਂ ਨੇ ਮਾਰਕਸਵਾਦ ਦੇ ਪ੍ਰਭਾਵ ਨੂੰ ਆਪਣੀ ਲੇਖਣੀ ਵਿੱਚ ਦੋਸ਼ਪੂਰਨ ਹੱਦ ਤੱਕ ਗ੍ਰਹਿਣ ਕੀਤਾ ਹੈ । ਇਸ ਪ੍ਰਭਾਵ ਨੂੰ ਭਾਵੇਂ ਕਬੂਲਿਆ ਤਾਂ ਅਚੇਤ ਰੂਪ ਵਿਚ ਹੀ , ਪਰ ਹੁਣ ਸੁਚੇਤ ਰਹਿ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ । “ਲਾਲ ਸਿੰਘ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ । ਉਹ ਮੱਧ ਵਰਗ ਤੇ ਨਿਮਨ ਵਰਗ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ । ਆਪਣੀਆਂ ਕਹਾਣੀਆਂ ਵਿਚ ਉਹ ਗਰੀਬਾਂ , ਦੀਆਂ ਸਮੱਸਿਆਵਾਂ ਬਾਰੇ ਸੋਚਦਾ ਹੀ ਨਹੀਂ ਸਗੋਂ ਉਹਨਾਂ ਦਾ ਹੱਲ ਲੱਭਣ ਦਾ ਯਤਨ ਕਰਦਾ ਹੈ । ਉਸ ਦੀ ਕਹਾਣੀ ਕਲਾ ਵਿਚੋਂ ਜੀਵਨ ਲਈ ਉਮੀਦ ਦਾ ਅਭਾਸ ਹੁੰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਦੀਆਂ ਸਮੱਸਿਆਵਾਂ ਨਾਲ ਜੁੜਦੇ ਹੋਏ  ਸਮੱਸਿਆ ਪ੍ਰਧਾਨ ਬਣ ਜਾਂਦੀਆਂ ਹਨ । ਲਾਲ ਸਿੰਘ ਦੀ ਕਹਾਣੀ ਕਲਾ ਦੀ ਪ੍ਰਧਾਨ ਧੁਰਾ ਤਾਂ ਅਮੀਰੀ ਗਰੀਬੀ ਦੇ ਪਾੜੇ ਦੀ ਸਮੱਸਿਆ ਨੂੰ ਚਿਤਰਨ ਵਾਲੀ ਬਣਦੀ ਹੈ । ਇਸ ਪਾੜੇ ਨੂੰ ਉਸਨੇ ਛੋਟੀ ਕਿਸਾਨੀ ਦੀ ਆਰਥਿਕ ਦਸ਼ਾ ਅਤੇ ਗਰੀਬ ਮਜਦੂਰਾਂ ਦੇ ਪੀੜਿਤ ਜੀਵਨ ਦੇ ਪ੍ਰਸੰਗ ‘ਚ ਉਭਾਰਿਆ ਹੈ। ਧਾਰਮਿਕ ਪਾਖੰਡਬਾਜ਼ੀ ਦੇ ਨੰਗੇ ਨਾਚ ਨੂੰ ਪੰਜਾਬ ਸੰਕਟ ਦੇ ਸੰਦਰਭ ਵਿੱਚ ਚਿਤਰਿਆ ਹੈ। ਸਰਕਾਰੀ ਮਹਿਕਮਿਆਂ ਵਿਚਲੇ ਭ੍ਰਿਸ਼ਟਾਚਾਰ ਨੁੰ ਰਾਜਨੀਤਕ ਸੰਦਰਭ ‘ਚ ਪੇਸ਼ ਕੀਤਾ ਹੈ। ਅਗਾਂਹਵਧੂ ਦ੍ਰਿਸ਼ਟੀਕੋਣ ਕੇਂਦਰ ਵਿਚ ਰੱਖ ਕੇ ਉਸ ਸਮੱਸਿਆਵਾਂ ਦਾ ਕਲਾਤਮਕ ਪ੍ਰਗਟਾਵਾ ਕਰਦਾ ਹੈ ਅਤੇ ਇਸ ਵਿਚ ਕਾਫੀ ਹੱਦ ਤੱਕ ਲਾਲ ਸਿੰਘ ਸਫਲ ਰਿਹਾ ਹੈ ।
ਲਾਲ ਸਿੰਘ ਪਾਤਰਾਂ ਨੂੰ ਲੋੜ ਅਨੁਸਾਰ ਥਾਂ ਦੇਣ ਲਈ ਬੜੀ ਹੀ ਸੋਚ ਤੇ ਸਮਝ ਤੋਂ ਕੰਮ ਲੈਦਾਂ ਹੈ। ਕਹਾਣੀਆਂ ਵਿੱਚ ਵਾਧੂ ਪਾਤਰ ਨਹੀਂ ਪੇਸ਼ ਕਰਦਾ। ਕਹਾਣੀਆਂ ਵਿਚ ਯਥਾਰਥ ਦੀ ਪੇਸ਼ਕਾਰੀ ਨੂੰ ਹੀ ਪ੍ਰਮੁੱਖਤਾ ਸਥਾਨ ਪ੍ਰਾਪਤ ਹੈ। ਕਹਾਣੀਆਂ ਦਾ ਪਲਾਟ ਲਾਲ ਸਿੰਘ ਯਥਾਰਥਮਈ ਬਣਾਉਦਾ ਹੈ। ਯਥਾਰਥ ਦੀ ਪੇਸ਼ਕਾਰੀ ਰਾਹੀਂ ਲਾਲ ਸਿੰਘ ਦੀ ਕਹਾਣੀ ‘ਚ ਰੌਚਕਤਾ ਕਮਾਲ ਦੀ ਹੁੰਦੀ ਹੈ । ਲਾਲ ਸਿੰਘ ਦੇ ਪਲਾਟ ਸੰਗਠਨ ਵਿਚੋਂ ਰਵਾਇਤੀ ਹੁਨਰੀ ਕਹਾਣੀ ਦੇ ਪਲਾਟ ਨੂੰ ਲੱਭਣਾ ਬਤਾ ਔਖਾ ਹੈ। ਕਿਉਂਕਿ ਕਹਾਣੀਕਾਰ ਦੀਆਂ ਕਹਾਣੀਆਂ ਦੇ ਇਕਹਿਰੇ ਪਲਾਟ ਨਹੀਂ ਹਨ ਕਿਉਂਕੀ ਅਸਲ ਵਿੱਚ ਆਧੁਨਿਕ ਜੀਵਨ ਦੇ ਯਥਾਰਥ ਨੂੰ ਇਕਹਿਰੇ ਪਲਾਂਟ ਰਾਹੀਂ ਦਰਸਾਉਣਾ ਅਸੰਭਵ ਹੈ। ਇਸ ਲਈ  ਲਾਲ ਸਿੰਘ ਦੀਆਂ ਕਹਾਣੀਆਂ ਜਟਿਲ ਹੁੰਦੀਆਂ ਹਨ।  ਲਾਲ ਸਿੰਘ ਦੀਆਂ ਕਹਾਣੀਆਂ ਦੇ ਆਰੰਭ ਵਿੱਚ ਹੀ ਵਿਲੱਖਣਤਾ ਵੇਖਣ ਨੂੰ ਮਿਲਦੀ ਹੈ। ਉਹ ਕਈ ਵਾਰ ਕਹਾਣੀ ਦੀ ਸ਼ੁਰੂਆਤ ਕਹਾਣੀ ਦੇ ਪ੍ਰਤੀਕ ਵਾਕ ਨੂੰ ਦੁਹਰਾ ਕੇ ਹੀ ਕਰਦਾ ਹੈ। ਇਹ ਪਹਿਲਾਂ ਵਾਕ ਜਿਥੇ ਕਹਾਣੀ ਦੀ ਰੌਚਕਤਾ ਪੈਦਾ ਕਰਦਾ ਹੈ , ਉਥੇ ਮੂਲ ਵਿਸ਼ੇ ਵੱਲ ਵੀ ਸੰਕੇਤ ਕਰਦਾ ਹੈ ।
ਲਾਲ ਸਿੰਘ ਦੀਆਂ ਕਹਾਣੀਆਂ ਮੋਟੇ ਤੌਰ ਤੇ ਪਾਤਰ ਪ੍ਰਧਾਨ , ਪ੍ਰ਼ਤੀਕਾਤਮਕ ਤੇ ਚਿਨ੍ਹਾਂਤਕਮ , ਇਕ ਬਚਨੀ , ਵਰਣਾਤਮਕ , ਘਟਨਾ ਪ੍ਰਧਾਨ ਅਤੇ ਪਿਛਲ ਝਾਤ ਪਵਾਊ ਕਹਾਣੀਆਂ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਸਿਖਰ ਅੰਤ ਦੇ ਕਾਫੀ ਨਜ਼ਦੀਕ ਹੁੰਦਾ ਹੈ  । ਇਸਦੀਆਂ ਕਹਾਣੀਆਂ ਵਿਚ ਕਾਫੀ ਰੌਚਕਤਾ ਹੈ । ਪਾਠਕ ਵਿੱਚ ਅੱਗੇ ਕੀ ਹੋਇਆ ਜਾਨਣ ਦੀ ਉਤਸੁਕਤਾ ਪੈਦਾ ਬੜੀ ਤੀਬਰ ਹੁੰਦੀ ਹੈ ।  ਲਾਲ ਸਿੰਘ ਦੀਆਂ ਕਹਾਣੀਆਂ  ਵਿਚ ਰਵਾਨੀ ਹੋਣ ਕਾਰਨ ਪਾਠਕ ਕਹਾਣੀ ਦੇ ਸਿਖਰ ਵੱਲ ਜਾ ਕੇ ਕਹਾਣੀ ਦੇ ਅੰਤ ਪਿੱਛੋਂ ਅੰਤ ਮਗਰੋਂ ਹੱਕਾ ਬੱਕਾ ਰਹਿ ਜਾਂਦਾ ਹੈ। ਦੁਆਬੇ ਇਲਾਕੇ ਵਿਚ ਰਹਿਣ ਕਾਰਨ ਲਾਲ ਸਿੰਘ ਦੀ ਗਲਪ ਭਾਸ਼ਾ ਉੱਤੇ ਦੁਆਬੀ ਰੰਗ ਦਾ ਹੋਣਾ ਸੁਭਾਵਕ ਗੱਲ ਹੈ। ਉਹ ਆਪਣੀ ਦੁਆਬੀ ਉਪਬੋਲੀ ਦੀ ਵਰਤੋਂ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ। ਲਾਲ ਸਿੰਘ ਕਹਾਣੀਆਂ ਵਿੱਚ ਵਿਅੰਗ ਵਿਧੀ ਦੀ ਵਰਤੋਂ ਕਰਦਾ ਹੈ। ਵਿਅੰਗ ਰਾਹੀਂ ਉਸਨੇ ਸਮਾਜਕ ਬੁਰਾਈਆਂ ਦੇ ਮਨੁੱਖੀ ਕਮਜ਼ੋਰੀ ਨੂੰ ਨਿਸ਼ਾਨਾ ਬਣਾਇਆ ਹੈ। ਲਾਲ ਸਿੰਘ ਦੀਆਂ ਕਹਾਣੀਆਂ ਦੇ ਵਾਰਤਾਲਾਪ ਕਾਫੀ ਰੌਚਕ ਹਨ। ਉਸਨੇ ਪੰਜਾਬੀ, ਹਿੰਦੀ, ਹਰਿਆਣਵੀ, ਭੋਜਪੁਰੀ, ਪਹਾੜੀ, ਉਰਦੂ ਤੇ ਅੰਗਰੇਜ਼ੀ ਵਿੱਚ ਵਾਰਤਾਲਾਪ ਰਚੇ ਹਨ। ਲਾਲ ਸਿੰਘ ਨੇ ਆਪਣੀਆਂ ਕਈ ਕਹਾਣੀਆਂ ਵਿਚ ਸਮਾਸੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਲਾਲ ਸਿੰਘ ਦੀ ਬੋਲੀ ਚਾਹੇ ਕੋਈ ਵੀ ਹੋਵੇ ,ਪੰਤੂ ਉਸਨੇ ਪ੍ਰਭਾਵਸ਼ਾਲੀ ਵਾਕਾਂ ਦੀ ਸਿਰਜਨਾ ਕੀਤੀ ਹੈ। ਜਿਨ੍ਹਾਂ ਤੋਂ ਉਸ ਦੇ ਡੂੰਘੇ ਗਿਆਨ ਦਾ ਅਭਾਸ ਹੁੰਦਾ ਹੈ। ਲਾਲ ਸਿੰਘ  ਸਮਾਜ ਯਥਾਰਥ ਦੀ ਪੇਸ਼ਕਾਰੀ ਲਈ ਨਿਸੰਗ ਹੋ ਕੇ ਗਾਲ੍ਹਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦਾ।
ਲਾਲ ਸਿੰਘ ਦੀ ਕਹਾਣੀ ਦਾ ਅਕਾਰ, ਰੂਪ ਅਤੇ ਬਣਤਰ ਇਸਨੂੰ ਨਾਵਲ ਵਾਂਗ ਖਿਲਾਰਨ ਦੀ ਆਗਿਆ ਹੀ ਦਿੰਦੀ ਹੈ । ਸਥਾਨਕ ਰੰਗਣ ਨਾਲ ਕਹਾਣੀ ਵਿਚ ਯਥਾਰਥਤਾ ਆ ਜਾਂਦੀ ਹੈ । ਕਦੇ ਕਦੇ ਪਾਤਰਾਂ ਦੀ ਮਨੋਦਸ਼ਾ ਦਾ ਵਿਸ਼ਲੇਸ਼ਣ ਕਰਨ ਲਈ ਅਤੇ ਕਦੇ ਕਦੇ ਉਤੇਜਿਤ ਮਨੁੱਖੀ ਹਾਵਾਂ-ਭਾਵਾਂ ਤੇ ਜ਼ਜ਼ਬਿਆਂ ਨੂੰ ਪ੍ਰਗਟ ਕਰਨ ਲਈ ਵੀ ਸਥਾਨਕ ਸਭਿਆਚਾਰ ਦਾ ਪ੍ਰਯੋਗ ਵੀ ਕਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਦੁਆਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਝਲਕੀਆਂ ਦਿਖਾਈ ਦਿੰਦੀਆਂ ਹਨ। ਪੇਂਡੂ ਜੀਵਨ ਚਿੱਤਰਨ ਕਰਨ ਸਮੇਂ ਉਸਨੇ ਘਰਾਂ, ਫਸਲਾਂ, ਡੰਗਰਾਂ, ਖੇਤੀ ਦੇ ਨਵੇਂ ਤਜਰਬਿਆਂ ਆਦਿ ਦਾ ਜ਼ਿਕਰ ਕੀਤਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ, ਸਿਰਲੇਖ ਅਤਿਅੰਤ ਸਫਲ ਰਹੇ ਹਨ। ਪੰਜਾਬੀ ਕਹਾਣੀ ਦੇ ਖੇਤਰ ਵਿਚ ਉਸਨੇ ਨਿਵੇਕਲਾ ਸਥਾਨ ਬਣਾ ਕੇ ਪੰਜਾਬੀ ਪਾਠਕਾਂ ਵਿੱਚ  ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਲਾਲ ਸਿੰਘ ਨੇ ਸਭ ਤੋਂ ਜ਼ਿਆਦਾ ਕਿਸੇ  ਕਹਾਣੀਕਾਰ ਦਾ ਪ੍ਰਭਾਵ ਕਬੂਲਿਆ ਲਗਦਾ ਹੈ ਤਾਂ ਉਹ ਸੁਜਾਨ ਸਿੰਘ ਹੈ ਕਿਉਂਕੀ ਸੁਜਾਨ ਸਿੰਘ ਪ੍ਰਗਤੀਵਾਦੀ ਕਹਾਣੀਕਾਰ ਸੀ  ਤੇ ਜਿਸ ਨੇ  ਨਿਮਨ ਵਰਗ ਦੀ ਪੀੜ ਨੂੰ ਪੂਰੀ ਤਰ੍ਹਾਂ ਮਹਿਸੂਸਿਆ ਤੇ ਆਪਣੀ ਕਥਾ ਵਿੱਚ ਜੁਬਾਨ ਵੀ ਦਿੱਤੀ। ਜਿਵੇਂ ਸੁਜਾਨ ਸਿੰਘ ਲਿਖਦਾ ਸੀ ਉਸੇ ਰੰਗ ‘ਚ ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਲਿਖੀਆਂ ਹਨ। ਸੁਜਾਨ ਸਿੰਘ ਤੇ ਲਾਲ ਸਿੰਘ ਵਿੱਚ ਸਾਂਝ ਉਹਨਾਂ ਦੇ ਨਿੱਜੀ ਜੀਵਨ ਤੋਂ ਪਤਾ ਲੱਗਦੀ ਹੈ। ਦੋਹਾਂ ਦਾ ਜੀਵਨ ਸੰਘਰਸ਼ਸ਼ੀਲ ਰਿਹਾ ਹੈ । ਦੋਹਾਂ ਨੇ ਆਰਥਿਕ ਔਕੜਾਂ ਨੂੰ ਭੋਗਿਆ ਹੈ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਸੰਤ ਸਿੰਘ ਸੋਖੋਂ ਵਾਲਾ ਬੌਧਿਕ ਅੰਸ਼ ਵੀ ਭਾਰੂ ਨਹੀਂ ਹੈ । ਉਸ ਦੇ ਪਾਤਰ ਯਥਾਰਥਕ ਹਨ । ਕਹਾਣੀ ਵਿਚ ਉਵੇਂ ਹੀ ਪੇਸ਼ ਹੁੰਦੇ ਹਨ , ਜਿਵੇਂ ਪਰਿਸਥਿਤੀਆਂ ਉਹਨਾਂ ਨੂੰ ਚਾਹੁੰਦੀਆਂ ਹਨ । ਲਾਲ ਸਿੰਘ ਦੇ ਪਾਤਰ ਉਸਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਦੇ। ਲਾਲ ਸਿੰਘ ਦੇ ਕਥਾਈ ਪਾਤਰ ਭਾਵੇਂ ਹੇਠਲੀ ਜਮਾਤ ਵਿੱਚੋਂ ਹੋਣ ,ਕਿਰਸਾਨੀ ਵਿਚੋਂ ਹੋਣ ਜਾਂ ਫੇਰ ਮੱਧ ਵਰਗ ਵਿਚੋਂ , ਸਾਰੇ ਦੇ ਸਾਰੇ ਆਪਣੀ ਵਰਗਗਤ ਮਾਨਸਿਕਤਾ ਅਨੁਕੂਲ ਵਿਚਰਦੇ ਹਨ। ਔਰਤ ਦੇ ਜਿਨਸੀ ਸੰਬੰਧਾਂ ਦੀ ਪੇਸ਼ਕਾਰੀ ਸਮੇਂ ਕਰਤਾਰ ਸਿੰਘ ਦੁੱਗਲ ਨਾਲੋਂ ਲਾਲ ਸਿੰਘ ਇੱਕ ਵੱਖਰੀ ਭਾਂਤ ਦਾ ਕਹਾਣੀਕਾਰ ਨਜ਼ਰ ਆਉਂਦਾ ਹੈ । ਲਾਲ ਸਿੰਘ ਨੇ ਪੇਂਡੂ ਸਮਾਜ ਦਾ ਸੰਘਣਾ ਵਾਤਾਵਰਨ ਚਿਤਰਿਆ ਹੈ। ਪਾਤਰਾਂ ਦੀ ਬੋਲੀ ਦੁਆਬੀ ਵਾਤਾਵਰਣ ਨੂੰ ਹੋਰ ਗੂੜ੍ਹਾ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ। ਇਸੇ ਲਈ ਲਾਲ ਸਿੰਘ ਦੀ ਕਹਾਣੀ ਨਿੱਕੀ ਨਾ ਹੋ ਕੇ ਲੰਬੀ ਕਹਾਣੀ ਦਾ ਰੂਪ ਧਾਰ ਜਾਂਦੀ ਹੈ। ਲਾਲ ਸਿੰਘ ਕਹਾਣੀ ਲਿਖਣ ਸਮੇਂ ਕਦੀ ਪਿਛਲੇ ਸਮੇਂ ਦੇ ਕਿਸੇ ਛਿਣ ਦੀ ਗੱਲ ਕਰਨ ਲਗ ਪੈਂਦਾ ਹੈ, ਕਦੇ ਵਰਤਮਾਨ ਸਮੇਂ ਦੇ ਕਿਸੇ ਪਲ ਨੂੰ ਬਿਆਨ ਕਰਦਾ ਹੈ। ਲਾਲ ਸਿੰਘ ਇੱਕ ਵਧੀਆ ਕਹਾਣੀਕਾਰ ਹੈ । ਉਸ ਨੇ ਆਪਣੇ ਚੌਗਿਰਦੇ ਵਿਚ ਜਿਹੜੀਆਂ ਘਟਨਾਵਾਂ ਨੂੰ ਵੇਖਿਆ ਹੈ , ਨੂੰ ਆਪਣੀਆਂ ਕਹਾਣੀਆਂ ਵਿਚ ਗਲਪ ਦੀ ਪੱਧਰ ‘ਤੇ ਰਹਿ ਕੇ ਕਲਮਬੰਦ ਕਰ ਦਿੱਤਾ। ਸਮਾਜਕ ਰਿਸ਼ਤਿਆਂ ਦਾ ਚਿਤਰਨ ਹੈ। ਰਾਜਨੀਤਕ ਦੇ ਧਾਰਮਿਕ ਪੈਂਤੜਿਆਂ ਨੂੰ ਆਪਣੀ ਕਥਾ ਸਮੱਗਰੀ ਦਾ ਹਿੱਸਾ ਬਣਾਇਆ ਹੈ। ਲਾਲ ਸਿੰਘ ਕਿਰਤੀ ਵਰਗ ‘ਚੋਂ ਆਇਆ ਹੋਣ ਕਰਕੇ ਉਸ ਨੂੰ ਕਿਰਤੀ ਜਮਾਤ ਦੀ ਆਰਥਿਕ ਦਸ਼ਾ ਤੇ ਉਤਪੀੜਤ ਸਥਿਤੀ ਦਾ ਅਹਿਸਾਸ ਹੈ । ਉਹ ਬਰਾਬਰੀ ਦੇ ਸਮਾਜ ਦੀ ਤੜਪ ਰੱਖਣ ਵਾਲਾ ਸੱਚਾ ਤੇ ਸੁਹਿਰਦ ਲੇਖਕ ਹੈ । ਭਾਵ ਲਾਲ ਸਿੰਘ ਇੱਕ ਯਥਾਰਥਵਾਦੀ ਕਹਾਣੀਕਾਰ ਹੈ। ਲਾਲ ਸਿੰਘ ਲੋਕ ਹਿਤੂ ,ਮਨੁੱਖ ਹਿਤੈਸ਼ੀ ਅਗਾਂਹਵਧੂ ਸੋਚ ਵਾਲਾ ਲੇਖਕ ਹੈ। ਲਾਲ ਸਿੰਘ ਨਿਮਨ ਸ਼੍ਰੇਣੀ ਦਾ ਗਲਪਕਾਰ ਹੈ। ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਤੋਂ ਅਸਮਰੱਥ ਜਾਪਦਾ ਦਲਿਤ ਵਰਗ ਇਸਦੀਆਂ ਕਹਾਣੀਆਂ ਵਿੱਚ ਕਾਰਜਸ਼ੀਲ ਹੈ। ਲਾਲ ਸਿੰਘ ਦੀਆਂ ਕਹਾਣੀਆਂ ਜੀਵਨ ਦੇ ਵੱਖ ਵੱਖ ਪੱਖਾਂ ਦੀਆਂ ਸਮੱਸਿਆਵਾਂ ਦਾ ਫੋਕਸੀਕਰਨ ਹੈ।  ਇਸ ਦੀਆਂ ਕਹਾਣੀਆਂ ਸਮਾਜਕ ਸਰੋਕਾਰਾਂ ਦੇ ਦਾਇਰੇ ਵਿਚ ਉਥੋਂ ਦੀਆਂ ਸਮੱਸਿਆਵਾਂ ,ਕਮਜ਼ੋਰੀਆਂ ਨੂੰ ਬਿਆਨ ਕਰਦੀਆਂ ਹਨ।

Monday, February 24, 2014

ਸਵੈ ਕਥਨ: ਮੇਰੇ ਅੰਦਰਲੇ ਕਹਾਣੀਕਾਰ ਦਾ ਜਨਮ

 Sun, Feb 23, 2014 at 11:00 PM
ਕਲਮ ਦੇ ਇੱਕ ਬਹਾਦਰ ਸਿਪਾਹੀ ਦੀ ਇੱਕ ਸੱਚੀ ਕਹਾਣੀ 
ਮੈਨੂੰ 1980 ਤੱਕ ਬਿਲਕੁਲ ਨਹੀਂ ਸੀ ਪਤਾ ਕਿ ਕਹਾਣੀ ਕਿਸ ਬਲਾ ਦਾ ਨਾਮ ਹੈ । ਇਸ ਤੋਂ ਪਹਿਲਾਂ ਮੈਂ ਕਵਿਤਾ ਨੂੰ ਕਿਧਰੇ-ਕਿਧਰੇ ਮੂੰਹ ਜ਼ਰੂਰ ਮਾਰ ਲਿਆ ਕਰਦਾ ਸੀ । ਉਹ ਕਵਿਤਾ ਹੁੰਦੀ ਵੀ ਨਹੀਂ ਸੀ। ਇਹ ਇਕ ਤਰ੍ਹਾਂ ਨਾਲ ਐਵੇਂ ਸਭਾ ਦੀ ਇੱਕਤਰਤਾ ਵਿਚ ਹਾਜ਼ਰ ਹੋ ਕੇ ਆਪਣਾ ਨਾਂ ਦਰਜ ਕਰਵਾਉਣ ਦਾ ਉਪਰਾਲਾ ਜਿਹਾ ਹੁੰਦਾ ਸੀ । ਇਹ ਲਿਖਤ-ਲਿਖਾਈ, ਮੇਰੇ ਆਸ-ਪਾਸ ਵਿਚਰਦੇ ਸਾਹਿਤਕਾਰਾਂ ਨੂੰ ਜੋੜ-ਗੰਢ ਕੇ ਇਕ ਸਭਾ-ਸਸਾਇਟੀ ਵਿਚ ਪਰੋ ਕੇ ਉਹਨਾਂ ਦੀਆਂ ਖਿਲਤਾਂ-ਕਿਰਤਾਂ ਸੁਣਨ ‘ ਤੇ ਵੀ ਭਾਰੂ ਨਹੀਂ ਸੀ ਹੁੰਦੀ। ਮੇਰੀ ਸੰਤੁਸ਼ਟੀ ਸਿਰਫ਼ ਏਨੇ ਨਾਲ ਹੀ ਹੋ ਜਾਂਦੀ ਸੀ ਕਿ ਮੈਂ ਇਕੱਲੇ ਬੈਠ ਮਗਜ਼-ਪੱਚੀ ਕਰਦੇ ਲਿਖਣ-ਪੂੰਝਣ ਵਾਲਿਆਂ ਦਾ ਸਕੱਤਰ ਹੁੰਦਾ ਸੀ। 1975 ਤੋਂ ਲੱਗੀ ਐਮਰਜੈਂਸੀ 1977 ਦੇ ਖਾਤਮੇ ਉਪਰੰਤ ਮੈਂ ਆਪਣੇ ਪੁਰਾਣੇ ਹੀਰੋ ਸਾਇਕਲ ਦੀ ਸਹਾਇਤਾ ਨਾਲ ਮੁਕੇਰੀਆਂ (ਹੁਸ਼ਿਆਰਪੁਰ) ਇਲਾਕੇ ਦੇ ਸਾਹਿਤਕ ਰੁਚੀਆਂ ਰੱਖਣ ਵਾਲੇ ਸੱਠ  ਦੇ ਕਰੀਬ ਮੈਂਬਰ ਸੂਚੀ ਬੱਧ ਕਰ ਲਏ । 20 ਜੂਨ 1977 ਨੂੰ ਇਹਨਾਂ ਵਿਚੋਂ 38 ਜਣੇ ਖਾਲਸਾ ਸਕੂਲ ਮੁਕੇਰੀਆਂ ਵਿਖੇ ਹੋਈ ਪਹਿਲੀ ਇਕੱਤਰਤਾ ਵਿਚ ਹਾਜ਼ਰ ਸਨ। ਸਭਾਵਾਂ ਦੇ ਅਜਿਹੇ ਗਠਨ ਦਾ ਸਿਲਸਿਲਾ ਅਗਾਂਹ ਚਲਦਾ ਰਿਹਾ। ਪਹਿਲਾਂ ਗੁਰਮੀਤ ਹੇਅਰ , ਸੁਦਰਸ਼ਨ ਨੱਤ ਦੀ ਸਹਾਇਤਾ ਨਾਲ ਤਲਵਾੜੇ , ਫਿਰ ਪੰਮੀ ਦਿਵੇਦੀ ਤੇ ਮਦਨ ਵੀਰਾ ਦੀ ਅਗਵਾਈ ਟਾਂਡੇ , ਜੈ ਦੇਵ ਦਿਲਵਰ ਦੀ ਨੁਮਾਇੰਦਗੀ ਨਾਲ ਬੁਲ੍ਹੋਵਾਲ ਤੇ ਮੇਰੇ ਆਪਣੇ ਯਤਨਾਂ ਨਾਲ 1980  ਦੀ ਜੁਲਾਈ ਨੂੰ ਦਸੂਹਾ ਸਾਹਿਤ ਸਭਾਵਾਂ ਦਾ ਗਠਨ ਹੋਇਆ, ਮੁਕੇਰੀਆਂ ਸਭਾ ਦੇ ਨਾਲ ਨਾਲ ਮੈਨੂੰ ਦਸੂਹਾ ਸਾਹਿਤ ਸਭਾ ਦੀ ਸਕੱਤਰੀ ਵੀ ਕਈ ਵਰ੍ਹੇ ਕਰਨੀ ਪਈ ।
ਮੇਰੀ ਮੁੱਢਲੀ ਸਭਾ ਹਰ ਵਰ੍ਹੇ ਸਾਲਾਨਾ ਸਮਾਗਮ ਸਮੇਂ ਕਿਸੇ ਨਾਮਵਰ ਵਿਦਵਾਨ ਤੋਂ ਪਰਚਾ ਲਿਖਵਾ ਕੇ ਗੋਸ਼ਟੀ ਕਰਦੀ ਸੀ । ਦੂਜਾ ਪਰਚਾ ਸਭਾ ਦੇ ਕਿਸੇ ਮੈਂਬਰ ਦਾ ਹੁੰਦਾ ਸੀ। ਤਿੰਨ ਕੁ ਸਾਲ ਸਭਾ ਦਾ ਆਲੋਚਨਾ ਰੁਚੀਆਂ ਵਾਲਾ ਮੈਂਬਰ ਬਲਬੀਰ ਮੁਕੇਰੀਆਂ ਪਰਚੇ ਲਿਖਦਾ ਰਿਹਾ । ਅਗਲੇ ਵਰ੍ਹੇ ਮੈਨੂੰ ਸਮਕਾਲ ਕਹਾਣੀ ‘ ਤੇ ਪਰਚਾ ਲਿਖਣ ਲਈ ਆਖ ਦਿੱਤਾ। ਮੈਨੂੰ ਪੰਗਾ ਪੈ ਗਿਆ । ਮੈਂ ਉਦੋਂ ਤੱਕ ‘ ਕਵਿਤਾ‘, ‘ਪ੍ਰੀਤਲੜੀ ‘, ‘ਸੇਧ ‘, ‘ਸਰਦਲ‘, ‘ਸਮਤਾ‘, ‘ਸਿਰਜਨਾ‘, ‘ਪੰਜਾਬੀ ਦੁਨੀਆਂ ‘, ‘ਹੇਮ ਜਯੋਤੀ ‘, ‘ਸਿਆੜ ‘ ਆਦਿ ਪੰਜਾਬੀ ਪਰਚਿਆਂ ਅੰਦਰ ਛਪੀ ਕਵਿਤਾ ਦਾ ਹੀ ਪਾਠਕ ਰਿਹਾਂ ਸਾਂ । ਉੱਜ ਇਹ ਸਾਰੇ ਪਰਚੇ ਵਰ੍ਹਿਆਂ ਤੋਂ ਮੇਰੇ ਪਾਸ ਸਾਂਭੇ ਪਏ ਸਨ । ਮੈਂ ਇਕ ਵਢਿਓਂ ਉਹਨਾਂ ਸਾਰਿਆਂ ਅੰਦਰ ਛਪੀਆਂ ਕਹਾਣੀਆਂ ਦਾ ‘ਆਖੰਡ ਪਾਠ ‘ ਕਰ ਮਾਰਿਆ । ਬੱਸ ਬਾਈ ਜੀ ਉਸ ‘ ਆਖੰਡ ਪਾਠ ‘ ਨੇ ਮੇਰੇ ਅੰਦਰ ਕਿਧਰੇ ‘ਕਹਾਣੀ ਦਾ ਬੀਜ‘ ਸੁੱਟ ਦਿੱਤਾ। ਗੋਸ਼ਟੀ ਦਾ ਆਟਾ-ਦਲੀਆ ਕਰਕੇ ਮੈਥੋਂ ਵੀ ਥੋੜੇ ਕੁ ਦਿਨੀਂ ਇਕ ਮਿੰਨੀ ਕਹਾਣੀ ਲਿਖ ਹੋ ਗਈ, ‘ਈਡੀਇੱਟ।‘ ਇਹ ਸੰਨ 80, 81 ਦੇ ਏੜ- ਗੇੜ ਦੀ ਗੱਲ ਐ । ਫਿਰ ਅਜਿਹੀਆਂ ਕਈ ਹੋਰ ਵੀ ਲਿਖੀਆਂ । ਇਹ ਮਿੰਨੀ ਕਹਾਣੀਆਂ ਪਹਿਲੀ ਪੁਸਤਕ ‘ਮਾਰਖੋਰੇ‘ ਦੇ ਅੰਤਲੇ ਪੰਨਿਆਂ ‘ ਤੇ ਦਰਜ ਹਨ। ਇਸੇ ਬੀਜ ਨੇ ਅੱਗੇ ਚੱਲ ਕੇ ਚੰਗਾ ਖਿਲਾਰ ਪਾਇਆ। ਪਹਿਲਾਂ 1984 ਵਿਚ ‘ ਮਾਰਖੋਰੋ ‘ ਦੀਆਂ 12 ਟਾਹਣੀਆਂ ਉੱਕਰੀਆਂ,ਫਿਰ ਨਾਲ ਲਗਦੇ ਹੀ 1996 ਵਿਚ ‘ ਬਲੌਰ ‘ ਪੁਸਤਕ ਦੀਆਂ ਅੱਠ ਕੁ ਕਹਾਣੀਆਂ । ਪਹਿਲੀ ਪੁਸਤਕ ‘ ਮਾਰਖੋਰੇ ‘ ਨੇ ਕਾਫੀ ਸਾਰੀ ਪਛਾਣ ਵੀ ਬਣਾ ਦਿੱਤੀ । ਡਾ ਮੋਹਨਜੀਤ ਨੇ ਉਸੇ ਵਰ੍ਹੇ ਦੀਆਂ ਪੰਜ ਸਰਾਹਣਯੋਗ ਪੁਸਤਕਾਂ ਜਿਹਨਾਂ ਵਿਚ ਮਹਾਂਸ਼ਵੇਤਾ ਦੇਵੀ ਦੀਆਂ ਕਹਾਣੀਆਂ ਦੀ ਪੁਸਤਕ ਵੀ ਸ਼ਾਮਿਲ ਸੀ, ‘ ਮਾਰਖੋਰੋ ‘ ਵੀ ਨਾਲ ਹੀ ਜੋੜੀ ਸੀ । ਉਪਰੋਤਕ ਦੋਨਾਂ ਪੁਸਤਕਾਂ ਅਤੇ ਤੀਜੀ ਪੁਸਤਕ ‘ਕਾਲੀ ਮਿੱਟੀ ‘ ਨੇ ਪਹਿਲੋਂ ਬਣੀ ਪਛਾਣ ਮਸਾਂ ਹੀ ਸੰਭਾਲੀ । ਪਰ ‘ ਧੁੱਪ-ਛਾਂ ‘ ਦੀ ਆਮਦ ਨਾਲ ਮੈਨੂੰ ਲੱਗਾ ਕਿ ਚਾਰ ਕੁ ਕਦਮ ਹੋਰ ਅਗਾਂਹ  ਤੁਰਿਆ ਹਾਂ। ਫਿਰ ‘ ਅੱਧੇ ਅਧੂਰੇ ‘ ਦੀਆਂ ਕਹਾਣੀਆਂ ਨੇ ਸਚਮੁੱਚ ਹੀ ਮੈਨੂੰ ‘ ਸਰਦੇ ਪੁੱਜਦੇ ‘ ਕਹਾਣੀ ਲੇਖਕਾਂ ਵਿਚ ਸ਼ਾਮਿਲ ਕਰ ਲਿਆ। ਇਸ ਪੁਸਤਕ ਦੀ ਪਹਿਲੀ ਕਹਾਣੀ ‘ਸੌਰੀ ਜਗਨ ‘ਹਿੰਦੀ ‘ਚ ਅਨੁਵਾਦ ਹੋ ਕੇ ‘ਵਰਤਮਾਨ ਸਾਹਿਤਯ ‘ ਵਿਚ ਛਪੀ । ‘ ਅੱਧੇ ਅਧੂਰੇ ‘ ਕਹਾਣੀ ਨੂੰ ਕਈ ਸਾਰੇ ਗਾਹਕ ਟੱਕਰੇ , ਚੋਣਵੇਂ ਸੰਗ੍ਰਿਹਾਂ ਵਿਚ ਸ਼ਾਮਿਲ ਕਰਨ ਲਈ । ਮੈਡਮ ਜਸਵਿੰਦਰ ਬਿੰਦਰਾ ਨੇ ਆਪਣੀ ਮੂਲ ਹਿੰਦੀ ਪੁਸਤਕ ‘ਬੀਸਵੀਂ ਸਦੀ ਕੀ ਸ੍ਰੇਸ਼ਟ ਪੰਜਾਬੀ ਕਹਾਣੀ ‘ ਵਿਚ ਸ਼ਾਮਿਲ ਕਰਕੇ ਇਸ ਨੂੰ ਹੋਰ ਗੌਲਣ-ਯੋਗ ਬਣਾ ਦਿੱਤਾ । ਇਸ ਪੁਸਤਕ ਦੀ ਕਹਾਣੀ ‘ ਪੌੜੀ ‘ ਨੂੰ ਘਨੀਸ਼ਾਮ ਦਾਸ ਰੰਜਨ ਵਲੋਂ ‘ ਲਖਨਊ ਹਿੰਦੀ ਸਾਹਿਤਯ ਪ੍ਰੀਸ਼ਦ ਲਈ ਛਾਪੀ ਪੁਸਤਕ ਵਿਚ ਸ਼ਾਮਿਲ ਕੀਤਾ । ‘ ਐਨਕ ‘ ਕਹਾਣੀ ਇਲਿਆਸ ਘੁੰਮਣ ‘ ਨੇ ਸ਼ਾਹਮੁੱਖੀ ਪਰਚੇ ‘ ਵਰ੍ਹੇ ਵਾਰ ਸਾਹਿਤ ‘ ਵਿਚ ਛਾਪੀ । ਇਹਨਾਂ ਪੰਜਾਂ ਕਹਾਣੀ – ਪੁਸਤਕਾਂ ਦਾ ਵੇਰਵਾ ਦੱਸਣ ਦਾ ਮੇਰਾ ਇਹ ਅਰਥ ਬਿਲਕੁਲ ਨਹੀਂ ਕਿ ਮੈਂ ਬਹੁਤ ਵੱਡਾ, ਹਿਮਾਲੀਆ ਪਰਬਤ ਤੋਂ ਵੀ ਕਈ ਯੋਜਕ ਉੱਚਾ ‘ ਘਾਣੀਕਾਰ ‘ ਬਣ ਗਿਆਂ, ਪਰ ਏਨਾ ਜਰੂਰ ਹੋਇਆਂ ਕਿ ਮੇਰਾ ਆਪਦੇ ਸਿਰ-ਖੁਦ ਹੋ ਕੇ ਕਹਾਣੀ – ਪਟ ‘ ਤੇ ਪ੍ਰਵੇਸ਼ ਕਰਨਾ ਚੁੱਭਿਆ ਜ਼ਰੂਰ ਮੱਠਧਾਰੀਆਂ ਨੂੰ, ਖਾਸ ਕਰਕੇ ਮੱਠ-ਧਾਰੀਆਂ ਦੇ ਜੁੱਲੀਕਾਰ ਆਲੋਚਕਾਂ ਨੂੰ । ਇਹ ਮੈਂ ਇਸ ਤੱਥ ਨੂੰ ਆਧਾਰ ਬਣਾ ਕੇ ਕਹਿ ਰਿਹਾਂ ਕਿ ਉਹਨਾਂ ਦੀ  ‘ਅਦਬੀ ਸੰਗਤ‘ ਨੇ ਮੇਰੀ ਕਹਾਣੀ ਲਿਖਤ ਨੂੰ ਨਾ ਕਦੀ ਸਿੱਧੇ ਮੂੰਹ ਪਹਿਲਾਂ ਕਬੂਲਿਆਂ, ਨਾ ਹੁਣ ਹੀ, ਇਹ ਉਹਨਾਂ ਦੇ ਨੱਥ ਹੇਠ ਆਉਂਦੀ ਹੈ। ਇਹਨਾਂ ਕਹਾਣੀਆਂ ਨੂੰ, ਜਿਨ੍ਹਾਂ ਦੀਆਂ ਇਹ ਹਨ, ਜਿਨ੍ਹਾਂ ਦੀ ਰੂਹ-ਜਾਨ ਇਹਨਾਂ ਦੀ ਤੰਦ-ਤੰਤਰ ਦਾ ਹਿੱਸਾ ਹੈ, ਉਹਨਾਂ ਪਾਤਰਾਂ ਉਹਨਾਂ ਪਾਠਕਾਂ ਨੇ ਇਹਨਾਂ ਨੂੰ ਕਬੂਲਿਆਂ ਹੀ ਨਹੀਂ ਸਗੋਂ ‘ ਨਵਾਂ ਜ਼ਮਾਨਾ ‘ ਜਾਂ ‘ ਕਹਾਣੀ-ਧਾਰਾ ‘ ਵਲੋਂ ਕਰਵਾਏ ਵਰ੍ਹੇ –ਵਾਰ ਸਰਵੇਖਣਾਂ ਲਈ ਚੁਣੇ ਜਾਣ ਲਈ ਆਪਣੇ ਵੋਟ-ਹੁੰਗਾਰੇ ਦਾ ਭਰਪੂਰ ਇਸਤੇਮਾਲ ਵੀ ਕੀਤਾ ਹੈ। ‘ ਗੜ੍ਹੀ ਬਖ਼ਸ਼ਾ ਸਿੰਘ ‘ ਨਾਮੀ ਛੇਵੀ ਪੁਸਤਕ ਦੀਆਂ ਛੇਆਂ ਕਹਾਣੀਆਂ ਵਿਚੋਂ ਪੰਜ ਇਸ ਮਾਣ ਦੀਆਂ ਭਾਗੀਦਾਰ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ‘ ਮਾਰਖੋਰੇ ‘ ਤੋਂ ‘ ਗੜੀ ਬਖ਼ਸ਼ਾ ਸਿੰਘ ‘ ਦਾ ਕਹਾਣੀ ਸਫ਼ਰ ਠੀਕ-ਠਾਕ ਹੀ ਰਿਹਾ ਹੈ ।
ਲਾਲ ਸਿੰਘ ਦਸੂਹਾ
094655-74866

Wednesday, August 28, 2013

ਵਾਰੀ ਸਿਰ (ਕਹਾਣੀ) ਲਾਲ ਸਿੰਘ ਦਸੂਹਾ

.....ਰਾਮੀਂ ਦੇ ਟਿੱਬੇ-ਟੋਏ ਨਕਸ਼ਾਂ ਤੇ ਖਿੱਲਰੀ ਪਲੱਤਣ ,ਆਪਣੇ ਮਾਮੇਂ ਦੇ ਚਿਹਰੇ ਦੀ ਦਗ-ਦਗ ਕਰਦੀ ਲਾਲੀ ਨੂੰ ਜਿਵੇਂ ਫਿਟਕਾਰਦੀ ਜਾਪੀ........ਪਲ ਦੀ ਪਲ ਉਸ ਨੂੰ ਇਹ ਨਿਰਨਾ ਕਰਨਾ ਅਤਿ ਮੁਸ਼ਕਲ ਹੋ ਗਿਆ ਹੈ ਕਿ ਉਸਦੇ ਮਾਮੇਂ ਦੀ ਰਾਜਧਾਨੀ ਤੋਂ ਚੱਲੀ , ਪਿੰਡ ਵਲ੍ਹ ਨੂੰ ਤੇਜ਼ ਦੌੜਦੀ ਆਉਂਦੀ ਟੈਕਸੀ ਅੰਦਰ ਲਾਸ਼ ਇੱਕ ਹੈ ! ਦੋ ਹਨ !! ਜਾਂ ਕਿ ਤਿੰਨ !!!......(ਇਸੇ ਕਹਾਣੀ ਵਿੱਚੋਂ )
------------------------------
ਇਕ ਵਾਰ ਫਿਰ ਫੋਨ ਕੀਤਾ । ਮੁੜ ਓਹੀ ਉੱਤਰ ਮਿਲਿਆ ਹੈ – ਘਰ ਕੋਈ ਨਈਂ ।
-          ਮਾਮਾ ਜੀ ਕੇੜ੍ਹੀ ਫੈਕਟਰੀ ਗਏ ਆ ? ਗੋਬਿੰਦਗੜ੍ਹ ਕਿ ਨਰੈਣਗੜ੍ਹ !
-          ਜੀ ....ਈ.....ਪਤਾ ਨਈਂ ।
ਅਸਲ ਵਿਚ ਉਸ ਘਰ ਨੁਮਾ ਕੋਠੀ ਵਿਚ ਕਿਸੇ ਨੂੰ ਵੀ ਇਕ ਦੂਜੇ ਬਾਰੇ ਕੁਝ ਵੀ ਪਤਾ ਨਹੀਂ ਹੈ । ਕਿਲ੍ਹੇ ਵਰਗੀ ਕੋਠੀ ਦੇ ਪੰਦਰਾਂ-ਵੀਹ ਕਮਰਿਆਂ ਅੰਦਰ ਕਿਸੇ ਵੀ ਨੌਕਰ ਨੂੰ ਉਸ ਦਿਨ ਤੋਂ ਸ਼ਰੇਆਮ ਘੁੱਮਣ-ਫਿਰਨ ਦੀ ਆਗਿਆ ਨਹੀਂ ਰਹੀ , ਜਿਸ ਦਿਨ ਬੁੱਢੇ ਖਾਨਸਾਮੇ ਦਾ ਆਲੂਆਂ ਜਿਹਾ ਪੋਤਰਾ ਮੈਲੇ ਕੁਚੈਲੇ ਕੱਪੜੇ ਪਾਈ ਡਾਈਨਿੰਗ ਹਾਲ ਅੰਦਰ ਸਹਿਵਾਨ ਆ ਵੜਿਆ , ਤਾਂ ਖਾਣੇ ਦੀ ਮੇਜ਼ ਤੇ ਬੈਠੇ ਟੱਬਰ ਦੇ ਸਾਰੇ ਜੀਆਂ ਦਾ ਜੀਅ ਮਤਲਾ ਉੱਠਿਆ ਸੀ  । ਕਿਸ਼ੋਰ ਉਮਰੇ ਘੋੜ-ਸਵਾਰੀ ਸਿਖਣ ਵੇਲੇ ਦਾ ਸਾਂਭ ਕੇ ਰੱਖਿਆ ਚਮੜੇ ਦਾ ਛੈਂਟਾ , ਉਸ ਦੀ ਮਾਮੀ ਨੇ ਤਾਬੜ-ਤੋੜ ਬਲੂਰ ਬਾਲ ਦੇ ਪਿੰਡੇ ਤੇ ਵਰ੍ਹਾ ਕੇ , ਮਸਾਂ ਸਾਰੇ ਟੱਬਰ ਦੇ ਖਾਣੇ ਦਾ ਸੁਆਦ ਕਿਰਕਰਾ ਹੋਣੋ ਬਚਾਇਆ ਸੀ ।
ਮਾਸੂਮ ਬੱਚੇ ਨੂੰ ਬਚਾਉਂਦਿਆਂ , ਲੱਤਾਂ-ਬਾਹਾਂ ਤੇ ਉਭੱਰੀਆਂ ਲਾਸਾਂ ਦੀ ਚੀਸ ਨੇ , ਬੁੱਢੇ ਰਾਮਦੱਤ ਦਾ ਵਰ੍ਹਿਆਂ ਤੋਂ ਇਸ ਘਰ ਦੇ ਜੀਆਂ ਨਾਲ ਬਣਿਆ ਅੰਤਾਂ ਦਾ ਮੋਹ , ਪਲ-ਛਿੰਨ ਅੰਦਰ ਹੀ ਚੀਨਾ-ਚੀਨਾ ਕਰ ਮਾਰਿਆ । ਤਨਖ਼ਾਹ ਦਾ ਹਿਸਾਬ-ਕਿਤਾਬ ਕੀਤੇ ਬਿਨਾਂ ਰਾਮਦੱਤ ਆਪਣਾ ਕੁਆਟਰ ਖਾਲੀ ਕਰਕੇ ਤੁਰਿਆ , ਉਸ ਨਾਲ ਆਖ਼ਰੀ ਸਾਬ੍ਹ-ਲਾਮ ਕਰਦਾ ਕਿਧਰੇ ਉਸ ਦੀ ਮਾਮੀਂ ਦੀ ਨਿਗ਼ਾਹ ਪੈ ਗਿਆ ਸੀ । ਉਸ ਵੇਲੇ ਰਾਮੀਂ ਦਾ ਬੋਰੀਆ-ਬਿਸਤਰਾ ਸੰਗੀਤ ਕਮਰੇ ‘ਚੋਂ ਚੁਕਤਾ ਕਰਕੇ , ਨੌਕਰਾਂ ਦੇ ਕਮਰਿਆਂ ਦੀ ਪਾਲ ਅੰਦਰ ਪੁੱਜਦਾ ਹੋ ਗਿਆ ।
ਇਸ ਤੋਂ ਥੋੜਾ ਕੁ ਚਿਰ ਪਿਛੋਂ ਐਹੋ ਜਿਹੀ ਹੀ ਨੀਰਸ , ਇਕ ਘਟਨਾ ਹੋਰ ਵਾਪਰ ਗਈ , ਇਸ ਦਾ ਰਾਮੀਂ ਦੇ ਮਾਮੇ ਮਾਮੀਂ ਨੇ ਹੋਰ ਵੀ ਸਖ਼ਤ ਨੋਟਿਸ ਲਿਆ – ਲਾਡੀ ਦੀ ਆਇਆ ਮਨਸੋ , ਡੰਗੋਰੀ ਟੇਕਦੀ ਕਿਸੇ ਐਸੇ ਕਮਰੇ ਅੰਦਰੋਂ ਦੀ ਲੰਘ ਗਈ , ਜਿੱਥੇ ਲਾਡੀ ਪਤਾ ਨਹੀਂ ਕਿਹੜੀ ਚੰਗੀ-ਮਾੜੀ ਮੁਦਰਾ ਵਿਚ ਲੇਟੀ ਪਈ ਨੂੰ ਬੁਢੜੀ ਦਾ ਇਸ ਤਰ੍ਹਾਂ ਬਿਨਾਂ ‘ਵਾਜ ਮਾਰਿਆਂ ਓਧਰ ਦੀ ਲੰਘਣਾ ਬਹੁਤ ਹੀ ਭੈੜਾ ਲੱਗਾ । ਦਾਦੀ-ਮਾਂ ਵਰਗੀ ਆਪਣੀ ਆਇਆ  ਨੂੰ ਉਸ ਦਿਨ ਲਾਡੀ ਨੇ ਏਨਾਂ ਊਲ-ਜਲੂਲ ਬੋਲਿਆ ਕਿ ਮੁੜ ਉਸ ਵਿਚਾਰੀ ਦਾ ਤਾਂ ਕੀ , ਕਿਸੇ ਵੀ ਨੌਕਰ ਦਾ ਕੋਠੀ ਅੰਦਰਲੇ ਕਮਰਿਆਂ ਵਲ੍ਹ ਝਾਤੀ ਮਾਰਨ ਦਾ ਹੌਸਲਾ ਨਾ ਪਿਆ ।
ਹੁਣ , ਰਾਜੂ ਕੇਵਲ ਰਸੋਈ ਤੇ ਡਾਈਨਿੰਗ ਰੂਮ ਦੀ ਸਫ਼ਾਈ ਕਰਨ ਲਈ ਹੀ ਅੰਦਰ ਜਾ ਸਕਦਾ ਹੈ , ਮਾਧੋ ਬੈਡ-ਰੂਮਾਂ ਦੇ ਬਿਸਤਰੇ ਧੋਣ ਤੋਂ ਸਿਵਾ ਹੋਰ ਕਿਧਰੇ ਨਹੀਂ ਘੁੰਮ ਸਕਦਾ । ਨੰਦੂ ਮੀਟਿੰਗ ਹਾਲ ਤੇ ਡਰਾਇੰਗ ਰੂਮਾਂ ਦੇ ਸੋਫਿਆਂ ਤੇ ਕਾਲੀਨਾਂ ਦੀ ਸਫ਼ਾਈ ਤੱਕ ਸੀਮਤ ਹੈ । ਬਿਰਜੂ ਮਾਲੀ ਵਿਹੜਿਆਂ , ਅਤੇ ਕੈਰੀਡੋਰਾਂ ਅੰਦਰ ਲਟਕਦੇ ਗਮਲਿਆਂ ਦੇ ਫੁੱਲ-ਬੂਟਿਆਂ ਤੋਂ ਬਿਨਾਂ ਕਿਸੇ ਸ਼ੈਅ ਵਲ ਵੀ ਤੱਕ ਨਹੀਂ ਸਕਦਾ ਤੇ ਉਹ .......ਉਸ ਨੂੰ ਸੰਗੀਤ ਕਮਰੇ ਤੋਂ ਅੱਗੇ ਕੁਝ ਵੀ ਪਤਾ ਨਹੀਂ ਕਿ ਕੀ ਕਿੱਦਾਂ ਅਤੇ ਕਿੱਥੇ ਹੈ ?
ਮੋਟਰ-ਗਰਾਜਾਂ ਨਾਲ ਜੁੜਵੀਂ ਨੌਕਰਾਂ ਦੇ ਕਮਰਿਆਂ ਦਾ ਪਾਲ ਦੇ ਪਹਿਲੇ ਕਮਰੇ ਤੋਂ ਸੰਗੀਤ ਕਮਰੇ ਤੱਕ ਜਾਂਦਿਆਂ ਰਾਮੀਂ ਨੂੰ , ਡਿਓੜੀ ਦਾ ਕੇਵਲ ਵੱਡਾ ਦੁਆਰ ਹੀ ਲੰਘਣਾ ਪੈਂਦਾ ਹੈ , ਜਿੱਸ ਦੇ ਨਾਲ ਬਣੇ ਪੋਰਚ ਹੇਠਾਂ , ਮਾਮੇ ਦੀ ਇਮਪਾਲਾ, ਮਾਮੀ ਦੀ ਸ਼ਿਵਰ-ਲੈਟ , ਰੋਮੀਂ ਦੀ ਡੈਮਲਰ ਤੇ ਲਾਡੀ ਦੀ ਫੀਅਟ , ਕੱਲੇ-ਕੱਲੇ ਨੂੰ ਉਤਾਰ ਕੇ ਵੱਖ-ਵੱਖ ਗਰਾਜ਼ਾਂ ਅੰਦਰ ਜਾ ਵੜਦੀਆਂ ਹਨ ਅਤੇ ਉਹਨਾਂ ਦੇ ਸ਼ੋਫ਼ਰ ਆਪਣੇ ਆਪਣੇ ਘੁਰਨਿਆਂ ਵਿੱਚ ।
ਦੱਖਣ ਨੂੰ ਖੁਲ੍ਹਦੇ , ਉੱਚੀ ਆਰਕ ਵਾਲੇ ਇਕ ਮੁੱਖ-ਦੁਆਰ ਦੇ ਦੋਨੋਂ ਪੱਲਿਆਂ ਦੇ ਐਨ ਵਿਚਕਾਰ ,ਪੂਰੀ ਦੀ ਪੂਰੀ ਡਿਓੜੀ ਅੰਦਰ ਧਰਿਆ , ਪੂਰਾ ਕੱਦਾਵਰ ਕਾਂਸੀ ਦਾ ਇਕ ਬੱਬਰ-ਸ਼ੇਰ , ਆਪਣੀਆਂ ਖੂੰਖਾਰ ਅੱਖਾ , ਸਰਦੱਲ ਉੱਪਰ ਪੈਰ ਧਰਦੇ ਹਰ ਆਪਣੇ-ਪਰਾਏ ਦੀਆਂ ਅੱਖਾਂ ਅੰਦਰ ਗੱਡ ਦਿੰਦਾ ਹੈ ।
..............ਉਸ ਦੀਆਂ ਅੱਖਾਂ ਦੇ ਭੈਅ ਵਰਗੇ ਪ੍ਰਭਾਵ ਦਾ ਸਹਿਮਿਆਂ ਰਾਮੀਂ , ਵਸਾਖੀਆਂ  ਆਸਰੇ ਲੜਖੜਾਉਂਦਾ , ਇਕ ਵਾਰ ਫਿਰ ਟੈਲੀਫੂਨ ਤੱਕ ਅੱਪੜਦਾ ਹੈ । ਪਰ , ਗਲਤ ਨੰਬਰ ਤੇ ਵੱਜੀ ਘੰਟੀ , ਉਸ ਤੋਂ ਟੈਕਸੀ ਸੇਵਾ ਲਈ ਥਾਂ-ਟਿਕਾਣਾ ਪੁੱਛਦੀ ਹੈ । ਟੈਕਸੀ ਸੇਵਾ ਦੀ ਹੀ ਤਾਂ ਉਸ ਨੂੰ ਲੋੜ ਹੈ , ਪਰ ਬਚਪਨ ਤੋਂ ਪੋਲੀਓ ਨਾਲ ਸੁੱਕੀਆਂ ਲੱਤਾਂ ਤੋਂ ਅਪਾਹਜ ,ਇਕੱਲਾ ਉਹ ਲਾਸ਼ ਨੂੰ ਕਿਵੇਂ ਸੰਭਾਲ ਸਕਦਾ ਹੈ । ਇਸ ਲਈ ਵਾਰ ਵਾਰ ਮਾਮੇਂ ਨੂੰ ਮਿਲਣ ਦੇ ਯਤਨ ਕੀਤੇ ਹਨ , ਮਾਮੀ ਤੋਂ ਸ਼ਮਸ਼ਾਨ-ਭੂਮੀ ਦਾ ਅਤਾ-ਪਤਾ ਪੁੱਛਣ ਲਈ ਫੂਨ ਕਰਦਾ ਹੈ , ਪਰ ਉਹਨਾਂ ਦੋਨਾਂ ਵਿਚੋਂ ਕੋਈ ਵੀ ਤਾਂ ਘਰ ਨਹੀਂ ਹੈ । ‘
ਠੀਕ ਨੰਬਰ ਮਿਲਣ ਤੇ ਉਸ ਨੂੰ ਰੋਮੀਂ ਮਿਲਦਾ ਹੈ । ਬਿਨਾਂ ਸਾਰੀ ਗੱਲ ਸਮਝੇ ਬੜਾ ਰੁੱਖਾ ਜਿਹਾ ਉੱਤਰ ਦੇ ਕੇ ਰੀਸੀਵਰ ਰੱਖ ਦਿੰਦਾ ਹੈ – ‘ਮਾਈ ਵੀਹੀਕਲ ! ਨਾਟ ਫਾਰ ਡੈਡ ਬਾਡੀਜ਼......ਨਾਨਸੈਨਸ........।‘
ਟੈਲੀਫੂਨ ਦਾ ਚੋਂਗਾ ਕੰਬਦੇ ਹੱਥਾਂ ਨਾਲ ਰੱਖ ਕੇ , ਉਹ ਡੌਰ-ਭੌਰ ਹੋਇਆ , ਵਸਾਖੀਆਂ ਟੇਕਦਾ ਮੁੜ ਨਾਨੀ ਦੇ ਬੈਡ ਲਾਗੇ ਪਏ ਲਕੜ ਦੇ ਸਟੂਲ ਉੱਤੇ ਆ ਬੈਠਦਾ ਹੈ । ਲਾਲ ਸੂਹੇ ਕੰਬਲ ਹੇਠ ਕੱਜਿਆ ਪੀਲਾ-ਭੂਕ ਚਿਹਰਾ ਨੰਗਾ ਕਰਕੇ ਦੇਖਦਾ ਹੈ , ਜਿਸ ਉੱਤੇ ਕਬਰਸਤਾਨ ਵਰਗੀ ਚੁੱਪ ਛਾ ਚੁੱਕੀ ਹੈ । ਲੱਗਭੱਗ ਪੌਣੀ ਸਦੀ ਤੋਂ ਖੁਲ੍ਹੀਆਂ ਅੱਖਾਂ ਨੂੰ ਪੋਟਿਆਂ ਨਾਲ ਪਲੋਸ ਕੇ ਬੰਦ ਕਰਦਾ ਹੈ । ਸਾਰੀ ਉਮਰ ਬੰਦ ਰੱਖਿਆ, ਖੁੱਲ੍ਹਾ-ਖਲਾਸਾ ਮੂੰਹ ਹੁਣ ਆਪ-ਮੁਹਾਰੇ ਖੁਲ੍ਹ ਗਿਆ ਹੈ , ਜਿਸ ਦੇ ਮੂਕ ਬੋਲਾਂ ਵਿਚੋਂ ਉਸ ਨੂੰ ਮੁੜ ਮੁੜ ਓਹੀ ਬਾਤ ਸੁਣਾਈ ਦਿੰਦੀ ਹੈ , ਜਿਹੜੀ ਗਈ ਰਾਤ ਤੱਕ ਹੱਟੀ ਤੋਂ ਮੁੜਦੇ ਉਸਦੇ ਨਾਨੇ ਨੂੰ ਉਡੀਕਦੀ ਨਾਨੀ , ਰਾਮੀਂ ਨੂੰ ਗੋਦੀ ਲੈ ਕੇ ਸੁਣਾਇਆ ਕਰਦਾ ਸੀ ............।
- ਇਕ ਜੁ ਸੀ ਤਾਂ ਰਾਜਾ ਸੀ , ਉਦ੍ਹੀਆਂ ਤਿੰਨ ਰਾਣੀਆਂ ਸੀ । ਪਹਿਲੀ, ਬੜੀ ਬੀਬੀ , ਸਿੱਧੀ-ਸਾਧੀ , ਚੁੱਪ-ਰਹਿਣੀ ਆਗਿਆਕਾਰ ਪਟਰਾਣੀ ਸੀ । ਪਰ ,ਕੁਜ਼ਰਤ ਮਾਲਕ ਦੀ ਉਦ੍ਹੇ ਕੋਈ ਧੀਆਂ-ਪੁੱਤਰ ਨਾ ਹੋਇਆ । ਵਿਚਕਾਰਲੀ ਰਾਣੀ , ਬੜੀ ਚੰਚਲ , ਚਟਕੀਲੀ –ਮਟਕੀਲੀ ਸ਼ੋਖ ਤ੍ਰੀਮਤ ਸੀ । ਉਦ੍ਹੇ ਪੇਟੋਂ ਬੀ ਚਾਰ ਧੀਆਂ ਈ ਜੰਮੀਆਂ , ਰਾਜ-ਕੁਮਾਰ ਕੋਈ ਨਾ ਆਇਆ ।ਸਭ ਤੋਂ ਛੋਟੀ ਬਹੂ ਬੜੀ ਸੰਗਾਊ, ਮੂੰਹ-ਮੱਥੇ ਲਗਦੀ , ਸੋਹਣੀ ਡੀਲ-ਡੌਲ ਆਲੀ ਸੁੰਦਰੀ ਸੀ । ਉਦ੍ਹੀ ਕੁੱਖੋਂ ਦੋ ਪੁੱਤਰ ਹੋਏ ਹੀਰਿਆਂ ਅਰਗੇ ਗੋਰੇ-ਨਿਛੋਹ  ।
ਰਾਜਾ ਛੋਟੀ ਰਾਣੀ ਨੂੰ ਬਓਤ ਪਿਆਰ ਕਰਦਾ ਸੀ , ਹਰ ਵੇਲੇ ਉਦ੍ਹੇ ਅੱਗੇ-ਪਿੱਛੇ ਰਹਿੰਦਾ । ਉਦ੍ਹੇ ਆਖੇ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਆਖਦਾ । ਦੋਨਾਂ ਰਾਜ ਕੁਮਾਰਾਂ ਨੂੰ ਚੱਟਦਾ-ਚੁੰਮਦਾ , ਢਿੱਡ ਤੇ ਲਿਟਾ ਕੇ ਥਾਪੜਦਾ , ਪੈਰਾਂ ਤੇ ਬਿਠਾ ਕੇ ਬੁਢੀਏ........ਮਾਈਏ ........ਚਰਖਾ-ਪੂਣੀ ਚੱਕ ਲੈ .......ਕਾਲੀ ‘ਨ੍ਹੇਰੀ ਆਈ ਆ ......ਈਆ .......ਆ ........ਕਰਦਾ ਹੂਟੇ-ਮਾਟੇ ਦਿੰਦਾ । ਪਰ , ਜਿਉਂ-ਜਿਉਂ ਬਾਲ ਵੱਡੇ ਹੁੰਦੇ ਗਏ , ਉਹ ਰਾਜ ਘਰਾਣਿਆਂ  ਦੇ ਹੋਰਨਾਂ ਹਮਜੋਲੀਆਂ ਨਾਲ ਲੁਕਣਮੀਟੀ-ਛੂਹ-ਛੁਆਈ ਨਿਕਲੇ ਖੋਲ੍ਹਣ , ਸਾਰਾ-ਸਾਰਾ ਦਿਨ ਮਹਿਲੀਂ ਨਾ ਵੜਦੇ । ਰਾਜਾ ਉਨ੍ਹਾਂ ਨੂੰ ‘ਵਾਜਾਂ ਮਾਰ-ਮਾਰ ਕੇ ਘੁਨੇੜੀ ਚੱਕਦਾ , ਪਰ ਉਹ ਮੁੜ ਕੰਨੀਂ ਖਿਸਕਾ ਕੇ ਆਪਣੇ ਹਾਣੀਆਂ ਨਾਲ ਜਾ ਰਲ੍ਹਦੇ ............।
.........’ ਲੇ ਜਾਓ ਇਸੇ , ਨਹੀਂ ਤੇ ਲਾਵਾਰਸ ਬਨਾ ਕਰ ਪੋਲੀਸ ਕੇ ਹਵਾਲੇ ਕਰ ਦੀ ਜਾਏਗੀ ‘ – ਬੈਡ ਖਾਲੀ ਕਰਨ ਲਈ ਵਾਰ ਵਾਰ ਆਖ ਚੁੱਕੇ ਹਸਪਤਾਲ ਕਰਮਚਾਰੀਆਂ ਨੇ ਇਕ ਹੋਰ ਚਿਤਾਵਨੀ ਦਿੱਤੀ ਹੈ । ਰਾਮੀਂ ਦੀ ਘਬਰਾਹਟ ਡਰ ਵਿੱਚ ਬਦਲ ਜਾਂਦੀ ਹੈ । ਮਾਮੇਂ ਦੀ ਰਾਜਧਾਨੀ ਅੰਦਰ ਨਾਨੀ ਦੀ ਮਿੱਟੀ ਰੁਲਦੀ ਦੇਖ ਕੇ ਉਸ ਦਾ ਕਲਾਕਾਰ ਮਨ ਵਿਲਕ ਉੱਠਦਾ ਹੈ । ਪੰਜ ਦਿਨ ਪਹਿਲਾਂ ਆਈ ਤਾਰ ‘ਸਖ਼ਤ ਬਿਮਾਰ ’ ਨਾਨੀ ਦਾ ਪਤਾ ਕਰਨ ਗਿਆਂ , ਮਰਨ ਕੰਢੇ ਪਈ ਨੂੰ ਟੈਕਸੀ ਅੰਦਰ ਰੱਖ ਕੇ ਇਥੇ ਲਿਆਉਣ ਦੀ ਕੀਤੀ ਮਹਾਨ ਗਲਤੀ ਤੇ ਹੰਝੂ ਕੇਰਦਾ ਹੈ । ਵਾਰ ਵਾਰ ਮਾਮੇਂ ਦੀ ਲਾਪਰਵਾਹੀ ਤੇ ਖਿਝਦਾ ਹੈ , ਜਿਹੜਾ ਵੱਡੇ ਹਸਪਤਾਲ ਦੇ ਜਨਰਲ-ਵਾਰਡ ਵਿਚ ਨਾਨੀ ਨੂੰ ਦਾਖ਼ਲ ਕਰਾਉਣ ਲਈ ਕੀਤੀ ‘ਨੱਠ-ਭੱਜ ’ ਤੋਂ ਅਗਲਾ ਕੰਮ ਉਸ ਨੂੰ ਸੋਂਪ ਕੇ , ਅਗਲੇ ਹੀ ਦਿਨ ਕਲਕੱਤੇ ਵੱਡੀ ਫੈਕਟਰੀ ਦੇ ਡਾਇਰੈਕਟਰਾਂ ਦੇ ਬੋਰਡ ਦੀ ਮੀਟਿੰਗ ਦੀ ਸਦਾਰਤ ਕਰਨ ਤੁਰਨ ਗਿਆ ਤੇ ਓਥੋਂ ਪਰਤ ਕੇ ਰਸਮੀਂ ਹਾਲ-ਚਾਲ ਪੁੱਛ ਕੇ ਪਤਾ ਨਈਂ ਕਿਹੜੀ ਫੈਕਟਰੀ !
ਉਸ ਦੇ ਬੂਈ ਮਾਮੇਂ ਨੂੰ ਬੀ.ਡੀ. ਮਹਾਜਨ ਤੱਕ ਦਾ ਸਫ਼ਰ ਕਰਦਿਆਂ , ਭਾਵੇਂ ਬਹੁਤੀ ਝੱਖ ਨਹੀਂ ਸੀ ਮਾਰਨੀ ਪਈ , ਪਰ ਫਿਰ ਵੀ ਕਈ ਸਾਰੀਆਂ ਗੱਲਾਂ-ਕਥਾਵਾਂ ਉਸ ਦੇ ਕਾਰੋਬਾਰ ਦੇ ਵਾਧੇ ਨਾਲ ਜੁੜੀਆਂ ਝੂਠੀਆਂ ਨਹੀਂ ਸਨ ਜਾਪਦੀਆਂ । ਕੋਈ ਆਖਦਾ – ਭਾਈ ਰੰਬੇ-ਦਾਤੀਆਂ ਵੇਚਦਾ ਕੋਈ ਕਿਮੇਂ ਫੈਕਟਰੀਆਂ ਲਾ ਸਕਦਾ । ਨੰਬਰ ਦੋ ਤੋਂ ਬਿਨਾਂ । ‘ ਕੋਈ ਕਹਿੰਦਾ – ਟੈਕਸਾਂ-ਵੈਕਸਾਂ ਦੀ ਚੋਰੀ ਨਾਲ ਈ ਤਿਹਰੇ-ਚੌਹਰੇ ਗੱਫੇ ਲੱਗਦੇ ਆ । ਕੋਈ ਉਸਦੇ ਮਾਮੇਂ ਦੀ ਨਿੱਕੀ ਜਿਹੀ ਲੋਹੇ ਦੀ ਦੁਕਾਨ ਨੂੰ ਤਕਸਰੀ ਦਾ ਅੱਡਾ ਗਰਦਾਨਦਾ ਕੋਈ ਕੋਟੇ-ਪਰਮਿੱਟਾਂ ਦੀ ਬਲੈਕ ਦਾ । ਪਰ , ਇਹ ਸਾਰੀਆਂ ਗੱਲਾਂ-ਕੁਵੱਲਾਂ ਦੂਜੇ-ਚੌਥੇ ਵਿਸਰਾਮ ਘਰ ਅੰਦਰ ਠਹਿਰੇ , ਕਿਸੇ ਛੋਟੇ-ਵੱਡੇ ਨੇਤਾ ਵਲੋਂ ਉਚੇਚ ਨਾਲ ਰਾਮੀਂ ਦੇ ਮਾਮੇ ਨੂੰ ਮਿਲ ਕੇ ਜਾਣ ਪਿਛੋਂ ਉਸਦੀ ਦੂਧੀਆ ਕਾਰ ਨਾਲ ਉਡੀ ਧੂੜ ਹੇਠ ਨੱਪੀਆਂ ਜਾਂਦੀਆਂ ।
ਉਂਝ ਕਿੱਲ-ਕਾਂਟੇ ਤੋਂ ਲੈ ਕੇ ਰੇਲਾਂ-ਗਾਡਰਾਂ ਤੱਕ ਲੋਹੇ ਦਾ ਸਾਮਾਨ ਤਿਆਰ ਕਰਦੀਆਂ ਕਈ ਸਾਰੀਆਂ ਫੈਕਟਰੀਆਂ , ਹਰ ਦੇਖਣ-ਸੁਨਣ ਵਾਲੇ ਨੂੰ ਇਸ ਲਈ ਅਚੰਭਾ ਜਾਪਦੀਆਂ ਹਨ ,ਕਿ ਪਿੰਡ ਦੇ ਗੁਆਂਢੋਂ , ਇਕ ਛੋਟੇ ਜਿਹੇ ਕਸਬੇ ‘ਚੋਂ ਉੱਠ ਕੇ ਬੂਈ ਦਾਸ ਦਾ ਨਾਂ ਦੇਸ਼ ਦੇ ਕਈ ਸਾਰੇ ਸਨਅਤੀ ਸ਼ਹਿਰਾਂ ਦੇ ਨਕਸ਼ੇ ਉੱਤੇ ,ਦਿਨਾਂ ਅੰਦਰ ਹੀ ਉੱਕਰਿਆ ਗਿਆ ਹੈ । ਉਸ ਦੇ ਹੱਥਾਂ ਲੱਗਾ ਅਲਾਦੀਨ ਦਾ ਚਿਰਾਗ਼ ਹਰ ਵਰ੍ਹੇ ਉਸ ਲਈ ਨਵੀਂ ਮਾਲਕੀ ਜਾਂ ਹਿੱਸੇਦਾਰੀ ਲਈ ਹਰ ਹੀਲੇ ਆ ਹਾਜ਼ਰ ਹੁੰਦਾ ਹੈ , ਉਸਦੀ ਸਿਆਣੀ ਸੁਗੜ ਪਤਨੀ ਵੀ ਇਕ ਸਰਦੇ-ਪੁੱਜਦੇ ਸਨਅਤੀ ਘਰਾਣੇ ਨਾਲ ਸੰਬੰਧਤ ਹੋਣ ਕਰਕੇ , ਬਹੁਤ ਸਾਰੇ ਵੱਡੇ-ਛੋਟੇ ਵਪਾਰਕ ਭੇਤਾਂ ਤੋਂ ਭਲੀ-ਭਾਂਤ ਵਾਕਫ਼ ਹੈ । ਪਰੰਤੂ ਪਹਾੜੀ ਸਥਾਨਾਂ ਤੇ ਸ਼ੌਕ ਵਜੋਂ ਖਰੀਦੇ ਅੰਬਾਂ , ਸੇਬਾਂ , ਲੀਚੀਆਂ ਦੇ ਕਈ ਸਾਰੇ ਬਾਗਾਂ ਦੀ ਦੇਖ ਭਾਲ ਕਰਦੀ ਨੂੰ ,’ ਮਹਾਜਨ ਸਾਹਬ ‘ ਵਾਂਗ ਫੁਰਸਤ ਦੀ ਬੇਹੱਦ ਘਾਟ ਹੈ । ਰੋਮੀਂ ਤੇ ਲਾਡੀ ਨੂੰ , ਵੱਡੀਆਂ ਪੜ੍ਹਾਈਆਂ ਉਤੋਂ ਘਰੀਂ ਰੱਖੀਆਂ ਟੀਊਸ਼ਨਾਂ ਤੋਂ ਸਿਵਾ ਹੋਰ ਵੀ ਕਈ ਤਰ੍ਹਾਂ ਦੇ ਬਾਹਰ-ਅੰਦਰ ਦੇ ਰੁਝੇਵੇਂ ਹਨ । ਸੋ , ਲੈ ਦੇ ਕੇ ,ਨਾਨੀ ਦੀ ਦੇਖ-ਭਾਲ ਲਈ ਕੇਵਲ ਰਾਮੀਂ ਬਚਦਾ ਹੈ – ਵਿਹਲਾ , ਬਚਪਨ ਤੋਂ ਅਪਾਹਜ ਜਿਸ ਨੂੰ ਉਸ ਦੀ ਮੱਮੀ ਵੀ ਨਾਨੀ ਦਾ ਖਿਡਾਉਣਾ ਬਣਾ ਕੇ ਦੂਜੇ ਦੋ ਬੱਚਿਆਂ ਸਮੇਤ ਵਿਦੇਸ਼ ਰਹਿੰਦੇ ਆਪਣੇ ਪਤੀ ਕੋਲ ਚਲੀ ਗਈ । ਨਾਨੇ-ਨਾਨੀਂ ਦਾ ਜੀਅ ਪਰਚਾਉਂਦਾ , ਉਹ ਪਿੰਡ ਲਾਗਲੇ ਕਬਸੇ ਤੋਂ ਸੰਗੀਤ ਦੀ ਪੜਾਈ ਪੜ੍ਹ ਕੇ , ਬਹੁਤਾ ਸਮਾਂ ਭਾਵੇਂ ਪਿੰਡ ਹੀ ਰਹਿੰਦਾ ਹੈ , ਪਰ ਵਿਚ –ਵਿਚਾਲੇ ਮਾਮੇਂ-ਮਾਮੀਂ ਨੂੰ ਮਿਲਣ ਗਿਆ , ਲਾਡੀ ਨੂੰ ਸੰਗੀਤ ਸਿਖਾਉਣ ਦੇ ਬਹਾਨੇ ਕਈ ਕਈ ਹਫਤੇ , ਵੱਡੇ ਸ਼ਹਿਰ ਦੀ ਚਮਕ-ਦਮਕ ਅੰਦਰ ਗੁਆਚਾ ਰਹਿੰਦਾ ਹੈ ।
- ਯੂ ਸਿੱਲੀ ਕਰੀਏਚਰ ,ਰੀਮੂਵ ਇੱਟ ਸੂਨ ........ਰਾਊਂਡ ਤੋਂ ਮੁੜਦੇ ਵੱਡੇ ਡਾਕਟਰ ਦੀ ਝਿੜਕ ਉਸ ਦਾ ਤਨ-ਮਨ ਝਰੀਟ ਜਾਂਦੀ ਹੈ । ਔਖਾ-ਸੌਖਾ ਹੋ ਕੇ ਹਸਪਤਾਲ ਹੇਠਲੇ ਟੈਕਸੀ ਸਟੈਂਡ ਤੱਕ ਪਹੁੰਚਦਾ  ਹੈ । ਕੋਈ ਉਸ ਨਾਲ ਚੱਲਣ ਨੂੰ ਤਿਆਰ ਨਹੀਂ ਹੈ । ਆਖ਼ਿਰ ਇਕ ਟੈਕਸੀ ਵਾਲਾ ਉਸਦੀ ਟੁੱਟੀ-ਖੁਸੀ ਹਾਲਤ ਤੇ ਤਰਸ ਖਾਂਦਾ ਹੈ । ਨਾਨੀ ਦੀ ਮਿੱਟੀ ਟੈਕਸੀ ਦੀ ਪਿਛਲੀ ਸੀਟ ਤੇ ਢੇਰੀ ਕਰਵਾਕੇ , ਮਾਮੇਂ ਦੀ ਕੋਠੀ ਜਾਣ ਦੀ ਬਜਾਏ ਉਸ ਸਿੱਧਾ ਨਾਨਕੇ ਪਿੰਡ ਪਰਤ ਪੈਂਦਾ ਹੈ , ਜਿਸ ਦੀਆਂ ਗਲੀਆਂ ਨਾਲ ਉਸ ਦੇ ਘਸੀਟੇ ਹੋਏ ਬਚਪਨ ਤੋਂ ਲੈ ਕੇ , ਲੜਖੜਾਉਂਦੇ ਹੁਣ ਤੱਕ ਦੀ ਸਾਂਝ ਹੈ । ਜਿਸਦੀ ਲਹਿੰਦੀ ਬਾਹੀ ਢੀਂਗਲੀ-ਖੂਹ ਲਾਗਲੇ ਪਿੱਪਲ ਹੇਠ ਘਰ ਨਾਲ ਪਿੱਠ-ਜੁੜਵੀਂ ,ਨਾਨੇ ਦੀ ਲੂਣ-ਤੇਲ ਦੀ ਹੱਟੀ ਤੇ ਬੈਠਦਿਆਂ , ਉਸ ਨੇ ਪਿੰਡ ਦੀਆਂ ਦੋ ਪੀੜ੍ਹੀਆਂ ਜੁਆਨ ਹੁੰਦੀਆਂ ਦੇਖੀਆਂ ਹਨ । ਬਾਰਾਂ-ਟਾਣ੍ਹੀ, ਨੱਕੀ-ਪੂਰ ਖੇਲ੍ਹਣ ਵਾਲੇ ਅਪਣੇ ਜੁੱਟਾਂ ਨੂੰ ਲੁਕਣ-ਮੀਟੀ , ਢਾਅ-ਕਬੱਡੀ ਖੇਡਦਿਆਂ ਦੇਖ ਦੇਖ ਉਸ ਦੀਆਂ ਫੌੜੀਆਂ , ਵਸਾਖੀਆਂ  ਵਿੱਚ ਬਦਲ ਗਈਆਂ ਹਨ । ਥੜੇ ਕੋਲੋਂ ਦੀ ਲੰਘ ਕੇ ਛੋਟੀ ਫਿਰਨੀ ਨਾਲ ਲਗਦੇ , ਨਾਥਾਂ ਦੇ ਮੰਦਰ ਤੋਂ ਤਿਲਕ ਲੁਆ ਕੇ ਉਸਦੇ ਅਨੇਕਾਂ ਸਾਥੀ ਬਾਹਰਲੇ ਰਾਹ ਤੇ ਖੜੀ ਮੋਟਰ-ਕਾਰ ਤੱਕ ਜਾਣ ਲਈ ਸ਼ਿੰਗਾਰੀ ਘੋੜੀ ਦੀ ਸਵਾਰੀ ਕਰ ਚੁੱਕੇ ਹਨ । ਮੰਗ ਕੇ ਲਏ ਜਾਂ ਦਾਜਾਂ ਅੰਦਰ ਮਿਲੇ ਕਿੰਨੇ ਸਾਰੇ ਮੋਟਰ-ਸਾਇਕਲਾਂ ,ਸਕੂਟਰਾਂ ਨੇ ਅਨੇਕਾਂ ਵਾਰ , ਉਸ ਕੋਲੋਂ ਦੀ ਲੰਘਦਿਆਂ , ਉਸ ਦੀਆਂ ਅਪੰਗ ਲੱਤਾਂ ਨੂੰ ਬੇਸ਼ੁਮਾਰ ਟਿਚਕਰਾਂ ਕੀਤੀਆਂ ਹਨ ।
“........ਇਹ ਮਾਈ ਕੀ ਲਗਦੀ ਐ ਤੇਰੀ .......? ਭਾਅ ! “ ਵਲੂੰਧਰੇ ਜਿਹੇ , ਅਗਲੀ ਸੀਟ ਤੇ ਬੈਠੇ ਰਾਮੀਂ ਪਾਸੋਂ , ਰਾਜਧਾਨੀ ਤੋਂ ਬਾਹਰ ਨਿਕਲ ਕੇ , ਮੁੱਲਾਂ ਕੱਟ ਦਾਅੜ੍ਹੀ ਵਾਲੇ ਸਿੱਖ ਡਰਾਇਵਰ ਨੇ ਪੁੱਛਿਆ ਹੈ ।
ਨੀਂਦ ਵਰਗੀ ਡੂੰਘੀ ਸੋਚ ਦੇ ਖੂਹ ‘ਚੋਂ ਬਾਹਰ ਨਿਕਲ ਕੇ ਰਾਮੀਂ ਨੇ ਉਸ ਵਲ ਦੇਖੇ ਬਿਨਾਂ ਹੀ ਸੰਖੇਪ ਜਿਹਾ ਉੱਤਰ ਦਿੱਤਾ ਹੈ – ਨਾਨੀਂ । ‘
ਰਾਮੀਂ ਦੀ ਬੇਰੁੱਖੀ ਤਾੜ ਕੇ , ਉਹ ਉਸ ਤੋਂ ਅਗਲਾ ਪ੍ਰਸ਼ਨ ਪੁਛਣੋਂ ਤਾਂ ਰੁੱਕ ਗਿਆ ਹੈ  , ਪਰ ਥੋੜੀ ਕੁ ਦੂਰੀ ਤੇ ਸੜਕ ਦੇ ਐਨ-ਵਿਚਕਾਰ ਡੋਲਦੇ ਤੁਰੇ ਜਾਂਦੇ ਇਕ ਸ਼ਰਾਬੀ ਨੂੰ ਬਚਾ ਕੇ ਲੰਘਦਿਆਂ , ਆਪਣੇ ਆਪ ਨਾਲ ਗੱਲੀਂ ਪੈ ਜਾਂਦਾ ਹੈ – ਐਹ ਬਣੀਆਂ ਬੀਆਂ ਨਾ ਮੌਜਾਂ...........ਪੂਰੀ ਦੀ ਪੂਰੀ ਸੜਕ ਮੱਲੀ ਬੀ ਆ , ਮਾਂ ਦੇ ਫੁੱਮਣ ਨੇ ਤੁਪੈਰੇ ਦਿਨ ਦੇ । ........ਨਾ ਸਾਲੇ ਜੰਮੇਂ ਦਾ ਫ਼ਿਕਰ , ਨਾ ਸਹੁਰੇ ਮਰੇ ਦਾ । ਬੰਦਾ ਤਾਂ ਸਾਲਾ ਉਈਉਂ ਈ ਮਰਦਾ ਰੈਂਦਾ ਰਾਤ-ਪੁਰ ਦਿਨੇ , ਦੁਨੀਆਂ –ਦਾਰੀ ਖਾਤਰ , ਅਗਲੇ ਸਾਈਂ ਟਕੇ ਸੇਰ ਨੀ ਗਿਣਦੇ .........’ ਆਖ ਕੇ ਉਹ ਇਕ ਦੰਮ ਚੁੱਪ ਹੋ ਜਾਂਦਾ ਹੈ ।
ਨਾਂਹ-ਚਾਹੁੰਦਿਆਂ ਵੀ ਰਾਮੀਂ , ਉਸ ਦੇ ਗੁੰਮ-ਸੁੱਮ ਹੋਏ ਗੁਆਚੇ ਚਿਹਰੇ ਵਲ ਧਿਆਨ ਨਾਲ ਦੇਖਦਾ ਹੇ । ਵਿੰਡ-ਗਲਾਸ ਨੂੰ ਚੀਰਦੀ , ਉਸਦੀ ਉਦਾਸ ਤੱਕਣੀ ਦੂਰ ਤੱਕ ਸੜਕ ਤੇ ਖਿੱਲਰੀ ਪਈ ਹੈ । ਬਾਹਾਂ-ਪੈਰਾਂ ਦੀ ਕਿਰਿਆ ਬੇਰੋਕ ਆਪਣਾ ਕਾਰਜ ਕਰੀ ਜਾਂਦੀ ਹੈ , ਪਰ ਸਟੇਰਿੰਗ ਉੱਪਰ ਟਿੱਕੇ ਹੱਥਾਂ ਦੀਆਂ ਉਂਗਲਾਂ ਕਿਸੇ ਅਨੋਖੇ ਤਾਲ ਹੇਠ , ਉੱਪਰ –ਹੇਠਾਂ ਹਿਲਦੀਆਂ ਹਨ । ਕਦੀ ਉਸਦਾ ਸੂਤਿਆ ਮੂੰਹ  ਹੋਰ ਤਣਿਆ ਜਾਂਦਾ ਹੈ ਤੇ ਕਦੀ-ਤਣੀਆਂ ਭਵਾਂ ਢਿੱਲੀਆਂ ਪੈ ਕੇ ਲਮਕਣ ਲੱਗਦੀਆਂ ਹਨ ।ਕਦੀ ਉਸ ਸੁੰਨ-ਵੱਟਾ ਹੋਇਆ ਸਿੱਧਾ ਸਾਹਮਣੇ ਦੇਖੀ ਜਾਂਦਾ ਹੈ ਕਦੀ ਵਿੰਗੀਆਂ –ਟੇਡੀਆਂ ਸੁਰਾਂ ਅਲਾਪਦਾ , ਐਧਰ ਉਧਰ ਝਾਤੀਆਂ ਮਾਰਦਾ ਹੈ ।
ਰਾਮੀਂ, ਇਕ ਟੱਕ ਉਸ ਵਲ ਦੇਖੀ ਜਾਂਦਾ ਹੈ । ਅਣਪਛਾਤੇ ਗੀਤ ਦੀ ਸੁਰ ਮੱਧਮ ਹੁੰਦਿਆਂ ਸਾਰ , ਉਸਨੂੰ ਪੁੱਛਦਾ ਹੈ – ਕੇੜ੍ਹਾ ‘ਲਾਕਾ ਬਾਈ ਦਾ ........?’
-          ਸੱਭੋ ਈ ‘ਲਾਕੇ ਆਪਣੇ ਈ ਆ , ਭਾਅ ! ਪੰਜਾਬ –ਰਿਆਣਾ-ਦਿੱਲੀ , ਜਿੱਧਰ ਕੋਈ ਤੋਰ ਲਏ ਤੁਰ ਪਈ ਦਾ ਆ ..ਸੀਸ ਤਲ੍ਹੀ ਤੇ ਧਰ ਕੇ ਤੁਰ ਪਈ ਦਾ ਆ । ‘
-  ਫੇਰ ਵੀ ਕੋਈ ਥਾਂ-ਟਿਕਾਣਾ , ਘਰ –ਗਿਰਾਂ ਤਾਂ ਹੋਵੇਗਾ ਈ ਨਾ ........?’
- ਹੁਣ ਤਾਂ , ਆਹ ਰਾਣੋ ਈ ਐਂ ਸੱਭੋ ਕੁਸ ਆਪਣਾ । ‘ ਉਹ ਅਪਣੇ ਸਿਰ ਤੇ ਲਪੇਟਿਆ ਪਰਨਾ ਲਾਹ ਕੇ ਸਾਹਮਣਲੇ ਸ਼ੀਸ਼ੇ ਨੂੰ ਅੰਦਰੋਂ ਸਾਫ਼ ਕਰਦਾ , ਬੜੇ ਸਨੇਹ ਲਾਲ ਆਖਦਾ ਹੈ , ਜਿਵੇਂ ਸੱਜਰ ਸੂਈ ਪਹਿਲਣ ਦੀ ਪੀੜ ਪਲੋਸ ਰਿਹਾ ਹੋਵੇ ।
- ਬਾਲ-ਬੱਚਾ ,ਟੱਬਰ-ਟੀਰ, ਮਾਈ-ਬਾਪ..........? ਰਾਮੀਂ ਦਾ ਪ੍ਰਸ਼ਨ ਵਾਕ-ਬਣਤਰ ਦੇ ਨਿਯਮ ਗੁਆ ਕੇ ਉਸ ਦੀ ਵੀਰਾਨ ਜੂਹ ਅੰਦਰ ਪ੍ਰਵੇਸ਼ ਕਰਨਾ ਆਹੁਲਦਾ ਹੈ , ਪਰ ਉਹ ਬੜੀ ਹੀ ਬੇ-ਪ੍ਰਵਾਹੀ ਨਾਲ ਆਪਣੀ ਉਜਾੜ ਅੰਦਰੋਂ ਬਾਹਰ ਆ ਕੇ ਸੰਖੇਪ ਜਿਹਾ ਉੱਤਰ ਦਿੰਦਾ ਹੈ ।
- ਮਾਈ ਨਿੱਕੇ ਹੁੰਦਿਆਂ ਈ ਮਰ ਗਈ .........ਚਾਰ ਸਿਆੜ ਕੋਲੇ ਸੀ , ਉਹ ਪਿਓ ਦੀ ਬਮਾਰੀ ਤੇ ਲਾ ਤੇ , ਘਰ-ਬਾਰ ਗਹਿਣੇ ਪਾ ਕੇ ਆਹ ਮੋਟਰ ਲੈ ਲੀ ......... ਅੱਲਾ-ਅੱਲਾ ਤੇ ਖੈਰ-ਸੱਲਾ ......। ‘ ਥੋੜਾ ਜਿਹਾ ਰੁਕ ਕੇ ਉਸ ਨੇ ਅਪਣਾ ਭਵਿਖ ਵੀ ਬੀਤੇ ਅਤੀਤ ਵਾਂਗ ਇਕ ਦੋ ਲਾਂਘਾਂ ਨਾਲ ਹੀ ਗਾਹ ਮਾਰਿਆ ਹੈ ।
- ਤੇ ਬਸ ਹੁਣ ਤਾਂ ਮਲੰਗ ਦੀ ਐਸ ਲਾਡੋ ਤੇ ਈ ਡੌਰੀ ਆ , ਦੇਖੀਏ ਡੋਬਦੀ ਆ ਕਿ ਤਾਰਦੀ........ਊਂ ਭਾਅ , ਅਪਣੇ ਸਟੈੱਡ ਤੇ ਜੀਹਨੇ ਵੀ ਗੱਡੀ ਪਾਈ ਆ , ਸਾਰੇ ਈ ਟੱਲੀ-ਐ-ਟੱਲੀ ,ਐਨ ਬੁੱਲੇ ਲੁਟਦੇ ਆ । .......ਭਾਗਾ , ਭੈਣ ਕਾ ਦੀਨਾ ਜਿੱਦਣ ਆਇਆ ਸੀ ਨਲ੍ਹੀ ਨਈਂ ਸੀ ਪੂੰਝਣੀ ਆਉਂਦੀ । ਹੁਣ ਤਿੰਨ ਲਈ ਫਿਰਦਾ । .......ਕਿਰਪੂ , ਸਾਲੇ ਦੀ ਟੈਸ ‘ਚ ਤਾਂ ਨੌਂਹ ਈ ਨਈਂ ਖੁੱਭਦਾ ,ਖਬਨੀ ਬਾਰਾਂ ਦਾ ਮਾਲਕ ਆ । ......ਫੱਤਣ-ਸੁਦਾਈ ਤਾਂ ਮਾਤੜ ਸਾਥੀ ਈ ਆ ......। ਉਦ੍ਹੀ ਤਾਂ ਰੰਨ ਦੀਆਂ ਟੁੰਬਾਂ ਵੀ ਗੱਡੀ ਖਾ ਗਈ ..........। ਇਕ ਵਾਰ ਇੰਜਣ ਖੁਲ੍ਹਿਆ ਨਈਂ ,ਪੰਜ-ਦਸ ਜ਼ਾਰ ਥੱਲੇ ਬੰਦਾ ਆਇਆ ਨਈਂ.....’ ਆਖਦੇ ਦੇ ਉਸ ਦੇ ਭੁਰਭੁਰੇ ਬੋਲ ਕੁਝ ਚਿਰ ਲਈ ਜਿਵੇਂ ਸੁੰਨ  ਹੋ ਗਏ ਹੋਣ । ਪਰ ,ਛੇਤੀ ਹੀ ਉਹ ਅਪਣੇ ਅਮੋੜ ਵੇਗ ਅੰਦਰ ਤਾਰੀਆਂ ਮਾਰਦਾ , ਟੈਕਸੀ ਸਟੈਂਡ ਦੀਆਂ ਸਾਰੀਆਂ ਗੱਡੀਆਂ ਦੀ ਇਉਂ ਵਾਕਫ਼ੀ ਕਰਾਉਂਦਾ ਹੈ , ਜਿਵੇਂ ਰਾਮੀਂ ਉਸ ਦਾ ਚਿਰਾਂ ਤੋਂ ਵਾਕਫ਼ ਹੋਵੇ ।
- ਆਪਣੀ ਬੱਕੀ ਨੇ ਬੀ ਭਾਅ, ਦੋ ਬਾਰ ਕਰੈਂਕ ਤੋੜੀ ਆ .........ਪਹਿਲੇ ਹੱਲੇ ਹਵੇਲੀ ਰੱਖੀ ਗਈ , ਦੂਜੀ ਬਾਰ ਘਰ .......’- ਆਖਦਿਆਂ , ਉਸ ਦੀਆਂ ਰੁੱਖੀਆਂ ਅੱਖਾਂ ਦੀ ਮੱਧਮ ਜੋਤੀ , ਸੜਕ ਉਤੇ ਦੂਰ ਤੱਕ ਖਿਲਰੀ ਡੱਬ-ਖੜੱਬੀ ਧੁਪ-ਛਾਂ ਅੰਦਰ ਗੁਆਚ ਗਈ ਹੈ ਅਤੇ ਹੁਣੇ-ਹੁਣੇ ਕੈਂਚੀ ਵਾਂਗ ਲੀਰਾਂ ਕੱਟਦੀ ਉਸਦੀ ਜੀਭ , ਜ਼ਰਦਾ ਲਿਬੜੇ ਦੰਦਾਂ ਉਹਲੇ ਲੁਕੀ , ਸੁੱਸਰੀ ਵਾਂਗ ਸੌਂ ਗਈ ਹੈ ।ਉਸਦੇ ਰੋੜ੍ਹ ਅੰਦਰ ਰੁੜ੍ਹਿਆ ਰਾਮੀਂ , ਟੈਕਸੀ ਦੀ ਪਿਛਲੀ ਸੀਟ ਉਤੇ ਢੇਰੀ ਹੋਈ ਨਾਨੀ ਨੂੰ ਜਿਵੇਂ ਭੁੱਲ ਹੀ ਗਿਆ ਹੋਵੇ , ਜਿਸ ਦਾ ਅੱਧਾ ਸਰੀਰ ਹੇਠਾਂ ਵਲ ਨੂੰ ਲੁੜਕ ਗਿਆ ਹੈ । ਪੂਰਾ ਯਤਨ ਕਰਨ ਤੇ ਵੀ ਉਸ ਦੀ ਲਮਕਦੀ ਬਾਂਹ ਤੇ ਲੱਤ ਨੂੰ ਰਾਮੀਂ ਸੀਟ ਉੱਪਰ ਕਰਨੋਂ ਅਸਮਰੱਥ ਰਹਿੰਦਾ ਹੈ । ਆਖਿਰ , ਹੌਂਕਦੇ ਸਾਹਾਂ ਨੂੰ ਟਿਕਾਣੇ ਕਰਨ ਲਈ , ਉਹ ਮੁੜ ਆਪਣੀ ਸੀਟ ‘ਤੇ ਸਿੱਧਾ ਹੋ ਕੇ ਬੈਠਾ ਜਾਂਦਾ ਹੈ । ਗੱਦੇ-ਦਾਰ ਢੋਅ ਦੇ ਉੱਖੜੇ ਫੁੰਦਿਆਂ ‘ਤੇ ਸਿਰ ਟਿਕਾਈ , ਉਹ ਟੈਕਸੀ ਚਾਲਕ ਦੇ ਉੱਖੜੇ ਚਿਹਰੇ ਤੇ ਲਿਖੇ ਹਰਫ਼ਾਂ ਨੂੰ ਪੜ੍ਹਨ ਦਾ ਯਤਨ ਕਰਦਾ ਹੈ । ਉਸਦੇ ਟਿੱਬੇ-ਟੋਏ ਨਕਸ਼ਾਂ ਤੇ ਖਿੱਲਰੀ ਪਲੱਤਣ ਰਾਮੀਂ ਨੂੰ ਆਪਣੇ ਮਾਮੇਂ ਦੇ ਚਿਹਰੇ ਦੀ ਦਗ-ਦਗ ਕਰਦੀ ਲਾਲੀ ਨੂੰ ਜਿਵੇਂ ਫਿਟਕਾਰਦੀ ਜਾਪੀ ਹੈ । ਉਸ ਦੀ ਅੱਧ ਕੁਤਰੀ ਦਾਅੜ੍ਹੀ ਅੰਦਰ ਉੱਗਿਆ ਟਾਵਾਂ-ਟਾਵਾਂ ਚਿੱਟਾ ਵਾਲ , ਤਿੱਖੀਆਂ ਕਿੱਲਾਂ ਵਾਂਗ ਖੜਾ ਨਾਨੀ ਦੇ ਚਿੱਟੇ ਧੌਲਿਆਂ ਦਾ ਹਮਸਾਇਆ ਜਾਪਿਆ ਹੈ ।
ਅਗਲੇ ਹੀ ਛਿੰਨ ਰਾਮੀਂ ਨੂੰ ਆਪਣੇ , ਅਲੜ੍ਹ ਵਰੇਸ ਦੀ ਹਾਣ ਦੇ ਅਲੂਏਂ-ਕੱਕੇ ਸਿਰ ਦੇ ਵਾਲਾਂ ਤੇ ਵੀ ਘਸਮੈਲੀ ਜਿਹੀ ਸਫੈਦੀ ਫਿਰ ਗਈ ਲੱਗੀ ਹੈ । ਪਲ ਦੀ ਪਲ ਉਸ ਨੂੰ ਇਹ ਨਿਰਨਾ ਕਰਨਾ ਅਤਿ ਮੁਸ਼ਕਲ ਹੋ ਗਿਆ ਹੈ ਕਿ ਉਸਦੇ ਮਾਮੇਂ ਦੀ ਰਾਜਧਾਨੀ ਤੋਂ ਚੱਲੀ , ਪਿੰਡ ਵਲ੍ਹ ਨੂੰ ਤੇਜ਼ ਦੌੜਦੀ ਆਉਂਦੀ ਟੈਕਸੀ ਅੰਦਰ ਲਾਸ਼ ਇੱਕ ਹੈ ! ਦੋ ਹਨ !! ਜਾਂ ਕਿ ਤਿੰਨ !!!
----------------------------------
ਪਤਾ :ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
Mobile No : 094655-74866

Sunday, April 15, 2012

ਲਾਲ ਸਿੰਘ ਦਸੂਹਾ ਦੀਆਂ ਦਸ ਮਿੰਨੀ ਕਹਾਣੀਆਂ

1)“ ਫਿਕਰ “   
ਸਾਰਾ ਦਿਨ ਮੀਂਹ ਵਰਦਾ ਰਿਹਾ। ਸਾਰੀ ਰਾਤ ਵੀ। ਜਰਨੈਲੀ ਸੜਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ ਨੂੰ ਸਰਕ ਆਏ – ਅਗਲਾ ਦਿਨ ਚੜ੍ਹਦਿਆਂ ਸਾਰ ਹੀ ਠੇਕੇਦਾਰ ਦੀਆਂ ਗੰਦੀਆਂ ਜਾਲ੍ਹਾਂ ਨਾਲ ਲਿੱਬੜੇ ਤੰਬੂ ਤਾਂ ਖਤਾਨਾਂ ਦੀਆਂ ਢਲਾਨਾਂ ਵਲ ਤਿਲਕ ਗਏ, ਉਨ੍ਹਾਂ ਅੰਦਰ ਠੁਰ ਠੁਰ ਕਰਦੇ ਭਿੱਜੇ ਚੁਲ੍ਹੇ ‘ਦਿਹਾੜੀਦਾਰਾਂ’ ਲਈ ਬੁਰਕੀ ਰੋਟੀ ਵੀ ਨਾ ਪਕਾ ਸਕੇ।

ਦੂਰ ਹਟਵੇਂ ਛੱਪਡ਼ ‘ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰ੍ਹਦੀ ਮੀਂਹ ਵਿਚ ਪਰਲੂ ਚਲਾਉਣ ਦਾ ਹੁਕਮ ਦੇ ਕੇ , ਭੁੱਖੇ-ਭਾਣੇ ਮਰਦਾਂ-ਇਸਤ੍ਰੀਆਂ ਨੂੰ ਟੋਕਰੀਆਂ ਹੇਠ ਜੋੜ ਦਿੱਤਾ। ਰਾਧੀ ਦੀ ਪੰਜ ਕੁ ਸਾਲ ਦੀ ਪਿੰਨੋ ਨੇ ਮਾਂ ਦੀ ਪਾਟੀ ਸਾੜ੍ਹੀ ‘ਚੋਂ ਟੋਟੋ ਵਿਚ ਇਕ ਸਾਲ ਦੇ ਨਿੱਕੇ ਤੇਜੂ ਨੂੰ ਲਪੇਟ ਲਿਆ, ਅਤੇ ‘ਸੜਕ ਬੰਦ ਹੈ‘ ਲਿਖੇ ਦੋ ਡਰਮਾਂ ‘ਤੇ ਟਿਕਾਏ ਫੱਟੇ ਹੇਠ ਖਲੋ ਕੇ ਆਉਂਦੀਆਂ ਮੋਟਰਾਂ ਗੱਡੀਆਂ ਨੂੰ ਰੋਕ ਕੇ ਲੰਘਾਉਣ ਲਈ ਮੈਲੀ ਜਿਹੀ ਲਾਲ ਝੰਡੀ ਫੜ ਲਈ। ਦੁਪਹਿਰ ਪਿਛੋਂ ਇਸ ਸੜਕੇ ਅੰਤਰ-ਰਾਸ਼ਟਰੀ ਕਾਰ ਰੈਲੀ ਲੰਘਣ ਤੋਂ ਪਹਿਲਾਂ ਪਹਿਲਾਂ ਬਹੁਤੇ ਖ਼ਰਾਬ ਟੋਟੋ ਨੂੰ ਸੁਆਰਨ ਦੇ ਉਪਰੋਂ ਚੜ੍ਹੇ ਹੁਕਮ ਦੀ ਪਾਲਣਾ ਕਰਦੇ ਠੇਕੇਦਾਰ ਨੇ ਰਾਧੀ ਨੂੰ ਦੁੱਧ ਚੁੰਘਾਉਣ ਲਈ ਵਿਲਕਦੇ ਬਾਲ ਕੋਲ ਜਾਣੋ ਉਨ੍ਹਾਂ ਚਿਰ ਰੋਕੀ ਰੱਖਿਆ ਜਿੰਨਾ ਚਿਰ ਮਹਿਕਮੇ ਦੇ ਵੱਡੇ ਅਫ਼ਸਰ ਦੀ ਜੀਪ ਨੱਪੀ ਰੋੜੀ  ਉਪਰੋਂ ਲੰਘ ਕੇ ’ਓ.ਕੇ.‘ ਨਾਂ ਆਖ ਗਈ ।

ਠੰਡ ਨਾਲ ਠਰੇ ਸੁੰਨ ਹੋਏ ਬਾਲਾਂ ਨੂੰ ਭਿੱਜੇ ਤੰਬੂ ਅੰਦਰ ਸੁਲਘਦੀ ਅੱਗ ਦਾ ਧੂਆਂ ਸਿਕਾਉਂਦੀ ਰਾਧੀ ਨੂੰ ਨੇਰ੍ਹੀ ਵਾਂਗ ਲੰਘਦੀਆਂ ਸੁਦੇਸ਼ੀ-ਵਿਦੇਸ਼ੀ ਕਾਰਾਂ ਨਾਲ ਉਭਰ ਕੇ ਗੋਲੀ ਵਾਂਗ ਤੰਬੂ ਵਿਚ ਵਜਦੇ ਚਿੱਕੜ ਦੇ ਛਿਟਿਆਂ ਦਾ ਓਨਾ ਫਿਕਰ ਨਹੀਂ ਸੀ ਜਿਨਾ ਤਿੰਨ ਕੁ ਮੀਲਾਂ ਦੀ ਵਿੱਥ ‘ਤੇ ਵੱਸੇ ਕਰਬੇ ਤੋਂ ਠੇਕੇਦਾਰ ਦੇ ਘਰੋਂ ‘ਤਨਖਾਹ‘ ਲੈ ਕੇ ਆਟਾ-ਦਾਲ ਲੈਣ ਗਏ ਭਈਆਂ ਦਾ, ਜਿਹੜੇ ਉਦ੍ਹੇ ਬੰਦੇ ਸਮੇਤ ਏਨੀ ਰਾਤ ਗਿਆਂ ਵੀ ਹਾਲੀ ਸ਼ਹਿਰੋਂ ਨਹੀਂ ਸਨ ਪਰਤੇ।
------------
)ਈਡੀਇਟ
ਸਵੇਰ ਸਾਰ ਉੱਠ ਕੇ , ਇਸ਼ਨਾਨ ਕਰ ਕੇ , ਨਿੱਤ ਨੇਮ ਮੁਕਾ ਕੇ , ਸਰਦਾਰ ਜੀ ਅਰਦਾਸ ਕਰ ਰਹੇ ਸਨ – “ ਚਾਰ ਪੈਰ੍ਹ ਰੈਣ ਸੁੱਖ ਦੀ ਬਤੀਤ ਹੋਈ ਆ, ਚਾਰ ਪੈਰ੍ਹ ਦਿਨ ਸੁਖ ਦਾ ਬਤੀਤ ਕਰਨਾ .....ਨਾਨਕ ਨਾਮ ਚਡ਼੍ਹਦੀ ਕਲਾ ਤੇਰੇ ਭਾਣੇ ਸਰਬ.............” ਕਿ ਚਾਣਚੱਕ ਸਰਕਾਰੀ ਰੈਸਟ-ਹਾਊਸ ਦੇ ਮੁੱਖ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ।

ਬਹਿਰੇ ਨੇ ਦੋਨਾਂ ਹੱਥਾਂ ‘ਚ ਸੰਭਾਲ ਦੇ ਫਡ਼ੀ ਚਾਹ ਵਾਲੀ ਟਰੇ ਮੇਜ਼ ‘ਤੇ ਰੱਖੀ ਟੀਊਬ-ਲਾਇਟ ਦਾ ਬਟਨ ਦਬਾਇਆ । ਅੱਖ ਝਮੱਖਾ ਮਾਰ ਕੇ ਟੀਊਬ ਜਗੀ ਤੇ ਕਮਰਾ ਚਾਨਣ ਚਾਨਣ ਹੋ ਗਿਆ । ਅਰਦਾਸ ਦੀ ਇਕਾਗਰਤਾ ‘ਚੋਂ ਸਰਦਾਰ ਹੋਰਾਂ ਦਾ ਉੱਖੜਿਆ ਧਿਆਨ ਸਰ੍ਹਾਣੇ ਕੋਲ ਪਏ ਇੱਕ ਵੰਗ ਦੇ ਟੋਟੇ ਨਾਲ ਟਕਰਾ ਦੇ ਟੁਕੜੇ ਟੁਕੜੇ ਹੋ ਗਿਆ– “ਟੀ ...........ਚਾਹ ......ਨਾਨਸੈਂਨਸ .........ਅਭੀ ਨਹੀਂ .....ਈਡੀਇਟ । “
-----------------
3)ਨੀਲੀ ‘ਸ਼ਾਹੀ
ਮੰਡੀ ਵਿੱਚ ਕਣਕ ਛਾਣਦੀ ਹਾਰੀ ਥੱਕੀ ਸ਼ੰਕਰੀ ਨੇ ,ਘੁੰਡੀਆਂ ਦੀ ਪੰਡ ਜੀ .ਟੀ .ਰੋਡ ਦੀ ਪੱਕੀ ਪੱਟਡ਼ੀ ‘ਤੇ ਲਿਆ ਸੁੱਟੀ । ਆਪ ‘ ਝੁਲਕਾ ਪਾਣ ‘ ਲਈ ਸਫੈਦਿਆਂ ਦੀ ਡੱਬ-ਖੜੱਬੀ ਛਾਂ ਵਿੱਚ ਢੋ ਲਾ ਕੇ ਬੈਠ ਗਈ । ਛੇਂਵੀ ਜਮਾਤ ਵਿਚ ਪਡ਼੍ਹਦਾ ਉਸ ਦਾ ਤੀਜਾ ਪੁੱਤਰ ਕਿਸ਼ਨਾ ਸਕੂਲੋਂ ਰੋਂਦਾ ਡੁਸਕਦਾ ਆਇਆ – “ ਮਾਂ ਦਸੀ ਦਈਂ ........ਨੀਲੀ ਸ਼ਾਹੀ ਲੈਣੀ। ਗੁਰੇ ਦਾ ਦਵਾਤ ‘ਚੋਂ ਡੋਕੇ ਲਏ......ਉਹਨੇ ਮਾਰਿਆ, ਮਾਸਟਰ ਹੋਰਾਂ ਕਾਪੀ ਦੇਖੀ ....ਤਾਂ ਚਪੇੜਾਂ ਮਾਰੀਆਂ । “

ਖਾਖਾਂ ਤੇ ਲੱਗੀਆਂ ਚਪੇੜਾਂ ਦੇ ਨੀਲ ਮਾਂ ਦੀ ਬਰੀਕ ਨੀਝ ਨੇ ਗਿਣ ਲਏ । ਮੂੰਹ ਹਨੇਰੇ ਦੀ ਪੱਕੀ ਰੋਟੀ ਦੁਪਹਿਰਾਂ ਤੱਕ ਪਈ ਪਾਣੀ ਦੇ ਘੁੱਟਾਂ ਨਾਲ ਵੀ ਅੰਦਰ ਲੰਘਣੋਂ ਇਨਕਾਰੀ ਹੋਣ ਲੱਗੀ । ਸਿੱਜਲ ਅੱਖਾਂ ਨੂੰ ਸਿਰੋਂ ਅਤੇ ਪੈਰੋਂ ਨੰਗਾ ਕਿਸ਼ਨਾ ਝਉਲਾ ਝਉਲਾ ਦਿਸਣ ਲੱਗਾ । ...ਦਾਣਿਆਂ ਦੀ ਮੁਠ ‘ਕੱਠੀ ਕਰ ਲੈ .....ਤੇ ਹਟੀਉਂ ਨੀਲੀ ......।“ ਸ਼ੰਕਰੀ ਦੀ ਬਾਕੀ ਗੱਲ ਗਲਘੋਟੂ ਬਣ ਕੇ ਸੰਘੀ ‘ਚ ਅੜ  ਗਈ ।

ਛੋਹਲੇ ਪੈਰੀਂ ਕਿਸ਼ਨਾ ਸੜਕ ਵਲ ਵਧਿਆ। ਵੀਹ , ਪੰਝੀ ਫੁਟ ਲੰਮੀ ਹਵਾ ਨਾਲ ਗੱਲਾਂ ਕਰਦੀ ਇਕ ਬੀਊਕ ਕਾਰ ਕਰੀਚ ਕਰਦੀ ਬਰੇਕ ਲਾ ਕੇ ਰੁਕਦੀ ਰੁਕਦੀ ਕਿਸ਼ਨੇ ਨੂੰ ਪਾਸਾ ਮਾਰ ਕੇ ਹਵਾ ਹੋ ਗਈ । ਫੁੱਟਬਾਲ ਵਾਂਗ ਮੁੰਡਾ ਕੱਚੇ ‘ਤੇ ਰਿਡ਼੍ਹਿਆ ਤੇ ਬੇਹੋਸ਼ ਹੋ ਗਿਆ । ਦੌਡ਼ ਕੇ ਪੱਲੇਦਾਰਾਂ ਨੇ ਮੁੰਡੇ ਨੂੰ ਚੁੱਕਿਆ ਤੇ ਡਿਸਪੈਂਸਰੀ ਲੈ ਗਏ । ਬਰਾਂਡੇ ਵਿਚ ਪਏ ਲੱਕਡ਼ ਦੇ ਬੈਂਚ ‘ਤੇ ਲਿਟਾਏ ਕਿਸ਼ਨੇ ਦੇ ਦੰਦਾਂ ਤੋਂ ਲਹੂ ਪੂੰਝਦਿਆ, ਸ਼ੰਕਰੀ ਨੇ ਖਾਕੀ ਝੱਗਾ ਉੱਪਰ ਕਰ ਕੇ ਦੇਖਿਆ ਕਿ ਪਿੰਡੇ ‘ਤੇ ਲੱਗੀਆਂ ਸੱਟਾਂ ਦਾ ਰੰਗ ਖਾਖਾਂ ‘ਤੇ ਪਏ ਨੀਲ ਦੇ ਰੰਗ ਨਾਲੋਂ ਕਿਤੇ ਬਹੁਤਾ ਨੀਲਾ ਸੀ–ਨੀਲੀ ‘ਸ਼ਾਹੀ ਵਰਗਾ ।
-------------------------
4)ਕੱਲ੍ਹ ਗੱਲ ਕਰਾਂਗੇ 
ਫੈਕਟਰੀ ਕਾਮੇ ,ਫੈਕਟਰੀ ਦਫ਼ਤਰ ਤੋਂ ਬਾਹਰ , ਸੱਤ ਤਾਰੀਖ਼ ਨੂੰ ਸ਼ਾਮ ਪੰਜ ਵਜੇ , ਤਨਖਾਹ ਲੈਣ ਲਈ ਖਡ਼ੇ , ਫਿਟਰ ਹੱਥ ਫੋਰਮੈਨ ਦੇ ਓਵਰਟਾਇਮ ਲਾਉਣ ਦੇ ਸੁਨੇਹੇ ਦਾ ਓਤਰ ਭੇਜਦੇ ਹਨ – ਉਹਨੂੰ ਆਖ , ਕੱਲ੍ਹ ਗੱਲ ਕਰਾਂਗੇ । ਫੈਕਟਰੀ ਮਾਲਕ , ਦਫ਼ਤਰ ਨਾਲ ਲੱਗਦੇ ਆਰਾਮ ਕਮਰੇ ਵਿਚ ਵਿਸਕੀ ਦੀਆਂ ਦੋ ਤਿੰਨ ਗਲਾਸੀਆਂ ਚਾੜ੍ਹ ਕੇ, ਸੌਫੇ ਤੇ ਟੇਡਾ ਹੋ, ਸਿਗਰਟ ਦੇ ਲੰਮੇ ਕਸ਼ਾਂ ਦਾ ਧੂੰਆਂ ਗੋਲ ਚੱਕਰ ਬਣਾ ਕੇ ਛੱਤ ਵੱਲ ਉਲਾਰਦਾ, ਗੇਟ-ਮੈਨ ਨੂੰ ਬੁਲਾ ਕੇ ਕਹਿੰਦਾ ਹੈ – ਉਨ ਕੋ ਬੋਲੋ, ਕੱਲ੍ਹ ਗੱਲ ਕਰਾਂਗੇ। ਭੜਕੇ ਹੋਏ ਕਾਮੇ ਅੰਦਰ ਧਸ, ਮੇਜ਼ ਨੂੰ ਲੱਤ ਮਾਰ ਬੋਤਲ ਤੋੜਦੇ ਫੜ੍ਹੇ ਗਏ । ਆਪਣੀਆਂ ਹੀ ਪੱਗਾਂ ਨਾਲ ਨੂੜੇ ਹੱਥਾਂ ਨਾਲ ਠਾਣੇ ਵਿਚ ਵੜਦਿਆਂ ਨੂੰ ਹੁਕਮ ਸੁਣਦਾ ਹੈ– ਸਾਲਿਆਂ ਨੂੰ .......ਹਵਾਲਾਤ , ਕੱਲ੍ਹ ਗੱਲ ਕਰਾਂਗੇ।

ਰਿਹਾਈ ਦਾ ਹੁਕਮ ਕਰਵਾਉਣ ਲਈ ਕਾਮਿਆਂ ਦੀ ਯੂਨੀਅਨ ਦਾ ‘ਨੇਤਾ’ ਜਨ-ਨਾਇਕ ਦੇ ਨਿਵਾਸ-ਅਸਥਾਨ ‘ਤੇ ਪਹੁੰਚਦਾ ਹੈ, ਤਾਂ ਉਥੇ ਹੀ ਰੰਗ ਜਮਾਈ ਬੈਠਾ ਪੁਲਿਸ ਦਾ ਵੱਡਾ ਅਫ਼ਸਰ ਅੰਦਰੋਂ ਸੁਨੇਹਾ ਭੇਜਦਾ ਹੈ–ਹੁਣ ਮੂਡ ਠੀਕ ਨਹੀਂ, ਕੱਲ੍ਹ ਗੱਲ ਕਰਾਂਗੇ। ਭੁੱਖੇ ਭਾਣੇ, ਕੋਠੜੀ ਵਿੱਚ ਦੜੇ, ਹੂਸੜ  ਵਿਚ ਤੜਫ਼ਦੇ, ਮਾਂਗਣੂਆਂ ਮੱਛਰਾਂ ਦੀ ਜਲਣ ਨੂੰ ਖੁਰਕਦੇ, ਕਾਮੇ ਕਚੀਚੀਆਂ ਵੱਟ ਰਹੇ ਹਨ-ਅੱਜ ਦੀ ਰਾਤ ਕੱਟੋ, ਕੱਲ੍ਹ ਗੱਲ ਕਰਾਂਗੇ ।
---------------------
5)ਪ੍ਰਸ਼ਨ-ਚਿੰਨ੍ਹ
ਤੇਰਾਂ ਜਮਾਤਾਂ ਪਾਸ, ਹੜਤਾਲ ਨਾ ਕਰਨ ਦਾ ਵਾਹਦਾ-ਫਾਰਮ ਭਰ, ਕੱਪੜੇ ਦੀ ਵੱਡੀ ਮਿਲ ਵਿੱਚ ਨੌਕਰੀ ਕਰਦੀ ਸੀਤਾ, ਬੀਮਾਰ ਬੱਚੀ ਨੂੰ ਮੋਢੇ ਲਾਈ ਸਵੇਰੇ ਸੱਤ ਵਜੇ ਹਸਪਤਾਲ ਦੇ ਖੱਬੇ ਦਰਵਾਜ਼ੇ ਸਾਹਮਣੇ ਲੱਗੀ ਲੰਮੀ ਕਤਾਰ ਵਿੱਚ ਆ ਖੜੋਂਦੀ ਹੈ। ਦਸ ਵਜੇ ਤਕ ਵੀ ਡਾਕਟਰ ਦੇ ਨਾ ਪਹੁੰਚਣ ਕਾਰਨ ਪਾਣੀ ਨੂੰ ਵਿਲਕਦੇ ਬੀਮਾਰ ਬੱਚਿਆਂ ਦੀਆਂ ਮਾਵਾਂ, ਮੰਤਰੀਆਂ ਦੀਆਂ ਕੋਠੀਆਂ ਵੱਲ ਜਾਂਦੇ ਪਾਣੀ ਦੇ ਟੈਂਕਰ ਨੂੰ ਰੋਕਦੇ ਹੜਤਾਲੀ ਪਾਣੀ-ਕਾਮਿਆਂ ਦੀ ਬੇਕਾਬੂ ਭੀੜ ‘ਤੇ ਚੱਲੀ ਪੁਲੀਸ ਦੀ ਗੋਲੀ ਨਾਲ ਮਰੇ ਬੰਦਿਆਂ ਕਰਕੇ ਬੰਦ ਹੋਈ ਸੜਕ ਤੋਂ ਮੁੜਦੀਆਂ, ਸਰਕਾਰਾਂ, ਬੱਸਾਂ, ਡਾਕਟਰਾਂ, ਪੁਲਸੀਆਂ, ਹੜਤਾਲੀਆਂ ਨੂੰ ਗਾਲ੍ਹਾਂ ਕੱਢਦੀਆਂ, ਘਬਰਾਹਟ ਉਗਲਦੀਆਂ ਹਨ। ਬਾਲ ਵਰ੍ਹਾ ਮਨਾਉਣ ਲਈ ਲੱਗੇ ਸ਼ਾਮਿਆਨੇ ਅੰਦਰ ਲਟਕਦੇ ਉਦੇਸ਼ਾਂ ਕੋਲ ਖੱਚਾ-ਖੱਚ ਭਰੇ ਬਰਾਂਡੇ ਦੇ ਹੁਸੜ ਵਿੱਚ ਖੜੀ ਸੀਤਾ ਨੂੰ ਬੱਚੀ ਦੇ ਵਧਦੇ ਬੁਖਾਰ ਦੀ ਵਧਦੀ ਤਪਸ਼ ਇਕਦਮ ਘਟ ਗਈ ਜਾਪਦੀ ਹੈ, ਜਦ ਉਸ ਦੇ ਮੋਢੇ ਨਾਲ ਲਮਕਿਆ ਵਿਸਮਿਕ ਚਿੰਨ੍ਹ ਉਸ ਦੀਆਂ ਬਾਹਾਂ ਵਿੱਚ ਪ੍ਰਸ਼ਨ-ਚਿੰਨ੍ਹ ਬਣ ਕੇ ਡਿੱਗ ਪੈਂਦਾ ਹੈ।
------------------
6)ਛਾਉਣੀ 
ਸੀਮਾ ਦੀ ਰੱਖਿਆ ਲਈ ਛਾਉਣੀ ਵਿੱਚ ਕੀਤੇ ਗਏ ਵਾਧੇ ਹੇਠ ਆਈ ਪੰਜ ਕੁ ਏਕਡ਼ ਜ਼ਮੀਨ ਦਾ ਅੱਖਾਂ ਪੂੰਝਣ ਜਿੰਨਾ ਮੁਆਵਜ਼ਾ ਦੇ ਕੇ , ਕੇਂਦਰੀ ਸਰਕਾਰ ਦੀ ਪਾਈ ‘ਫਾਹੀ ’ ਨੂੰ ਨਜਿੱਠਣ ਲਈ ਰਾਜ ਦੇ ਮੁੱਖ ਮੰਤਰੀ ਨੇ  ਸ਼ਹਿਰ ਦੇ ਰੈਸਟ-ਹਾਊਸ ਵਿੱਚ ਆਉਣਾ ਸੀ ।

ਰੈਸਟ-ਹਾਊਸ ਦੀ ਸਫਾਈ ਅਤੇ ਨੇੜਿਓਂ ਦੀ ਜਰਨੈਲੀ ਸੜਕ ਦੁਆਲੇ ਲੱਗੇ ਸਫੈਂਦਿਆਂ ਹੇਠ ਨਰਸਰੀ ਦੀਆਂ ਥੈਲੀਆਂ ਵਿਚ ਉਗਾਏ ਨਿੱਕੇ ਨਿੱਕੇ ਬੂਟਿਆਂ ਨੂੰ ਸੁਆਰਨ ਦਾ ਕੰਮ ਅਜਿਹੇ ਵੇਲੇ ਕਮੇਟੀ ਵਾਲਿਆਂ ਲਈ ਬਹੁਤਾ ਹੀ ਵਧ ਜਾਂਦਾ ਹੈ। ਬਾਕੀ ਦੇ ਸ਼ਹਿਰ ਵਲੋਂ ਅਵੇਸਲੇ ਹੋ ਕੇ, ਇਕੋ ਹੀ ਥਾਂ ਝੋਕੇ ਗਏ ਸਾਰੇ ਸਫਾਈ-ਮਜ਼ਦੂਰਾਂ ਦੇ ਕੰਮ ਦਾ ਨਰੀਖਣ ਕਰ ਕੇ ਪ੍ਰਧਾਨ ਹੋਰੀਂ ਬੜੇ ਚੈਨ ਨਾਲ ਹਨੇਰੇ ਪਏ ਘਰ ਪਹੁੰਚੇ ਤੇ ਸੁਖ ਦੀ ਨੀਂਦ ਸੌਂ ਗਏ ।

ਕੇਲਿਆਂ ਦੇ ਬੂਟਿਆਂ ਨੂੰ ਧਰਤੀ ਵਿੱਚ ਗੱਡੀਆਂ ਬਾਂਸਾਂ ਦੀਆਂ ਪੌੜੀਆਂ ਦਾ ਆਸਰਾ ਦੇ ਕੇ ‘ਜੀ ਆਇਆ ਨੂੰ ‘ ਦਾ ਗੇਟ ਬਣਾਉਣ ਲਈ ਜਦ ਪ੍ਰਧਾਨ ਹੋਰੀਂ ਅਗਲੇ ਦਿਨ ਆਏ ਤਾਂ ਰੈਸਟ-ਹਾਊਸ ਅਤੇ ਸੜਕ ਵਿਚਕਾਰਲੀ ਥਾਂ ‘ਤੇ ਸਿਰਲੀਗਰਾਂ ਦੀਆਂ ਝੁੱਗੀਆਂ ਅਤੇ ਇੱਟਾਂ ਦੇ ਚੁਲ੍ਹਿਆਂ ਵਿਚ ਧੁਖਦਾ ਧੂੰਆਂ ਦੇਖ ਕੇ ਗੁੱਸਾ ਤਾਂ ਆਉਣਾ ਹੀ ਸੀ , ਪਰ ਲੀਰਾਂ-ਕਚੀਰਾਂ, ਗੰਦੀਆਂ ਝੁੱਗੀਆਂ ਲਾਗੇ ਠੰਢ ਨਾਲ ਕੁੰਗਡ਼ੀਆਂ ਖੱਚਰਾਂ ਦੀ ਖਿਲਰੀ ਲਿੱਦ ਅਤੇ ਨਿਆਣਿਆਂ ਦਾ ਮੱਲ-ਮੂਤਰ ਦੇਖ ਕੇ , ਉਹਨਾਂ ਨੂੰ ਅੱਗ ਹੀ ਲੱਗ ਗਈ। ਸਮਾਂ ਥੋੜ੍ਹਾ ਰਹਿੰਦਾ ਦੇਖ ਉਹ ਉਰਦੂ ਵਰਗੀ ਪੰਜਾਬੀ ਵਿੱਚ ਗਾਲ੍ਹਾਂ ਵਰ੍ਹਾਉਂਦੇ ਕਦੀ ਸਿਕਲੀਗਰਾਂ ਵੱਲ ਦੌੜਦੇ, ਕਦੀ ਟੈਲੀਫੋਨ ‘ਤੇ ਬੁਲਾਈ ਪੁਲਸ ਨੂੰ ਉਡੀਕਣ ਲਈ ਬਣਦੇ ਗੇਟ ਵੱਲ।

ਉੱਜੜੇ ਲੋਕਾਂ ਦੇ ਵਫ਼ਦ ਨੂੰ ਮਿਲਣ ਲਈ ਦਿੱਤੇ ਹੋਏ ਸਮੇਂ ਤੋਂ ਮੁੱਖ-ਮੰਤਰੀ ਭਾਵੇਂ ਛੇ ਘੰਟੇ ਪੱਛਡ਼ ਕੇ ਪਹੁੰਚੇ ਪਰ ਏਨਾ ਸਾਰਾ ਸਮਾਂ ਪੁਲੀਸ ਦਾ ਡੰਡਾ ਵਰਤ ਕੇ ਵੀ ਪ੍ਰਧਾਨ ਹੋਰੀਂ , ਝੁੱਗੀਆਂ ਦੀ ਛਾਉਣੀ ਨੂੰ ਗੈਸਟ-ਹਾਊਸ ਦੇ ਬਿਲਕੁਲ ਸਾਹਮਣਿਓਂ ਉਠਾਲ ਨਾ ਸਕੇ।
-------------------------
7)ਥੰਮੀਆਂ
ਉਂਝ ਤਾਂ ਸਰਦਾਰ ਹੁਣੀ ਆਮ ਕਰਕੇ ਫ਼ਸਲ ਬਾੜੀ ਦਾ ਹਿਸਾਬ ਰੱਖਣ ਲਈ ਫਾਰਮ ‘ਤੇ ਹੀ ਰਹਿੰਦੇ ਹਨ, ਪਰ ਕੁੜੀਆਂ ਦੇ ਸਕੂਲ ਅਤੇ ਕਾਲਜ ਦੇ ਕਰਤਾ-ਧਰਤਾ ਹੋਣ ਕਰਕੇ, ਦੂਜੇ ਚੌਥੇ ਅਧਿਆਪਕਾਂ ਦੇ ਆਉਣ ਜਾਣ ਦਾ ਸਮਾਂ ਚੈੱਕ ਕਰਨ ਲਈ ਜੀਪ ਦੌੜਾਨੀ ਪੈ ਜਾਂਦੀ ਏ, ਜਾਂ ਤਨਖਾਹ ਦੇ ਚੈੱਕ ਦੇਣ ਤੋਂ ਪਹਿਲਾਂ ਕਟੌਤੀ ਦੀ ਰਕਮ ਨਕਦ ਵਸੂਲ ਕਰ ਕੇ ਖਾਤੇ ਵਿੱਚ ਪਾਉਂਦਿਆਂ ਈ ਦਿਹਾੜੀ ਲੱਗ ਜਾਂਦੀ ਏ, ਜਾਂ ਚਰਿਤਰਹੀਣਤਾ ਦੇ ਦੋਸ਼ ਹੇਠ ਕੱਢ ਕੇ ਨਵੀਂ ਅਧਿਆਪਕਾ ਭਰਤੀ ਕਰਨ ਲਈ ਸ਼ਹਿਰ ਗਿਆਂ ਥੋਡ਼੍ਹਾ ਬਹੁਤ ਸਮਾਂ ਲੱਗ ਹੀ ਜਾਂਦਾ ਆ।

ਉਂਝ ਤਾਂ ਸਰਦਾਰ ਹੁਣੀ ਡੇਰ੍ਹੀ ਵਿਚਲੀਆਂ ਵਿਦੇਸ਼ੀ ਜਿਣਸ ਦੀਆਂ ਮੱਝਾਂ ਗਾਈਆਂ ਦਾ ਧਿਆਨ ਰੱਖਣ ਲਈ ਆਮ ਕਰਕੇ ਫਾਰਮ ‘ਤੇ ਹੀ ਰਹਿੰਦੇ ਹਨ, ਪਰ ਮੱਸਿਆਂ, ਪੁੰਨਿਆਂ, ਸੰਗਰਾਦ, ਗੁਰਪੁਰਬ ਤੇ ਹੋਰ ਦਿਨ-ਦਿਹਾੜੇ, ਆਪਣੇ ਨਾਂ ਥੱਲੇ ਉਸਾਰੇ ਗੁਰਦਵਾਰੇ ਵਿਚ ਰੱਖੇ ਪਾਠ ਦੇ ਭੋਗ ਸਮੇਂ ਆਪਣੇ ਸਕੂਲ ਦੇ ਬੱਚੇ ਗੁਰਦਵਾਰੇ ਬਿਠਾ ਕੇ,ਢਾਡੀਆਂ ਦੀਆਂ ਵਾਰਾਂ ਸੁਣਨ ਅਤੇ ਪ੍ਰਸ਼ਾਦ ਵਰਤਣ ਤੱਕ ਉਹਨਾਂ ਨੂੰ ਆਪ ਵੀ ਉਥੇ ਹੀ ਬਿਰਾਜੇ ਰਹਿਣਾ ਪੈਂਦਾ ਏ , ਜਾਂ ਦੇਸ਼-ਵਿਆਪੀ ਪ੍ਰਬੰਧਕ ਕਮੇਟੀ ਦੇ ਕਾਰਕੁਨ ਹੋਣ ਨਾਤੇ ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਦਾ ਨਰੀਖਸ਼ਣ ਕਰਨ ਲਈ ਸਮੇਂ ਸਮੇਂ ਲੰਮੇ ਦੌਰਿਆਂ ‘ਤੇ ਜਾਣਾ ਈ ਪੈਂਦਾ ਐ।

ਉਂਝ ਤਾਂ ਸਰਦਾਰ ਹੋਣਾਂ ਨੂੰ ਫਾਰਮ ਵਿਚ ਚਲਦੇ ਮੁਰਗੀਖਾਨੇ ਦਾ ਵੀ ਫਿਕਰ ਐ ਪਰ ਇਲਾਕੇ ਦੇ ਇਕੋ ਇਕ ਜਨ-ਸੇਵਕ ਹੋਣ ਕਰਕੇ ਸਰਕਾਰੇ । ਦਰਬਾਰੇ , ਅਦਾਲਤੀਂ ,ਦਫ਼ਤਰੀਂ ਕਿਸੇ ਨਾ ਕਿਸੇ ਨਾ ਗਿਆਂ, ਕੁਝ ਇਕ ਦਿਨ ਰਾਜਧਾਨੀਆਂ ਵਿਚ ਰਹਿ ਕੇ ਵੀ ਲੋਕਾਂ ਦੇ ਕਾਰਜ ਸੁਆਰਨੇ ਈ ਪੈਂਦੇ ਹਨ ।

ਉਂਝ ਤਾਂ ਸਰਦਾਰ ਹੋਰੀਂ ਫਾਰਮ ਵਿਚ ਚਲਦੇ ਤਿੰਨ ਟਰੈਕਟਰਾਂ , ਜੀਪ , ਕਾਰ , ਮੋਟਰਸਾਇਕਲ ਦੀ ਮਸ਼ੀਨਰੀ ਨੂੰ ਵਿਗਡ਼ਨ ਤੋਂ ਬਚਾਈ ਰੱਖਣ ਦਾ ਪੂਰਾ ਪੂਰਾ ਯਤਨ ਕਰਦੇ ਹਨ ਪਰ ਗੁਰੂ ਦੀ ਨਗਰੀ ਵਿਚ ਚਲਦੇ ਸੋਲਾਂ ਸਤਾਰਾਂ ਟਰੱਕਾਂ ਵਿਚੋਂ ਕਿਸੇ ਨਾ ਕਿਸੇ ਦੀ ਕੀਤੀ ਘਟਨਾ-ਦੁਰਘਟਨਾ ਨੂੰ ਸੰਭਾਲਣ ਲਈ ਵੀ ਸਮਾਂ ਖ਼ਰਚ ਕਰਨ ਈ ਪੈਂਦਾ ਹੈ , ਜਾਂ ਫਾਰਮ ‘ਚੋਂ ਆਲੂ ਭਰ ਕੇ ਕਲਕੱਤੇ , ਬੰਬਈ , ਜੈਪੁਰ ਲੱਥੀਆਂ ਗੱਡੀਆਂ ਦੀ ਰਕਮ ਵਸਲੂਣ ਲਈ ਗਿਆਂ ਨੂੰ ਫਾਰਮੀ ਸੂਰਾਂ ਦੀ ਵਧੀ ਗਿਣਤੀ ਤੋਂ ਪੱਲਾ ਛੁਡਵਾਉਣ ਲਈ ਇਕ ਅੱਧ ਮਹੀਨਾ ਰੁਕਣਾ ਵੀ ਪੈਂ ਜਾਂਦਾ ਹੈ ।

ਆਪਣੀ ਛੱਤਰ-ਛਾਇਆ ਹੇਠ ਚਲਦੀਆਂ ‘ਸੰਸਥਾਵਾਂ ’ ਦੀ ਮਾਲੀ ਸਹਾਇਤਾਂ ਲਈ ਉਗਰਾਹੀ ਕਰਨ ਲਈ ਕਿਤੇ ਦੂਰ ਪਾਰ ਦੇਸ਼ਾਂ ਨੂੰ ਗਏ ਹੋਣ ਤਾਂ ਵੀ ਸਭ ਕਿਸਮ ਦੀਆਂ ਸਰਕਾਰਾਂ ਦਾ ਆਇਆ ਗਿਆ ਮੰਤਰੀ ਉਹਨਾਂ ਕੋਲ ਹੀ ਠਹਿਰਦਾ ਹੈ , ਇਸ ਲਈ ਸਭਨਾਂ ਦਾ ਵਿਚਾਰ ਇਹੋ ਕਿ ਆਮ ਕਰਕੇ ਸਰਦਾਰ ਹੋਂਰੀ ਫਾਰਮ ਵਿਚ ਹੀ ਰਹਿੰਦੇ ਹਨ , ਉਂਝ।
--------------
8)ਰੂੜ੍ਹੀ 
ਮਹਾਂ-ਨਗਰ ਦੀ ਗੰਦੀ ਬਸਤੀ ਦੀ ਨੁੱਕਰੇ ਇੱਕ ਝੌਂਪਡ਼ੀ ਵਿੱਚ ਮਰਨ ਕੰਢੇ ਪਈ ਅੰਨੀ ਰੂੜ੍ਹੀ ਨੂੰ ਜਮਾਂਦਾਰ ਦੇ ਘਰੋਂ

ਰੋਟੀ ਦੇਣ ਆਉਂਦੀ ਨਿੱਕੀ ਕੁੜੀ ਪਿਆਰੀ ਦੇ ਪੈਰਾਂ ਦੀ ਬਿੜਕ ਦੀ ਤਾਂ ਪੂਰੀ ਪਛਾਣ ਸੀ, ਪਰ ਮੌਤ ਨੂੰ ਉਡੀਕਦੀਆਂ ਦੋ ਤਿੰਨ ਉਸ ਦੀਆਂ ਹਾਨਣਾਂ ਵਿਚੋਂ ਜੇ ਕੋਈ, ਕਦੀ ਕਦੀ ਪੌਤੇ ਪੜ੍ਹੋਤੇ ਨੂੰ ਪੰਜੀ ਦਸੀ ਦਾ ਲਾਲਚ ਦੇ ਕੇ ਡੰਗੋਰੀ ਫੜ੍ਹ, ਉਸ ਦਾ ਹਾਲ ਪੁੱਛਣ ਪੈਰ ਘਸੀਟਦੀ ਆਉਂਦੀ, ਤਾਂ ਬਲਗਮ ਮੱਧਮ ਆਵਾਜ਼ ਵਿੱਚ ਪੁੱਛਦੀ–“ਆਇਆ ਕੋਈ ਸੁੱਖ-ਸੁਨੇਹਾ। “

ਸਫਾਈ ਮਜ਼ਦੂਰਾਂ ਦੀ ਪਿਛਲੀ ਹੜਤਾਲ ਦੀ ਰੜਕ ਰੱਖ, ਅਫੀਮ ਕੇਸ ਬਣਾ, ਜੇਲ੍ਹ ਭੇਜੇ ਉਹਦੇ ਦਸਵੀਂ ਫੇਲ੍ਹ ਪੁੱਤਰ ਦੇ ਘਰ ਪਰਤਣ ਦੀ ਕੋਈ ਖ਼ਬਰ ਉਹਦੀ ਬਿਰਧ ਸਾਥਣ ਭਾਵੇਂ ਨਾ ਦੇਂਦੀ ਪਰ ਨਿੱਤ ਨਵੇਂ ਮਹਾਂ-ਨਗਰ ਵਿੱਚ ਵਾਪਰਦੇ ਦੰਗੇ, ਫਸਾਦ, ਚੋਰੀਆਂ, ਉਧਾਲੇ, ਟੱਕਰਾਂ, ਚੋਣਾਂ ਦੀ ਓਪਰੀ ਓਪਰੀ ਚਰਚਾ ਜ਼ਰੂਰ ਹੁੰਦੀ।

ਬਸਤੀ ਨੂੰ ਜਾਂਦੀ ਪੱਕੀ ਸੜਕ ਵਿੱਚ ਖੁੱਡੇ ,ਗਲੀਆਂ ਦੀ ਬਿਜਲੀ , ਗੰਦੇ ਪਾਣੀ ਦੇ ਨਿਕਾਸ ਲਈ ਬਣੇ ਪੱਕੇ ਨਾਲੇ ਨੂੰ ਜੁਡ਼ਦੀਆਂ ਨਾਲੀਆਂ ਨੂੰ ਠੀਕ ਕਰਵਾਉਣ ਦੇ ਪਿਛਲੇ ਤਿੰਨਾਂ ਵਰ੍ਹਿਆਂ ਵਿੱਚ ਹੋਈਆਂ ਦੋਹਾਂ ਇਲੈਕਸ਼ਨਾਂ ਸਮੇਂ ਪਰਚਾਰੇ ਨਾਹਰਿਆਂ ਦਾ ਪ੍ਰਭਾਵ ਢਾਈ ਹਜ਼ਾਰ ਵੋਟਰਾਂ ਦੀ ਬਸਤੀ ਤੋਂ ਖੁੱਸਦਾ ਦੇਖ ਕੇ , ਇਸ ਵਾਰ ਨਿਗਮ ਚੋਣਾਂ ਵਿਚ ਲਾਲ ਹਰਦਿਆਲ ਦੇ ਹਰੀਜਨ ਭਲਾਈ ਲਈ , ਹਰ ਗਲੀ ਨੂੰ ਇਕ ਇਕ ਟੈਲੀਵੀਯਨ ਮੁਫਤ ਵੰਡਣ ਦੇ ਐਲਾਨ ਦੀ ਖ਼ਬਰ ਪ੍ਰਸਿੰਨੀ ਕੋਲੋਂ ਸੁਣ ਕੇ ਰੁੜ੍ਹੀ ਬੇਹੋਸ਼ ਜਿਹੀ ਹੋ ਗਈ ।

................ ਉਸ ਨੂੰ ਜਾਪਿਆ ਜਿਵੇਂ ਉਸ ਦੇ ਪੁੱਤ ਨੂੰ ਜੇਲ੍ਹੋਂ ਛੁਡਵਾ, ਹਾਰ ਸ਼ਿੰਗਾਰ ਕੇ ਸਫਾਈ ਮਜ਼ਦੂਰ ਨਾਹਰੇ ਮਾਰਦੇ, ਉਸ ਨੂੰ ਝੌਂਪੜੀ ਅੰਦਰੋਂ ਚੁੱਕ ਕੇ, ਸਟਰੈਚਰ ‘ਤੇ ਪਾ, ਸਰਕਾਰੀ ਗੱਡੀ ‘ਤੇ ਹਸਪਤਾਲ ਲੈ ਜਾ ਕੇ,ਦਮੇ ਦੇ ਇਲਾਜ ਦੇ ਟੀਕੇ ਦੀ ਸੂਈ ਉਸ ਦੀ ਸੱਜੀ ਬਾਂਹ ਤੇ ਚੋਭ ਰਹੇ ਹੋਣ............। ਪਰ ਹੋਸ਼ ਆਉਣ ‘ਤੇ ਉਸ ਨੇ ਦੇਖਿਆ ਕਿ ਇਕ ਪੋਲਿੰਗ ਸੈਂਟਰ ਲਾਗੇ ਭੀੜ ਵਿਚ ਖੜ੍ਹੀ ਜੀਪ ਵਿੱਚੋਂ ਸਟਰੈਚਰ ‘ਤੇ ਵੋਟ ਚੁੱਕੀ ਜਾਂਦੇ ਵਰਕਰਾਂ ਨੂੰ ਟਾਂਕੇ ਵਾਲੀ ਸਰਿੰਜ ਸਾਂਭਦਾ ਡਾਕਟਰ ਜ਼ਰਾ ਛੇਤੀ ਕਰ ਲੈਣ ਲਈ ਆਖ ਰਿਹਾ ਸੀ।
-----------------
9)ਛੂਹ-ਛੁਹਾਈ 
ਸੀਤਾ ਦਾ ਪਿਤਾ ,ਰਾਜਧਾਨੀ ਦੇ ਅਫ਼ਸਰਾਂ ਦੀ ਰਿਹਾਇਸ਼ ਵਾਲੀ ਕਲੋਨੀ ਵਿੱਚ ਕਰਿਆਨੇ ਦੀ ਚੰਗੀ ਸਰਦੀ-ਪੁਜਦੀ ਦੁਕਾਨ ਕਰਦਾ , ਸਕੂਟਰ ਸਮੇਤ ਸਿਟੀ ਬਸ ਹੇਠ ਆ ਕੇ ਮਰ ਜਾਂਦਾ ਹੈ। ਆਜ਼ਾਦ ਵਿਚਾਰਾਂ ਦੀ ‘ਕੱਲੀ ਕਹਿਰੀ ਸੀਤਾ ਨੂੰ ਮਾਂ ਜ਼ੋਰ ਦੇ ਕੇ ਕਾਲਜੋਂ ਹਟਾ ਕੇ ਨੌਕਰਾਂ ਰਾਹੀਂ ਦੁਕਾਨ ਦਾ ਕੰਮ ਚਲਾਉਣ ਦਾ ਯਤਨ ਕਰਦੀ ਹੈ। ਪਰ ਵਣਜ ਵਿਹਾਰ ਤੋਂ ਅਣਜਾਨ ਸੀਤਾ ਪੱਲਾ ਗੁਆ ਕੇ ਵੀ ਅਸਫਲ ਰਹਿੰਦੀ ਹੈ। ਕਾਰੋਬਾਰੀ ਸੰਬੰਧਾਂ ਵਿਚਕਾਰ ਆੜ੍ਹਤੀਆਂ ਦਾ ਨਿੱਕਾ ਸਤੀਸ਼ ,ਵੀਹ ਹਜ਼ਾਰ ਘਰੋਂ ਕੱਢ ਸੀਤਾ ਨੂੰ ਦਰਸਾਏ ਰੰਗੀਨ ਸੁਪਨਿਆਂ ਦੇ ਸੰਸਾਰ ਵਿਚ ਜੀਣ ਲਈ ਦੂਰ ਦੁਰਾਡੇ ਕਿਸੇ ਫਿਲਮੀ ਸ਼ਹਿਰ ਅੰਦਰ ਵਸ ਕੇ , ਹੋਰ ਰੰਗੀਨੀਆਂ ਦੀ ਭਾਲ ਵਿੱਚ ਭੱਟਕਣ ਲੱਗਦਾ ਹੈ। ਰਾਜਧਾਨੀ ਦੇ ਵੱਡੇ ਮੰਦਰ ’ਚ ਫ਼ਰਸ਼ ‘ਤੇ ਪੋਚਾ ਮਾਰਦੀ ਮਾਂ ਨੂੰ ਟੋਲਦੀ, ਫਿਲਮੀ ਸ਼ਹਿਰ ਛੱਡ ਸੀਤਾ ਪੰਜ ਸਾਲਾਂ ਪਿਛੋਂ ਚਾਰ ਸਾਲਾਂ ਦੀ ਬੱਚੀ ਸਮੇਤ ਅਤਿ ਭੈੜੇ ਹਾਲੀਂ ਆ ਮਿਲਦੀ ਹੈ। ਦੇਸ਼ ਦੇ ਸਭ ਤੋਂ ਅਮੀਰ ਮਾਰਵਾੜੀ ਦੇ ਮੰਦਰ ਵਿਚਲੇ ਅਜਾਇਬ-ਘਰ ਦੇ ਪਿਛਵਾੜੇ ਬਣੇ ਨੌਕਰਾਂ ਦੇ ਕਮਰਿਆਂ ਵਿਚ ਮਾਂ ਨਾਲ ਰਹਿੰਦੀ ਸੀਤਾ ਨੂੰ, ਪ੍ਰਬੰਧਕਾਂ ਵਲੋਂ ਮਿਲਦੀਆਂ ਅੰਤਾਂ ਦੀਆਂ ਅਸ਼ੀਰਵਾਦਾਂ ਤੋਂ ਤੰਗ ਆ ਕੇ ਦੂਰ ਕਿਸੇ ਬਸਤੀ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈਦਾ ਹੈ ।
------------
10)ਰਾਜ਼ੀਨਾਮਾ
ਗੱਲ ਪਾਣੀ ਦਾ ਵਾਰੀ ਤੋਂ ਵਿਗੜੀ। ਰਾਮਾ, ਸ਼ਾਮਾ ਦੋਵੇਂ ਭਰਾ, ਸਕੇ। ਗਊ ਸੁਭਾ, ਬੀਬੇ। ਦੋਨਾਂ ਦੀਆਂ ਜੋਗਾਂ ਦਰਸ਼ਨੀ। ਅੱਧੇ ਪਿੰਡ ਦੀ ਬਿਜਾਈ ਕਰਕੇ। ਰੱਜ ਕੇ ਪੈਸੇ। ਦੋ ਖੇਤ ਖ਼ਰੀਦ ਲਏ। ਸਸਤਾ ਸਮਾਂ ਸੀ। ਵਿਆਹੋ-ਵਰ੍ਹੇ ਗਏ । ਟੱਬਰੀਆਂ ਆਈਆਂ। ਰਿਸ਼ਤਾ ਤਿੜਕ ਗਿਆ, ਭਰਾਵਾਂ ਦਾ।

ਵੱਡੇ ਨੇ ਹਵੇਲੀ ਸਾਂਭ ਲਈ, ਛੋਟੇ ਨੇ ਘਰ। ਪੰਜ-ਪੰਜ, ਛੇ-ਛੇ ਨਿਆਣੇ ਹੋਏ। ਮਾਂ ਚਲ ਵਸੀ। ਬੋਲੋਂ ਕੁਬੋਲ ਹੋ ਗਏ।ਕੰਮ ਵੱਖ ਵੱਖ ਹੋ ਗਿਆ। ‘ਕੱਲਾ‘ ਕੱਲਾ ਜੋਤੇ ਕਰੇ। ਨਿਬੇੜਾ ਘੱਟ। ਖ਼ਰਚ ਵਧ। ਗੱਲ ਹੋਰ ਵਿਗੜ ਗਈ।
ਖੇਤ ਵੰਡੇ ਗਏ। ਇਕ ਇਕ ਹਿੱਸੇ ਆਇਆ। ਖਾਲ ਦੋਨਾਂ ਨੂੰ ਇਕੋ। ਤੀਹ ਮਿੰਟਾਂ ਦੀ ਵਾਰੀ, ਸਤਵੇਂ ਦਿਨ। ਪੰਦਰਾਂ ਮਿੰਟ ਹਿੱਸੇ ਆਉਣ।ਮੀਂਹ ਪਿਆ ਨਾ, ਬਿਜਾਈ ਝੋਨੇ ਦੀ। ਸ਼ਾਮੇ ਨੇ ਵੀਹ ਮਿੰਟ ਪਾਣੀ ਲਾ ਲਿਆ। ਰਾਮਾ ਗਲ ਪੈ ਗਿਆ। ਕਹੀ ਮਾਰੀ ਛੱਡਵੀਂ। ਲੱਤ ਵੱਢੀ ਗਈ। ਸ਼ਾਮਾ ਹਸਪਤਾਲ ਪਹੁੰਚ ਗਿਆ। ਡਾਕਟਰ ਦੀ ‘ਪੂਜਾ‘ ਵੀ ਕੀਤੀ। ਛੱਬੀ ਬਣੀ ਨਾ,ਬਣੀ ਚੌਵੀ। ਸਾਰੀ ਪੰਚਾਇਤ ਠਾਣੇ। ਠਾਣੇਦਾਰ ਪੰਚਾਂ ਦੀ ‘ਮਾਂ ਦੀ,ਧੀ ਦੀ ਕਰੇ। ਆਖੇ–ਪਿੰਡ ਦਾ ਮਸਲਾ ਸੀ,ਪੰਚਾਇਤ ਮਰੀ ਹੋਈ ਸੀ। ਭਰਾ ਨੇ ਭਰਾ ਵੱਢ’ਤਾ। ਮਾਰ ਜਾਂਦਾ? ਜਾਹ ਜਾਂਦੀ। ਦੂਜਾ ਫਾਹੇ ਲਗਦਾ।

ਖੈਰ– ਪੈ-ਪੁਆ ਕੇ, ਗੱਲ ਰਾਜ਼ੀਨਾਮੇ ‘ਤੇ ਨਿੱਬੜੀ। ਦੋਨਾਂ ਦੇ ਲੱਗੇ। ਰਾਮੇ ਦਾ ਛੇ ਸੌ, ਸ਼ਾਮੇ ਦਾ ਚਾਰ ਸੌ। ਦੋਨੋਂ ਖੁਸ਼। ਜੱਫੀਆਂ ਪਾਉਣ–ਭਰਾ ਭਰਾ। ਪਿੰਡ ਆਏ। ਪੰਚ ਸੱਦੇ ਗਏ। ਦੋ ਬਲੈਡਰ ਲੱਗੇ। ਲੰਬੜ ਆਖੇ–ਇਹ ਆਂ ਰਾਜ਼ੀਨਾਮਾ ਅਸਲੀ। ਸਾਰੇ ਖੁਸ਼। ਰਾਮਾ ਵੀ, ਸ਼ਾਮਾ ਵੀ। ਨਿਆਣੇ ਵੀ , ਸਿਆਣੇ ਵੀ। ਸ਼ਾਹ ਹੱਟੀ ਵਾਲਾ ਵੀ, ਮਾਸਟਰ ਵੀ ਵੇਲੇ ਸਿਰ ਬਹੁੜੇ ਸਨ, ਵਿਆਜ ਦਾ ਕੀ ਹੁੰਦੈ?
----------
ਲੇਖਕ ਨਾਲ ਸੰਪਰਕ:: 
ਲਾਲ ਸਿੰਘ ਦਸੂਹਾ
ਨੇਡ਼ੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
Mobile No : 094655-74866

(ਇਹ ਕਹਾਣੀਆਂ ਲਾਲ ਸਿੰਘ ਦਸੂਹਾ ਦੀ 1984 ਵਿੱਚ ਛਪੀ ਪੁਸਤਕ ‘ਮਾਰਖੋਰੇ ‘ ਵਿੱਚੋਂ ਹਨ)