Showing posts with label Communal. Show all posts
Showing posts with label Communal. Show all posts

Friday, October 30, 2015

ਜ਼ੋਰਦਾਰ ਰੋਸ ਮੁਜ਼ਾਹਰਾ 4 ਨਵੰਬਰ ਨੂੰ ਡੀ.ਸੀ. ਦਫ਼ਤਰ, ਲੁਧਿਆਣਾ ਵਿਖੇ

Thu, Oct 29, 2015 at 3:29 PM
ਵਧਦੇ ਫਿਰਕੂ ਫਾਸੀਵਾਦ ਦੇ ਖਤਰੇ ਦੇ ਖਿਲਾਫ਼ ਬਣ ਰਹੀ ਨਵੀਂ ਲਹਿਰ
ਲੁਧਿਆਣਾ: 29 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):  

ਦੇਸ਼ ਵਿੱਚ ਵਧਦੇ ਫਿਰਕੂ ਫਾਸੀਵਾਦ ਦੇ ਖਤਰੇ ਦੀ ਚੁਣੌਤੀ ਦੇ ਮੱਦੇਨਜ਼ਰ ਅੱਜ ਵੱਖ-ਵੱਖ ਜਮਹੂਰੀ ਜੱਥੇਬੰਦੀਆਂ/ਸਭਾਵਾਂ, ਲੇਖਕਾਂ, ਬੁੱਧੀਜੀਵੀਆਂ ਵੱਲ਼ੋਂ ਗਠਿਤ 'ਫਿਰਕਾਪ੍ਰਸਤੀ ਵਿਰੋਧੀ ਸਾਂਝਾ ਮੋਰਚਾ, ਜ਼ਿਲਾ ਲੁਧਿਆਣਾ' ਵੱਲ਼ੋਂ ਇੱਕ ਜ਼ੋਰਦਾਰ ਮੁਜ਼ਾਹਰਾ 4 ਨਵੰਬਰ ਨੂੰ ਡੀ.ਸੀ. ਦਫ਼ਤਰ, ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। ਮੁਜ਼ਾਹਰੇ ਤੋਂ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ (ਫਿਰੋਜਗਾਂਧੀ ਮਾਰਕੀਟ) ਤੋਂ ਭਾਰਤ ਨਗਰ ਚੌਂਕ ਤੇ ਡੀ.ਸੀ. ਦਫ਼ਤਰ ਤੱਕ ਇੱਕ ਪੈਦਲ ਮਾਰਚ ਕੀਤਾ ਜਾਵੇਗਾ। ਹਿੰਦੂਤਵੀ ਕੱਟੜਪੰਥੀ ਤਾਕਤਾਂ ਜਿਸ ਕਦਰ ਦੇਸ਼ ਵਿੱਚ ਧਾਰਮਿਕ ਘੱਟਗਿਣਤੀਆਂ, ਜਮਹੂਰੀ, ਵਿਗਿਆਨਕ ਸੋਚ ਰੱਖਣ ਵਾਲੇ ਸਮਾਜਿਕ ਕਾਰਕੁੰਨਾਂ, ਲੇਖਕਾਂ, ਪੱਤਰਕਾਰਾਂ ਆਦਿ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ ਉਸਨੂੰ ਗੰਭੀਰਤਾ ਨਾਲ਼ ਲੈਂਦੇ ਹੋਏ ਇਸ ਖਿਲਾਫ਼ ਜਨਤਕ ਟਾਕਰੇ ਦੀ ਲੋੜ ਮਹਿਸੂਸ ਕੀਤੀ ਗਈ ਹੈ। ਸਾਂਝੇ ਮੋਰਚੇ ਨੇ ਫਿਰਕੂ ਫਾਸੀਵਾਦ ਖਿਲਾਫ਼ ਡਟ ਕੇ ਲੜਾਈ ਲੜਨ ਦਾ ਫੈਸਲਾ ਕੀਤਾ ਹੈ।  
ਸਾਂਝੇ ਮੋਰਚੇ ਦਾ ਮੰਨਣਾ ਹੈ ਕਿ ਹਿੰਦੂਤਵੀ ਕੱਟੜਪੰਥੀ ਤਾਕਤਾਂ ਦਾ ਸਪੱਸ਼ਟ ਨਿਸ਼ਾਨਾ ਅਸਲ ਵਿੱਚ ਲੋਕਾਂ ਦੇ ਆਰਥਿਕ-ਸਿਆਸੀ, ਜਮਹੂਰੀ ਹੱਕ ਹਨ। ਭਾਰਤ ਦੀ ਕੇਂਦਰ ਸਰਕਾਰ ਉੱਤੇ ਕਾਬਜ਼ ਹਿੰਦੂਤਵੀ ਕੱਟੜਪੰਥੀ ਭਾਜਪਾ ਨੰਗੇ-ਚਿੱਟੇ ਰੂਪ ਵਿੱਚ ਦੇਸੀ-ਵਿਦੇਸ਼ੀ ਸਰਮਾਏਦਾਰ ਜਮਾਤ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਵਾਸਤੇ ਹਰ ਘਿਣਾਉਣਾ ਢੰਗ ਵਰਤਿਆ ਜਾ ਰਿਹਾ ਹੈ। ਸਾਂਝੇ ਮੋਰਚੇ ਦਾ ਇਹ ਮੰਨਣਾ ਹੈ ਕਿ ਭਾਂਵੇਂ ਹਿੰਦੂਤਵੀ ਕੱਟੜਪੰਥੀ ਫਾਸੀਵਾਦੀ ਤਾਕਤਾਂ ਲੋਕਾਂ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ ਪਰ ਹੋਰ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਵੀ ਲੋਕਾਂ ਦੀਆਂ ਦੁਸ਼ਮਣ ਹਨ ਅਤੇ ਇਹਨਾਂ ਖਿਲਾਫ਼ ਵੀ ਬੇਕਿਰਕ ਲੜਾਈ ਲੜਨੀ ਹੋਵੇਗੀ। ਘੱਟ ਗਿਣਤੀ ਫਿਰਕਾਪ੍ਰਸਤੀ ਵੀ ਅਸਲ ਵਿੱਚ ਹਿੰਦੂਤਵੀ ਫਾਸੀਵਾਦ ਦੀ ਪੂਰਕ ਹੈ। ਘੱਟ ਗਿਣਤੀ ਧਾਰਮਿਕ ਫਿਰਕਿਆਂ ਦੇ ਲੋਕਾਂ ਨੂੰ ਹਿੰਦੂਤਵੀ ਫਿਰਕਾਪ੍ਰਸਤੀ ਦਾ ਜਵਾਬ ਫਿਰਕਾਪ੍ਰਸਤ ਕੱਟੜਪੰਥ ਰਾਹੀਂ ਨਹੀਂ ਸਗੋਂ ਸਭ ਧਰਮਾਂ ਦੇ ਲੋਕਾਂ ਦੀ ਏਕਤਾ ਦੇ ਅਧਾਰ ਉੱਤੇ ਦੇਣਾ ਚਾਹੀਦਾ ਹੈ।
ਸਾਂਝੇ ਮੋਰਚੇ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਦੀ ਲੋੜ ਮਹਿਸੂਸ ਕਰਦਿਆਂ ਸਾਂਝੇ ਮੋਰਚੇ ਤੋਂ ਬਾਹਰ ਰਹਿ ਗਈਆਂ ਜੱਥੇਬੰਦੀਆਂ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਸੂਬੇ ਅਤੇ ਦੇਸ਼ ਪੱਧਰ ਉੱਤੇ ਫਿਰਕੂ ਫਾਸੀਵਾਦ ਖਿਲਾਫ਼ ਸਾਂਝਾ ਮੋਰਚੇ ਦੀ ਲੋੜ ਮਹਿਸੂਸ ਕਰਦਿਆਂ ਇਸ ਵਾਸਤੇ ਕੋਸ਼ਿਸ਼ਾਂ ਕਰਨ ਦਾ ਐਲਾਨ ਵੀ ਕੀਤਾ ਗਿਆ।
'ਫ਼ਿਰਕਾਪ੍ਰਸਤੀ ਵਿਰੋਧੀ ਸਾਂਝਾ ਮੋਰਚਾ, ਜ਼ਿਲਾ ਲੁਧਿਆਣਾ' ਵਿੱਚ ਜਮਹੂਰੀ ਅਧਿਕਾਰ ਸਭਾ, ਬਿਗੁਲ ਮਜ਼ਦੂਰ ਦਸਤਾ, ਏਟਕ, ਸੀ.ਆਈ.ਟੀ.ਯੂ., ਇਨਕਲਾਬੀ ਕੇਂਦਰ ਪੰਜਾਬ, ਪੰਜਾਬ ਲੋਕ ਸਭਿਆਚਾਰਕ ਮੰਚ, ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ, ਇਪਟਾ, ਸੋਸ਼ਲ ਥਿੰਕਰਜ਼ ਫੋਰਮ, ਤਰਕਸ਼ੀਲ ਸੁਸਾਇਟੀ, ਡੀ.ਵਾਈ.ਐਫ.ਆਈ., ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਲੋਕ ਏਕਤਾ ਸੰਗਠਨ, ਲਫ਼ਜਾਂ ਦਾ ਪੁਲ ਸਾਹਿਤ ਸਭਾ, ਜੁਆਇੰਟ ਕਾਉਂਸਿਲ ਆਫ ਟ੍ਰੇਡ ਯੂਨੀਅਨਜ਼, ਟੀ.ਐਸ.ਯੂ., ਸੰਤ ਰਾਮ ਉਦਾਸੀ ਲਿਖਾਰੀ ਸਭਾ, ਮਹਾਂ ਸਭਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ, ਹੌਜ਼ਰੀ ਵਰਕਰਜ਼ ਯੂਨੀਅਨ, ਸਰਵ ਸਾਂਝਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਆਦਿ ਜਮਹੂਰੀ ਜੱਥੇਬੰਦੀਆਂ/ਸਭਾਵਾਂ ਸ਼ਾਮਲ ਹਨ। ਅਨੇਕਾਂ ਹੋਰਨਾਂ ਜੱਥੇਬੰਦੀਆਂ ਵੱਲ਼ੋਂ ਵੀ ਸਾਂਝੇ ਮੋਰਚੇ ਨੂੰ ਸਹਿਯੋਗ ਪ੍ਰਾਪਤ ਹੋ ਰਿਹਾ ਹੈ।
ਇਸ ਲਹਿਰ ਨਾਲ ਜੁੜਨ ਲਈ ਸੰਪਰਕ: ਲਖਵਿੰਦਰਬਿਗੁਲ ਮਜ਼ਦੂਰ ਦਸਤਾ, ਲੁਧਿਆਣਾ: ਮੋਬਾਈਲ 9646150249

Monday, October 19, 2015

ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਡੂੰਘੀ ਰਾਜਸੀ ਸਾਜ਼ਿਸ਼: ਖੱਬਾ ਮੋਰਚਾ


ਜਨਤਕ ਉਭਾਰ ਤਿੱਖਾ ਹੁੰਦੇ ਸਾਰ ਹੁੰਦੀਆਂ ਨੇ ਅਜਿਹੀਆਂ ਘਿਨਾਉਣੀਆਂ ਸਾਜ਼ਿਸ਼ਾਂ
ਜਲੰਧਰ: 18 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬ ਫਿਰ ਲਹੂ ਲੁਹਾਨ ਹੋਣ ਵਾਲੇ ਮਾਹੌਲ ਵੱਲ ਹੈ। ਲੋਕ ਰੋਜ਼ੀ ਰੋਟੀ ਦੇ ਮਸਲਿਆਂ ਵਿੱਚ ਉਲਝੇ ਹੋਏ ਹਨ। ਸਾਰਾ ਸਾਰਾ ਟੱਬਰ ਕੰਮ ਕਰਕੇ ਵੀ ਦੋ ਵਕ਼ਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਜੁੜਦੀ ਹੈ। ਉੱਪਰੋਂ ਮੁਸੀਬਰ ਇਹ ਕਿ ਪੰਜਾਬ ਵਿੱਚ ਫਿਰ ਗੋਲੀਆਂ ਵਾਲਾ ਮਾਹੌਲ ਬਣ ਗਿਆ ਹੈ।ਪਿਛਲੇ ਕੁਝ ਦਿਨਾਂ ਤੋਂ ਪ੍ਰਾਂਤ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀਆਂ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਉੱਪਰ ਚਾਰ-ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸੀ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ, ਸੀ ਪੀ ਆਈ (ਐੱਮ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਚਰਨ ਸਿੰਘ ਵਿਰਦੀ, ਸੀ ਪੀ ਐੱਮ ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਬਖਤਪੁਰਾ ਨੇ ਜਾਰੀ ਕੀਤੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਸ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਨਿਸ਼ਚਿਤ ਰੂਪ 'ਚ ਇਕ ਡੂੰਘੀ ਰਾਜਸੀ ਸਾਜ਼ਿਸ਼ ਹੈ, ਜੋ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਵੱਲ ਸੇਧਿਤ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਨਾ ਕੇਵਲ ਸਿੱਖਾਂ ਲਈ ਬਲਕਿ ਸਮੁੱਚੀ ਮਾਨਵਤਾਵਾਦੀ ਲੋਕਾਈ ਲਈ ਪਵਿੱਤਰ ਅਤੇ ਆਦਰਯੋਗ ਹਨ। ਇਸ ਸੰਦਰਭ 'ਚ ਸ਼ਰਾਰਤੀ ਤੇ ਫੁੱਟਪਾਊ ਅਨਸਰਾਂ ਦੀਆਂ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਨਾਲ ਲੋਕਾਂ ਦੇ ਜਜ਼ਬਾਤਾਂ ਨੂੰ ਭਾਰੀ ਸੱਟ ਵੱਜੀ ਹੈ। ਕਮਿਊਨਿਸਟ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਕੁਕਰਮਾਂ ਨੂੰ ਰੋਕਣ ਲਈ ਸੰਬੰਧਤ ਦੋਸ਼ੀ ਵਿਅਕਤੀਆਂ ਦੀ ਤੁਰੰਤ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਢੁੱਕਵੀਆਂ ਸਜ਼ਾਵਾਂ ਦੇ ਭਾਗੀ ਬਣਾਇਆ ਜਾਵੇ। ਇਹਨਾਂ ਆਗੂਆਂ ਨੇ ਕਿਹਾ ਕਿ ਜਦੋਂ ਵੀ ਹਾਕਮਾਂ ਦੀਆਂ ਲੋਕਮਾਰੂ ਨੀਤੀਆਂ ਵਿਰੁੱਧ ਜਨਤਕ ਉਭਾਰ ਤਿੱਖਾ ਹੁੰਦਾ ਹੈ, ਉਦੋਂ ਹੀ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਹਕੀਕੀ ਮੁਸ਼ਕਲਾਂ ਤੋਂ ਲਾਂਭੇ ਲਿਜਾਣ ਲਈ ਅਜਿਹੀਆਂ ਘਿਨਾਉਣੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨ। ਇਹਨਾਂ ਹਾਲਾਤਾਂ 'ਚ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਪ੍ਰਾਂਤ ਦੀ ਅਮਨ-ਸ਼ਾਂਤੀ ਦੀ ਰਾਖੀ ਲਈ ਅਜਿਹੇ ਫੁੱਟਪਾਊ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਪ੍ਰਤੀ ਮੁਕੰਮਲ ਚੌਕਸੀ ਤੋਂ ਕੰਮ ਲਿਆ ਜਾਵੇ ਅਤੇ ਭਾਈਚਾਰਕ ਸਦਭਾਵਨਾ ਦੀਆਂ ਆਪਣੀਆਂ ਸ਼ਾਨਦਾਰ ਰਵਾਇਤਾਂ ਦੀ ਰਾਖੀ ਕਰਨ ਅਤੇ ਉਹਨਾਂ ਨੂੰ ਹੋਰ ਬੁਲੰਦ ਕਰਨ ਲਈ ਸਭ ਸੰਭਵ ਯਤਨ ਕੀਤੇ ਜਾਣ। ਹੁਣ ਦੇਖਣਾ ਹੈ ਕਿ ਤਕਰੀਬਨ ਦੋ ਦਹਾਕਿਆਂ ਤੱਕ ਖੂਨਖਰਾਬਾ ਦੇਖ ਚੁੱਕੇ ਲੋਕ ਸਮਝਦਾਰੀ ਤੋਂ ਕੰਮ ਲੈਂਦੇ ਹਨ ਜਾਂ ਸਾਜ਼ਿਸ਼ੀ ਹਵਾਵਾਂ ਫਿਰ ਕੋਈ ਨਵੀਂ ਚਾਲ ਚੱਲਣ ਵਿੱਚ ਕਾਮਯਾਬ ਰਹਿੰਦੀਆਂ ਹਨ। 
 

Sunday, October 11, 2015

ਫਿਰਕੂ ਜ਼ਹਿਰ ਦੇ ਖਿਲਾਫ਼ ਰੋਸ ਪ੍ਰਗਟਾਵਿਆਂ ਦਾ ਸਿਲਸਿਲਾ ਲਗਾਤਾਰ ਤਿੱਖਾ

ਹੁਣ ਗੁਰਬਚਨ ਭੁੱਲਰ ਅਤੇ ਸਾਰਾ ਜੋਜ਼ਫ਼ ਵੱਲੋਂ ਵੀ ਅਸਤੀਫੇ 
ਚੰਡੀਗੜ੍ਹ//ਤਿਰੁਵਨੰਤਪੁਰਮ: 10 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਦੇਸ਼-ਵਿਦੇਸ਼ ਵਿੱਚ ਫੈਲਾਈ ਜਾ ਰਹੀ ਫਿਰਕੂ ਜ਼ਹਿਰ ਦੇ ਖਿਲਾਫ਼ ਰੋਸ ਪ੍ਰਗਟਾਵਿਆਂ ਦਾ ਸਿਲਸਿਲਾ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਫਿਰਕੂ ਜਨੂੰਨੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਅਤੇ ਇਨ੍ਹਾਂ ਹਮਲਿਆਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਵਿਰੁੱਧ ਸਾਹਿਤਕਾਰਾਂ ਨੇ ਮੋਰਚਾ ਸੰਭਾਲਿਆ ਹੈ। ਨਾਯਨਤਾਰਾ ਸਹਿਗਲ ਅਤੇ ਅਸ਼ੋਕ ਵਾਜਪਈ ਵੱਲੋਂ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬੀ ਦੇ ਨਾਮਵਰ ਲੇਖਕ ਗੁਰਬਚਨ ਸਿੰਘ ਭੁੱਲਰ ਅਤੇ ਮਲਿਆਲੀ ਲੇਖਿਕਾ ਸਾਰ੍ਹਾ ਜੋਜਫ ਨੇ ਵੀ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤੇ ਹਨ, ਜਦਕਿ ਉੱਘੇ ਕਵੀ ਤੇ ਲੇਖਕ ਕੇ ਸਚਿਦਾਨੰਦਨ ਨੇ ਸਾਹਿਤ ਅਕਾਦਮੀ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਇੱਕ ਸੰਕੇਤ ਹੈ ਕਿ ਸਰਕਾਰਾਂ ਦਾ ਦਖਲ ਅਤੇ ਦਬਾਅ ਅਜਿਹੀਆਂ ਸੰਸਥਾਵਾਂ ਵਿੱਚ ਕਿੰਨਾ ਵਧ ਚੁੱਕਿਆ ਹੈ। 
ਦੇਸ਼ ਭਰ ਵਿਚ ਸਾਹਿਤ ਤੇ ਸੱਭਿਆਚਾਰ ਸਾਹਮਣੇ ਖੜੀਆਂ ਹੋ ਰਹੀਆਂ ਚੁਣੌਤੀਆਂ ਦੇ ਹਵਾਲੇ ਨਾਲ ਪ੍ਰਸਿੱਧ ਪੰਜਾਬੀ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਣ ਦਾ ਫ਼ੈਸਲਾ ਕੀਤਾ ਹੈ। ਆਪਣੇ ਸੰਖੇਪ ਜਿਹੇ ਬਿਆਨ ਵਿਚ ਉਹਨਾਂ ਨੇ ਕਿਹਾ ਹੈ, “ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸੱਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸੱਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ।”
ਅਜਿਹੀਆਂ ਘਟਨਾਵਾਂ ਦੇ ਇਤਿਹਾਸ ਵਿਚ ਜਾਂਦਿਆਂ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ, ਪਰ ਇਹ ਚਿਤਾਰਨਾ ਵੀ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ਼ ਦੀ ਮੰਦਭਾਗੀ ਵੋਟ ਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ, ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਇਹ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨ-ਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ।
ਸਾਹਿਤ ਅਕਾਦਮੀ ਦੀ ਭੂਮਿਕਾ ਦੀ ਨੁਕਤਾਚੀਨੀ ਕਰਦਿਆਂ ਅਤੇ ਪੁਰਸਕਾਰ ਮੋੜਨ ਦਾ ਕਾਰਨ ਦਸਦਿਆਂ ਉਹਨਾਂ ਨੇ ਕਿਹਾ ਹੈ, “ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ।”ਬਿਆਨ ਦੇ ਅੰਤ ਵਿਚ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸੱਭਿਆਚਾਰ, ਖਾਸ ਕਰਕੇ ਮੇਰੇ ਲੋਕ ਜ਼ਖ਼ਮਾਂ ਦੇ ਬਾਵਜੂਦ ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ! ਦੇਸ਼ 'ਚ ਫ਼ਿਰਕੂ ਹਿੰਸਾ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਵਿਰੋਧ 'ਚ ਮਲਿਆਲੀ ਭਾਸ਼ਾ ਦੀ ਪ੍ਰਸਿੱਧ ਲੇਖਿਕਾ ਸਾਰਾ ਜੋਸੇਫ਼ ਨੇ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਉਨ੍ਹਾ ਦੇ ਨਾਲ ਹੀ ਮਲਿਆਈ ਅਤੇ ਅੰਗਰੇਜ਼ੀ ਭਾਸ਼ਾ ਦੇ ਕਵੀ ਕੇ ਸਚਿਦਾਨੰਦ ਨੇ ਦੇਸ਼ 'ਚ ਫ਼ਿਰਕੂ ਹਿੰਸਾ ਦੇ ਵਧਦੇ ਮਾਮਲਿਆਂ ਦੇ ਵਿਰੋਧ 'ਚ ਸਾਹਿਤ ਅਕਾਦਮੀ ਤੋਂ ਅਸਤੀਫ਼ਾ ਦੇ ਦਿੱਤਾ ਹੈ। 2014 'ਚ ਕਿਸ਼ੂਰ ਤੋਂ ਆਪ ਦੀ ਟਿਕਟ 'ਤੇ ਚੋਣ ਲੜ ਚੁੱਕੀ ਸਾਰਾ ਜੋਸੇਫ਼ ਨੂੰ ਉਨ੍ਹਾ ਦੇ ਨਾਵਲ ਆਲਹਾਯੁਧੇ ਪੇਨ ਮਕਲ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਨ੍ਹਾ ਨੂੰ ਇਸ ਨਾਵਲ ਤੇ ਵਾਇਲਾਰ ਸਨਮਾਨ ਵੀ ਮਿਲ ਚੁੱਕਾ ਹੈ। ਉਨ੍ਹਾ ਕਿਹਾ ਕਿ ਦੇਸ਼ 'ਚ ਫ਼ਿਰਕੂ ਹਿੰਸਾ 'ਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ 'ਚ ਉਨ੍ਹਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਸਾਰਾ ਤੋਂ ਪਹਿਲਾਂ ਕਈ ਹੋਰ ਲੇਖਕ ਵੀ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਚੁੱਕੇ ਹਨ। ਅਜਿਹੇ ਮਾਮਲਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਤੋਂ ਦੁਖੀ ਹੋ ਕੇ ਲਲਿਤ ਕਲਾ ਅਕਾਦਮੀ ਦੇ ਸਾਬਕਾ ਮੁਖੀ ਅਸ਼ੋਕ ਵਾਜਪਾਈ ਨੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਸੀ। ਪੰਡਤ ਨਹਿਰੂ ਦੀ ਭਾਣਜੀ ਨੈਨਤਾਰਾ ਸਹਿਗਲ ਵੀ ਆਪਣਾ ਪੁਰਸਕਾਰ ਵਾਪਸ ਕਰ ਚੁੱਕੀ ਹੈ।
ਲੇਖਕ ਸ਼ਸ਼ੀ ਦੇਸ਼ ਪਾਂਡੇ ਨੇ ਵੀ ਸ਼ੁੱਕਰਵਾਰ ਨੂੰ ਸਾਹਿਤ ਅਕਾਦਮੀ ਦੀ ਜਨਰਲ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾ ਨੂੰ 1990 'ਚ ਸਾਹਿਤ ਅਕਾਦਮੀ ਪੁਰਸਕਾਰ ਅਤੇ 2009 'ਚ ਪਦਮ ਸ੍ਰੀ ਨਾਲ ਸਨਮਾਨਿਆ ਗਿਆ ਸੀ। ਹਿੰਦੀ ਲੇਖਕ ਉਦੈ ਪ੍ਰਕਾਸ਼ ਵੀ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਚੁੱਕੇ ਹਨ। ਇਸੇ ਦੌਰਾਨ ਪ੍ਰਸਿੱਧ ਕਵੀ ਅਤੇ ਲੇਖਕ ਕੇ ਸਚਿਦਾਨੰਦਨ ਨੇ ਸਾਹਿਤ ਅਕਾਦਮੀ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਿਹਾ ਕਿ ਇਹ ਸਾਹਿਤਕ ਸੰਸਥਾ ਲੇਖਕਾਂ ਨਾਲ ਖੜਨ ਅਤੇ ਪ੍ਰਗਟਾਵੇ ਦੀ ਅਜ਼ਾਦੀ ਬਾਰੇ ਆਪਣਾ ਫਰਜ਼ ਨਿਭਾਉਣ 'ਚ ਨਾਕਾਮ ਰਹੀ ਹੈ। ਜ਼ਿਕਰਯੋਗ ਹੈ ਕਿ ਸਚਿਦਾਨੰਦਨ ਅਕਾਦਮੀ ਦੀ ਜਨਰਲ ਕੌਂਸਲ, ਕਾਰਜਕਾਰੀ ਬੋਰਡ ਅਤੇ ਵਿੱਤ ਕਮੇਟੀ 'ਚ ਮੈਂਬਰ ਸਨ। ਉਨ੍ਹਾ ਕਿਹਾ ਕਿ ਮੈਨੂੰ ਦੁੱਖ ਹੈ ਕਿ ਸਾਹਿਤ ਅਕਾਦਮੀ ਆਪਣਾ ਫਰਜ਼ ਨਿਭਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾ ਕਿਹਾ ਕਿ ਪ੍ਰਸਿੱਧ ਲੇਖਕ ਕਲਬੁਰਗੀ ਦੇ ਕਤਲ ਵੇਲੇ ਮੈਂ ਸਾਹਿਤ ਅਕਾਦਮੀ ਨੂੰ ਪੱਤਰ ਲਿਖਿਆ ਸੀ, ਜਿਸ 'ਤੇ ਉਨ੍ਹਾ ਨੇ ਬੰਗਲੌਰ 'ਚ ਸ਼ੋਕ ਸਭਾ ਕੀਤੀ, ਜਦਕਿ ਕੌਮੀ ਪੱਧਰ 'ਤੇ ਕੁਝ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾ ਕਿਹਾ ਕਿ ਅਕਾਦਮੀ ਵੱਲੋਂ ਮਤਾ ਪਾਸ ਕਰਨ ਦੀ ਮੇਰੀ ਬੇਨਤੀ ਦਾ ਕੋਈ ਹੁੰਗਾਰਾ ਨਾ ਭਰਿਆ ਗਿਆ। ਇੰਗਲਿਸ਼ ਅਤੇ ਮਲਿਆਲਮ 'ਚ ਲਿਖਣ ਵਾਲੇ ਇਸ ਲੇਖਕ ਨੇ ਕਿਹਾ ਕਿ ਉਨ੍ਹਾ ਨੂੰ ਸਾਹਿਤ ਅਕਾਦਮੀ ਦੇ ਰਵੱਈਏ 'ਤੇ ਦੁੱਖ ਪੁੱਜਾ। ਉਨ੍ਹਾ ਕਿਹਾ ਕਿ ਅਕਾਦਮੀ ਨੇ ਉਸ ਵੇਲੇ ਸਰਕਾਰ ਵਿਰੁੱਧ ਮਤਾ ਪਾਸ ਕੀਤਾ ਸੀ, ਜਿਸ ਵੇਲੇ ਸਰਕਾਰ ਨੇ ਸਲਮਾਨ ਰਸ਼ੀਦੀ ਦੀ ਕਿਤਾਬ 'ਤੇ ਪਾਬੰਦੀ ਲਾਈ ਸੀ, ਪਰ ਹੁਣ ਲੇਖਕਾਂ ਅਤੇ ਚਿੰਤਕਾਂ ਦੇ ਕਤਲਾਂ ਵਿਰੁੱਧ ਅਕਾਦਮੀ ਕੋਈ ਕਾਰਵਾਈ ਕਰਨ 'ਚ ਨਾਕਾਮ ਰਹੀ ਹੈ, ਜਦਕਿ ਇਸ ਵੇਲੇ ਲੇਖਕਾਂ ਦੀ ਜ਼ਿੰਦਗੀ ਅਤੇ ਅਜ਼ਾਦੀ ਦਾ ਸੁਆਲ ਹੈ। ਉਨ੍ਹਾ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਸਾਡੇ ਨਾਲ ਹਨ। ਹੁਣ ਦੇਖਣਾ ਹੈ ਕਿ ਬੁਧੀਜੀਵੀਆਂ ਦਾ ਇਹ ਸੰਘਰਸ਼ ਆਮ ਲੋਕਾਂ ਦਾ ਸੰਘਰਸ਼ ਕਦੋਂ ਬਣਦਾ  ਹੈ!

Sunday, February 15, 2015

ਵਿਚਾਰ ਗੋਸ਼ਟੀ:ਫਿਰਕਾਪ੍ਰਸਤੀ ਅੱਜ ਬਣ ਚੁੱਕੀ ਹੈ ਬੇਹੱਦ ਗੰਭੀਰ ਚੁਣੌਤੀ



ਲੋਕਾਂ ਨੂੰ ਧਰਮਾਂ ਦੇ ਨਾਂ ਉੱਤੇ ਵੰਡਣ-ਲੜਾਉਣ ਵਾਲਿਆਂ ਤੋਂ ਖ਼ਬਰਦਾਰ ਰਹਿਣਾ ਹੋਵੇਗਾ 
ਸੈਮੀਨਾਰ ਵਿੱਚ ਫਿਰਕੂ ਤਾਕਤਾਂ ਦੇ ਖਿਲਾਫ਼ ਇਕਮੁੱਠ ਸੰਘਰਸ਼ ਤੇਜ਼ ਕਰਨ ਦਾ ਵੀ ਸੱਦਾ 
ਲੁਧਿਆਣਾ: 15 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਅੱਜ ਇੱਥੇ ਲੁਧਿਆਣੇ ਵਿਖੇ ਜਮਾਲਪੁਰ ਦੀ ਡਾ.ਅੰਬੇਡਕਰ ਧਰਮਸ਼ਾਲਾ ਵਿੱਚ ਨੌਜਵਾਨ ਭਾਰਤ ਸਭਾ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ‘‘ਭਾਰਤ ਵਿੱਚ ਫਿਰਕਾਪ੍ਰਸਤੀ ਦੀ ਵੱਧਦੀ ਚੁਣੌਤੀ’’ ਦੇ ਮੁੱਦੇ ‘ਤੇ ਗੰਭੀਰ ਵਿਚਾਰ-ਚਰਚਾ ਹੋਈਵੱਖ-ਵੱਖ ਜਮਹੂਰੀ ਜੱਥੇਬੰਦੀਆਂ ਦੇ ਕਾਰਕੁੰਨ, ਆਗੂ, ਜਮਹੂਰੀ ਸੂਝ ਦੇ ਧਾਰਨੀ ਬੁੱਧੀਜੀਵੀ ਅਤੇ ਆਮ ਨਾਗਿਰਕ ਮੁੱਖ ਤੌਰ ‘ਤੇ ਨੌਜਵਾਨ ਤੇ ਮਜ਼ਦੂਰ ਵਿਚਾਰ-ਗੋਸ਼ਟੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
          ਵਿਚਾਰ ਗੋਸ਼ਟੀ ਵਿੱਚ ਵਿਚਾਰ ਪ੍ਰਗਟ ਕਰਦੇ ਹੋਏ ਮੁੱਖ ਬੁਲਾਰੇ ਗਿਆਨ ਪ੍ਰਸਾਰ ਸਮਾਜ ਦੇ ਕਨਵੀਨਰ ਡਾ.ਅੰਮ੍ਰਿਤਪਾਲ ਨੇ ਕਿਹਾ ਕਿ ਅੱਜ ਧਰਮ ਦੇ ਨਾਂ ਤੇ ਫੈਲਾਈ ਜਾ ਰਹੀ ਫਿਰਕਾਪ੍ਰਸਤ ਨਫ਼ਰਤ ਬੇਹੱਦ ਗੰਭੀਰ ਮਸਲਾ ਬਣ ਚੁੱਕੀ ਹੈ। ਅੱਜ ਸਭ ਤੋਂ ਵੱਡਾ ਖ਼ਤਰਾ ਹਿੰਦੂ ਧਰਮ ਦੀ ਰੱਖਿਆ ਦੇ ਨਾਂ ਉੱਤੇ ਘੱਟਗਿਣਤੀਆਂ ਖਾਸਕਰ ਮੁਸਲਮਾਨਾਂ ਅਤੇ ਇਸਾਈਆਂ ਖਿਲਾਫ਼ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਤੋਂ ਹੈ। ਹਿੰਦੂਤਵੀ ਫਿਰਕਾਪ੍ਰਸਤੀ ਦਾ ਫਾਇਦਾ ਉਠਾ ਕੇ ਹੋਰਨਾਂ ਧਰਮਾਂ ਦੇ ਕੱਟਡੜਪੰਥੀ ਵੀ ਆਪਣਾ ਆਧਾਰ ਮਜ਼ਬੂਤ ਕਰ ਰਹੇ ਹਨ ਅਤੇ ਹਿੰਦੂਆਂ ਖਿਲਾਫ਼ ਨਫਰਤ ਦਾ ਜ਼ਹਿਰ ਘੱਟ-ਗਿਣਤੀਆਂ ਦੇ ਮਨਾਂ ਵਿੱਚ ਭਰ ਰਹੇ ਹਨ। ਡਾ. ਅੰਮ੍ਰਿਤ ਨੇ ਕਿਹਾ ਕਿ ਅਸਲ ਵਿੱਚ ਹਰ ਤਰਾਂ ਦੀਆਂ ਫਿਰਕਾਪ੍ਰਸਤ ਤਾਕਤਾਂ ਇਹ ਭਾਂਵੇਂ ਕਿਸੇ ਵੀ ਧਰਮ ਨਾਲ਼ ਸਬੰਧਤ ਹੋਣ, ਲੋਕਾਂ ਦੀਆਂ ਦੁਸ਼ਮਣ ਹਨ। ਉਹਨਾਂ ਕਿਹਾ ਕਿ ਭਾਰਤ ਦੇ ਗੁਲਾਮੀ ਦੇ ਇਤਿਹਾਸ ਕਾਰਨ ਇੱਥੇ ਜਮਹੂਰੀ ਕਦਰਾਂ ਕੀਮਤਾਂ ਦੀ ਜ਼ਮੀਨ ਬਹੁਤ ਕਮਜੋਰ ਰਹੀ ਹੈ। ਫਿਰਕਾਪ੍ਰਸਕਤੀ ਦਾ ਸਮਾਜ ਵਿੱਚੋਂ ਨਾਂ-ਨਿਸ਼ਾਨ ਮਿਟਾ ਦੇਣ ਲਈ ਲੋਕਾਂ ਵਿੱਚ ਤਰਕਸ਼ੀਲਤਾ ਪੈਦਾ ਕਰਨੀ ਹੋਵੇਗੀ ਅਤੇ ਫਿਰਕਾਪ੍ਰਸਤੀ ਖਿਲਾਫ਼ ਜੁਝਾਰੂ ਲਹਿਰ ਖੜੀ ਕਰਨੀ ਹੋਵੇਗੀ।
ਵਿਚਾਰ ਗੋਸ਼ਟੀ  ਵਿੱਚ ਵਿਚਾਰ ਰੱਖਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਦਾ ਅਸਲ ਮਕਸਦ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਬਿਜਲੀ, ਪਾਣੀ, ਸਿਹਤ, ਸਿੱਖਿਆ ਆਦਿ ਬੁਨਿਆਦੀ ਲੋਕ ਮੁੱਦਿਆਂ ਤੋਂ ਧਿਆਨ ਪਾਸੇ ਕਰਕੇ ਲੋਟੂ, ਭ੍ਰਿਸ਼ਟ, ਅੱਯਾਸ਼, ਘੋਰ ਲੋਕ ਵਿਰੋਧੀ ਆਰਥਿਕ-ਸਮਾਜਿਕ ਢਾਂਚੇ ਅਤੇ ਰਾਜਤੰਤਰ ਦੀ ਸੇਵਾ ਕਰਨਾ ਹੈ। ਜਮਹੂਰੀ, ਇਨਸਾਫ਼ਪਸੰਦ, ਧਰਮਨਿਰਪੱਖ, ਅਗਾਂਹਵਧੂ ਲੋਕਾਂ ਨੂੰ ਫਿਰਕਾਪ੍ਰਸਤੀ ਖਿਲਾਫ਼ ਜੋਰਦਾਰ ਲਹਿਰ ਖੜੀ ਕਰਨੀ ਹੋਵੇਗੀ। ਮੌਜੂਦਾ ਸਮੇਂ ਵਿੱਚ ਦੇਸ਼-ਦੁਨੀਆਂ ਭਿਅੰਕਰ ਆਰਥਿਕ ਸੰਕਟ ਦਾ ਸ਼ਿਕਾਰ ਹੈ ਅਤੇ ਇਸ ਸੰਕਟ ਦਾ ਸਾਰਾ ਬੋਝ ਲੋਕਾਂ ਉੱਤੇ ਲੱਦਿਆ ਜਾ ਰਿਹਾ ਹੈ। ਛਾਂਟੀਆਂ, ਤਾਲਾਬੰਦੀਆਂ ਹੋ ਰਹੀਆਂ ਹਨ, ਬੇਰੁਜ਼ਗਾਰੀ ਵੱਧ ਰਹੀ ਹੈ, ਸਰਕਾਰ ਲੋਕਾਂ ਉੱਤੇ ਖਰਚ ਤੇ ਵੱਡੀਆਂ ਕਟੌਤੀਆਂ ਕਰ ਰਹੀ ਹੈ। ਇਸ ਕਾਰਨ ਲੋਕਾਂ ਵਿੱਚ ਬਹੁਤ ਰੋਹ ਹੈ। ਇਸ ਲਈ ਲੋਕਾਂ ਨੂੰ ਧਾਰਮਿਕ ਫਿਰਕਾਪ੍ਰਸਤੀ ਦੇ ਅਧਾਰ ਉੱਤੇ ਵੱਡੇ ਪੱਧਰ ਉੱਤੇ ਵੰਡਣਾ ਤੇ ਲੜਾਉਣਾ ਹਾਕਮ ਜਮਾਤਾਂ ਦੀ ਜ਼ਰੂਰਤ ਬਣ ਚੁੱਕਿਆ ਹੈ।
          ਵਿਚਾਰ ਗੋਸ਼ਟੀ ਨੂੰ ਡਾ. ਅੰਮ੍ਰਿਤ ਤੋਂ ਇਲਾਵਾ ਬਿਗੁਲ ਮਜ਼ਦੂਰ ਦਸਤਾ ਦੇ ਕਾਰਕੁੰਨਾਂ ਰਾਜਵਿੰਦਰ, ਲਖਵਿੰਦਰ, ਨੌਜਵਾਨ ਭਾਰਤ ਸਭਾ ਦੇ ਸੰਦੀਪ, ਗੁਰਦੀਪ, ਸਮਰ, ਮਜ਼ਦੂਰ ਆਗੂ ਹਰਜਿੰਦਰ ਸਿੰਘ, ਆਦਿ ਨੇ ਵੀ ਵਿਚਾਰ ਪ੍ਰਗਟਾਏ। ਸਾਰੇ ਬੁਲਾਰਿਆਂ ਨੇ ਇਸ ਗੱਲ ਨਾਲ਼ ਸਹਿਮਤੀ ਪ੍ਰਗਟਾਈ ਕਿ ਫਿਰਕਾਪ੍ਰਸਤੀ ਅੱਜ ਬੇਹੱਦ ਗੰਭੀਰ ਚੁਣੌਤੀ ਬਣ ਚੁੱਕੀ ਹੈ ਅਤੇ ਇਸਦਾ ਮੁਕਾਬਲਾ ਕਰਨ ਲਈ ਜਮਹੂਰੀ ਲਹਿਰ ਨੂੰ ਤਕੜਾ ਕਰਨਾ ਹੋਵੇਗਾ।
-          ਜਾਰੀ ਕਰਤਾ,
ਲਖਵਿੰਦਰ, ਬਿਗੁਲ ਮਜ਼ਦੂਰ ਦਸਤਾ।
ਫੋਨ ਨੰ- 9646150249

Thursday, February 12, 2015

‘ਭਾਰਤ ਵਿੱਚ ਫਿਰਕਾਪ੍ਰਸਤੀ ਦੀ ਵਧਦੀ ਚੁਣੌਤੀ’

ਇਸ ਮੁੱਦੇ ਉੱਤੇ ਵਿਚਾਰ ਗੋਸ਼ਟੀ 15 ਫਰਵਰੀ ਨੂੰ 
ਲੁਧਿਆਣਾ:11 ਫਰਵਰੀ 2015: (ਸੰਦੀਪ): 
Courtesy photo
Courtesy image
ਆਉਣ ਵਾਲੀ 15 ਫਰਵਰੀ ਨੂੰ ‘ਭਾਰਤ ਵਿੱਚ ਫਿਰਕਾਪ੍ਰਸਤੀ ਦੀ ਵਧਦੀ ਚੁਣੌਤੀ’ ਦੇ ਵਿਸ਼ੇ ਉੱਤੇ ਇੱਕ ਵਿਚਾਰ ਗੋਸ਼ਠੀ ਡਾ.ਅੰਬੇਡਕਰ ਧਰਮਸ਼ਾਲਾ, ਜਮਾਲਪੁਰ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ। ਇਹ ਵਿਚਾਰ ਗੋਸ਼ਟੀ ਨੌਜਵਾਨ ਭਾਰਤ ਸਭਾ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਜਾ ਰਹੀ ਹੈ।
ਭਾਰਤ ਵਿੱਚ ਫਿਰਕਾਪ੍ਰਸਤੀ ਤਾਕਤਾਂ ਦਿਨ-ਬ-ਦਿਨ ਵਧੇਰੇ ਤਿੱਖੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ। ਹਿੰਦੂਤਵੀ ਕੱਟੜਪੰਥੀ, ਮੁਸਲਿਮ ਕੱਟਡੜਪੰਥੀ, ਸਿੱਖ ਕੱਟੜਪੰਥੀ ਸਭ ਨੇ ਲੋਕ ਮਨਾਂ ਵਿੱਚ ਧਾਰਮਿਕ ਕੱਟੜਤਾ ਦਾ, ਦੂਸਰੇ ਧਰਮਾਂ ਦੇ ਲੋਕਾਂ ਪ੍ਰਤੀ ਨਫਰਤ ਦਾ ਜ਼ਹਿਰ ਘੋਲਣ ਦੀਆਂ ਨਾਪਾਕ ਕੋਸ਼ਿਸ਼ਾਂ ਬਹੁਤ ਤੇਜ਼ ਕਰ ਦਿੱਤੀਆਂ ਹਨ। ਕਿਰਤੀ ਲੋਕਾਂ ਉੱਤੇ ਆਰਥਿਕ ਹਮਲੇ ਤੇਜ਼ ਹੋ ਗਏ ਹਨ, ਦਿਨ ਬ ਦਿਨ ਲੋਕਾਂ ਦੀ ਆਰਥਿਕ ਹਾਲਤ ਵਧੇਰੇ ਤੋਂ ਵਧੇਰੇ ਨਿੱਘਰਦੀ ਜਾ ਰਹੀ ਹੈ। ਫਿਰਕਾਪ੍ਰਸਤ ਤਾਕਤਾਂ ਦਾ ਮਕਸਦ ਇਹੋ ਹੈ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਇਆ ਜਾਵੇ। ਇਹਨਾਂ ਲੋਕ ਵਿਰੋਧੀ ਤਾਕਤਾਂ ਦਾ ਮਕਸਦ ਹੈ ਲੋਕਾਂ ਨੂੰ ਆਪਸ ਵਿੱਚ ਵੰਡ ਕੇ, ਲੜਾ-ਮਰਾਕੇ ਲੋਕਾਂ ਦੀ ਆਰਥਿਕ, ਸਮਾਜਿਕ, ਸਿਆਸੀ ਲੁੱਟ ਨੂੰ ਹੋਰ ਤੇਜ਼ ਕਰਨਾ। ਇਸ ਲਈ ਸਭਨਾਂ ਇਨਸਾਫ਼ਪਸੰਦ ਲੋਕ ਪੱਖੀ ਵਿਅਕਤੀਆਂ, ਸੰਸਥਾਵਾਂ ਨੂੰ ਇਸ ਮੁੱਦੇ ਉੱਤੇ ਗੰਭੀਰਤਾਪੂਰਵਕ ਵਿਚਾਰ ਕਰਨੀ ਚਾਹੀਦਾ ਹੈ। ਇਸ ਸਬੰਧੀ ਇਹ ਵਿਚਾਰ ਕਰਨਾ ਹੋਵੇਗਾ ਕਿ ਹਿਟਲਰ ਦੀਆਂ ਭਾਰਤੀ ਫਾਸੀਵਾਦੀ ਔਲਾਦਾਂ ਕਿਵੇਂ ਮਿੱਟੀ ਵਿੱਚ ਮਿਲਾਇਆ ਜਾਵੇਗਾ। ਉਹ ਕਿਹੜੀਆਂ ਤਾਕਤਾਂ ਹੋਣਗੀਆਂ, ਕਿਹੜੇ ਤਰੀਕੇ ਹੋਣਗੇ ਜਿਹਨਾਂ ਨਾਲ਼ ਇਹਨਾਂ ਫਿਰਕਾਪ੍ਰਸਤ ਫਾਸੀਵਾਦੀ ਤਾਕਤਾਂ ਨੂੰ ਮਾਤ ਦਿੱਤੀ ਜਾਵੇਗੀ। ਇਸ ਸਬੰਧੀ ਵਿਚਾਰ-ਚਰਚਾ ਕਰਨ ਲਈ ਹੀ ਇਹ ਵਿਚਾਰ ਗੋਸ਼ਟੀ ਰੱਖੀ ਗਈ ਹੈ।

ਸੰਦੀਪ ਨੌਜਵਾਨ ਭਾਰਤ ਸਭਾਸਰਗਰਮ ਕਾਰਕੁੰਨ  ਦਾ ਸੰਪਰਕ ਫੋਨ ਨੰਹੈ:--- 8556890142