Sunday, October 11, 2015

ਫਿਰਕੂ ਜ਼ਹਿਰ ਦੇ ਖਿਲਾਫ਼ ਰੋਸ ਪ੍ਰਗਟਾਵਿਆਂ ਦਾ ਸਿਲਸਿਲਾ ਲਗਾਤਾਰ ਤਿੱਖਾ

ਹੁਣ ਗੁਰਬਚਨ ਭੁੱਲਰ ਅਤੇ ਸਾਰਾ ਜੋਜ਼ਫ਼ ਵੱਲੋਂ ਵੀ ਅਸਤੀਫੇ 
ਚੰਡੀਗੜ੍ਹ//ਤਿਰੁਵਨੰਤਪੁਰਮ: 10 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਦੇਸ਼-ਵਿਦੇਸ਼ ਵਿੱਚ ਫੈਲਾਈ ਜਾ ਰਹੀ ਫਿਰਕੂ ਜ਼ਹਿਰ ਦੇ ਖਿਲਾਫ਼ ਰੋਸ ਪ੍ਰਗਟਾਵਿਆਂ ਦਾ ਸਿਲਸਿਲਾ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਫਿਰਕੂ ਜਨੂੰਨੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਅਤੇ ਇਨ੍ਹਾਂ ਹਮਲਿਆਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਵਿਰੁੱਧ ਸਾਹਿਤਕਾਰਾਂ ਨੇ ਮੋਰਚਾ ਸੰਭਾਲਿਆ ਹੈ। ਨਾਯਨਤਾਰਾ ਸਹਿਗਲ ਅਤੇ ਅਸ਼ੋਕ ਵਾਜਪਈ ਵੱਲੋਂ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬੀ ਦੇ ਨਾਮਵਰ ਲੇਖਕ ਗੁਰਬਚਨ ਸਿੰਘ ਭੁੱਲਰ ਅਤੇ ਮਲਿਆਲੀ ਲੇਖਿਕਾ ਸਾਰ੍ਹਾ ਜੋਜਫ ਨੇ ਵੀ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤੇ ਹਨ, ਜਦਕਿ ਉੱਘੇ ਕਵੀ ਤੇ ਲੇਖਕ ਕੇ ਸਚਿਦਾਨੰਦਨ ਨੇ ਸਾਹਿਤ ਅਕਾਦਮੀ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਇੱਕ ਸੰਕੇਤ ਹੈ ਕਿ ਸਰਕਾਰਾਂ ਦਾ ਦਖਲ ਅਤੇ ਦਬਾਅ ਅਜਿਹੀਆਂ ਸੰਸਥਾਵਾਂ ਵਿੱਚ ਕਿੰਨਾ ਵਧ ਚੁੱਕਿਆ ਹੈ। 
ਦੇਸ਼ ਭਰ ਵਿਚ ਸਾਹਿਤ ਤੇ ਸੱਭਿਆਚਾਰ ਸਾਹਮਣੇ ਖੜੀਆਂ ਹੋ ਰਹੀਆਂ ਚੁਣੌਤੀਆਂ ਦੇ ਹਵਾਲੇ ਨਾਲ ਪ੍ਰਸਿੱਧ ਪੰਜਾਬੀ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਣ ਦਾ ਫ਼ੈਸਲਾ ਕੀਤਾ ਹੈ। ਆਪਣੇ ਸੰਖੇਪ ਜਿਹੇ ਬਿਆਨ ਵਿਚ ਉਹਨਾਂ ਨੇ ਕਿਹਾ ਹੈ, “ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸੱਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸੱਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ।”
ਅਜਿਹੀਆਂ ਘਟਨਾਵਾਂ ਦੇ ਇਤਿਹਾਸ ਵਿਚ ਜਾਂਦਿਆਂ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ, ਪਰ ਇਹ ਚਿਤਾਰਨਾ ਵੀ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ਼ ਦੀ ਮੰਦਭਾਗੀ ਵੋਟ ਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ, ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਇਹ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨ-ਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ।
ਸਾਹਿਤ ਅਕਾਦਮੀ ਦੀ ਭੂਮਿਕਾ ਦੀ ਨੁਕਤਾਚੀਨੀ ਕਰਦਿਆਂ ਅਤੇ ਪੁਰਸਕਾਰ ਮੋੜਨ ਦਾ ਕਾਰਨ ਦਸਦਿਆਂ ਉਹਨਾਂ ਨੇ ਕਿਹਾ ਹੈ, “ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ।”ਬਿਆਨ ਦੇ ਅੰਤ ਵਿਚ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸੱਭਿਆਚਾਰ, ਖਾਸ ਕਰਕੇ ਮੇਰੇ ਲੋਕ ਜ਼ਖ਼ਮਾਂ ਦੇ ਬਾਵਜੂਦ ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ! ਦੇਸ਼ 'ਚ ਫ਼ਿਰਕੂ ਹਿੰਸਾ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਵਿਰੋਧ 'ਚ ਮਲਿਆਲੀ ਭਾਸ਼ਾ ਦੀ ਪ੍ਰਸਿੱਧ ਲੇਖਿਕਾ ਸਾਰਾ ਜੋਸੇਫ਼ ਨੇ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਉਨ੍ਹਾ ਦੇ ਨਾਲ ਹੀ ਮਲਿਆਈ ਅਤੇ ਅੰਗਰੇਜ਼ੀ ਭਾਸ਼ਾ ਦੇ ਕਵੀ ਕੇ ਸਚਿਦਾਨੰਦ ਨੇ ਦੇਸ਼ 'ਚ ਫ਼ਿਰਕੂ ਹਿੰਸਾ ਦੇ ਵਧਦੇ ਮਾਮਲਿਆਂ ਦੇ ਵਿਰੋਧ 'ਚ ਸਾਹਿਤ ਅਕਾਦਮੀ ਤੋਂ ਅਸਤੀਫ਼ਾ ਦੇ ਦਿੱਤਾ ਹੈ। 2014 'ਚ ਕਿਸ਼ੂਰ ਤੋਂ ਆਪ ਦੀ ਟਿਕਟ 'ਤੇ ਚੋਣ ਲੜ ਚੁੱਕੀ ਸਾਰਾ ਜੋਸੇਫ਼ ਨੂੰ ਉਨ੍ਹਾ ਦੇ ਨਾਵਲ ਆਲਹਾਯੁਧੇ ਪੇਨ ਮਕਲ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਨ੍ਹਾ ਨੂੰ ਇਸ ਨਾਵਲ ਤੇ ਵਾਇਲਾਰ ਸਨਮਾਨ ਵੀ ਮਿਲ ਚੁੱਕਾ ਹੈ। ਉਨ੍ਹਾ ਕਿਹਾ ਕਿ ਦੇਸ਼ 'ਚ ਫ਼ਿਰਕੂ ਹਿੰਸਾ 'ਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ 'ਚ ਉਨ੍ਹਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਸਾਰਾ ਤੋਂ ਪਹਿਲਾਂ ਕਈ ਹੋਰ ਲੇਖਕ ਵੀ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਚੁੱਕੇ ਹਨ। ਅਜਿਹੇ ਮਾਮਲਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਤੋਂ ਦੁਖੀ ਹੋ ਕੇ ਲਲਿਤ ਕਲਾ ਅਕਾਦਮੀ ਦੇ ਸਾਬਕਾ ਮੁਖੀ ਅਸ਼ੋਕ ਵਾਜਪਾਈ ਨੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਸੀ। ਪੰਡਤ ਨਹਿਰੂ ਦੀ ਭਾਣਜੀ ਨੈਨਤਾਰਾ ਸਹਿਗਲ ਵੀ ਆਪਣਾ ਪੁਰਸਕਾਰ ਵਾਪਸ ਕਰ ਚੁੱਕੀ ਹੈ।
ਲੇਖਕ ਸ਼ਸ਼ੀ ਦੇਸ਼ ਪਾਂਡੇ ਨੇ ਵੀ ਸ਼ੁੱਕਰਵਾਰ ਨੂੰ ਸਾਹਿਤ ਅਕਾਦਮੀ ਦੀ ਜਨਰਲ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾ ਨੂੰ 1990 'ਚ ਸਾਹਿਤ ਅਕਾਦਮੀ ਪੁਰਸਕਾਰ ਅਤੇ 2009 'ਚ ਪਦਮ ਸ੍ਰੀ ਨਾਲ ਸਨਮਾਨਿਆ ਗਿਆ ਸੀ। ਹਿੰਦੀ ਲੇਖਕ ਉਦੈ ਪ੍ਰਕਾਸ਼ ਵੀ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਚੁੱਕੇ ਹਨ। ਇਸੇ ਦੌਰਾਨ ਪ੍ਰਸਿੱਧ ਕਵੀ ਅਤੇ ਲੇਖਕ ਕੇ ਸਚਿਦਾਨੰਦਨ ਨੇ ਸਾਹਿਤ ਅਕਾਦਮੀ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਿਹਾ ਕਿ ਇਹ ਸਾਹਿਤਕ ਸੰਸਥਾ ਲੇਖਕਾਂ ਨਾਲ ਖੜਨ ਅਤੇ ਪ੍ਰਗਟਾਵੇ ਦੀ ਅਜ਼ਾਦੀ ਬਾਰੇ ਆਪਣਾ ਫਰਜ਼ ਨਿਭਾਉਣ 'ਚ ਨਾਕਾਮ ਰਹੀ ਹੈ। ਜ਼ਿਕਰਯੋਗ ਹੈ ਕਿ ਸਚਿਦਾਨੰਦਨ ਅਕਾਦਮੀ ਦੀ ਜਨਰਲ ਕੌਂਸਲ, ਕਾਰਜਕਾਰੀ ਬੋਰਡ ਅਤੇ ਵਿੱਤ ਕਮੇਟੀ 'ਚ ਮੈਂਬਰ ਸਨ। ਉਨ੍ਹਾ ਕਿਹਾ ਕਿ ਮੈਨੂੰ ਦੁੱਖ ਹੈ ਕਿ ਸਾਹਿਤ ਅਕਾਦਮੀ ਆਪਣਾ ਫਰਜ਼ ਨਿਭਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾ ਕਿਹਾ ਕਿ ਪ੍ਰਸਿੱਧ ਲੇਖਕ ਕਲਬੁਰਗੀ ਦੇ ਕਤਲ ਵੇਲੇ ਮੈਂ ਸਾਹਿਤ ਅਕਾਦਮੀ ਨੂੰ ਪੱਤਰ ਲਿਖਿਆ ਸੀ, ਜਿਸ 'ਤੇ ਉਨ੍ਹਾ ਨੇ ਬੰਗਲੌਰ 'ਚ ਸ਼ੋਕ ਸਭਾ ਕੀਤੀ, ਜਦਕਿ ਕੌਮੀ ਪੱਧਰ 'ਤੇ ਕੁਝ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾ ਕਿਹਾ ਕਿ ਅਕਾਦਮੀ ਵੱਲੋਂ ਮਤਾ ਪਾਸ ਕਰਨ ਦੀ ਮੇਰੀ ਬੇਨਤੀ ਦਾ ਕੋਈ ਹੁੰਗਾਰਾ ਨਾ ਭਰਿਆ ਗਿਆ। ਇੰਗਲਿਸ਼ ਅਤੇ ਮਲਿਆਲਮ 'ਚ ਲਿਖਣ ਵਾਲੇ ਇਸ ਲੇਖਕ ਨੇ ਕਿਹਾ ਕਿ ਉਨ੍ਹਾ ਨੂੰ ਸਾਹਿਤ ਅਕਾਦਮੀ ਦੇ ਰਵੱਈਏ 'ਤੇ ਦੁੱਖ ਪੁੱਜਾ। ਉਨ੍ਹਾ ਕਿਹਾ ਕਿ ਅਕਾਦਮੀ ਨੇ ਉਸ ਵੇਲੇ ਸਰਕਾਰ ਵਿਰੁੱਧ ਮਤਾ ਪਾਸ ਕੀਤਾ ਸੀ, ਜਿਸ ਵੇਲੇ ਸਰਕਾਰ ਨੇ ਸਲਮਾਨ ਰਸ਼ੀਦੀ ਦੀ ਕਿਤਾਬ 'ਤੇ ਪਾਬੰਦੀ ਲਾਈ ਸੀ, ਪਰ ਹੁਣ ਲੇਖਕਾਂ ਅਤੇ ਚਿੰਤਕਾਂ ਦੇ ਕਤਲਾਂ ਵਿਰੁੱਧ ਅਕਾਦਮੀ ਕੋਈ ਕਾਰਵਾਈ ਕਰਨ 'ਚ ਨਾਕਾਮ ਰਹੀ ਹੈ, ਜਦਕਿ ਇਸ ਵੇਲੇ ਲੇਖਕਾਂ ਦੀ ਜ਼ਿੰਦਗੀ ਅਤੇ ਅਜ਼ਾਦੀ ਦਾ ਸੁਆਲ ਹੈ। ਉਨ੍ਹਾ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਸਾਡੇ ਨਾਲ ਹਨ। ਹੁਣ ਦੇਖਣਾ ਹੈ ਕਿ ਬੁਧੀਜੀਵੀਆਂ ਦਾ ਇਹ ਸੰਘਰਸ਼ ਆਮ ਲੋਕਾਂ ਦਾ ਸੰਘਰਸ਼ ਕਦੋਂ ਬਣਦਾ  ਹੈ!

No comments: