Friday, April 27, 2018

ਜਨਮ ਤੋਂ ਪਹਿਲਾ ਅਤੇ ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ

ਕਾਸ਼ ਅੰਤਿਮ ਅਰਦਾਸਾਂ ਜਿਊਂਦਿਆਂ ਨਾਲ ਮੇਲੇ ਗੇਲੇ ਵਧਾਉਣ ਦੀ ਪਰੇਰਣਾ ਦੇਣ 
ਕਦੋਂ ਕਿਸੇ ਦਾ ਕੋਈ ਸਾਹ ਆਖਿਰੀ ਸਾਹ ਬਣ ਜਾਂਦਾ ਹੈ---!
ਕੋਈ ਦਿਨ ਆਖਿਰੀ ਦਿਨ ਬਣ ਜਾਂਦਾ ਹੈ---!
ਕੋਈ ਪਲ ਆਖਿਰੀ ਪਲ ਬਣ ਜਾਂਦਾ ਹੈ---!
ਕਦੋਂ ਉਮਰ ਮੁੱਕ ਜਾਂਦੀ ਹੈ...!
ਕਦੋਂ ਕੋਈ ਜਿਊਂਦਾ ਜਾਗਦਾ ਇਨਸਾਨ ਬੇਜਾਨ ਹੋ ਜਾਂਦਾ ਹੈ---!
ਇਸ  ਦਾ ਕੁਝ ਪਤਾ ਨਹੀਂ ਲੱਗਦਾ।  
ਹਰ ਇੱਕ ਨੇ ਤੁਰ ਜਾਣਾ ਹੈ ਪਰ ਇਸਦਾ ਅਹਿਸਾਸ ਅਕਸਰ ਕਿਸੇ ਦੇ ਤੁਰ ਜਾਣ ਮਗਰੋਂ ਹੀ ਹੁੰਦਾ ਹੈ।  ਇਸਦਾ ਅਹਿਸਾਸ ਇੱਕ ਵਾਰ ਫੇਰ ਜਰਨਲਿਸਟ ਸੁਖਦੇਵ ਸਿੰਘ ਕਥੂਰੀਆ ਨਮਿਤ ਅੰਤਿਮ ਅਰਦਾਸ ਮੌਕੇ ਹੋਇਆ। ਬਹੁਤ ਸਾਰੇ ਅਜਿਹੇ ਸੱਜਣ ਮਿੱਤਰ ਵੀ ਪਹੁੰਚੇ ਜਿਹਨਾਂ ਨੇ ਉਹਨਾਂ ਨੂੰ ਮਿਲਣਾ ਸੀ ਪਰ ਜ਼ਿੰਦਗੀ ਦੀਆਂ ਨਿੱਤ ਦੀਆਂ ਔਕੜਾਂ ਮਿਲਣ ਨਹੀਂ ਦੇਂਦੀਆਂ। 
ਕੁਝ ਲੋਕ ਕਹਿੰਦੇ ਹਨ ਮੌਤ ਨਾਲ ਸਭ ਕੁਝ ਮੁੱਕ ਜਾਂਦਾ ਹੈ। ਕੁਝ ਹੋਰ ਕਹਿੰਦੇ ਹਨ ਨਹੀਂ ਨਹੀਂ ਅਜਿਹਾ ਨਹੀਂ ਹੁੰਦਾ। ਮੌਤ ਤੋਂ ਬਾਅਦ ਵੀ ਜ਼ਿੰਦਗੀ ਹੁੰਦੀ ਹੈ। ਇਹਨਾਂ ਧਾਰਨਾਵਾਂ ਵਿੱਚੋਂ ਕਿਹੜੀ ਧਾਰਣਾ ਸਚ ਹੈ ਇਸ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਸਦੀ ਪੁਸ਼ਟੀ ਕੋਈ ਅਜਿਹਾ ਵਿਅਕਤੀ ਹੀ ਕਰ ਸਕਦਾ ਹੈ ਜਿਹੜਾ ਉਸ ਦੁਨੀਆ ਤੋਂ ਪਰਤ ਆਇਆ ਹੋਵੇ। ਪਰ ਹਰ ਮੌਤ ਅਤੇ ਇਸਦੀਆਂ ਧਾਰਮਿਕ ਜਾਂ ਸਮਾਜਿਕ ਰਸਮਾਂ ਸਾਨੂੰ ਹਲੂਣਾ ਜਿਹਾ ਦੇਂਦਿਆਂ ਹਨ। ਯਾਦ ਕਰਾਉਂਦੀਆਂ ਹਨ- 
ਐਸਾ ਕੋਈ ਨ ਡਿੱਠਾ ਮੈਂ ਢੂੰਡ ਥੱਕੀ;
ਜਿਹੜਾ ਗਿਆਂ ਨੂੰ  ਮੋੜ ਲਿਆਂਵਦਾ ਏ। 
ਅੰਤਿਮ ਅਰਦਾਸ, ਅਜਿਹੇ ਮੌਕੇ ਰੱਖੇ ਜਾਣ ਵਾਲੇ ਪਾਠ ਦਾ ਭੋਗ ਜੇ ਗੰਭੀਰਤਾ ਨਾਲ ਮਹਿਸੂਸ ਕੀਤੇ ਜਾਣ ਤਾਂ ਉਸ ਅੰਤਿਮ ਸਮੇਂ ਵਾਲੇ ਅਹਿਸਾਸ ਦਾ ਕੁਝ ਕੁ ਅਨੁਭਵ ਅਗਾਊਂ ਕਰਨ ਦੇ ਤਜਰਬੇ ਹੋ ਸਕਦੇ ਹਨ। ਜਾਣ ਵਾਲੇ ਦਾ ਵਿਛੋੜਾ ਕੁਝ ਕੁ ਲੋਕਾਂ ਲਈ ਸਚਮੁਚ ਅਸਹਿ ਹੁੰਦਾ ਹੈ ਪਰ ਜਿਊਂਦੇ ਬਚੇ ਸੱਜਣਾਂ ਮਿੱਤਰਾਂ ਨਾਲ ਮਿਲਣ ਗਿਲਣ ਲਈ ਸਮਾਂ ਕੱਢਣ ਦਾ ਜ਼ੋਰਦਾਰ ਸੁਨੇਹਾ ਵੀ ਦੇਂਦਾ ਹੈ। 
ਬਹੁਤ ਪਹਿਲਾਂ ਕਿਸੇ ਨੇ ਦੱਸਿਆ ਸੀ ਕਿ ਬੁਧ ਧਰਮ ਵਿੱਚ ਜੇ ਕੋਈ ਦੀਕਸ਼ਾ ਮੰਗਦਾ ਹੈ ਤਾਂ ਉਸਨੂੰ ਆਸਾਨੀ ਨਾਲ ਦੀਕਸ਼ਾ ਨਹੀਂ ਦਿੱਤੀ ਜਾਂਦੀ। ਉਸਨੂੰ ਕਿਹਾ ਜਾਂਦਾ ਹੈ ਤੂੰ ਜਾ-ਹਰ ਰੋਜ਼  ਜਾ ਕੇ ਸ਼ਮਸ਼ਾਨਘਾਟ ਵਿੱਚ ਬੈਠਿਆ ਕਰ।  ਇਹ ਅਰਸਾ ਮਹੀਨਾ ਵੀ ਹੋ ਸਕਦਾ ਹੈ ਛੇ ਮਹੀਨੇ ਵੀ। ਇਸ ਤੋਂ ਜਿਆਦਾ ਵੀ। ਜਦੋਂ ਉਹ ਉੱਥੇ ਜਾ ਕੇ ਹਰ ਰੋਜ਼ ਸ਼ਮਸ਼ਾਨਘਾਟ ਵਿੱਚ ਬੈਠਦਾ ਹੈ।  ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਰਦੇ ਸੜਦੇ ਦੇਖਦਾ ਹੈ। ਉਦੋਂ ਉਸਨੂੰ ਪਤਾ ਲੱਗਦਾ ਹੈ ਕਿ ਮੌਤ ਹੀ ਅਟੱਲ ਸਚਾਈ ਹੈ।  ਇਹ ਕਿਸੇ ਵੀ ਵੇਲੇ ਆ ਸਕਦੀ ਹੈ।  ਕਿਸੇ ਨੂੰ ਵੀ ਆ ਸਕਦੀ ਹੈ।  ਬੱਚੇ ਨੂੰ ਵੀ, ਜੁਆਨ ਨੂੰ ਵੀ, ਬਜੁਰਗ ਨੂੰ ਵੀ। ਅਮੀਰ ਨੂੰ ਵੀ ਗਰੀਬ ਨੂੰ ਵੀ। ਚੰਗਾ ਭਲਾ ਵਿਅਕਤੀ ਵੀ ਅਚਾਨਕ ਅਕਾਲ ਚਲਾਣਾ ਕਰ ਸਕਦਾ ਹੈ। 
ਅੱਜ ਦੇ ਸਮਾਗਮ ਵਿੱਚ ਕਾਮਰੇਡ ਰਮੇਸ਼ ਰਤਨ ਵੀ ਆਏ ਹੋਏ ਸਨ। ਉਹਨਾਂ ਨਾਲ ਇਹ ਹਾਦਸਾ ਕੁਝ ਸਾਲ ਪਹਿਲਾਂ ਵਾਪਰਿਆ ਸੀ। ਲੁਧਿਆਣਾ ਦੇ ਇੱਕ ਬਹੁਤ ਵੱਡੇ ਹਸਪਤਾਲ ਵਿੱਚ ਉਹਨਾਂ ਦੀ ਪਤਨੀ ਦਾਖਲ ਸੀ। ਇੱਕ ਦਿਨ ਡਾਕਟਰਾਂ ਨੇ ਕਿਹਾ ਕਿ ਇਹ ਬਿਲਕੁਲ ਠੀਕ ਹੋ ਗਏ ਹਾਂ। ਤੁਸੀਂ ਅੱਜ ਇਹਨਾਂ ਨੂੰ ਆਪਣੇ ਘਰ ਲਿਜਾ ਸਕਦੇ ਹਨ। ਕਾਮਰੇਡ ਰਮੇਸ਼ ਰਤਨ ਨੇ ਪੁਛਿਆ ਕਿ ਸਿਹਤ ਬਾਰੇ ਦੁਬਾਰਾ ਕੋਈ ਸਮੱਸਿਆ ਤਾਂ ਖੜੀ ਨਹੀਂ ਹੋਵੇਗੀ? ਡਾਕਟਰਾਂ ਨੇ ਕਿਹਾ  ਸੁਆਲ ਹੀ ਪੈਦਾ ਨਹੀਂ ਹੁੰਦਾ।  ਸਾਡੇ ਕੋਲੋਂ ਬੇਸ਼ਕ ਅਸ਼ਟਾਮ 'ਤੇ ਲਿਖਵਾ ਲਵੋ। ਕਾਮਰੇਡ ਰਮੇਸ਼ ਰਤਨ ਖੁਸ਼ੀ ਖੁਸ਼ੀ ਘਰ ਆਏ। ਘਰ ਆ ਕੇ ਆਪਣੇ ਪਰਿਵਾਰ ਖਾਸ ਕਰਕੇ ਬੇਟੀ ਨੂੰ ਕਿਹਾ ਕਿ ਉਹ ਆਪਣੀ ਮਾਂ ਵਾਲਾ ਕਮਰਾ ਪੂਰੀ ਤਰਾਂ ਸਾਫ਼ ਕਰਕੇ ਸਜਾ ਕੇ ਰੱਖੇ। ਏਨੇ ਵਿੱਚ ਹੀ ਹਸਪਤਾਲ ਤੋਂ ਫੋਨ ਆਇਆ ਕਿ ਜਲਦੀ ਪਹੁੰਚੋ। ਕੋਈ ਇੰਜੈਕਸ਼ਨ ਹੁਣੇ ਲਗਾਉਣਾ ਜਰੂਰੀ ਹੈ। ਕਾਮਰੇਡ ਰਤਨ ਨੇ ਕਿਹਾ ਤੁਸੀਂ ਦੇਰ ਨਾ ਕਰੋ--ਦਸਖਤ ਮੈਂ ਆ ਕੇ ਕਰ ਦੇਂਦਾ ਹਾਂ। ਜਦੋਂ ਵਾਪਿਸ ਹਸਪਤਾਲ ਪਹੁੰਚੇ ਤਾਂ ਮਾੜੀ ਖਬਰ ਸੁਣਨੀ ਪਈ। ਉਸ ਵਿਛੋੜੇ ਦੀ ਗੱਲ ਕਰਦਿਆਂ ਅੱਜ ਵੀ ਕਾਮਰੇਡ ਰਮੇਸ਼ ਰਤਨ ਦੀਆਂ ਅੱਖਾਂ ਭਰ ਆਉਂਦੀਆਂ ਹਨ। ਜਿਸ ਜੀਵਨ ਸਾਥਣ ਨੂੰ ਘਰ ਲਿਆ ਕੇ ਦੁੱਖ ਸੁੱਖ ਸਾਂਝੇ ਕਰਨੇ ਸਨ ਉਸਦੀ ਲਾਸ਼ ਘਰ ਲਿਆਉਣੀ ਪਈ।  ਜ਼ਿੰਦਗੀ ਸਾਡੇ ਸਾਰਿਆਂ ਸਾਹਮਣੇ ਹੀ ਅਕਸਰ ਉਹ ਕੁਝ ਲਿਆ ਰੱਖਦੀ ਹੈ ਜਿਹੜਾ ਅਸੀਂ ਕਦੇ ਨਹੀਂ ਸੋਚਿਆ ਹੁੰਦਾ।
ਮਾਡਲ ਗਰਾਮ ਸਰਗੋਧਾ ਕਲੋਨੀ ਵਿਖੇ ਇੱਕ ਸੰਸਥਾ ਹੁੰਦੀ ਸੀ। ਮੁਲਾਕਾਤ ਹੋਇਆਂ ਕਾਫੀ ਦੇਰ ਹੋ ਗਈ ਹੈ। ਸ਼ਾਇਦ ਇਹ ਸੰਸਥਾ ਹੁਣ ਵੀ ਉੱਥੇ ਹੀ ਹੋਵੇ। ਗੁਰਮਤਿ ਨਾਲ ਜੁੜੀ ਹੋਈ ਸੰਸਥਾ ਕਿਸੇ ਵੇਲੇ ਬਹੁਤ ਸਰਗਰਮ ਸੀ। ਉਹਨਾਂ ਇੱਕ ਕਿਤਾਬਚਾ ਛਾਪਿਆ ਸੀ। ਉਸ ਕਿਤਾਬਚੇ ਦਾ ਨਾਮ ਸੀ "ਅਬਿਨਾਸੀ ਲੀਲਾ" ਅਸਲ ਵਿੱਚ ਇਹ ਪੁਸਤਕ ਰੂਥ ਮਾਂਟਗੁਮਰੀ ਦੀ ਲਿਖੀ ਪੁਸਤਕ A World Beyond ਦਾ ਖੁੱਲਾ ਉਲਥਾ ਹੈ। ਉਸ ਵਿੱਚ ਉਹਨਾਂ ਵਿਦੇਸ਼ੀ ਵਿਗਿਆਨੀਆਂ ਦੇ ਹਵਾਲੇ ਦੇ ਦੇ ਕੇ ਸਾਬਿਤ ਕੀਤਾ ਕਿ ਮੌਤ ਨਾਲ ਸਭ ਕੁਝ ਖਤਮ ਨਹੀਂ ਹੁੰਦਾ। ਰੂਥ ਮਾਂਟਗੁਮਰੀ ਕੋਈ ਸੰਤ ਸਾਧਵੀ ਜਾਂ ਅੰਧ ਵਿਸ਼ਵਾਸਨ ਨਹੀਂ ਸੀ।  ਉਸਨੇ  The Waco News Tribune, The New York Daily News ਅਤੇ United Press International ਵਰਗੇ ਵੱਕਾਰੀ ਅਤੇ ਵੱਡੇ ਮੀਡੀਆ ਘਰਾਣਿਆਂ ਲਈ ਸਰਗਰਮ ਪੱਤਰਕਾਰ ਵੱਜੋਂ ਕੰਮ ਵੀ ਕੀਤਾ। ਸੰਨ 1959 ਵਿੱਚ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਰਿਚਰਡ ਨਿਕਸਨ ਨਾਲ ਮਾਸਕੋ ਵੀ ਗਈ। ਉਸ ਨੂੰ ਵੁਮੈਨਜ਼ ਨੈਸ਼ਨਲ ਪਰੈਸ ਕਲੱਬ ਦਾ ਪਰਧਾਨ ਵੀ ਚੁਣਿਆ ਗਿਆ। ਉਸਨੇ ਅਮਰੀਕਾ ਦੇ ਛੇ ਰਾਸ਼ਟਰਪਤੀਆਂ ਨਾਲ ਕੰਮ ਕੀਤਾ। ਉਸਨੇ ਦਾਅਵਾ ਕੀਤਾ ਸੀ ਕਿ ਉਸਨੇ ਆਪਣੇ ਪਤੀ ਰੋਬਰਟ ਮਾਂਟਗੁਮਰੀ ਦੀ ਮੌਤ ਤੋਂ ਬਾਅਦ ਵੀ ਇਕ ਵਿਸ਼ੇਸ਼ ਸਪਿਰਿਟ ਰਾਹੀਂ ਉਸਦੇ ਸੰਪਰਕ ਵਿੱਚ ਰਹੀ। ਜਨਮ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਉਸਨੇ ਬਹੁਤ ਕੁਝ ਲਿਖਿਆ ਜਿਹੜਾ ਬਹੁਤ ਹਰਮਨ ਪਿਆਰਾ ਵੀ ਹੋਇਆ। 
ਅਮਰੀਕਾ ਹੀ ਨਹੀਂ ਭਾਰਤ ਵਿੱਚ ਇਹ ਆਸਥਾ ਬਹੁਤ ਜ਼ਿਆਦਾ ਹੈ। ਅਧਿਆਤਮ ਦੀ ਦੁਨੀਆ ਵਿੱਚ ਅਕਸਰ ਯੋਗ ਮਾਇਆ ਦੀ ਗੱਲ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਸਦੇ ਪਰਭਾਵ ਹੇਠਾਂ ਆਉਣ 'ਤੇ ਜੋ ਕੁਝ ਸਾਕਾਰ ਜਿਹਾ ਲੱਗਦਾ ਹੈ ਉਹ ਅਸਲ ਵਿਚ ਹੁੰਦਾ ਹੀ ਨਹੀਂ। ਜੋ ਕੁਝ ਨਜ਼ਰ ਹੀ ਨਹੀਂ ਆਉਂਦਾ ਅਸਲ ਵਿੱਚ ਉਹੀ ਕੁਝ ਹਕੀਕਤ ਹੁੰਦਾ ਹੈ। 
ਇਹ ਗੱਲਾਂ ਸਚ ਹਨ ਜਾਂ ਝੂਠ ਇਹ ਕੋਈ ਬਹੁਤਾ ਮਹੱਤਵ ਵਾਲੀ ਗੱਲ ਨਹੀਂ।  ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਅਜਿਹਾ ਬਹੁਤ ਕੁਝ ਵਾਪਰਦਾ ਹੈ। ਜਦੋਂ ਕੋਈ ਸਾਡੇ ਸਾਹਮਣੇ ਹੁੰਦਾ ਹੈ। ਸਾਡਾ ਕੋਈ ਬਹੁਤ ਹੀ ਆਪਣਾ।  ਸਾਡਾ ਬੇਹੱਦ ਖਾਸ। ਉਸ ਵੇਲੇ ਉਹ ਸਾਨੂੰ ਦੇਖ ਕੇ ਵੀ ਨਜ਼ਰ ਨਹੀਂ ਆਉਂਦਾ। ਪੂੰਜੀਵਾਦ ਦੇ ਮਾਰੂ ਪਰਭਾਵਾਂ ਦੀ ਮਾਰੀ ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਸਾਨੂੰ ਸਾਡੇ ਆਪਣਿਆਂ ਨਾਲ ਦੋ ਪਲ ਬੈਠ ਕੇ ਦੁੱਖ ਸੁੱਖ ਸਾਂਝਾ ਕਰਨ ਦਾ ਸਮਾਂ ਵੀ ਨਹੀਂ ਦੇਂਦੀ। ਅਸੀਂ ਬਹੁਤ ਸਾਰੀਆਂ ਖੁਸ਼ੀਆਂ ਇਸੇ ਤਰਾਂ ਛੱਡ ਦੇਂਦੇ ਹਾਂ। ਹਰ ਰੋਜ਼-ਹਰ ਪਲ। ਜਦੋਂ ਸਾਡੇ ਕਿਸੇ ਪਿਆਰੇ ਦਾ ਜਿਸਮ ਬੇਜਾਨ ਹੋ ਜਾਂਦਾ ਹੈ ਉਦੋਂ ਅਸੀਂ ਉਸ ਨਾਲ ਗੱਲਾਂ ਕਰਨਾ ਚਾਹੁੰਦੇ ਹਾਂ ਪਰ ਅੱਗੋਂ ਹੁੰਗਾਰਾ ਨਹੀਂ ਮਿਲਦਾ। ਉਦੋਂ ਅਸੀਂ ਤਰਲੇ ਲੈਂਦੇ ਹਾਂ ਬਸ ਇੱਕ ਮਿੰਟ ਹੋਰ ਬੋਲ ਪਵੇ। ਉਸਦਾ ਬੇਜਾਨ ਜਿਸਮ ਸਾਡੇ ਸਾਹਮਣੇ ਹੁੰਦਾ ਹੈ ਸਾਨੂੰ ਨਜ਼ਰ ਆਉਂਦਾ ਹੈ ਪਰ ਜਿਸ ਨਾਲ ਗੱਲ ਕਰਨੀ ਹੈ ਉਹ ਉੱਥੇ ਮੌਜੂਦ ਨਹੀਂ ਹੁੰਦਾ। ਸ਼ਾਇਦ ਇਹੀ ਹੈ ਯੋਗ ਮਾਇਆ ਦੀ ਮਾਇਆ। ਅਸੀਂ ਬੁਧ ਧਰਮ ਦੇ  ਪੈਰੋਕਾਰਾਂ ਵਾਂਗ ਹਰ ਰੋਜ਼ ਸ਼ਮਸ਼ਾਨਘਾਟ ਵੀ ਨਹੀਂ ਜਾ ਸਕਦੇ। ਪਰ ਜਦੋਂ ਕਿਸੇ ਮਿੱਤਰ ਪਿਆਰੇ ਦਾ ਵਿਛੋੜਾ ਸਾਨੂੰ ਬਿਹਬਲ ਕਰਦਾ ਹੈ ਤਾਂ ਉਦੋਂ ਸਾਨੂੰ ਅਹਿਸਾਸ ਵੀ ਹੋਣਾ ਚਾਹਿਦਾ ਹੈ ਜੋ ਅੱਜ ਸਾਡੇ ਵਿੱਚ ਮੌਜੂਦ ਨਹੀਂ ਉਹ ਕਿਸੇ  ਵੇਲੇ ਜਦੋਂ ਮੌਜੂਦ ਸੀ ਤਾਂ ਅਸੀਂ ਉਸ ਵੇਲੇ ਵੀ ਦੁੱਖ ਸੁੱਖ ਸਾਂਝੇ ਨਹੀਂ ਕੀਤੇ। ਉਸ ਵੇਲੇ ਵੀ ਉਸ ਨਾਲ ਦਿਲ ਖੋਹਲ ਕੇ ਗੱਲਾਂ ਨਹੀਂ ਕੀਤੀਆਂ। ਜ਼ਿੰਦਗੀ ਦੀਆਂ ਚੱਕਰਾਂ ਨੇ ਸਾਨੂੰ ਕਿੰਨਾ ਸਿਆਸੀ ਜਿਹਾ ਬਣਾ ਦਿੱਤਾ ਹੈ। ਜੇ ਅਸੀਂ ਹਰ ਅੰਤਿਮ ਅਰਦਾਸ ਵੇਲੇ ਅਜਿਹੇ ਅਹਿਸਾਸ ਨੂੰ ਜਗਾ ਸਕੀਏ ਤਾਂ ਸ਼ਾਇਦ ਸਾਡੇ ਅੰਦਰ ਉਹੀ ਪਰਿਵਰਤਨ ਆ ਜਾਏ ਜਿਹੜਾ ਬੋਧੀ ਭਿਕਸ਼ਾ ਲੈਣ ਦੇ ਚਾਹਵਾਨਾਂ ਨੂੰ ਲਗਾਤਾਰ ਸ਼ਮਸ਼ਾਨਘਾਟ ਜਾ  ਕੇ ਮਿਲਦਾ ਹੈ।
ਅੰਤ ਵਿੱਚ ਸਿਰਫ ਇੱਕੋ ਗੱਲ। ਕਹਿੰਦੇ ਨੇ ਜਦੋਂ ਬੱਚੇ ਨੂੰ ਮਾਤਾ ਦੇ ਗਰਭ ਵਿੱਚੋਂ ਬਾਹਰ ਕਢਿਆ ਜਾਂਦਾ ਹੈ ਤਾਂ ਉਸਨੂੰ ਲੱਗਦਾ ਹੈ ਕਿ ਬਸ ਅੱਜ ਮੇਰੀ ਮੌਤ ਆ ਗਈ। ਨਾੜੂ ਕੱਟਣ ਵੇਲੇ ਉਸਦਾ ਰੋਣਾ ਇਸ ਕਿਸਮ ਦੇ "ਖਤਰੇ ਦੇ ਅਹਿਸਾਸ" ਕਾਰਨ ਹੀ ਹੁੰਦਾ ਹੈ। ਜਦੋਂ ਉਸਨੂੰ ਬਾਹਰੀ ਦੁਨੀਆ ਦੀ ਰੌਸ਼ਨੀ ਨਜ਼ਰ ਆਉਂਦੀ ਹੈ। ਬਾਹਰਲੀ ਹਵਾ ਦੇ ਸਾਹ ਆਉਣ ਲੱਗਦੇ ਹਨ ਉਦੋਂ ਉਹ ਬਹੁਤ ਖੁਸ਼ ਹੁੰਦਾ ਹੈ ਇਹ ਦੇਖ ਕੇ ਕਿ ਇਹ ਦੁਨੀਆ ਕਿੰਨੀ ਵੱਡੀ ਹੈ--ਕਿੰਨੀ ਖੂਬਸੂਰਤ। ਜ਼ਿੰਦਗੀ ਦੇ ਨਾਲ ਨਾਲ ਮੌਤ ਬਾਰੇ ਖੋਜਾਂ ਕਰਨ ਵਾਲੇ ਆਖਦੇ ਹਨ ਸਾਡੀ ਸਰੀਰਕ ਮੌਤ ਵੀ ਕੁਝ ਅਜਿਹਾ ਹੀ ਤਜਰਬਾ ਹੈ। ਅਸੀਂ ਕਿਸੇ ਹੋਰ ਦੁਨੀਆ ਵਿੱਚ ਜਾ ਪਹੁੰਚਦੇ ਹਾਂ ਜਿਹੜੀ ਇਸ ਦੁਨੀਆ ਨਾਲੋਂ ਖੂਬਸੂਰਤ ਅਤੇ ਮਜ਼ੇਦਾਰ ਹੈ। ਹੋ ਸਕਦਾ ਹੈ ਮੇਰੀ ਜਾਣਕਾਰੀ ਗਲਤ ਹੋਵੇ। ਪਰ ਇਸ ਦਲੀਲ ਨੇ ਮੇਰੇ ਬਹੁਤ ਸਾਰੇ ਵਿਛੋੜਿਆਂ ਦੇ ਦਰਦ ਨੂੰ ਘਟਾਇਆ ਹੈ। ਕਈ ਵਾਰ ਘਟਾਇਆ ਹੈ। ਬਹੁਤ ਸਾਰੇ ਹੋਰ ਅਨੁਭਵ ਅਤੇ ਹੋਰ ਗੱਲਾਂ ਵੀ ਹਨ ਜਿਹਨਾਂ ਦੀ ਚਰਚਾ ਫਿਰ ਕਦੇ ਸਹੀ।
ਜਾਂਦੇ ਜਾਂਦੇ ਜਿਗਰ ਮੋਰਦਾਬਾਦੀ ਸਾਹਿਬ ਦਾ ਇੱਕ ਪਰਸਿੱਧ ਸ਼ੇਅਰ:
ਜ਼ਿੰਦਗੀ ਇਕ ਹਾਦਸਾ ਹੈ-ਔਰ ਐਸਾ ਹਾਦਸਾ,
ਮੌਤ ਸੇ ਭੀ ਖਤਮ ਜਿਸਕਾ ਸਿਲਸਿਲਾ ਹੋਤਾ ਨਹੀਂ। 

No comments: