ਡਾ: ਸੁਖਦੇਵ ਸਿੰਘ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ
ਲੁਧਿਆਣਾ: 18 ਮਈ 2016:(ਪੰਜਾਬ ਸਕਰੀਨ ਬਿਊਰੋ):
ਸ੍ਰੀ ਭੈਣੀ ਸਾਹਿਬ ਵਿਖੇ ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਨੂੰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਕਾਤਲਾਂ ਦਾ ਪਕੜ ਵਿੱਚ ਨਾ ਆਉਣਾ ਸਮੁੱਚੇ ਸਮਾਜ ਲਈ ਨਿਰਾਸ਼ਾ ਪੈਦਾ ਕਰਨ ਵਾਲਾ ਵਰਤਾਰਾ ਬਣ ਗਿਆ ਹੈ। ਚੇਤੇ ਰਹੇ ਕਿ ਪਿੰਡ ਭੈਣੀ ਸਾਹਿਬ 'ਚ 4 ਅਪ੍ਰੈਲ ਨੂੰ ਨਾਮਧਾਰੀ ਸੰਪ੍ਰਦਾਇ ਦੇ ਮੁਖੀ ਸਵਰਗੀ ਸਤਿਗੁਰੂ ਜਗਜੀਤ ਸਿੰਘ ਦੀ ਧਰਮਪਤਨੀ ਮਾਤਾ ਚੰਦ ਕੌਰ ਦੇ ਹੋਏ ਕਤਲ ਦੇ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਹਾਈਕੋਰਟ 'ਚ ਰਿੱਟ ਦਾਇਰ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਯੂਨੀਵਰਸਲ ਹਿਊਮਨ ਰਾਈਟਸ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਰਿੱਟ ਜਥੇਬੰਦੀ ਦੇ ਸਕੱਤਰ ਅਤੇ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਡਾ: ਸੁਖਦੇਵ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਤਲ ਦੇ ਡੇਢ ਮਹੀਨੇ ਬਾਅਦ ਵੀ ਸਰਕਾਰ ਕਾਤਲਾਂ ਦਾ ਪਤਾ ਲਗਾਉਣ ਵਿਚ ਅਸਫ਼ਲ ਰਹੀ ਹੈ ਤੇ ਇਸ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਰਿੱਟ ਦਾਇਰ ਕਰਨ ਦਾ ਮਕਸਦ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾ ਕੇ ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਵਿਚ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ। ਇਸ ਮੌਕੇ ਸ: ਮਨਜੀਤ ਸਿੰਘ ਨਾਗਲਾ, ਗੁਰਚਰਨ ਸਿੰਘ ਰੰਧਾਵਾ, ਰਵਿੰਦਰ ਸਿੰਘ ਵੜੈਚ, ਗੁਰਭੇਜ ਸਿੰਘ, ਤੀਰਥ ਸਿੰਘ, ਡਾ: ਜਸਬੀਰ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ, ਸੰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ। ਹੁਣ ਦੇਖਣਾ ਇਹ ਹੈ ਕਿ ਹਿੰਸਕ ਘਟਨਾਵਾਂ, ਕਤਲਾਂ ਅਤੇ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਤੇਜ਼ੀ ਨਾਲ ਕੋਈ ਨਤੀਜਾ ਸਾਹਮਣੇ ਲਿਆਉਂਦੀ ਹੈ ਜਾਂ ਨਹੀਂ?
No comments:
Post a Comment