7 ਜੂਨ ਤੇ 28 ਜੁਲਾਈ ਨੂੰ ਵੀ ਹੋਵੇਗੀ ਹੜਤਾਲ
ਲੁਧਿਆਣਾ: 20 ਮਈ 2016: (ਪੰਜਾਬ ਸਕਰੀਨ ਬਿਊਰੋ):
ਦੇਸ਼ ਦੇ ਪ੍ਰਮੁੱਖ ਪੰਜ ਸਹਿਯੋਗੀ ਬੈਂਕ ਜਿਨ੍ਹਾਂ ਵਿਚ ਸਟੇਟ ਬੈਂਕ ਆਫ ਪਟਿਆਲਾ, ਸਟੇਟ ਆਫ ਮੈਸੂਰ, ਸਟੇਟ ਬੈਂਕ ਆਫ ਬੀਕਾਨੇਰ ਐਾਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ ਅਤੇ ਸਟੇਟ ਬੈਂਕ ਆਫ ਟਰਾਵਨਕੋਰ ਸ਼ਾਮਿਲ ਹਨ, ਦੇ ਮੁਲਾਜਮਾਂ ਅਤੇ ਅਫਸਰਾਂ ਵੱਲੋਂ ਭਾਰਤੀ ਸਟੇਟ ਬੈਂਕ ਵਿਚ ਰਲੇਵੇ ਦੇ ਵਿਰੋਧ ਵਿਚ ਆਪਣੇ ਤਿੱਖੇ ਰੋਸ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਸਟੇਟ ਸੈਕਟਰ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਮੁਲਾਜ਼ਮਾਂ ਵੱਲੋਂ ਲੁਧਿਆਣਾ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੇ ਮਿਲਰਗੰਜ ਸਥਿਤ ਖੇਤਰੀ ਦਫਤਰ ਮੁਹਰੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਜੰਮ ਕੇ ਨਿਖੇਧੀ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਕਾਮਰੇਡ ਨਰੇਸ਼ ਗੌੜ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਯੋਗੀ ਬੈਂਕਾਂ ਨੂੰ ਜਲਦਬਾਜ਼ੀ 'ਚ ਬਿਨਾਂ ਕਿਸੇ ਅਗਾਉ ਸੂਚਨਾ ਦੇ ਮੀਟਿੰਗ ਕਰਕੇ ਸਹਿਯੋਗੀ ਬੈਂਕ ਦੇ ਰਲੇਵੇ ਦਾ ਫੈਸਲਾ ਕਰ ਲਿਆ ਗਿਆ ਹੈ, ਜੋ ਕਿਸੇ ਵੀ ਤਰ੍ਹਾਂ ਨਾਲ ਮੁਲਾਜ਼ਮਾਂ ਦੇ ਹਿੱਤ ਵਿਚ ਨਹੀਂ ਹੈ। ਇਸ ਮੌਕੇ ਕਾਮਰੇਡ ਅਸ਼ੋਕ ਮਲਹਨ ਨੇ ਕਿਹਾ ਕਿ ਅਚਨਚੇਤ ਮੀਟਿੰਗ ਰੱਖ ਕੇ ਅਜਿਹੇ ਗੰਭੀਰ ਮਾਮਲੇ ਬਾਰੇ ਅਚਾਨਕ ਫੈਸਲਾ ਲੈਣਾ ਬੜੀ ਸ਼ਰਮਨਾਕ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਹਿਯੋਗੀ ਬੈਂਕ 7 ਦਹਾਕਿਆਂ ਤੋਂ ਲੈ ਕੇ ਇਕ ਸਦੀ ਤੋਂ ਵੀ ਵਧੇਰੇ ਸਮੇਂ ਤੋ ਗਾਹਕਾਂ ਦੀ ਸੇਵਾ ਕਰਦੇ ਆ ਰਹੇ ਹਨ। ਇਨ੍ਹਾਂ ਸਹਿਯੋਗੀ ਬੈਂਕਾਂ ਦੀਆਂ ਦੇਸ਼ਭਰ 'ਚ 67 ਹਜਾਰ ਤੋਂ ਵਧੇਰੇ ਸ਼ਾਖਾਵਾਂ ਤੇ 9 ਹਜਾਰ ਤੋ ਵੱਧ ਏ.ਟੀ.ਐਮ ਕੰਮ ਕਰ ਰਹੇ ਹਨ। ਇਨ੍ਹਾਂ ਬੈਂਕਾਂ ਦਾ ਮਾਰਚ 2016 ਤੱਕ ਕੁਲ ਕਾਰੋਬਾਰ 9 ਲੱਖ ਕਰੋੜ ਰੁਪਏ ਹੈ ਤੇ 73 ਹਜਾਰ ਕਰਮਚਾਰੀ ਇਨ੍ਹਾਂ ਬੈਂਕਾਂ 'ਚ ਸੇਵਾਵਾਂ ਨਿਭਾ ਰਹੇ ਹਨ। ਮੁਲਾਜਮ ਜਥੇਬੰਦੀਆਂ ਵੱਲੋਂ ਇਸ ਫੈਸਲੇ ਵਿਰੁੱਧ 7 ਜੂਨ ਤੇ 28 ਜੁਲਾਈ ਨੂੰ ਵੀ ਹੜਤਾਲ ਕੀਤੀ ਜਾਵੇਗੀ।
ਮਿਲਰਗੰਜ ਵਾਲੇ ਧਰਨੇ ਵਿੱਚ ਔਰਤਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਕਾਮਰੇਡ ਪਵਨ ਠਾਕੁਰ, ਕਾਮਰੇਡ ਰਾਜੇਸ਼ ਵਰਮਾ, ਕਾਮਰੇਡ ਬਲਵੰਤ ਰਾਏ, ਕਾਮਰੇਡ ਅਸ਼ਵਨੀ ਸਿੰਗਲਾ ਆਦਿ ਵੀ ਹਾਜ਼ਰ ਸਨ |
No comments:
Post a Comment