Sunday, December 04, 2022

ਗੁਰਸ਼ਰਨ ਸਿੰਘ ਨਾਟ ਉਤਸਵ ਦਾ ਦੂਜਾ ਦਿਨ

Sunday 4th December 2022 at 06:20 PM

ਮੰਚ ’ਤੇ ਸਾਕਾਰ ਹੋਈ ‘ਨਟੀ ਬਿਨੋਦਨੀ’ ਦੀ ਸੱਚੀ ਕਹਾਣੀ
ਨਟੀ  ਬਿਨੋਦਿਨੀ 1994 ਦੀ ਇੱਕ ਬੰਗਾਲੀ ਫ਼ਿਲਮ vi ਸੀ ਜਿਸ ਵਿੱਚ ਪ੍ਰਸੋਨਜੀਤ ਚੈਟਰਜੀ ਅਤੇ ਦੇਬਾਸ਼੍ਰੀ ਰਾਏ ਸਨ। ਇਹ ਫਿਲਮ ਉਸ 'ਤੇ hi ਬਣੀ ਸੀ। 19ਵੀਂ ਸਦੀ ਦੇ ਬੰਗਾਲ ਦੇ ਮਹਾਨ ਸੰਤ ਰਾਮਕ੍ਰਿਸ਼ਨ ਪਰਮਹੰਸ 1884 ਵਿੱਚ ਨਟੀ ਬਿਨੋਦਿਨੀ ਦਾ ਨਾਟਕ ਦੇਖਣ ਆਏ ਸਨ।--ਸੰਪਾਦਕ 


ਚੰਡੀਗੜ੍ਹ: 4 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਫੋਟੋ-ਵਿਕੀਮੀਡੀਆ ਕਾਮਨ 

ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਹਰ ਸਾਲ ਹੋਣ ਵਾਲੇ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਦੂਜੇ ਦਿਨ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ਨਟੀ ਬਿਨੋਦਨੀ ਦੀ ਕਹਾਣੀ ਪੇਸ਼ ਹੋਈ। ਇਹ ਨਾਟਕ ਦੱਸ ਰਿਹਾ ਸੀ ਕਿ ਕਲਾ ਦੀ ਦੁਨੀਆਂ ਵੀ ਡੇਢ ਸਦੀ ਵਿੱਚ ਬਹੁਤੀ ਬਦਲ ਨਹੀਂ ਸਕੀ। ‘ਨਟੀ ਬਿਨੋਦਨੀ’ ਨਾਟਕ ਬੰਗਾਲੀ ਰੰਗਮੰਚ ਦੀ ਅਦਾਕਾਰਾ ਬਿਨੋਦਨੀ ਦਾਸੀ ਦੀ ਸਵੈ-ਜੀਵਨੀ `ਤੇ ਆਧਾਰਤ ਹੈ, ਜਿਸਨੂੰ ਪੇਸ਼ ਕਰਨ ਲਈ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦਾ ਸਹਿਯੋਗ ਸੀ।

ਬਹੁਤ ਹੀ ਡੂੰਘੀਆਂ ਗੱਲਾਂ ਕਰਨ ਵਾਲਾ ਇਹ ਨਾਟਕ ਨਟੀ ਬਿਨੋਦਨੀ ਦੀ ਆਤਮਕਥਾ ਅਤੇ ਉਸਦੇ ਜੀਵਨੀਕਾਰਾਂ ਦੀਆਂ ਰਚਨਾਵਾਂ ’ਤੇ ਆਧਾਰਤ ਸੀ, ਜਿਸਦੀ ਸਕ੍ਰਿਪਟ ਸ਼ਬਦੀਸ ਵੱਲੋਂ ਤਿਆਰ ਕੀਤੀ ਗਈ। ਉਹ ਰੰਗਮੰਚ `ਤੇ ਕਿਵੇਂ ਆਈ ਅਤੇ ਕਿਨ੍ਹਾਂ ਹਾਲਾਤ ਵਿਚ ਹਨੇਰੀਆਂ ਗਲੀਆਂ ਦੀ ਗੁੰਮਨਾਮੀ ਵਿੱਚ ਗਵਾਚ ਗਈ; ਇਹ ਕਥਾ ਹੀ ਨਾਟਕ ਬਿਆਨ ਕਰਦਾ ਹੈ। ਉਂਝ ਹਾਲਤ ਅੱਜ ਵੀ ਗੰਭੀਰ ਹੈ। 

ਅਨੀਤਾ ਸ਼ਬਦੀਸ਼, ਜੋ ਇਸ ਨਾਟਕ ਦੀ ਨਿਰਦੇਸ਼ਕ ਵੀ ਹੈ, ਨੇ ਨਟੀ ਬਿਨੋਦਨੀ ਦੀ ਮੁੱਖ ਭੂਮਿਕਾ ਨਿਭਾਈ। ਉਹ ਰੰਗਮੰਚ ਨੂੰ ਪੂਜਾ ਮੰਨਦੀ ਹੈ; ਇਸ ਲਈ ਪਿਆਰ ਤੱਕ ਠੁਕਰਾ ਦਿੰਦੀ ਹੈ ਅਤੇ ਥੀਏਟਰ ਕੰਪਨੀ ਨੂੰ ਬਚਾਉਣ ਲਈ ਹਵਸੀ ਕਿਸਮ ਦੇ ਅਮੀਰਜਾਦੇ ਕੋਲ਼ ਵਿਕ ਜਾਦੀ ਹੈ। ਇਸ ਤਨ-ਮਨ ਨਿਛਾਵਰ ਕਰਨ ਵਾਲੀ ਦੇ ਦਰਦ ਨੇ ਸੰਵੇਦਨਸ਼ੀਲ ਦਰਸ਼ਕਾਂ ਨੂੰ ਵਾਰ-ਵਾਰ ਭਾਵੁਕ ਕੀਤਾ, ਜਦੋਂ ਉਹ ਵੇਖਦੇ ਹਨ ਕਿ ਉਸਦੇ ਸਹਿਯੋਗੀ ਕਲਾਕਾਰ ਥੀਏਟਰ ਕੰਪਨੀ ਉਤੇ ਕਬਜ਼ੇ ਲਈ ਹਰ ਤਰ੍ਹਾਂ ਦੀਆਂ ਸਾਜ਼ਿਸਾਂ ਰਚਦੇ ਹਨ। ਉਨ੍ਹਾਂ ਸਾਹਮਣੇ ਸਰਵੋਤਮ ਅਦਾਕਾਰਾ ਨਹੀਂ ਹੈ, ਬਲਕਿ ਇੱਕ ਵੇਸਵਾ ਦੀ ਦੋਹਤੀ ਤੇ ਧੀ ਹੈ, ਹਾਲਾਂਕਿ ਉਹ ਦਰਸ਼ਕਾਂ ਲਈ ਸਤੀ ਸਵਿੱਤਰੀ, ਸੀਤਾ ਤੇ ਦਰੋਪਤੀ ਸੀ, ਜਿਨ੍ਹਾਂ ਦੀਆਂ ਉਸਨੇ ਭੂਮਿਕਾਵਾਂ ਅਦਾ ਕੀਤੀਆਂ ਸਨ। ਨਟੀ ਬਿਨੋਦਨੀ ਆਪਣੇ ਮਰਦ ਸਾਥੀਆਂ ਦੀਆਂ ਸਾਜ਼ਿਸਾਂ ਤੇ ਮਰਦ ਪ੍ਰਧਾਨ ਰੁਖ਼ ਤੋਂ ਦੁਖੀ ਹੋ ਕੇ ਹਮੇਸ਼ਾ ਲਈ ਰੰਗਮੰਚ ਤੋਂ ਵਿਦਾ ਹੋ ਜਾਂਦੀ ਹੈ ਅਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੋਈ ਦਰਸ਼ਕਾਂ ਦੀ ਭੀੜ ਵਿੱਚ ਗਵਾਚ ਜਾਂਦੀ ਹੈ। ਇਨ੍ਹਾਂ ਹਾਲਾਤਾਂ  ਨੂੰ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਅਦਾਕਾਰਾ ਵਜੋਂ ਜੀਵੰਤ ਕੀਤਾ ਸੀ। ਜਸਵੀਰ ਸਿੰਘ ਨੇ ਉਸ ਵੇਲੇ ਦੀ ਟੀਮ ਦੇ ਨਿਰਦੇਸ਼ਕ ਗਰੀਸ਼ ਘੋਸ਼ ਦਾ ਕਿਰਦਾਰ ਅਦਾ ਕੀਤਾ। ਉਹ ਟੀਮ ਬਚਾਏ ਜਾਣ ਲਈ ਸਹਿਯੋਗੀ ਕਲਾਕਾਰਾਂ ਦਾ ਸਾਥ ਦਿੰਦਾ ਹੈ; ਨਟੀ ਬਿਨੋਦਨੀ ਨੂੰ ਧੁਰ ਅੰਦਰੋਂ ਤੋੜਨ ਵਾਲੇ ਮਾਨਸਕ ਤਸ਼ੱਦਦ ਦੀਆਂ ਸਾਜ਼ਿਸਾਂ ਦਾ ਭਾਈਵਾਲ ਬਣਦਾ ਹੈ, ਹਾਲਾਂਕਿ ਉਹ ਬਿਨੋਦਨੀ ਪ੍ਰਤੀ ਹਮਦਰਦੀ ਵੀ ਰੱਖਦਾ ਹੈ। ਹਰਮਨਪਾਲ ਸਿੰਘ ਨੇ ਰਾਜਾ ਬਾਬੂ ਦੀ ਭੂਮਿਕਾ ਅਦਾ ਕੀਤੀ, ਜੋ ਪਿਆਰ ਤਾਂ ਕਰਦਾ ਹੈ, ਪਰ ਪਤਨੀ ਦੀ ਥਾਂ ਰਖੇਲ ਦਾ ਹੀ ਸਮਝਦਾ ਹੈ। ਉਸਦੇ ਬੁੱਢੇ ਤੇ ਹਵਸੀ ਆਸ਼ਕ ਗੁਰਮੁੱਖ ਬਾਬੂ ਦੀ ਭੂਮਿਕਾ ਤੇਜਭਾਨ ਗਾਂਧੀ ਨੇ ਅਦਾ ਕੀਤੀ। ਨਟੀ ਬਿਨੋਦਨੀ ਦੀ ਨਾਨੀ ਤੇ ਮਾਂ ਦੀਆਂ ਭੂਮਿਕਾਵਾਂ ਰਮਨ ਢਿੱਲੋਂ ਨੇ ਅਦਾ ਕੀਤੀਆਂ, ਬਿਨੋਦਨੀ ਦੇ ਬਚਪਨ ਦਾ ਰੋਲ ਮਿਸ਼ਟੀ ਨੇ ਅਦਾ ਕੀਤਾ, ਜਿਸਦਾ ਗੁਰਜੀਤ ਦਿਓਲ ਨਾਲ ਛੋਟਾ ਜਿਹਾ ਰੋਲ ਸੀ।   

ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਸੀ, ਜਦਕਿ ਸੰਗੀਤ ਦਿਲਖ਼ੁਸ਼ ਥਿੰਦ ਨੇ ਤਿਆਰ ਕੀਤਾ ਹੈ। ਇਸਦੇ ਗੀਤ ਸਲੀਮ ਸਿਕੰਦਰ ਤੇ ਮਿੰਨੀ ਦਿਲਖੁਸ਼ ਦੇ ਗਾਏ ਹੋਏ ਸਨ।

5 ਦਸੰਬਰ ਨੂੰ ਹੋਵੇਗਾ ‘ਲੱਛੂ ਕਬਾੜੀਆ’ : ਅਦਾਕਾਰ ਮੰਚ ਮੋਹਾਲੀ ਵੱਲੋਂ ਡਾ. ਸਾਹਿਬ ਸਿੰਘ ‘ਲੱਛੂ ਕਬਾੜੀਆ’ ਨਾਟਕ ਪੇਸ਼ ਕਰਨਗੇ, ਜੋ ਦਲਿਤ ਸਮਾਜ ਦੇ ਜੀਵਨ ਨੂੰ ਪੇਸ਼ ਕਰੇਗਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: