Saturday, December 03, 2022

ਚੰਡੀਗੜ੍ਹ ਵਿੱਚ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਸ਼ਾਨਾਮੱਤਾ ਆਗਾਜ਼

3rd December 2022 at 06:17 PM

ਪਹਿਲੇ ਦਿਨ ਸਾਰਤਰ ਦੇ ਨਾਟਕ ਦਾ ਪੰਜਾਬੀ ਰੂਪਾਂਤਰ ‘ਕੌਣ ਜਾਣੇ ਸਾਡੀ ਪੀੜ’

ਸਾਰਤਰ ਉਨ੍ਹਾਂ ਵਿਦਰੋਹੀਆਂ ਵਿੱਚੋਂ ਸਨ ਜਿਨ੍ਹਾਂ ਨੇ ਕਦੇ ਵੀ ਕਿਸੇ ਪਾਰਟੀ ਦੀ ਮੈਂਬਰਸ਼ਿਪ ਸਵੀਕਾਰ ਨਹੀਂ ਕੀਤੀ ਸੀ। ਉਹਨਾਂ ਦੇ ਦਾਰਸ਼ਨਿਕ ਵਿਚਾਰ ਉਹਨਾਂ ਨਾਟਕਾਂ ਅਤੇ ਨਾਵਲਾਂ ਵਿੱਚ ਸਪਸ਼ਟ ਝਲਕਦੇ ਹਨ। ਉਹਨਾਂ ਦੀਆਂ ਲਿਖਤਾਂ ਤੁਹਾਨੂੰ ਤੁਹਾਡੇ ਉਸ ਰੂਪ ਨਾਲ  ਮਿਲਾਉਂਦਿਆਂ ਹਨ ਜਿਸਦਾ ਸਾਹਮਣਾ ਤੁਅਸੀਂ ਪਹਿਲਾਂ ਕਦੇ ਨਹੀਂ ਕੀਤਾ ਹੋਣਾ। ਨਾਟਕ ਉਤਸਵ ਦਾ ਪਹਿਲਾ ਦਿਨ ਸਾਰਤਰ ਦੇ ਨਾਟਕ ਨਾਲ ਹੋਇਆ। ਇਸ ਨਾਟਕ ਦੀ ਕਹਾਣੀ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ। --ਸੰਪਾਦਕ 


ਚੰਡੀਗੜ੍ਹ
: 3 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿੱਚ 19ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਆਗਾਜ਼ ਯਾਂ ਪਾਲ ਸਾਰਤਰ ਦੇ ਫਰੈਂਚ ਨਾਟਕ ਨਾਲ ਹੋਇਆ, ਜਿਸਦਾ ਪੰਜਾਬੀ ਰੂਪਾਂਤਰ ਸ਼ਬਦੀਸ਼ ਨੇ ‘ਕੌਣ ਜਾਣੇ ਸਾਡੀ ਪੀੜ’ ਵਜੋਂ ਕੀਤਾ ਹੈ। ਇਹ ਨਾਟਕ ਪੰਜਾਬ ਕਲਾ ਪਰਿਸ਼ਦ ਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਨਾਟਕ ਦੀ ਮੂਲ ਸਕ੍ਰਿਪਟ ਦਾ ਸਰੋਕਾਰ ਨਸਲਵਾਦ ਨਾਲ ਹੈ, ਜਿਸਨੂੰ ਰੂਪਾਂਤਰਕਾਰ ਨੇ ਭਾਰਤੀ ਪ੍ਰਸੰਗ ਵਿੱਚ ਜਾਤੀਵਾਦ ਦੇ ਮਸਲੇ ਨਾਲ ਜੋੜ ਕੇ ਪੇਸ਼ ਕੀਤਾ ਹੈ। ਇਹ ਨਾਟਕ ਰੇਲ ਗੱਡੀ ਵਿੱਚ ਉੱਚ ਜਾਤੀ ਮਰਦਾਂ ਵੱਲੋਂ ਆਪਣੀ ਹੀ ਜਾਤੀ ਦੀ ਵੇਸਵਾ ਕੁੜੀ ਨਾਲ ਕੀਤੀ ਗੁੰਡਾਗਰਦੀ ਦੇ ਪਿਛੋਕੜ ਵਿੱਚ ਘਰ ਅੰਦਰ ਵੇਸਵਾ ਦੇ ਕੋਠੇ ’ਤੇ ਵਾਪਰਦਾ ਹੈ। ਨਾਟਕ ਦੀ ਕਹਾਣੀ ਮੁਤਾਬਕ ਰੇਲ ਦੇ ਉਸ ਡੱਬੇ ਵਿੱਚ ਦੋ ਦਲਿਤ ਵੀ ਬੈਠੇ ਹੋਏ ਸਨ, ਜਿਨ੍ਹਾਂ ਨੂੰ ਮਰਦਾਂ ਦਾ ਇਹ ਵਿਹਾਰ ਪਸੰਦ ਨਹੀਂ। ਉਨ੍ਹਾਂ ’ਚੋਂ ਇੱਕ ਜਣਾ ਗੁੰਡਿਆਂ ਦਾ ਵਿਰੋਧ ਕਰਦਾ ਹੈ ਤੇ ਉਨ੍ਹਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ, ਜਦਕਿ ਦੂਜਾ ਰੇਲ ਗੱਡੀ ’ਚੋਂ ਛਾਲ ਮਾਰ ਕੇ ਬਚ ਜਾਂਦਾ ਹੈ। ਉਹ ਹੀ ਕਤਲ ਕਾਂਡ ਦਾ ਇਕਲੌਤਾ ਗਵਾਹ ਹੈ, ਪਰ ਕਾਤਲ ਉਸ ’ਤੇ ਹੀ ਝੂਠਾ ਇਲਜ਼ਾਮ ਲਗਾ ਕੇ ਪੂਰੇ ਸ਼ਹਿਰ ਨੂੰ ਭੜਕਾ ਦਿੰਦੇ ਹਨ ਅਤੇ ਉਸਦਾ ਭੀੜ ਹੱਥੋਂ ਕਤਲ ਕਰਵਾ ਕੇ ਹੀ ਦਮ ਲੈਂਦੇ ਹਨ। 

ਇਹ ਨਾਟਕ ਦਿਲਚਸਪ ਹਾਲਾਤ ਵਿੱਚ ਵਾਪਰਦਾ ਹੈ। ਇੱਕ ਪਾਸੇ ਦਲਿਤ ਜਾਨ ਬਚਾਉਣ ਲਈ ਵੇਸਵਾ ਸਾਹਮਣੇ ਬੇਨਤੀ ਲਈ ਆ ਰਿਹਾ ਹੈ, ਦੂਜੇ ਪਾਸੇ ਕਾਤਲ ਦਾ ਕਜ਼ਨ ਰਣਜੀਤ ਆਪਣੇ ਭਰਾ ਦਾ ਥਾਂ ਗਰੀਬ ਬੰਦੇ ਨੂੰ ਹੀ ਅਦਾਲਤ ਵਿੱਚ ਦੋਸ਼ੀ ਠਹਿਰਾ ਦੇਣ ਲਈ ਝੂਠੇ ਬਿਆਨ ’ਤੇ ਦਸਤਖ਼ਤ ਕਰਵਾਏ ਜਾਣ ਦਾ ਸੌਦਾ ਕਰਨਾ ਚਾਹੁੰਦਾ ਹੈ। ਜਦੋਂ ਲਵਲੀਨ ਦਬਾਅ ਅਧੀਨ ਝੂਠੇ ਬਿਆਨ ’ਤੇ ਦਸਤਖ਼ਤ ਕਰਨ ਦੀ ਅਨੈਤਿਕਤਾ ਸਵੀਕਾਰ ਨਹੀਂ ਕਰਦੀ ਤਾਂ ਰਣਜੀਤ ਦਾ ਮੇਅਰ ਬਾਪ ਦੇਸ਼ ਦੇ ਵਿਕਾਸ ਅਤੇ ਇਸਦੇ ਸਭ ਤੋਂ ਵੱਡੇ ਨੇਤਾ ਦਾ ਰੂਪ ਧਾਰ ਕੇ ਆਪਣੇ ਚਮਤਕਾਰੀ ਪ੍ਰਭਾਵ ਹੇਠ ਦਸਤਖ਼ਤ ਕਰਵਾ ਹੀ ਲੈਂਦਾ ਹੈ। ਉਹ ਦੱਸਦਾ ਹੈ ਕਿ ਕਤਲ ਦਾ ਦੋਸ਼ੀ ਹਰਮੀਤ ਦੁਨੀਆਂ ਦੇ ਕਾਰਪੋਰੇਟੀ ਸਰਦਾਰਾਂ ਨੂੰ ਟੱਕਰ ਦੇ ਕੇ ਸਕਦਾ ਹੈ, ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਇਹ ਇੱਕ ਨੀਚ ਦੇ ਬਦਲੇ ਦੇਸ਼ ਦੇ ਭਲੇ ਦਾ ਕਦਮ ਹੈ। ਲਵਲੀਨ ਨੂੰ ਗਲਤੀ ਦਾ ਅਹਿਸਾਸ ਤਾਂ ਹੋ ਜਾਂਦਾ ਹੈ, ਪਰ ਖੇਡ ਹੱਥੋਂ ਨਿਕਲ ਜਾਂਦੀ ਹੈ।  

ਇਸ ਨਾਟਕ ਦੀ ਸਭ ਤੋਂ ਵੱਡੀ ਖ਼ੂਬੀ ਇਹ ਰਹੀ ਕਿ ਪ੍ਰਮੁੱਖ ਭੂਮਿਕਾਵਾਂ ਨਿਭਾ ਰਹੇ ਸਾਰੇ ਕਲਾਕਾਰਾਂ ਨੇ ਬੰਦੇ ਦੇ ਅੰਦਰਲੇ ਬੰਦੇ ਦਾ ਚਿਹਰਾ ਜ਼ਾਹਰ ਕਰਨ ਕਰਨ ਦਾ ਬਖ਼ੂਬੀ ਯਤਨ ਕੀਤਾ। ਇਸ ਨਾਟਕ ਦੀ ਨਾਇਕਾ ਲਵਲੀਨ, ਜਿਸਦੀ ਭੂਮਿਕਾ ਪੂਜਾ ਕੈਥਵਾਲ ਨੇ ਅਦਾ ਕੀਤੀ, ਇੱਕੋ ਵੇਲੇ ਵੇਸਵਾ ਹੈ, ਨਿਆਂ ਪ੍ਰਤੀ ਸੰਵੇਦਨਸ਼ੀਲ ਹੈ ਤੇ ਅੰਦਰ ਜਾਤੀਵਾਦੀ ਭਾਵਨਾਵਾਂ ਵੀ ਵਸਾਈ ਬੈਠੀ ਹੈ। ਇਸੇ ਤਰ੍ਹਾਂ ਰਣਜੀਤ, ਜਿਸਦਾ ਰੋਲ ਆਂਸ਼ੁਲ ਨੇ ਅਦਾ ਕੀਤਾ, ਉਹ ਜਿਸਮ ਦਾ ਭੁੱਖਾ ਹੈ, ਆਪਣੇ ਕਜ਼ਨ ਦੇ ਬਚਾਅ ਲਈ ਭਾਰੀ ਰਕਮ ਵੀ ਅਦਾ ਕਰ ਸਕਦਾ ਹੈ; ਨਾ ਮੰਨਣ ਦੀ ਹਾਲਤ ਵਿੱਚ ਜਿਸਮਾਨੀ ਧੱਕਾ ਵੀ ਕਰ ਸਕਦਾ ਹੈ। ਇਸੇ ਤਰ੍ਹਾਂ ਹਰਜਾਪ ਵੱਲੋਂ ਅਦਾ ਕੀਤਾ ਮੇਅਰ ਦਾ ਕਿਰਦਾਰ ਹੈ, ਜਿਸ ਕੋਲ ਭੋਲੀ-ਭਾਲੀ ਲਵਲੀਨ ਦੇ ਮਨ ਨੂੰ ਮੋੜਾ ਦੇਣ ਵਾਲੀ ਚਮਤਕਾਰੀ ਭਾਸ਼ਾ ਹੈ। ਇਸ ਨਾਟਕ ਦੇ ਕੇਂਦਰ ’ਚ ਦਲਿਤ ਦੀ ਸੰਖੇਪ, ਪਰ ਸਸ਼ਕਤ ਭੂਮਿਕਾ ਹੈ। ਉਹ ਜਾਨ ਬਚਾ ਲੈਣ ਲਈ ਭੱਜ-ਦੌੜ ਰਿਹਾ ਹੈ, ਪਰ ਵੱਡੇ ਲੋਕਾਂ ਖ਼ਿਲਾਫ਼ ਗੋਲੀ ਨਹੀਂ ਦਾਗ ਸਕਦਾ, ਕਿਉਂਕਿ ਉਸਨੂੰ ਲਗਦਾ ਹੈ ਕਿ ਅਗਲੀ ਦੁਨੀਆਂ ਵਿੱਚ ਵੀ ਪਵਿੱਤਰ ਗ੍ਰੰਥ ਸਹਾਰਾ ਨਹੀਂ ਬਣ ਸਕਣਗੇ। ਇਹ ਭੂਮਿਕਾ ਭਰਤ ਸ਼ਰਮਾ ਨੇ ਅਦਾ ਕੀਤੀ। 

ਨਾਟਕ ਦਾ ਸਿਖ਼ਰ ਪਛਤਾਵੇ ਦੀ ਅੱਗ ਵਿੱਚ ਸੜਦੀ ਲਵਲੀਨ ਦਾ ਬਦਲਾ ਹੈ, ਜੋ ਉਹ ਉਸ ਸਮੇਂ ਲੈਂਦੀ ਹੈ, ਜਦੋਂ ਭੜਕੀ ਭੀੜ ਗਰੀਬ ਬੰਦੇ ਦਾ ਕਤਲ ਕਰ ਦਿੰਦੀ ਹੈ। ਇਸ ਨਾਟਕ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਦਾ ਸੀ।

ਹੁਣ 4 ਦਸੰਬਰ ਨੂੰ ਹੋਵੇਗਾ ‘ਨਟੀ ਬਿਨੋਦਨੀ’: ਗੁਰਸ਼ਰਨ ਸਿੰਘ ਨਾਟ ਉਤਸਵ ਦੇ ਦੂਜੇ ਦਿਨ ਦੀ ਪੇਸ਼ਕਾਰੀ ‘ਨਟੀ ਬਿਨੋਦਨੀ’ ਵੀ ਸੁਚੇਤਕ ਰੰਗਮੰਚ ਵੱਲੋਂ ਹੀ ਹੋਵੇਗੀ। ਇਹ ਨਾਟਕ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ‘ਨਟੀ ਬਿਨੋਦਨੀ’ ਦੀ ਸਵੈ-ਜੀਵਨੀ ’ਤੇ ਆਧਾਰਤ ਹੋਵੇਗਾ। ਉਹ ਨਾਟਕ ਦੀ ਦੁਨੀਆਂ ਨਾਲ ਕਿਵੇਂ ਜੁੜੀ ਤੇ ਕਿਨ੍ਹਾਂ ਹਾਲਾਤ ਵਿੱਚ ਸਦਾ ਲਈ ਰੰਗਮੰਚ ਤੋਂ ਵਿਦਾ ਹੋ ਗਈ; ਇਹ ਹੀ ਨਾਟਕ ਦੀ ਕਹਾਣੀ ਹੋਵੇਗੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: