Showing posts with label Sarabha. Show all posts
Showing posts with label Sarabha. Show all posts

Friday, August 17, 2018

ਇਨਕਲਾਬੀ ਜਮਹੂਰੀ ਜੱਥੇਬੰਦੀਆਂ ਵੱਲੋਂ ਫਿਰਕੂ ਅਨਸਰਾਂ ਦੀ ਸਾਜਿਸ਼ ਨਾਕਾਮ

ਉਮਰ ਖਾਲਿਦ ‘ਦੇ ਹਮਲਾਵਰਾਂ ਨੂੰ ਨਹੀਂ ਵੜਨ ਦਿੱਤਾ ਪਿੰਡ ਦੀ ਜੂਹ ਅੰਦਰ
ਪਿੰਡ ਸਰਾਭੇ ਵਿੱਚ ਡਟੀਆਂ ਇਨਕਲਾਬੀ-ਜਮਹੂਰੀ ਜੱਥੇਬੰਦੀਆਂ
ਸਰਾਭਾ (ਲੁਧਿਆਣਾ): 17 ਅਗਸਤ, 2018: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਦਿਨੀਂ ਨੌਜਵਾਨ ਆਗੂ ਉਮਰ ਖਾਲਿਦ ਉੱਤੇ ਕੀਤੇ ਗਏ ਕਾਤਲਾਨਾ ਹਮਲੇ ਦੀ ਜਿੰਮੇਵਾਰੀ ਲੈਣ ਵਾਲੇ ਦੋ ਹਿੰਦੂਤਵੀ ਕੱਟਡ਼ਪੰਥੀ ਅਨਸਰ ਨੇ ਫੜ੍ਹ ਮਾਰੀ ਸੀ ਕਿ ਉਹ ਅੱਜ ਦੁਪਹਿਰ 12 ਵਜੇ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਗਿਰਫਤਾਰੀ ਦੇਣਗੇ। ਪੰਜਾਬ ਦੀਆਂ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਇਸਦਾ ਗੰਭੀਰ ਨੋਟਿਸ ਲੈਂਦਿਆ ਇਹ ਐਲਾਨ ਕੀਤਾ ਸੀ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਵਾਲੇ, ਲੋਕਾਂ ਵਿੱਚ ਇਨਕਲਾਬੀ-ਜਮਹੂਰੀ ਤਾਕਤਾਂ ਖਿਲਾਫ਼ ਭੰਡੀ ਪ੍ਰਚਾਰ ਦੀ ਜਹਿਰੀਲ ਮੁਹਿੰਮ ਚਲਾਉਣ ਵਾਲੇ, ਲੋਕਾਂ ਨੂੰ ਫਿਰਕੂ ਭਰਾ-ਮਾਰ ਜੰਗ ਵਿੱਚ ਧੱਕਣ ਵਾਲੀਆਂ ਲੋਕ ਦੋਖੀ ਹਿੰਦੂਤਵੀ ਕੱਟੜਪੰਥੀ ਤਾਕਤਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਇਨਕਲਾਬੀ ਵਿਰਾਸਤ ਨੂੰ ਫੋਕੀ ਮਸ਼ਹੂਰੀ ਲਈ ਹਰਗਿਜ ਵਰਤਣ ਤੇ ਦਾਗਦਾਰ ਨਹੀਂ ਕਰਨ ਦੇਣਗੇ । ਇਨਕਲਾਬੀ ਜਮਹੂਰੀ ਜੱਥੇਬੰਦੀਆਂ ਨੇ ਪੁਲਿਸ ਨੂੰ ਸਾਫ਼ ਕਹਿ ਦਿੱਤਾ ਸੀ ਕਿ ਇਹਨਾਂ ਦੋਵਾਂ ਦਹਿਸ਼ਤਗਰਦਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅਤੇ ਸ਼ਹੀਦ ਸਰਾਭਾ ਚੌਂਕ ਦੇ ਨੇੜੇ ਫਡ਼ਕਣ ਵੀ ਨਾ ਦੇਣ। ਉਹਨਾਂ ਦੀ ਪਿੰਡ ਤੋਂ ਬਾਹਰ ਗਿਰਫਤਾਰੀ ਯਕੀਨੀ ਬਣਾਈ ਜਾਵੇ ਅਤੇ ਜੇਲ੍ਹ ਵਿੱਚ ਡੱਕਿਆ ਜਾਵੇ, ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਨੌਜਵਾਨ ਭਾਰਤ ਸਭਾ (ਲਲਕਾਰ), ਨੌਜਵਾਨ ਭਾਰਤ ਸਭਾ (ਰਮਿੰਦਰ ਪਟਿਆਲਾ), ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਪੰਜਾਬ ਸਟੂਡੈਂਟਸ ਯੂਨੀਅਨ, ਲੋਕ ਕਲਾ ਮੰਚ  ਮੰਡੀ ਮੁੱਲਾਂਪੁਰ, ਤਰਕਸ਼ੀਲ ਸੋਸਾਇਟੀ, ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਸੈਂਕੜੇ ਲੋਕ ਆਗੂਆਂ ਅਤੇ ਕਾਰਕੁੰਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅਤੇ ਸਰਾਭਾ ਚੌਂਕ ਵਿੱਚ ਡੱਟ ਕੇ ਪਹਿਰਾ ਦਿੱਤਾ। 
ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਜਾਦੀ ਸੰਘਰਸ਼ ਵਿੱਚ ਹਿੰਦੂਤਵਵਾਦੀ ਕੱਟਡ਼ਪੰਥੀ ਆਰ.ਐਸ.ਐਸ. ਨੇ ਕਦੇ ਵੀ ਅੰਗਰੇਜਾਂ ਖਿਲਾਫ਼ ਲੜਾਈ ਨਹੀਂ ਲੜੀ ਸਗੋਂ ਅੰਗਰੇਜੀ ਹਕੂਮਤ ਦੀ ਸੇਵਾ ਹੀ ਕੀਤੀ। ਲੋਕਾਂ ਉੱਤੇ ਲੱਖਾਂ ਦੁਖ-ਤਕਲੀਫਾਂ ਦਾ ਪਹਾੜ ਲੱਦਣ ਵਾਲੇ ਇਹ ਫਿਰਕੂ ਕੱਟੜਪੰਥੀ ਕਿਸ ਮੂੰਹ ਨਾਲ਼ ਦੇਸ਼ ਭਗਤੀ ਦੀਆਂ ਗੱਲਾਂ ਕਰਦੇ ਹਨ। ਲੋਕਾਂ ਦੀ ਅਜਾਦੀ ਲਈ ਫਾਸੀਆਂ ਦੇ ਰੱਸੇ ਚੁੰਮਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ, ਹੋਰ ਗਦਰੀ ਇਨਕਲਾਬੀਆਂ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਵਿਚਾਰਧਾਰਾ ਨਾਲ਼ ਇਹਨਾਂ ਦਾ ਕੋਈ ਮੇਲ ਨਹੀਂ ਹੈ। ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਸੰਘ ਪਰਿਵਾਰ ਦੀਆਂ ਕੋਝੀਆਂ ਚਾਲਾਂ ਨੂੰ ਹਰਗਿਜ ਕਾਮਯਾਬ ਨਹੀਂ ਹੋਣ ਦੇਣਗੇ। 
ਪੰਜਾਬ ਦੀਆਂ ਸਮੁੱਚੀਆਂ ਇਨਕਲਾਬੀ ਜਮਹੂਰੀ ਜੱਥੇਬੰਦੀਆਂ, ਜਿਹੜੀਆਂ ਅੱਜ ਦੇ ਮੁਜਾਹਰੇ ਵਿੱਚ ਸ਼ਾਮਲ ਨਹੀਂ ਵੀ ਹੋ ਸਕੀਆਂ ਸਭ ਨੇ ਅੱਜ ਦੇ ਡੱਟਵੇਂ ਵਿਰੋਧ ਮੁਜਾਹਰੇ ਨੂੰ ਹਿਮਾਇਤ ਦਾ ਐਲਾਨ ਕੀਤਾ ਹੈ। ਇਨਕਲਾਬੀ ਜਮਹੂਰੀ ਜੱਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਫਿਰਕੂ ਤਾਕਤਾਂ ਖਿਲਾਫ਼ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹਨ।  ਅੱਜ ਦੇ ਮੁਜਾਹਰੇ ਵਿੱਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਕੁਲਵਿੰਦਰ, ਅਰੁਣ ਕੁਮਾਰ, ਸੰਦੀਪ, ਜਯੋਤੀ, ਸੁਖਦੇਵ ਭੂੰਦੜੀ, ਸੁਰਿੰਦਰ ਸ਼ਰਮਾ, ਸ਼ਮਸ਼ੇਰ ਨੂਰਪੁਰੀ, ਹਰੇਕਸ਼ ਚੌਧਰੀ, ਮਾ. ਹਰੀਸ਼ ਪੱਖੋਵਾਲ, ਜਮੀਰ ਹੂਸੇਨ ਆਦਿ ਆਗੂ ਹਾਜ਼ਰ ਸਨ। 
ਜਾਰੀ ਕਰਤਾ, 
ਸ਼ਹੀਦ ਸਰਾਭਾ ਦੀ ਇਨਕਲਾਬੀ ਵਿਰਾਸਤ ਨੂੰ ਕੋਝੀਆਂ ਫਿਰਕੂ ਸਾਜਸ਼ਾਂ ਲਈ ਵਰਤਣ ਤੇ ਦਾਗਦਾਰ ਕਰਨ ਖਿਲਾਫ਼ 

Friday, May 22, 2015

ਸ਼ਹੀਦ ਸਰਾਭਾ ਦੇ ਜਨਮ ਦਿਵਸ 'ਤੇ ਹੋਣਗੇ ਵਿਸ਼ਾਲ ਸਮਾਗਮ

ਸਵਰਾਜ ਲਹਿਰ ਦੇ ਕੌਮੀ ਆਗੂ  ਪੁੱਜਣਗੇ ਪਿੰਡ ਸਰਾਭਾ
ਲੁਧਿਆਣਾ: 21 ਮਈ 2015: (ਪੰਜਾਬ ਸਕਰੀਨ ਬਿਊਰੋ):
ਦੇਸ਼ ਲਈ ਜਾਨ ਵਾਰਨ ਵਾਲੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਦਰਜਾ ਦੇਣ ਵਿੱਚ ਸਰਕਾਰਾਂ ਭਾਵੇਂ ਆਨਾਕਾਨੀ ਕਰੀ ਜਾਨ ਪਰ ਲੋਕਾਂ ਦੇ ਦਿਲਾਂ ਵਿੱਚ ਉਸ ਮਹਾਂ ਸਪੂਤ ਦਾ ਸਤਿਕਾਰ ਲਗਾਤਾਰ ਵਧ ਰਿਹਾ ਹੈ। ਲੋਕਾਂ ਦੇ ਦਿਲਾਂ ਵਿੱਚ ਸ਼ਹੀਦਾਂ ਦਾ ਅਕਸ ਧੁੰਦਲਾ ਕਰਨ ਜਾਂ ਮਿਟਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਬੁਰੀ ਤਰਾਂ ਨਾਕਾਮ ਹੋ ਰਹੀਆਂ ਹਨ। ਇਸ ਗੱਲ ਦਾ ਸਬੂਤ ਇੱਕ ਵਾਰ ਫਿਰ ਮਿਲੇਗਾ 24 ਮਈ ਨੂੰ ਪਿੰਡ ਸਰਾਭਾ ਦੀ ਇਤਿਹਾਸਿਕ ਧਰਤੀ ਵਿਖੇ ਜਿੱਥੇ ਮੁਕੰਮਲ ਆਜ਼ਾਦੀ ਦੇ ਨਾਅਰੇ ਜੋਸ਼ੋ ਖਰੋਸ਼ ਨਾਲ ਗੂੰਜਣਗੇ।
 ਇਸ ਸਬੰਧ ਵਿੱਚ ਸਵਰਾਜ ਲਹਿਰ ਜਿਲ੍ਹਾ ਲੁਧਿਆਣਾ ਦੇ ਵਲੰਟੀਅਰਾਂ ਦੀ ਇੱਕ ਮੀਟਿੰਗ ਸਥਾਨਕ ਅੰਬੈਂਸੀ ਪੈਲੇਸ ਵਿਖੇ ਪ੍ਰੋ. ਸੰਤੋਖ ਸਿੰਘ ਦੀ  ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 24 ਮਈ ਦਿਨ ਐਤਵਾਰ ਨੂੰ ਸਥਾਨਕ ਸ਼ਹਿਰ ਅੰਦਰ ਮਲਹੋਤਰਾ ਰਿਜ਼ੋਰਟ ਨੇੜੇ ਜਲੰਧਰ ਬਾਈਪਾਸ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਦੀਆਂ ਤਿਆਰੀਆਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ । ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਇਸ ਕਨਵੈਨਸ਼ਨ ਵਿੱਚ ਸਵਰਾਜ ਲਹਿਰ ਦੇ ਕੌਮੀ ਆਗੂਆਂ ਡਾ. ਯੋਗਿੰਦਰ ਯਾਦਵ, ਪ੍ਰੋ. ਆਨੰਦ ਕੁਮਾਰ, ਪ੍ਰੋ. ਅਜੀਤ ਝਾਅ, ਪ੍ਰੋ. ਮਨਜੀਤ ਸਿੰਘ ਅਤੇ ਸ੍ਰੀ ਰਜੀਵ ਗੋਦਾਰਾ ਆਦਿ ਪਹੁੰਚ ਰਹੇ ਹਨ । ਇਸ ਕਨਵੈਨਸ਼ਨ ਦਾ ਮਨੋਰਥ ਬਾਦਲ ਸਰਕਾਰ ਦੇ ਮਾਫੀਆ ਅਤੇ ਜੰਗਲ ਰਾਜ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਸੰਘਰਸ਼ਾਂ ਲਈ ਤਿਆਰ ਕਰਨਾ ਹੈ । ਪੰਜਾਬ ਵਿੱਚ ਲੁਟੇਰਾ ਰਾਜਨੀਤੀ ਨੂੰ ਖਤਮ ਕਰਕੇ ਇਕ ਲੋਕ ਪੱਖੀ ਬਦਲਵੀ ਰਾਜਨੀਤੀ ਸਥਾਪਿਤ ਕਰਨ ਲਈ ਪੰਜਾਬ ਦੇ ਵੱਖ-ਵੱਖ ਵਰਗਾਂ ਨੂੰ ਸੱਦਾ ਦੇਣਾ ਹੈ ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੀਟਿੰਗ ਦੀ ਕਾਰਵਾਈ ਦੱਸਦਿਆਂ ਨਵਦੀਪ ਜੋਧਾਂ ਨੇ ਦੱਸਿਆ ਕਿ ਉਸੇ ਦਿਨ ਸਵੇਰੇ ਸਵਰਾਜ ਲਹਿਰ ਦੇ ਕੌਮੀ ਆਗੂ ਸ਼ਹੀਦ ਦੇ ਜੱਦੀ ਪਿੰਡ ਸਰਾਭਾ ਵਿਖੇ ਸਵੇਰੇ 10 ਵਜੇ ਪਹੁੰਚ ਕੇ ਸ਼ਹੀਦ ਨੂੰ ਫੁੱਲ ਮਲਾਵਾਂ ਭੇਂਟ ਕਰਨਗੇ । ਉਹਨਾਂ ਦੱਸਿਆ ਕਿ ਸਵਰਾਜ ਲਹਿਰ ਦਾ ਮੁੱਖ ਮਨੋਰਥ ਪੰਜਾਬ ਦੀ ਭਿ੍ਰਸ਼ਟ ਸਰਕਾਰ ਹੱਥੋਂ ਪੀੜ੍ਹਿਤ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਹੈ ਜਿਸ ਨਾਲ ਪੰਜਾਬ ਵਿੱਚ ਆਮ ਆਦਮੀ ਪੱਖੀ ਰਾਜਨੀਤੀ ਸਥਾਪਿਤ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਇੱਕ ਬਦਲਵਾ ਰਾਜਨੀਤਿਕ ਪ੍ਰਬੰਧ ਦਿੱਤਾ ਜਾ ਸਕੇ । ਅੱਜ ਦੀ ਇਸ ਮੀਟਿੰਗ ਵਿੱਚ ਸਵਰਾਜ ਲਹਿਰ ਦੇ ਜਿਲ੍ਹਾ ਆਗੂ ਕੁੰਵਰਰੰਜਨ, ਡਾ. ਪ੍ਰਸ਼ਾਤ ਰਾਹੀ, ਨਰਿੰਦਰ ਜੀਤ ਕੌਰ, ਅਮਿਤ ਗੋਇਲ, ਕੇ.ਐਸ. ਯਾਦਵ, ਬਲਵੀਰ ਅਗਰਵਾਲ, ਗੁਰਜੀਤ ਸਿੰਘ ਕਾਲਾ, ਰਜੇਸ਼ ਕੁਮਾਰ, ਅਸੋਕ ਕੁਮਾਰ ਸ਼ਰਮਾ, ਸਾਦਨਾ ਸ਼ਰਮਾ, ਅਮਨ ਸ਼ਰਮਾ, ਮੇਜਰ ਬਲਵਿੰਦਰ ਸਿੰਘ, ਕਰਨਲ ਜਗਦੀਸ਼ ਸਿੰਘ, ਹਰਦੇਵ ਸਿੰਘ ਸੁਨੇਤ ਵੀ ਮੌਜੂਦ ਸਨ।  ਹੁਣ ਦੇਖਣਾ ਹੈ ਕਿ ਪੰਜਾਬ ਦੇ ਜੁਝਾਰੂ ਲੋਕ ਇਸ ਕੋਸ਼ਿਸ਼ ਨੂੰ ਕਿੰਨਾ ਕੁ ਹੁੰਗਾਰਾ ਭਰਦੇ ਹਨ?

Saturday, November 16, 2013

ਸੀਪੀਆਈ ਅਤੇ ਸੀਪੀਐਮ ਵੱਲੋਂ ਸ਼ਹੀਦ ਸਰਾਭਾ ਨੂੰ ਸ਼ਰਧਾਂਜਲੀ

Sat, Nov 16, 2013 at 3:39 PM
ਮਾਡਲ ਗ੍ਰਾਮ ਸਟੇਸ਼ਨ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ ਤੇ ਰੱਖਣ ਦੀ ਮੰਗ 
ਲੁਧਿਆਣਾ: 16 ਨਵੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਨੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਤੇ ਮਾਡਲ ਗਰਾਮ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਡਲ ਗਰਾਮ ਰੇਲਵੇ ਸਟੇਸ਼ਨ ਲੁਧਿਆਣਾ ਰੱਖਣ ਦੀ ਮੰਗ ਕੀਤੀ। ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਕੀਤੇ ਜਨਤਕ ਸਮਾਗਮ ਵਿੱਚ ਬੋਲਦੇ ਵੱਖ ਵੱਖ ਬੁਲਾਰਿਆਂ ਨੇ ਗ਼ਦਰੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਗਏ ਬਹੁਤ ਸਾਰੇ ਨੌਜਵਾਨਾਂ ਨੇ ਉਹਨਾਂ ਦੇਸ਼ਾਂ ਵਿੱਚ ਜਾ ਕੇ ਅਜ਼ਾਦ ਹਵਾ ਦਾ ਆਨੰਦ ਮਾਣਿਆ ਤੇ ਇਸਤੋਂ ਉਤਸ਼ਾਹਿਤ ਹੋ ਕੇ ਭਾਰਤ ਵਿੱਚ ਆ ਕੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਦਾ ਬਿਗੁਲ ਵਜਾਇਆ ਅਤੇ ਕੁਰਬਾਨੀਆਂ ਦਿੱਤੀਆਂ। ਉਹਨਾਂ ਨੇ ਧਰਮ ਨਿਰਪੱਖ ਅਤੇ ਸਭਨਾਂ ਦੇ ਲਈ ਬਰਾਬਰ ਦੇ ਅਵਸਰ ਵਾਲਾ ਭਾਰਤ ਸਿਰਜਣ ਦਾ ਸੁਪਨਾ ਲਿਆ ਸੀ। ਬੁਲਾਰਿਆਂ ਨੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਧਰਮ ਨਿਰਪੱਖਤਾ, ਲੋਕਤੰਤਰ ਅਤੇ ਲੋਕ ਪੱਖੀ ਆਰਥਿਕ ਨੀਤੀਆਂ ਦੇ ਲਈ ਲੋਕਾਂ ਨੂੰ ਇੱਕ ਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਤਾਂ ਜੋ ਸਰਕਾਰਾਂ ਵਲੋਂ ਅਪਣਾਈਆਂ ਜਾ ਰਹੀਆਂ ਆਰਥਿਕ ਨੀਤੀਆਂ ਰਾਹੀਂ ਦੇਸ਼ ਨੂੰ ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਨੂੰ ਗਹਿਣੇ ਪਾਣ ਤੋਂ ਰੋਕਿਆ ਜਾ ਸਕੇ। ਕਰਤਾਰ ਸਿੰਘ ਸਰਾਭਾ ਜਿਹਨਾ ਨੇ ਭਰ ਜਵਾਨੀ ਵਿੱਚ ਦੇਸ਼ ਦੀ ਅਜ਼ਾਦੀ ਦੇ ਲਈ ਆਪਣਾ ਜੀਵਨ ਬਲਿਦਾਨ ਕਰ ਦਿੱਤਾ, ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਕਮਿਉਨਿਸਟ ਪਾਰਟੀਆਂ ਵਲੋਂ ਆਯੋਜਿਤ ਇਸ ਸਮਾਗਮ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਕਾਰਕੁਨ ਸ਼ਾਮਲ ਹੋਏ ਜਿਹਨਾ ਨੇ ਸਾਮਰਾਜ, ਫ਼ਿਰਕਾਪਰਸਤੀ, ਭਾਰਤ ਅਮਰੀਕਾ ਕੂਟਨੀਤਿਕ ਸਾਂਝ, ਵੱਧ ਰਹੀ ਮਹਿੰਗਾਈ ਅਤੇ ਸੂਬੇ ਵਿੱਚ ਅਮਨ ਕਾਨੂੰਨ ਦੀ ਮੰਦੀ ਹਾਲਤ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕੀਤੀ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਤੇ ਚਾਨਣ ਪਾਇਆ। ਉਹਨਾ ਦੇ ਵਿਚਾਰਾਂ ਦੀ ਮਹੱਤਤਾ ਬਾਰੇ ਵੇਰਵਾ ਦਿੰਦੇ ਹੋਏ ਬੁਲਾਰਿਆਂ ਨੇ ਕਿਹਾ ਕੀ ਅਥਾਹ ਕੁਰਬਾਨੀਆਂ ਦੇ ਨਾਲ ਲਿਆਂਦੀ ਅਜ਼ਾਦੀ ਨੂੰ ਬਰਕਰਾਰ ਰੱਖਣਾ ਅਤੇ ਮਜ਼ਬੂਤ ਕਰਨਾ ਸਾਡੀ ਸਭ ਦੀ ਜ਼ੁੰਮੇਵਾਰੀ ਹੈ। ਬੁਲਾਰਿਆਂ ਨੇ ਉਹਨਾ ਕੱਟੜਪੰਥੀ ਸ਼ਕਤੀਆਂ ਤੋਂ ਸੁਚੇਤ ਰਹਿਣ ਤੇ ਜ਼ੋਰ ਦਿੱਤਾ ਜੋ ਸਮਾਜ ਨੂੰ ਧਰਮ, ਜਾਤ ਅਤੇ ਇਲਾਕਾਵਾਦ ਦੇਨਾਂ ਤੇ ਵੰਡ ਕੇ ਆਪਣੇ ਸੌੜੇ ਹਿੱਤ ਪੂਰੇ ਕਰਨਾ ਚਾਹੁੰਦੀਆਂ ਹਨ ਜਿਸਦੇ ਕਾਰਣ ਸਾਡੇ ਦੇਸ਼ ਅਤੇ ਸਮਾਜ ਦਾ ਭਾਈਚਾਰੇ ਅਤੇ ਧਰਮ ਨਿਰਪੱਖਤਾ ਦਾ ਮੁੱਢਲਾ ਢਾਂਚਾ ਖੇਰੂ ਖੇਰੂ ਹੋਣ ਦਾ ਖ਼ਦਸ਼ਾ ਹੈ। ਕਈ ਕਿਸਮ ਦਾ ਫ਼ੈਲਿਆ ਅੱਤਵਾਦ ਅੱਜ ਸਾਡੇ ਲਈ ਇੱਕ ਗੰਭੀਰ ਖਤਰਾ ਹੈ ਜਿਸਦਾ ਮੁਕਾਬਲਾ ਰਲ ਮਿਲ ਕੇ ਕੀਤਾ ਜਾ ਸਕਦਾ ਹੈ। ਦੇਸ਼ ਅੰਦਰ ਹੋ ਰਹੇ ਆਰਥਿਕ ਵਿਕਾਸ ਦਾ ਲਾਭ ਸਭ ਨੂੰ ਪੁਚਾਉਣ ਦੇ ਲਈ ਆਰਥਿਕ ਨੀਤੀਆਂ ਵਿੱਚ ਪਰੀਵਰਤਨ ਅਤੇ ਇਹਨਾ ਨੂੰ ਲੋਕ ਪੱਖੀ ਬਨਾਉਣ ਦੀ ਲੋੜ ਹੈ। ਵਿੱਦਿਆ ਦੇ ਵਪਾਰੀਕਰਨ ਨੂੰ ਬੰਦ ਕੀਤਾ ਜਾਏ। ਵਿੱਦਿਆ ਤੇ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਤੋਂ ਪਰੇ ਹੁੰਦੀਆਂ ਜਾ ਰਹੀਆਂ ਹਨ। ਇਹਨਾ ਨੂੰ ਲੋਕਾਂ ਦੀ ਪਹੁੰਚ ਅੰਦਰ ਲਿਆਂਦਾ ਜਾਏ। ਬੁਲਾਰਿਆਂ ਨੇ ਕਿਹਾ ਕਿ ਇਸਦੇ ਲਈ ਲਗਾਤਾਰ ਜਨਤਕ ਸੰਘਰਸ਼ਾਂ ਦੀ ਲੋੜ ਹੈ ਨਹੀਂਂ ਤਾਂ ਸਾਡੇ ਦੇਸ਼ ਤੇ ਸਾਮਰਾਜ ਦੀ ਜਕੜ ਭਾਰਤ ਅਮਰੀਕਾ ਪਰਮਾਣੂ ਸਮਝੌਤੇ ਵਰਗੇ ਸਮਝੌਤਿਆਂ ਰਾਹੀਂ ਵਧਦੀ ਜਾਏਗੀ ਅਤੇ ਅਸੀਂ ਉਹਨਾ ਦੇ ਮਨਸੂਬਿਆਂ ਨੂੰ ਪੂਰਾ ਕਰਨ ਦੇ ਲਈ ਅਮਰੀਕਾ ਦੇ ਦੋ ਨੰਬਰ ਦੇ ਕੂਟਨੀਤਿਕ ਸਹਿਯੋਗੀ ਬਣ ਜਾਵਾਂਗੇ। ਬੁਲਾਰਿਆਂ ਨੇ ਆÀਂਦੀਆਂ ਚੋਣਾ ਵਿੱਚ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਦੋਨਾਂ ਨੂੰ ਹਰਾ ਕੇ ਲੋਕਤੰਤਰਿਕ ਤੇ ਲੋਕ ਪੱਖੀ ਸ਼ਕਤੀਆਂ ਨੂੰ ਜਿਤਾਉਣ ਦਾ ਸੱਦਾ ਦਿੱਤਾ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ ਭਾਰਤੀ ਕਮਿਉਨਿਸਟ ਪਾਰਟੀ (ਭਾ ਕ ਪਾ) ਦੇ ਜ਼੍ਹਿਲਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ, ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ (ਮਾ ਕ ਪਾ) ਦੇ ਸੂਬਾ ਕਮੇਟੀ ਮੈਂਬਰ ਕਾ ਸੁਖਵਿੰਦਰ ਸੇਖੋਂ, ਜ਼ਿਲਾ ਸਕੱਤਰ ਕਾ ਅਮਰਜੀਤ ਮੱਟੂ, ਕਾ ਓ ਪੀ ਮਹਿਤਾ, ਕਾ ਡਾ: ਅਰੁਣ ਮਿੱਤਰਾ-ਸਹਾਇਕ ਸਕੱਤਰ ਭਾਰਤੀ ਕਮਿਉਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ, ਕਾ ਡੀ ਪੀ ਮੌੜ, ਕਾ ਰਮੇਸ਼ ਰਤਨ, ਸ਼ਹਿਰੀ ਸਕੱਤਰ ਕਾ ਸੁਖਵਿੰਦਰ ਲੋਟੇ, ਕਾ ਜਤਿੰਦਰ ਪਾਲ, ਕਾ ਗੁਰਨਾਮ ਸਿੰਘ ਸਿੱਧੂ, ਕਾ ਜਗਦੀਸ਼, ਕਾ ਸਮਰ ਬਹਾਦੁਰ, ਕਾ ਰਾਮਾਧਾਰ ਸਿੰਘ, ਕਾ ਗੁਰਨਾਮ ਸਿੰਘ ਗਿੱਲ, ਕਾ ਰਘਬੀਰ ਸਿੰਘ, ਕਾ ਮਨਜੀਤ ਸਿੰਘ, ਕਾ ਕੁਲਦੀਪ ਸਿੰਘ ਬਿੰਦਰ, ਕਾ ਕੇਵਲ ਸਿੰਘ ਬਨਵੈਤ, ਕਾ ਪਰਦੀਪ ਸਿੰਘ, ਕਾ ਗੁਲਜ਼ਾਰ ਸਿੰਘ, ਕਾ ਰਾਮ ਲਾਲ। ਕਾ ਸੁਰਿੰਦਰ ਨੇ ਇਨਕਲਾਬੀ ਕਵਿਤਾਵਾਂ ਪੜ੍ਹੀਆਂ। 

Friday, February 22, 2013

ਸਰਾਭਾ 'ਚ ਹੋਈ ਲੋਕ ਰੈਲੀ ਨੇ ਦਿਖਾਇਆ ਜਨਤਾ ਦਾ ਜੋਸ਼

ਬਹੁਗਿਣਤੀ ਅਜੇ ਵੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਾਵਲੀ
ਜਦੋਂ ਇੱਕ ਪਾਸੇ ਦੇਸ਼ ਭਰ ਵਿੱਚ ਕੌਮੀ ਪਧਰ ਦੀ ਹੜਤਾਲ ਦਾ ਦੂਸਰਾ ਅਤੇ ਅੰਤਿਮ ਦਿਨ ਸੀ, ਜਦੋਂ ਬੁਧੀਜੀਵੀ ਅਤੇ ਲੇਖਕ ਮਾਤ ਭਾਸ਼ਾ ਦਿਵਸ ਵਿੱਚ ਰੁਝੇ ਹੋਏ ਸਨ, ਰਹਿੰਦੇ ਖੂਹੰਦੇ ਲੋਕ ਮੋਗੇ ਦੀ ਚੋਣ ਜੰਗ ਦੇ ਅੰਤਿਮ ਪੜਾ ਵਿੱਚ ਸਰਗਰਮ ਸਨ---ਉਸ ਵੇਲੇ ਲੱਗਦਾ ਇਹੀ ਸੀ ਕਿ ਇਤਿਹਾਸਿਕ ਪਿੰਡ ਸਰਾਭਾ ਵਿਖੇ ਹੋਣ ਵਾਲੀ ਰੈਲੀ ਵਿੱਚ ਕਿਸ ਪਹੁੰਚਨਾ ਹੈ! ਪਰ ਰੈਲੀ ਵਿੱਚ ਹੋਏ ਬੇਮਿਸਾਲ ਇੱਕਠ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਲੋਕਾਂ ਦੀ ਬਹੁਗਿਣਤੀ ਅਜੇ ਵੀ ਬਾਕੀ ਸਾਰੇ ਝਮੇਲਿਆਂ ਨੂੰ ਛੱਡ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਾਵਲੀ ਹੈ। ਸਰਾਭਾ ਵਿਖੇ ਹੋਈ ਵਿਸ਼ਾਲ ਕਾਨਫਰੰਸ ਨੇ ਉਹਨਾਂ 55 ਕਾਨਫਰੰਸਾਂ ਦੇ ਜਾਹੋ ਜਲਾਲ ਦੀ ਵੀ ਇੱਕ ਝਲਕ ਦਿਖਾ ਦਿੱਤੀ ਹੈ ਜਿਹੜੀਆਂ ਇਸਦੀ ਸਫਲਤਾ ਲਈ ਕੀਤੀਆਂ ਗਈਆਂ ਸਨ। ਇਸ ਵਿਸ਼ਾਲ ਇਕੱਤਰਤਾ ਅਤੇ ਇਸ ਵਿੱਚ ਜੁੜੇ ਲੋਕਾਂ ਦਾ ਜੋਸ਼ ਅਤੇ ਅੱਟਲ ਇਰਾਦੇ ਤੁਸੀਂ ਇਸ ਖਬਰ ਦੀ ਤਸਵੀਰ ਚੋਂ  ਵੀ ਦੇਖ ਸਕਦੇ ਹੋ ਜਿਹੜੀ ਹਰਮਨ ਪਿਆਰੇ ਅਖਬਾਰ ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। --ਰੈਕਟਰ ਕਥੂਰੀਆ 


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


Wednesday, February 20, 2013

ਗ਼ਦਰ ਪਾਰਟੀ ਦੀ ਜਨਮ-ਸ਼ਤਾਬਦੀ

ਸੂਬੇ ਭਰ ਵਿੱਚ 55 ਕਾਨਫਰੰਸਾਂ//ਸਰਾਭਾ ਵਿਖੇ ਵਿਸ਼ਾਲ ਕਾਨਫਰੰਸ
19 ਜ਼ਿਲਿਆਂ ਤੋਂ ਕਰਨਗੇ ਲੋਕ ਸ਼ਮੂਲੀਅਤ:ਕਾਮਰੇਡ ਅਜਮੇਰ


ਜਲੰਧਰ 20 ਫਰਵਰੀ: ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਸੰਦਰਭ 'ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਗ਼ਦਰ ਪਾਰਟੀ ਦੇ ਮਹਾਂਨਾਇਕ, ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ, ਸਰਾਭਾ ਵਿਖੇ 21 ਫਰਵਰੀ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਕਾਨਫਰੰਸ/ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਾਰਟੀ ਦੀ ਸੂਬਾ ਕਮੇਟੀ ਦੇ ਬੁਲਾਰੇ ਕਾਮਰੇਡ ਅਜਮੇਰ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੇ 19 ਜ਼ਿਲਿਆਂ ਵਿੱਚੋਂ 50,000 ਤੋਂ ਵਧੇਰੇ ਮਿਹਨਤਕਸ਼ ਲੋਕ, ਮਜ਼ਦੂਰ, ਕਿਸਾਨ, ਵਿਦਿਆਰਥੀ, ਔਰਤਾਂ ਅਤੇ ਨੌਜੁਆਨ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ। ਗ਼ਦਰ ਪਾਰਟੀ ਦਾ ਝੰਡਾ ਕਾਮਰੇਡ ਦਰਸ਼ਨ ਸਿੰਘ ਖਟਕੜ ਲਹਿਰਾਉਣਗੇ, ਕਾਨਫਰੰਸ ਦਾ ਉਦਘਾਟਨ ਸੁਤੰਤਰਤਾ ਸੰਗਰਾਮੀ ਕਿਰਤੀ ਪਾਰਟੀ ਤੋਂ ਲੈ ਕੇ ਨਕਸਲਬਾੜੀ ਤੱਕ ਲੋਕ-ਲਹਿਰਾਂ ਦੇ ਸਰਗਰਮ ਘੁਲਾਟੀਏ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸਾਥੀ ਗੰਧਰਵ ਸੈਨ ਕੋਛੜ ਕਰਨਗੇ। ਕਾਨਫਰੰਸ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਸਾਥੀ ਦਰਸ਼ਨ ਸਿੰਘ ਖਟਕੜ ਅਤੇ ਸਰਦਾਰਾ ਸਿੰਘ ਮਾਹਿਲ ਤੋਂ ਬਿਨਾਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼੍ਰੀ ਗੁਰਮੀਤ ਸਿੰਘ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵੱਲੋਂ ਸਾਥੀ ਕੁਲਵੀਰ ਸਿੰਘ ਸੰਘੇੜਾ ਸੰਬੋਧਨ ਕਰਨਗੇ।
ਸਾਥੀ ਅਜਮੇਰ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ 21 ਫਰਵਰੀ ਦੀ ਸਰਾਭਾ ਕਾਨਫਰੰਸ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਵੱਲੋਂ ਲੱਗਭੱਗ ਸਾਲ ਭਰ ਲੰਬੀ ਮੁਹਿੰਮ ਦੇ ਸਿਖਰ ਵਜੋਂ ਕੀਤੀ ਜਾ ਰਹੀ ਹੈ। ਇਸ ਸਾਮਰਾਜ ਵਿਰੋਧੀ ਮੁਹਿੰਮ ਦਾ ਆਗਾਜ਼ 12 ਅਪ੍ਰੈਲ 2012 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਸ਼ਾਲ ਕਨਵੈਨਸ਼ਨ ਕਰਕੇ ਕੀਤਾ ਗਿਆ ਸੀ। ਇਸ ਦੌਰਾਨ ਸੂਬੇ ਭਰ ਵਿੱਚ 55 ਕਾਨਫਰੰਸਾਂ ਕਰਨ ਤੋਂ ਇਲਾਵਾ ਕਨਵੈਨਸ਼ਨਾਂ, ਸੈਮੀਨਾਰ, ਜਾਗੋਆਂ ਅਤੇ ਜੱਥਾ ਮਾਰਚ ਕੀਤੇ ਗਏ। 2 ਲੱਖ ਦੁਵਰਕੀ ਵੰਡੀ ਗਈ ਅਤੇ 50 ਹਜ਼ਾਰ ਪੋਸਟਰ ਲਾਏ ਗਏ। ਇਸ ਸਮੁੱਚੀ ਮੁਹਿੰਮ ਦਾ ਸਿਖਰ ਇਹ ਕਾਨਫਰੰਸ ਹੋਵੇਗੀ।
ਸਾਥੀ ਅਜਮੇਰ ਸਿੰਘ ਨੇ ਗ਼ਦਰ ਪਾਰਟੀ ਦੀ ਵਰਤਮਾਨ ਵਿੱਚ ਪ੍ਰਸੰਗਿਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਗ਼ਦਰ ਪਾਰਟੀ ਦੇ ਜੁਝਾਰੂਆਂ, ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਹਜ਼ਾਰਾਂ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਦੇਸ਼ ਨੂੰ ਹਕੀਕੀ ਆਜ਼ਾਦੀ ਨਹੀਂ ਮਿਲੀ। ਸਾਮਰਾਜੀ ਪਰਦੇ ਪਿੱਛੇ ਚਲੇ ਗਏ ਹਨ ਅਤੇ ਦੇਸ਼ ਬਸਤੀ ਤੋਂ ਅਰਧ-ਬਸਤੀ ਬਣਕੇ ਰਹਿ ਗਿਆ ਹੈ। 1990 ਤੋਂ ਬਾਅਦ ਭਾਰਤ ਨੂੰ ਨਵ-ਬਸਤੀ ਬਣਨ ਵੱਲ ਧੱਕਿਆ ਜਾ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼ ਦੇ ਕਰਜ਼ੇ ਦੀ ਸ਼ਰਤ ਵਜੋਂ ਡਾ. ਮਨਮੋਹਨ ਸਿੰਘ ਦਾ 1992 ਵਿੱਚ ਵਿੱਤ-ਮੰਤਰੀ ਬਣਨਾ ਅਤੇ ਭਾਰਤੀ ਹਾਕਮਾਂ ਵੱਲੋਂ ਦੇਸ਼-ਵੇਚੂ ਗਾਟ ਸਮਝੌਤੇ 'ਤੇ ਦਸਤਖਤ ਕਰਨਾ, ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ 'ਤੇ ਅਧਾਰਿਤ ਨਵੀਂ ਆਰਥਿਕ ਨੀਤੀ ਲਾਗੂ ਕਰਨਾ, 2005 ਵਿੱਚ ਅਮਰੀਕਾ ਨਾਲ 'ਸੁਰੱਖਿਆ ਚੌਖਟਾ' ਨਾਂ ਦੇ ਸਮਝੌਤੇ 'ਤੇ ਦਸਖਤ ਕਰਨਾ, ਪ੍ਰਮਾਣੂ-ਸਮਝੌਤਾ ਕਰਨਾ, ਪ੍ਰਚੂਨ ਖੇਤਰ/ਮੀਡੀਆ/ਬੈਂਕਾਂ/ਬੀਮਾ ਜਿਹੇ ਸੰਵੇਦਨਸ਼ੀਲ ਖੇਤਰਾਂ ਨੂੰ ਵਿਦੇਸ਼ੀ ਸਰਮਾਏ ਲਈ ਖੋਹਲਣਾ ਅਤੇ ਗਾਰ (71RR) ਦੇ ਅਮਲ ਨੂੰ ਵਿਦੇਸ਼ੀ ਕੰਪਨੀਆਂ ਦੇ ਦਬਾਅ ਤਹਿਤ ਮੁਲਤਵੀ ਕਰਨਾ, ਇਸ ਅਮਲ ਦੀਆਂ ਕੁੱਝ ਕੁ ਉਦਾਹਰਨਾਂ ਹਨ। ਗ਼ਦਰ ਪਾਰਟੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੇ ਹਕੀਕੀ ਆਜ਼ਾਦੀ ਦੇ ਸੁਪਨੇ ਨੂੰ ਪੂਰਾ ਕਰਨਾ ਅੱਜ ਦੇ ਸਮੇਂ ਦੀ ਭੱਖਵੀਂ ਲੋੜ ਹੈ। ਸਾਥੀ ਅਜਮੇਰ ਸਿੰਘ ਨੇ ਕਿਹਾ ਕਿ 21 ਫਰਵਰੀ ਦੀ ਕਾਨਫਰੰਸ ਆਜ਼ਾਦੀ ਦੀ ਇੱਕ ਹੋਰ ਲੜਾਈ ਦਾ ਆਗਾਜ਼ ਕਰੇਗੀ।


ਜਾਰੀ ਕਰਤਾ:
ਅਜਮੇਰ ਸਿੰਘ, ਸੂਬਾ ਆਗੂ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)
ਨਿਊ ਡੈਮੋਕਰੇਸੀ



ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ