Friday, May 21, 2021

ਜੀਕੇ, ਸਰਨਾ ਅਤੇ ਰਾਜਾ ਵੱਲੋਂ ਰਾਮ ਰਹੀਮ ਦੀ ਪੈਰੋਲ 'ਤੇ ਤਿੱਖਾ ਪ੍ਰਤੀਕਰਮ

21st May 2021 at 7:31 PM

ਰਾਮ ਰਹੀਮ ਦੀ ਪੈਰੋਲ ਰੱਦ ਕਰਕੇ ਸਿਆਸੀ ਸਿੱਖ ਕੈਦੀਆਂ ਨੂੰ ਰਿਹਾ ਕਰੋ 

ਨਵੀਂ ਦਿੱਲੀ: 21 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):

ਸਿੱਖ ਕੌਮ ਦੇ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ  ਦੀ ਰਿਹਾਈ ਅਤੇ ਪੈਰੋਲ ਵਰਗੇ ਮਾਮਲਿਆਂ ਵਿੱਚ ਕੀਤੇ ਜਾ ਰਹੇ ਵਤੀਰੇ ਦਾ ਮਾਮਲਾ  ਡੇਰਾ ਮੁਖੀ ਨੂੰ ਪੈਰੋਲ ਦਿੱਤੇ ਜਾਣ ਮਗਰੋਂ ਇੱਕ ਵਾਰ ਫੇਰ ਖੜਾ ਹੋ ਗਿਆ ਹੈ। ਸਿੱਖ ਆਗੂਆਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਸਿੱਖ ਸਿਆਸੀ ਕੈਦੀਆਂ ਦੀਆਂ ਬਣਦੀਆਂ ਸਜ਼ਾਵਾਂ ਕਦੋਂ ਦੀਆਂ ਪੂਰੀਆਂ ਹੋ ਚੁੱਕਣ ਦੇ ਬਾਵਜੂਦ ਵੀ ਉਹਨਾਂ ਨੂੰ  ਤੇ ਨਾ ਹੀ ਪੈਰੋਲ ਦਿੱਤੀ ਜਾਂਦੀ ਹੈ ਪਰ ਡੇਰਾ ਮੁਖੀ ਨੂੰ ਇਹ ਸਹੂਲਤ ਫਟਾਫਟ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜਿਹਨਾਂ ਜਿਹਨਾਂ ਨੂੰ ਵੀ ਸਿੱਖ ਆਗੂ ਆਪਣੇ ਸਿਆਸੀ ਕੈਦੀ ਆਖਦੇ ਹਨ ਓਹ ਸਰਕਾਰ ਦੀਆਂ ਨਜ਼ਰਾਂ ਵਿੱਚ "ਬੜੇ ਹੀ ਖਤਰਨਾਕ ਅੱਤਵਾਦੀ" ਹਨ। ਇਹਨਾਂ ਨੂੰ "ਹੋਰ ਸਖਤ ਸਜ਼ਾਵਾਂ" ਦੇਣ ਲਈ ਪੰਜਾਬ ਵਿੱਚ ਸਰਗਰਮ ਹਿੰਦੂਤਵੀ ਬ੍ਰਾਂਡ ਵਾਲੀ ਭਾਵਨਾ ਨਾਲ ਸਰਗਰਮ ਕਈ ਵੱਖ ਵੱਖ ਸੰਗਠਨ ਵੀ ਦਬਾਅ ਬਣਾਈ ਰੱਖਦੇ ਹਨ। 

ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਦਿੱਤੇ ਜਾਣ ਦਾ ਸਿੱਖ ਕੌਮ ਅੰਦਰ ਵਿਰੋਧ ਹੋ ਰਿਹਾ ਹੈ। ਰਾਮ ਰਹੀਮ ਇਸ ਸਮੇਂ ਸੰਗੀਨ ਧਾਰਾਵਾਂ ਹੇਠ ਜੇਲ੍ਹ ਅੰਦਰ ਬੰਦ ਸੀ। ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ, ਅਖੰਡ ਕੀਰਤਨੀ ਜੱਥੇ ਦੇ ਭਾਈ ਅਰਵਿੰਦਰ ਸਿੰਘ ਰਾਜਾ ਅਤੇ ਹੋਰ ਸਿੱਖ ਚਿੰਤਕਾਂ ਨੇ ਇਸ ਤੇ ਚਿੰਤਾ ਜ਼ਾਹਿਰ ਕਰਦਿਆਂ ਬਾਬਾ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਸਰਕਾਰ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ।  

ਉਨ੍ਹਾਂ ਕਿਹਾ ਕਿ ਸਾਧਵੀ ਦੇ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਦੋਸ਼ੀ ਰਾਮ ਰਹੀਮ ਵਰਗੇ ਖੌਫ਼ਨਾਕ ਕੈਦੀ ਨੂੰ ਪੈਰੋਲ ਦੇਣਾ ਨਿੰਦਣਯੋਗ ਹੈ। ਸਰਕਾਰ 'ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਖੇਡ ਸਰਕਾਰ ਦੀ ਮਿਲੀਭੁਗਤ ਨਾਲ ਖੇਡੀ ਗਈ ਹੈ। 

ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦੇ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਬਣਦੀ ਸਜ਼ਾ ਤੋਂ ਵੀ ਵੱਧ ਜੇਲ੍ਹ ਕੱਟ ਚੁੱਕੇ ਹਨ ਤੇ ਇਨ੍ਹਾਂ ਨੂੰ ਇਕ ਦਿਨ ਦੀ ਵੀ ਪੈਰੋਲ ਨਹੀਂ ਦਿੱਤੀ ਗਈ ਹੈ ਸਾਡੀ ਸਰਕਾਰ ਤੋਂ ਮੰਗ ਹੈ ਕਿ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਕੇ ਸਿਆਸੀ ਸਿੱਖ ਕੈਦੀਆਂ ਨੂੰ ਰਿਹਾ ਕੀਤਾ ਜਾਏ।

No comments: