Showing posts with label Pingalwara. Show all posts
Showing posts with label Pingalwara. Show all posts

Thursday, November 20, 2025

ਪਿੰਗਲਵਾੜਾ ਸੰਸਥਾ ਵਲੋਂ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਆਯੋਜਨ

Emailed on Thursday 20th November 2025 at 3:41 PM From Pingalwara Amritsar 

ਮਨਜੀਤ ਸਿੰਘ GK ਦੀ ਅਗਵਾਈ ਹੇਠ ਮਾਨਾਂਵਾਲਾ ਪੁੱਜੀ ਸਾਈਕਲ ਯਾਤਰਾ


ਮਾਨਾਂਵਾਲਾ: 20 ਨਵੰਬਰ 2025: (ਕਾਰਤਿਕਾ ਕਲਿਆਣੀ ਸਿੰਘ / /ਪੰਜਾਬ ਸਕਰੀਨ ਡੈਸਕ)::

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ 350 ਸਾਲਾਂ ਤੋਂ ਲਗਾਤਾਰ ਮਨਾਈ ਜਾ ਰਹੀ ਹੈ। ਇਸ ਵਾਰ ਇਹ ਸਮਾਗਮ ਹੋਰ ਵੀ ਖਾਸ ਹਨ। ਇਸ ਮਹਾਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਹੁਤ ਸਾਰੇ ਆਯੋਜਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਰੀ ਹਨ। ਦਿੱਲੀ ਤੋਂ ਅੰਮ੍ਰਿਤਸਰ ਤੱਕ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਸਾਈਕਲ ਯਾਤਰਾ ਵੀ ਇਹਨਾਂ ਸਮਾਗਮਾਂ ਵਿੱਚ ਇੱਕ ਹੈ। ਇਸ ਸਾਈਕਲ ਯਾਤਰਾ ਦੀਆਂ ਸੰਗਤਾਂ ਦੇ ਜੱਥੇ ਦਾ ਮਾਨਾਂਵਾਲਾ ਪਹੁੰਚਣ 'ਤੇ ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਅਗਵਾਈ ਹੇਠ ਨਿੱਘਾ ਸਵਾਗਤ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕੀਤਾ ਗਿਆ। 

ਇਸ ਸਮੇਂ ਸਾਈਕਲ ਯਾਤਰਾ ਦੀ ਅਗਵਾਈ ਕਰ ਰਹੇ ਮਨਜੀਤ ਸਿੰਘ ਜੀ. ਕੇ. ਦਿੱਲੀ ਨੇ ਪਿੰਗਲਵਾੜਾ ਸੰਸਥਾਂ ਦੀ  ਮਾਨਾਂਵਾਲਾ ਦੀ ਬ੍ਰਾਂਚ ਵਿਖੇ ਬੋਲਦਿਆਂ ਦੱਸਿਆ ਕਿ ਇਹ ਸਾਈਕਲ ਯਾਤਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜੋ ਕਿ ਗੁਰੂ ਤੇਗ ਬਾਹਦਰ ਜੀ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਰਵਾਨਾ ਹੋਈ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਸੰਪੰਨ ਹੋਵੇਗੀ। ਇਸ ਯਾਤ੍ਰਾ ਦਾ ਮਕਸਦ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਹੈ, ਉਥੇ ਇਸ ਯਾਤਰਾ ਰਾਹੀਂ ਗੁਰੂ ਸਾਹਿਬ ਦੇ ਸ਼ੰਦੇਸ਼ ਦੇਣਾ ਵੀ ਹੈ ਕਿ ਉਨ੍ਹਾਂ ਦੀ ਸ਼ਹਾਦਤ ਹਿੰਦੂ ਧਰਮ ਦੀ ਰੱਖਿਆ ਲਈ, ਜ਼ੁਲਮ ਦੇ ਖ਼ਿਲਾਫ਼ ਲੜਨਾ ਵੀ ਹੈ ਅਤੇ ਨਾਲ ਹੀ ਸਮੁੱਚੀ ਮਾਨਵਤਾ ਨੂੰ ਸੇਧ ਦੇਣਾ ਵੀ ਹੈ ਕਿ ਅਜਿਹੀ ਮਿਸਾਲ ਕਿਸੀ ਧਰਮ ਵਿੱਚ ਨਹੀਂ ਮਿਲਦੀ। 

ਇਸ ਮੌਕੇ ਪਿੰਗਲਵਾੜਾ ਸੰਸਥਾ ਵਲੋਂ ਸਾਈਕਲ ਯਾਤਰਾ ਦਾ ਸਵਾਗਤ ਕਰਨ 'ਤੇ ਡਾ. ਇੰਦਰਜੀਤ ਕੌਰ ਤੇ ਸਮੁੱਚੇ ਜੱਥੇ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਬੋਲਦਿਆਂ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੁਨੀਆਂ ਭਰ 'ਚ ਵਿਲੱਖਣ ਹੈ, ਜਿਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ 'ਤੇ ਹਿੰਦੂ ਧਰਮ ਦੀ ਰਾਖੀ ਲਈ ਵੱਡੀ ਸ਼ਹਾਦਤ ਦਿੱਤੀ। ਇਹ ਅਦੂਤੀ ਕੁਰਬਾਨੀ ਹੈ। 

ਇਸ ਮੌਕੇ ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਦੇ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ, ਮਹਿੰਦਰ ਸਿੰਘ, ਕੁਲਮੋਹਨ ਸਿੰਘ, ਜਤਿੰਦਰ ਸਿੰਘ, ਮੋਹਨ ਸਿੰਘ ਅਤੇ ਪਿੰਗਲਵਾੜਾ ਸੰਸਥਾ ਦੇ ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ ਮਾਸਟਰ ਰਾਜਬੀਰ ਸਿੰਘ, ਮੈਂਬਰ, ਡਾ. ਨਿਰਮਲ ਸਿੰਘ ਮੈਂਬਰ, ਯੁਗੋਸ਼ ਸੂਰੀ ਮੁਖ ਪ੍ਰਸ਼ਾਸਕ , ਰਜਿੰਦਰ ਸਿੰਘ ਪੱਪੂ ਮਾਨਾਂਵਾਲਾ ਪ੍ਰਸ਼ਾਸਕ, ਸ. ਅਮਰਜੀਤ ਸਿੰਘ ਚੌਤਾ ਸਾਹਿਬ, ਗੁਲਸ਼ਨ ਰੰਜਨ, ਹਰਪਾਲ ਸਿੰਘ ਸੰਧੂ, ਗੁਰਨਾਇਬ ਸਿੰਘ ਆਦਿ ਤੋਂ ਇਲਾਵਾ ਸੰਸਥਾ ਦੇ ਵਾਰਡ ਇੰਚਾਰਜ, ਸੇਵਾਦਾਰ ਅਤੇ ਵਿਦਿਆਰਥੀ ਹਾਜ਼ਰ ਸਨ।


Wednesday, October 30, 2024

ਪਿੰਗਲਵਾੜੇ ਦੇ ਮੰਦਬੁਧੀ, ਗੂੰਗੇ ਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ

Wednesday 30th October 2024 at 5:42 PM//Pingalwara Amritsar//Deputy Commissioner Visit//Email 

ਇਹਨਾਂ ਹੱਥ ਕਿਰਤਾਂ ਦੀ ਵਿਕਰੀ ਦੇ ਸਟਾਲ ਨੇ ਕੀਤਾ ਦਰਸ਼ਕਾਂ ਨੂੰ ਆਕਰਸ਼ਿਤ 


ਅੰਮ੍ਰਿਤਸਰ: 30 ਅਕਤੂਬਰ 2024: (ਪੰਜਾਬ ਸਕਰੀਨ ਬਿਊਰੋ)::

ਸਵਰਗੀ ਭਗਤ ਪੂਰਨ ਸਿੰਘ ਅੱਜ ਭਾਵੇਂ ਜਿਸਮਾਨੀ ਤੌਰ 'ਤੇ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਵੱਲੋਂ ਸ਼ੁਰੂ ਕੀਤੇ ਕੰਮ ਅਤੇ ਪ੍ਰੋਜੈਕਟ ਅੱਜ ਵੀ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ। ਉਹਨਾਂ ਸਮਾਜ ਦੇ  ਇਹਨਾਂ ਬੇਬਸ ਵਰਗਾਂ ਲਈ ਕੁਝ ਕਰਨ ਦਾ ਜਿਹੜਾ ਸੁਪਨਾ ਦੇਖਿਆ ਸੀ ਉਹ ਸੁਪਨਾ ਦੇਖਣਾ ਵੀ ਉਦੋਂ ਕਿਸੇ ਹਿੰਮਤ ਤੋਂ ਘੱਟ ਨਹੀਂ ਸੀ. ਉਹ ਖੁਦ ਬੇਬਸਾਂ ਵਰਗੀ ਸਥਿਤੀ ਵਿਚ ਸਨ। ਕੋਈ ਫ਼ੰਡ ਨਹੀ ਸਨ। ਕੋਈ ਜ਼ਮੀਨ ਜਾਇਦਾਦ ਨਹੀਂ ਸੀ। ਬਸ ਇੱਕ ਤੜਪ ਸੀ ਕਿ ਇਹਨਾਂ ਲੋਕਾਂ ਲਈ ਕੁਝ ਕਰਨਾ ਹੈ ਜਿਹਨਾਂ ਦਾ ਕੋਈ ਨਹੀਂ ਹੈ। ਉਹਨਾਂ ਦੀ ਹਿੰਮਤ ਅਤੇ ਸੰਕਲਪ ਨੇ ਹੀ ਇਹਨਾਂ ਸੁਪਨਿਆਂ ਨੂੰ ਸਾਕਾਰ ਕੀਤਾ। 

ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਵਿਕਰੀ ਦਾ ਸਟਾਲ  ਪਿੰਗਲਵਾੜਾ ਦੇ ਸਾਹਮਣੇ, ਸਿਟੀ ਸੈਂਟਰ ਦੇ ਬਾਹਰ, ਜੀ.ਟੀ ਰੋਡ ਸੰਗਮ ਸਿਨੇਮਾ ਦੀ ਪਿਛਲੇ ਗੇਟ ਤੇ ਲਗਾਇਆ ਗਿਆ। ਇਸ ਪ੍ਰਦਰਸ਼ਨੀ ਵਿਚ ਪਿੰਗਲਵਾੜੇ ਵਿਚ ਬੱਚਿਆਂ ਵਾਸਤੇ ਚਲ ਰਹੇ ਮੁੜ ਵਸੇਬਾ ਸੈਂਟਰ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਅਤੇ ਭਗਤ ਪੂਰਨ ਸਿੰਘ ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਵਿਚ ਤਿਆਰ ਕੀਤੇ ਕੱਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਮੋਮਬੱਤੀਆਂ, ਦੀਵੇ ਅਤੇ ਬੱਚਿਆਂ ਵਲੋਂ ਬਣਾਈਆਂ ਗਈਆਂ ਬਹੁਤ ਵਧੀਆਂ ਹੱਥ ਕਿਰਤਾਂ ਦੇ ਨਮੂਨੇ ਪੇਸ਼ ਕੀਤੇ ਗਏ।

ਇਸਦਾ ਉਦਘਾਟਨ ਸ਼੍ਰੀਮਤੀ ਸਾਕਸ਼ੀ ਸਾਹਨੀ, ਆਈ.ਏ.ਐਸ., ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਸਮੁੰਹ ਸੰਗਤਾ ਵੱਲੋਂ ਇਸ ਸਟਾਲ ਵਿਚ ਸਾਮਾਨ ਖਰੀਦਣ ਲਈ ਬਹੁਤ ਹੀ ਉਤਸ਼ਾਹ ਵੇਖਿਆ ਗਿਆ । ਲੋਕਾਂ ਨੇ ਵੱਖ-ਵੱਖ ਬਣਾਈਆ ਕਿਰਤਾਂ ਨੂੰ ਬਹੁਤ ਹੀ ਪਸੰਦ ਕੀਤਾ ਗਿਆ ।ਸ਼੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਪਿੰਗਲਵਾੜੇ ਦੇ ਬੱਚਿਆਂ ਅਤੇ ਮਰੀਜ਼ਾਂ ਨੂੰ ਸਾਬਣ. ਟੂਥ-ਪੇਸਟ, ਸਾਬਣ ਅਤੇ ਕੱਪੜੇ ਆਦਿ ਵੰਡੇ ਅਤੇ  ਉਹਨਾਂ ਵੱਲੋਂ ਅਜਾਇਬ ਘਰ ਦਾ ਦੌਰਾ ਵੀ ਕੀਤਾ। ਡਾ. ਇੰਦਰਜੀਤ ਕੌਰ ਵੱਲੋਂ ਇਹਨਾਂ ਨੂੰ ਭਗਤ ਜੀ ਦੀ ਫੋਟੋ , ਛੰਨੇ-ਗਲਾਸ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਮੋਕੇ ਪਿੰਗਲਵਾੜੇ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਸ੍ਰ. ਮੁਖਤਾਰ ਸਿੰਘ ਆਨਰੇਰੀ ਸੱਕਤਰ, ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ ਐਮ ਐਲ ਏ, ਸ਼੍ਰੀ ਯੋਗੇਸ਼ ਸੂਰੀ ਸਹਿ-ਪ੍ਰਸ਼ਾਸਕ, ਗੁਲਸ਼ਨ ਰੰਜਨ ਸੋਸ਼ਲ ਵਰਕਰ ਅਤੇ ਸਕੂਲ ਸਟਾਫ ਹਾਜਿਰ ਸਨ।


Monday, January 01, 2018

ਪਿੰਗਲਵਾੜਾ 2018 ਯਾਦ ਕੈਲੰਡਰ ਰੀਲੀਜ਼ ਸਮਾਰੋਹ

Mon, Jan 1, 2018 at 4:03 PM
ਸਿਹਤਮੰਦ ਸਮਾਜ ਦੀ ਸਿਰਜਣਾ ਲਈ ਦਿੱਤੇ ਅਹਿਮ ਸੰਦੇਸ਼ 
ਅੰਮ੍ਰਿਤਸਰ: 1 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਅਜ ਮਿਤੀ ਪਿੰਗਲਵਾੜੇ ਮੁੱਖ ਦਫਤਰ ਦੇ ਵੇਹੜੇ ਵਿਚ ਪਿੰਗਲਵਾੜਾ 2018 ਕੈਲੰਡਰ ਦਾ ਰੀਲੀਜ਼ ਸਮਾਰੋਹ ਕੀਤਾ ਗਿਆ। ਰੀਲੀਜ਼ ਸਮਾਰੋਹ ਦੌਰਾਨ ਡਾ. ਇੰਦਰਜੀਤ ਕੌਰ ਮੁਖ ਸੇਵਾਦਾਰ ਪਿੰਗਲਵਾੜਾ ਨੇ ਦੱਸਿਆ ਕਿ ਪਹਿਲੀ ਵਾਰ ਭਗਤ ਪੂਰਨ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਆਧਾਰਿਤ ਵਾਤਾਵਰਨ ਸੰਭਾਲ, ਭਰੂਣ ਹੱਤਿਆ, ਨਸ਼ੇ ਤਿਆਗੋ, ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭਾਲ, ਵੱਧ ਰਹੀ ਆਬਾਦੀ ਤੇ ਰੋਕ ਅਤੇ ਪਾਣੀ ਬਚਾਓ  ਆਦਿ ਵਿਸ਼ਿਆਂ ਨੂੰ ਜਾਗ੍ਰਿਤ ਕਰਦੇ ਹੋਏ ਇਹ ਕੈਲੰਡਰ ਤਿਆਰ ਕੀਤਾ ਗਿਆ ਹੈ । ਇਸ ਮੰਤਵ ਲਈ ਪਿਛਲੇ ਸਾਲ ਮਹੀਨੇ ਭਗਤ ਪੂਰਨ ਸਿੰਘ ਸਪੈਸ਼ਲ ਐਜੂਕੇਸ਼ਨ ਸਕੂਲ ਮਾਨਾਂਵਾਲਾ ਕਲਾਂ ਦੀਆਂ ਦੀਵਾਰਾਂ ਨੂੰ ਪੇਟਿੰਗ ਨਾਲ ਸਜਾਉਣ ਹਿੱਤ ਇਕ ਪੇਟਿੰਗ ਵਰਕਸ਼ਾਪ ਕਰਵਾਈ ਗਈ ਸੀ । ਜਿਸ ਵਿਚ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ । ਬੱਚਿਆਂ ਨੇ ਉਪਰੋਕਤ ਵਿਸ਼ਿਆਂ ਦੇ ਉੱਪਰ ਦੀਵਾਰ ਪੇਟਿੰਗ ਬਣਾ ਕੇ ਦੀਵਾਰਾਂ ਨੂੰ ਸਜਾਇਆ । ਇਨ੍ਹਾਂ ਪੇਟਿੰਗ ਦੇ ਬਨਾਉਣ ਵਿਚ ਅੰਮ੍ਰਿਤਸਰ ਦੇ ਉੱਘੇ ਕਲਾਕਾਰ ਸ੍ਰੀ. ਕੁਲਵੰਤ ਸਿੰਘ ਗਿੱਲ, ਸ੍ਰੀ. ਬ੍ਰਿਜੇਸ਼ ਜੌਲੀ, ਸ੍ਰੀ. ਅਤੁਲ ਮੇਹਰਾ ਅਤੇ ਸ੍ਰੀ. ਸੰਜੇ ਕੁਮਾਰ ਦਾ ਮਾਰਗਦਰਸ਼ਨ ਰਿਹਾ । 
ਇਸ ਤੋਂ ਇਲਾਵਾ ਡਾ. ਇੰਦਰਜੀਤ ਕੌਰ ਮੁਖ ਸੇਵਾਦਾਰ ਨੇ ਇਹ ਵੀ ਦਸਿਆ ਕਿ ਲੋਕ ਭਲਾਈ ਨੂੰ ਮੁਖ ਰਖਦੇ ਹੋਏ ਪਿਛਲੇ ਸਾਲ ਤਿੰਨ ਵਾਰ ਬਾਰਡਰ ਏਰੀਆ ਦੇ ਪਿੰਡਾਂ (ਕੋਟਲੀ ਦਸੌਧੀ ਸਿੰਘ, ਛੰਨ ਕੁਹਾਲੀ, ਕੱਲੇਵਾਲ, ਵਾੜਾ, ਅੰਬੀਵਾਲ, ਵਿਹੜਾ, ਕੁੱਤੀਵਾਲ, ਭਿੰਡੀ ਸੈਦਾਂ, ਧਰਮਕੋਟ ਪਤਨ, ਗੁਰਚੱਕ) ਅਤੇ ਆਸ਼ਾ ਦੇਵੀ ਚੈਰੀਟੇਬਲ ਟਰੱਸਟ, ਗੁਮਟਾਲਾ ਸਕੂਲ ਦੇ ਗਰੀਬ ਵਿਦਿਆਰਥੀਆਂ ਅਤੇ ਗਰੀਬ ਪਰਿਵਾਰਾਂ ਨੂੰ ਕੰਬਲ, ਬੂਟ ਅਤੇ ਗਰਮ ਕੱਪੜੇ ਵੀ ਵੰਡੇ ਗਏ । 
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਸ੍ਰੀ. ਅਤੁਲ ਮੇਹਰਾ, ਸ੍ਰੀ. ਸੰਜੇ ਕੁਮਾਰ, ਉੱਪ ਪ੍ਰਧਾਨ ਡਾ. ਜਗਦੀਪਕ ਸਿੰਘ, ਸਕੱਤਰ ਸਰਦਾਰ. ਮੁਖਤਾਰ ਸਿੰਘ ਜੀ, ਮੈਂਬਰ ਸਰਦਾਰ ਰਾਜਬੀਰ ਸਿੰਘ, ਡਾ. ਸਰਬਜੀਤ ਸਿੰਘ ਛੀਨਾ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਅਤੇ ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ ਆਦਿ ਹਾਜਿਰ ਸਨ ।

Wednesday, October 18, 2017

ਪਿੰਗਲਵਾੜੇ ਵਿੱਚ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ

Wed, Oct 18, 2017 at 3:39 PM
ਮੰਦਬੁਧੀ, ਗੂੰਗੇ ਤੇ ਅਪਾਹਿਜ ਬੱਚਿਆਂ ਨੇ ਬਣਾਈਆਂ ਸਨ ਹੱਥ ਕਿਰਤਾਂ
ਅੰਮ੍ਰਿਤਸਰ: 18 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
 ਅੱਜ 18 ਅਕਤੂਬਰ, 2017 ਨੂੰ ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਪਿੰਗਲਵਾੜਾ ਦੇ ਮੁੱਖ ਦਫ਼ਤਰ, ਨਜ਼ਦੀਕ ਬੱਸ ਸਟੈਂਡ ਵਿਚ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਪਿੰਗਲਵਾੜੇ ਵਿਚ ਬੱਚਿਆਂ ਵਾਸਤੇ ਚਲ ਰਹੇ ਮੁੜ ਵਸੇਬਾ ਸੈਂਟਰ ਵਿਚ ਤਿਆਰ ਕੀਤੇ ਕਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਸੁੰਧਰ ਸੀਨੀਅਰੀਆਂ ਅਤੇ ਬੱਚਿਆਂ ਵਲੋਂ ਬਣਾਈਆਂ ਗਈਆਂ ਬਹੁਤ ਵਧੀਆਂ ਹੱਥ ਕਿਰਤਾਂ ਦੇ ਨਮੂਨੇ ਪੇਸ਼ ਕੀਤੇ ਗਏ। ਅਰਦਾਸਾਂ ਨਾਲ--ਬਲਜੀਤ ਸੈਣੀ 
  ਮੰਦਬੁਧੀ ਬੱਚਿਆਂ ਵਲੋਂ ਤਿਆਰ ਕੀਤੀਆਂ ਕਈ ਫੈਂਸੀ ਤਰ੍ਹਾਂ ਦੇ ਵੱਖ- ਵੱਖ ਨਮੂਨਿਆਂ ਦੀਆਂ ਮੋਮਬਤੀਆਂ ਅਤੇ ਖਿਲੇ ਹੋਏ ਭਲੀ-ਭਾਂਤ ਦੇ ਕਾਗਜ਼ਾਂ ਦੇ ਫੁੱਲ ਪ੍ਰਦਰਸ਼ਨੀ ਦੀ ਸ਼ੋਭਾ ਵਧਾ ਰਹੇ ਸਨ। 
  ਪਿੰਗਲਵਾੜੇ ਦੇ ਇਸ ਹੱਥ ਕਿਰਤ ਕੇਂਦਰਾਂ ਵਿਚ ਬੱਚਿਆਂ ਅਤੇ ਮਰੀਜ਼ਾਂ ਨੂੰ ਹੱਥ ਕਿਰਤਾਂ ਦੁਆਰਾ ਆਪਣੇ ਪੈਰਾਂ ਉਤੇ ਖੜਾ ਕਰਨ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ । ਜਿਸ ਰਾਹੀਂ ਉਹਨਾਂ ਦੀ ਮਨੋਦਸ਼ਾ ਵਿਚ ਸੁਧਾਰ ਦੇ ਨਾਲ-ਨਾਲ ਉਹਨਾਂ ਵਿਚ ਕੰਮ ਕਰਨ ਵਾਸਤੇ ਉਤਸ਼ਾਹ ਵੀ ਵਧਦਾ ਹੈ। ਡਾ. ਇੰਦਰਜੀਤ ਕੌਰ ਜੀ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਆ ਕੇ ਪਤਾ ਲਗਦਾ ਹੈ ਕਿ ਪਿੰਗਲਵਾੜੇ ਦੇ ਦੇ ਮੰਦ-ਬੁੱਧੀ, ਗੂੰਗੇ ਤੇ ਅਪਾਹਿਜ ਬੱਚੇ ਆਪਣੇ ਹੱਥਾਂ ਦੇ ਨਾਲ ਕਿਸ ਤਰਾਂ ਦੀਆਂ ਸੁੰਦਰ ਕਿਰਤਾਂ ਬਣਾ ਸਕਦੇ ਹਨ। ਡਾ. ਇੰਦਰਜੀਤ ਕੌਰ ਨੇ ਅੰਮ੍ਰਿਤਸਰ ਤੇ ਬਾਹਰੋਂ ਆਈ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਪ੍ਰਦਰਸ਼ਨੀ ਨੂੰ ਆ ਕੇ ਵੇਖਣ ਅਤੇੇ ਪਿੰਗਲਵਾੜੇ ਦੇ ਬਚਿਆਂ ਦਾ ਉਤਸ਼ਾਹ ਵਧਾਉਣ। 
ਇਸ ਸ਼ੁਭ ਮੌਕੇ ਤੇ ਸ੍ਰ. ਮੁਖਤਾਰ ਸਿੰਘ ਆਨਰੇਰੀ ਸੈਕਟਰੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ ਆਦਿ ਸ਼ਾਮਿਲ ਸਨ।

Tuesday, August 01, 2017

ਭਗਤ ਪੂਰਨ ਸਿੰਘ ਜੀ ਦੀ 25ਵੀਂ ਬਰਸੀ ਦੇ ਸਮਾਗਮ 3 ਤੋਂ ਸ਼ੁਰੂ

Mon, Jul 31, 2017 at 1:14 PM
ਪਿੰਗਲਵਾੜਾ ਦੇ ਸੰਸਥਾਪਕ ਸਨ ਭਗਤ ਪੂਰਨ ਸਿੰਘ
ਮਾਨਾਂਵਾਲਾ (ਅੰਮ੍ਰਿਤਸਰ) 31 ਜੁਲਾਈ 2017 (ਪੰਜਾਬ ਸਕਰੀਨ ਬਿਊਰੋ)::
ਜ਼ਿੰਦਗੀ ਦੇ ਸੰਘਣੇ ਹਨੇਰਿਆਂ ਚੋਂ ਆਪਣੀ ਲਗਨ ਅਤੇ ਮਿਹਨਤ ਸਦਕਾ ਰੌਸ਼ਨੀ ਦੀਆਂ ਕਿਰਨਾਂ ਵਾਂਗ ਉਭਰੇ ਭਗਤ ਪੂਰਨ
ਸਿੰਘ ਜੀ ਦੀ ਜ਼ਿੰਦਗੀ ਕਦਮ ਕਦਮ ਉੱਤੇ ਰਾਹ ਦਿਖਾਉਂਦੀ ਹੈ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਸੰਕਲਪ, ਲਗਨ,
ਮਿਹਨਤ ਅਤੇ ਨਿਰੰਤਰਤਾ ਦੇ ਨਾਲ ਹੋਣ ਵਾਲੇ ਚਮਤਕਾਰਾਂ ਨੂੰ ਕਰ ਕੇ ਦਿਖਾਇਆ ਹੈ। ਭਗਤ ਜੀ ਦੀ ਜ਼ਿੰਦਗੀ ਬਾਰੇ ਇਹ
ਨਿਸਚੇ ਨਾਲ ਕਿਹਾ ਜਾ ਸਕਦਾ ਹੈ ਕਿ ਜੇ ਨਿਰਾਸ਼ਾ ਵਿੱਚ ਘਿਰਿਆ ਕੋਈ ਵੀ ਵਿਅਕਤੀ ਉਹਨਾਂ ਦੀ ਜ਼ਿੰਦਗੀ ਨੂੰ ਧਿਆਨ
ਨਾਲ ਪੜ੍ਹ ਲਵੇ ਤਾਂ ਉਹ ਨਿਸਚਿਤ ਤੌਰ ਉੱਤੇ ਖੁਦਕੁਸ਼ੀਆਂ ਵਰਗੇ ਖਿਆਲਾਂ ਨੂੰ ਪਰ੍ਹਾਂ ਵਗਾਹ ਮਾਰੇਗਾ। ਉਹ ਨਸ਼ਿਆਂ ਜਾਂ
ਨਿਰਾਸ਼ਾ ਵੱਲ ਨਹੀਂ ਬਲਕਿ ਨੈਤਿਕਤਾ ਅਤੇ ਸੰਘਰਸ਼ਾਂ ਵਾਲੇ ਰਸਤੇ ਉੱਤੇ ਤੁਰ ਪਵੇਗਾ।
ਲਾਵਾਰਸ, ਪਾਗਲਾਂ, ਅਪਾਹਿਜਾਂ, ਬਜ਼ੁਰਗਾਂ ਅਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 25ਵੀਂ ਬਰਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਹੋਵੇਗੀ ਅਤੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ।
ਡਾ. ਇੰਦਰਜੀਤ ਕੌਰ ਜੀ ਨੇ ਬੋਲਦਿਆਂ ਦਸਿਆ ਕਿ ਮਿਤੀ 03 ਅਗਸਤ, 2017 ਦਿਨ ਵੀਰਵਾਰ ਨੂੰ ਸਵੇਰੇ 08:00 ਵਜੇ ਮੁੱਖ ਦਫਤਰ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ  ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ। ਇਸੇ ਦਿਨ ਸੰਸਥਾ ਦੇ ਮਰੀਜਾਂ, ਸਕੂਲੀ ਬਚਿਆਂ ਅਤੇ ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਵਲੋਂ ਬਣਾਈਆਂ ਦੁਰਲੱਭ-ਹੱਥ ਕਿਰਤਾਂ ਦੀ ਅਤੇ ਕੁਦਰਤੀ ਖੇਤੀ ਦੀ ਪ੍ਰਦਰਸ਼ਨੀ ਅਤੇ ਅੰਗਹੀਣਾਂ ਵਾਸਤੇ ਫ੍ਰੀ ਮਸਨੂਈ ਅੰਗ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸਦਾ ਉਦਘਾਟਨ ਚੀਫ ਜੁਡੀਸ਼ਲ ਮੈਜਿਸਟਰੇਟ ਸ਼੍ਰੀਮਤੀ ਮੋਨਿਕਾ ਸ਼ਰਮਾ ਕਰਨਗੇ।
4 ਅਗਸਤ 2017 ਦਿਨ ਸ਼ੁਕਰਵਾਰ ਨੂੰ ਸੰਸਥਾ ਦੇ ਮਰੀਜ਼ਾਂ ਦੀ ਤੰਦਰੁਸਤੀ ਲਈ ਪਹਿਲਾਂ ਦੀ ਤਰ੍ਹਾਂ ਭਗਤ ਪੂਰਨ ਸਿੰਘ ਬਲੱੱਡ ਡੋਨੇਸ਼ਨ ਸੈੱਲ ਦੇ ਪ੍ਰਧਾਨ ਸ੍ਰ. ਰਾਣਾ ਪਲਵਿੰਦਰ ਸਿੰਘ ਤੇ ਪੰਜਾਬ ਯੂਥ ਫੌਰਮ ਦੇ ਪ੍ਰਧਾਨ ਤੇ ਕੌਂਸਲਰ ਸ੍ਰ. ਜਸਕੀਰਤ ਸਿੰਘ, ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਸਵੇਰੇ 10:00 ਵਜੇ ਤੋਂ 02:00 ਵਜੇ ਤਕ ਮੁੱਖ ਦਫਤਰ, ਤਹਿਸੀਲਪੁਰਾ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ। ਜਿਸਦਾ ਉਦਘਾਟਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾਕਟਰ ਤੇਜਬੀਰ ਸਿੰਘ ਕਰਨਗੇ। ਇਸ ਮੌਕੇ ਅੰਮ੍ਰਿਤਸਰ ਦੇ ਡੀਸੀਪੀ ਸਿਟੀ ਅਮਰੀਕ ਸਿੰਘ ਪਵਾਰ  ਵਿਸ਼ੇਸ਼ ਸਨਮਾਨਿਤ ਹੋਣਗੇ। 
4 ਅਗਸਤ 2016 ਵੀਰਵਾਰ ਸ਼ਾਮ 07:00 ਵਜੇ ਸਭਿਆਚਾਰਕ ਪ੍ਰੋਗਰਾਮ ਮਾਨਾਂਵਾਲਾ ਕੰਪਲੈਕਸ ਦੀ ਖੁਲ੍ਹੀ ਗਰਾਊਂਡ ਵਿਚ ਸੰਸਥਾ ਦੇ ਸਕੂਲਾਂ ਦੇ ਬਚਿਆਂ ਵਲੋਂ ਹੋਵੇਗਾ ਜਿਸ ਦੀ ਪ੍ਰਧਾਨਗੀ ਮੁਖ ਮਹਿਮਾਣ-ਕੇਵਲ ਸਿੰਘ ਧਾਲੀਵਾਲ,ਵਿਸ਼ੇਸ਼ ਸਨਮਾਨਿਤ ਮਹਿਮਾਣ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੇਸ਼ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਗੁਰਨੈਬ ਸਿੰਘ (ਪੰਜਾਬੀ ਯੂਨੀਵਰਸਿਟੀ) ਕਰਨਗੇ।
ਬਰਸੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਕੌਰ ਜੀ ਨੇ ਦਸਿਆ ਕਿ ਮਿਤੀ 05 ਅਗਸਤ, 2017 ਦਿਨ ਸ਼ਨੀਵਾਰ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸਵੇਰੇ 08:00 ਤੋਂ 09:00 ਵਜੇ ਮੁੱਖ ਦਫਤਰ, ਪਿੰਗਲਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ। ਉਪਰੰਤ ਸਵੇਰੇ 10:00 ਤੋਂ 12:00 ਵਜੇ ਤਕ ਸੰਸਥਾ ਦੇ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਵੇਗਾ। ਦੁਪਹਿਰ ਨੂੰ 12:00 ਤੋਂ 02:00 ਵਜੇ ਤਕ ਮਹਾਨ ਸਮਾਜ ਸੇਵੀ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪਿੰਗਲਵਾੜੇ ਵੱਲੋਂ ਮਸ਼ਹੂਰ ਸਮਾਜ ਸੇਵਿਕਾ ਬੀਬੀ ਕੰਚਨ ਗਾਬਾ ਜੀ ਨੂੰੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਡਾ.ਇੰਦਰਜੀਤ ਕੌਰ ਜੀ ਨੇ ਪਿੰਗਲਵਾੜੇ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਉਂਦੇ ਹੋਏ ਦਸਿਆ ਕਿ ਪਿਛਲੇ ਇਕ ਸਾਲ ਦੇ ਵਿਚ 318 ਮਰੀਜ਼ ਦਾਖਲ ਹੋਏ ਅਤੇ ਉਹਨਾਂ ਵਿਚੋਂ ਅਲਗ ਅਲਗ ਪ੍ਰਾਂਤਾਂ ਦੇ 161 ਮਰੀਜ਼ਾਂ ਨੂੰ ਠੀਕ ਕਰਨ ਉਪਰੰਤ ੳੇੁਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਣ ਕੀਤਾ ਗਿਆ। ਪਿੰਗਲਵਾੜੇ ਵਲੋਂ ਇਸ ਸਾਲ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜਪੁਰ ਵਿਚ 3 ਗੂੰਗੇ ਬੋਲੇ ਬੱਚਿਆਂ ਦੇ ਸਕੂਲ ਖੋਲੇ ਗਏ। ਪਿੰਗਲਵਾੜੇ ਵਲੋਂ ਸਪੈਸ਼ਲ ਬੱਚਿਆਂ ਦੀ ਪੜਾਈ ਅਤੇ ਦੇਖਭਾਲ ਵਾਸਤੇ ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਨੀਡ ਖੋਲਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਸਕੂਲ ਰਿਹੈਬਲਿਟੇਸ਼ਨ ਕਾਉਂਸਿਲ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਹੋਵੇਗਾ। 
ਇਸ ਸਾਲ ਪਿੰਗਲਵਾੜੇ ਦੇ ਸਪੈਸ਼ਲ ਸਕੂਲ ਦੇ ਤਿੰਨ ਬੱਚੇ ਰਾਜੂ ਰਜਿੰਦਰ, ਪੂਨਮ ਅਤੇ ਸੂਰਜ ਵਰਲਡ ਵਿੰਟਰ ਸਪੈਸ਼ਲ ਓਲੰਪਿਕ ਵਿਚ ਵਿਆਨਾ ਵਿਖੇ ਹਿਸਾ ਲੈਣ ਲਈ ਚੁਣੇ ਗਏ। ਇਹਨਾਂ ਵਿਚੋਂ ਰਾਜੂ ਰਜਿੰਦਰ ਅਤੇ ਪੂਨਮ ਨੇ ਫਲੋਰ ਹਾਕੀ ਵਿਚ ਕ੍ਰਮਵਾਰ ਸੋਨੇ ਅਤੇ ਕਾਂਸੇ ਦਾ ਤਗਮਾ ਹਾਸਿਲ ਕੀਤਾ।
ਭਗਤ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਡਾ. ਇੰਦਰਜੀਤ ਕੌਰ ਜੀ ਦੀ ਅਗਵਾਈ ਹੇਠ ਤਕਰੀਬਨ 197 ਕਿਤਾਬਾਂ ਰੀਲਿਜ਼ ਕੀਤੀਆਂ ਜਾ ਚੁਕੀਆਂ ਹਨ।  ਭਗਤ ਜੀ ਦੀ 25ਵੀਂ ਬਰਸੀ ਦੇ ਮੌਕੇ 5 ਹੇਠ ਲਿਖੀਆਂ ਕਿਤਾਬਾਂ ਦਾ ਵਿਮੋਚਨ ਅਤੇ ਲੋਕ ਅਰਪਨ ਕੀਤੀਆਂ ਜਾਣਗੀਆਂ।
1)   Saint of Today 
2)  Brahamcharya 
3)ਜਵਾਨ ਹੋ ਰਹੇ ਧੀਆਂ-ਪੁੱਤ
4)Path to Spirituality
5)  Wonderful gift of God -Water 
1 ਜੁਲਾਈ 2017 ਤੋਂ ਜੀ ਐਸ ਟੀ ਲੱਗਣ ਕਰਕੇ ਪਿੰਗਲਵਾੜਾ ਉਪਰ ਹਰ ਸਾਲ ਕਰੀਬਨ 2 ਕਰੋੜ ਦਾ ਵਾਧੂ ਬੋਝ ਪੈ ਰਿਹਾ ਹੈ। ਇਸ ਤੋਂ ਪਹਿਲਾਂ ਪਿੰਗਲਵਾੜੇ ਨੂੰ ਪੰਜਾਬ ਸਰਕਾਰ ਵਲੋਂ ਖਰੀਦ ਕੀਤੀਆਂ ਸਾਰੀਆਂ ਵਸਤਾਂ ਤੇ VAT ਤੋਂ ਮੁਆਫੀ ਸੀ।
ਇਸ ਪ੍ਰੈਸ ਕਾਨਫਰੰਸ ਵਿੱਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸ੍ਰ.ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਤੇ ਸਮੂੰਹ ਵਿਭਾਗਾਂ ਦੇ ਮੁਖੀ ਸ਼ਾਮਲ ਸਨ।

Wednesday, April 19, 2017

ਵੀਰਵਾਰ 20 ਅਪ੍ਰੈਲ ਨੂੰ ਪਿੰਗਲਵਾੜਾ ਵੀ ਪੁੱਜਣਗੇ ਸੱਜਣ

Wed, Apr 19, 2017 at 3:34 PM
ਡਾਕਟਰ ਇੰਦਰਜੀਤ ਕੌਰ ਨੇ ਦਿੱਤਾ ਮੀਡੀਆ ਨੂੰ ਇਤਿਹਾਸਿਕ ਫੇਰੀ ਦਾ ਵੇਰਵਾ 
ਅੰਮ੍ਰਿਤਸਰ:  19 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ):: 
ਮਾਨਾਂਵਾਲਾ ਵਿੱਚ ਸਥਿਤ ਪਿੰਗਲਵਾੜਾ ਵਿਖੇ ਅੱਜ ਕਾਫੀ ਚਹਿਲ ਪਹਿਲ ਸੀ। ਅੱਜ ਕੁਝ ਖਾਸ ਐਲਾਨ ਹੋਣਾ ਸੀ ਜਿਸ ਲਈ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਸੀ। ਭਗਤ ਪੂਰਨ ਸਿੰਘ ਜੀ ਵੱਲੋਂ ਜਗਾਏ ਗਏ ਚਿਰਾਗ ਦੀ ਰੌਸ਼ਨੀ ਸੰਸਾਰ ਨੂੰ ਚਕਾਚੌਂਧ ਕਰ ਰਹੀ ਹੈ। ਇਸ ਦੀ ਰੌਸ਼ਨੀ ਦਾ ਚਮਤਕਾਰ ਦੇਖਣ ਲਈ ਕਨੇਡਾ ਵਾਲੇ ਵੀ ਆ ਰਹੇ ਹਨ। 
ਚੇਤੇ ਰਹੇ ਕਿ ਜਦੋਂ ਭਗਤ ਪੂਰਨ ਸਿੰਘ ਹੁਰਾਂ ਨੇ ਸਰਬੱਤ ਦੇ ਭਲੇ ਦਾ ਇਹ ਮਿਸ਼ਨ ਸ਼ੁਰੂ ਕੀਤਾ ਸੀ ਉਦੋਂ ਭਗਤ ਜੀ ਖੁਦ ਵੀ ਬੜੀ ਨਿਮਾਣੀ ਅਤੇ ਨਿਤਾਣੀ ਜਿਹੀ ਹਾਲਤ ਵਿੱਚ ਸਨ। ਉਹਨਾਂ ਕੋਲ ਸਿਰਫ ਇੱਕ ਭਾਵਨਾ ਸੀ ਕਿਸੇ ਲੋੜਵੰਦ ਬੇਆਸਰੇ ਨੂੰ ਇੱਕ ਆਸਰਾ ਮੁਹਈਆ ਕਰਾਉਣ ਦੀ। ਰਸਤੇ ਵਿੱਚ ਰੁਕਾਵਟਾਂ ਹੀ ਰੁਕਾਵਟਾਂ ਸਨ। ਪਰਮਾਤਮਾ ਦੀ ਓਟ ਲੈ ਕੇ ਉਹਨਾਂ ਜਜ਼ਬਾਤਾਂ ਦੇ ਸਹਾਰੇ ਹੀ ਇਹ ਮਿਸ਼ਨ ਸ਼ੁਰੂ ਕੀਤਾ ਸੀ। ਪਰਮਾਤਮਾ ਦੀ ਮਿਹਰ ਹੋਈ।  ਕੁਦਰਤ ਸਹਾਇਕ ਬਣੀ। ਇਸ ਮਹਾਨ ਕੰਮ ਦੇ ਉਪਰਾਲੇ ਦਾ ਸੰਕਲਪ ਭਗਤ ਜੀ ਨੂੰ ਲਗਾਤਾਰ ਸ਼ਕਤੀਸ਼ਾਲੀ ਬਣਾਉਂਦਾ ਚਲਾ ਗਿਆ। ਭਗਤ ਜੀ ਦੁਨੀਆ ਲਈ ਇੱਕ ਅਜਿਹੀ ਮਿਸਾਲ ਬਣੇ ਜਿਹੜੀ ਅੱਜ ਵੀ ਕਾਇਮ ਹੈ। ਬੂੰਦ ਤੋਂ ਸਾਗਰ ਤੱਕ ਦਾ ਸਫ਼ਰ ਹੈ ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ਅਤੇ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਮਹਾਨ ਮਿਸ਼ਨ। 
ਪਿੰਗਲਵਾੜਾ ਦਾ ਪ੍ਰੋਜੈਕਟ ਹੁਣ ਏਨਾ ਵਿਸ਼ਾਲ ਬਣ ਚੁੱਕਿਆ ਹੈ ਕਿ ਇਹ ਕੋਈ ਰੱਬੀ ਕ੍ਰਿਸ਼ਮਾ ਮਹਿਸੂਸ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਉੱਚੇ ਸੁੱਚ ਖਿਆਲਾਂ ਅਤੇ ਨਿਮਾਣਿਆ ਨਿਤਾਣਿਆਂ ਦੀ ਮਦਦ ਦੇ ਸੰਕਲਪ ਕੀਤੇ ਜਾਂਦੇ ਹਨ ਤਾਂ ਉਹਨਾਂ ਨੂੰ ਪੂਰਾ ਕਰਨ ਅਤੇ ਵਿਕਸਿਤ ਕਰਨ ਲਈ  ਸਾਰੇ ਬ੍ਰਹਿਮੰਡ ਦੀਆਂ ਸ਼ਕਤੀਆਂ ਸਹਾਈ ਹੋਣ ਲੱਗਦੀਆਂ ਹਨ। ਇਸ ਕ੍ਰਿਸ਼ਮੇ ਨੂੰ ਆਪਣੀ ਅੱਖੀਂ ਦੇਖਣ ਲਈ ਅਕਸਰ ਲੋਕ ਦੂਰੋਂ ਦੂਰੋਂ ਆਉਂਦੇ ਹਨ। ਇਸ ਵਾਰ ਆ ਰਹੇ ਹਨ ਪੰਜਾਬ ਦੀ ਧਰਤੀ 'ਤੇ ਜਨਮ ਲੈਣ ਵਾਲੇ ਹਰਜੀਤ ਸਿੰਘ ਸੱਜਣ ਜਿਹੜੇ ਇਸ ਸਮੇਂ ਕਨੇਡਾ ਦੇ  ਰੱਖਿਆ ਮੰਤਰੀ ਹਨ। ਕੱਲ੍ਹ 20 ਅਪ੍ਰੈਲ ਨੂੰ ਉਹਨਾਂ ਦੀ ਆਮਦ ਮੌਕੇ ਪਿੰਗਲਵਾੜਾ ਦੀ ਮੈਨੇਜਮੈਂਟ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਹਨਾਂ ਪ੍ਰਬੰਧਾਂ ਦਾ ਵੇਰਵਾ ਅੱਜ ਪਿੰਗਲਵਾੜਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ ਗਿਆ। 
ਪਿੰਗਲਵਾੜਾ ਦੀ ਮੌਜੂਦਾ ਸੰਚਾਲਕ ਡਾਕਟਰ ਇੰਦਰਜੀਤ ਕੌਰ ਨੇ ਮੀਡੀਆ ਨਾਲ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਕੈਨੇਡਾ ਵਿੱਚ ਇਤਿਹਾਸ ਰਚਨ ਵਾਲੇ ਪਹਿਲੇ ਸਿੱਖ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ  20 ਅਪ੍ਰੈਲ 2017 ਨੂੰ ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਚ ਆ ਰਹੇ ਹਨ। ਇਸ ਥਾਂ 'ਤੇ ਭਗਤ ਪੂਰਨ ਸਿੰਘ ਵੱਲੋਂ ਸਥਾਪਿਤ ਅਤੇ ਹੁਣ ਡਾਕਟਰ ਇੰਦਰਜੀਤ ਕੌਰ ਦੀ ਦੇਖ ਰੇਖ ਹੇਠ ਚਲ ਰਹੇ ਮਾਨਵਤਾ ਦੇ ਭਲੇ ਲਈ ਚਲ ਰਹੇ ਕਾਰਜਾਂ ਨੂੰ ਸ਼੍ਰੀ ਸੱਜਣ ਆਪ ਆਪਣੀ ਅੱਖੀ ਦੇਖਣ ਆ ਰਹੇ ਹਨ। ਉਹਨਾਂ ਦੇ ਨਾਲ ਕੈਨੇਡਾ ਤੋਂ ਹੀ ਉਚ ਪੱਧਰੀ ਟੀਮ ਵੀ ਆ ਰਹੀ ਹੈ ਜਿਸ ਵਿਚ ਮਹਾਮਹਿਮ ਨਾਦਿਰ ਪਟੇਲ,  ਹੈ ਕਮਿਸ਼ਨਰ ਕਨੇਡਾ ਕ੍ਰਿਸਟੋਫਰ ਗਿਬਸਨ, ਕੌਂਸਲ ਜਨਰਲ ਮਨਜੀਤ ਵਿਨਿੰਗ, ਸੀਨੀਅਰ ਸਪੈਸ਼ਲ ਅਸਿਸਟੈਂਟ-ਕਰਨਲ ਮਾਰਕ ਡੁਸੋਲਟ ਰੱਖਿਆ ਸਲਾਹਕਾਰ-ਇਸੇਬਲ ਡੌਸਟ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਣਗੇ।
ਡਾਕਿਤਰ ਇੰਦਰਜੀਤ ਕੌਰ ਹੁਰਾਂ ਨੇ ਦੱਸਿਆ ਕਿ ਪਿੰਗਲਵਾੜਾ ਸੋਸਾਇਟੀ ਆਫ ਅੰਟਾਰੀਓ ਬੀਬੀ ਅਬਨਾਸ਼ ਕੌਰ ਅਤੇ ਉਹਨਾਂ ਦੀ 7 ਮੈਂਬਰੀ ਟੀਮ ਸਾਰੇ ਕੈਨੇਡਾ ਵਿਖੇ ਸੇਵਾ ਇਕਠੀ ਕਰਕੇ ਪਿੰਗਲਵਾੜੇ ਨੂੰ ਭੇਜ ਰਹੇ ਹਨ। ਪਿੰਗਲਵਾੜੇ ਦੇ 4 ਸਕੂਲ ਭਗਤ ਪੂਰਨ ਸਿੰਘ ਸਕੂਲ, ਭਗਤ ਪੂਰਨ ਸਿੰਘ ਹਾਈ ਸਕੂਲ ਬੁਟਰ ਕਲਾਂ ਕਾਦੀਆਂ, ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੀਆਂ ਟੀਚਰਾਂ ਦੀਆਂ ਤਨਖਾਹਾਂ, ਬੱਚਿਆਂ ਦੀਆਂ ਕਾਪੀਆਂ ਕਿਤਾਬਾਂ, ਯੂਨੀਫਾਰਮ ਅਤੇ ਹੋਸਟਲਾਂ ਦੇ ਸਮੂੰਹ  ਬੱਚਿਆ ਦਾ ਪੂਰਾ ਖਰਚਾ ਪਿੰਗਲਵਾੜਾ ਸੋਸਾਇਟੀ ਆਫ ਅੰਨਟਾਰੀਓ ਹੀ ਕਰਦੀ ਹੈ। ਇਹਨਾਂ ਸਾਰੇ  ਸਕੂਲਾਂ ਦਾ ਸਾਲਾਨਾ ਬਜਟ ਤਕਰੀਬਨ 3 ਕਰੋੜ 88 ਲੱਖ ਦੇ ਕਰੀਬ ਹੈ। ਅਜਿਹੇ ਵਿਸ਼ਾਲ ਪ੍ਰੋਜੈਕਟ ਸਰਕਾਰਾਂ ਲਈ ਵੀ ਸੌਖੇ ਨਹੀਂ ਹੁੰਦੇ ਪਰ ਭਗਤ ਪੂਰਨ ਸਿੰਘ ਹੁਰਾਂ ਦੇ ਪਦ-ਚਿਨ੍ਹਾਂ ਉੱਤੇ ਚਲਦਿਆਂ ਡਾਕਟਰ ਇੰਦਰਜੀਤ ਕੌਰ ਇਸ ਨੂੰ ਬਹੁਤ ਹੀ ਅਨੁਸ਼ਾਸਨ ਨਾਲ ਚਲਾ ਰਹੇ ਹਨ। ਉਹਨਾਂ ਦਸਿਆ ਕਿ ਇਹ ਸਾਰੇ ਖਰਚੇ ਸੰਗਤਾਂ ਅਤੇ ਸ਼ੁਭ ਚਿੰਤਕਾਂ ਦੇ ਦਾਨ ਨਾਲ ਚੱਲਦੇ ਹਨ ਅਤੇ ਉਪਰ ਲਿਖੇ ਸਾਰੇ ਪਰੋਜੈਕਟ ਚੈਰਿਟੀ ਰੈਵੀਨਿਊ ਏਜੰਸੀ ਕੈਨੇਡਾ ਵਲੋਂ ਵੀ ਪ੍ਰਵਾਨਿਤ ਹਨ। ਪਿੰਗਲਵਾੜਾ ਦੇ ਪ੍ਰਬੰਧਕਾਂ ਅਤੇ ਚਾਹੁਣ ਵਾਲਿਆਂ ਨੂੰ ਬਹੁਤ ਉਮੀਦਾਂ ਹਨ ਕਿ ਸ਼੍ਰੀ ਸੱਜਣ ਦੀ ਇਸ ਫੇਰੀ ਨਾਲ ਇਹ ਸੰਸਥਾ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਕੇ ਹੋਰ ਵਧੇਰੇ ਲੋਕਾਂ ਦੀ ਮਦਦ ਕਰਨ ਦੇ ਕਾਬਿਲ ਬਣ ਸਕੇਗੀ। ਜੇ ਤੁਸੀਂ ਅਜੇ ਤੱਕ ਸੇਵਾ ਦਾ ਇਹ ਅਸਥਾਨ ਨਹੀਂ ਦੇਖਿਆ ਤਾਂ ਦੇਰ ਨਾ ਕਰੋ ਇਸ ਦੇ ਦਰਸ਼ਨ ਜ਼ਰੂਰੀ ਹਨ। 
  

Sunday, February 12, 2017

ਪਿੰਗਲਵਾੜਾ ਸਕੂਲਾਂ ਦੀਆਂ 8ਵੀਆਂ ਯੂਨੀਫਾਈਡ ਖੇਡਾਂ: ਇੱਕ ਰਿਪੋਰਟ

ਪਿੰਗਲਵਾੜਾ 'ਚ ਸਾਹਮਣੇ ਆਉਂਦੀਆਂ ਹਨ ਸਪੈਸ਼ਲ ਬੱਚਿਆਂ ਦੀਆਂ ਖੂਬੀਆਂ
ਅੰਮ੍ਰਿਤਸਰ:: 11 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪਿੰਗਲਵਾੜਾ ਇੱਕ ਅਜਿਹਾ ਸੰਸਥਾਨ ਹੈ ਜਿਹੜਾ ਜ਼ਿੰਦਗੀ ਦੀ ਆਸ ਉਮੀਦ ਛੱਡ ਚੁੱਕੇ ਨਿਰਾਸ਼ ਲੋਕਾਂ ਨੂੰ ਵੀ ਨਵੀਂ ਜ਼ਿੰਦਗੀ ਦੀਆਂ ਉਮੰਗਾਂ ਵਾਲੀ ਪ੍ਰੇਰਨਾ ਅਤੇ ਸ਼ਕਤੀ ਨਾਲ ਸੁਸੱਜਿਤ ਕਰਕੇ ਜ਼ਿੰਦਗੀ ਦੀ ਜੰਗ ਵਿੱਚ ਭੇਜਦਾ ਹੈ। ਇਸਦੇ ਬਾਨੀ ਭਗਤ ਪੂਰਨ ਸਿੰਘ ਨੇ ਆਖ਼ਿਰੀ ਸਾਹਾਂ ਤੀਕ ਸਾਬਿਤ ਕੀਤਾ ਕਿ ਜ਼ਿੰਦਗੀ ਹਰ ਕਦਮ ਇੱਕ ਨਈ  ਜੰਗ ਹੈ। ਉਹਨਾਂ ਦੇ ਅਕਾਲ ਚਲਾਣੇ ਮਗਰੋਂ ਵੀ ਉਹਨਾਂ ਦੀ ਇਹ ਪ੍ਰੇਰਕ ਸ਼ਕਤੀ ਪੂਰੀ ਤਰਾਂ ਸਰਗਰਮ ਹੈ। ਭਗਤ ਜੀ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੀ ਮੌਜੂਦਗੀ ਹੋਰ ਵਧੇਰੇ ਮਜ਼ਬੂਤ ਹੋਈ ਮਹਿਸੂਸ ਹੁੰਦੀ ਹੈ।  ਇਸਦਾ ਅਹਿਸਾਸ ਹੋਇਆ ਮਾਨਾਂਵਾਲਾ ਵਿਖੇ ਹੋਈਆਂ ਖੇਡਾਂ ਦੌਰਾਨ। 
ਪਿੰਗਲਵਾੜਾ ਸਕੂਲਾਂ ਦੀਆਂ 8ਵੀਆਂ ਯੂਨੀਫਾਈਡ ਖੇਡਾਂ ਦਾ ਉਦਘਾਟਨ ਅੱਜ ਪਿੰਗਲਵਾੜਾ ਮਾਨਾਂਵਾਲਾ ਕੰਪਲੈਕਸ ਵਿਖੇ ਹੋਇਆ। ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ ਦੇ ਬੱਚਿਆਂ ਦੀਆਂ 8ਵੀਆਂ ਯੂਨੀਫਾਈਡ ਖੇਡਾਂ ਪ੍ਰਵਾਸੀ ਭਾਰਤੀ ਦੁਬਈ ਨਿਵਾਸੀ ਸ੍ਰੀ ਚੰਦਰ ਸ਼ੇਖਰ ਕੋਹਲੀ ਅਤੇ ਪਿੰਗਲਵਾੜਾ ਸੰਸਥਾ ਦੇ ਸਾਂਝੇ ਸਹਿਯੋਗ ਨਾਲ ਕਰਵਾਈਆਂ ਗਈਆਂ।
ਇੰਨ੍ਹਾਂ ਖੇਡਾਂ ਦੀ ਸ਼ੁਰੂਆਤ ਸ੍ਰੀ ਐੱਸ. ਕੇ. ਸ਼ਰਮਾ (ਰਿਟਾਇਡ ਡੀ. ਜੀ. ਪੀ.) ਨੇ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋ ਕੇ ਕੀਤੀ। ਮੁੱਖ ਮਹਿਮਾਨ ਨੇ ਬੱਚਿਆਂ ਦੇ ਮਾਰਚ ਪਾਸਟ ਤੋਂ ਸਲਾਮੀ ਲੈ ਕੇ  ਅਤੇ ਗੁਬਾਰੇ ਛੱਡਣ ਦੀ ਰਸਮ ਨਾਲ ਖੇਡ ਸਮਾਰੋਹ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸ੍ਰ: ਗੁਰਦੇਵ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਇੰਨ੍ਹਾਂ ਖੇਡਾਂ ਦੀ ਵਿਸ਼ੇਸ਼ਤਾ ਬਾਰੇ ਦੱਸਿਆ। ਇਸ ਮੌਕੇ ਇੰਨ੍ਹਾਂ ਖੇਡਾਂ ਨੂੰ ਹਰ ਸਾਲ ਕਰਵਾਉਂਦੇ ਸ੍ਰੀ ਚੰਦਰ ਸ਼ੇਖਰ ਕੋਹਲੀ ਨੇ ਦੱਸਿਆ ਕਿ ਉਹ ਇਹ ਖੇਡਾਂ ਹਰ ਸਾਲ ਆਪਣੇ ਪਿਤਾ ਸ੍ਰੀ ਪ੍ਰੇਮ ਕੋਹਲੀ ਅਤੇ ਮਾਤਾ ਸ਼ਾਂਤੀ ਨੂੰ ਸਮਰਪਿਤ ਕਰਦੇ ਹੋਏ ਪਿੰਗਲਵਾੜਾ ਦੇ ਬੱਚਿਆਂ ਵਿਚ ਕਰਵਾਉਂਦੇ ਹਨ ਅਤੇ ਇੰਨ੍ਹਾਂ ਖੇਡਾਂ ਦਾ ਮਕਸਦ ਹੈ ਕਿ ਬੱਚਿਆਂ ਵਿਚ ਕਿਸੇ ਵੀ ਪ੍ਰਕਾਰ ਦੀ ਹੀਣ ਭਾਵਨਾ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਤੌਰ ਤੇ ਵਿਚਰਨ ਦਾ ਉਤਸ਼ਾਹ ਪੈਦਾ ਕਰਨਾ ਹੈ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੀਆਂ ਖੇਡਾਂ ਨਾਲ ਬੱਚਿਆਂ ਵਿਚ ਇਕ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਸਪੈਸ਼ਲ ਬੱਚਿਆਂ ਨੂੰ ਵੀ ਕਿਸੇ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ। 
ਡਾ: ਇੰਦਰਜੀਤ ਕੌਰ ਨੇ ਸ੍ਰੀ ਕੋਹਲੀ ਜੀ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਖੇਡਾਂ ਨਾਲ ਜਦੋਂ ਸਾਰੇ ਬੱਚੇ ਇਕੱਠੇ ਮੈਦਾਨ ਵਿਚ ਖੇਡਦੇ ਹਨ ਤਾਂ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਹੁੰਦਾ ਹੈ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਅਤੇ ਗਿੱਧਾ ਆਈਟਮ ਵੀ ਪੇਸ਼ ਕੀਤੀਆਂ ਗਈਆਂ।  ਇਸ ਮੌਕੇ ਡਾ: ਇੰਦਰਜੀਤ ਕੌਰ, ਸ੍ਰ: ਮੁਖਤਾਰ ਸਿੰਘ ਗੁਰਾਇਆ, ਡਾ: ਜਗਦੀਪਕ ਸਿੰਘ, ਮਾਸਟਰ ਰਾਜਬੀਰ ਸਿੰਘ, ਮਿਸਜ਼ ਪ੍ਰੀਤਇੰਦਰ ਕੌਰ, ਡਾ: ਇੰਦਰਜੀਤ ਕੌਰ ਰੇਨੂੰ, ਕਰਨਲ ਦਰਸ਼ਨ ਸਿੰਘ ਬਾਵਾ, ਸ੍ਰ: ਜੈ ਸਿੰਘ, ਸ੍ਰ: ਆਰ.ਪੀ. ਸਿੰਘ, ਸ੍ਰੀ ਤਿਲਕ ਰਾਜ, ਪ੍ਰਿੰਸੀਪਲ ਗੁਰਦੇਵ ਸਿੰਘ, ਪ੍ਰਿੰਸੀਪਲ ਪਦਮਨੀ ਸ੍ਰੀਵਾਸਤਵ, ਪ੍ਰਿੰਸੀਪਲ ਦਲਜੀਤ ਕੌਰ, ਸ੍ਰੀ ਯੋਗੇਸ਼ ਸੂਰੀ, ਮਿਸਜ਼ ਨਰਿੰਦਰ ਕੌਰ ਕੋਹਲੀ, ਮਿ: ਬਿੱਲਾ ਕੋਹਲੀ, ਮਿ: ਸ਼ਾਮ ਕੋਹਲੀ ਅਤੇ ਅਤੇ ਉਨ੍ਹਾਂ ਦਾ ਪਰਿਵਾਰ, ਮਿ: ਵਿਸ਼ਾਲ ਕੋਹਲੀ, ਸ੍ਰ: ਅਮਰੀਕ ਸਿੰਘ, ਮਿਸਜ਼ ਆਸ਼ਾ ਸੈਣੀ, ਸ੍ਰ: ਮਨੋਹਰ ਸਿੰਘ ਸੈਣੀ, ਮਿ: ਜਗਦੀਸ਼ ਬੰਸਲ, ਸ੍ਰੀ ਜੋਗਿੰਦਰ ਪਾਲ ਢੀਂਗਰਾ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਡਾ: ਇੰਦਰਜੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਟਰਾਈ ਸਾਈਕਲ 25 ਮੀਟਰ ਰੇਸ ਵਿੱਚ ਚੇਤਨ ਨੇ ਪਹਿਲਾ, ਕਾਕੂ ਨੇ ਪਹਿਲਾ, ਪੰਕਜ ਨੇ ਦੂਜਾ, ਬਨਾਨਾ ਈਟਿੰਗ ਵਿਚ ਸਚਿਨ ਨੇ ਪਹਿਲਾ, ਗਗਨ ਅਤੇ ਪਿਊਸ਼ ਨੇ ਦੂਜਾ, ਰਾਸ਼ੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮੀਦ ਕਰਨੀ ਚਾਹੀਦੀ ਹੈ ਕਿ ਅਜਿਹੇ ਖੇਡ ਮੁਕਾਬਲੇ ਜਿੱਥੇ ਨਸ਼ਿਆਂ ਵਿੱਚ ਗਲਤਾਨ ਜਵਾਨੀ ਨੂੰ ਇੱਕ ਨਵੀਂ ਸੇਧ ਦੇਣਗੇ ਉੱਥੇ ਸਿਆਸੀ ਝਗੜਿਆਂ ਵਿੱਚ ਉਲਝੇ ਲੋਕਾਂ ਨੂੰ ਵੀ ਖੇਡ ਭਾਵਨਾ ਦੀ ਅਹਿਮੀਅਤ ਦੱਸਣ ਵਿੱਚ ਸਫਲ ਹੋਣਗੇ। 
  

Wednesday, July 27, 2016

ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ

Wed, Jul 27, 2016 at 3:05 PM
31 ਜੁਲਾਈ ਤੋਂ 05 ਅਗਸਤ ਤਕ ਮਨਾਈ ਜਾਏਗੀ ਭਗਤ ਜੀ ਦੀ ਬਰਸੀ 
ਅੰਮ੍ਰਿਤਸਰ: 27 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਲਾਵਾਰਸ, ਪਾਗਲਾਂ, ਅਪਾਹਿਜਾਂ, ਬਜੁਰਗਾਂ ਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ।
ਸੰਸਥਾ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਸਮਾਜ ਵਿਚ ਵਾਤਾਵਰਨ ਪ੍ਰਤੀ ਉਦਾਸੀਨਤਾ ਅਤੇ ਵਧ ਰਹੇ ਕੈਂਸਰ ਦੇ ਭਿਅੰਕਰ ਰੋਗ ਬਾਰੇ ਚਿੰਤਾ ਜਾਹਰ ਕਰਦਿਆਂ ਦਸਿਆ ਕਿ ਮਿਤੀ 31 ਜੁਲਾਈ, 2016 ਦਿਨ ਐਤਵਾਰ ਸੰਸਥਾ ਦੀ ਸ਼ਾਖਾ ਮਾਨਾਂਵਾਲਾ ਵਿਖੇ ਇੰਗਲੈਂਡ ਦੀ ਰੋਕੋ ਕੈਂਸਰ ਸੰਸਥਾ ਵੱਲੋਂ ਮਾਹਰ ਡਾਕਟਰਾਂ ਦੀ ਟੀਮ ਸਹਿਤ ਆਮ ਲੋਕਾਂ ਵਾਸਤੇ ਮੁਫ਼ਤ ਕੈਂਸਰ ਕੈਂਪ ਲਗਾਇਆ ਜਾਵੇਗਾ। ਇਸਦੇ ਨਾਲ ਹੀ ਪਿੰਗਲਵਾੜਾ ਸੰਸਥਾ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।  ਜਿਸਦਾ ਉਦਘਾਟਨ ਬਕਤ੍ਰ ਬੀ ਐਸ ਬੱਲ ਪ੍ਰਿੰਸੀਪਲ ਗੌਰਮਿੰਟ ਮੈਡੀਕਲ ਕਾਲਜ ਅਤੇ  ਸਰਦਾਰ ਬਲਬੀਰ ਸਿੰਘ ਸੈਸ਼ਨ ਜੱਜ ਚੰਡੀਗੜ੍ਹ ਕਰਨਗੇ। ਇਸ ਕੈਂਪ ਵਿਚ ਹੇਠ ਲਿਖੇ ਮਾਹਿਰ ਡਾਕਟਰ ਹਿੱਸਾ ਲੈਣਗੇ:
1. ਡਾ.ਅਨੀਤਾ ਮੋਖਾ ਕੈਂਸਰ ਸਪੈਸ਼ਲਿਸਟ, ਡਾ.ਹਨੀਸ਼ ਪੁਰੀ, ਡਾ.ਰਵੀ ਪਾਲ ਸਿੰਘ, ਡਾ.ਗਗਨਦੀਪ ਕੌਰ, (ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ) ਕੈਂਸਰ ਰੋਕੋ ਟੀਮ
2. ਡਾ. ਤੇਜਪਾਲ ਸਿੰਘ,  ਮੈਡੀਕਲ ਸਪੈਸ਼ਲਿਸਟ (ਰਿਟਾ. ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
3. ਡਾ. ਅਮਰੀਕ ਸਿੰਘ ਮੁਲਤਾਨੀ, ਮੈਡੀਕਲ ਸਪੈਸ਼ਲਿਸਟ (ਰਿਟਾ. ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
4. ਡਾ. ਇੰਦਰਜੀਤ ਕੌਰ, ਅੱਖਾਂ ਦੇ ਸਪੈਸ਼ਲਿਸਟ (ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
5. ਡਾ. ਜਗਦੀਪਕ ਸਿੰਘ, ਕੰਨਾਂ ਦੇ ਸਪੈਸ਼ਲਿਸਟ (ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)

ਇਸ ਕੈਂਪ ਵਿਚ ਕੈਂਸਰ ਦੇ ਚੈੱਕ-ਅੱਪ (ਮੈਮੋਗ੍ਰਾਫੀ (ਸਿਰਫ 50 ਸਾਲ ਤੋਂ ਉੱਪਰ ਦੇ ਮਰੀਜ਼ਾਂ ਲਈ), ਪੀ.ਐਸ.ਏ. ਅਤੇ ਪੈਪ ਸਮੀਅਰ ਟੈਸਟ) ਕੀਤੇ ਜਾਣਗੇ । 
ਡਾ. ਇੰਦਰਜੀਤ ਕੌਰ ਜੀ ਨੇ ਬੋਲਦਿਆਂ ਦਸਿਆ ਕਿ ਮਿਤੀ 03 ਅਗਸਤ, 2016 ਦਿਨ ਬੁੱਧਵਾਰ ਨੂੰ ਸਵੇਰੇ 08:00 ਵਜੇ ਮੁੱਖ ਦਫਤਰ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ  ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ। 
  3 ਅਗਸਤ 2016 ਬੁੱਧਵਾਰ ਨੂੰ ਹੀ ਸੰਸਥਾ ਦੇ ਮਰੀਜ਼ਾਂ ਦੀ ਤੰਦਰੁਸਤੀ ਲਈ ਪਹਿਲਾਂ ਦੀ ਤਰ੍ਹਾਂ ਭਗਤ ਪੂਰਨ ਸਿੰਘ ਬਲੱੱਡ ਡੋਨੇਸ਼ਨ ਸੈੱਲ ਦੇ ਪ੍ਰਧਾਨ ਸ੍ਰ. ਰਾਣਾ ਪਲਵਿੰਦਰ ਸਿੰਘ ਤੇ ਪੰਜਾਬ ਯੂਥ ਫੌਰਮ ਦੇ ਪ੍ਰਧਾਨ ਤੇ ਕੌਂਸਲਰ ਸ੍ਰ. ਜਸਕੀਰਤ ਸਿੰਘ, ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਸਵੇਰੇ 10:00 ਵਜੇ ਤੋਂ 02:00 ਵਜੇ ਤਕ ਮੁੱਖ ਦਫਤਰ, ਤਹਿਸੀਲਪੁਰਾ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ ਜਿਸਦਾ ਉਦਘਾਟਨ ਮਿਸ ਸੋਨਾਲੀ ਗਿਰੀ-ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਕਰਨਗੇ। ਇਸੇ ਦਿਨ ਸੰਸਥਾ ਦੇ ਮਰੀਜਾਂ, ਸਕੂਲੀ ਬਚਿਆਂ ਅਤੇ ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਵਲੋਂ ਬਣਾਈਆਂ ਦੁਰਲੱਭ-ਹੱਥ ਕਿਰਤਾਂ ਦੀ ਅਤੇ ਕੁਦਰਤੀ ਖੇਤੀ ਦੀ ਪ੍ਰਦਰਸ਼ਨੀ ਅਤੇ ਅੰਗਹੀਣਾਂ ਵਾਸਤੇ ਫ੍ਰੀ ਮਸਨੂਈ ਅੰਗ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸਦਾ ਉਦਘਾਟਨ ਸ਼੍ਰੀਮਤੀ ਗੁਰਬੀਰ ਸਿੰਘ ਕਰਨਗੇ। 

4 ਅਗਸਤ 2016 ਵੀਰਵਾਰ ਸ਼ਾਮ 07:00 ਵਜੇ ਸਭਿਆਚਾਰਕ ਪ੍ਰੋਗਰਾਮ ਮਾਨਾਂਵਾਲਾ ਕੰਪਲੈਕਸ ਦੀ ਖੁਲ੍ਹੀ ਗਰਾਊਂਡ ਵਿਚ ਸੰਸਥਾ ਦੇ ਸਕੂਲਾਂ ਦੇ ਬਚਿਆਂ ਵਲੋਂ ਹੋਵੇਗਾ ਜਿਸ ਦੀ ਪ੍ਰਧਾਨਗੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ-ਸ਼੍ਰੀ ਵਰੁਣ ਰੂਜਮ, ਡੀਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ (ਗੈਸਟ ਆਫ ਆਨਰ) ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਧਰਮਪਤਨੀ ਗੁਰਬੀਰ ਕੌਰ ਕਰਨਗੇ। ਇਸ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਸਿੱਧ ਸੂਫ਼ੀ ਗਾਇਕ ਖ਼ਾਦਿਮ ਹੁਸੈਨ ਵਾਰਸੀ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। 
ਬਰਸੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਕੌਰ ਜੀ ਨੇ ਦਸਿਆ ਕਿ ਮਿਤੀ 05 ਅਗਸਤ, 2016 ਦਿਨ ਸ਼ੁਕਰਵਾਰ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸਵੇਰੇ 08:00 ਤੋਂ 09:00 ਵਜੇ ਮੁੱਖ ਦਫਤਰ, ਪਿੰਗਲਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ । ਉਪਰੰਤ ਸਵੇਰੇ 10:00 ਤੋਂ 12:00 ਵਜੇ ਤਕ ਸੰਸਥਾ ਦੇ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਵੇਗਾ। 12:00 ਤੋਂ 02:00 ਵਜੇ ਤਕ ਮਹਾਨ ਸਮਾਜ ਸੇਵੀ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪਿੰਗਲਵਾੜੇ ਵੱਲੋਂ ਪਟਿਆਲਾ ਦੇ ਉੱਘੇ ਸਮਾਜ ਸੇਵਕ ਅਤੇ  ਵਿਕਲਾਂਗ ਸੋਸਾਇਟੀ ਦੇ ਸਕੱਤਰ ਕਰਨਲ ਕਰਮਇੰਦਰ ਸਿੰਘ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।  
ਇਸ ਪ੍ਰੈਸ ਕਾਨਫਰੰਸ ਵਿਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸ੍ਰ.ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਤੇ ਸਮੂੰਹ ਵਿਭਾਗਾਂ ਦੇ ਮੁਖੀ ਸ਼ਾਮਲ ਸਨ।