ਪਿੰਗਲਵਾੜਾ 'ਚ ਸਾਹਮਣੇ ਆਉਂਦੀਆਂ ਹਨ ਸਪੈਸ਼ਲ ਬੱਚਿਆਂ ਦੀਆਂ ਖੂਬੀਆਂ
ਅੰਮ੍ਰਿਤਸਰ:: 11 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪਿੰਗਲਵਾੜਾ ਇੱਕ ਅਜਿਹਾ ਸੰਸਥਾਨ ਹੈ ਜਿਹੜਾ ਜ਼ਿੰਦਗੀ ਦੀ ਆਸ ਉਮੀਦ ਛੱਡ ਚੁੱਕੇ ਨਿਰਾਸ਼ ਲੋਕਾਂ ਨੂੰ ਵੀ ਨਵੀਂ ਜ਼ਿੰਦਗੀ ਦੀਆਂ ਉਮੰਗਾਂ ਵਾਲੀ ਪ੍ਰੇਰਨਾ ਅਤੇ ਸ਼ਕਤੀ ਨਾਲ ਸੁਸੱਜਿਤ ਕਰਕੇ ਜ਼ਿੰਦਗੀ ਦੀ ਜੰਗ ਵਿੱਚ ਭੇਜਦਾ ਹੈ। ਇਸਦੇ ਬਾਨੀ ਭਗਤ ਪੂਰਨ ਸਿੰਘ ਨੇ ਆਖ਼ਿਰੀ ਸਾਹਾਂ ਤੀਕ ਸਾਬਿਤ ਕੀਤਾ ਕਿ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ। ਉਹਨਾਂ ਦੇ ਅਕਾਲ ਚਲਾਣੇ ਮਗਰੋਂ ਵੀ ਉਹਨਾਂ ਦੀ ਇਹ ਪ੍ਰੇਰਕ ਸ਼ਕਤੀ ਪੂਰੀ ਤਰਾਂ ਸਰਗਰਮ ਹੈ। ਭਗਤ ਜੀ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੀ ਮੌਜੂਦਗੀ ਹੋਰ ਵਧੇਰੇ ਮਜ਼ਬੂਤ ਹੋਈ ਮਹਿਸੂਸ ਹੁੰਦੀ ਹੈ। ਇਸਦਾ ਅਹਿਸਾਸ ਹੋਇਆ ਮਾਨਾਂਵਾਲਾ ਵਿਖੇ ਹੋਈਆਂ ਖੇਡਾਂ ਦੌਰਾਨ।
ਪਿੰਗਲਵਾੜਾ ਸਕੂਲਾਂ ਦੀਆਂ 8ਵੀਆਂ ਯੂਨੀਫਾਈਡ ਖੇਡਾਂ ਦਾ ਉਦਘਾਟਨ ਅੱਜ ਪਿੰਗਲਵਾੜਾ ਮਾਨਾਂਵਾਲਾ ਕੰਪਲੈਕਸ ਵਿਖੇ ਹੋਇਆ। ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ ਦੇ ਬੱਚਿਆਂ ਦੀਆਂ 8ਵੀਆਂ ਯੂਨੀਫਾਈਡ ਖੇਡਾਂ ਪ੍ਰਵਾਸੀ ਭਾਰਤੀ ਦੁਬਈ ਨਿਵਾਸੀ ਸ੍ਰੀ ਚੰਦਰ ਸ਼ੇਖਰ ਕੋਹਲੀ ਅਤੇ ਪਿੰਗਲਵਾੜਾ ਸੰਸਥਾ ਦੇ ਸਾਂਝੇ ਸਹਿਯੋਗ ਨਾਲ ਕਰਵਾਈਆਂ ਗਈਆਂ।
ਇੰਨ੍ਹਾਂ ਖੇਡਾਂ ਦੀ ਸ਼ੁਰੂਆਤ ਸ੍ਰੀ ਐੱਸ. ਕੇ. ਸ਼ਰਮਾ (ਰਿਟਾਇਡ ਡੀ. ਜੀ. ਪੀ.) ਨੇ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋ ਕੇ ਕੀਤੀ। ਮੁੱਖ ਮਹਿਮਾਨ ਨੇ ਬੱਚਿਆਂ ਦੇ ਮਾਰਚ ਪਾਸਟ ਤੋਂ ਸਲਾਮੀ ਲੈ ਕੇ ਅਤੇ ਗੁਬਾਰੇ ਛੱਡਣ ਦੀ ਰਸਮ ਨਾਲ ਖੇਡ ਸਮਾਰੋਹ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸ੍ਰ: ਗੁਰਦੇਵ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਇੰਨ੍ਹਾਂ ਖੇਡਾਂ ਦੀ ਵਿਸ਼ੇਸ਼ਤਾ ਬਾਰੇ ਦੱਸਿਆ। ਇਸ ਮੌਕੇ ਇੰਨ੍ਹਾਂ ਖੇਡਾਂ ਨੂੰ ਹਰ ਸਾਲ ਕਰਵਾਉਂਦੇ ਸ੍ਰੀ ਚੰਦਰ ਸ਼ੇਖਰ ਕੋਹਲੀ ਨੇ ਦੱਸਿਆ ਕਿ ਉਹ ਇਹ ਖੇਡਾਂ ਹਰ ਸਾਲ ਆਪਣੇ ਪਿਤਾ ਸ੍ਰੀ ਪ੍ਰੇਮ ਕੋਹਲੀ ਅਤੇ ਮਾਤਾ ਸ਼ਾਂਤੀ ਨੂੰ ਸਮਰਪਿਤ ਕਰਦੇ ਹੋਏ ਪਿੰਗਲਵਾੜਾ ਦੇ ਬੱਚਿਆਂ ਵਿਚ ਕਰਵਾਉਂਦੇ ਹਨ ਅਤੇ ਇੰਨ੍ਹਾਂ ਖੇਡਾਂ ਦਾ ਮਕਸਦ ਹੈ ਕਿ ਬੱਚਿਆਂ ਵਿਚ ਕਿਸੇ ਵੀ ਪ੍ਰਕਾਰ ਦੀ ਹੀਣ ਭਾਵਨਾ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਤੌਰ ਤੇ ਵਿਚਰਨ ਦਾ ਉਤਸ਼ਾਹ ਪੈਦਾ ਕਰਨਾ ਹੈ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੀਆਂ ਖੇਡਾਂ ਨਾਲ ਬੱਚਿਆਂ ਵਿਚ ਇਕ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਸਪੈਸ਼ਲ ਬੱਚਿਆਂ ਨੂੰ ਵੀ ਕਿਸੇ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ।
ਡਾ: ਇੰਦਰਜੀਤ ਕੌਰ ਨੇ ਸ੍ਰੀ ਕੋਹਲੀ ਜੀ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਖੇਡਾਂ ਨਾਲ ਜਦੋਂ ਸਾਰੇ ਬੱਚੇ ਇਕੱਠੇ ਮੈਦਾਨ ਵਿਚ ਖੇਡਦੇ ਹਨ ਤਾਂ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਹੁੰਦਾ ਹੈ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਅਤੇ ਗਿੱਧਾ ਆਈਟਮ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਡਾ: ਇੰਦਰਜੀਤ ਕੌਰ, ਸ੍ਰ: ਮੁਖਤਾਰ ਸਿੰਘ ਗੁਰਾਇਆ, ਡਾ: ਜਗਦੀਪਕ ਸਿੰਘ, ਮਾਸਟਰ ਰਾਜਬੀਰ ਸਿੰਘ, ਮਿਸਜ਼ ਪ੍ਰੀਤਇੰਦਰ ਕੌਰ, ਡਾ: ਇੰਦਰਜੀਤ ਕੌਰ ਰੇਨੂੰ, ਕਰਨਲ ਦਰਸ਼ਨ ਸਿੰਘ ਬਾਵਾ, ਸ੍ਰ: ਜੈ ਸਿੰਘ, ਸ੍ਰ: ਆਰ.ਪੀ. ਸਿੰਘ, ਸ੍ਰੀ ਤਿਲਕ ਰਾਜ, ਪ੍ਰਿੰਸੀਪਲ ਗੁਰਦੇਵ ਸਿੰਘ, ਪ੍ਰਿੰਸੀਪਲ ਪਦਮਨੀ ਸ੍ਰੀਵਾਸਤਵ, ਪ੍ਰਿੰਸੀਪਲ ਦਲਜੀਤ ਕੌਰ, ਸ੍ਰੀ ਯੋਗੇਸ਼ ਸੂਰੀ, ਮਿਸਜ਼ ਨਰਿੰਦਰ ਕੌਰ ਕੋਹਲੀ, ਮਿ: ਬਿੱਲਾ ਕੋਹਲੀ, ਮਿ: ਸ਼ਾਮ ਕੋਹਲੀ ਅਤੇ ਅਤੇ ਉਨ੍ਹਾਂ ਦਾ ਪਰਿਵਾਰ, ਮਿ: ਵਿਸ਼ਾਲ ਕੋਹਲੀ, ਸ੍ਰ: ਅਮਰੀਕ ਸਿੰਘ, ਮਿਸਜ਼ ਆਸ਼ਾ ਸੈਣੀ, ਸ੍ਰ: ਮਨੋਹਰ ਸਿੰਘ ਸੈਣੀ, ਮਿ: ਜਗਦੀਸ਼ ਬੰਸਲ, ਸ੍ਰੀ ਜੋਗਿੰਦਰ ਪਾਲ ਢੀਂਗਰਾ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਡਾ: ਇੰਦਰਜੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਟਰਾਈ ਸਾਈਕਲ 25 ਮੀਟਰ ਰੇਸ ਵਿੱਚ ਚੇਤਨ ਨੇ ਪਹਿਲਾ, ਕਾਕੂ ਨੇ ਪਹਿਲਾ, ਪੰਕਜ ਨੇ ਦੂਜਾ, ਬਨਾਨਾ ਈਟਿੰਗ ਵਿਚ ਸਚਿਨ ਨੇ ਪਹਿਲਾ, ਗਗਨ ਅਤੇ ਪਿਊਸ਼ ਨੇ ਦੂਜਾ, ਰਾਸ਼ੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮੀਦ ਕਰਨੀ ਚਾਹੀਦੀ ਹੈ ਕਿ ਅਜਿਹੇ ਖੇਡ ਮੁਕਾਬਲੇ ਜਿੱਥੇ ਨਸ਼ਿਆਂ ਵਿੱਚ ਗਲਤਾਨ ਜਵਾਨੀ ਨੂੰ ਇੱਕ ਨਵੀਂ ਸੇਧ ਦੇਣਗੇ ਉੱਥੇ ਸਿਆਸੀ ਝਗੜਿਆਂ ਵਿੱਚ ਉਲਝੇ ਲੋਕਾਂ ਨੂੰ ਵੀ ਖੇਡ ਭਾਵਨਾ ਦੀ ਅਹਿਮੀਅਤ ਦੱਸਣ ਵਿੱਚ ਸਫਲ ਹੋਣਗੇ।
No comments:
Post a Comment