Wed, Apr 19, 2017 at 3:34 PM
ਡਾਕਟਰ ਇੰਦਰਜੀਤ ਕੌਰ ਨੇ ਦਿੱਤਾ ਮੀਡੀਆ ਨੂੰ ਇਤਿਹਾਸਿਕ ਫੇਰੀ ਦਾ ਵੇਰਵਾ
ਅੰਮ੍ਰਿਤਸਰ: 19 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਮਾਨਾਂਵਾਲਾ ਵਿੱਚ ਸਥਿਤ ਪਿੰਗਲਵਾੜਾ ਵਿਖੇ ਅੱਜ ਕਾਫੀ ਚਹਿਲ ਪਹਿਲ ਸੀ। ਅੱਜ ਕੁਝ ਖਾਸ ਐਲਾਨ ਹੋਣਾ ਸੀ ਜਿਸ ਲਈ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਸੀ। ਭਗਤ ਪੂਰਨ ਸਿੰਘ ਜੀ ਵੱਲੋਂ ਜਗਾਏ ਗਏ ਚਿਰਾਗ ਦੀ ਰੌਸ਼ਨੀ ਸੰਸਾਰ ਨੂੰ ਚਕਾਚੌਂਧ ਕਰ ਰਹੀ ਹੈ। ਇਸ ਦੀ ਰੌਸ਼ਨੀ ਦਾ ਚਮਤਕਾਰ ਦੇਖਣ ਲਈ ਕਨੇਡਾ ਵਾਲੇ ਵੀ ਆ ਰਹੇ ਹਨ।
ਚੇਤੇ ਰਹੇ ਕਿ ਜਦੋਂ ਭਗਤ ਪੂਰਨ ਸਿੰਘ ਹੁਰਾਂ ਨੇ ਸਰਬੱਤ ਦੇ ਭਲੇ ਦਾ ਇਹ ਮਿਸ਼ਨ ਸ਼ੁਰੂ ਕੀਤਾ ਸੀ ਉਦੋਂ ਭਗਤ ਜੀ ਖੁਦ ਵੀ ਬੜੀ ਨਿਮਾਣੀ ਅਤੇ ਨਿਤਾਣੀ ਜਿਹੀ ਹਾਲਤ ਵਿੱਚ ਸਨ। ਉਹਨਾਂ ਕੋਲ ਸਿਰਫ ਇੱਕ ਭਾਵਨਾ ਸੀ ਕਿਸੇ ਲੋੜਵੰਦ ਬੇਆਸਰੇ ਨੂੰ ਇੱਕ ਆਸਰਾ ਮੁਹਈਆ ਕਰਾਉਣ ਦੀ। ਰਸਤੇ ਵਿੱਚ ਰੁਕਾਵਟਾਂ ਹੀ ਰੁਕਾਵਟਾਂ ਸਨ। ਪਰਮਾਤਮਾ ਦੀ ਓਟ ਲੈ ਕੇ ਉਹਨਾਂ ਜਜ਼ਬਾਤਾਂ ਦੇ ਸਹਾਰੇ ਹੀ ਇਹ ਮਿਸ਼ਨ ਸ਼ੁਰੂ ਕੀਤਾ ਸੀ। ਪਰਮਾਤਮਾ ਦੀ ਮਿਹਰ ਹੋਈ। ਕੁਦਰਤ ਸਹਾਇਕ ਬਣੀ। ਇਸ ਮਹਾਨ ਕੰਮ ਦੇ ਉਪਰਾਲੇ ਦਾ ਸੰਕਲਪ ਭਗਤ ਜੀ ਨੂੰ ਲਗਾਤਾਰ ਸ਼ਕਤੀਸ਼ਾਲੀ ਬਣਾਉਂਦਾ ਚਲਾ ਗਿਆ। ਭਗਤ ਜੀ ਦੁਨੀਆ ਲਈ ਇੱਕ ਅਜਿਹੀ ਮਿਸਾਲ ਬਣੇ ਜਿਹੜੀ ਅੱਜ ਵੀ ਕਾਇਮ ਹੈ। ਬੂੰਦ ਤੋਂ ਸਾਗਰ ਤੱਕ ਦਾ ਸਫ਼ਰ ਹੈ ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ਅਤੇ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਮਹਾਨ ਮਿਸ਼ਨ।
ਪਿੰਗਲਵਾੜਾ ਦਾ ਪ੍ਰੋਜੈਕਟ ਹੁਣ ਏਨਾ ਵਿਸ਼ਾਲ ਬਣ ਚੁੱਕਿਆ ਹੈ ਕਿ ਇਹ ਕੋਈ ਰੱਬੀ ਕ੍ਰਿਸ਼ਮਾ ਮਹਿਸੂਸ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਉੱਚੇ ਸੁੱਚ ਖਿਆਲਾਂ ਅਤੇ ਨਿਮਾਣਿਆ ਨਿਤਾਣਿਆਂ ਦੀ ਮਦਦ ਦੇ ਸੰਕਲਪ ਕੀਤੇ ਜਾਂਦੇ ਹਨ ਤਾਂ ਉਹਨਾਂ ਨੂੰ ਪੂਰਾ ਕਰਨ ਅਤੇ ਵਿਕਸਿਤ ਕਰਨ ਲਈ ਸਾਰੇ ਬ੍ਰਹਿਮੰਡ ਦੀਆਂ ਸ਼ਕਤੀਆਂ ਸਹਾਈ ਹੋਣ ਲੱਗਦੀਆਂ ਹਨ। ਇਸ ਕ੍ਰਿਸ਼ਮੇ ਨੂੰ ਆਪਣੀ ਅੱਖੀਂ ਦੇਖਣ ਲਈ ਅਕਸਰ ਲੋਕ ਦੂਰੋਂ ਦੂਰੋਂ ਆਉਂਦੇ ਹਨ। ਇਸ ਵਾਰ ਆ ਰਹੇ ਹਨ ਪੰਜਾਬ ਦੀ ਧਰਤੀ 'ਤੇ ਜਨਮ ਲੈਣ ਵਾਲੇ ਹਰਜੀਤ ਸਿੰਘ ਸੱਜਣ ਜਿਹੜੇ ਇਸ ਸਮੇਂ ਕਨੇਡਾ ਦੇ ਰੱਖਿਆ ਮੰਤਰੀ ਹਨ। ਕੱਲ੍ਹ 20 ਅਪ੍ਰੈਲ ਨੂੰ ਉਹਨਾਂ ਦੀ ਆਮਦ ਮੌਕੇ ਪਿੰਗਲਵਾੜਾ ਦੀ ਮੈਨੇਜਮੈਂਟ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਹਨਾਂ ਪ੍ਰਬੰਧਾਂ ਦਾ ਵੇਰਵਾ ਅੱਜ ਪਿੰਗਲਵਾੜਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ ਗਿਆ।
ਪਿੰਗਲਵਾੜਾ ਦੀ ਮੌਜੂਦਾ ਸੰਚਾਲਕ ਡਾਕਟਰ ਇੰਦਰਜੀਤ ਕੌਰ ਨੇ ਮੀਡੀਆ ਨਾਲ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਕੈਨੇਡਾ ਵਿੱਚ ਇਤਿਹਾਸ ਰਚਨ ਵਾਲੇ ਪਹਿਲੇ ਸਿੱਖ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ 20 ਅਪ੍ਰੈਲ 2017 ਨੂੰ ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਚ ਆ ਰਹੇ ਹਨ। ਇਸ ਥਾਂ 'ਤੇ ਭਗਤ ਪੂਰਨ ਸਿੰਘ ਵੱਲੋਂ ਸਥਾਪਿਤ ਅਤੇ ਹੁਣ ਡਾਕਟਰ ਇੰਦਰਜੀਤ ਕੌਰ ਦੀ ਦੇਖ ਰੇਖ ਹੇਠ ਚਲ ਰਹੇ ਮਾਨਵਤਾ ਦੇ ਭਲੇ ਲਈ ਚਲ ਰਹੇ ਕਾਰਜਾਂ ਨੂੰ ਸ਼੍ਰੀ ਸੱਜਣ ਆਪ ਆਪਣੀ ਅੱਖੀ ਦੇਖਣ ਆ ਰਹੇ ਹਨ। ਉਹਨਾਂ ਦੇ ਨਾਲ ਕੈਨੇਡਾ ਤੋਂ ਹੀ ਉਚ ਪੱਧਰੀ ਟੀਮ ਵੀ ਆ ਰਹੀ ਹੈ ਜਿਸ ਵਿਚ ਮਹਾਮਹਿਮ ਨਾਦਿਰ ਪਟੇਲ, ਹੈ ਕਮਿਸ਼ਨਰ ਕਨੇਡਾ ਕ੍ਰਿਸਟੋਫਰ ਗਿਬਸਨ, ਕੌਂਸਲ ਜਨਰਲ ਮਨਜੀਤ ਵਿਨਿੰਗ, ਸੀਨੀਅਰ ਸਪੈਸ਼ਲ ਅਸਿਸਟੈਂਟ-ਕਰਨਲ ਮਾਰਕ ਡੁਸੋਲਟ ਰੱਖਿਆ ਸਲਾਹਕਾਰ-ਇਸੇਬਲ ਡੌਸਟ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਣਗੇ।
ਡਾਕਿਤਰ ਇੰਦਰਜੀਤ ਕੌਰ ਹੁਰਾਂ ਨੇ ਦੱਸਿਆ ਕਿ ਪਿੰਗਲਵਾੜਾ ਸੋਸਾਇਟੀ ਆਫ ਅੰਟਾਰੀਓ ਬੀਬੀ ਅਬਨਾਸ਼ ਕੌਰ ਅਤੇ ਉਹਨਾਂ ਦੀ 7 ਮੈਂਬਰੀ ਟੀਮ ਸਾਰੇ ਕੈਨੇਡਾ ਵਿਖੇ ਸੇਵਾ ਇਕਠੀ ਕਰਕੇ ਪਿੰਗਲਵਾੜੇ ਨੂੰ ਭੇਜ ਰਹੇ ਹਨ। ਪਿੰਗਲਵਾੜੇ ਦੇ 4 ਸਕੂਲ ਭਗਤ ਪੂਰਨ ਸਿੰਘ ਸਕੂਲ, ਭਗਤ ਪੂਰਨ ਸਿੰਘ ਹਾਈ ਸਕੂਲ ਬੁਟਰ ਕਲਾਂ ਕਾਦੀਆਂ, ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੀਆਂ ਟੀਚਰਾਂ ਦੀਆਂ ਤਨਖਾਹਾਂ, ਬੱਚਿਆਂ ਦੀਆਂ ਕਾਪੀਆਂ ਕਿਤਾਬਾਂ, ਯੂਨੀਫਾਰਮ ਅਤੇ ਹੋਸਟਲਾਂ ਦੇ ਸਮੂੰਹ ਬੱਚਿਆ ਦਾ ਪੂਰਾ ਖਰਚਾ ਪਿੰਗਲਵਾੜਾ ਸੋਸਾਇਟੀ ਆਫ ਅੰਨਟਾਰੀਓ ਹੀ ਕਰਦੀ ਹੈ। ਇਹਨਾਂ ਸਾਰੇ ਸਕੂਲਾਂ ਦਾ ਸਾਲਾਨਾ ਬਜਟ ਤਕਰੀਬਨ 3 ਕਰੋੜ 88 ਲੱਖ ਦੇ ਕਰੀਬ ਹੈ। ਅਜਿਹੇ ਵਿਸ਼ਾਲ ਪ੍ਰੋਜੈਕਟ ਸਰਕਾਰਾਂ ਲਈ ਵੀ ਸੌਖੇ ਨਹੀਂ ਹੁੰਦੇ ਪਰ ਭਗਤ ਪੂਰਨ ਸਿੰਘ ਹੁਰਾਂ ਦੇ ਪਦ-ਚਿਨ੍ਹਾਂ ਉੱਤੇ ਚਲਦਿਆਂ ਡਾਕਟਰ ਇੰਦਰਜੀਤ ਕੌਰ ਇਸ ਨੂੰ ਬਹੁਤ ਹੀ ਅਨੁਸ਼ਾਸਨ ਨਾਲ ਚਲਾ ਰਹੇ ਹਨ। ਉਹਨਾਂ ਦਸਿਆ ਕਿ ਇਹ ਸਾਰੇ ਖਰਚੇ ਸੰਗਤਾਂ ਅਤੇ ਸ਼ੁਭ ਚਿੰਤਕਾਂ ਦੇ ਦਾਨ ਨਾਲ ਚੱਲਦੇ ਹਨ ਅਤੇ ਉਪਰ ਲਿਖੇ ਸਾਰੇ ਪਰੋਜੈਕਟ ਚੈਰਿਟੀ ਰੈਵੀਨਿਊ ਏਜੰਸੀ ਕੈਨੇਡਾ ਵਲੋਂ ਵੀ ਪ੍ਰਵਾਨਿਤ ਹਨ। ਪਿੰਗਲਵਾੜਾ ਦੇ ਪ੍ਰਬੰਧਕਾਂ ਅਤੇ ਚਾਹੁਣ ਵਾਲਿਆਂ ਨੂੰ ਬਹੁਤ ਉਮੀਦਾਂ ਹਨ ਕਿ ਸ਼੍ਰੀ ਸੱਜਣ ਦੀ ਇਸ ਫੇਰੀ ਨਾਲ ਇਹ ਸੰਸਥਾ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਕੇ ਹੋਰ ਵਧੇਰੇ ਲੋਕਾਂ ਦੀ ਮਦਦ ਕਰਨ ਦੇ ਕਾਬਿਲ ਬਣ ਸਕੇਗੀ। ਜੇ ਤੁਸੀਂ ਅਜੇ ਤੱਕ ਸੇਵਾ ਦਾ ਇਹ ਅਸਥਾਨ ਨਹੀਂ ਦੇਖਿਆ ਤਾਂ ਦੇਰ ਨਾ ਕਰੋ ਇਸ ਦੇ ਦਰਸ਼ਨ ਜ਼ਰੂਰੀ ਹਨ।
No comments:
Post a Comment