Wednesday, July 27, 2016

ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ

Wed, Jul 27, 2016 at 3:05 PM
31 ਜੁਲਾਈ ਤੋਂ 05 ਅਗਸਤ ਤਕ ਮਨਾਈ ਜਾਏਗੀ ਭਗਤ ਜੀ ਦੀ ਬਰਸੀ 
ਅੰਮ੍ਰਿਤਸਰ: 27 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਲਾਵਾਰਸ, ਪਾਗਲਾਂ, ਅਪਾਹਿਜਾਂ, ਬਜੁਰਗਾਂ ਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ।
ਸੰਸਥਾ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਸਮਾਜ ਵਿਚ ਵਾਤਾਵਰਨ ਪ੍ਰਤੀ ਉਦਾਸੀਨਤਾ ਅਤੇ ਵਧ ਰਹੇ ਕੈਂਸਰ ਦੇ ਭਿਅੰਕਰ ਰੋਗ ਬਾਰੇ ਚਿੰਤਾ ਜਾਹਰ ਕਰਦਿਆਂ ਦਸਿਆ ਕਿ ਮਿਤੀ 31 ਜੁਲਾਈ, 2016 ਦਿਨ ਐਤਵਾਰ ਸੰਸਥਾ ਦੀ ਸ਼ਾਖਾ ਮਾਨਾਂਵਾਲਾ ਵਿਖੇ ਇੰਗਲੈਂਡ ਦੀ ਰੋਕੋ ਕੈਂਸਰ ਸੰਸਥਾ ਵੱਲੋਂ ਮਾਹਰ ਡਾਕਟਰਾਂ ਦੀ ਟੀਮ ਸਹਿਤ ਆਮ ਲੋਕਾਂ ਵਾਸਤੇ ਮੁਫ਼ਤ ਕੈਂਸਰ ਕੈਂਪ ਲਗਾਇਆ ਜਾਵੇਗਾ। ਇਸਦੇ ਨਾਲ ਹੀ ਪਿੰਗਲਵਾੜਾ ਸੰਸਥਾ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।  ਜਿਸਦਾ ਉਦਘਾਟਨ ਬਕਤ੍ਰ ਬੀ ਐਸ ਬੱਲ ਪ੍ਰਿੰਸੀਪਲ ਗੌਰਮਿੰਟ ਮੈਡੀਕਲ ਕਾਲਜ ਅਤੇ  ਸਰਦਾਰ ਬਲਬੀਰ ਸਿੰਘ ਸੈਸ਼ਨ ਜੱਜ ਚੰਡੀਗੜ੍ਹ ਕਰਨਗੇ। ਇਸ ਕੈਂਪ ਵਿਚ ਹੇਠ ਲਿਖੇ ਮਾਹਿਰ ਡਾਕਟਰ ਹਿੱਸਾ ਲੈਣਗੇ:
1. ਡਾ.ਅਨੀਤਾ ਮੋਖਾ ਕੈਂਸਰ ਸਪੈਸ਼ਲਿਸਟ, ਡਾ.ਹਨੀਸ਼ ਪੁਰੀ, ਡਾ.ਰਵੀ ਪਾਲ ਸਿੰਘ, ਡਾ.ਗਗਨਦੀਪ ਕੌਰ, (ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ) ਕੈਂਸਰ ਰੋਕੋ ਟੀਮ
2. ਡਾ. ਤੇਜਪਾਲ ਸਿੰਘ,  ਮੈਡੀਕਲ ਸਪੈਸ਼ਲਿਸਟ (ਰਿਟਾ. ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
3. ਡਾ. ਅਮਰੀਕ ਸਿੰਘ ਮੁਲਤਾਨੀ, ਮੈਡੀਕਲ ਸਪੈਸ਼ਲਿਸਟ (ਰਿਟਾ. ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
4. ਡਾ. ਇੰਦਰਜੀਤ ਕੌਰ, ਅੱਖਾਂ ਦੇ ਸਪੈਸ਼ਲਿਸਟ (ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)
5. ਡਾ. ਜਗਦੀਪਕ ਸਿੰਘ, ਕੰਨਾਂ ਦੇ ਸਪੈਸ਼ਲਿਸਟ (ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)

ਇਸ ਕੈਂਪ ਵਿਚ ਕੈਂਸਰ ਦੇ ਚੈੱਕ-ਅੱਪ (ਮੈਮੋਗ੍ਰਾਫੀ (ਸਿਰਫ 50 ਸਾਲ ਤੋਂ ਉੱਪਰ ਦੇ ਮਰੀਜ਼ਾਂ ਲਈ), ਪੀ.ਐਸ.ਏ. ਅਤੇ ਪੈਪ ਸਮੀਅਰ ਟੈਸਟ) ਕੀਤੇ ਜਾਣਗੇ । 
ਡਾ. ਇੰਦਰਜੀਤ ਕੌਰ ਜੀ ਨੇ ਬੋਲਦਿਆਂ ਦਸਿਆ ਕਿ ਮਿਤੀ 03 ਅਗਸਤ, 2016 ਦਿਨ ਬੁੱਧਵਾਰ ਨੂੰ ਸਵੇਰੇ 08:00 ਵਜੇ ਮੁੱਖ ਦਫਤਰ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ  ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ। 
  3 ਅਗਸਤ 2016 ਬੁੱਧਵਾਰ ਨੂੰ ਹੀ ਸੰਸਥਾ ਦੇ ਮਰੀਜ਼ਾਂ ਦੀ ਤੰਦਰੁਸਤੀ ਲਈ ਪਹਿਲਾਂ ਦੀ ਤਰ੍ਹਾਂ ਭਗਤ ਪੂਰਨ ਸਿੰਘ ਬਲੱੱਡ ਡੋਨੇਸ਼ਨ ਸੈੱਲ ਦੇ ਪ੍ਰਧਾਨ ਸ੍ਰ. ਰਾਣਾ ਪਲਵਿੰਦਰ ਸਿੰਘ ਤੇ ਪੰਜਾਬ ਯੂਥ ਫੌਰਮ ਦੇ ਪ੍ਰਧਾਨ ਤੇ ਕੌਂਸਲਰ ਸ੍ਰ. ਜਸਕੀਰਤ ਸਿੰਘ, ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਸਵੇਰੇ 10:00 ਵਜੇ ਤੋਂ 02:00 ਵਜੇ ਤਕ ਮੁੱਖ ਦਫਤਰ, ਤਹਿਸੀਲਪੁਰਾ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ ਜਿਸਦਾ ਉਦਘਾਟਨ ਮਿਸ ਸੋਨਾਲੀ ਗਿਰੀ-ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਕਰਨਗੇ। ਇਸੇ ਦਿਨ ਸੰਸਥਾ ਦੇ ਮਰੀਜਾਂ, ਸਕੂਲੀ ਬਚਿਆਂ ਅਤੇ ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਵਲੋਂ ਬਣਾਈਆਂ ਦੁਰਲੱਭ-ਹੱਥ ਕਿਰਤਾਂ ਦੀ ਅਤੇ ਕੁਦਰਤੀ ਖੇਤੀ ਦੀ ਪ੍ਰਦਰਸ਼ਨੀ ਅਤੇ ਅੰਗਹੀਣਾਂ ਵਾਸਤੇ ਫ੍ਰੀ ਮਸਨੂਈ ਅੰਗ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸਦਾ ਉਦਘਾਟਨ ਸ਼੍ਰੀਮਤੀ ਗੁਰਬੀਰ ਸਿੰਘ ਕਰਨਗੇ। 

4 ਅਗਸਤ 2016 ਵੀਰਵਾਰ ਸ਼ਾਮ 07:00 ਵਜੇ ਸਭਿਆਚਾਰਕ ਪ੍ਰੋਗਰਾਮ ਮਾਨਾਂਵਾਲਾ ਕੰਪਲੈਕਸ ਦੀ ਖੁਲ੍ਹੀ ਗਰਾਊਂਡ ਵਿਚ ਸੰਸਥਾ ਦੇ ਸਕੂਲਾਂ ਦੇ ਬਚਿਆਂ ਵਲੋਂ ਹੋਵੇਗਾ ਜਿਸ ਦੀ ਪ੍ਰਧਾਨਗੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ-ਸ਼੍ਰੀ ਵਰੁਣ ਰੂਜਮ, ਡੀਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ (ਗੈਸਟ ਆਫ ਆਨਰ) ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਧਰਮਪਤਨੀ ਗੁਰਬੀਰ ਕੌਰ ਕਰਨਗੇ। ਇਸ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਸਿੱਧ ਸੂਫ਼ੀ ਗਾਇਕ ਖ਼ਾਦਿਮ ਹੁਸੈਨ ਵਾਰਸੀ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। 
ਬਰਸੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਕੌਰ ਜੀ ਨੇ ਦਸਿਆ ਕਿ ਮਿਤੀ 05 ਅਗਸਤ, 2016 ਦਿਨ ਸ਼ੁਕਰਵਾਰ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸਵੇਰੇ 08:00 ਤੋਂ 09:00 ਵਜੇ ਮੁੱਖ ਦਫਤਰ, ਪਿੰਗਲਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ । ਉਪਰੰਤ ਸਵੇਰੇ 10:00 ਤੋਂ 12:00 ਵਜੇ ਤਕ ਸੰਸਥਾ ਦੇ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਵੇਗਾ। 12:00 ਤੋਂ 02:00 ਵਜੇ ਤਕ ਮਹਾਨ ਸਮਾਜ ਸੇਵੀ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪਿੰਗਲਵਾੜੇ ਵੱਲੋਂ ਪਟਿਆਲਾ ਦੇ ਉੱਘੇ ਸਮਾਜ ਸੇਵਕ ਅਤੇ  ਵਿਕਲਾਂਗ ਸੋਸਾਇਟੀ ਦੇ ਸਕੱਤਰ ਕਰਨਲ ਕਰਮਇੰਦਰ ਸਿੰਘ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।  
ਇਸ ਪ੍ਰੈਸ ਕਾਨਫਰੰਸ ਵਿਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸ੍ਰ.ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਤੇ ਸਮੂੰਹ ਵਿਭਾਗਾਂ ਦੇ ਮੁਖੀ ਸ਼ਾਮਲ ਸਨ।

No comments: