Showing posts with label Long March. Show all posts
Showing posts with label Long March. Show all posts

Monday, August 28, 2017

ਡੇਰੇ ਦੇ ਦੰਗਿਆਂ ਤੋਂ ਸਹਿਮੇ ਲੋਕਾਂ 'ਚ ਜਗਾਈ ਲੌਂਗ ਮਾਰਚ ਨੇ ਨਵੀਂ ਉਮੀਦ

ਲੌਂਗ ਮਾਰਚ ਦੇ ਸਵਾਗਤ ਲਈ ਲੁਧਿਆਣਾ 'ਚ ਪੋਸਟਰ ਰਿਲੀਜ਼ 
AISF ਅਤੇ  AIYF ਵੱਲੋਂ ਜ਼ੋਰਦਾਰ ਤਿਆਰੀਆਂ
ਲੁਧਿਆਣਾ: 27 ਅਗਸਤ 2017: (ਪੰਜਾਬ ਸਕਰੀਨ ਟੀਮ):: 
ਜਦੋਂ ਉੱਤਰੀ ਭਾਰਤ ਦੇ ਸੂਬਿਆਂ ਨੂੰ ਹਰਿਆਣਾ ਵਾਲੀ ਬੀਜੇਪੀ ਸਰਕਾਰ ਦੀ ਮਿਲਭੁਗਤ ਨਾਲ ਡੇਰਾਵਾਦੀ ਹਿੰਸਾ ਦੀ ਅੱਗ ਵਿੱਚ ਝੌਂਕ ਦਿੱਤਾ ਗਿਆ ਉਦੋਂ ਬੜੇ ਚਿਰਾਂ ਮਗਰੋਂ ਇੱਕ ਸਹਿਮ ਪੈਦਾ ਹੋਇਆ। ਇੱਕ ਦਹਿਸ਼ਤ ਜਿਹੜੀ ਲੁਧਿਆਣਾ ਦੇ ਸ਼ਹਿਰੀ ਇਲਾਕਿਆਂ ਵਿੱਚ ਵੀ ਦੇਖੀ ਜਾ ਸਕਦੀ ਸੀ।  ਬਾਜ਼ਾਰ ਬੰਦ, ਬਸਾਂ ਬੰਦ, ਰੇਲਾਂ ਬੰਦ, ਸਕੂਲ ਅਤੇ ਕਾਲਜ ਬੰਦ। ਉਦੋਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਦੀ ਤਿਆਰੀ ਮੀਟਿੰਗ ਦਾ ਕਾਫ਼ਿਲਾ ਲੋਕਾਂ ਲਈ ਲੌਂਗ ਮਾਰਚ ਦੀ ਆਮਦ ਦਾ ਨਵਾਂ ਹੋਂਸਲਾ ਲਾਇ ਕੇ ਆਇਆ। ਰੁਜ਼ਗਾਰ ਅਤੇ ਮਹਿੰਗਾਈ ਵਰਗੇ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਦੀਆਂ ਫਿਰਕੂ ਸਾਜ਼ਿਸ਼ਾਂ ਨੂੰ ਚੀਰਦਾ ਹੋਇਆ ਲੌਂਗ ਮਾਰਚ ਇੱਕ ਨਵੀਂ ਸ਼ਕਤੀ ਲੈ ਕੇ ਆ ਰਿਹਾ ਹੈ। ਇਸ ਸਬੰਧੀ ਇੱਕ ਵਿਸ਼ੇਸ਼ ਤਿਆਰੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿੱਚ ਹੋਈ। 
ਰੋਜ਼ਗਾਰ ਪੈਦਾ ਕਰਨ ਦੇ ਲਈ ਕਾਨੂੰਨ ’ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਜੈਨਰੇਸ਼ਨ ੲੈਕਟ (ਬਨੇਗਾ-)’ ਦੀ ਮੰਗ ਨੂੰ ਲੈ ਕੇ ਕੰਨਿਆ ਕੁਮਾਰੀ ਤੋਂ ਇੱਕ ਲੌਂਗ ਮਾਰਚ ਸ਼ੁਰੂ ਹੋ ਚੁੱਕਿਆ ਹੈ ਜਿਹੜਾ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਆਪਣੇ ਨਾਲ ਜੋੜਦਾ ਹੋਇਆ ਤੇਜ਼ੀ ਨਾਲ ਹੁਸੈਨੀਵਾਲਾ ਵੱਲ ਆ ਰਿਹਾ ਹੈ। ਪੰਜਾਬ ਵਿੱਚ ਇਸ ਲੌਂਗ ਮਾਰਚ ਨੇ 9 ਸਤੰਬਰ 2017 ਨੂੰ ਦਾਖਲ ਹੋਣਾ ਹੈ 12 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸਮਾਧ ਹੁਸੈਨੀਵਾਲਾ ਵਿਖੇ ਪਹੁੰਚਣਾ ਹੈ।  ਸਤਲੁਜ ਦੇ ਉਸ ਕਿਨਾਰੇ ਉੱਤੇ ਜਿਸ ਨੇ ਲੋਕ ਪੱਖੀ ਸੁਪਨਿਆਂ ਵਾਲੇ ਦੇਸ਼ ਦੀ ਸਿਰਜਣਾ ਲਈ ਇਹਨਾਂ ਸ਼ਹੀਦਾਂ ਨੂੰ ਕੁਰਬਾਨੀਆਂ ਦੇਂਦਿਆਂ ਦੇਖਿਆ ਸੀ। ਉਸ ਹਵਾ ਵਿੱਚ ਅੱਜ ਵੀ ਸ਼ਹੀਦਾਂ ਦੇ ਖਿਆਲਾਂ ਦੀ ਬਿਜਲੀ ਮਨਾਂ ਅੰਦਰਲੇ ਹਨੇਰਿਆਂ  ਨੂੰ ਚੀਰਦੀ ਹੋਈ ਰਸਤੇ ਦਿਖਾਉਂਦੀ ਹੈ। 
ਪੰਜਾਬ ਵਿੱਚ ਇਸ ਲੌਂਗ ਮਾਰਚ ਦਾ ਸਵਾਗਤ ਬੜੇ ਹੀ ਜੋਸ਼ੋ ਖਰੋਸ਼ ਨਾਲ ਕੀਤਾ ਜਾਣਾ ਹੈ। ਇਸ ਇਤਿਹਾਸਿਕ ਸਵਾਗਤ ਨੇ ਹੀ ਪੰਜਾਬ ਦੇ ਜਵਾਨਾਂ ਦੀ ਆਵਾਜ਼ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨਾ ਹੈ ਤਾਂਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। 
ਇਸ ਮਕਸਦ ਦੀਆਂ ਤਿਆਰੀਆਂ ਨੂੰ ਲੈ ਕੇ ਪਿਛਲੇ ਦਿਨੀ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਲੁਧਿਆਣਾ ਦੇ ਨਵੇਂ ਪੁਰਾਣੇ ਅਤੇ ਬਜ਼ੁਰਗ ਮੈਂਬਰਾਂ ਨੇ ਬੜੇ ਹੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਲੌਂਗ ਮਾਰਚ ਦਾ ਮਕਸਦ ਵੀ ਸਮਝਾਇਆ ਗਿਆ ਅਤੇ ਇਸ ਨੂੰ ਜੀ ਆਇਆਂ ਕਹਿਣ ਦੇ ਪ੍ਰੋਗਰਾਮ ਵੀ ਉਲੀਕੇ ਗਏ। ਮੀਟਿੰਗ ਦੌਰਾਨ ਵਿੱਚ ਨਵਿਆਂ ਮੈਂਬਰਾਂ ਦਾ ਜੋਸ਼ ਵੀ ਦੇਖਣ ਵਾਲਾ ਸੀ ਅਤੇ ਪੁਰਾਣੇ ਮੈਂਬਰਾਂ  ਦੇ ਤਜਰਬੇ ਵੀ ਸੁਣਨ ਵਾਲੇ ਸਨ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਮੀਟਿੰਗ ਸੀ ਜਿਸ ਨੇ ਲੌਂਗ ਮਾਰਚ ਦੇ ਸਵਾਗਤ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ। 
ਸਮੁਚੇ ਪਰੋਗਰਾਮ  ਬਾਰੇ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਮਹੇਸ਼ਰੀ  ਨੇ ਦੱਸਿਆ ਕਿ ਵਿਕਾਸ ਦੇ ਬੇਸ਼ੁਮਾਰ ਦਾਅਵਿਆਂ ਦੇ ਬਾਵਜੂਦ ਦੇਸ਼ ਦੀ ਜਵਾਨੀ ਅੱਜ ਵੀ ਬੇਰੋਜ਼ਗਾਰ ਅਤੇ ਦਿਸ਼ਾਹੀਣ ਹੈ। ਪੜ੍ਹ ਲਿਖ ਕੇ ਵੀ ਉਸਨੂੰ ਰੋਜ਼ਗਾਰ ਦੀ ਕੋਈ ਗਾਰੰਟੀ ਨਹੀਂ। ਜਿਸ ਉਮਰੇ ਨੌਜਵਾਨਾਂ ਨੇ ਆਪਣੇ ਬਜ਼ੁਰਗ ਮਾਪਿਆਂ ਦੀ ਡਗੋਰੀ ਬਣਨਾ ਹੁੰਦਾ ਹੈ ਉਸ ਉਮਰੇ ਉਹਨਾਂ ਨੂੰ ਆਪਣਾ ਜੇਬ ਖਰਚ ਵੀ ਆਪਣੇ ਮਾਤਾ ਪਿਤਾ ਕੋਲੋਂ ਮੰਗਣਾ ਪੈਂਦਾ ਹੈ। ਇਸ ਸ਼ਰਮਨਾਕ ਅਤੇ ਨਾਜ਼ੁਕ ਸਥਿਤੀ ਦਾ ਫਾਇਦਾ ਕਈ ਵਾਰ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰ ਵੀ ਉਠਾਉਂਦੇ ਹਨ ਪਰ ਸਰਕਾਰਾਂ ਨੂੰ ਇਸ ਦੀ ਕੋਈ ਚਿੰਤਾ ਮਹਿਸੂਸ ਨਹੀਂ ਹੁੰਦੀ। ਇਸ  ਨਿਰਾਸ਼ਾ ਜਨਕ ਸਥਿਤੀ ਵਿੱਚ ਅੱਗੇ ਆਈਆਂ ਹਨ ਦੋ ਜੱਥੇਬੰਦੀਆਂ-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ। ਇਹਨਾਂ ਜੱਥੇਬੰਦੀਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਮੰਗ ਕੀਤੀ ਹੈ ਕਿ ਨੌਜਵਾਨਾਂ ਲਈ ਰੋਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ। ਜਦੋਂ ਤੱਕ ਰੋਜ਼ਗਾਰ ਨਹੀਂ ਮਿਲਦਾ ਉਦੋਂ ਤੱਕ ਰੋਜ਼ਗਾਰ ਇੰਤਜ਼ਾਰੀ ਭੱਤਾ ਦਿੱਤਾ ਜਾਵੇ ਤਾਂਕਿ ਨੌਜਵਾਨ ਮੁੰਡੇ ਕੁੜੀਆਂ ਮਾਣ ਸਤਿਕਾਰ ਨਾਲ ਆਪਣਾ ਜੀਂਵਨ ਆਪਣੇ ਪੈਰਾਂ ਤੇ ਖੜੋ ਕੇ ਜੀ ਸਕਣ। ਅਜਿਹਾ ਕਰਕੇ ਹੀ ਉਹ ਦੇਸ਼ ਲਈ ਨਵਾਂ ਵੀ ਕਰ ਸਕਣਗੇ। ਇਸ ਮੌਕੇ ਤੇ ਮੀਟਿੰਗ ਨੂੰ ਡਾ: ਅਰੁਣ ਮਿੱਤਰਾ, ਕਾ: ਡੀ ਪੀ ਮੌੜ, ਰਮੇਸ਼ ਰਤਨ, ਕੁਲਦੀਪ ਸਿੰਘ ਬਿੰਦਰ, ਗੁਰਨਾਮ ਸਿੱਧੂ  ਨੇ ਵੀ ਸੰਬੋਧਨ ਕੀਤਾ। 
ਇਸ ਲੌਂਗ ਮਾਰਚ ਸਬੰਧੀ ਹੋਰ ਵੇਰਵਾ ਲਿਆ ਜਾ ਸਕਦਾ ਹੈ ਦੀਪਕ ਕੁਮਾਰ ਤੋਂ ਜੋ ਕਿ ਏ ਆਈ ਐਸ ਐਫ਼ ਲੁਧਿਆਣਾ ਦੇ ਕਨਵੀਨਰ ਹਨ ਅਤੇ ਉਹਨਾਂ ਦਾ ਨੰਬਰ ਹੈ: 9653230040

Saturday, July 15, 2017

"ਬਨੇਗਾ" ਦੀ ਪ੍ਰਾਪਤੀ ਲਈ ਕੰਨਿਆਕੁਮਾਰੀ ਤੋਂ ਲੌਂਗ ਮਾਰਚ ਸ਼ੁਰੂ

60 ਦਿਨਾਂ ਦਾ ਸਫਰ ਕਰਕੇ 12 ਸਤੰਬਰ ਨੂੰ ਪੁੱਜੇਗਾ ਹੁਸੈਨੀਵਾਲਾ 
ਗਾਂਧੀ ਬੀਚ (ਕੇਰਲ): 15 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਲਾਲ ਝੰਡੇ ਨੂੰ ਪਰਣਾਈ ਨੌਜਵਾਨੀ ਦਾ ਤੂਫ਼ਾਨ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਗਿਆ ਹੈ ਅਤੇ ਤੇਜ਼ੀ ਨਾਲ ਹੁਸੈਨੀਵਾਲਾ ਵੱਲ ਵੱਧ ਰਿਹਾ ਹੈ। ਨੌਜਵਾਨੀ ਦੇ ਇਸ ਉਭਾਰ ਨਾਲ ਉਮੀਦ ਬਣੀ ਹੈ ਕਿ ਦੇਸ਼ ਨੂੰ ਤੋੜਨ ਦੇ ਮਨਸੂਬਿਆਂ ਵਿੱਚ ਲੱਗੀਆਂ ਲੋਕ ਵਿਰੋਧੀ ਸ਼ਕਤੀਆਂ ਇੱਕ ਵਾਰ ਫੇਰ ਮੂੰਹ ਦੀ ਖਾਣਗੀਆਂ।  ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੰਨਿਆਕੁਮਾਰੀ ਤੋਂ ਹੁਸੈਨੀਵਾਲਾ ਤੱਕ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ' (ਬਨੇਗਾ) ਦੀ ਪ੍ਰਾਪਤੀ ਲਈ ਨੌਜਵਾਨਾਂ ਵਿੱਚ ਲਾਮਬੰਦੀ ਲਈ ਕੀਤੇ ਜਾ ਰਹੇ 'ਲੌਂਗ ਮਾਰਚ' ਦੀ ਅੱਜ ਕੰਨਿਆਕੁਮਾਰੀ (ਗਾਂਧੀ ਬੀਚ) ਤੋਂ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਕਾਮਰੇਡ ਸੁਧਾਕਰ ਰੈਡੀ ਨੇ ਜਥੇਬੰਦੀ ਦੇ ਝੰਡਿਆਂ ਦੀ ਸਲਾਮੀ ਨਾਲ ਕੀਤਾ। 
ਹਮ ਲੇ ਕੇ ਰਹੇਂਗੇ ਆਜ਼ਾਦੀ ਦੇ ਹਰਮਨ ਪਿਆਰੇ ਗੀਤ ਦੀ ਗੂੰਜ ਹਰ ਪਾਸੇ ਗੂੰਜ ਰਹੀ ਸੀ। ਦੇਸ਼ ਦੀ ਲੁੱਟ ਖਸੁੱਟ ਕਰਨ ਵਾਲੇ ਅਨਸਰਾਂ ਨੂੰ ਖੁਲ੍ਹੀ ਚੁਣੌਤੀ ਬਣ ਕੇ ਉਭਰਿਆ ਇਹ ਲੌਂਗ ਮਾਰਚ। ਫਿਰਕਾਪ੍ਰਸਤਾਂ ਲਈ  ਚੇਤਾਵਨੀ ਬਣ ਕੇ ਸਾਹਮਣੇ ਆਇਆ ਹੈ ਇਹ ਲੌਂਗ ਮਾਰਚ। 
ਇਸ ਸਮੇਂ ਵਿਦਿਆਰਥੀਆਂ ਤੇ ਨੌਜਵਾਨ ਜਥੇਬੰਦੀਆਂ ਦੇ ਰਾਸ਼ਟਰੀ ਇੰਚਾਰਜ ਕਾਮਰੇਡ ਬਨੋਏ ਵਿਸ਼ਵਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਤਰੱਕੀ ਦਾ ਅਧਾਰ ਹਨ, ਜਿਸ ਦੇਸ਼ ਦੇ ਨੌਜਵਾਨ ਬੇਰੁਜ਼ਗਾਰ ਹਨ, ਉਹ ਦੇਸ਼ ਤਰੱਕੀ ਕਿਵੇਂ ਕਰ ਸਕਦਾ ਹੈ। ਉਹਨਾ ਨੌਜਵਾਨਾਂ/ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਦੇਸ਼ ਦਾ ਨਿਜ਼ਾਮ ਬਦਲਣ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ। ਇਸ ਸਮੇਂ ਕੇਰਲਾ ਦੇ ਮੰਤਰੀ ਅਤੇ ਵਫਟੂ ਦੇ ਸਾਬਕਾ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਇਕ ਇਨਕਲਾਬ ਦੀ ਲੋੜ ਹੈ ਤੇ ਉਹ ਇਨਕਲਾਬ ਨੌਜਵਾਨਾਂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਦੇਸ਼ ਦੀ  ਵਿੱਚ ਘਰ ਕਰ ਚੁੱਕੀ ਨਿਰਾਸ਼ਾ ਦੇ ਹਨੇਰੇ ਨੂੰ ਇਸ ਲੌਂਗ ਮਾਰਚ ਨੇ ਸੂਰਜ ਦੀਆਂ ਕਿਰਨਾਂ ਵਾਂਗ ਚੀਰ ਸੁੱਟਿਆ। ਭਾਣਾ ਮੰਨਣ ਵਾਲੀ ਮਾਨਸਿਕਤਾ ਨੂੰ ਨਵੇਂ ਉਤਸ਼ਾਹ ਨਾਲ ਭਰਦੀਆਂ ਇਸ ਲੌਂਗ ਮਾਰਚ ਨੇ ਯਕੀਨ ਦੁਆਇਆ ਕਿ ਇਸ ਗਲੇ ਸਾਡੇ ਨਿਜ਼ਾਮ ਨੂੰ ਆਪਾਂ ਹੁਣ ਬਦਲ ਕੇ ਰਹਿਣਾ ਹੈ। 
ਇਸ ਮਾਰਚ ਨੂੰ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਏ ਆਈ ਐੱਸ ਐੱਫ ਦੇ ਆਗੂ ਕਨ੍ਹਈਆ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਿਰਫ ਇਕ ਹੀ ਬਹੁ-ਗਿਣਤੀ ਹੈ ਤੇ ਉਹ ਬਹੁ-ਗਿਣਤੀ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਦੀ ਹੈ। ਉਹ ਕਰੋੜਾਂ ਬੇਰੁਜ਼ਗਾਰ ਨੌਜਾਵਾਨ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ' ਦੀ ਅਵਾਜ਼ ਨੂੰ ਦੇਸ਼ ਵਿੱਚ ਬੁਲੰਦ ਕਰਨਗੇ। ਉਹਨਾ ਕਿਹਾ ਕਿ ਇਹ ਕਾਨੂੰਨ ਹਰ ਇਕ ਲਈ ਉਸ ਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਦੀ ਗਰੰਟੀ ਕਰੇਗਾ। ਇਸ ਤਹਿਤ ਅਣ-ਸਿੱਖਿਅਤ ਨੂੰ 20,000/- ਰੁਪਏ, ਅਰਧ-ਸਿੱਖਿਅਤ ਨੂੰ 25,000/- ਰੁਪਏ, ਸਿੱਖਿਅਤ ਨੂੰ 30,000/- ਰੁਪਏ ਅਤੇ ਉੱਚ ਸਿਖਿਅਤ ਨੂੰ 35,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇਗੀ। ਕਨ੍ਹਈਆ ਕੁਮਾਰ ਦੀ ਮੌਜੂਦਗੀ ਨਾਲ ਸਭਨਾਂ ਦਾ ਉਤਸ਼ਾਹ ਵਧਿਆ ਹੋਇਆ ਸੀ। ਆਮ ਜਨਤਾ 'ਤੇ ਵਧੇ ਹੋਏ ਦਬਾਅ ਦੀ ਘੁਟਣ ਵਿੱਚ ਇਹ ਲੌਂਗ ਮਾਰਚ ਕਿਸੇ ਤਾਜ਼ ਹਵਾ ਦੇ ਬੁਲ੍ਹੇ ਵਾਂਗ ਆਇਆ ਹੈ। 
ਇਸ ਮੌਕੇ ਏ ਆਈ ਐੱਸ ਐੱਫ ਦੇ ਕੌਮੀ ਖਜ਼ਾਨਚੀ ਅਤੇ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵਿੱਕੀ ਮਹੇਸਰੀ ਨੇ ਕਿਹਾ ਕਿ ਜਦੋਂ ਦੇਸ਼ ਲੁੱਟਣ ਵਾਲੇ ਲੋਕਾਂ ਦਾ ਬਣ ਰਿਹਾ ਹੋਵੇ, ਉਦੋਂ ਨੌਜਵਾਨਾਂ ਨੂੰ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਅਜਿਹੇ ਸਮੇਂ ਹਰ-ਇੱਕ ਲਈ ਵਿਗਿਆਨਕ, ਮੁਫਤ ਅਤੇ ਲਾਜ਼ਮੀ ਤੇ ਬਰਾਬਰ ਸਿੱਖਿਆ ਦੇ ਅਧਿਕਾਰ ਲਈ ਦੇਸ਼ ਵਿੱਚ ਅਵਾਜ਼ ਕਿਉਂ ਨਾ ਬੁਲੰਦ ਹੋਵੇ। ਇਹ ਲੌਂਗ ਮਾਰਚ ਇਸ ਦੀ ਪ੍ਰਾਪਤੀ ਦੀ ਇਕ ਸ਼ੁਰੂਆਤ ਹੈ, ਜਿਸ ਨੂੰ ਇਹ 60 ਦਿਨਾਂ ਦਾ ਮਾਰਚ ਪ੍ਰਾਪਤ ਕਰਕੇ ਰਹੇਗਾ। 
ਇਸ ਸਮੇਂ ਜਥੇਬੰਦੀਆਂ ਦੇ ਪ੍ਰਧਾਨ ਤੇ ਸਕੱਤਰਾਂ ਨੇ ਸੰਬੋਧਨ ਕਰਦਿਆਂ ਆਸ ਪ੍ਰਗਟਾਈ ਕਿ ਇਹ ਮਾਰਚ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਇਕ ਅਜਿਹੀ ਲਾਮਬੰਦੀ ਕਰੇਗਾ, ਜੋ ਦੇਸ਼ ਨੂੰ ਸਭ ਤਰ੍ਹਾਂ ਦੀਆਂ ਬੁਰਾਈਆਂ ਤੋਂ ਬਚਾਉਣ ਲਈ ਮੋਹਰੀ ਭੂਮਿਕਾ ਅਦਾ ਕਰੇਗੀ।
ਇਸ ਪ੍ਰਕਾਰ ਕੰਨਿਆਕੁਮਾਰੀ ਦੀ ਧਰਤੀ ਤੋਂ ਸਮੁੰਦਰੀ ਹਵਾਵਾਂ ਵਿੱਚ ਲਹਿਰਾਉਂਦੇ ਝੰਡਿਆਂ ਦੀ ਸ਼ੂਕ ਅਤੇ ਇਨਕਲਾਬੀ ਨਾਅਰਿਆਂ ਦੀ ਅਵਾਜ਼ ਵਿੱਚ ਇਸ ਮਾਰਚ ਦੀ ਸ਼ੁਰੂਆਤ ਹੋਈ, ਜੋ 60 ਦਿਨਾਂ ਦਾ ਸਫਰ ਕਰਕੇ ਪੰਜਾਬ ਦੀ ਧਰਤੀ 'ਤੇ ਇਤਿਹਾਸਕ ਸਥਾਨ ਹੁਸੈਨੀਵਾਲਾ ਵਿਖੇ 12 ਸਤੰਬਰ ਨੂੰ ਸਮਾਪਤ ਹੋਵੇਗਾ।

ਪੰਜਾਬ ਵਿੱਚ 90 ਲੱਖ ਅਤੇ ਦੇਸ਼ ਵਿੱਚ 40 ਕਰੋੜ ਤੋਂ ਵਧੇਰੇ ਬੇਰੁਜ਼ਗਾਰ-AISF

ਇਹਨਾਂ ਬੇਰੁਜ਼ਗਾਰਾਂ ਦੀ ਵਰਤੋਂ  ਨਸ਼ਿਆਂ, ਲੁੱਟਾਂਖੋਹਾਂ ਅਤੇ ਕਤਲੋਗਾਰਤ ਲਈ?
ਢੁੱਡੀਕੇ (ਮੋਗਾ): 15 ਜੁਲਾਈ 2017: (ਪੰਜਾਬ ਸਕਰੀਨ ਬਿਊਰੋ):: 
ਖੱਬੀ ਵਿਚਾਰਧਾਰਾ ਨਾਲ ਸਬੰਧਿਤਜਿਸ ਨੌਜਵਾਨੀ ਨੂੰ ਦੁਸ਼ਮਣਾਂ ਨੇ ਗਏ ਗੁਜ਼ਰੇ ਜ਼ਮਾਨੇ ਦੀ ਗੱਲ ਸਮਝ ਲਿਆ ਸੀ ਉਹ ਹੁਣ ਫੇਰ ਮੈਦਾਨ ਵਿੱਚ ਹੈ। ਜੇ ਕੰਨਿਆਕੁਮਾਰੀ ਤੋਂ ਲੌਂਗ ਮਾਰਚ ਸ਼ੁਰੂ ਹੋਇਆ ਹੈ ਤਾਂ ਉਸਦੇ ਸਵਾਗਤ ਦੀਆਂ ਤਿਆਰੀਆਂ ਵੀ ਪੰਜਾਬ ਵਿੱਚ ਜ਼ੋਰਸ਼ੋਰ ਨਾਲ ਜਾਰੀ ਹਨ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੇ ਉੱਤਰ ਭਾਰਤ ਅਤੇ ਦੱਖਣੀ ਭਾਰਤ ਦੇ ਮੁੰਡੇ ਕੁੜੀਆਂ ਨੂੰ ਸੰਘਰਸ਼ਾਂ ਦੇ ਇੱਕ ਮਜ਼ਬੂਤ ਪੁਲ ਵਾਂਗ ਜੋੜ ਦਿੱਤਾ ਹੈ।  ਇਹ ਸਰਗਰਮੀਆਂ ਪੰਜਾਬ ਭਰ ਵਿੱਚ ਨਜ਼ਰ ਆਉਣ ਵਾਲੀਆਂ ਹਨ। ਨਸ਼ਿਆਂ ਵਿੱਚ ਡੋਬ ਦਿੱਤੇ ਗਏ ਪੰਜਾਬ ਨੂੰ ਇੱਕ ਨਵੀਂ ਚੇਤਨਾ ਨਾਲ ਜਗਾ ਰਿਹਾ ਹੈ ਇਹ ਜੱਥਾ ਮਾਰਚ। 
ਅੱਜ ਇਸਦੀ ਚੜ੍ਹਤ ਢੁੱਡੀਕੇ ਵਿਖੇ ਨਜ਼ਰ ਆਈ। ਲਾਲਾ ਲਾਜਪਤ ਰਾਏ ਅਤੇ ਗ਼ਦਰੀ ਬਾਬਿਆਂ ਦੀ ਜਨਮ ਭੂਮੀ ਇਤਿਹਾਸਕ ਪਿੰਡ ਢੁੱਡੀਕੇ ਤੋਂ ਬੇਰੁਜ਼ਗਾਰੀ ਦੇ ਹੱਲ ਲਈ ਭਗਤ ਸਿੰਘ ਦੇ ਨਾਂਅ 'ਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ 'ਬਨੇਗਾ' ਸਥਾਪਤ ਕਰਵਾਉਣ ਲਈ ਨੌਜਵਾਨਾਂ-ਵਿਦਿਆਰਥੀਆਂ ਦੇ ਸੂਬਾ ਪੱਧਰੀ ਇੱਕ ਜਥਾ ਮਾਰਚ ਦੀ ਸ਼ੁਰੂਆਤ ਕੀਤੀ। ਬੇਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਸਥਾਪਤ ਕਰਵਾਉਣ ਲਈ ਨੌਜਵਾਨਾਂ-ਵਿਦਿਆਰਥੀਆਂ ਦੇ ਸੂਬਾ ਪੱਧਰੀ ਇੱਕ ਜਥਾ ਮਾਰਚ ਦੀ ਸ਼ੁਰੂਆਤ ਕੀਤੀ। ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਹ ਜਥਾ ਜਿੱਥੇ ਰੁਜ਼ਗਾਰ ਹਾਸਲ ਕਰਨ ਲਈ ਨੌਜਵਾਨਾਂ ਨੂੰ ਸੁਨੇਹਾ ਦੇਵੇਗਾ, ਉਥੇ ਵਿੱਦਿਆ, ਫਿਰਕੂ ਤਣਾਅ ਅਤੇ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਪ੍ਰਾਪਤੀ ਦਾ ਸੱਦਾ ਦੇਵੇਗਾ। ਫਿਰਕੂ ਨਾਅਰਿਆਂ ਵੱਲ ਧੱਕਣ ਦੀ ਖਤਰਨਾਕ ਸਾਜ਼ਿਸ਼ ਨੂੰ ਨਾਕਾਮ ਬਣਾਉਂਦਿਆਂ ਇਸ ਜੱਥਾ ਮਾਰਚ ਨੇ ਜ਼ਿੰਦਗੀ ਦੇ ਅਸਲੀ ਮਸਲਿਆਂ ਦੀ ਗੱਲ ਕੀਤੀ। 
ਆਰੰਭ ਜ਼ਬਰਦਸਤ ਸੀ। ਅੱਜ ਸ਼ੁਰੂਆਤ ਵੇਲੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਚਰਨਜੀਤ ਛਾਂਗਾਰਾਏ ਨੇ ਕਿਹਾ ਕਿ ਅੱਜ ਦੇ ਦਿਨ ਦੋਹਾਂ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਲੰਮਾ ਮਾਰਚ ਕੰਨਿਆ ਕੁਮਾਰੀ (ਤਾਮਿਲਨਾਡੂ) ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਲਗਾਤਾਰ ਦੋ ਮਹੀਨੇ ਵੱਖ-ਵੱਖ ਸੂਬਿਆਂ ਵਿੱਚੋਂ ਹੁੰਦਾ ਹੋਇਆ 9 ਸਤੰਬਰ ਨੂੰ ਪੰਜਾਬ ਵਿੱਚ ਪ੍ਰਵੇਸ਼ ਕਰੇਗਾ। ਯਾਦ ਰਹੇ ਕਿ 9 ਸਤੰਬਰ 1981 ਨੂੰ ਹਿੰਦ ਸਮਾਚਾਰ ਪੱਤਰ ਸਮੂਹ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ  ਦੀ ਹੱਤਿਆ ਕਰ ਦਿੱਤੀਆਂ ਗਈ ਸੀ। ਪੰਜਾਬ ਵਿੱਚ ਦਾਖਲ ਹੋਣ ਮਗਰੋਂ ਇਸ ਸਮਾਗਮ ਦਾ ਸਿਖਰਲਾ ਸਮਾਗਮ ਪੰਜਾਬ ਦੇ ਇਤਿਹਾਸਕ ਸਥਾਨ ਹੁਸੈਨੀਵਾਲਾ ਵਿਖੇ 12 ਸਤੰਬਰ ਨੂੰ ਹੋਵੇਗਾ। ਦੇਸ਼ ਦੇ ਨੌਜਵਾਨਾਂ ਨੂੰ ਸ਼ਸ਼ੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਇੱਕ ਲੜੀ ਵਿੱਚ ਪਰੋਂਦਾ ਹੋਇਆ ਇਹ ਲੌਂਗ ਮਾਰਚ ਪੂਰੇ ਦੇਸ਼ ਦੀ ਨੌਜਵਾਨੀ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ। ਉਨ੍ਹਾ ਕਿਹਾ ਕਿ ਅੱਜ ਜਦੋਂ ਦੇਸ਼ ਵਿਆਪੀ ਮਾਰਚ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਰਿਹਾ ਹੈ ਤਾਂ ਹਰੇਕ ਸੂਬੇ ਅੰਦਰ ਵੀ ਰਾਜ ਪੱਧਰੀ ਮੁਹਿੰਮਾਂ ਸ਼ੁਰੂ ਕੀਤੀਆਂ ਜਾ ਰਹੀਆਂ। ਖੱਬੀ ਧਿਰ ਦੀਆਂ ਨੌਜਵਾਨ ਜੱਥੇਬੰਦੀਆਂ ਵੱਲੋਂ ਸ਼ਾਇਦ ਏਨਾ ਵੱਡਾ ਅਯੋਜ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਪੂਰਾ ਦੇਸ਼ ਇਸ ਲੌਂਗ ਮਾਰਚ ਦੇ ਰੰਗ ਵਿੱਚ ਰੰਗਿਆ ਗਿਆ ਹੈ। 
ਚੋਣ ਜੁਮਲਿਆਂ ਰਾਹੀਂ ਸਿਆਸਤ ਨੂੰ ਗੈਰ ਜ਼ੁੰਮੇਵਾਰ ਬਣਾ ਦੇਣ ਵਾਲੇ ਇਸ ਸ਼ਰਮਨਾਕ ਦੌਰ ਵਿੱਚ ਇਨ੍ਹਾਂ ਆਗੂਆਂ ਨੇ ਯਾਦ ਕਰਾਇਆ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਵਾਲਿਆਂ ਨੇ ਹਰ ਘਰ ਵਿੱਚ ਨੌਕਰੀ ਦਾ ਵਾਅਦਾ ਕੀਤਾ ਸੀ। ਇਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਰ ਸਾਲ ਜੋ ਦੋ ਕਰੋੜ ਰੁਜ਼ਗਾਰ, ਪਰ ਸਰਕਾਰਾਂ, ਰੁਜ਼ਗਾਰ ਦੇਣ ਦੀ ਥਾਂ, ਰੁਜ਼ਗਾਰ ਦੇ ਖੇਤਰਾਂ ਟਰਾਂਸਪੋਰਟ ਵਿਭਾਗ, ਵਿੱਦਿਆ, ਬਿਜਲੀ ਬੋਰਡ, ਸਿਹਤ ਆਦਿ ਨੂੰ ਹੀ ਉਜਾੜਨ ਦੇ ਰਾਹ ਹਨ ਤਾਂ ਰੁਜ਼ਗਾਰ ਕਿੱਥੋਂ ਪੈਦਾ ਹੋਵੇਗਾ। ਸਰਕਾਰ ਇਨ੍ਹਾਂ ਅਹਿਮ ਮੁੱਦਿਆਂ ਤੋਂ ਯੋਜਨਾਬੱਧ ਤਰੀਕੇ ਨਾਲ ਲੋਕਾਂ ਦਾ ਧਿਆਨ ਹਟਾਉਣ ਲਈ ਜਾਤਾਂ, ਫਿਰਕਿਆਂ, ਇਲਾਕਿਆਂ ਵਿਚਾਲੇ ਆਪਸੀ ਤਣਾਅ, ਟਕਰਾਅ ਵਧਾ ਰਹੀਆਂ ਹਨ, ਤਾਂ ਜੋ ਲੋਕਾਂ ਦੀ ਕੀਮਤ 'ਤੇ ਹਕੂਮਤਾਂ ਸੁਰੱਖਿਅਤ ਰਹਿ ਸਕਣ। ਇਸ ਲੌਂਗ ਮਾਰਚ ਨੇ ਇਹ ਸਾਜ਼ਿਸ਼ਾਂ ਸੁੱਕੇ ਪੱਤਿਆਂ ਦੇ ਢੇਰ ਵਾਂਗ ਉੜਾ ਦੇਣੀਆਂ ਹਨ। 
ਨੌਜਵਾਨ ਆਗੂਆਂ ਵਿੱਚ ਹੁਣ ਇੱਕ ਨਵੀਂ ਸਰਗਰਮੀ ਹੈ। ਇਸ ਮੌਕੇ ਨੌਜਵਾਨ ਸਭਾ ਦੀ ਸੂਬਾਈ ਖਜ਼ਾਨਚੀ ਨਰਿੰਦਰ ਕੌਰ ਸੋਹਲ ਅਤੇ ਏ ਆਈ ਐੱਸ ਐੱਫ ਦੇ ਸੂਬਾ ਸਹਾਇਕ ਸਕੱਤਰ ਸੁਖਦੇਵ ਧਰਮੂਵਾਲਾ ਨੇ ਕਿਹਾ ਕਿ ਪੰਜਾਬ ਵਿੱਚ 90 ਲੱਖ ਅਤੇ ਦੇਸ਼ ਵਿੱਚ 40 ਕਰੋੜ ਤੋਂ ਵਧੇਰੇ ਬੇਰੁਜ਼ਗਾਰਾਂ ਨੂੰ ਨਸ਼ਿਆਂ, ਲੁੱਟਾਂਖੋਹਾਂ ਅਤੇ ਕਤਲੋਗਾਰਤ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਵਿੱਦਿਆ ਦੇਣ ਦੀ ਬਜਾਏ ਕਾਲਜਾਂ, ਯੂਨੀਵਰਸਿਟੀਆਂ 'ਤੇ ਹਮਲੇ ਕਰਕੇ ਉਨ੍ਹਾ ਨੂੰ ਦੇਸ਼ ਧ੍ਰੋਹੀ ਸਾਬਤ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜੱਥਾ ਮਾਰਚ ਅਤੇ ਲੌਂਗ ਮਾਰਚ ਰਾਹੀਂ ਇਹਨਾਂ ਸਾਰੀਆਂ ਸਾਜ਼ਿਸ਼ਾਂ ਨੂੰ ਲੋਕਾਂ ਸਾਹਮਣੇ ਬੇਨਕਾਬ ਕੀਤਾ ਜਾ ਰਿਹਾ ਹੈ। 
ਇਹਨਾਂ ਨੌਜਵਾਨ ਅਤੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸੂਬਾ ਪੱਧਰੀ ਇਹ ਜਥਾ ਅਤੇ ਦੇਸ਼ ਵਿਆਪੀ ਲੰਮਾ ਮਾਰਚ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਜਿਸ ਤਹਿਤ ਅਣ ਸਿੱਖਿਅਤ ਲਈ 20 ਹਜ਼ਾਰ, ਅਰਧ ਸਿੱਖਿਅਤ ਲਈ 25 ਹਜ਼ਾਰ, ਸਿੱਖਿਅਤ ਲਈ 30 ਹਜ਼ਾਰ ਅਤੇ ਉੱਚ ਸਿੱਖਿਅਤ ਲਈ 35 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਦੇਵੇ ਜਾਂ ਇਸ ਦਰਜਾ ਵਾਰ ਤਨਖਾਹ ਦਾ ਅੱਧ ਕੇਂਦਰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਤਾਂ ਰੁਜ਼ਗਾਰ ਇੰਤਜ਼ਾਰ ਭੱਤਾ ਦੇਣ ਦੀ ਗਰੰਟੀ ਕਰਦਾ ਇਹ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਵਾਉਣ, ਸਭ ਨੂੰ ਮੁਫਤ, ਲਾਜ਼ਮੀ ਅਤੇ ਵਿਗਿਆਨਕ ਵਿੱਦਿਆ, ਦੱਬੇ ਕੁਚਲਿਆਂ, ਆਦਿਵਾਸੀਆਂ ਅਤੇ ਘੱਟ ਗਿਣਤੀ ਫਿਰਕਿਆਂ ਦੀ ਰਖਵਾਲੀ, ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੇ ਮੁੱਖ ਮੁੱਦੇ ਹਨ। ਇਸ ਮੌਕੇ ਇਨ੍ਹਾਂ ਮੁੱਦਿਆਂ ਦੀ ਪ੍ਰਾਪਤੀ ਵਾਸਤੇ ਸਭਾ ਨੌਜਵਾਨਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀ ਹਲਕਿਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਮੰਗਤ ਰਾਏ, ਪ੍ਰਧਾਨ ਇਕਬਾਲ ਤਖਾਣਬੱਧ, ਹਰਭਜਨ ਛੱਪੜੀਵਾਲਾ, ਰਾਜ ਟਾਹਲੀਵਾਲਾ, ਕੁਲਵੰਤ ਬੱਧਣੀ, ਸਵਰਾਜ ਢੁੱਡੀਕੇ, ਹਰਭਜਨ ਬਲਾਸਪੁਰ, ਸਤੀਸ਼ ਛੱਪੜੀਵਾਲਾ, ਸਤਨਾਮ ਧੂੜਕੋਟ, ਗੁਰਮੀਤ ਚੂਹੜਚੱਕ, ਬਲਜੀਤ ਤਖਾਣਬੱਧ, ਅਮਰੀਕ ਖੁਖਰਾਣਾ, ਅਵਤਾਰ ਸਿੰਘ ਮਮਦੋਟ ਤੇ ਜਸਵਿੰਦਰ ਮਸਤਾ ਗੱਟੀ ਹਾਜ਼ਰ ਸਨ ਅਤੇ ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਸਾਥੀ ਜਗਸੀਰ ਖੋਸਾ ਨੇ ਜਥੇ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਕੁਲ ਮਿਲਾ ਕੇ ਇਹ ਜੱਥਾ ਮਾਰਚ ਅਤੇ ਲੌਂਗ ਮਾਰਚ ਦੇਸ਼ ਦੀ ਨੌਜਵਾਨੀ ਨੂੰ ਇੱਕ ਨਵਾਂ ਰੰਗ ਰੋਪ ਦੇਵੇਗਾ ਜਿਹੜਾ ਨਸ਼ਿਆਂ ਅਤੇ ਗੁੰਡਾ ਗਿਰੋਹਾਂ ਦੇ ਭੈੜੇ ਰੁਝਾਨਾਂ ਤੋਂ ਮੁਕਤ ਇੱਕ ਨਵਾਂ ਸਮਾਜ ਸਿਰਜੇਗਾ।  ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਸੰਸਾਰ।  

Thursday, October 30, 2014

ਚਾਰ ਖੱਬੀਆਂ ਪਾਰਟੀਆਂ ਦਾ ਹੁਸੈਨੀਵਾਲਾ ਤੋਂ ਚੱਲਿਆ ਜੱਥਾ ਮਾਰਚ ਸਮਾਪਤ

ਕਾਮਰੇਡਾਂ ਨੇ ਦਲੀਲਾਂ ਨਾਲ ਕੀਤਾ ਸਰਕਾਰੀ ਨੀਤੀਆਂ ਨੂੰ ਬੇਨਕਾਬ 
ਲੁਧਿਆਣਾ: 30 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਵਿਰੋਧ ਵਿੱਚ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ. (ਐਮ.), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਪੰਜਾਬ ਭਰ ਵਿੱਚ ਚਾਰ ਵੱਖ-ਵੱਖ ਇਤਿਹਾਸਕ ਥਾਵਾਂ ਤੋਂ ਸ਼ੁਰੂ ਕੀਤੇ ਜੱਥਿਆਂ ਤਹਿਤ ਜੋ ਜੱਥਾ ਹੁਸੈਨੀਵਾਲਾ ਤੋਂ ਚੱਲਿਆ ਸੀ ਉਹ ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਮੋਗਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ ਅੱਜ ਲੁਧਿਆਣਾ ਸ਼ਹਿਰ ਅੰਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਆ ਕੇ ਸਮਾਪਤ ਹੋਇਆ ਜਿੱਥੇ ਚੋਹਾਂ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਪੁੱਜੇ ਹਜ਼ਾਰਾਂ ਕਾਰਕੁਨਾਂ ਨੇ ਨਾਅਰਿਆਂ ਦੀ ਗੂੰਜ ਵਿੱਚ ਜੱਥੇ ਦਾ ਸਵਾਗਤ ਕੀਤਾ। ਇਹ ਨਾਅਰੇ ਜੋਸ਼ੀਲੇ ਸਨ ਪਰ ਰਸਤੇ ਚੋਂ ਲੰਘ ਰਹੇ ਲੋਕਾਂ ਦਾ ਕੰਨ ਪਾੜਨ ਵਾਲੇ ਨਹੀਂ ਸਨ। ਇਕਠ ਵਿਸ਼ਾਲ ਸੀ ਪਰ ਇਸ ਨੇ ਕਿਸੇ ਵੀ ਰਸਤੇ ਦਾ ਟ੍ਰੈਫਿਕ ਜਾਮ ਨਹੀਂ ਸੀ ਕੀਤਾ। ਸਿਆਸੀ ਅਤੇ ਸਿਧਾਂਤਕ ਵਿਰੋਧ ਬੜਾ ਤਿੱਖਾ ਸੀ ਪਰ ਇਸ ਵਿੱਚ ਗਾਹਲਾਂ ਵਾਲਾ ਰੁਝਾਣ ਨਹੀਂ ਸੀ। ਤਿੱਖੇ ਸੰਘਰਸ਼ ਦੀਆਂ ਚੇਤਾਵਨੀਆਂ ਸਨ ਪਰ ਕਿਸੇ ਵੀ ਭਾਸ਼ਣ ਵਿੱਚ ਧਮਕੀ ਵਾਲੀ ਕੋਈ ਸੁਰ ਨਹੀਂ ਸੀ। ਸਭ ਤੋਂ ਵੱਡੀ ਗੱਲ ਇਸ ਵਾਰ ਕਮਿਊਨਿਸਟ ਸ਼ਬਦਾਵਲੀ  ਦੇ ਗੂੜ੍ਹ ਗੰਭੀਰ ਭਰੇ ਭਰੇ ਸ਼ਬਦ ਨਹੀਂ ਬਲਕਿ ਆਮ ਲੋਕਾਂ ਨੂੰ ਸਮਝ ਆ ਸਕਣ ਵਾਲੀ ਬੋਲੀ ਅਤੇ ਸਾਦਾ ਜਹੇ ਅੰਦਾਜ਼ ਵਿੱਚ ਕੀਤੀਆਂ ਗਈਆਂ ਗੱਲਾਂ ਸਨ ਜਿਹੜੀਆਂ ਦਿਲ ਵਿਚ ਉਤਰਦੀਆਂ ਸਨ। 
ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਰਘੂਨਾਥ ਸਿੰਘ, ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਜਿੱਥੇ ਪੰਜਾਬ ਦੀ ਮਾਫੀਆ ਵਾਲੀ ਬਾਦਲ ਸਰਕਾਰ ਨੂੰ ਪੰਜਾਬ ਅੰਦਰ ਵੱਧ ਰਹੀ ਨਸ਼ਿਆਂ ਦੀ ਤਸਕਰੀ ਅਤੇ ਰੇਤ, ਬਜ਼ਰੀ ਰਾਹੀਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਲਈ ਸਿੱਧੇ ਤੌਰ ਤੇ ਜ਼ੁੰਮੇਵਾਰ ਠਹਿਰਾਇਆ ਉੱਥੇ ਉਹਨਾਂ ਕੇਂਦਰ ਦੀ ਕਾਰਪੋਰੇਟ ਪੱਖੀ ਨੀਤੀਆਂ ਵਾਲੀ ਮੋਦੀ ਸਰਕਾਰ ਕੋਲੋਂ ਦੇਸ਼ ਵਿੱਚ ਫਿਰਕੂ ਜਹਿਰ ਫੈਲਾਉਣ, ਸਿੱਖਿਆ ਅਤੇ ਸੱਭਿਆਚਾਰ 'ਚ ਹਿੰਦੂਤਵ ਦਾ ਏਜੰਡਾ ਲਾਗੂ ਕਰਨ, ਕੇਂਦਰੀ ਯੋਜਨਾ ਕਮਿਸ਼ਨ ਨੂੰ ਭੰਗ ਕਰਨ, ਹਰ ਖੇਤਰ ਵਿੱਚ ਐਫ.ਡੀ.ਆਈ. ਲਾਗੂ ਕਰਨ, ਮਨਰੇਗਾ ਸਕੀਮ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਉਣ ਦੀ ਜੋਰਦਾਰ ਨਿਖੇਧੀ ਕੀਤੀ। ਉਹਨਾਂ ਅੱਗੇ ਕਿਹਾ ਕਿ ਜਿੱਥੇ ਪੱਬੀਆਂ ਪਾਰਟੀਆਂ ਦੇ ਇਸ ਏਕੇ ਤੇ ਸੰਘਰਸ਼ ਰਾਹੀਂ ਮੋਦੀ ਸਰਕਾਰ ਵੱਲੋਂ ਉਭਾਰੇ ਜਾ ਰਹੇ ਤਾਨਾਸ਼ਾਹੀ ਰੁਝਾਨਾਂ ਦਾ ਟਾਕਰਾ ਕੀਤਾ ਜਾਵੇਗ ਉਥੇ ਸੰਘਰਸ਼ 14 ਨੁਕਾਤੀ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਤੇ ਸੂਬੇ ਅੰਦਰ ਇੱਕ ਲੋਕ ਪੱਖੀ ਰਾਜਸੀ ਬਦਲ ਉਭਾਰਨ ਲਈ ਵੀ ਕੰਮ ਕਰੇਗਾ। ਉਹਨਾਂ ਕਿਹਾ ਖੱਬੀਆਂ ਪਾਰਟੀਆਂ ਦੇ ਇਸ ਸਾਂਝੇ ਐਕਸ਼ਨ ਕਰਕੇ ਵਰਕਰਾਂ ਵਿੱਚ ਭਾਰੀ ਜੋਸ਼ ਹੈ । ਉਹਨਾਂ ਇਹ ਵੀ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਵਜੋਂ 28 ਨਵੰਬਰ ਨੂੰ ਲੁਧਿਆਣਾ ਦੀ ਗਿੱਲ ਰੋਡ ਸਥਿਤ ਦਾਣਾ ਮੰਡੀ ਵਿਖੇ ਸੂਬਾਈ ਰੈਲੀ ਕੀਤੀ ਜਾਵੇਗੀ ਜਿਸ ਵਿੱਚੋ ਸੂਬੇ ਭਰ ਦੇ ਸੰਘਰਸ਼ਸੀਲ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਹੋਣਗੇ ਤੇ ਇਹ ਰੈਲੀ ਇੱਕ ਇਤਿਹਾਸਕ ਰੈਲੀ ਹੋ ਨਿਬੜੇਗੀ । 
ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਡੀ.ਪੀ. ਮੋੜ, ਡਾ. ਅਰੁਣ ਮਿੱਤਰਾ, ਅਮਰਜੀਤ ਮੱਟੂ ਅਤੇ ਮਹਿੰਦਰ ਸਿੰਘ ਸੀਲੋਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਅਤੇ ਨਿੱਜੀ ਜਾਇਦਾਦ ਦੀ ਭੰਨ ਤੋੜ ਰੋਕਣ ਦੀ ਆੜ ਵਿੱਚ ਜਿਹੜਾਂ ਬਿੱਲ ਪਾਸ ਕੀਤਾ ਗਿਆ ਹੈ ਉਹ ਦਰਅਸਲ ਮੇਹਨਤਕਸ਼ ਲੋਕਾਂ ਵੱਲੋਂ ਕੀਤੇ ਜਾਂਦੇ ਆਪਣੇ ਹੱਕੀ ਸੰਘਰਸਾਂ ਨੂੰ ਰੋਕਣ ਦੀ ਇੱਕ ਚਾਲ ਹੈ। ਇਸ ਲਈ ਜਿੱਥੇ ਇਹ ਸੰਘਰਸ਼ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਵਿਢਿਆ ਗਿਆ ਹੈ ਉਥੇ ਇਹ ਜਨਤਕ ਮੰਗਾਂ ਜਿਵੇਂ ਕਿ ਸ਼ਹਿਰੀ ਜਾਇਦਾਦਾਂ ਉੱਪਰ ਲਗਾਇਆ ਪ੍ਰਾਪਰਟੀ ਟੈਕਸ ਵਾਪਸ ਕਰਵਾਉਣ, ਵੱਖ-ਵੱਖ ਸਮੇਂ ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਣ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੁਆਉਣ ਅਤੇ ਸਰਕਾਰੀ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਵਾਉਣ, ਵਿੱਦਿਆ ਅਤੇ ਸਿਹਤ ਸੇਵਾਵਾਂ ਨੂੰ ਸਰਕਾਰੀ ਖੇਤਰ ਵਿੱਚ ਰੱਖਵਾਉਣ, ਬੁੱਢਾਪਾ ਅਤੇ ਵਿਧਵਾ ਪੈਨਸ਼ਨ ਘੱਟੋ-ਘੱਟ 3,000/- ਰੁਪਏ ਪ੍ਰਤੀ ਮਹੀਨਾ ਕਰਵਾਉਣ, ਔਰਤਾਂ ਉੱਪਰ ਵੱਧ ਰਹੇ ਅੱਤਿਆਚਾਰਾਂ ਨੂੰ ਸਖਤੀ ਨਾਲ ਖਤਮ ਕਰਵਾਉਣ, ਗੈਰ-ਹੁਨਰਮੰਦ ਕਿਰਤੀਆਂ ਨੂੰ ਘੱਟੋ-ਘੱਟ 15,000/- ਰੁਪਏ ਪ੍ਰਤੀ ਮਹੀਨਾ ਉਜਰਤ ਦਿਵਾਉਣ, ਸਰਕਾਰੀ ਅਰਧ-ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਠੇਕੇਦਾਰੀ ਸਿਸਟਮ ਅਤੇ  ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਵਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾਉਣ, ਰੇਤ ਬਜ਼ਰੀ ਤੇ ਭੂਮੀ ਮਾਫੀਆ ਤੇ ਸਖਤੀ ਨਾਲ ਰੋਕ ਲਗਾਉਣ, ਸੜਕਾਂ ਤੇ ਲੱਗੇ ਟੋਲ ਪਲਾਜਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰਵਾਉਣ, ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ ਭਾਅ ਦੁਆਉਣ, ਕਿਰਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 350/- ਰੁਪਏ ਮਿਥਨ ਅਤੇ ਪੂਰੇ ਸਾਲ ਦੇ ਰੋਜ਼ਗਾਰ ਦੀ ਗਰੰਟੀ ਕਰਵਾਉਣ ਲਈ ਵੀ ਹੈ ।
ਉਪਰੋਕਤ ਤੋਂ ਇਲਾਵਾ ਰੈਲੀ ਨੂੰ ਕਾਮਰੇਡ ਜਤਿੰਦਰ ਪਾਲ ਸਿੰਘ, ਕਾਮਰੇਡ ਮਹਿੰਦਰ ਸਿੰਘ ਅਚਰਵਾਲ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਦੀਪ ਕਲਸੀ, ਕਾਮਰੇਡ ਜਗਦੀਸ਼ ਚੰਦ, ਕਾਮਰੇਡ ਬਲਦੇਵ ਸਿੰਘ ਲਤਾਲਾ, ਕਾਮਰੇਡ ਬੂਟਾ ਸਿੰਘ, ਕਾਮਰੇਡ ਦੇਵ ਰਾਜ ਨੇ ਵੀ ਸੰਬੋਧਨ ਕੀਤਾ।  


Sunday, February 19, 2012

ਮਾਓ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਲਾਂਗ ਮਾਰਚ ਸੀ

ਉਹਦੇ ਪਰਿਵਾਰ ਦੇ ਪੰਜ ਮੈਂਬਰ ਇਸ ਇਨਕਲਾਬੀ ਯਾਤਰਾ ਵਿੱਚ ਸ਼ਹੀਦ ਹੋ ਗਏ
ਲਾਂਗ ਮਾਰਚ ਦੀ ਅਗਵਾਈ  ਕਰਦਿਆਂ ਮੋ-ਜੇ-ਤੁੰਗ        (ਫੋਟੋ ਧੰਨਵਾਦ ਸਹਿਤ:Chop Suey )
ਇਨਕਲਾਬੀ ਯੋਧਾ ਮਾਓ-ਜੇ-ਤੁੰਗ     
ਡਾ. ਪਰਮਜੀਤ ਸਿੰਘ ਢੀਂਗਰਾ
ਆਧੁਨਿਕ ਸਮਿਆਂ ਵਿੱਚ ਇੱਕ ਸੰਘਰਸ਼ਸ਼ੀਲ ਯੋਧੇ ਵਜੋਂ ਮਾਓ-ਜੇ-ਤੁੰਗ ਦਾ ਨਾਂ ਬਡ਼ਾ ਉੱਘਾ ਹੈ। ਮਾਓਵਾਦ ਉਹਦੇ ਉਮਰ ਭਰ ਦੇ ਤਜਰਬਿਆਂ ਅਤੇ ਇਨਕਲਾਬੀ ਵਿਚਾਰਧਾਰਾ ਦੀ ਦੇਣ ਹੈ। ਨੀਲੇ ਪਹਾਡ਼ਾਂ, ਹਰੀਆਂ ਵਾਦੀਆਂ, ਚਿੱਟੇ ਚਸ਼ਮਿਆਂ ਤੇ ਸਾਫ਼ ਲਿਸ਼ਕਦੇ ਪਾਣੀਆਂ ਵਾਲੇ ਪ੍ਰਦੇਸ਼ ਹੁਨਾਨ ਦੇ ਨਦੀਆਂ, ਨਾਲਿਆਂ, ਜੰਗਲਾਂ, ਤਲਾਬਾਂ ਤੇ ਚਹਿਕਦੇ ਪੰਛੀਆਂ ਵਾਲੇ ਜ਼ਿਲ੍ਹੇ ਸ਼ਿਆਡਥਾਨ ਦੇ ਕੁਦਰਤ ਦੀ ਸੁਨਹਿਰੀ ਗੋਦ ਵਿੱਚ ਵਸੇ ਇੱਕ ਛੋਟੇ ਜਿਹੇ ਪਿੰਡ ਸ਼ਾਓਸ਼ਾਨ ਵਿੱਚ 19 ਦਸੰਬਰ 1893 ਨੂੰ ਇੱਕ ਗ਼ਰੀਬ ਪਰਿਵਾਰ ਵਿੱਚ ਉਹਦਾ ਜਨਮ ਹੋਇਆ। ਉਹਦੇ ਪਿੰਡ ਦੇ ਚਾਰ-ਚੁਫੇਰੇ ਛੋਟੀਆਂ-ਛੋਟੀਆਂ ਪਹਾਡ਼ੀਆਂ ਹਨ। ਉਹਦਾ ਪਿੰਡ ਇਨ੍ਹਾਂ ਪਹਾਡ਼ੀਆਂ ਵਿੱਚੋਂ ਇੱਕ ਦੀ ਢਲਾਣ ਦੇ ਵਿਸਥਾਰ ’ਤੇ ਫੈਲਿਆ ਹੋਇਆ ਹੈ। ਹੁਨਾਨ ਦੇ ਦੂਜੇ ਆਮ ਕਿਸਾਨਾਂ ਵਾਂਗ ਮਾਓ ਦਾ ਘਰ ਵੀ ਲੱਕਡ਼ ਦਾ ਬਣਿਆ  ਹੋਇਆ ਸੀ, ਜਿਸ ਵਿੱਚ ਰਸੋਈ ਤੋਂ ਇਲਾਵਾ ਦੋ ਤਿੰਨ ਕਮਰੇ ਸਨ। ਇਨ੍ਹਾਂ ਵਿੱਚੋਂ ਹੀ ਇੱਕ ਕਮਰਾ ਮਾਓ ਦਾ ਸੀ, ਜਿੱਥੇ ਉਹ ਬਚਪਨ ਵਿੱਚ ਬਾਂਸ ਦੇ ਇੱਕ ਸਟੈਂਡ ’ਤੇ ਦੀਵਾ ਰੱਖ ਕੇ ਪਹਿਲਾਂ ਪਡ਼੍ਹਿਆ ਕਰਦਾ ਸੀ ਤੇ ਫਿਰ ਪਿਤਾ ਦੇ ਵਪਾਰ ਦਾ ਹਿਸਾਬ ਕਿਤਾਬ ਕਰਦਾ ਸੀ। ਉਹਦੇ ਘਰ ਦੇ ਬਾਹਰ ਇੱਕ ਛੋਟਾ ਜਿਹਾ ਵਿਹਡ਼ਾ ਸੀ, ਜਿਸ ਦੇ ਇੱਕ ਪਾਸੇ ਪਸ਼ੂਆਂ ਦਾ ਛੱਤਿਆ ਹੋਇਆ ਢਾਰਾ ਸੀ ਤੇ ਦੂਜੇ ਪਾਸੇ ਸਬਜ਼ੀਆਂ ਦੀਆਂ ਕਿਆਰੀਆਂ ਸਨ। ਆਸੇ-ਪਾਸੇ ਦੀਆਂ ਪਹਾਡ਼ੀਆਂ ਵਿੱਚੋਂ ਹੀ ਇੱਕ ਪਹਾਡ਼ੀ ’ਤੇ ਸਕੂਲ ਸੀ, ਜਿੱਥੇ ਮਾਓ ਨੇ ਮੁੱਢਲੀ ਪਡ਼੍ਹਾਈ ਕੀਤੀ। ਨਾਲ ਹੀ ਪਸ਼ੂ ਵੀ ਚਰਾਏ ਤੇ ਤਲਾਅ ਵਿੱਚ ਛਾਲਾਂ ਮਾਰ-ਮਾਰ ਟੁੱਬੀਆਂ ਵੀ ਲਾਈਆਂ।
ਆਪਣੇ ਬਚਪਨ ਬਾਰੇ ਉਹ ਖ਼ੁਦ ਲਿਖਦਾ ਹੈ, ‘‘ਜਦੋਂ ਮੈਂ ਦਸਾਂ ਵਰ੍ਹਿਆਂ ਦਾ ਸਾਂ ਤਾਂ ਮੇਰੇ ਘਰਦਿਆਂ ਕੋਲ ਕੇਵਲ ਪੰਦਰਾਂ ਮੂ (ਲਗਪਗ ਢਾਈ ਏਕਡ਼) ਜ਼ਮੀਨ ਸੀ ਤੇ ਪਰਿਵਾਰ ਦੇ ਪੰਜ ਜੀਅ ਸਨ। ਮੇਰੇ ਘਰਦਿਆਂ ਨੇ ਜਦੋਂ 7 ਮੂ ਜ਼ਮੀਨ ਹੋਰ ਖਰੀਦ ਲਈ ਤਾਂ ਮੇਰਾ ਦਾਦਾ ਚੱਲ ਵਸਿਆ ਪਰ ਮੇਰਾ ਛੋਟਾ ਭਰਾ ਉਸ ਤੋਂ ਬਾਅਦ ਜੰਮ ਪਿਆ ਤਦ ਵੀ ਅਸੀਂ ਸਾਲ ਵਿੱਚ 49 ਤਾਨ ਚੌਲ ਹਰ ਸਾਲ ਬਚਾ ਲੈਂਦੇ ਸਾਂ, ਜਿਸ ਨਾਲ ਮੇਰੇ ਪਿਤਾ ਜੀ ਹੌਲੀ-ਹੌਲੀ ਅਮੀਰ ਕਿਸਾਨਾਂ ਵਿੱਚ ਸ਼ਾਮਲ ਹੋ ਗਏ।’’
ਮਾਓ ਦੇ ਪਿਤਾ ਦਾ ਨਾਂ ਸ਼ੁਨਸ਼ਾਂਡ ਅਤੇ ਮਾਂ ਦਾ ਨਾਂ ਵਨ-ਛੀ-ਮੇਈ ਸੀ। ਉਹਦੇ ਪਿਤਾ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਸਨ। ਇਸ ਕਰਜ਼ੇ ਤੋਂ ਮੁਕਤੀ ਲਈ ਜਵਾਨੀ ਦੀ ਉਮਰੇ ਉਹ ਫ਼ੌਜ ਵਿੱਚ ਭਰਤੀ ਹੋ ਗਏ। ਫ਼ੌਜ ਦੀ ਨੌਕਰੀ ਉਪਰੰਤ ਉਹ ਆਪਣੀ ਜੋਡ਼ੀ ਪੂੰਜੀ ਨਾਲ ਵਾਪਸ ਪਰਤ ਆਏ। ਇਹ ਪੂੰਜੀ ਉਨ੍ਹਾਂ ਨੇ ਵਪਾਰ ਵਿੱਚ ਲਾ ਦਿੱਤੀ। ਹੌਲੀ-ਹੌਲੀ ਉਨ੍ਹਾਂ ਦਾ ਵਪਾਰ ਵਧਣ ਫੁਲਣ ਲੱਗਾ। ਇਸ ਨਾਲ ਨਾ ਉਨ੍ਹਾਂ ਆਪਣੀ ਜ਼ਮੀਨ ਛੁਡਾਈ, ਸਗੋਂ ਕੁਝ ਹੋਰ ਜ਼ਮੀਨ ਵੀ ਖਰੀਦ ਲਈ। ਆਰਥਿਕ ਪੱਖੋਂ ਭਾਵੇਂ ਹੁਣ ਉਹਦਾ ਪਿਤਾ ਕੁਝ ਸੌਖਾ ਹੋ ਗਿਆ ਸੀ ਪਰ ਇਹਦੇ ਲਈ ਉਹਨੇ ਕਈ ਜੁਗਤਾਂ ਵਰਤੀਆਂ। ਇਸ ਬਾਰੇ ਮਾਓ ਲਿਖਦਾ ਹੈ:‘‘ਜਦੋਂ ਮੇਰੇ ਪਿਤਾ ਇੱਕ ਦਰਮਿਆਨੇ ਦਰਜੇ ਦੇ ਕਿਸਾਨ ਸਨ, ਤਦੋਂ ਹੀ ਉਨ੍ਹਾਂ ਨੇ ਅਨਾਜ ਇੱਕ ਥਾਂ ਤੋਂ ਦੂਜੀ ਥਾਂ ’ਤੇ ਢੋਅ ਕੇ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਉਨ੍ਹਾਂ ਨੂੰ ਮੁਨਾਫ਼ਾ ਹੁੰਦਾ ਸੀ। ਜਦੋਂ ਉਹ ਹੋਰ ਅਮੀਰ ਹੋ ਗਏ ਤਾਂ ਉਨ੍ਹਾਂ ਆਪਣਾ ਵਧੇਰੇ ਧਿਆਨ ਇਸ ਧੰਦੇ ’ਤੇ ਲਾ ਦਿੱਤਾ ਤੇ ਖੇਤਾਂ ਵਿੱਚ ਕੰਮ ਕਰਨ ਲਈ ਇੱਕ ਖੇਤ ਮਜ਼ਦੂਰ ਨੂੰ ਰੱਖ ਲਿਆ। ਉਹਦੇ ਨਾਲ ਬੱਚਿਆਂ ਅਤੇ ਪਤਨੀ ਨੂੰ ਵੀ ਲਾ ਦਿੱਤਾ। ਜਦੋਂ ਮੈਂ ਛੇ ਵਰ੍ਹਿਆਂ ਦਾ ਸਾਂ ਤਾਂ ਮੈਂ ਖੇਤੀਬਾਡ਼ੀ ਵਿੱਚ ਹੱਥ ਵਟਾਉਣ ਲੱਗਾ। ਮੇਰੇ ਪਿਤਾ ਕੋਲ ਆਪਣੇ ਕੰਮ ਧੰਦੇ ਲਈ ਕੋਈ ਦੁਕਾਨ ਨਹੀਂ ਸੀ। ਉਹ ਸਿੱਧੇ ਰੂਪ ਵਿੱਚ ਗ਼ਰੀਬ ਕਿਸਾਨਾਂ ਕੋਲੋਂ ਅਨਾਜ ਖਰੀਦਦੇ ਤੇ ਉਸ ਨੂੰ ਸ਼ਹਿਰ ਦੇ ਵਪਾਰੀਆਂ ਕੋਲ ਮੁਨਾਫ਼ੇ ’ਤੇ ਵੇਚ ਦਿੰਦੇ। ਸਰਦੀਆਂ ਦੇ ਮੌਸਮ ਵਿੱਚ ਜਦੋਂ ਛਡ਼ਾਈ ਦਾ ਸਮਾਂ ਹੁੰਦਾ ਤਾਂ ਉਹ ਹੋਰ ਕਈ ਮਜ਼ਦੂਰਾਂ ਨੂੰ ਬੁਲਾ ਲੈਂਦੇ। ਇਸ ਤਰ੍ਹਾਂ ਘਰ ਵਿੱਚ ਖਾਣ ਪੀਣ ਵਾਲਿਆਂ ਦੀ ਗਿਣਤੀ ਵਧ ਜਾਂਦੀ ਪਰ ਇਸ ਦੇ ਬਾਵਜੂਦ ਖਾਣ ਪੀਣ ਵਿੱਚ ਕਿਫ਼ਾਇਤ ਵਰਤੀ ਜਾਂਦੀ, ਹਾਲਾਂਕਿ ਸਾਡੇ ਕੋਲ ਅਨਾਜ ਕਾਫ਼ੀ ਮਾਤਰਾ ਵਿੱਚ ਪਿਆ ਹੁੰਦਾ।’’
ਘਰ ਦੇ ਸਖ਼ਤ ਹਾਲਾਤ ਤੇ ਪਿਓ ਦੇ ਅੱਖਡ਼ ਸੁਭਾਅ ਤੋਂ ਉਹ ਬਚਪਨ ਵਿੱਚ ਹੀ ਖ਼ਫ਼ਾ ਰਹਿੰਦਾ ਸੀ। ਉਹਦੀ ਮਾਂ ਜਿੰਨੀ ਦਿਆਲੂ ਔਰਤ ਸੀ, ਪਿਤਾ ਓਨੇ ਹੀ ਸਖ਼ਤ ਸੁਭਾਅ ਦਾ ਸੀ। ਪਰਿਵਾਰ ਪ੍ਰਤੀ ਪ੍ਰਤਿਰੋਧ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਹਨੇ ਲਿਖਿਆ ਹੈ-
‘‘ਮੇਰਾ ਮਾਨਸਿਕ ਕਲੇਸ਼ ਵਧਦਾ ਗਿਆ। ਮੇਰੇ ਪਰਿਵਾਰ ਵਿੱਚ ਦਵੰਦਾਤਮਕ ਸੰਘਰਸ਼ ਲਗਾਤਾਰ ਵਿਕਾਸ ਕਰ ਰਿਹਾ ਸੀ। ਇੱਕ ਘਟਨਾ ਮੈਨੂੰ ਅਜੇ ਤਕ ਵੀ ਯਾਦ ਹੈ। ਜਦੋਂ ਮੈਂ ਲਗਪਗ ਤੇਰ੍ਹਾਂ ਵਰ੍ਹਿਆਂ ਦਾ ਸਾਂ, ਤਦੋਂ ਮੇਰੇ ਪਿਤਾ ਜੀ ਨੇ ਕਈ ਮਹਿਮਾਨਾਂ ਨੂੰ ਘਰੇ ਬੁਲਾਇਆ। ਉਨ੍ਹਾਂ ਦੀ ਹਾਜ਼ਰੀ ਵਿੱਚ ਹੀ ਸਾਡੇ ਦੋਵਾਂ ਵਿੱਚ ਕਿਸੇ ਗੱਲ ’ਤੇ ਵਾਦ ਵਿਵਾਦ ਹੋ ਗਿਆ। ਮੇਰੇ ਪਿਤਾ ਨੇ ਸਾਰੇ ਮਹਿਮਾਨਾਂ ਸਾਹਮਣੇ ਮੇਰੀ ਲਾਹ-ਪਾਹ ਕਰਦਿਆਂ ਮੈਨੂੰ ਨਿਕੰਮਾ ਤੇ ਆਲਸੀ ਕਿਹਾ। ਮੈਂ ਗੁੱਸੇ ਵਿੱਚ ਪਾਗਲ ਹੋ ਗਿਆ ਤੇ ਉਨ੍ਹਾਂ ਨੂੰ ਬੁਰਾ ਭਲਾ ਕਹਿੰਦਾ ਹੋਇਆ ਘਰੋਂ ਦੌਡ਼ ਗਿਆ। ਮੇਰੀ ਮਾਂ ਮੇਰੇ ਪਿੱਛੇ ਦੌਡ਼ਦੀ ਆਈ ਤੇ ਮੈਨੂੰ ਮੋਡ਼ਨ ਲਈ ਤਰਲੇ ਕਰਨ ਲੱਗੀ। ਉਹਦੇ ਪਿੱਛੇ-ਪਿੱਛੇ ਮੇਰੇ ਪਿਤਾ ਵੀ ਆ ਗਏ। ਉਹ ਮੈਨੂੰ ਗੁੱਸੇ ਵਿੱਚ ਝਿਡ਼ਕ ਰਹੇ ਸਨ ਤੇ ਨਾਲ ਹੀ ਵਾਪਸ ਮੁਡ਼ਨ ਲਈ ਵੀ ਕਹਿ ਰਹੇ ਸਨ। ਤਦ ਤਕ ਮੈਂ ਇੱਕ ਤਲਾਅ ਨੇਡ਼ੇ ਪਹੁੰਚ ਚੁੱਕਾ ਸਾਂ। ਮੈਂ ਆਪਣੇ ਪਿਤਾ ਨੂੰ ਧਮਕੀ ਦਿੱਤੀ ਕਿ ਜੇ ਉਹ ਮੇਰੇ ਨੇਡ਼ੇ ਆਉਣਗੇ ਤਾਂ ਮੈਂ ਤਲਾਅ ਵਿੱਚ ਛਾਲ ਮਾਰ ਦਿਆਂਗਾ। ਅਜਿਹੀ ਸਥਿਤੀ ਵਿੱਚ ਘਰੇਲੂ ਯੁੱਧ ਬੰਦ ਕਰਨ ਲਈ ਮੈਂ ਆਪਣੀਆਂ ਕੁਝ ਜਵਾਬੀ ਮੰਗਾਂ ਪੇਸ਼ ਕਰ ਦਿੱਤੀਆਂ। ਮੇਰੇ ਪਿਤਾ ਦੀ ਜ਼ਿੱਦ ਸੀ ਕਿ ਮੈਂ ਮੁਆਫ਼ੀ ਮੰਗਾਂ ਅਤੇ ਨਾਲ ਹੀ ਡੰਡਵਤ ਹੋ ਕੇ ਭੁੱਲ ਬਖਸ਼ਾਵਾਂ। ਮੈਂ ਸਹਿਮਤ ਹੋ ਗਿਆ ਕਿ ਜੇ ਉਹ ਮੈਨੂੰ ਕੁੱਟਣ ਨਾ ਤਾਂ ਮੈਂ ਇੱਕ ਗੋਡਾ ਟੇਕ ਕੇ ਮੁਆਫ਼ੀ ਮੰਗਾਂਗਾ। ਇਸ ਤਰ੍ਹਾਂ ਸਾਡਾ ਦੋਵਾਂ ਦਾ ਯੁੱਧ ਸਮਾਪਤ ਹੋਇਆ। ਇਸ ਘਟਨਾ ਤੋਂ ਮੈਂ ਇਹ ਸਿੱਖਿਆ ਕਿ ਜਦੋਂ ਵੀ ਮੈਂ ਖੁੱਲ੍ਹੀ ਬਗ਼ਾਵਤ ਰਾਹੀਂ ਆਪਣੇ ਹਿੱਤਾਂ ਦੀ ਰੱਖਿਆ ਕਰਾਂਗਾ, ਤਦੋਂ ਮੇਰੇ ਪਿਤਾ ਮੇਰੇ ਮਗਰ ਪੈ ਜਾਣਗੇ ਪਰ ਜਦੋਂ ਮੈਂ ਗੋਡੇ-ਟੇਕੂ ਬਣਾਂਗਾ ਤਦੋਂ ਉਹ ਮੈਨੂੰ ਪਾਣੀ ਪੀ-ਪੀ ਕੋਸਣਗੇ ਤੇ ਪਹਿਲਾਂ ਨਾਲੋਂ ਜ਼ਿਆਦਾ ਕੁੱਟਣਗੇ।’’
ਉਹਦਾ ਪਿਤਾ ਗੁਸੈਲ ਤੇ ਅੱਖਡ਼ ਸੁਭਾਅ ਦਾ ਸੀ। ਇਸ ਦੇ ਦੋ ਕਾਰਨ ਸਨ ਇੱਕ ਤਾਂ ਉਹਦੀ ਫ਼ੌਜ ਦੀ ਨੌਕਰੀ, ਜਿੱਥੇ ਅਨੁਸ਼ਾਸਨ ਵਿੱਚ ਰਹਿ ਕੇ ਹੁਕਮ ਮੰਨਣਾ ਸਿਖਾਇਆ ਜਾਂਦਾ ਹੈ। ਇਸੇ ਕਰਕੇ ਉਹ ਆਪਣੇ ਪੁੱਤਰਾਂ ਤੇ ਪਰਿਵਾਰ ਤੋਂ ਵੀ ਇਸ ਦੀ ਆਸ ਰੱਖਦਾ ਸੀ। ਦੂਜਾ ਉਹ ਨਵਾਂ-ਨਵਾਂ ਅਮੀਰ ਬਣਿਆ ਸੀ। ਗ਼ਰੀਬਾਂ ’ਤੇ ਉਹਦੀ ਪੂਰੀ ਧੌਂਸ ਸੀ। ਉਹਦੇ ਇਸ ਸੁਭਾਅ ’ਤੇ ਚਾਣਨਾ ਪਾਉਂਦੇ ਹੋਏ ਮਾਓ ਨੇ ਲਿਖਿਆ ਹੈ, ‘‘ਉਹ ਬਡ਼ੇ ਗੁਸੈਲ ਸੁਭਾਅ ਦੇ ਸਨ ਤੇ ਅਕਸਰ ਮੇਰੀ ਤੇ ਮੇਰੇ ਭਰਾਵਾਂ ਦੀ ਕੁੱਟਮਾਰ ਕਰਦੇ ਰਹਿੰਦੇ ਸਨ। ਸਾਨੂੰ ਰੁਪਏ ਪੈਸੇ ਦੇਣ ਲੱਗਿਆਂ ਉਹ ਅਕਸਰ ਆਨਾਕਾਨੀ ਕਰਦੇ ਸਨ। ਜਿਹਡ਼ਾ ਭੋਜਨ ਸਾਨੂੰ ਦਿੱਤਾ ਜਾਂਦਾ ਸੀ ਉਹ ਵੀ ਘਟੀਆ ਕਿਸਮ ਦਾ ਹੁੰਦਾ ਸੀ। ਹਰ ਮਹੀਨੇ ਦੀ 15 ਤਰੀਕ ਨੂੰ ਉਹ ਆਪਣੇ ਖੇਤ ਮਜ਼ਦੂਰਾਂ ਨੂੰ ਰਿਆਇਤੀ ਤੌਰ ’ਤੇ ਚੌਲਾਂ ਨਾਲ ਖਾਣ ਲਈ ਆਂਡੇ ਦਿੰਦੇ ਸਨ ਪਰ ਸਾਨੂੰ ਨਾ ਕਦੇ ਆਂਡੇ ਮਿਲੇ ਸਨ ਨਾ ਗੋਸ਼ਤ।’’

ਬਦਲਦੇ ਸਮੇਂ ਦੇ ਨਾਲ ਆਪਣੀ ਵਿਚਾਰ ਯਾਤਰਾ ਦੌਰਾਨ ਪਿਤਾ ਪੁੱਤਰ ਵਿੱਚ ਦ੍ਰਿਸ਼ਟੀ ਪੱਖੋਂ ਤਬਦੀਲੀ ਆਈ ਸੀ। ਉਹਦੀ ਮਾਂ ਬਡ਼ੀ ਦਿਆਲੂ ਤੇ ਗ਼ਰੀਬਾਂ ਨਾਲ ਹਮਦਰਦੀ ਰੱਖਣ ਵਾਲੀ ਨੇਕ ਔਰਤ ਸੀ। ਮਾਂ ਦੇ ਪ੍ਰਭਾਵ ਕਾਰਨ ਹੀ ਮਾਓ ਆਸਤਿਕ ਸੀ। ਉਹ ਨਾ ਕੇਵਲ ਬੁੱਧ ਦੀ ਮੂਰਤੀ ਦੀ ਪੂਜਾ ਕਰਦਾ ਸੀ, ਸਗੋਂ ਪਿਤਾ ਨੂੰ ਆਸਤਿਕ  ਬਣਾਉਣ ਦੇ ਮਾਂ ਦੇ ਯਤਨਾਂ ਵਿੱਚ ਮਦਦ ਵੀ ਕਰਦਾ ਸੀ ਪਰ ਉਹਦਾ ਪਿਤਾ ਅੰਤਾਂ ਦਾ ਭੌਤਿਕਵਾਦੀ ਸੀ। ਦਇਆ-ਦਾਨ-ਧਰਮ ਦੇ ਖ਼ਿਲਾਫ਼ ਧਨ ਜੋਡ਼ਨ ਦੀ ਧੁਨ ਵਿੱਚ ਉਹ ਨਾਸਤਿਕ ਬਣਿਆ ਰਿਹਾ ਪਰ ਇਹ ਜ਼ਿੰਦਗੀ ਦਾ ਅਨੋਖਾ ਸੰਜੋਗ ਹੀ ਸੀ ਕਿ ਸਾਹਿਤ ਤੇ ਵਿਗਿਆਨ ਦੇ ਡੂੰਘੇ ਅਧਿਐਨ ਨੇ ਮਾਓ ਨੂੰ ਨਾਸਤਿਕ ਬਣਾ ਦਿੱਤਾ ਤੇ ਓਧਰ ਪਿਤਾ ਨਾਲ ਇੱਕ ਘਟਨਾ ਵਾਪਰੀ ਜਦੋਂ ਜੰਗਲ ਵਿੱਚ ਇੱਕ ਸ਼ੇਰ ਉਹਨੂੰ ਦਬੋਚਣ ਲੱਗਾ ਤਾਂ ਉਹਨੂੰ ਰੱਬ ਯਾਦ ਆਇਆ। ਸਬੱਬ ਨਾਲ ਹੀ ਉਹ ਬਚ ਗਿਆ ਤੇ ਆਸਤਿਕ ਬਣ ਕੇ ਬੁੱਧ ਦੀ ਪੂਜਾ ਕਰਨ ਲੱਗਾ।
ਸੰਨ 1911 ਦੇ ਨੇਡ਼ੇ ਤੇਡ਼ੇ ਮਾਂਚੂ ਰਾਜਿਆਂ ਦੇ ਖ਼ਿਲਾਫ਼ ਲੋਕਾਂ ਵਿੱਚ ਰੋਹ ਪੈਦਾ ਹੋ ਚੁੱਕਾ ਸੀ। ਉਦੋਂ ਤਕ ਮਾਓ ਪਿੰਡ ਛੱਡ ਕੇ ਸ਼ਹਿਰ ਪਹੁੰਚ ਗਿਆ ਸੀ। ਇੱਥੇ ਹੀ ਉਸ ਨੇ ਪਹਿਲੀ ਵਾਰ ਅਖ਼ਬਾਰ ਦੇਖਿਆ। ‘ਜਨ ਸ਼ਕਤੀ’ ਨਾਂ ਦੇ ਇਸ ਅਖ਼ਬਾਰ ਵਿੱਚ ਉਸ ਨੇ ਮਾਂਚੂਆਂ ਦੇ ਖ਼ਿਲਾਫ਼ ਬਗਾਵਤ ਕਰਨ ਵਾਲੇ 72 ਸ਼ਹੀਦਾਂ ਬਾਰੇ ਲੇਖ ਪਡ਼੍ਹਿਆ। ਇਸ ਨੇ ਚਡ਼੍ਹਦੀ ਜਵਾਨੀ ਦੇ ਉਹਦੇ ਜੋਸ਼ ਨੂੰ ਵੰਗਾਰਿਆ। ਉਹਦੇ ਅੰਦਰ ਸੁੱਤੇ ਇਨਕਲਾਬੀ ਨੂੰ ਝੰਜੋਡ਼ਿਆ। ਇਸ ਤੋਂ ਬਾਅਦ ਹੀ ਮਾਓ ਨੇ ਰਾਜਨੀਤਕ ਸਾਹਿਤ ਪਡ਼੍ਹਨਾ ਸ਼ੁਰੂ ਕੀਤਾ ਅਤੇ ਰਾਜਨੀਤੀ ਦੀਆਂ ਤਹਿਆਂ ਨੂੰ ਸਮਝ ਕੇ ਆਪਣੇ ਭਵਿੱਖ ਦੇ ਦਾਅ ਪੇਚਾਂ ਨੂੰ ਥਾਂ ਸਿਰ ਕੀਤਾ। ਇੱਥੇ ਹੀ ਉਹ ਸੁਨਿਆਤ ਸੇਨ ਅਤੇ ਉਹਦੀ ਜਥੇਬੰਦੀ ਤੁੰਗ-ਮੇਨ-ਹੂਈ ਦੇ ਸੰਪਰਕ ਵਿੱਚ ਆਇਆ। ਸੁਨਿਆਤ ਸੇਨ ਦੇ ਵਿਚਾਰਾਂ ਅਤੇ ਨਿਸ਼ਾਨਿਆਂ ਵਿੱਚ ਉਹਦੀ ਡੂੰਘੀ ਦਿਲਚਸਪੀ ਪੈਦਾ ਹੋਈ। ਚੀਨੀ ਰਾਜ ਘਰਾਣੇ ਉਦੋਂ ਤਕ ਵਿਦੇਸ਼ੀ ਪੂੰਜੀਪਤੀਆਂ ਦੀ ਜਕਡ਼ ਵਿੱਚ ਆ ਚੁੱਕੇ ਸਨ। ਸਥਿਤੀ ਇਹ ਬਣ ਚੁੱਕੀ ਸੀ ਕਿ ਸਥਾਨਕ ਰੇਲਾਂ ਦੀ ਉਸਾਰੀ ਤੇ ਦੂਜੇ ਠੇਕੇ ਸਵਦੇਸ਼ੀ ਪੂੰਜੀਪਤੀਆਂ ਨੂੰ ਦੇਣ ਦੀ ਬਜਾਏ ਵਿਦੇਸ਼ੀਆਂ ਨੂੰ ਦਿੱਤੇ ਗਏ ਜਿਸ ਕਰਕੇ ਸਵਦੇਸ਼ੀ ਪੂੰਜੀਪਤੀ ਰਾਜਿਆਂ ਦੇ ਖ਼ਿਲਾਫ਼ ਇਨਕਲਾਬੀ ਧਿਰਾਂ ਨਾਲ ਜੁਡ਼ ਗਏ। ਰਾਜਿਆਂ ਖ਼ਿਲਾਫ਼ ਇਨਕਲਾਬੀ ਉਭਾਰ ਸ਼ੰਘਾਈ, ਕੈਂਟਨ ਆਦਿ ਵੱਡੇ ਵੱਡੇ ਸ਼ਹਿਰਾਂ ਵਿੱਚ ਫੈਲ ਗਿਆ। ਇਸ ਇਨਕਲਾਬ ਦੀ ਧੁਰੀ ਫ਼ੌਜੀ ਅਫ਼ਸਰ (ਸੇਵਾਮੁਕਤ), ਵਪਾਰੀ ਅਤੇ ਵਿਦਿਆਰਥੀ ਸਨ। ਹੁਨਾਨ ਵਿੱਚ ਇਹ ਇਨਕਲਾਬੀ ਰੋਹ ਵੱਡੇ ਪੱਧਰ ’ਤੇ ਫੈਲਿਆ। ਸਾਰਾ ਪ੍ਰਦੇਸ਼ ਨਾਅਰਿਆਂ ਨਾਲ ਗੂੰਜ ਉਠਿਆ, ‘ਗਣਰਾਜ ਕਾਇਮ ਕਰੋ, ਭੂਮੀ ਸਾਰਿਆਂ ’ਚ ਵੰਡੋ, ਮਾਂਚੂਆਂ ਨੂੰ ਮਾਰ ਭਜਾਓ’।
ਇੱਥੇ ਹੀ ਇੱਕ ਬਡ਼ੀ ਦਿਲਚਸਪ  ਘਟਨਾ ਵਾਪਰੀ। ਚੀਨੀ ਇਨਕਲਾਬ ਹੌਲੀ-ਹੌਲੀ ਸੱਭਿਆਚਾਰਕ ਕ੍ਰਾਂਤੀ ਦਾ ਰੂਪ ਧਾਰਨ ਲੱਗਾ। ਚੀਨ ਵਿੱਚ ਲੰਮੀ ਬੋਦੀ ਰੱਖਣੀ ਰਾਜ ਭਗਤੀ ਦਾ ਪ੍ਰਤੀਕ ਮੰਨੀ ਜਾਂਦੀ ਸੀ। ਆਧੁਨਿਕ ਵਿਚਾਰਾਂ ਵਾਲੇ ਲੋਕ ਇਹ ਬੋਦੀ ਨਹੀਂ ਸਨ ਰੱਖਦੇ। ਇਸ ਲਈ ਉਨ੍ਹਾਂ ਨੂੰ ਨਫ਼ਰਤ ਨਾਲ ਦੇਖਿਆ ਜਾਂਦਾ ਸੀ ਪਰ ਜਦੋਂ ਰਾਜਿਆਂ ਦੇ ਖ਼ਿਲਾਫ਼ ਬਗਾਵਤ ਭਡ਼ਕ ਉੱਠੀ ਤਾਂ ਲੰਮੀਆਂ ਬੋਦੀਆਂ ਨੂੰ ਕੱਟਣ ਨੇ ਮੁਹਿੰਮ ਦਾ ਰੂਪ ਧਾਰਨ ਕਰ ਲਿਆ। ਲੋਕ ਨਾ ਸਿਰਫ਼ ਆਪਣੀਆਂ ਬੋਦੀਆਂ ਕੱਟ ਰਹੇ ਸਨ, ਸਗੋਂ ਦੂਜਿਆਂ ਦੀਆਂ ਜ਼ਬਰਦਸਤੀ ਕੱਟਣ ਲੱਗੇ’।
ਮਾਓ ਆਪਣੇ ਸਕੂਲ ਵਿੱਚ ਬੋਦੀ ਕੱਟਣ ਵਾਲੀ ਮੁਹਿੰਮ ਵਿੱਚ ਸਾਰਿਆਂ ਨਾਲੋਂ ਅੱਗੇ ਸੀ। ਇਸ ਬਾਰੇ ਉਹ ਲਿਖਦਾ ਹੈ, ‘‘ਵਿਦੇਸ਼ੀ ਪੂੰਜੀ ਦਾ ਵਿਰੋਧ ਕਰਨ ਦੇ ਅੰਦੋਲਨ ਦੀ ਸ਼ੁਰੂਆਤ ‘ਸਛਵਾਨ ਹਾਨਖਓ’ ਰੇਲਵੇ ਦੀ ਉਸਾਰੀ ਦੇ ਪ੍ਰਸੰਗ ਵਿੱਚ ਹੋਈ। ਮੇਰੇ ਸਕੂਲ ਦੇ ਵਿਦਿਆਰਥੀ ਭਡ਼ਕ ਪਏ। ਉਨ੍ਹਾਂ ਨੇ ਲੰਮੀ ਬੋਦੀ ਰੱਖਣ ਵਾਲਿਆਂ ਵਿਰੁੱਧ ਮੁਹਿੰਮ ਵਿੱਢ ਦਿੱਤੀ। ਇਸ ਦੀ ਹਮਾਇਤ ਵਿੱਚ ਮੈਂ ਤੇ ਮੇਰੇ ਇੱਕ ਮਿੱਤਰ ਨੇ ਆਪਣੀ-ਆਪਣੀ ਬੋਦੀ ਕੱਟ ਦਿੱਤੀ। ਸਾਡੇ ਕੁਝ ਮਿੱਤਰ ਅਜਿਹੇ ਵੀ ਸਨ, ਜਿਨ੍ਹਾਂ ਨੇ ਬੋਦੀ ਕੱਟਣ ਦਾ ਵਾਅਦਾ ਤਾਂ ਕੀਤਾ ਸੀ ਪਰ ਬਾਅਦ ਵਿੱਚ ਮੁੱਕਰ ਗਏ। ਮੈਂ ਤੇ ਮੇਰੇ ਦੋਸਤ ਨੇ ਰਲ ਕੇ ਉਨ੍ਹਾਂ ’ਤੇ ਗੁਪਤ ਰੂਪ ਵਿੱਚ ਹਮਲਾ ਕਰ ਦਿੱਤਾ ਤੇ ਜ਼ਬਰਦਸਤੀ ਉਨ੍ਹਾਂ ਦੀਆਂ ਬੋਦੀਆਂ ਕੱਟ ਦਿੱਤੀਆਂ। ਕੁੱਲ ਮਿਲਾ ਕੇ 10 ਤੋਂ ਵੱਧ ਬੋਦੀਆਂ ਸਾਡੀਆਂ ਕੈਂਚੀਆਂ ਦਾ ਸ਼ਿਕਾਰ ਬਣੀਆਂ।’’
ਇਨਕਲਾਬੀ ਧਾਰਾ ਨੂੰ ਪ੍ਰਚੰਡ ਕਰਨ ਲਈ ਕੁਝ ਜੋਸ਼ੀਲੇ ਵਿਦਿਆਰਥੀਆਂ ਨੇ ਇੱਕ ਫ਼ੌਜੀ ਦਸਤੇ ਦਾ ਗਠਨ ਕੀਤਾ ਪਰ ਮਾਓ ਨੂੰ ਇਹ ਪਸੰਦ ਨਹੀਂ ਸੀ। ਉਹਨੂੰ ਇਹ ਹਰਕਤ ਬਚਕਾਨਾ ਜਿਹੀ ਲੱਗੀ। ਇਸ ਦੇ ਮੁਕਾਬਲੇ ਉਹਨੇ ਸਿੱਧੇ ਰੂਪ ਵਿੱਚ ਫ਼ੌਜ ਵਿੱਚ ਭਰਤੀ ਹੋਣ ਨੂੰ ਤਰਜੀਹ ਦਿੱਤੀ। ਇਸ ਤਰ੍ਹਾਂ 18 ਵਰ੍ਹਿਆਂ ਦੀ ਉਮਰ ਵਿੱਚ ਮਾਓ ਫ਼ੌਜ ਵਿੱਚ ਭਰਤੀ ਹੋ ਗਿਆ। ਆਪਣੇ ਹਮਉਮਰਾਂ ਨਾਲੋਂ ਕੱਦ ਵਿੱਚ ਲੰਮਾ ਹੋਣ ਕਰਕੇ ਸਕੂਲ ਵਿੱਚ ਦਾਖਲ ਹੋਣ ਸਮੇਂ ਉਹਨੂੰ ਮੁਸ਼ਕਲ ਆਈ ਸੀ ਪਰ ਇਸੇ ਕੱਦ ਕਾਠ ਨੇ ਫ਼ੌਜ ਵਿੱਚ ਉਹਨੂੰ ਵਿਸ਼ੇਸ਼ ਅਹਿਮੀਅਤ ਦਿਵਾਈ। ਫ਼ੌਜੀਆਂ ਵਿੱਚ ਪਡ਼੍ਹੇ-ਲਿਖੇ ਘੱਟ ਸਨ। ਇਸੇ ਕਰਕੇ ਬਹੁਤੇ ਫੌਜੀ ਉਹਦੇ ਕੋਲੋਂ ਚਿੱਠੀਆਂ ਪਡ਼੍ਹਵਾਉਣ ਅਤੇ ਲਿਖਾਉਣ ਆਉਂਦੇ। ਇਨ੍ਹਾਂ ਫ਼ੌਜੀਆਂ ਵਿੱਚ ਵਧੇਰੇ ਸਾਧਾਰਨ ਸਿੱਧੇ ਸਾਦੇ ਕਿਸਾਨ, ਸ਼ਿਲਪਕਾਰ, ਲੋਹਾਰ ਤੇ ਖਾਣ ਮਜ਼ਦੂਰ ਸਨ। ਇੱਥੇ ਮਾਓ ਉਨ੍ਹਾਂ ਅੰਦਰ ਰਾਜਤੰਤਰ ਅਤੇ ਸਾਮੰਤਸ਼ਾਹੀ ਖ਼ਿਲਾਫ਼ ਵਿਚਾਰ ਪੈਦਾ ਕਰਨ ਵਿੱਚ ਕਾਮਯਾਬ ਹੋ ਗਿਆ। ਨਾਲ ਨਾਲ ਫ਼ੌਜ ਵਿੱਚ ਉਹ ਆਪਣਾ ਅਧਿਐਨ ਵੀ ਕਰਦਾ ਰਿਹਾ। ਉਹਦੀ ਤਨਖ਼ਾਹ ਦਾ ਵੱਡਾ ਹਿੱਸਾ ਅਖ਼ਬਾਰਾਂ ਅਤੇ ਰਸਾਲਿਆਂ ’ਤੇ ਖਰਚ ਹੋਣ ਲੱਗਾ। ਇਸ ਬਾਰੇ ਉਹਨੇ ਖੁਦ ਲਿਖਿਆ ਹੈ:
‘‘ਇਨਕਲਾਬ ਨਾਲ ਸਬੰਧ ਰੱਖਣ ਵਾਲੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਰੋਜ਼ਾਨਾ ‘ਸ਼ਿਆਡ ਚਿਆਂਗ’ ਅਖ਼ਬਾਰ ਵੀ ਸ਼ਾਮਲ ਸੀ। ਉਸ ਵਿੱਚ ਸਮਾਜਵਾਦ ਬਾਰੇ ਬਹਿਸ ਕੀਤੀ ਜਾਂਦੀ ਸੀ। ਉਹਦੇ ਕਾਲਮਾਂ ਵਿੱਚ ਹੀ ਪਹਿਲੀ ਵਾਰ ਮੈਂ ਇਹ ਸ਼ਬਦ ਪਡ਼੍ਹਿਆ।  ਮੈਂ ਸਮਾਜਵਾਦ ਦਰਅਸਲ ਸਮਾਜਿਕ ਸੁਧਾਰਵਾਦ ’ਤੇ ਹੋਰ ਵਿਦਿਆਰਥੀਆਂ ਅਤੇ ਫ਼ੌਜੀਆਂ ਨਾਲ ਬਹਿਸ ਕਰਦਾ ਸਾਂ। ਚਿਆਂਗ ਖਡ਼ਹੂ ਵੱਲੋਂ ਲਿਖੇ ਗਏ ਸਮਾਜਵਾਦ ਤੇ ਉਹਦੇ ਅਸੂਲਾਂ ਬਾਰੇ ਲਿਖੇ ਪੈਂਫਲੈਟ ਵੀ ਮੈਂ ਪਡ਼੍ਹੇ। ਇਨ੍ਹਾਂ ਬਾਰੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਬਡ਼ੇ ਉਤਸ਼ਾਹ ਨਾਲ ਲਿਖਿਆ ਪਰ ਉਨ੍ਹਾਂ ਵਿੱਚੋਂ ਕੇਵਲ ਇੱਕ ਨੇ ਹੀ ਮੈਨੂੰ ਇਸ ਬਾਰੇ ਵਾਪਸੀ ਜਵਾਬ ਦਿੱਤਾ।’’
ਕੁਝ ਚਿਰ ਪਿੱਛੋਂ ਸੁਨਿਆਤ ਸੇਨ ਤੇ ਰਾਜਤੰਤਰ ਵਿਚਾਲੇ ਸਮਝੌਤਾ ਹੋ ਗਿਆ। ਇਸ ਲਈ ਭਵਿੱਖ ਦੇ ਯੁੱਧ ਨੂੰ ਰੋਕ ਦਿੱਤਾ ਗਿਆ। ਇਹ ਸੋਚ ਕੇ ਹੁਣ ਇਨਕਲਾਬੀ ਅਮਲ ਖ਼ਤਮ ਹੋ ਗਿਆ। ਮਾਓ ਨੇ ਫ਼ੌਜ ਤੋਂ ਵਾਪਸੀ ਕਰ ਲਈ। ਇਸੇ ਸਮੇਂ ਉਸ ਨੇ ਆਪਣੇ ਆਪ ਨੂੰ ਸਵੈ-ਅਧਿਐਨ ਵਿੱਚ ਲਾਉਣ ਦਾ ਮਨ ਬਣਾਇਆ। ਹੁਨਾਨ ਦੀ ਪ੍ਰਾਂਤਕ ਲਾਇਬਰੇਰੀ ਵਿੱਚ ਉਸ ਨੇ ਸਵੈ-ਅਧਿਐਨ ਨੂੰ ਅਮਲੀਜਾਮਾ ਪੁਆਇਆ। ਇਸ ਬਾਰੇ ਚਰਚਾ ਕਰਦਾ ਉਹ ਲਿਖਦਾ ਹੈ-
‘‘ਮੈਂ ਬਡ਼ੇ ਨੇਮ ਨਾਲ ਹਰ ਰੋਜ਼ ਲਾਇਬਰੇਰੀ ਜਾਂਦਾ ਤੇ ਅੱਧੇ ਸਾਲ ਤਕ ਮੇਰਾ ਇਹ ਨੇਮ ਬਡ਼ੀ ਦ੍ਰਿਡ਼੍ਹਤਾ ਨਾਲ ਬਣਿਆ ਰਿਹਾ। ਇਹ ਸਮਾਂ ਮੇਰੇ ਵਿਚਾਰਾਂ ਨੂੰ ਪੁਖ਼ਤਾ ਕਰਨ ਲਈ ਬਡ਼ਾ ਲਾਹੇਵੰਦ ਸਾਬਤ ਹੋਇਆ। ਮੈਂ ਸਵੇਰੇ ਲਾਇਬਰੇਰੀ ਖੁੱਲ੍ਹਣ ਦੇ ਨਿਸ਼ਚਿਤ ਸਮੇਂ ਉੱਥੇ ਪਹੁੰਚ ਜਾਂਦਾ। ਦੁਪਹਿਰ ਨੂੰ ਚੌਲਾਂ ਦੀਆਂ ਦੋ ਟਿੱਕੀਆਂ ਖਾਂਦਾ। ਇਹੀ ਮੇਰਾ ਭੋਜਨ ਹੁੰਦਾ ਸੀ। ਭੋਜਨ ਖਰੀਦਣ ਤੇ ਖਾਣ ’ਤੇ ਜਿੰਨਾ ਸਮਾਂ ਲੱਗਦਾ, ਓਨੇ ਚਿਰ ਤਕ ਹੀ ਮੇਰੀ ਪਡ਼੍ਹਾਈ ਰੁਕਦੀ। ਇਸ ਸਮੇਂ ਦੌਰਾਨ ਮੈਂ ਕਈ ਕਿਤਾਬਾਂ ਪਡ਼੍ਹੀਆਂ ਜਿਨ੍ਹਾਂ ਵਿੱਚ ਭੂਗੋਲ ਤੇ ਇਤਿਹਾਸ ਦੇ ਅਧਿਐਨ ਸ਼ਾਮਲ ਸਨ। ਓਥੇ ਹੀ ਪਹਿਲੀ ਵਾਰ ਮੈਂ ਦੁਨੀਆਂ ਦਾ ਨਕਸ਼ਾ ਵੇਖਿਆ ਤੇ ਬਡ਼ੀ ਦਿਲਚਸਪੀ ਨਾਲ ਉਹਦਾ ਅਧਿਐਨ ਕੀਤਾ। ਪੁਸਤਕਾਂ ਵਿੱਚ ਐਡਮ, ਡਾਰਵਿਨ, ਜਾਨ ਸਟੂਅਰਟ ਮਿੱਲ, ਰੂਸੋ, ਸਪੈਂਸਰ, ਮਾਨਟੈਸਕਿਊ ਆਦਿ ਦੀਆਂ ਲਿਖਤਾਂ ਪਡ਼੍ਹੀਆਂ। ਇਨ੍ਹਾਂ ਦੇ ਨਾਲ-ਨਾਲ ਕਵਿਤਾਵਾਂ, ਬੀਰ ਗਾਥਾਵਾਂ ਅਤੇ ਪ੍ਰਚਾੀਨ ਯੂਨਾਨੀ ਕਥਾਵਾਂ ਨੂੰ ਵੀ ਵਾਚਿਆ।’’
ਜਲਦੀ ਹੀ ਇਹ ਸਵੈ-ਅਧਿਐਨ ਖ਼ਤਮ ਹੋ ਗਿਆ। ਇੱਕ ਤਾਂ ਇਹ ਕਿ ਸੇਵਾਮੁਕਤ ਫ਼ੌਜੀਆਂ ਅਤੇ ਵਿਦਿਆਰਥੀਆਂ ਵਿੱਚ ਖ਼ੂਨੀ ਝਡ਼ਪਾਂ ਹੋ ਗਈਆਂ ਜਿਸ ਕਰਕੇ ਉਹਨੂੰ ਆਪਣੀ ਜਾਨ ਬਚਾ ਕੇ ਉੱਥੋਂ ਦੌਡ਼ਨਾ ਪਿਆ। ਦੂਜਾ ਬਿਨਾਂ ਕਿਸੇ ਸਕੂਲ ਵਿੱਚ ਦਾਖਲਾ ਲਿਆਂ, ਆਪਣੇ ਆਪ ਪਡ਼੍ਹਨ ਦੀ ਅਹਿਮੀਅਤ ਉਹਦੇ ਪਿਤਾ ਦੀਆਂ ਨਜ਼ਰਾਂ ਵਿੱਚ ਬਿਲਕੁਲ ਨਹੀਂ ਸੀ। ਉਨ੍ਹਾਂ ਲਈ ਸਵੈ-ਅਧਿਐਨ ਕੇਵਲ ਸਮੇਂ ਦੀ ਬਰਬਾਦੀ ਦੇ ਅਰਥ ਹੀ ਰੱਖਦਾ ਸੀ। ਇਸ ਲਈ ਉਨ੍ਹਾਂ ਨੇ ਪੈਸੇ-ਟਕੇ ਦੀ ਮਦਦ ਤੋਂ ਹੱਥ ਖਿੱਚ ਲਿਆ। ਉਨ੍ਹਾਂ ਨੇ ਵਿਦਿਆਰਥੀ ਮਾਓ ਨੂੰ ਆਪਣੇ ਬਾਰੇ ਫ਼ੈਸਲਾ ਕਰਨ ਦੀ ਆਗਿਆ ਦੇ ਦਿੱਤੀ। ਉਹਨੇ ਅੱਗੋਂ ਪਡ਼੍ਹਨ ਦਾ ਫ਼ੈਸਲਾ ਕੀਤਾ ਤੇ ਅਗਲੇ ਪੰਜਾਂ ਵਰ੍ਹਿਆਂ ਲਈ ਹੁਨਾਨ ਨਾਰਮਨ ਸਕੂਲ ਵਿੱਚ ਦਾਖਲਾ ਲੈ ਲਿਆ।
ਉਸ ਤੋਂ ਬਾਅਦ ਉਹ ਕਾਲਜ ਦਾਖਲ ਹੋ ਗਿਆ। ਕਾਲਜ ਦੇ 600 ਵਿਦਿਆਰਥੀਆਂ ਦਾ ਉਹ ਸਰਬਸੰਮਤੀ ਨਾਲ ਨੇਤਾ ਬਣ ਗਿਆ। ਇੱਥੇ ਹੀ ਉਹਨੇ ਵਿਦਿਆਰਥੀਆਂ ਨੂੰ ਜਥੇਬੰਦ ਕਰਕੇ ਭਵਿੱਖ ਦੇ ਰਾਹ ਉਲੀਕੇ। ਇਸ ਵਿਦਿਆਰਥੀ ਜਥੇਬੰਦੀ ਦਾ ਯੂਨੀਵਰਸਿਟੀ ਵਿਦਿਆਰਥੀਆਂ ’ਤੇ ਬਡ਼ਾ ਪ੍ਰਭਾਵ ਪਿਆ। ਓਧਰ, ਮਾਂਚੂ ਰਾਜਿਆਂ ਦਾ ਰਾਜ ਸਮਾਪਤ ਹੋ ਚੁੱਕਾ ਸੀ ਪਰ ਯੂਨਾਨ-ਸ਼ਿ-ਕਾਈ ਸਰਕਾਰ ਰਾਜ ਦੇ ਸਾਰੇ ਪੁਰਾਣੇ ਢਾਂਚਿਆਂ ਵਾਂਗ ਸਿੱਖਿਆ ਤੰਤਰ ਨੂੰ ਵੀ ਜਿਉਂ ਦਾ ਤਿਉਂ ਕਾਇਮ ਰੱਖਣਾ ਚਾਹੁੰਦੀ ਸੀ। ਉਧਰ ਸਮਝੌਤਾ ਹੋ ਜਾਣ ਦੇ ਬਾਵਜੂਦ ਵਿਦਿਆਰਥੀ ਲਗਾਤਾਰ ਟਕਰਾਅ ਦੀ ਸਥਿਤੀ ਵਿੱਚ ਰਹਿੰਦੇ ਸਨ। ਕਈ ਵਾਰ ਉਨ੍ਹਾਂ ਦਾ ਟਕਰਾਅ ਕਾਲਜਾਂ ਦੇ ਭ੍ਰਿਸ਼ਟਾਚਾਰੀ ਅਫ਼ਸਰਾਂ ਨਾਲ ਹੋ ਜਾਂਦਾ। ਮਾਓ ਇਨ੍ਹਾਂ ਟਕਰਾਵਾਂ ਦੀ ਸੰਚਾਲਕ ਸ਼ਕਤੀ ਸੀ। ਇੱਕ ਵਾਰ ਉਸ ਨੂੰ ਕਾਲਜ ਵਿੱਚੋਂ ਕੱਢਣ ਦਾ ਫ਼ੈਸਲਾ ਕੀਤਾ ਗਿਆ ਪਰ ਵਿਦਿਆਰਥੀਆਂ ਦੇ ਦਬਾਅ ਕਰਕੇ ਫ਼ੈਸਲਾ ਵਾਪਸ ਲੈ ਲਿਆ ਗਿਆ।
ਕਾਲਜ ਦੀ ਪਡ਼੍ਹਾਈ ਦੌਰਾਨ ਪ੍ਰੋਫੈਸਰ ਯਾਂਡ ਦਾ ਉਸ ’ਤੇ ਕਾਫ਼ੀ ਪ੍ਰਭਾਵ ਪਿਆ। ਯਾਂਡ ਅਨੁਸਾਰ ਮਨੁੱਖ ਨੂੰ ਆਪਣੇ ਆਪ ’ਤੇ ਘੱਟ ਤੋਂ ਘੱਟ ਖਰਚ ਕਰਨਾ ਚਾਹੀਦਾ ਹੈ। ਉਹਦੇ ਅਨੁਸਾਰ ਸਵੇਰੇ ਨਾਸ਼ਤਾ ਕਰਨ ਦੀ ਲੋਡ਼ ਨਹੀਂ। ਸਰੀਰ ਨੂੰ ਤੰਦਰੁਸਤ ਰੱਖਣ ਲਈ ਮਨੁੱਖ ਨੂੰ ਸਾਰਾ ਸਾਲ ਠੰਢੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਮਾਓ ਦਾ ਮੱਤ ਸੀ ਕਿ ਇਹ ਆਦਰਸ਼ਵਾਦੀ ਚਿੰਤਨ ਸਾਮੰਤੀ ਸਮਾਜ ਦੇ ਖ਼ਿਲਾਫ਼  ਵਿਦਰੋਹ ਦਾ ਹੀ ਰੂਪ ਸੀ। ਸਾਮੰਤੀ ਸਮਾਜ ਵਿੱਚ ਉਤਪਾਦਨ ਦੇ ਸਾਰੇ ਸਾਧਨ ਉਨ੍ਹਾਂ ਦੁਆਰਾ ਭੋਗੇ ਜਾਣ ਲਈ ਹੁੰਦੇ ਹਨ ਕਿਉਂਕਿ ਇਨ੍ਹਾਂ ਸਾਧਨਾਂ ’ਤੇ ਉਨ੍ਹਾਂ ਦਾ ਹੀ ਕਬਜ਼ਾ ਹੁੰਦਾ ਹੈ। ਇਸ ਦੇ ਉਲਟ ਪੂੰਜੀਵਾਦੀ ਸਮਾਜ ਵਿੱਚ ਸਾਧਨਾਂ ਅਤੇ ਉਤਪਾਦਨ ਦੀ ਬਹੁਲਤਾ ਤਾਂ ਹੁੰਦੀ ਹੈ ਪਰ ਮਿਹਨਤਕਸ਼ਾਂ ਕੋਲ ਇਨ੍ਹਾਂ ਦੀ ਖਰੀਦ ਸ਼ਕਤੀ ਨਹੀਂ ਹੁੰਦੀ। ਆਦਰਸ਼ਵਾਦੀ ਚਿੰਤਨ ਘੱਟ ਤੋਂ ਘੱਟ ਵਰਤੋਂ ਕਰਨ ਅਤੇ ਦੂਜੇ ਲੋਡ਼ਵੰਦਾਂ ਵਿੱਚ ਵੰਡਣ ਨੂੰ ਪਹਿਲ ਦਿੰਦਾ ਹੈ। ਪ੍ਰੋਫ਼ੈਸਰ ਯਾਂਡ ਦੇ ਪ੍ਰਭਾਵ ਹੇਠ ਹੀ ਤਕਰੀਬਨ ਦੋ ਸਾਲ ਤਕ ਮਾਓ ਨੇ ਨਾਸ਼ਤਾ ਨਹੀਂ ਕੀਤਾ। ਇੱਕ ਸਾਲ ਕਾਲਜ ਦੀਆਂ ਛੁੱਟੀਆਂ ਵਿੱਚ ਸਿਰਫ਼ ਇੱਕ ਪਰਨੇ ਤੇ ਕੁਝ ਕੁ ਕੱਪਡ਼ਿਆਂ ਨਾਲ ਠੰਢ ਦੇ ਮੌਸਮ ਵਿੱਚ ਪਹਾਡ਼ ਉੱਪਰ ਖੁੱਲ੍ਹੇ ਆਕਾਸ਼ ਹੇਠ ਸੌਂਦਾ ਰਿਹਾ। ਇਸ ਬਾਰੇ ਉਹ ਲਿਖਦਾ ਹੈ-
‘‘ਅਸੀਂ ਬਡ਼ੇ ਜੋਸ਼ ਨਾਲ ਸਰੀਰਕ ਕਸਰਤ ਕਰਦੇ ਸਾਂ। ਸਰਦੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਪੈਦਲ ਖੇਤਾਂ ਦੀ ਸੈਰ ਕਰਦੇ ਸਾਂ। ਪਹਾਡ਼ਾਂ ’ਤੇ ਚਡ਼੍ਹਿਆ ਉਤਰਿਆ ਕਰਦੇ ਸਾਂ। ਸ਼ਹਿਰ ਦੀ ਕੰਧ ਦੇ ਨਾਲ-ਨਾਲ ਘੁੰਮਦੇ ਫਿਰਦੇ ਰਹਿੰਦੇ ਸਾਂ ਅਤੇ ਠੰਢੇ ਜਲ ਸੋਮਿਆਂ ਅਤੇ ਨਦੀਆਂ, ਝਰਨਿਆਂ ਨੂੰ ਪਾਰ ਕਰਦੇ ਸਾਂ। ਜੇ ਮੀਂਹ ਪੈ ਰਿਹਾ ਹੁੰਦਾ ਤਾਂ ਅਸੀਂ ਆਪਣੀਆਂ-ਆਪਣੀਆਂ ਕਮੀਜ਼ਾਂ ਉਤਾਰ ਕੇ ਮੀਂਹ ਵਿੱਚ ਭਿੱਜਦੇ ਰਹਿੰਦੇ। ਇਸ ਨੂੰ ਅਸੀਂ ਮੀਂਹ ਇਸ਼ਨਾਨ ਕਹਿੰਦੇ ਸਾਂ। ਜੇ ਤਿੱਖੀ, ਤੇਜ਼ ਧੁੱਪ ਹੁੰਦੀ ਤਾਂ ਵੀ ਅਸੀਂ ਆਪਣੀਆਂ ਕਮੀਜ਼ਾਂ ਉਤਾਰ ਲੈਂਦੇ। ਇਸ ਨੂੰ ਅਸੀਂ ਧੁੱਪ ਇਸ਼ਨਾਨ ਕਹਿੰਦੇ। ਬਸੰਤ ਦੀ ਰੁੱਤੇ ਜਦੋਂ ਤਿੱਖੀਆਂ ਤੇਜ਼ ਹਵਾਵਾਂ ਵਗਦੀਆਂ ਤਾਂ ਉਸ ਨੂੰ ਅਸੀਂ ਹਾਸੇ ਠੱਠੇ ਵਿੱਚ ਹਵਾ ਇਸ਼ਨਾਨ ਕਹਿੰਦੇ। ਸਰਦੀ ਦੇ ਮੌਸਮ ਵਿੱਚ ਵੀ ਅਸੀਂ ਖੁੱਲ੍ਹੇ ਅਸਮਾਨ ਹੇਠਾਂ ਸੌਂਦੇ ਅਤੇ ਨਵੰਬਰ ਦੇ ਮਹੀਨੇ ਠੰਢੇ ਦਰਿਆਵਾਂ ਵਿੱਚ ਇਸ਼ਨਾਨ ਕਰਦੇ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਅਸੀਂ ਸਰੀਰਕ ਅਭਿਆਸ ਦਾ ਨਾਂ ਦਿੱਤਾ ਹੋਇਆ ਸੀ। ਇਸ ਨਾਲ ਮੈਨੂੰ ਸਰੀਰਕ ਡੀਲ ਡੋਲ ਵਿਕਸਤ ਕਰਨ ਵਿੱਚ ਬਡ਼ੀ ਮਦਦ ਮਿਲੀ, ਜਿਹਡ਼ੀ ਬਾਅਦ ਵਿੱਚ ਦੱਖਣੀ ਚੀਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਕੂਚ ਕਰਨ ਵੇਲੇ ਅਤੇ ਚਿਆਂਗ-ਸ਼ਾਈ ਪ੍ਰਾਂਤ ਤੋਂ ਉੱਤਰ ਪੱਛਮੀ ਚੀਨ ਤਕ ਲਾਂਗ ਮਾਰਚ ਪੂਰਾ ਕਰਨ ਦੇ ਪੱਖੋਂ ਬਡ਼ੀ ਲਾਹੇਵੰਦ ਸਾਬਤ ਹੋਈ।
4 ਮਈ 1919 ਨੂੰ ਵਿਦਿਆਰਥੀਆਂ ਦੇ ਵਿਸ਼ਾਲ ਜਲੂਸ ਨੇ ਉਸ ਨੂੰ ਘੇਰ ਲਿਆ, ਜਿੱਥੇ ਸਰਕਾਰ ਦੇ ਮੰਤਰੀ ਜਪਾਨੀ ਰਾਜਦੂਤਾਂ ਨਾਲ ਚੀਨ ਦੀ ਲੁੱਟ-ਖਸੁੱਟ ਕਰਨ ਲਈ ਗੱਲਬਾਤ ਕਰ ਰਹੇ ਸਨ। ਪੁਲੀਸ ਨੇ ਵਿਦਿਆਰਥੀਆਂ ’ਤੇ ਗੋਲੀ ਚਲਾ ਦਿੱਤੀ ਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ। ਦੇਖਦੇ ਹੀ ਦੇਖਦੇ ਵਿਦੇਸ਼ੀ ਪੂੰਜੀਪਤੀਆਂ ਦੇ ਖ਼ਿਲਾਫ਼ ਸਮੁੱਚੇ ਦੇਸ਼ ਵਿੱਚ ਰੋਹ ਪੈਦਾ ਹੋ ਗਿਆ। ਇਸ ਦੌਰਾਨ ਹੀ ਮਾਓ ਨੇ ਇਹ ਨਾਅਰਾ ਦਿੱਤਾ, ‘‘ਇਹ ਦੁਨੀਆਂ ਸਾਡੀ ਹੈ, ਇਹ ਦੇਸ਼ ਸਾਡਾ ਹੈ, ਇਹ ਸਮਾਜ ਸਾਡਾ ਹੈ।’’ ਇਸੇ ਸਮੇਂ ਮਾਓ ਕੁਝ ਦੇਰ ਅਧਿਆਪਕ ਵੀ ਰਿਹਾ।
ਸੰਨ 1921-22 ਵਿੱਚ ਉਹਨੂੰ ਆਪਣੇ ਇੱਕ ਅਧਿਆਪਕ ਦੀ ਬੇਟੀ ਯਾਂਡ ਨਾਲ ਪ੍ਰੇਮ ਹੋ ਗਿਆ। ਯਾਂਡ ਇੰਨੀ ਵਰ੍ਹਿਆਂ ਦੀ ਜਵਾਨ ਉਮਰੇ 1921 ਵਿੱਚ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਈ। ਮਾਓ ਨਾਲ 1923 ਤੋਂ 1925 ਤਕ ਸ਼ੰਘਾਈ, ਚਿਆਂਗ-ਸ਼ਾਅ ਆਦਿ ਮੁਹਿੰਮਾਂ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਔਰਤਾਂ ਨੂੰ ਜਥੇਬੰਦ ਕਰਨ ਵਿੱਚ ਉਹਨੇ ਬਡ਼ੀ ਮਿਹਨਤ ਕੀਤੀ। ਸਾਲ 1927 ਵਿੱਚ ਇਨਕਲਾਬ ਦੇ ਅਸਫ਼ਲ ਹੋ ਜਾਣ ਤੋਂ ਬਾਅਦ ਮਾਓ ਲਾਲ ਫ਼ੌਜ ਦੇ ਗਠਨ ਲਈ ਰੂਪੋਸ਼ ਹੋ ਗਿਆ, ਤਦੋਂ ਵੀ ਉਹ ਕਮਿਊਨਿਸਟ ਪਾਰਟੀ ਦੀਆਂ ਗਤੀਵਿਧੀਆਂ ਨੂੰ ਚਲਾਉਂਦੀ ਰਹੀ। ਉਹ ਇੱਕ ਪ੍ਰਤਿਭਾਸ਼ਾਲੀ, ਇਨਕਲਾਬੀ ਵਿਚਾਰਾਂ ਨਾਲ ਪ੍ਰਣਾਈ ਔਰਤ ਸੀ। ਬੀਜਿੰਗ ਯੂਨੀਵਰਸਿਟੀ ਵਿੱਚ ਪਡ਼੍ਹਦਿਆਂ ਹੀ ਉਹਨੇ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਲਈ ਵੱਡਾ ਰੋਲ ਅਦਾ ਕੀਤਾ। ਉਹਦੇ ਦੋ ਬੱਚੇ ਸਨ, ਜਿਹਡ਼ੇ ਉਹਦੀ ਮੌਤ ਤੋਂ ਬਾਅਦ ਨਾਨਾ ਨਾਨੀ ਨੇ ਪਾਲੇ। ਜਵਾਨੀ ਦੀ ਉਮਰੇ ਹੀ ਕਿਸਾਨਾਂ ਨੂੰ ਜਥੇਬੰਦ ਕਰਦੀ ਉਹ ਗ੍ਰਿਫ਼ਤਾਰ ਕਰ ਲਈ ਗਈ ਤੇ ਬਾਅਦ ਵਿੱਚ ਉਹਨੂੰ ਗੋਲੀ ਮਾਰ ਦਿੱਤੀ ਗਈ। ਮਾਓ ਨਾਲ ਉਹਦਾ ਪਿਆਰ ਵਿਆਹ ਇਨਕਲਾਬੀ ਸਫਾਂ ਵਿੱਚ ਲੰਮੇ ਸਮੇਂ ਤਕ ਆਦਰਸ਼ ਬਣਿਆ ਰਿਹਾ।
ਰਾਜਨੀਤਕ ਜ਼ਿੰਦਗੀ ਵਿੱਚ ਮਾਓ ਦੇ ਪਰਿਵਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹਦੇ ਪਰਿਵਾਰ ਦੇ ਪੰਜ ਮੈਂਬਰ ਇਸ ਇਨਕਲਾਬੀ ਯਾਤਰਾ ਵਿੱਚ ਸ਼ਹੀਦ ਹੋ ਗਏ। ਉਹਦੇ ਭਰਾ ਮਾਓ ਚੇਤੀਨ ਨੂੰ 1943 ਵਿੱਚ 47 ਵਰ੍ਹਿਆਂ ਦੀ ਉਮਰ ਵਿੱਚ ਗੋਲੀ ਮਾਰ ਦਿੱਤੀ ਗਈ। ਉਹਦਾ ਛੋਟਾ ਭਰਾ ਮਾਓ-ਚ-ਥਾਨ 1935 ਵਿੱਚ ਕੌਮਿਤਾਂਗ ਯੁੱਧ ਵਿੱਚ 35 ਵਰ੍ਹਿਆਂ ਦੀ ਉਮਰ ਵਿੱਚ ਲਡ਼ਦਾ ਸ਼ਹੀਦ ਹੋ ਗਿਆ। ਸਾਲ 1929 ਵਿੱਚ ਉਹਦੀ ਚਚੇਰੀ ਭੈਣ ਮਾਓ-ਚਚੇਨ ਨੂੰ 24 ਵਰ੍ਹਿਆਂ ਦੀ ਉਮਰ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਮਾਓ-ਚ-ਥਾਨ ਦਾ ਬੇਟਾ ਮਾਓ-ਛੁ-ਸ਼ੁੰਗ ਕੇਵਲ 18 ਵਰ੍ਹਿਆਂ ਦੀ ਉਮਰ ਵਿੱਚ ਇਨਕਲਾਬ ਲਈ ਸ਼ਹੀਦ ਹੋ ਗਿਆ।
ਏਥੇ ਹੀ ਬਸ ਨਹੀਂ ਉਹਦਾ ਇੱਕ ਬੇਟਾ ਕਾਮਰੇਡ ਮਾਓ-ਆਨਈਡ ਕੋਰੀਆ ਵਿੱਚ ਸਾਮਰਾਜੀਆਂ ਨਾਲ ਯੁੱਧ ਵਿੱਚ ਲਡ਼ਦਾ ਸ਼ਹੀਦ ਹੋ ਗਿਆ। ਉਸ ਦੀ ਸ਼ਹੀਦੀ ਨੇ ਮਾਓ ਨੂੰ ਬਡ਼ਾ ਉਦਾਸ ਕੀਤਾ ਪਰ ਉਹਦੇ ਲਫ਼ਜ਼ ਸਨ, ‘‘ਇਹ ਯੁੱਧ ਹੈ, ਯੁੱਧ ਵਿੱਚ ਲੋਕਾਂ ਦੀਆਂ ਜਾਨਾਂ ਤਾਂ ਜਾਣਗੀਆਂ ਹੀ। ਇਹ ਨਾ ਸੋਚੋ ਕਿ ਆਨਈਡ ਨੂੰ ਚੀਨ ਅਤੇ ਕੋਰੀਆ ਦੇ ਲੋਕਾਂ ਲਈ ਇਸ ਕਰਕੇ ਸ਼ਹਾਦਤ ਨਹੀਂ ਸੀ ਦੇਣੀ ਚਾਹੀਦੀ ਕਿਉਂਕਿ ਉਹ ਮੇਰਾ ਪੁੱਤਰ ਹੈ।’’
ਸੰਨ 1930 ਵਿੱਚ ਮਾਓ ਨੇ ਹੋ-ਚਿਚਨ ਨਾਲ ਦੂਜਾ ਵਿਆਹ ਕਰ ਲਿਆ। ਉਹ ਯਾਂਡ ਵਾਂਗ ਪਾਰਟੀ ਦੀ ਵਰਕਰ ਤਾਂ ਨਹੀਂ ਸੀ ਪਰ ਉਂਜ ਸਹਿਯੋਗ ਦਿੰਦੀ ਸੀ। ਲਾਂਗ ਮਾਰਚ ਦੌਰਾਨ ਰਸਤੇ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਓ ਨੇ ਉਹਨੂੰ ਘਰ ਰਹਿਣ ਦੀ ਸਲਾਹ ਦਿੱਤੀ ਪਰ ਉਹ ਨਾ ਮੰਨੀ। ਰਸਤੇ ਵਿੱਚ ਉਹ ਬਹੁਤ ਬੀਮਾਰ ਹੋ ਗਈ। ਅੰਤ ਉਹਦੀ ਸਿਹਤ ਏਨੀ ਵਿਗਡ਼ ਗਈ ਕਿ ਉਹਨੂੰ ਇਲਾਜ ਲਈ ਸੋਵੀਅਤ ਯੂਨੀਅਨ ਭੇਜਿਆ ਗਿਆ, ਜਿੱਥੇ ਉਹ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਈ। ਇਨਕਲਾਬ ਤੋਂ ਬਾਅਦ ਲੋਕਾਂ ਨੇ ਮਾਓ ਨੂੰ ਕਿਹਾ ਕਿ ਉਹ ਚਿਚਨ ਦੇ ਬੱਚਿਆਂ ਦੀ ਭਾਲ ਕਰੇ ਪਰ ਮਾਓ ਨੇ ਇਨਕਾਰ ਕਰਦਿਆਂ ਕਿਹਾ ਜੇ ਤਾਂ ਉਹ ਲੱਖਾਂ ਚੀਨੀਆਂ ਨਾਲ ਇਨਕਲਾਬ ਦੀ ਖਾਤਰ ਸ਼ਹੀਦ ਹੋ ਗਏ ਹੋਣਗੇ, ਜੇ ਜਿਉਂਦੇ ਹੋਏ ਤਾਂ ਕਰੋਡ਼ਾਂ ਚੀਨੀਆਂ ਨਾਲ ਮਿਲ ਕੇ ਸਮਾਜਵਾਦ ਦੀ ਉਸਾਰੀ ਵਿੱਚ ਲੱਗੇ ਹੋਣਗੇ।
ਹੋ-ਚਿਚਨ ਤੋਂ ਵੱਖ ਹੋਣ ਤੋਂ ਬਾਅਦ ਮਾਓ ਦੀ ਮੁਲਾਕਾਤ ਚਿਆਂਗ-ਛਿਡ਼ ਨਾਲ ਹੋਈ। ਚਿਆਂਗ ਸ਼ੰਘਾਈ ਦੀ ਪ੍ਰਸਿੱਧ ਹੀਰੋਇਨ ਸੀ ਤੇ ਉਸ ਦੌਰ ਵਿੱਚ ਚੀਨੀਆਂ ਵਿੱਚ ਵਧ ਰਹੀ ਕੌਮੀ ਭਾਵਨਾ ਕਰਕੇ ਉਹ ਕਮਿਊਨਿਸਟ ਲਹਿਰ ਨਾਲ ਜੁਡ਼ ਗਈ ਸੀ। ਪਾਰਟੀ ਵਿੱਚ ਮਾਓ ਦੀ ਪਤਨੀ ਦੇ ਮੁਕਾਬਲੇ ਉਹਨੇ ਵਧੇਰੇ ਗਤੀਸ਼ੀਲ ਢੰਗ ਨਾਲ ਕਮਾਨ ਸੰਭਾਲ ਲਈ ਸੀ। ਇਨਕਲਾਬ ਤੋਂ ਬਾਅਦ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਧੇਰੇ ਰੁਚਿਤ ਹੋਣ ਕਾਰਨ ਉਹ ਇਸ ਮੁਹਿੰਮ ਦੀ ਅਗਵਾਈ ਵਾਲੀ ਟੀਮ ਦਾ ਹਿੱਸਾ ਬਣ ਗਈ। ਉਸ ਨੇ ਮਾਓ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਇਨਕਲਾਬੀ ਲਹਿਰ ਲਈ ਕੰਮ ਕੀਤਾ। ਮਾਓ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਲਾਂਗ ਮਾਰਚ ਸੀ ਜਿਸ ਨੇ ਚੀਨ ਵਿੱਚ ਇਨਕਲਾਬ ਲਿਆਉਣ ਲਈ ਆਧਾਰ ਭੂਮੀ ਕਾਇਮ ਕੀਤੀ। ਜੇ ਦੁਨੀਆਂ ਦੇ ਸੱਤ ਅਜੂਬਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਚੀਨ ਦੀ ਮਹਾਨ ਦੀਵਾਰ ਦਾ ਜ਼ਿਕਰ ਵੀ ਆਉਂਦਾ ਹੈ। ਜੇ ਮਨੁੱਖੀ ਸੰਘਰਸ਼ ਦੀ ਗੱਲ ਕਰੀਏ ਤਾਂ ਲਾਂਗ ਮਾਰਚ ਮਨੁੱਖੀ ਇਤਿਹਾਸ ਦਾ ਇੱਕ ਅਜੂਬਾ ਹੀ ਸੀ। ਇਸ ਮੁਹਿੰਮ ਦੀ ਸ਼ੁਰੂਆਤ ਭਾਵੇਂ ਹਾਰ ਕਾਰਨ ਹੋਈ ਨਿਰਾਸ਼ਾ ਵਿੱਚ ਪਈ ਸੀ ਪਰ ਸੁਨਹਿਰੀ ਭਵਿੱਖ ਦੀ ਆਸ ਇਸ ਦੇ ਰਾਹਾਂ ਵਿੱਚ ਖਿਲਰੀ ਨਜ਼ਰ ਆਉਂਦੀ ਸੀ। ਅਕਤੂਬਰ 1934 ਦੇ ਇਤਿਹਾਸਕ ਲਾਂਗ ਮਾਰਚ ਵੇਲੇ ਮਾਓ ਨੇ ਪ੍ਰਸਿੱਧ ਕਵਿਤਾ ਲਿਖੀ ਸੀ:
ਪੂਰਬ ਵੱਲ ਜਲਦੀ ਹੀ ਹੋਣ ਵਾਲਾ ਹੈ ਸਵੇਰਾ
ਇਹ ਨਾ ਕਹੋ। ਤੁਸੀਂ ਜਲਦੀ ਕਰ ਰਹੇ ਹੋ ਪ੍ਰਸਥਾਨ
ਦੇਖਦਿਆਂ ਦੇਖਦਿਆਂ ਅਸੀਂ ਉਲੰਘ ਜਾਵਾਂਗੇ
ਇਨ੍ਹਾਂ ਨੀਲੇ ਪਹਾਡ਼ਾਂ ਨੂੰ
ਜਿਨ੍ਹਾਂ ਦਾ ਦ੍ਰਿਸ਼ ਹੈ ਬਡ਼ਾ ਦਿਲਕਸ਼
ਹੂਈਚਾਂਗ ਦੀਆਂ ਦੀਵਾਰਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ
ਉੱਚੀਆਂ ਚੋਟੀਆਂ ਦਾ ਸਿਲਸਿਲਾ
ਇੱਕ ਤੋਂ ਬਾਅਦ ਇੱਕ ਪਰਬਤ ਲਡ਼ੀਆਂ
ਫੈਲੀਆਂ ਹਨ ਪੂਰਬੀ ਸਮੁੰਦਰਾਂ ਤਕ
ਦੱਖਣ ਵਿੱਚ ਕਵਾਡ਼ਤੁਡ਼ ਨੂੰ
ਨਿਸ਼ਾਨਾ ਹੈ ਬਣਾਇਆ ਸਾਡੇ ਫ਼ੌਜੀਆਂ
ਦੂਰ ਜਿੱਥੇ ਫੈਲੀ ਹੈ ਹਰਿਆਲੀ
ਦਿਸ ਰਹੀ ਹੈ ਧੁੰਦਲੀ ਧੁੰਦਲੀ…

ਦੁਸ਼ਮਣ ਨੂੰ ਧੋਖਾ ਦੇਣ ਲਈ ਦਿਸ਼ਾਵਾਂ ਵਿੱਚ ਤਬਦੀਲੀ ਕਰਦਿਆਂ ਤਿੰਨ ਰਾਤਾਂ ਤਕ ਲਾਲ ਫ਼ੌਜ ਪੱਛਮ ਵੱਲ ਅਤੇ ਫਿਰ ਦੱਖਣ ਵੱਲ ਮੁਡ਼ਦਿਆਂ ਹੁਨਾਨ ਤੋਂ ਬਾਅਦ ਨੇਚੁਆਨ ਵੱਲ ਚੱਲਣ ਲੱਗੀ। ਚੌਥੀ ਰਾਤ ਇਕੱਠਿਆਂ ਕੌਮਿਤਾਂਗ ਦੇ ਜ਼ਿਲ੍ਹੇ ’ਤੇ ਬੋਲ ਕੇ ਲਾਲ ਫ਼ੌਜ ਨੇ ਘੇਰੇ ਤੋਂ ਬਾਹਰ ਨਿਕਲਣ ਲਈ ਰਾਹ ਬਣਾਇਆ। ਚਾਰ-ਚਾਰ ਕਿਲ੍ਹੇਬੰਦੀਆਂ ਤੋਡ਼ ਕੇ ਨੌਂ-ਨੌਂ ਲਡ਼ਾਈਆਂ ਲਡ਼ ਕੇ ਲਾਲ ਫ਼ੌਜ ਕੇਵਲ ਇੱਕ ਤਿਹਾਈ ਹੀ ਬਚ ਸਕੀ। ਲਾਂਗ ਮਾਰਚ ਨੇ ਪਹਿਲੇ ਤਿੰਨ ਮਹੀਨਿਆਂ ਵਿੱਚ ਪਾਰਟੀ ਪੂਰੀ ਤਰ੍ਹਾਂ ਮਾਓ ਦੀ ਅਗਵਾਈ ਵਿੱਚ ਕੰਮ ਨਾ ਕਰ ਸਕੀ। ਲਾਂਗ ਮਾਰਚ ਦੌਰਾਨ ਹੀ ਜਦੋਂ 1935 ਵਿੱਚ ਚੁਨਾਈ ਵਿੱਚ ਕਾਨਫਰੰਸ ਹੋਈ ਤਾਂ ਪੂਰੀ ਤਰ੍ਹਾਂ ਮਾਓ ਦੀ ਅਗਵਾਈ ਨੂੰ ਸਵੀਕਾਰ ਕਰ ਲਿਆ ਗਿਆ ਤੇ ਇੰਜ ਇਸ ਮਹਾਨ ਇਨਕਲਾਬੀ ਯੋਧੇ ਨੇ ਚੀਨੀ ਅਵਾਮ ਦੀ ਮੁਕਤੀ ਦਾ ਰਾਹ ਖੋਲ੍ਹਿਆ। 

ਲੇਖਕ:94173-58120
ਇਸ ਬਾਰੇ ਉਹਨੇ ਖ਼ੁਦ ਲਿਖਿਆ ਹੈ:‘ਲਾਂਗ ਮਾਰਚ ਇੱਕ ਐਲਾਨਨਾਮਾ ਵੀ ਹੈ, ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਾਲ ਫ਼ੌਜ ਯੋਧਿਆਂ ਦੀ ਫ਼ੌਜ ਹੈ ਅਤੇ ਸਾਮਰਾਜਵਾਦੀ ਤੇ ਉਨ੍ਹਾਂ ਦੇ ਪਾਲਤੂ ਕੁੱਤੇ ਇਹਦੇ ਸਾਹਮਣੇ ਕੋਈ ਹੈ ਹੈਸੀਅਤ ਨਹੀਂ ਰੱਖਦੇ। ਲਾਂਗ ਮਾਰਚ ਇੱਕ ਪ੍ਰਚਾਰਕ ਜੱਥਾ ਵੀ ਹੈ, ਜਿਸ ਨੇ ਗਿਆਰਾਂ ਪ੍ਰਦੇਸ਼ਾਂ ਦੀ ਲਗਪਗ 20 ਕਰੋਡ਼ ਜਨਤਾ ਸਾਹਮਣੇ ਇਹ ਐਲਾਨ ਕਰ ਦਿੱਤਾ ਕਿ ਲਾਲ ਫ਼ੌਜ ਦਾ ਰਾਹ ਮੁਕਤੀ ਦਾ ਰਾਹ ਹੈ। ਇਹ ਸੰਸਾਰ ਦੀ ਅਜਿਹੀ ਮਹਾਨ ਸੱਚਾਈ ਵੀ ਹੈ, ਜਿਹਡ਼ੀ ਲਾਲ ਫ਼ੌਜ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਹ ਲਾਂਗ ਮਾਰਚ ਬੀਜ ਬੀਜਣ ਵਾਲੀ ਮਸ਼ੀਨ ਵੀ ਹੈ, ਜਿਸ ਨੇ ਗਿਆਰਾਂ ਪ੍ਰਾਂਤਾਂ ਵਿੱਚ ਇਨਕਲਾਬ ਦਾ ਬੀਜ ਬੀਜਿਆ ਹੈ ਤੇ ਹੁਣ ਇਸ ਤੋਂ ਭਵਿੱਖ ਦੀਆਂ ਫ਼ਸਲਾਂ ਤਿਆਰ ਹੋਣਗੀਆਂ।’’
ਇਹ ਮਹਾਨ ਮੁਕਤੀਦਾਤਾ 9 ਸਤੰਬਰ 1976 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਹਦੀ ਲਾਲ ਗੁੰਜਾਰ ਅੱਜ ਵੀ ਇਤਿਹਾਸ ਦੇ ਪੰਨਿਆਂ ’ਤੇ ਮੁਕਤੀ ਦੇ ਤਰਾਨੇ ਵਜੋਂ ਗੂੰਜ ਰਹੀ ਹੈ:
ਉਠ ਖਡ਼ੇ ਹੋਏ ਨੇ ਹਜ਼ਾਰਾਂ ਲੱਖਾਂ
ਮਜ਼ਦੂਰ ਕਿਸਾਨ
ਤੇਜ਼ੀ ਨਾਲ ਪਾਰ ਕਰਦੇ ਹੋਏ ਚਿਆਡ਼ਸ਼ੀ ਨੂੰ
ਸਿੱਧੇ ਵਧ ਗਏ ਹਨ
ਹੁਨਾਨ ਤੇ ਹੁਪੇਹ ਵੱਲ

‘ਇੰਟਰਨੈਸ਼ਨਲ’ ਦੀ ਝੰਜੋਡ਼ਦੀ ਲੈਅ ਨਾਲ
ਆਕਾਸ਼ ਵਿੱਚੋਂ ਟੁੱਟ ਕੇ ਆ ਰਿਹਾ ਹੈ
ਇੱਕ ਪ੍ਰਚੰਡ, ਰੋਹੀਲਾ ਚੱਕਰਵਾਤ…।
 
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ