ਲੌਂਗ ਮਾਰਚ ਦੇ ਸਵਾਗਤ ਲਈ ਲੁਧਿਆਣਾ 'ਚ ਪੋਸਟਰ ਰਿਲੀਜ਼
AISF ਅਤੇ AIYF ਵੱਲੋਂ ਜ਼ੋਰਦਾਰ ਤਿਆਰੀਆਂ
ਲੁਧਿਆਣਾ: 27 ਅਗਸਤ 2017: (ਪੰਜਾਬ ਸਕਰੀਨ ਟੀਮ)::
ਜਦੋਂ ਉੱਤਰੀ ਭਾਰਤ ਦੇ ਸੂਬਿਆਂ ਨੂੰ ਹਰਿਆਣਾ ਵਾਲੀ ਬੀਜੇਪੀ ਸਰਕਾਰ ਦੀ ਮਿਲਭੁਗਤ ਨਾਲ ਡੇਰਾਵਾਦੀ ਹਿੰਸਾ ਦੀ ਅੱਗ ਵਿੱਚ ਝੌਂਕ ਦਿੱਤਾ ਗਿਆ ਉਦੋਂ ਬੜੇ ਚਿਰਾਂ ਮਗਰੋਂ ਇੱਕ ਸਹਿਮ ਪੈਦਾ ਹੋਇਆ। ਇੱਕ ਦਹਿਸ਼ਤ ਜਿਹੜੀ ਲੁਧਿਆਣਾ ਦੇ ਸ਼ਹਿਰੀ ਇਲਾਕਿਆਂ ਵਿੱਚ ਵੀ ਦੇਖੀ ਜਾ ਸਕਦੀ ਸੀ। ਬਾਜ਼ਾਰ ਬੰਦ, ਬਸਾਂ ਬੰਦ, ਰੇਲਾਂ ਬੰਦ, ਸਕੂਲ ਅਤੇ ਕਾਲਜ ਬੰਦ। ਉਦੋਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਦੀ ਤਿਆਰੀ ਮੀਟਿੰਗ ਦਾ ਕਾਫ਼ਿਲਾ ਲੋਕਾਂ ਲਈ ਲੌਂਗ ਮਾਰਚ ਦੀ ਆਮਦ ਦਾ ਨਵਾਂ ਹੋਂਸਲਾ ਲਾਇ ਕੇ ਆਇਆ। ਰੁਜ਼ਗਾਰ ਅਤੇ ਮਹਿੰਗਾਈ ਵਰਗੇ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਦੀਆਂ ਫਿਰਕੂ ਸਾਜ਼ਿਸ਼ਾਂ ਨੂੰ ਚੀਰਦਾ ਹੋਇਆ ਲੌਂਗ ਮਾਰਚ ਇੱਕ ਨਵੀਂ ਸ਼ਕਤੀ ਲੈ ਕੇ ਆ ਰਿਹਾ ਹੈ। ਇਸ ਸਬੰਧੀ ਇੱਕ ਵਿਸ਼ੇਸ਼ ਤਿਆਰੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿੱਚ ਹੋਈ।
ਰੋਜ਼ਗਾਰ ਪੈਦਾ ਕਰਨ ਦੇ ਲਈ ਕਾਨੂੰਨ ’ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਜੈਨਰੇਸ਼ਨ ੲੈਕਟ (ਬਨੇਗਾ-)’ ਦੀ ਮੰਗ ਨੂੰ ਲੈ ਕੇ ਕੰਨਿਆ ਕੁਮਾਰੀ ਤੋਂ ਇੱਕ ਲੌਂਗ ਮਾਰਚ ਸ਼ੁਰੂ ਹੋ ਚੁੱਕਿਆ ਹੈ ਜਿਹੜਾ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਆਪਣੇ ਨਾਲ ਜੋੜਦਾ ਹੋਇਆ ਤੇਜ਼ੀ ਨਾਲ ਹੁਸੈਨੀਵਾਲਾ ਵੱਲ ਆ ਰਿਹਾ ਹੈ। ਪੰਜਾਬ ਵਿੱਚ ਇਸ ਲੌਂਗ ਮਾਰਚ ਨੇ 9 ਸਤੰਬਰ 2017 ਨੂੰ ਦਾਖਲ ਹੋਣਾ ਹੈ 12 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸਮਾਧ ਹੁਸੈਨੀਵਾਲਾ ਵਿਖੇ ਪਹੁੰਚਣਾ ਹੈ। ਸਤਲੁਜ ਦੇ ਉਸ ਕਿਨਾਰੇ ਉੱਤੇ ਜਿਸ ਨੇ ਲੋਕ ਪੱਖੀ ਸੁਪਨਿਆਂ ਵਾਲੇ ਦੇਸ਼ ਦੀ ਸਿਰਜਣਾ ਲਈ ਇਹਨਾਂ ਸ਼ਹੀਦਾਂ ਨੂੰ ਕੁਰਬਾਨੀਆਂ ਦੇਂਦਿਆਂ ਦੇਖਿਆ ਸੀ। ਉਸ ਹਵਾ ਵਿੱਚ ਅੱਜ ਵੀ ਸ਼ਹੀਦਾਂ ਦੇ ਖਿਆਲਾਂ ਦੀ ਬਿਜਲੀ ਮਨਾਂ ਅੰਦਰਲੇ ਹਨੇਰਿਆਂ ਨੂੰ ਚੀਰਦੀ ਹੋਈ ਰਸਤੇ ਦਿਖਾਉਂਦੀ ਹੈ।
ਪੰਜਾਬ ਵਿੱਚ ਇਸ ਲੌਂਗ ਮਾਰਚ ਦਾ ਸਵਾਗਤ ਬੜੇ ਹੀ ਜੋਸ਼ੋ ਖਰੋਸ਼ ਨਾਲ ਕੀਤਾ ਜਾਣਾ ਹੈ। ਇਸ ਇਤਿਹਾਸਿਕ ਸਵਾਗਤ ਨੇ ਹੀ ਪੰਜਾਬ ਦੇ ਜਵਾਨਾਂ ਦੀ ਆਵਾਜ਼ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨਾ ਹੈ ਤਾਂਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ।
ਇਸ ਮਕਸਦ ਦੀਆਂ ਤਿਆਰੀਆਂ ਨੂੰ ਲੈ ਕੇ ਪਿਛਲੇ ਦਿਨੀ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਲੁਧਿਆਣਾ ਦੇ ਨਵੇਂ ਪੁਰਾਣੇ ਅਤੇ ਬਜ਼ੁਰਗ ਮੈਂਬਰਾਂ ਨੇ ਬੜੇ ਹੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਲੌਂਗ ਮਾਰਚ ਦਾ ਮਕਸਦ ਵੀ ਸਮਝਾਇਆ ਗਿਆ ਅਤੇ ਇਸ ਨੂੰ ਜੀ ਆਇਆਂ ਕਹਿਣ ਦੇ ਪ੍ਰੋਗਰਾਮ ਵੀ ਉਲੀਕੇ ਗਏ। ਮੀਟਿੰਗ ਦੌਰਾਨ ਵਿੱਚ ਨਵਿਆਂ ਮੈਂਬਰਾਂ ਦਾ ਜੋਸ਼ ਵੀ ਦੇਖਣ ਵਾਲਾ ਸੀ ਅਤੇ ਪੁਰਾਣੇ ਮੈਂਬਰਾਂ ਦੇ ਤਜਰਬੇ ਵੀ ਸੁਣਨ ਵਾਲੇ ਸਨ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਮੀਟਿੰਗ ਸੀ ਜਿਸ ਨੇ ਲੌਂਗ ਮਾਰਚ ਦੇ ਸਵਾਗਤ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ।
ਸਮੁਚੇ ਪਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਮਹੇਸ਼ਰੀ ਨੇ ਦੱਸਿਆ ਕਿ ਵਿਕਾਸ ਦੇ ਬੇਸ਼ੁਮਾਰ ਦਾਅਵਿਆਂ ਦੇ ਬਾਵਜੂਦ ਦੇਸ਼ ਦੀ ਜਵਾਨੀ ਅੱਜ ਵੀ ਬੇਰੋਜ਼ਗਾਰ ਅਤੇ ਦਿਸ਼ਾਹੀਣ ਹੈ। ਪੜ੍ਹ ਲਿਖ ਕੇ ਵੀ ਉਸਨੂੰ ਰੋਜ਼ਗਾਰ ਦੀ ਕੋਈ ਗਾਰੰਟੀ ਨਹੀਂ। ਜਿਸ ਉਮਰੇ ਨੌਜਵਾਨਾਂ ਨੇ ਆਪਣੇ ਬਜ਼ੁਰਗ ਮਾਪਿਆਂ ਦੀ ਡਗੋਰੀ ਬਣਨਾ ਹੁੰਦਾ ਹੈ ਉਸ ਉਮਰੇ ਉਹਨਾਂ ਨੂੰ ਆਪਣਾ ਜੇਬ ਖਰਚ ਵੀ ਆਪਣੇ ਮਾਤਾ ਪਿਤਾ ਕੋਲੋਂ ਮੰਗਣਾ ਪੈਂਦਾ ਹੈ। ਇਸ ਸ਼ਰਮਨਾਕ ਅਤੇ ਨਾਜ਼ੁਕ ਸਥਿਤੀ ਦਾ ਫਾਇਦਾ ਕਈ ਵਾਰ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰ ਵੀ ਉਠਾਉਂਦੇ ਹਨ ਪਰ ਸਰਕਾਰਾਂ ਨੂੰ ਇਸ ਦੀ ਕੋਈ ਚਿੰਤਾ ਮਹਿਸੂਸ ਨਹੀਂ ਹੁੰਦੀ। ਇਸ ਨਿਰਾਸ਼ਾ ਜਨਕ ਸਥਿਤੀ ਵਿੱਚ ਅੱਗੇ ਆਈਆਂ ਹਨ ਦੋ ਜੱਥੇਬੰਦੀਆਂ-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ। ਇਹਨਾਂ ਜੱਥੇਬੰਦੀਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਮੰਗ ਕੀਤੀ ਹੈ ਕਿ ਨੌਜਵਾਨਾਂ ਲਈ ਰੋਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ। ਜਦੋਂ ਤੱਕ ਰੋਜ਼ਗਾਰ ਨਹੀਂ ਮਿਲਦਾ ਉਦੋਂ ਤੱਕ ਰੋਜ਼ਗਾਰ ਇੰਤਜ਼ਾਰੀ ਭੱਤਾ ਦਿੱਤਾ ਜਾਵੇ ਤਾਂਕਿ ਨੌਜਵਾਨ ਮੁੰਡੇ ਕੁੜੀਆਂ ਮਾਣ ਸਤਿਕਾਰ ਨਾਲ ਆਪਣਾ ਜੀਂਵਨ ਆਪਣੇ ਪੈਰਾਂ ਤੇ ਖੜੋ ਕੇ ਜੀ ਸਕਣ। ਅਜਿਹਾ ਕਰਕੇ ਹੀ ਉਹ ਦੇਸ਼ ਲਈ ਨਵਾਂ ਵੀ ਕਰ ਸਕਣਗੇ। ਇਸ ਮੌਕੇ ਤੇ ਮੀਟਿੰਗ ਨੂੰ ਡਾ: ਅਰੁਣ ਮਿੱਤਰਾ, ਕਾ: ਡੀ ਪੀ ਮੌੜ, ਰਮੇਸ਼ ਰਤਨ, ਕੁਲਦੀਪ ਸਿੰਘ ਬਿੰਦਰ, ਗੁਰਨਾਮ ਸਿੱਧੂ ਨੇ ਵੀ ਸੰਬੋਧਨ ਕੀਤਾ।
ਇਸ ਲੌਂਗ ਮਾਰਚ ਸਬੰਧੀ ਹੋਰ ਵੇਰਵਾ ਲਿਆ ਜਾ ਸਕਦਾ ਹੈ ਦੀਪਕ ਕੁਮਾਰ ਤੋਂ ਜੋ ਕਿ ਏ ਆਈ ਐਸ ਐਫ਼ ਲੁਧਿਆਣਾ ਦੇ ਕਨਵੀਨਰ ਹਨ ਅਤੇ ਉਹਨਾਂ ਦਾ ਨੰਬਰ ਹੈ: 9653230040
No comments:
Post a Comment