60 ਦਿਨਾਂ ਦਾ ਸਫਰ ਕਰਕੇ 12 ਸਤੰਬਰ ਨੂੰ ਪੁੱਜੇਗਾ ਹੁਸੈਨੀਵਾਲਾ
ਗਾਂਧੀ ਬੀਚ (ਕੇਰਲ): 15 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਲਾਲ ਝੰਡੇ ਨੂੰ ਪਰਣਾਈ ਨੌਜਵਾਨੀ ਦਾ ਤੂਫ਼ਾਨ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਗਿਆ ਹੈ ਅਤੇ ਤੇਜ਼ੀ ਨਾਲ ਹੁਸੈਨੀਵਾਲਾ ਵੱਲ ਵੱਧ ਰਿਹਾ ਹੈ। ਨੌਜਵਾਨੀ ਦੇ ਇਸ ਉਭਾਰ ਨਾਲ ਉਮੀਦ ਬਣੀ ਹੈ ਕਿ ਦੇਸ਼ ਨੂੰ ਤੋੜਨ ਦੇ ਮਨਸੂਬਿਆਂ ਵਿੱਚ ਲੱਗੀਆਂ ਲੋਕ ਵਿਰੋਧੀ ਸ਼ਕਤੀਆਂ ਇੱਕ ਵਾਰ ਫੇਰ ਮੂੰਹ ਦੀ ਖਾਣਗੀਆਂ। ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੰਨਿਆਕੁਮਾਰੀ ਤੋਂ ਹੁਸੈਨੀਵਾਲਾ ਤੱਕ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ' (ਬਨੇਗਾ) ਦੀ ਪ੍ਰਾਪਤੀ ਲਈ ਨੌਜਵਾਨਾਂ ਵਿੱਚ ਲਾਮਬੰਦੀ ਲਈ ਕੀਤੇ ਜਾ ਰਹੇ 'ਲੌਂਗ ਮਾਰਚ' ਦੀ ਅੱਜ ਕੰਨਿਆਕੁਮਾਰੀ (ਗਾਂਧੀ ਬੀਚ) ਤੋਂ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਕਾਮਰੇਡ ਸੁਧਾਕਰ ਰੈਡੀ ਨੇ ਜਥੇਬੰਦੀ ਦੇ ਝੰਡਿਆਂ ਦੀ ਸਲਾਮੀ ਨਾਲ ਕੀਤਾ।
ਹਮ ਲੇ ਕੇ ਰਹੇਂਗੇ ਆਜ਼ਾਦੀ ਦੇ ਹਰਮਨ ਪਿਆਰੇ ਗੀਤ ਦੀ ਗੂੰਜ ਹਰ ਪਾਸੇ ਗੂੰਜ ਰਹੀ ਸੀ। ਦੇਸ਼ ਦੀ ਲੁੱਟ ਖਸੁੱਟ ਕਰਨ ਵਾਲੇ ਅਨਸਰਾਂ ਨੂੰ ਖੁਲ੍ਹੀ ਚੁਣੌਤੀ ਬਣ ਕੇ ਉਭਰਿਆ ਇਹ ਲੌਂਗ ਮਾਰਚ। ਫਿਰਕਾਪ੍ਰਸਤਾਂ ਲਈ ਚੇਤਾਵਨੀ ਬਣ ਕੇ ਸਾਹਮਣੇ ਆਇਆ ਹੈ ਇਹ ਲੌਂਗ ਮਾਰਚ।
ਇਸ ਸਮੇਂ ਵਿਦਿਆਰਥੀਆਂ ਤੇ ਨੌਜਵਾਨ ਜਥੇਬੰਦੀਆਂ ਦੇ ਰਾਸ਼ਟਰੀ ਇੰਚਾਰਜ ਕਾਮਰੇਡ ਬਨੋਏ ਵਿਸ਼ਵਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਤਰੱਕੀ ਦਾ ਅਧਾਰ ਹਨ, ਜਿਸ ਦੇਸ਼ ਦੇ ਨੌਜਵਾਨ ਬੇਰੁਜ਼ਗਾਰ ਹਨ, ਉਹ ਦੇਸ਼ ਤਰੱਕੀ ਕਿਵੇਂ ਕਰ ਸਕਦਾ ਹੈ। ਉਹਨਾ ਨੌਜਵਾਨਾਂ/ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਦੇਸ਼ ਦਾ ਨਿਜ਼ਾਮ ਬਦਲਣ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ। ਇਸ ਸਮੇਂ ਕੇਰਲਾ ਦੇ ਮੰਤਰੀ ਅਤੇ ਵਫਟੂ ਦੇ ਸਾਬਕਾ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਇਕ ਇਨਕਲਾਬ ਦੀ ਲੋੜ ਹੈ ਤੇ ਉਹ ਇਨਕਲਾਬ ਨੌਜਵਾਨਾਂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਦੇਸ਼ ਦੀ ਵਿੱਚ ਘਰ ਕਰ ਚੁੱਕੀ ਨਿਰਾਸ਼ਾ ਦੇ ਹਨੇਰੇ ਨੂੰ ਇਸ ਲੌਂਗ ਮਾਰਚ ਨੇ ਸੂਰਜ ਦੀਆਂ ਕਿਰਨਾਂ ਵਾਂਗ ਚੀਰ ਸੁੱਟਿਆ। ਭਾਣਾ ਮੰਨਣ ਵਾਲੀ ਮਾਨਸਿਕਤਾ ਨੂੰ ਨਵੇਂ ਉਤਸ਼ਾਹ ਨਾਲ ਭਰਦੀਆਂ ਇਸ ਲੌਂਗ ਮਾਰਚ ਨੇ ਯਕੀਨ ਦੁਆਇਆ ਕਿ ਇਸ ਗਲੇ ਸਾਡੇ ਨਿਜ਼ਾਮ ਨੂੰ ਆਪਾਂ ਹੁਣ ਬਦਲ ਕੇ ਰਹਿਣਾ ਹੈ।
ਇਸ ਮਾਰਚ ਨੂੰ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਏ ਆਈ ਐੱਸ ਐੱਫ ਦੇ ਆਗੂ ਕਨ੍ਹਈਆ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਿਰਫ ਇਕ ਹੀ ਬਹੁ-ਗਿਣਤੀ ਹੈ ਤੇ ਉਹ ਬਹੁ-ਗਿਣਤੀ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਦੀ ਹੈ। ਉਹ ਕਰੋੜਾਂ ਬੇਰੁਜ਼ਗਾਰ ਨੌਜਾਵਾਨ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ' ਦੀ ਅਵਾਜ਼ ਨੂੰ ਦੇਸ਼ ਵਿੱਚ ਬੁਲੰਦ ਕਰਨਗੇ। ਉਹਨਾ ਕਿਹਾ ਕਿ ਇਹ ਕਾਨੂੰਨ ਹਰ ਇਕ ਲਈ ਉਸ ਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਦੀ ਗਰੰਟੀ ਕਰੇਗਾ। ਇਸ ਤਹਿਤ ਅਣ-ਸਿੱਖਿਅਤ ਨੂੰ 20,000/- ਰੁਪਏ, ਅਰਧ-ਸਿੱਖਿਅਤ ਨੂੰ 25,000/- ਰੁਪਏ, ਸਿੱਖਿਅਤ ਨੂੰ 30,000/- ਰੁਪਏ ਅਤੇ ਉੱਚ ਸਿਖਿਅਤ ਨੂੰ 35,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇਗੀ। ਕਨ੍ਹਈਆ ਕੁਮਾਰ ਦੀ ਮੌਜੂਦਗੀ ਨਾਲ ਸਭਨਾਂ ਦਾ ਉਤਸ਼ਾਹ ਵਧਿਆ ਹੋਇਆ ਸੀ। ਆਮ ਜਨਤਾ 'ਤੇ ਵਧੇ ਹੋਏ ਦਬਾਅ ਦੀ ਘੁਟਣ ਵਿੱਚ ਇਹ ਲੌਂਗ ਮਾਰਚ ਕਿਸੇ ਤਾਜ਼ ਹਵਾ ਦੇ ਬੁਲ੍ਹੇ ਵਾਂਗ ਆਇਆ ਹੈ।
ਇਸ ਮੌਕੇ ਏ ਆਈ ਐੱਸ ਐੱਫ ਦੇ ਕੌਮੀ ਖਜ਼ਾਨਚੀ ਅਤੇ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵਿੱਕੀ ਮਹੇਸਰੀ ਨੇ ਕਿਹਾ ਕਿ ਜਦੋਂ ਦੇਸ਼ ਲੁੱਟਣ ਵਾਲੇ ਲੋਕਾਂ ਦਾ ਬਣ ਰਿਹਾ ਹੋਵੇ, ਉਦੋਂ ਨੌਜਵਾਨਾਂ ਨੂੰ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਅਜਿਹੇ ਸਮੇਂ ਹਰ-ਇੱਕ ਲਈ ਵਿਗਿਆਨਕ, ਮੁਫਤ ਅਤੇ ਲਾਜ਼ਮੀ ਤੇ ਬਰਾਬਰ ਸਿੱਖਿਆ ਦੇ ਅਧਿਕਾਰ ਲਈ ਦੇਸ਼ ਵਿੱਚ ਅਵਾਜ਼ ਕਿਉਂ ਨਾ ਬੁਲੰਦ ਹੋਵੇ। ਇਹ ਲੌਂਗ ਮਾਰਚ ਇਸ ਦੀ ਪ੍ਰਾਪਤੀ ਦੀ ਇਕ ਸ਼ੁਰੂਆਤ ਹੈ, ਜਿਸ ਨੂੰ ਇਹ 60 ਦਿਨਾਂ ਦਾ ਮਾਰਚ ਪ੍ਰਾਪਤ ਕਰਕੇ ਰਹੇਗਾ।
ਇਸ ਸਮੇਂ ਜਥੇਬੰਦੀਆਂ ਦੇ ਪ੍ਰਧਾਨ ਤੇ ਸਕੱਤਰਾਂ ਨੇ ਸੰਬੋਧਨ ਕਰਦਿਆਂ ਆਸ ਪ੍ਰਗਟਾਈ ਕਿ ਇਹ ਮਾਰਚ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਇਕ ਅਜਿਹੀ ਲਾਮਬੰਦੀ ਕਰੇਗਾ, ਜੋ ਦੇਸ਼ ਨੂੰ ਸਭ ਤਰ੍ਹਾਂ ਦੀਆਂ ਬੁਰਾਈਆਂ ਤੋਂ ਬਚਾਉਣ ਲਈ ਮੋਹਰੀ ਭੂਮਿਕਾ ਅਦਾ ਕਰੇਗੀ।
ਇਸ ਪ੍ਰਕਾਰ ਕੰਨਿਆਕੁਮਾਰੀ ਦੀ ਧਰਤੀ ਤੋਂ ਸਮੁੰਦਰੀ ਹਵਾਵਾਂ ਵਿੱਚ ਲਹਿਰਾਉਂਦੇ ਝੰਡਿਆਂ ਦੀ ਸ਼ੂਕ ਅਤੇ ਇਨਕਲਾਬੀ ਨਾਅਰਿਆਂ ਦੀ ਅਵਾਜ਼ ਵਿੱਚ ਇਸ ਮਾਰਚ ਦੀ ਸ਼ੁਰੂਆਤ ਹੋਈ, ਜੋ 60 ਦਿਨਾਂ ਦਾ ਸਫਰ ਕਰਕੇ ਪੰਜਾਬ ਦੀ ਧਰਤੀ 'ਤੇ ਇਤਿਹਾਸਕ ਸਥਾਨ ਹੁਸੈਨੀਵਾਲਾ ਵਿਖੇ 12 ਸਤੰਬਰ ਨੂੰ ਸਮਾਪਤ ਹੋਵੇਗਾ।
No comments:
Post a Comment