Showing posts with label Janamaashtmi. Show all posts
Showing posts with label Janamaashtmi. Show all posts

Sunday, August 25, 2019

ਨਾਮਧਾਰੀਆਂ ਨੇ ਇਸ ਵਾਰ ਵੀ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ

Aug 25, 2019, 4:41 PM
ਲੁਧਿਆਣਾ ਦੇ ਗੋਵਿੰਦ ਗੌਧਾਮ ਵਿੱਚ ਕੀਤਾ ਕੀਰਤਨ ਅਤੇ ਵਖਿਆਨ
ਲੁਧਿਆਣਾ: 24 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀਆਂ ਵੱਲੋਂ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕਰਨ ਵਾਲਾ ਆਪਣਾ ਮਿਸ਼ਨ ਪੂਰੀ ਅਡੋਲਤਾ ਨਾਲ ਜਾਰੀ ਹੈ। ਨਾਮਧਾਰੀਆਂ ਨੇ ਇਸ ਵਾਰ ਵੀ ਜਨਮ ਅਸ਼ਟਮੀ ਦੇ ਮੌਕੇ 'ਤੇ ਮੰਦਰਾਂ ਵਿੱਚ ਜਾ ਕੇ ਕੀਰਤਨ ਕੀਤਾ ਅਤੇ ਭਗਵਾਨ ਕ੍ਰਿਸ਼ਨ ਜੀ ਵਿੱਚ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਜੀ ਦੇ ਅਵਤਾਰ ਦਿਹਾੜੇ ਤੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਲੁਧਿਆਣਾ ਦੇ ਪ੍ਰਸਿੱਧ ਧਾਰਮਿਕ ਅਸਥਾਨ  ਸ੍ਰੀ  ਗੋਵਿੰਦ ਗੌਧਾਮ ਹੰਭੜਾਂ ਰੋਡ ਵਿਖੇ ਜਥੇਦਾਰ ਗੁਰਦੀਪ ਸਿੰਘ ਦੇ ਜੱਥੇ ਸਮੇਤ ਸੰਗਤਾਂ ਨੇ ਕੀਰਤਨ ਕੀਤਾ। ਜੱਥੇ ਨੇ ਗੁਰਬਾਣੀ ਅਨੁਸਾਰ ਭਗਵਾਨ ਸ੍ਰੀ ਕ੍ਰਿਸ਼ਨ ਚੰਦਰ ਜੀ  ਦੇ ਜੀਵਨ ਪ੍ਰਸੰਗ ਸੁਣਾ ਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਅਤੇ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਵੱਲੋ ਜਨਮ ਅਸਟਮੀ ਦੀਆਂ ਵਧਾਈਆਂ ਦਿਤੀਆਂ। ਇਸ ਸਮਾਗਮ ਦੌਰਾਨ ਨਾਮਧਾਰੀ ਸੰਗਤ ਵੱਲੋ ਹੱਥੀਂ ਸੇਵਾ ਕਰ ਕੇ ਜਨਮ ਅਸਟਮੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਨਾਮਧਾਰੀ ਇਸ ਮੌਕੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਜੋੜਿਆਂ ਅਤੇ ਪ੍ਰਸ਼ਾਦ ਦੀ ਸੇਵਾ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਵਾਨ ਕ੍ਰਿਸ਼ਨ ਦੇ ਹਵਾਲਿਆਂ ਨੂੰ ਅਧਾਰ ਬਣਾ ਕੇ ਇਸ ਸਮਾਗਮ ਵਿੱਚ ਰੱਬੀ ਬਾਣੀ ਨਾਲ ਅਲੌਕਿਕ ਮਾਹੌਲ ਸਿਰਜਿਆ ਜਾਂਦਾ ਹੈ। ਇਸ ਮੌਕੇ ਨਾਮਧਾਰੀ ਦਰਬਾਰ ਦੇ ਸਕੱਤਰ ਨਵਤੇਜ ਸਿੰਘ ਖੁਦ ਵੀ ਸਰਗਰਮ ਰਹੇ। ਉਹਨਾਂ ਦੇ ਨਾਲ ਨਾਲ ਨਿਰਮਲ ਸਿੰਘ, ਗੁਰਦਿੱਤ ਸਿੰਘ, ਕੁਲਵੰਤ ਸਿੰਘ, ਰਾਜਵੰਤ ਸਿੰਘ, ਮਨਿੰਦਰ ਸਿੰਘ,ਹਰਭਜਨ ਸਿੰਘ, ਗੁਰਦਿੱਤ ਸਿੰਘ ਅਤੇ ਅਰਵਿੰਦਰ ਸਿੰਘ ਲਾਡੀ ਵੀ ਹਾਜ਼ਰ ਸਨ। ਆਲੇ ਦੁਆਲੇ ਦੀਆਂ ਥਾਂਵਾਂ ਤੋਂ ਵੀ ਨਾਮਧਾਰੀ ਜੱਥੇ ਵਹੀਰਾਂ ਘੱਤ ਕੇ ਆਏ ਹੋਏ ਸਨ। ਹਿੰਦੂ ਸੰਗਤਾਂ ਤੱਕ ਗੁਰਬਾਣੀ ਨੂੰ ਪਹੁੰਚਾਉਣ ਅਤੇ ਭਗਵਾਨ ਕ੍ਰਿਸ਼ਨ ਨਾਲ ਆਪਣੀ ਧਾਰਮਿਕ ਇੱਕਜੁੱਟਤਾ ਪ੍ਰਗਟਾਉਣ ਅਜਿਹੇ ਸਮਾਗਮ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਇਥੇ ਜ਼ਿਕਰਯੋਗ ਹੈ ਕਿ ਜਦੋਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਨਾਮਧਾਰੀਆਂ ਵੱਲੋਂ ਜਨਮਅਸ਼ਟਮੀ ਮਨਾਉਣ ਦਾ ਉਪਰਾਲਾ ਸ਼ੁਰੂ ਕੀਤਾ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਸਦੀ ਆਲੋਚਨਾ ਵੀ ਕੀਤੀ ਸੀ। ਕੁਝ ਥਾਂਵਾਂ 'ਤੇ ਤਾਂ ਅਜਿਹੇ ਸਮਾਗਮਾਂ ਦੇ ਆਯੋਜਨ ਲਈ ਲਗਾਏ ਗਏ ਪੋਸਟਰ ਵੀ ਫਾੜੇ ਗਏ ਸਨ। ਧਮਕੀਆਂ ਵੀ ਮਿਲੀਆਂ-ਦਬਾਅ ਵੀ ਪਿਆ ਪਰ ਉਸ ਆਲੋਚਨਾ ਤੋਂ ਬਾਅਦ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਨਾ ਸਿਰਫ ਜਾਰੀ ਰਿਹਾ ਬਲਕਿ ਤੇਜ਼ੀ ਨਾਲ ਵਧਦਾ ਵੀ ਰਿਹਾ। ਸਿਰਸਾ, ਦਿੱਲੀ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਕਈ ਹੋਰਨਾਂ ਸਟੇਸ਼ਨਾਂ ਤੇ ਵੀ ਜਨਮ ਅਸ਼ਟਮੀ ਮਨਾਈ ਗਈ। ਸਿਰਸਾ ਵਿੱਚ ਤਾਂ ਜਨਮ ਅਸ਼ਟਮੀ ਵਾਲੀ ਸਟੇਜ ਤੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਵੀ ਉਚੇਚ ਨਾਲ ਪੁੱਜੇ। ਠਾਕੁਰ ਦਲੀਪ ਸਿੰਘ ਹੁਰਾਂ ਨੇ ਬਹੁਤ ਸਾਰੇ ਹੋਰਨਾਂ ਸੰਤਾਂ ਮਹਾਤਮਾਵਾਂ ਦੇ ਮੌਜੂਦਗੀ ਵਿੱਚ ਮੋਹਨ ਭਾਗਵਤ ਹੁਰਾਂ ਨੂੰ ਸੰਬੋਧਨ ਕਰਕੇ ਆਖਿਆ ਕਿ ਆਖਿਆ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਮੈਂ ਕੱਟੜ ਸਿੱਖ ਹਾਂ। ਅਜਿਹੇ ਸਮਾਗਮਾਂ ਵਿੱਚ ਅਕਸਰ ਤੁਲਸੀ ਦੇ ਪੌਦੇ ਵੀ ਪ੍ਰਸ਼ਾਦ ਵੱਜੋਂ ਵੰਡੇ ਜਾਂਦੇ ਹਨ ਤਾਂਕਿ ਭਾਰਤੀ ਪ੍ਰੰਪਰਾਵਾਂ ਅਤੇ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜੀਆਂ ਤਕ ਵੀ ਇਸੇ ਸ਼ਰਧਾ ਅਤੇ ਸਤਿਕਾਰ ਨਾਲ ਲਿਜਾਇਆ ਜਾ ਸਕੇ। 

Sunday, August 19, 2018

ਜਨਮਅਸ਼ਟਮੀ ਸਮਾਗਮ ਵਿੱਚ ਠਾਕੁਰ ਜੀ ਨੇ ਸੁਣਾਈਆਂ ਖਰੀਆਂ ਖਰੀਆਂ

ਤੰਗਦਿਲੀਆਂ ਛੱਡ ਕੇ ਕਮਜ਼ੋਰ ਤਬਕਿਆਂ ਦੀ ਸੇਵਾ ਕਰਨ 'ਤੇ ਦਿੱਤਾ ਜ਼ੋਰ 
ਲੁਧਿਆਣਾ: 18 ਅਗਸਤ 2018: (ਪੰਜਾਬ ਸਕਰੀਨ ਟੀਮ):: ਹੋਰ ਤਸਵੀਰਾਂ ਫੇਸਬੁੱਕ ਤੇ ਦੇਖਣ ਲਈ ਇਥੇ ਕਲਿੱਕ ਕਰੋ 
ਧਰਮ ਦਾ ਸਿਲਸਿਲਾ ਵੀ ਸਦੀਆਂ ਤੋਂ ਤੁਰਿਆ ਆ ਰਿਹਾ ਹੈ ਅਤੇ ਸਮਾਜ ਦੀਆਂ ਸਮੱਸਿਆਵਾਂ ਵੀ ਨਿਰੰਤਰ ਵਧਦੀਆਂ ਚਲੀਆਂ ਆ ਰਹੀਆਂ ਹਨ। ਧਾਰਮਿਕ ਅਸਥਾਨਾਂ ਉੱਤੇ ਸੋਨਾ ਚਾਂਦੀ ਚੜਾਉਣ, ਮਹਿੰਗੇ ਮਹਿੰਗੇ ਸੰਗਮਰਮਰ ਲਗਵਾਉਣ ਵਾਲਿਆਂ ਨੇ ਕਦੇ ਨਹੀਂ ਸੋਚਿਆ ਕਿ ਜੇ ਇਸ ਰਕਮ ਦਾ ਥੋਹੜਾ ਜਿਹਾ ਪੈਸਾ ਵੀ ਸਾਡੇ ਸਮਾਜ ਦੇ ਉਸ ਤਬਕੇ 'ਤੇ ਲੱਗ ਜਾਂਦਾ ਜਿਹੜਾ ਦਵਾਈਆਂ ਖੁਣੋਂ ਮਰ ਰਿਹਾ ਸੀ, ਦੋ ਢੰਗ ਦੀ ਰੋਟੀ ਤੋਂ ਆਤੁਰ ਸੀ, ਜਿਸ ਨੂੰ ਵਿੱਦਿਆ ਨਸੀਬ ਨਹੀਂ ਸੀ ਹੁੰਦੀ ਤਾਂ ਇਸ ਸਮਾਜ ਨੂੰ  ਸਿਹਤਮੰਦ ਅਤੇ ਅਮੀਰ ਬਣਾਉਣ ਵਾਲੇ ਅਣਗਿਣਤ ਪਰਿਵਾਰ ਮਜ਼ਬੂਤੀ ਨਾਲ ਖੜੇ ਹੋ ਸਕਦੇ ਸਨ। 
ਲੁਧਿਆਣਾ ਵਿੱਚ ਸੀ ਐਮ ਸੀ ਸ਼ਾਇਦ ਪਹਿਲਾ ਹਸਪਤਾਲ ਸੀ ਜਿਸਨੂੰ ਈਸਾਈ ਮਿਸ਼ਨਰੀਆਂ ਨੇ ਖੋਲਿਆ। ਉਦੋਂ ਇਸਦਾ ਨਾਮ ਮਿਸ ਬਰਾਊਨ ਹਸਪਤਾਲ ਹੁੰਦਾ ਸੀ। ਮਿਸ ਬਰਾਊਨ ਨੇ ਬਾਰਾਂ ਬਾਰਾਂ ਆਨੇ ਦੀ ਆਰਥਿਕ ਸਹਾਇਤਾ, ਜਿਹੜੀ ਉਸ ਸਮੇਂ ਕਾਫੀ ਹੁੰਦੀ ਸੀ-ਗਰੀਬ ਘਰਾਂ ਦੀਆਂ ਕੁੜੀਆਂ ਨੂੰ ਹਰ ਰੋਜ਼ ਦੇਣੀ ਅਤੇ ਇਸ ਲਾਲਚ ਵਿੱਚ ਉਹਨਾਂ ਕੁੜੀਆਂ ਨੇ ਡਾਕਟਰੀ ਅਸੂਲਾਂ ਦੀ ਮੁਢਲੀ ਜਾਣਕਾਰੀ ਸਿੱਖ ਲੈਣੀ। ਇਸ ਤਰਾਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਇੱਕ ਮਜ਼ਬੂਤ ਅਦਾਰਾ ਤਿਆਰ ਹੋਇਆ।  ਇੱਕ ਸਿਖਿਅਕ ਗਰੁੱਪ ਤਿਆਰ ਹੋਇਆ ਜਿਸਨੇ ਅਣਗਿਣਤ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣੋ ਬਚਾਇਆ। 
ਈਸਾਈ ਮਿਸ਼ਨਰੀਆਂ ਦੀ ਸੇਵਾ ਨੇ ਲੋਕਾਂ ਨੂੰ ਧੁਰ ਅੰਦਰ ਤੱਕ ਪਰਭਾਵਿਤ ਕੀਤਾ। ਉਹ ਈਸਾਈ ਬਣਨ ਲਗ ਪਏ। ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਸਮਾਜ ਦੇ ਵੱਡੇ ਤਬਕੇ ਹਿੰਦੂ ਸਿੱਖ ਅਤੇ ਮੁਸਲਿਮ ਉਦੋਂ ਵੀ ਫਿਰਕੂ ਨਾਅਰੇ ਲਾ ਕੇ ਆਪਣੀਆਂ ਚੌਧਰਾਂ ਚਮਕਾਉਂਦੇ ਰਹੇ ਅਤੇ ਹੁਣ ਵੀ ਚਮਕਾ ਰਹੇ ਹਨ। ਸਿੱਖਾਂ ਨੂੰ ਬਾਬੇ ਨਾਨਕ ਦਾ ਸੱਚਾ ਸੌਦਾ ਭੁੱਲ ਗਿਆ ਪਰ ਫਿਰ ਵੀ ਕਰਿਸ਼ਮਾ ਹੀ ਹੈ ਕਿ ਅਜੇ ਤੱਕ ਗੁਰੂ ਘਰਾਂ ਵਿੱਚ ਲੰਗਰ ਦਾ ਸਿਲਸਿਲਾ ਜਾਰੀ ਹੈ। ਸਿੱਖਾਂ ਨੂੰ ਸਰਬੱਤ ਦਾ ਭਲਾ ਭੁੱਲਦਾ ਜਾ ਰਿਹਾ ਅਤੇ ਹਿੰਦੂਆਂ ਨੂੰ ਵਸੁਧੇਵਕੁਟੰਬਕਮ ਭੁੱਲ ਗਿਆ ਹੈ। ਹੁਣ ਵੀ ਗੁਰਦੁਆਰਿਆਂ-ਮੰਦਰਾਂ ਦੀਆਂ ਗੋਲਕਾਂ ਝਗੜਿਆਂ ਅਤੇ ਚੌਧਰਾਂ ਦਾ ਮੁੱਖ ਕੇਂਦਰ ਬਣਦੀਆਂ ਹਨ। 
ਕਿਸੇ ਵੀ ਧਾਰਮਿਕ ਅਦਾਰੇ ਦਾ ਮੁਖੀ ਬਣਦਿਆਂ ਹੀ ਬੰਦੇ ਦੇ ਵਾਰੇ ਨਿਆਰੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਸਾਰੀ ਸਥਿਤੀ ਨੂੰ ਇੱਕ ਧਾਰਮਿਕ ਵਿਅਕਤੀ ਵੱਜੋਂ ਪਛਾਣਿਆ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ।  ਉਹਨਾਂ ਦੇ ਹੁਕਮਾਂ 'ਤੇ ਉਹਨਾਂ  ਦੇ ਸੇਵਕ ਅਤੇ ਸੇਵਿਕਾਵਾਂ  ਝੁੱਗੀਆਂ ਝੋਪੜੀਆਂ ਵਿੱਚ ਪੁੱਜੇ।  ਉੱਥੇ ਉਹਨਾਂ ਨੂੰ ਅੱਖਰ ਗਿਆਨ ਦੇ ਨਾਲ ਨਾਲ ਮੁਢਲੀਆਂ ਲੋੜਾਂ ਪੂਰੀਆਂ ਕਰਨ ਵੱਲ ਵੀ ਧਿਆਨ ਦਿੱਤਾ। ਉਹਨਾਂ ਸਮਾਜ ਨੂੰ ਦੱਸਿਆ ਕਿ ਤੰਗਦਿਲੀਆਂ ਛੱਡ ਕੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰੋ।  ਇਸ ਨਾਲ ਹੀ ਏਕਤਾ ਵਧੇਗੀ। ਇਸ ਨਾਲ ਹੀ ਭਾਰਤੀ ਧਰਮਾਂ ਵਾਲਿਆਂ ਦੀ ਗਿਣਤੀ ਵਧੇਗੀ ਅਤੇ ਸਮਾਜ ਖੁਸ਼ਹਾਲ ਹੋਵੇਗਾ। ਠਾਕੁਰ ਜੀ ਦੇ ਸੇਵਕਾਂ ਵੱਲੋਂ ਕੀਤੇ ਸੇਵਾ ਦੇ ਇਸ ਐਕਸ਼ਨ ਨੇ ਰੰਗ ਦਿਖਾਉਣਾ ਕੀਤਾ।  ਭਾਰਤੀ ਧਰਮਾਂ ਨਾਲ ਜੁੜਿਆ ਸਮਾਜ ਇੱਕ ਹੋਣ ਵਾਲੇ ਪਾਸੇ ਤੁਰਦਾ ਮਹਿਸੂਸ ਹੋਇਆ। 
ਇਸੇ ਸਿਲਸਿਲੇ ਵਿੱਚ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਅੱਜ ਜਨਮਅਸ਼ਟਮੀ ਮਨਾਈ ਗਈ। ਇਸ ਨੂੰ ਭਾਵੇਂ ਠਾਕੁਰ ਦਲੀਪ ਸਿੰਘ ਜੀ ਦੀ ਸਰਪ੍ਰ੍ਸਤੀ ਹੇਠ ਹਿੰਦੂ ਸਿੱਖ ਜਾਗਰਤੀ ਸੈਨਾ ਵੱਲੋਂ ਆਯੋਜਿਤ ਕੀਤਾ ਗਿਆ ਸੀ ਪਰ ਸਿੱਖੀ ਸਰੂਪ ਵਾਲੀ ਸ਼ਮੂਲੀਅਤ ਸਿਰਫ ਹਾਲ ਵਿੱਚ ਮੌਜੂਦ ਨਾਮਧਾਰੀ ਸੰਗਤ ਕਰਕੇ ਹੀ ਨਜ਼ਰ ਆਉਂਦੀ ਸੀ। ਬਾਕੀ ਬਹੁਤ ਭੀੜ ਮੰਦਰਾਂ ਅਤੇ ਹਿੰਦੂ ਸੰਗਠਨਾਂ ਦੇ ਪਰਧਾਨਾਂ ਜਾਂ ਲੀਡਰਾਂ ਦੀ ਹੀ ਸੀ। 
ਠਾਕੁਰ ਜੀ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਜੇ ਇਹ ਸਮਾਗਮ ਹਿੰਦੂ ਸਿੱਖ ਏਕਤਾ ਦੇ ਨਾਮ ਹੇਠਾਂ ਕੀਤਾ ਗਿਆ ਹੈ ਤਾਂ ਭਗਵਾਨ ਕਰਿਸ਼ਨ ਦੀ ਤਸਵੀਰ ਦੇ ਨਾਲ ਨਾਲ ਸਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਕਿਓਂ ਨਹੀਂ ਲਾਈ ਗਈ? ਇਸ ਸਬੰਧੀ ਉਹਨਾਂ ਇਸ ਸਮਾਗਮ ਦਾ ਆਯੋਜਨ ਕਰਨ ਵਾਲੀ ਸੰਸਥਾ ਦੇ ਮੁਖੀ ਨੂੰ ਸਟੇਜ ਤੇ ਹੀ ਗਿਲਾ ਵੀ ਕੀਤਾ। ਉਹਨਾਂ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਜਾਗਰਤੀ ਐਵਾਰਡ ਲਈ ਛਾਪੇ ਗਏ ਸਨਮਾਨ ਪੱਤਰ ਅੰਗਰੇਜ਼ੀ ਵਿੱਚ ਕਿਓਂ ਛਾਪੇ ਗਏ? ਮਾਤਭਾਸ਼ਾ ਪੰਜਾਬੀ ਜਾਂ ਦੇਸ਼ ਦੀ ਮੁਖ ਸੰਪਰਕ ਭਾਸ਼ਾ ਹਿੰਦੀ ਵਿੱਚ ਕਿਓਂ ਨਹੀਂ? ਹਿੰਦੂ ਸਿੱਖ ਜਾਗਰਤੀ ਸੈਨਾ ਦੇ ਮੁਖੀ ਪਰਵੀਨ ਡੰਗ ਨੇ ਸਭ ਕੁਝ ਸੁਣ ਕੇ ਵੀ ਇਸਦਾ ਕੋਈ ਜੁਆਬ ਨਹੀਂ ਦਿੱਤਾ। 
ਅਸਲ ਵਿੱਚ ਪਰਵੀਨ ਡੰਗ ਦੀ ਸਾਖ ਪਿਛਲੇ ਕੁਝ ਸਾਲਾਂ ਤੋਂ ਹਿੰਦੂਤਵ ਦੀਆਂ ਭਾਵਨਾਵਾਂ ਉਭਾਰ ਕੇ ਖੁਦ ਨੂੰ ਉਭਾਰਨ ਵਾਲੀ ਬਣੀ ਹੋਈ ਹੈ। ਨਗਰਨਿਗਮ ਦੀਆਂ ਚੋਣਾਂ ਵਿਚ ਵੀ ਇਹ ਗੱਲ ਖੁਲ ਕੇ ਸਾਹਮਣੇ ਆ ਗਈ ਸੀ। ਇਹ ਸਮਾਗਮ ਵੀ ਨਿਰੋਲ ਹਿੰਦੂ ਸਮਾਗਮ ਹੀ ਹੋ ਨਿੱਬੜਣਾ ਸੀ ਜੇ ਠਾਕੁਰ ਦਲੀਪ ਸਿੰਘ ਮੰਚ 'ਤੇ ਮੌਜੂਦ ਨਾ ਹੁੰਦੇ। ਉਹਨਾਂ ਬਹੁਤ ਸਾਰੇ ਨੁਕਤੇ ਸੰਭਾਲੇ। ਕਈਆਂ ਨੂੰ ਇਸ਼ਾਰੇ ਨਾਲ ਨਾਲ-ਕਈਆਂ ਨੂੰ ਖੁੱਲ ਕੇ। 
ਠਾਕੁਰ ਜੀ ਬੜੇ ਹੀ ਪਰੇਮ ਪਿਆਰ ਵਾਲੇ ਲਹਿਜ਼ੇ ਵਿੱਚ ਹਾਲ 'ਚ ਬੈਠੀ ਸੰਗਤ ਨੂੰ ਖਰੀਆਂ ਖਾਰਿਆਂ ਸੁਣਾਈਆਂ ਅਤੇ ਤੰਗਦਿਲੀਆਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਹੁਣ ਦੇਖਣਾ ਹੈ ਸਿਆਸੀ ਮਣਸ਼ਿਆਂ ਵਾਲੇ ਲੋਕਾਂ ਦੇ ਦਿਲਾਂ ਨੂੰ ਇਹ ਆਵਾਜ਼ ਕਿੰਨਾ ਕੁ ਹਲੂਣਾ ਦੇਂਦੀ ਹੈ। 
ਇਸ ਸਮਾਗਮ ਨਾਲ ਸਬੰਧਤ ਵੀਡੀਓ ਅਤੇ ਹੋਰ ਰਿਪੋਰਟਾਂ ਵੱਖਰੇ ਤੌਰ ਤੇ ਵੀ ਦਿੱਤੀਆਂ ਜਾ ਰਹੀਆਂ ਹਨ। 

Monday, August 29, 2016

ਖੁਦਕੁਸ਼ੀਆਂ ਨੂੰ ਰੋਕਣ ਲਈ ਵੀ ਕੁਝ ਕਰੋ ਸਿਰਫ ਅਕਾਲੀਆਂ ਨੂੰ ਨਾ ਭੰਡੋ

ਵਿਦੇਸ਼ਾਂ ਵਿੱਚ ਜ਼ਿਆਦਾ ਕੁਰੱਪਸ਼ਨ ਅਤੇ ਜ਼ਿਆਦਾ ਜੁਰਮ -ਠਾਕੁਰ ਦਲੀਪ ਸਿੰਘ 
ਲੁਧਿਆਣਾ: 28 ਅਗਸਤ 2016: (ਪੰਜਾਬ ਸਕਰੀਨ ਟੀਮ):
ਅੱਜ ਲੁਧਿਆਣਾ ਦੀ ਨਵੀਂ ਦਾਣਾ ਮੰਡੀ ਵਿਖੇ ਭਗਵਾਨ ਕ੍ਰਿਸ਼ਨ ਦੀ ਭਗਤੀ ਦਾ ਰੰਗ ਛਾਇਆ ਹੋਇਆ ਸੀ। ਜਨਮਅਸ਼ਟਮੀ ਦਾ ਮੇਲਾ ਹਿੰਦੂ ਸਿੱਖ ਏਕਤਾ ਦੇ ਸੁਨੇਹੇ ਨਾਲ ਪੰਜਾਬ ਦੇ ਲੋਕਾਂ, ਸਿਆਸਤਦਾਨਾਂ ਅਤੇ ਨਾਮਧਾਰੀਆਂ ਲਈ ਕਈ ਸੁਆਲ ਵੀ ਖੜੇ ਕਰ ਗਿਆ। ਠਾਕੁਰ ਦਲੀਪ ਸਿੰਘ ਦੀ ਅਗਵਾਈ ਹੇਠ ਹੋਏ ਇਸ ਮੇਲੇ ਵਿੱਚ ਜਿੱਥੇ ਉਹਨਾਂ ਲੋਕਾਂ ਨੂੰ ਲੰਮੇ ਹੱਥੀ ਲਿਆ ਗਿਆ ਜਿਹੜੇ ਹਿੰਦੂ ਦੇਵਤਿਆਂ ਨੂੰ ਮਿਥਿਹਾਸ ਦੱਸਦੇ ਹਨ ਉੱਥੇ ਉਹਨਾਂ ਲੋਕਾਂ ਦੇ ਦੋਸ਼ਾਂ ਨੂੰ ਵੀ ਚੁਣੌਤੀ ਦਿੱਤੀ ਗਈ ਜਿਹੜੇ ਇਹ ਆਖਦੇ ਨਹੀਂ ਥੱਕਦੇ ਕਿ ਭਾਰਤ ਵਿੱਚ ਤਾਂ ਬਹੁਤ ਬੁਰੀ ਹਾਲਤ ਹੈ। ਇਸ ਮੇਲੇ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦਾ ਸੰਦੇਸ਼ ਵੀ ਦਿੱਤਾ ਗਿਆ। ਈਸਾਈਅਤ ਅਤੇ ਇਸਲਾਮ ਨਿਸ਼ਾਨੇ 'ਤੇ ਰਹੇ। ਇਹ ਆਯੋਜਨ ਇੱੱਕ ਵਿਸ਼ਾਲ ਪੰਡਾਲ ਹੇਠ ਨਾਮਧਾਰੀ ਸੰਪਰਦਾ ਨੇ ਆਪਣੇ ਮੌਜੂਦਾ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਜੀ ਦਾ ਪ੍ਰਕਾਸ਼ ਪੁਰਬ ਜਨਮਅਸ਼ਟਮੀ ਦੇ ਨਿਰੂਪ ਵਿੱਚ ਬੜੀ ਹੀ ਧੁਮ-ਧਾਮ ਨਾਲ ਮਨਾਇਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਲ ਹੋਕੇ ਹਿੰਦੂ  ਸਿੱੱਖ ਏਕਤਾ ਦੇ ਨਾਅਰੇ ਨੂੰ ਹੋਰ ਪ੍ਰਪੱੱਕ ਕੀਤਾ।
ਇਸ ਮੇਲੇ ਦੇ ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਮੁਤਾਬਿਕ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਹਨ, ਹਿੰਦੂ ਸਿਖਾਂ ਦਾ ਆਪਸ ਵਿੱਚ ਵਿਰੋਧ ਵੱਧ ਰਿਹਾ ਹੈ। ਇਸ ਆਪਸੀ ਵਿਰੋਧ ਨੂੰ ਖਤਮ ਕਰਨ ਵਾਸਤੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਜਨਮ ਅਸ਼ਟਮੀ ਸਾਂਝੇ ਤੋਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਪੁਰਬ ਨਾਮਧਾਰੀ ਸੰਗਤ ਪਹਿਲਾਂ ਵੀ ਮਨਾਉਂਦੀ ਆ ਰਹੀ ਹੈ, ਪਰ ਇਸ ਵਾਰ ਪੰਜਾਬ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਵੱਡੇ ਪੱਧਰ ਉਤੇ ਲੁਧਿਆਣੇ ਵਿੱਚ ਮਨਾਇਆ ਗਿਆ। 
ਉਹਨਾਂ ਨੇ ਬਾਣੀ ਦੇ ਪਰਮਾਣ ਦੇ ਕੇ ਇਹ ਵੀ ਸਿੱਧ ਕੀਤਾ ਹੈ ਕਿ ਭਗਵਾਨ ਸ੍ਰੀ ਕਿਸ਼੍ਰਨ ਚੰਦਰ ਜੀ ਬਾਣੀ ਅਨੁਸਾਰ ਸਿੱਖਾਂ ਲਈ ਪੁਜਨੀਕ ਹਨ ਕਿਉਂਕਿ ਬਾਣੀ ਵਿੱਚ ਉਹਨਾਂ ਨੂੰ ਦੁਆਪਰ ਦੇ ਸਤਿਗੁਰੂ ਅਤੇ ਅਵਤਾਰ ਮੰਨਿਆ ਹੈ ਅਤੇ ਉਸੇ ਲੜੀ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੂੰ ਕਲਯੁਗ ਦੇ ਅਵਤਾਰ ਮੰਨਿਆ ਹੈ। ਬਾਣੀ ਵਿਚ ਵੀ ਲਿਖਿਆ ਹੈ: 
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
ਭਗਵਾਨ ਸ੍ਰੀ ਕਿਸ਼੍ਰਨ ਚੰਦਰ ਜੀ ਦੇ ਭਾਰਤ ਦੇਸ਼ ਵਿਚ ਅੱਜ ਹਮਲਾਵਰ ਵਿਦੇਸ਼ੀ-ਪੰਥ ਛਾ ਗਏ ਹਨ ਅਤੇ ਅਸਾਨੂੰ ਹਿੰਦੂ ਸਿਖਾਂ ਨੂੰ ਆਪਸ ਵਿਚ ਲੜਨ ਤੋਂ ਵਿਹਲ ਹੀ ਨਹੀਂ, ਨਾ ਹੀ ਕੋਈ ਇਹਨਾਂ ਵਿਦੇਸ਼ੀ ਹਮਲਾਵਰਾ ਵਿਰੋਧ ਮੂੰਹ ਖੋਲਣ ਲਈ ਤਿਆਰ ਹੈ। ਹਿੰਦੂ (ਮਾਈਥੋਲੋਜੀ) ਮਿਥਿਹਾਸ (ਝੂਠਾ ਇਤਿਹਾਸ) ਬਾਰੇ ਤਾਂ ਬਹੁਤ ਸਾਰੇ ਵਿਦਵਾਨ ਲਿਖਦੇ ਹਨ, ਪਰ ਕਿਸੇ ਨੇ ਕਦੀ ਵੀ ਇਸਾਈ ਅਤੇ ਮੁਸਲਿਮ ਮਾਈਥੋਲੋਜੀ (ਝੂਠਾ ਇਤਿਹਾਸ) ਬਾਰੇ ਨਹੀਂ ਲਿਖਿਆ। ਇਹ ਸਭ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਅੰਗਰੇਜ ਇਸਾਈਆਂ ਨੇ ਸਾਡੇ ਭਾਰਤ ਵਿਚ ਐਸੀ ਪੜੀ ਲਿੱਖੀ ਪੀੜੀ ਪੈਦਾ ਕਰ ਦਿਤੀ ਹੈ ਜੋ ਦੇਖਣ ਨੂੰ ਭਾਰਤੀ ਲਗਦੇ ਹਨ, ਪਰ ਸੋਚ ਕਰਕੇ ਉਹ ਭਾਰਤ ਵਿਰੋਧੀ ਹਨ। ਇਸ ਕਰਕੇ ਇਹਨਾਂ ਹੀ ਕਥਿਤ ਵਿਦਵਾਨਾਂ ਨੇ ਆਪਣੇ ਹੀ ਭਾਰਤ ਵਾਸੀਆਂ ਦਾ ਆਤਮ ਸਨਮਾਨ ਸਮਾਪਤ ਕਰ ਦਿਤਾ ਹੈ ਅਤੇ ਭਾਰਤੀਆਂ ਨੂੰ ਇਹ ਦ੍ਰਿੜਾ ਦਿਤਾ ਹੈ ਕਿ ਵਿਦੇਸ਼ੀ ਬਹੁਤ ਵਿਦਵਾਨ ਅਤੇ ਲੋਕ ਇਮਾਨਦਾਰ ਹਨ ਅਤੇ ਸੱਚੇ ਹਨ। ਭਾਰਤੀ ਪਹਿਲੋਂ ਵੀ ਬੁਧੂ ਅਤੇ ਭ੍ਰਸ਼ਟ ਸਨ ਅਤੇ ਅੱਜ ਵੀ ਬੁਧੂ ਅਤੇ ਭ੍ਰਸ਼ਟ ਹਨ। ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਜਨਮ ਅਸ਼ਟਮੀ ਦੇ ਮੋਕੇ ਉਤੇ ਸਾਰੇ ਭਾਰਤਵਾਸੀ ਨੂੰ ਬੇਨਤੀ ਕੀਤੀ ਕਿ ਆਪਣੇ ਅੰਦਰ ਆਤਮ ਸਨਮਾਨ ਲਿਆਓ। ਆਪਣੇ ਪੂਰਵਜਾਂ ਨੂੰ, ਆਪਣੀ ਸੰਸਕ੍ਰਿਤੀ ਨੂੰ, ਆਪਣੇ ਲੋਕਾਂ ਅਤੇ ਆਪਣੇ ਦੇਸ਼ ਨੂੰ ਭ੍ਰਸ਼ਟ ਨਾ ਸਮਝੋ। ਇਸ ਨੂੰ ਕਿਸੇ ਤੋਂ ਵੀ ਘੱਟ ਨਾ ਸਮਝੋ। ਆਪਣੀ ਇਸ ਗੱਲ ਨੂੰ ਸਿੱਧ ਕਰਨ ਲਈ ਉਹਨਾਂ ਨੇ ਕਈ ਤੱਤ ਪੇਸ਼ ਕੀਤੇ ਜਿਵੇਂ ਕਿ ਵਿਕਸ਼ਤ ਦੇਸ਼ਾਂ ਦਾ ਭ੍ਰਿਸ਼ਟਾਚਾਰ, ਉਹਨਾਂ ਦੇਸ਼ਾਂ ਦਾ ਸਿਰ ਤੇ ਕਰਜਾਂ ਤੇ ਉਥੋਂ ਦੀ ਆਤਮਘਾਤ ਦਰ ਸਾਡੇ ਦੇਸ਼ ਤੋਂ ਕਿਤੇ ਵੱਧ ਹੈ।
ਉਹਨਾਂ ਇਸ ਮਕਸਦ ਦੇ  ਵੇਰਵੇ ਅੰਕੜਿਆਂ ਸਮੇਤ ਬੋਲੇ ਅਤੇ ਸਪਸ਼ਟ ਕਿਹਾ ਕਿ  ਕਰ ਕਿ ਵਿਦੇਸ਼ਾਂ ਵਿੱਚ ਕੁਰੱਪਸ਼ਨ, ਜੁਰਮ ਅਤੇ ਬੁਰਾਈਆਂ ਸਾਡੇ ਦੇਸ਼ ਤੋਂ ਕਿਤੇ  ਵੱਧ ਹਨ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਪਣੇ ਦੇਸ਼ 'ਤੇ ਫਖਰ ਕਰਨਾ ਸਿੱਖੋ।  ਇਸਨੂੰ ਹਰ ਗੱਲ ਵਿੱਚ ਮਾੜਾ ਆਖਣਾ ਛੱਡ ਦਿਓ। ਉਹਨਾਂ ਕਿਹਾ ਕਿ ਆਬਾਦੀ ਚੀਨ ਦੀ ਜ਼ਿਆਦਾ ਹੈ ਪਰ ਕੈਦੀ ਅਮਰੀਕਾ ਵਿੱਚ ਜ਼ਿਆਦਾ ਹਨ। ਸਾਫ ਜ਼ਾਹਿਰ ਹੈ ਕਿ ਉੱਥੇ ਅਪਰਾਧ ਵੀ ਜ਼ਿਆਦਾ ਹਨ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਅਮਰੀਕਾ ਵਿੱਚ ਪ੍ਰਾਈਵੇਟ ਜੇਲ੍ਹਾਂ ਵੀ ਹਨ ਜਿਹਨਾਂ ਨਾਲ ਬਾਕਾਇਦਾ ਠੇਕਾ ਹੋਇਆ ਹੁੰਦਾ ਹੈ ਕਿ ਤੁਸੀਂ ਏਨੇ ਬੰਦੇ ਅੰਦਰ ਕਰਨੇ ਹੀ ਕਰਨੇ ਹਨ। ਉਹਨਾਂ ਜੇਲ੍ਹਾਂ ਵਿੱਚੋਂ ਕੈਦੀਆਂ ਕੋਲੋਂ ਬੇਤਹਾਸ਼ਾ ਕੰਮ ਲਿਆ ਜਾਂਦਾ ਹੈ ਅਤੇ ਉਸ ਉਤਪਾਦਨ ਦੀ ਕਮਾਈ ਵਿੱਚੋਂ ਚੋਣਾਂ ਵਾਸਤੇ ਫ਼ੰਡ ਵੀ ਦਿੱਤਾ ਜਾਂਦਾ ਹੈ। 
ਉਹਨਾਂ ਨੇ ਹਿੰਦੂ ਅਤੇ ਸਿੱਖਾਂ ਨੂੰ ਬਹੁੱਤ ਜੋਰ ਦੇ ਕੇ ਕਿਹਾ ਗੁਰਦੂਆਰੇ ਅਤੇ ਮੰਦਿਰਾ ਉਤੇ ਸੋਨਾ ਲਗਾਉਣ ਦੀ ਬਜਾਏ ਅਤੇ ਨਵੇਂ ਗੁਰਦੁਆਰੇ ਅਤੇ ਮੰਦਿਰ ਬਣਾਉਣ ਦੀ ਬਜਾਏ ਆਪਣੇ ਦੇਸ਼ ਦੇ ਗਰੀਬ ਲੋਕਾਂ ਨੂੰ ਅਪਣਾਓ ਤਾਂ ਜੋ ਉਹ ਆਪਣਾ ਧਰਮ ਪ੍ਰਵਰਤਨ ਨਾ ਕਰਨ। ਭਾਵ: ਉਹ ਹਿੰਦੂ ਸਿੱਖ ਤੋਂ ਇਸਾਈ ਜਾਂ ਮੁਸਲਮਾਨ ਨ ਬਨਣ। ਉਹਨਾਂ ਸਭ ਤੋਂ ਜ਼ਿਆਦਾ ਕਲਾਸ ਸਾਰੀਆਂ ਸਾਹਮਣੇ ਨਾਮਧਾਰੀਆਂ ਦੀ ਲਾਈ ਅਤੇ ਕਿਹਾ ਕਿ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਕੇ ਉਹਨਾਂ ਨੂੰ ਪੈਰਾਂ ਤੇ ਖੜੇ ਕਰਨਾ ਤੁਹਾਡੀ ਡਿਊਟੀ ਬੰਦੀ ਹੈ? ਤੁਸੀਂ ਕਿ ਕਰਦੇ ਹੋ? ਸਿਰਫ ਗੁਰਦੁਆਰੇ ਜਾ ਕੇ ਛੈਣੇ ਖੜਕਾਉਣ ਜੋਗੇ ਹੋ?
ਇਸ ਮੌਕੇ ਪੁਲਿਸ ਬੰਦੋਬਸਤ ਤੋਂ ਇਲਾਵਾ ਨਿਜੀ ਸੁਰੱਖਿਆ ਦਾ ਵੀ ਪੂਰਾ ਇੰਤਜ਼ਾਮ ਸੀ। ਕਿਰਪਾਨਾਂ ਤੋਂ ਲੈ ਕੇ ਬੰਦੂਕਾਂ ਪਿਸਤੌਲਾਂ ਵਾਲੇ ਉੱਚੇ ਲੰਮੇ ਜਵਾਨ ਵੀ ਸਟੇਜ ਦੇ ਨੇੜੇ ਤੇੜੇ ਰਹੇ ਪਰ ਉਹ ਇੱਕ ਵਿਸ਼ੇਸ਼ ਓਹਲੇ ਵਿੱਚ ਰਹੇ। ਉਹਨਾਂ ਦੀ ਨਿਗਰਾਨੀ ਨਾਲ ਸੰਗਤਾਂ ਨੂੰ ਜ਼ਰਾ ਵੀ ਪ੍ਰੇਸ਼ਾਨੀ ਮਹਿਸੂਸ ਨਹੀਂ ਹੋਈ। ਹਾਂ ਕੁਝ "ਵੀਆਈਪੀ ਕਿਸਮ" ਦੇ ਲੋਕ ਇਸ ਧਾਰਮਿਕ ਆਯੋਜਨ ਵਿੱਚ ਵੀ ਆਪਣੀਆਂ ਚਲਾਕੀਆਂ ਤੋਂ ਨਹੀਂ ਹਟੇ ਅਤੇ ਜੁੱਤੀਆਂ ਪੰਡਾਲ ਤੋਂ ਬਾਹਰ ਲਾਹੁਣ ਦੀ ਬਜਾਏ ਸਟੇਜ ਦੇ ਥੱਲੇ ਲਾਹ ਕੇ ਹੀ ਸਟੇਜ ਤੇ ਚੜ੍ਹ ਗਏ। ਵਿਜੇ ਚੋਪੜਾ ਜੀ ਵਰਗੇ ਕੁਝ ਖਾਸ ਮਹਿਮਾਨਾਂ ਨੇ ਰੁਝੇਵਿਆਂ ਭਰਿਆ ਰੂਟੀਨ ਹੋਣ ਦੇ ਬਾਵਜੂਦ ਕਾਫੀ ਦੇਰ ਤੱਕ ਪ੍ਰੋਗਰਾਮ ਸੁਣਿਆ ਪਰ ਨਵੇਂ ਨਵੇਂ ਉੱਠੇ ਲੀਡਰ ਸਨਮਾਨ ਲੈਂਦਿਆਂ ਸਾਰ ਹੀ  ਸਟੇਜ ਤੋਂ ਉਤਰ ਕੇ ਪੰਡਾਲ ਤੋਂ ਬਾਹਰ ਤੁਰ ਪੈਂਦੇ। ਲੰਗਰ ਦਾ ਇੰਤਜ਼ਾਮ ਬਹੁਤ ਸ਼ਾਨਦਾਰ ਸੀ। 
ਅਖੀਰ ਤੇ ਸਤਿਗੁਰੂ ਦਲੀਪ ਸਿੰਘ ਜੀ ਨੇ ਸਾਰੇ ਹਿੰਦੂ ਅਤੇ ਸਿੱਖਾਂ ਨੂੰ ਆਪਸ ਵਿੱਚ ਪ੍ਰੇਮ ਭਾਵ ਰੱਖਣ ਉਤੇ ਜੋਰ ਦਿਤਾ। 
ਇਸ ਮੋਕੇ ਤੇ ਕਈ ਰਾਜਨਿਤਿਕ ਅਤੇ ਧਾਰਮਿਕ ਮਹਾਨ ਹਸਤੀਆਂ ਨੇ ਭਾਗ ਲਿਆ ਜਿਵੇਂ ਕਿ ਸੰਤ ਤੇਜਾ ਸਿੰਘ ਜੀ, ਦਾਦਾ ਲਛਮਣ ਚੇਲਾ ਰਾਮ ਜੀ , ਸੰਤ ਬਾਬਾ ਜਸਵਿੰਦਰ ਸਿੰਘ ਜੀ ਡੇਰਾ ਬਸ਼ੀਰਪੁਰਾ ਜਲੰਧਰ, ਨਿਰਮਲ ਸੰਤ ਬਾਬਾ ਪਾਲ ਸਿੰਘ ਜੀ ਡੇਰਾ ਲੋਹੀਆਂ ਖਾਸ, ਸ਼੍ਰੀ ਭਗੀਸ਼ ਸ਼ਾਸਤਰੀ ਜੀ ਕਾਸ਼ੀ ਮੱੱਠ, ਸ਼੍ਰੀ ਵਿਜੈ ਚੋਪੜਾ ਜੀ ਪੰਜਾਬ ਕੇਸਰੀ, ਸ਼੍ਰੀ ਮਦਨ ਲਾਲ ਚੋਪੜਾ ਜੀ ਹਿੰਦੂ ਸਭਾ, ਸੰਤ ਦਰਸ਼ਨ ਸਿੰਘ ਜੀ, ਸ਼੍ਰੀ ਅਜੀਤ ਗੁਪਤਾ ਭਾਜਪਾ, ਬਲਦੇਵ ਮਲਹੋਤਰਾ ਕਾਨਪੁਰ, ਸ੍ਰ. ਬਚਨ ਸਿੰਘ ਪ੍ਰਧਾਨ ਰਾਸ਼ਟਰੀ ਸਿੱੱਖ ਸੰਗਤ ਮੋਹਾਲੀ, ਸੁਨੀਤਾ ਅਗਰਵਾਲ ਡਿਪਟੀ ਮੇਅਰ, ਸਰਿਤਾ ਰਾਣੀ ਪ੍ਰਜਾਪਤੀ ਬ੍ਰਹਮਕੁਮਾਰੀ, ਡਾ. ਵਿਨੋਦ ਕਪੂਰ ਸੀਨੀਅਰ ਸਿਮਰਨ ਸੋਸਾਇਟੀ, ਸ਼੍ਰੀ ਆਸ਼ੂਤੋਸ਼ ਪਾਂਡੇ ਜੀ ਪ੍ਰਧਾਨ ਬ੍ਰਾਹਮਣ ਸਭਾ ਭਾਰਤ, ਬਾਬਾ ਅਜੀਤ ਸਿੰਘ ਜੀ ਚੇਅਰਮੈਨ ਟਰੇਡਰ ਬੋਰਡ, ਭਜਨ ਮੰਡਲੀ ਲੁਧਿਆਣਾ, ਸ਼੍ਰੀ ਅਸ਼ੋਕ ਪਟਾਕਾ ਜੀ, ਸ਼੍ਰੀ ਰਣਜੀਤ ਸਿੰਘ ਜੀ ਐਮ.ਐਲ.ਏ., ਬੀਬੀ ਨਿਰਮਲ ਕੌਰ ‘ਆਪ’ ਆਗੂ ਸਮੇਤ ਕਈ ਪ੍ਰਸਿੱੱਧ ਹਸਤੀਆਂ ਨੇ ਆਪਣੀ ਹਾਜ਼ਰੀ ਭਰੀ। ਅਖੀਰ ਵਿੱਚ ਕੁਝ ਯਾਦਗਾਰੀ ਫ਼ਿਲਮੀ ਧੁਨਾਂ ਤੇ ਕ੍ਰਿਸ਼ਨ ਭਗਵਾਨ ਦੀ ਮਸਤੀ ਅਤੇ ਰਾਸ ਵਾਲਾ ਰੰਗ ਵੀ ਛਾਇਆ ਰਿਹਾ। 

Friday, August 26, 2016

ਜਨਮ ਅਸ਼ਟਮੀ ਮੌਕੇ ਮਹਿੰਗਾਈ ਵਾਲੇ ਕਾਲੀਆ ਨਾਗ ਨੂੰ ਨੱਥਣ ਦੀਆਂ ਅਰਜੋਈਆਂ

ਲੋਕਾਂ ਨੇ ਆਪੋ ਆਪਣੇ ਬੱਚਿਆਂ ਚੋਂ ਵੀ ਦੇਖਿਆ ਭਗਵਾਨ ਕ੍ਰਿਸ਼ਨ ਦਾ ਰੂਪ 
ਡੀਏਵੀ ਸਕੂਲ ਬੀ ਆਰ ਐਸ ਨਗਰ ਲੁਧਿਆਣਾ ਦੇ ਬੱਚੇ 
ਲੁਧਿਆਣਾ//ਖਰੜ//ਮੋਹਾਲੀ: 25 ਅਗਸਤ 2016: (ਪੁਸ਼ਪਿੰਦਰ ਕੌਰ/ਪੰਜਾਬ ਸਕਰੀਨ):
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਕੰਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮੁੱਖ ਰੱਖਦਿਆਂ ਦੇਸ਼ ਦੇ ਹੋਰਨਾਂ ਭਾਗਾਂ ਵਣ ਇਹਨਾਂ ਇਲਾਕਿਆਂ ਵਿੱਚ ਵੀ ਅੱਜ ਵੱਖ-ਵੱਖ ਮੰਦਰਾਂ 'ਚ ਸਜਾਵਟ ਕੀਤੀ ਅਤੇ ਰਾਤ ਸਮੇਂ ਪੂਜਾ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾੂਲਆਂ ਨੇ ਸ਼ਿਰਕਤ ਕੀਤੀ ਅਤੇ ਕਥਾ ਕੀਰਤਨ ਦੀਆਂ ਵਿਚਾਰਾਂ ਵਾਲੀ ਸੰਗਤ ਨਾਲ ਸਤਸੰਗ ਕੀਤਾ। ਭਗਵਾਨ ਕ੍ਰਿਸ਼ਨ ਦੇ ਜੀਵਨ ਦੀ ਲੀਲਾ ਅਤੇ ਘਟਨਾਵਾਂ ਅੱਜ ਦੇ ਯੁਗ ਵਿੱਚ ਪ੍ਰਸੰਗਿਕ ਬਣੀਆਂ ਹੋਇਆ ਹਨ। ਲੋਕਾਂ ਨੇ ਕੁਰੱਪਸ਼ਨ, ਗੁੰਡਾਗਰਦੀ, ਮਹਿੰਗਾਈ ਅਤੇ ਪ੍ਰਦੂਸ਼ਣ ਦੇ ਰੂਪ ਵਿੱਚ ਫ਼ੁੰਕਾਰਾਂ ਮਾਰ ਰਹੇ ਕਾਲੀਆ ਨਾਗ ਨੂੰ ਨੱਥ ਪਾਉਣ ਲਈ ਵੀ ਭਗਵਾਨ ਕ੍ਰਿਸ਼ਨ ਅੱਗੇ ਅਰਜੋਈਆਂ ਕੀਤੀਆਂ। ਲੋਕਾਂ ਨੇ ਕਾਮਨਾ ਕੀਤੀ ਕਿ ਇਸ ਵਾਰ ਜਨਮ ਅਸ਼ਟਮੀ ਦਾ ਤਿਓਹਾਰ ਮੌਸਮ ਵਿੱਚ ਸੀਤਲਤਾ ਲਿਆਉਣ ਦੇ ਨਾਲ ਨਾਲ ਦੁੱਖਾਂ ਕਲੇਸ਼ਾਂ ਅਤੇ ਤਕਲੀਫ਼ਾਂ ਦੀ ਅੱਗ ਵਿੱਚ ਸੜ ਰਹੇ ਆਮ ਲੋਕਾਂ ਦੇ ਜੀਵਨ ਵਿੱਚ ਵੀ ਸੁੱਖਾਂ ਦੇ ਅੰਮ੍ਰਿਤ ਦੀ ਵਰਖਾ ਕਰੇ। 
ਲੁਧਿਆਣਾ: ਇਥੋਂ ਦੇ ਵੱਖ ਮੰਦਰਾਂ ਦੇ ਨਾਲ ਨਾਲ ਬਹੁਤ ਸਾਰੇ ਸਕੂਲਾਂ ਵਿੱਚ ਵੀ ਜਨਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਭਗਵਾਨ ਸ਼੍ਰੀ ਕ੍ਰਿਸ਼ਨ ਦੇ   ਕਰਮ ਵਾਲੇ ਗੀਤ ਉਪਦੇਸ਼ ਅਤੇ ਬਾਲ ਲੀਲਾ ਦੀ ਵੀ ਚਰਚਾ ਹੋਇਆ।  ਉਪਦੇਸ਼ਾਂ ਵਿੱਚ ਯਾਦ ਕਰਾਇਆ ਗਿਆ ਕਿ ਕਿਵੈਂ ਭਗਵਾਨ ਦੀ ਪੂਰੀ ਜ਼ਿੰਦਗੀ ਕਦਮ ਕਦਮ 'ਤੇ ਸਾਨੂੰ ਹਰ ਖੇਤਰ ਵਿੱਚ ਪ੍ਰੇਰਨਾ ਦੇਂਦੀ ਹੈ। 
ਖਰੜ ਅਤੇ ਸੰਨੀ ਐਨਕਲੇਵ ਇਲਾਕੇ ਦੇ ਮੰਦਰਾਂ ਵਿੱਚ ਬਹੁਤ ਸ਼ਾਨਦਾਰ ਸਜਾਵਟ ਕੀਤੀ ਗਈ। ਜਨਮ ਅਸ਼ਟਮੀ ਮੌਕੇ ਸਥਾਨਕ ਦਸਮੇਸ਼ ਨਗਰ ਵਿਚਲੇ ਸ਼ਿਵ ਮੰਦਿਰ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਹਲਕਾ ਵਿਧਾਇਕ ਜਗਮੋਹਨ ਸਿੰਘ ਕੰਗ ਦੇ ਪੁੱਤਰ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਜੀਤੀ ਪਡਿਆਲਾ ਸਕੱਤਰ ਪੰਜਾਬ, ਡਾ: ਰਘੁਵੀਰ ਸਿੰਘ ਬੰਗੜ, ਬਲਜੀਤ ਚੌਧਰੀ ਪੁਸੂ ਪ੍ਰਧਾਨ, ਸ਼ਿਵਮ ਚੌਹਾਨ, ਰੱਬੀ ਟਾਂਡਾ, ਗੁਲਜਾਰ ਸਿੰਘ, ਹੈਪੀ, ਦਿਲਬਾਗ ਸਿੰਘ ਸਮੇਤ ਮੰਦਿਰ ਦੇ ਸਮੂਹ ਪ੍ਰਬੰਧਕ ਹਾਜ਼ਰ ਸਨ।
ਮੋਹਾਲੀ ਦੇ ਫੇਜ਼, 5 ਦੇ ਮੰਦਰ 'ਚ ਕਰਵਾਏ ਸਮਾਗਮ ਵਿਚ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਮੁੱਚੀ ਮੰਦਿਰ ਕਮੇਟੀ ਨੇ ਕਾਹਲੋਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਫੇਜ਼ 2ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਤੇ ਧਰਮਸ਼ਾਲਾ ਵਿੱਚ ਜਨਮ ਅਸ਼ਟਮੀ ਮੌਕੇ ਬੱਚਿਆਂ ਦੇ ਡਰਾਇੰਗ, ਭਜਨ ਅਤੇ ਧਾਰਮਿਕ ਵੇਸ਼ਭੁੂਸ਼ਾ, ਡਾਂਸ ਤੇ ਡਾਂਡੀਆ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦੇ ਸੰਚਾਲਕ ਯੂਥ ਕਲੱਬ ਮੁਹਾਲੀ ਦੇ ਪ੍ਰਧਾਨ ਵਰੁਣ ਚੱਢਾ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ 14 ਸਕੂਲਾਂ ਦੇ ਤਕਰੀਬਨ 250 ਬੱਚਿਆਂ ਨੇ ਹਿੱਸਾ ਲਿਆ। ਡਰਾਇੰਗ ਮੁਕਾਬਲੇ 'ਚ ਛੋਟੇ ਵਰਗ 'ਚ ਜੀਵਨ ਜੋਤ ਸਕੂਲ ਦੀ ਖੁਸ਼ਬੂ, ਵੱਡੇ ਵਰਗ 'ਚ ਲੜਕੀਆਂ ਦੇ ਕਾਲਜ ਚੱਬਾ ਦੀ ਸ਼ਰਮਿਤਾ ਸ਼ਰਮਾ ਪਹਿਲੇ ਸਥਾਨ 'ਤੇ ਰਹੀ। ਭਜਨ ਮੁਕਾਬਲੇ 'ਚ ਵਿਦਿਅਕ ਨਿਕੇਤਨ ਸਕੂਲ ਦੀ ਚਰਨਪ੍ਰੀਤ ਤੇ ਭਵਨ ਵਿਦਿਆਲਿਆ ਦੀ ਪਾਂਖੂਰੀ ਪਹਿਲੇ ਸਥਾਨ 'ਤੇ ਰਹੀ। ਵੇਸ਼ਭੂਸ਼ਾ ਵਿੱਚ ਅਜੀਤ ਕਰਮ ਸਕੂਲ ਦੇ ਵਿਕਾਸ ਗੋਇਲ ਅਤੇ ਡਾਂਸ ਵਿੱਚ ਏਂਜਲ ਪਬਲਿਕ ਸਕੂਲ ਬਹਿਲੋਲਪੁਰ ਦੀ ਮਾਨਸੀ ਪਹਿਲੇ ਸਥਾਨ 'ਤੇ ਰਹੀ। ਇਨ੍ਹਾਂ ਤੋਂ ਇਲਾਵਾ ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਅੱਛੀ ਭੂਮਿਕਾ ਨਿਭਾਉਣ ਲਈ ਅੰਸ਼ਿਕਾ, ਪਰਨੀਤ, ਸਨਪ੍ਰੀਤ, ਮਨੀਸ਼ਾ, ਰਜਨੀ, ਅਮ੍ਰਿਤ ਕੌਰ, ਸਿਮਰਨ, ਸ਼ਾਨ 'ਤੇ ਰਾਧਿਕਾ ਤੇ ਹੋਰਨਾਂ ਬੱਚਿਆਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੀ ਜੱਜ ਕੁਮਾਰੀ ਕਨਵਰਦੀਪ ਕੌਰ (ਏ. ਐਸ. ਪੀ) ਚਮਕੌਰ ਸਾਹਿਬ ਨੇ ਇਨਾਮ ਵੰਡੇ। ਇਸ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਸਮਾਗਮ ਕਰਵਾਏ ਗਏ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।
ਪੰਚਕੂਲਾ ਵਿੱਚ ਵੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਨੂੰ ਲੈ ਕੇ ਮੰਦਿਰਾਂ ਨੂੰ ਸਜਾਇਆ ਗਿਆ ਤੇ ਸ੍ਰੀ ਕ੍ਰਿਸ਼ਨ ਜੀ ਦੇ ਦਰਸ਼ਨਾਂ ਲਈ ਮੰਦਿਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਜਨਮ ਅਸ਼ਟਮੀ ਨੂੰ ਲੈ ਕੇ ਕੁਝ ਥਾਵਾਂ ਉਤੇ ਕੱਲ੍ਹ ਰਾਤ ਹੀ ਜਨਮ ਅਸ਼ਟਮੀ ਮਨਾਈ ਗਈ, ਜਦਕਿ ਕੁਝ ਮੰਦਿਰਾਂ ਵਿਚ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜਨਮ ਅਸ਼ਟਮੀ ਨੂੰ ਲੈ ਕੇ ਲੋਕ ਵਰਤ ਰੱਖਦੇ ਹਨ ਅਤੇ ਕ੍ਰਿਸ਼ਨ ਭਗਵਾਨ ਦੇ ਜਨਮ ਹੋਣ ਤੋਂ ਬਾਅਦ ਹੀ ਖਾਣਾ ਖਾਂਦੇ ਹਨ। ਮੰਡੀ ਵਿੱਚ ਸੰਗਤਾਂ ਦੀ ਬਹੁਤ ਭੀੜ ਸੀ। ਮਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਰਧਾਲੂ ਸਵੇਰ ਤੋਂ ਆ ਹੀ ਰਹੇ ਹਨ। ਇਸ ਮੌਕੇ ਮੰਦਿਰਾਂ ਵਿਚ ਵਿਚ ਲੰਗਰ ਵੀ ਲਗਾਏ ਗਏ।
ਨਾਮਧਾਰੀ 28  ਅਗਸਤ  ਨੂੰ ਲੁਧਿਆਣਾ ਵਿੱਚ ਮਨਾਉਣਗੇ ਜਨਮ ਅਸ਼ਟਮੀ 
ਲਾਲੜੂ: ਲਾਲੜੂ ਵਿੱਚ ਵੀ ਜਨਮ ਅਸ਼ਟਮੀ ਦਾ ਜ਼ੋਰ ਰਿਹਾ।  ਮੰਦਰ ਸਜਾਏ ਗਏ, ਪੂਜਾ ਕੀਤੀ ਗਈ ਅਤੇ ਭਗਵਾਨ ਕ੍ਰਿਸ਼ਨ ਦੇ ਜੀਵਨ ਦੀ ਲੀਲਾ ਦੀਆਂ ਕਹਾਣੀਆਂ ਸੁਣਾਈਆਂ ਗਈਆਂ। ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਵਿਖੇ ਜਨਮ ਅਸ਼ਟਮੀ ਸ਼ਰਧਾਪੂਰਵਕ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਰਾਧਾ-ਕ੍ਰਿਸ਼ਨ, ਬਲਰਾਮ, ਸੁਦਾਮਾ, ਗੋਪੀਆਂ ਅਤੇ ਗਵਾਲੇ ਦੇ ਪਹਿਰਾਵਿਆਂ 'ਚ ਬ੍ਰਿੰਦਾਵਨ ਦਾ ਦ੍ਰਿਸ਼ ਪੇਸ਼ ਕੀਤਾ ਅਤੇ ਨਾਲ ਹੀ ਬੱਚਿਆਂ ਦੇ ਰਾਧਾ-ਕ੍ਰਿਸ਼ਨ ਦੇ ਪਹਿਰਾਵੇ ਵਿਚ ਮੁਕਾਬਲੇ ਵੀ ਕਰਵਾਏ ਗਏ। ਸ੍ਰੀ ਕ੍ਰਿਸ਼ਨ ਦਾ ਪਹਿਰਾਵੇ 'ਚ ਆਏ ਗੁਰਕੀਰਤ ਸਿੰਘ (ਕੇ. ਜੀ), ਸੁਮਿਤ (ਪਹਿਲੀ) ਅਤੇ ਅਰਮਾਨ (ਨਰਸਰੀ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ ਰਾਧਾ ਦੇ ਪਹਿਰਾਵੇ 'ਚ ਆਈਆਂ ਨੇਹਾ (ਕੇ. ਜੀ), ਅਮਨਪ੍ਰੀਤ ਪਹਿਲੀ ਅਤੇ ਨਮਨਜੋਤ (ਕੇ. ਜੀ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸ੍ਰੀ ਕ੍ਰਿਸ਼ਨ ਅਤੇ ਸੁਦਾਮਾ 'ਤੇ ਆਧਾਰਿਤ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਸੁਦਾਮਾ ਦੀ ਅਦਾਕਾਰੀ ਨੂੰ ਸਭ ਨੇ ਪਸੰਦ ਕੀਤਾ। ਇਸ ਮੌਕੇ ਸਕੂਲ ਦੇ ਐਮ. ਡੀ. ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਨੀਲਮ ਬਖਸ਼ੀ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਅਧਿਆਪਕ ਸਿਓ ਰਾਮ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਸਿੰਘ, ਮੈਡਮ ਕਲਪਨਾ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਗੁਰਦੀਪ ਕੌਰ ਤੇ ਬਲਜਿੰਦਰ ਕੌਰ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਸੀ।
ਕੁਰਾਲੀ: ਕੁਰਾਲੀ ਵਿੱਚ ਵੀ ਜਨਮ ਅਸ਼ਟਮੀ ਦੀਆਂ ਭਾਰੀ ਰੌਣਕਾਂ ਦੇਖੀਆਂ ਗਈਆਂ। ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸਵੇਰ ਤੋਂ ਹੀ ਕ੍ਰਿਸ਼ਨ ਭਗਤਾਂ ਦੀਆਂ ਮੰਦਿਰਾਂ 'ਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਭਗਤਾਂ ਵੱਲੋਂ ਪੂਜਾ ਕਰਨ ਦੇ ਨਾਲ-ਨਾਲ ਕਥਾ ਸਰਵਣ ਕੀਤੀ ਗਈ। ਇਸੇ ਤਰ੍ਹਾਂ ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਪ੍ਰੀ ਪ੍ਰਾਇਮਰੀ ਵਿੰਗ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਨਿੱਕੇ ਨਿੱਕੇ ਬੱਚਿਆਂ ਨੇ ਕ੍ਰਿਸ਼ਨ ਭਗਵਾਨ ਦੀ ਡਰੈਸ ਵਿੱਚ ਸੱਜਕੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਅਤੇ ਕੇ. ਜੀ ਜਮਾਤ ਦੇ ਵਿਦਿਆਰਥੀਆਂ ਨੇ ਯਸ਼ੋਮਤੀ ਮਈਆ ਗੀਤ 'ਤੇ ਕੋਰਿਓਗ੍ਰਾਫੀ ਕਰਕੇ ਸਭਨਾਂ ਦਾ ਮਨ ਮੋਹ ਲਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਸ੍ਰੀ ਭਗਵਾਨ ਦੀਆਂ ਬੰਸਰੀਆਂ ਵੀ ਗਿਫਟ ਵਜੋਂ ਦਿੱਤੀਆਂ ਗਈਆਂ। ਸਕੂਲ ਪ੍ਰਿੰ: ਅਨੂੰ ਸ਼ਰਮਾ ਨੇ ਬੱਚਿਆਂ ਤੇ ਅਧਿਆਪਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸੇ ਤਰ੍ਹਾਂ ਡੀ. ਈ. ਵੀ. ਸਕੂਲ ਵਿਚ ਵੀ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਆਪ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਬੀਬੀ ਲਖਵਿੰਦਰ ਕੌਰ ਗਰਚਾ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਕ੍ਰਿਸ਼ਨਾ ਦੇਵੀ ਧੀਮਾਨ ਪ੍ਰਧਾਨ ਨਗਰ ਕੌਂਸਲ, ਜਥੇ.ਸਾਹਿਬ ਸਿੰਘ ਬਡਾਲੀ, ਦਵਿੰਦਰ ਠਾਕੁਰ, ਸ਼ਿਵ ਵਰਮਾ, ਵਿਨੀਤ ਕਾਲੀਆ, ਰਾਜਦੀਪ ਸਿੰਘ ਹੈਪੀ, ਰਾਕੇਸ਼ ਕਾਲੀਆ, ਹਰੀਸ਼ ਕੌਸ਼ਲ, ਹਿਮਾਂਸ਼ੂ ਧੀਮਾਨ, ਲੱਕੀ ਕਲਸੀ, ਰਮਾਂਕਾਤ ਕਾਲੀਆ, ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਮੰਦਿਰਾਂ ਵਿੱਚ ਨਤਮਸਤਕ ਹੁੰਦੇ ਹੋਏ ਹਾਜ਼ਰੀ ਭਰੀ।
ਮੰਦਰਾਂ ਦੇ ਨਾਲ ਨਾਲ ਘਰਾਂ ਵਿੱਚ ਵੀ ਜਨਮ ਅਸ਼ਟਮੀ ਦਾ ਉਤਸ਼ਾਹ ਦੇਖਿਆ ਗਿਆ। ਲੋਕਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਸਜਾਇਆ। ਇਸ ਵਾਰ ਵੀ ਜਨਮ ਅਸ਼ਟਮੀ ਦੇ ਮੌਕੇ 'ਤੇ ਲੋਕਾਂ ਦਾ ਆਪਸੀ ਪ੍ਰੇਮ ਪਿਆਰ ਅਤੇ ਸਦਭਾਵ ਦੇਖਣ ਵਾਲਾ ਸੀ। ਇਸ ਤਿਓਹਾਰ ਤੇ ਭਵਨ ਦੇ ਬਾਲ ਰੂਪ ਦੀ ਬਹੁਤ ਪੂਜਾ ਹੋਈ।