Aug 25, 2019, 4:41 PM
ਲੁਧਿਆਣਾ ਦੇ ਗੋਵਿੰਦ ਗੌਧਾਮ ਵਿੱਚ ਕੀਤਾ ਕੀਰਤਨ ਅਤੇ ਵਖਿਆਨ
ਲੁਧਿਆਣਾ: 24 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀਆਂ ਵੱਲੋਂ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕਰਨ ਵਾਲਾ ਆਪਣਾ ਮਿਸ਼ਨ ਪੂਰੀ ਅਡੋਲਤਾ ਨਾਲ ਜਾਰੀ ਹੈ। ਨਾਮਧਾਰੀਆਂ ਨੇ ਇਸ ਵਾਰ ਵੀ ਜਨਮ ਅਸ਼ਟਮੀ ਦੇ ਮੌਕੇ 'ਤੇ ਮੰਦਰਾਂ ਵਿੱਚ ਜਾ ਕੇ ਕੀਰਤਨ ਕੀਤਾ ਅਤੇ ਭਗਵਾਨ ਕ੍ਰਿਸ਼ਨ ਜੀ ਵਿੱਚ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਜੀ ਦੇ ਅਵਤਾਰ ਦਿਹਾੜੇ ਤੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਲੁਧਿਆਣਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਗੋਵਿੰਦ ਗੌਧਾਮ ਹੰਭੜਾਂ ਰੋਡ ਵਿਖੇ ਜਥੇਦਾਰ ਗੁਰਦੀਪ ਸਿੰਘ ਦੇ ਜੱਥੇ ਸਮੇਤ ਸੰਗਤਾਂ ਨੇ ਕੀਰਤਨ ਕੀਤਾ। ਜੱਥੇ ਨੇ ਗੁਰਬਾਣੀ ਅਨੁਸਾਰ ਭਗਵਾਨ ਸ੍ਰੀ ਕ੍ਰਿਸ਼ਨ ਚੰਦਰ ਜੀ ਦੇ ਜੀਵਨ ਪ੍ਰਸੰਗ ਸੁਣਾ ਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਅਤੇ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਵੱਲੋ ਜਨਮ ਅਸਟਮੀ ਦੀਆਂ ਵਧਾਈਆਂ ਦਿਤੀਆਂ। ਇਸ ਸਮਾਗਮ ਦੌਰਾਨ ਨਾਮਧਾਰੀ ਸੰਗਤ ਵੱਲੋ ਹੱਥੀਂ ਸੇਵਾ ਕਰ ਕੇ ਜਨਮ ਅਸਟਮੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਨਾਮਧਾਰੀ ਇਸ ਮੌਕੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਜੋੜਿਆਂ ਅਤੇ ਪ੍ਰਸ਼ਾਦ ਦੀ ਸੇਵਾ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਵਾਨ ਕ੍ਰਿਸ਼ਨ ਦੇ ਹਵਾਲਿਆਂ ਨੂੰ ਅਧਾਰ ਬਣਾ ਕੇ ਇਸ ਸਮਾਗਮ ਵਿੱਚ ਰੱਬੀ ਬਾਣੀ ਨਾਲ ਅਲੌਕਿਕ ਮਾਹੌਲ ਸਿਰਜਿਆ ਜਾਂਦਾ ਹੈ। ਇਸ ਮੌਕੇ ਨਾਮਧਾਰੀ ਦਰਬਾਰ ਦੇ ਸਕੱਤਰ ਨਵਤੇਜ ਸਿੰਘ ਖੁਦ ਵੀ ਸਰਗਰਮ ਰਹੇ। ਉਹਨਾਂ ਦੇ ਨਾਲ ਨਾਲ ਨਿਰਮਲ ਸਿੰਘ, ਗੁਰਦਿੱਤ ਸਿੰਘ, ਕੁਲਵੰਤ ਸਿੰਘ, ਰਾਜਵੰਤ ਸਿੰਘ, ਮਨਿੰਦਰ ਸਿੰਘ,ਹਰਭਜਨ ਸਿੰਘ, ਗੁਰਦਿੱਤ ਸਿੰਘ ਅਤੇ ਅਰਵਿੰਦਰ ਸਿੰਘ ਲਾਡੀ ਵੀ ਹਾਜ਼ਰ ਸਨ। ਆਲੇ ਦੁਆਲੇ ਦੀਆਂ ਥਾਂਵਾਂ ਤੋਂ ਵੀ ਨਾਮਧਾਰੀ ਜੱਥੇ ਵਹੀਰਾਂ ਘੱਤ ਕੇ ਆਏ ਹੋਏ ਸਨ। ਹਿੰਦੂ ਸੰਗਤਾਂ ਤੱਕ ਗੁਰਬਾਣੀ ਨੂੰ ਪਹੁੰਚਾਉਣ ਅਤੇ ਭਗਵਾਨ ਕ੍ਰਿਸ਼ਨ ਨਾਲ ਆਪਣੀ ਧਾਰਮਿਕ ਇੱਕਜੁੱਟਤਾ ਪ੍ਰਗਟਾਉਣ ਅਜਿਹੇ ਸਮਾਗਮ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਇਥੇ ਜ਼ਿਕਰਯੋਗ ਹੈ ਕਿ ਜਦੋਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਨਾਮਧਾਰੀਆਂ ਵੱਲੋਂ ਜਨਮਅਸ਼ਟਮੀ ਮਨਾਉਣ ਦਾ ਉਪਰਾਲਾ ਸ਼ੁਰੂ ਕੀਤਾ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਸਦੀ ਆਲੋਚਨਾ ਵੀ ਕੀਤੀ ਸੀ। ਕੁਝ ਥਾਂਵਾਂ 'ਤੇ ਤਾਂ ਅਜਿਹੇ ਸਮਾਗਮਾਂ ਦੇ ਆਯੋਜਨ ਲਈ ਲਗਾਏ ਗਏ ਪੋਸਟਰ ਵੀ ਫਾੜੇ ਗਏ ਸਨ। ਧਮਕੀਆਂ ਵੀ ਮਿਲੀਆਂ-ਦਬਾਅ ਵੀ ਪਿਆ ਪਰ ਉਸ ਆਲੋਚਨਾ ਤੋਂ ਬਾਅਦ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਨਾ ਸਿਰਫ ਜਾਰੀ ਰਿਹਾ ਬਲਕਿ ਤੇਜ਼ੀ ਨਾਲ ਵਧਦਾ ਵੀ ਰਿਹਾ। ਸਿਰਸਾ, ਦਿੱਲੀ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਕਈ ਹੋਰਨਾਂ ਸਟੇਸ਼ਨਾਂ ਤੇ ਵੀ ਜਨਮ ਅਸ਼ਟਮੀ ਮਨਾਈ ਗਈ। ਸਿਰਸਾ ਵਿੱਚ ਤਾਂ ਜਨਮ ਅਸ਼ਟਮੀ ਵਾਲੀ ਸਟੇਜ ਤੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਵੀ ਉਚੇਚ ਨਾਲ ਪੁੱਜੇ। ਠਾਕੁਰ ਦਲੀਪ ਸਿੰਘ ਹੁਰਾਂ ਨੇ ਬਹੁਤ ਸਾਰੇ ਹੋਰਨਾਂ ਸੰਤਾਂ ਮਹਾਤਮਾਵਾਂ ਦੇ ਮੌਜੂਦਗੀ ਵਿੱਚ ਮੋਹਨ ਭਾਗਵਤ ਹੁਰਾਂ ਨੂੰ ਸੰਬੋਧਨ ਕਰਕੇ ਆਖਿਆ ਕਿ ਆਖਿਆ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਮੈਂ ਕੱਟੜ ਸਿੱਖ ਹਾਂ। ਅਜਿਹੇ ਸਮਾਗਮਾਂ ਵਿੱਚ ਅਕਸਰ ਤੁਲਸੀ ਦੇ ਪੌਦੇ ਵੀ ਪ੍ਰਸ਼ਾਦ ਵੱਜੋਂ ਵੰਡੇ ਜਾਂਦੇ ਹਨ ਤਾਂਕਿ ਭਾਰਤੀ ਪ੍ਰੰਪਰਾਵਾਂ ਅਤੇ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜੀਆਂ ਤਕ ਵੀ ਇਸੇ ਸ਼ਰਧਾ ਅਤੇ ਸਤਿਕਾਰ ਨਾਲ ਲਿਜਾਇਆ ਜਾ ਸਕੇ।
No comments:
Post a Comment