Showing posts with label Hoshiarpur. Show all posts
Showing posts with label Hoshiarpur. Show all posts

Monday, September 13, 2021

ਪੰਜਾਬ ’ਚ ਪ੍ਰਦਰਸ਼ਨ ਕਰਨ ਦੀ ਬਜਾਏ ਕੇਂਦਰ ’ਤੇ ਦਬਾਅ ਬਣਾਇਆ ਜਾਵੇ

13th September 2021 at 6:46 PM

ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨ ਯੂਨੀਅਨਾਂ ਨੂੰ ਅਪੀਲ

ਪੰਜਾਬ ਸਰਕਾਰ ਤੇ ਇਥੋਂ ਦੇ ਲੋਕ ਕਿਸਾਨਾਂ ਲਈ ਹਮੇਸ਼ਾਂ ਡਟ ਕੇ ਖੜ੍ਹੇ ਹਨ

*ਪਿੰਡ ਮੁਖਲਿਆਣਾ ਵਿਖੇ 13.44 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਿਆ, ਕਾਲਜ ਦਾ ਨਾਂਅ ਡਾ. ਬੀ.ਆਰ. ਅੰਬੇਦਕਰ ਦੇ ਨਾਂ ’ਤੇ ਰੱਖਿਆ ਜਾਵੇਗਾ

*ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਸਮੁੱਚੇ ਵਿਕਾਸ ਕਾਰਜ ਮੁਕੰਮਲ ਕਰਨ ਦਾ ਐਲਾਨ

*ਵਿਧਾਇਕ ਚੱਬੇਵਾਲ ਵਲੋਂ ਕੰਢੀ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰੀ ਦਾ ਧੰਨਵਾਦ


ਹੁਸ਼ਿਆਰਪੁਰ: 13 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੂਬਾ ਭਰ ਵਿਚ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮੁੱਦੇ ਉਤੇ ਸੂਬਾ ਸਰਕਾਰ ਅਤੇ ਇਥੋਂ ਦੇ ਲੋਕ ਪਹਿਲਾਂ ਹੀ ਕਿਸਾਨਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰ ਚੁੱਕੇ ਹਨ।

ਅੱਜ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਮੁਖਲਿਆਣਾ ਵਿਚ 13.44 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਇਸ ਮਸਲੇ ਦੇ ਹੱਕ ਵਿਚ ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੂੰੰ ਭਰੋਸਾ ਵਿਚ ਲਏ ਬਿਨ੍ਹਾਂ ਥੋਪ ਦੇਣ ਦੇ ਖਿਲਾਫ਼ ਸੂਬਾ ਭਰ ਵਿਚ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵਲੋਂ ਪੰਜਾਬ ਵਿਚ 113 ਵੱਖ-ਵੱਖ ਥਾਵਾਂ ’ਤੇ ਕੀਤੇ ਜਾ ਰਹੇ ਪ੍ਰਦਰਸ਼ਨ ਕਿਸੇ ਵੀ ਤਰ੍ਹਾਂ ਸੂਬੇ ਦੇ ਹਿੱਤ ਵਿਚ ਨਹੀਂ ਹਨ ਕਿਉਂ ਜੋ ਇਸ ਨਾਲ ਸੂਬੇ ਦੀ ਆਰਥਿਕ ਤਰੱਕੀ ’ਤੇ ਵਰਨਣਯੋਗ ਪ੍ਰਭਾਵ ਪਿਆ ਹੈ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਸਬੰਧ ਵਿਚ ਕਿਸਾਨ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਹਾਲਾਂਕਿ, ਸੂਬੇ ਦੀ ਵਿਧਾਨ ਸਭਾ ਵਿਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਥਾਂ ’ਤੇ ਸੂਬਾ ਸਰਕਾਰ ਆਪਣੇ ਖੇਤੀ ਕਾਨੂੰਨ ਪਾਸ ਕਰ ਚੁੱਕੀ ਹੈ ਜਿਨ੍ਹਾਂ ਨੂੰ ਰਾਜਪਾਲ ਦੀ ਸਹਿਮਤੀ ਲਈ ਭੇਜਿਆ ਗਿਆ ਸੀ ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਰਾਜਪਾਲ ਵਲੋਂ ਇਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਕੋਲ ਅਜੇ ਤੱਕ ਨਹੀਂ ਭੇਜਿਆ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਕੁਝ ਵੀ ਸਾਡੀ ਸਰਕਾਰ ਦੇ ਹੱਥ-ਵੱਸ ਹੈ, ਅਸੀਂ ਉਸ ਨੂੰ ਹਮੇਸ਼ਾਂ ਪਹਿਲ ਦੇ ਆਧਾਰ ’ਤੇ ਕੀਤਾ ਹੈ। ਇਸ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਚੰਡੀਗੜ੍ਹ ਵਿਖੇ ਉਨ੍ਹਾਂ ਨੂੰ ਇਨ੍ਹਾਂ ਕਿਸਾਨ ਯੂਨੀਅਨਾਂ ਦੇ ਵੱਖ-ਵੱਖ ਨੇਤਾਵਾਂ ਦਾ ਵਫ਼ਦ ਮਿਲਿਆ ਸੀ ਜਿਸ ਨੇ ਗੰਨੇ ਦਾ ਭਾਅ 325 ਰੁਪਏ ਤੋਂ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੇ ਇਸ ਮੰਗ ਨੂੰ ਉਸੇ ਵੇਲੇ ਪ੍ਰਵਾਨ ਕਰ ਲਿਆ ਸੀ।

ਕੇਂਦਰ ਦੇ ਮਾੜੇ ਵਤੀਰੇ ਕਾਰਨ ਕਿਸਾਨਾਂ ਦੀਆਂ ਜਾਇਜ਼ ਮੰਗਾਂ  ਮੰਨਣ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਉਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸੂਬੇ ਵਿਚ ਪ੍ਰਦਰਸ਼ਨ ਕਰਨ ਦੀ ਬਜਾਏ ਕੇਂਦਰ ਸਰਕਾਰ ’ਤੇ ਦਬਾਅ ਬਨਾਉਣਾ ਚਾਹੀਦਾ ਹੈ ਤਾਂ ਜੋ ਕਿ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।

ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੁਖਲਿਆਣਾ ਵਿਖੇ ਬਨਣ ਵਾਲੇ ਨਵੇਂ ਸਰਕਾਰੀ ਕਾਲਜ ਦਾ ਨਾਂਅ ਮਹਾਨ ਸ਼ਖਸੀਅਤ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਨਾਂ ’ਤੇ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਕਾਲਜ ਦੀ ਇਮਾਰਤ ਮਾਰਚ 2022 ਤੱਕ ਬਣ ਕੇ ਤਿਆਰ ਹੋ ਜਾਵੇਗੀ ਅਤੇ ਉਸ ਵੇਲੇ ਤੱਕ ਇਹ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰਾਜਪੁਰ ਭਾਈਆਂ ਵਿਖੇ ਆਰਜ਼ੀ ਇਮਾਰਤ ਵਿਚ ਇਸ ਅਕਾਦਮਿਕ ਸੈਸ਼ਨ ਤੋਂ ਕਾਰਜਸ਼ੀਲ ਹੋ ਜਾਵੇਗਾ।

ਇਕ ਹੋਰ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਯਾਦਗਾਰ ਦੇ ਸਮੁੱਚੇ ਵਿਕਾਸ ਕੰਮ ਗੁਰੂ ਸਾਹਿਬ ਜੀ ਦੇ ਆਉਣ ਵਾਲੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਹਰ ਹਾਲ ਵਿਚ ਮੁਕੰਮਲ ਕਰ ਲਏ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਲਜ ਯਕੀਨਨ ਤੌਰ ’ਤੇ ਕੰਢੀ ਇਲਾਕੇ ਦੇ ਵਿਕਾਸ ਵਿਚ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਇਲਾਕੇ ਦੇ ਆਰਥਿਕ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਉਨ੍ਹਾਂ ਨੇ ਇਸ ਕਾਲਜ ਦੀ ਸਥਾਪਨਾ ਲਈ ਉਚੇਰੀ ਸਿੱਖਿਆ ਵਿਭਾਗ ਨੂੰ ਵਧਾਈ ਦਿੰਦਿਆਂ ਹਲਕੇ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਇਲਾਕੇ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਨਾਉਣ ਲਈ ਅਥਾਹ ਯੋਗਦਾਨ ਪਾਇਆ।

ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਕਾਲਜ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਨੇ 17 ਹੋਰ ਨਵੇਂ ਕਾਲਜ ਖੋਲ੍ਹੇ ਹਨ ਅਤੇ ਇਨ੍ਹਾਂ ਸਾਰੇ 18 ਕਾਲਜਾਂ ਵਿਚ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਪੜ੍ਹਾਈ ਸ਼ੁਰੂ ਹੋ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਮੈਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿਚ ਹਰੇਕ ਸਬ-ਡਵੀਜ਼ਨ ਵਿਚ ਘੱਟੋ-ਘੱਟ ਇਕ ਡਿਗਰੀ ਕਾਲਜ ਦੇ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ 18 ਨਵੇਂ ਕਾਲਜਾਂ ਵਿਚ ਮਿਆਰੀ ਸਿੱਖਿਆ ਨੂੰ ਯਕੀਨੀ ਬਨਾਉਣ ਲਈ ਸੂਬਾ ਸਰਕਾਰ ਵਲੋਂ ਕਾਲਜਾਂ ਲਈ ਨਾਨ-ਟੀਚਿੰਗ ਸਟਾਫ਼ ਦੀਆਂ ਲੋੜੀਂਦੀਆਂ ਆਸਾਮੀਆਂ ਸਮੇਤ 160 ਟੀਚਿੰਗ ਆਸਾਮੀਆਂ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਮੌਜੂਦਾ ਸਾਲ 2021-22 ਵਿਚ ਹਰੇਕ ਅਜਿਹੇ ਕਾਲਜ ਨੂੰ ਬੁਨਿਆਦੀ ਢਾਂਚੇ ਲਈ 2-2 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ।

ਸੂਬੇ ਦੇ ਕਾਲਜਾਂ ਵਿਚ ਅਧਿਆਪਕਾਂ ਦੀ ਕਮੀ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ ਕਾਲਜਾਂ ਵਿਚ ਅਸਿਸਟੈਂਟ ਪ੍ਰੋਫੈਸਰਾਂ ਦੀਆਂ 931 ਆਸਾਮੀਆਂ ਭਰਨ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਵੀ ਭਰਤੀ ਪ੍ਰਕਿਰਿਆ ਪਹਿਲ ਦੇ ਆਧਾਰ ’ਤੇ ਪੂਰੀ ਕਰਨ ਲਈ ਕਿਹਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਕਾਲਜਾਂ ਲਈ ਆਨਲਾਈਨ ਦਾਖਲਾ ਪੋਰਟਲ ਹਾਲ ਹੀ ਵਿਚ ਸ਼ੁਰੂ ਕੀਤਾ ਗਿਆ ਹੈ ਜੋ ਸਫ਼ਲਤਾਪੂਰਵਕ ਚੱਲ ਰਿਹਾ ਹੈ। ਇਸ ਪੋਰਟਲ ਨਾਲ ਲਗਭਗ 50 ਹਜ਼ਾਰ ਵਿਦਿਆਰਥੀਆਂ ਨੂੰ ਫਾਇਦਾ ਪਹੁੰਚਿਆ ਹੈ। ਇਸ ਸਾਂਝੇ ਦਾਖਲਾ ਪੋਰਟਲ ਨਾਲ 100 ਫੀਸਦੀ ਦਾਖਲਾ ਸੰਪਰਕ ਰਹਿਤ ਹੋਇਆ ਹੈ ਕਿਉਂਕਿ ਦਾਖਲਾ ਲੈਣ ਦੇ ਚਾਹਵਾਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ।

ਇਹ ਜ਼ਿਕਰ ਕਰਦਿਆਂ ਕਿ ਮਿਆਰੀ ਸਿੱਖਿਆ ਤੱਕ ਪਹੁੰਚ ਅਤੇ ਉਪਲੱਬਧਤਾ ਉਨ੍ਹਾਂ ਦੀ ਸਰਕਾਰ ਤਰਜੀਹ ਰਹੀ ਹੈ, ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਰਕਾਰੀ ਸੈਕਟਰ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਯੂਨੀਵਰਸਿਟੀ, ਪਟਿਆਲਾ; ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ, ਪਟਿਆਲਾ ਅਤੇ ਸੂਬੇ ਦੀ ਪਹਿਲੀ ਲਾਅ ਯੂਨੀਵਰਸਿਟੀ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਖੋਲ੍ਹੀਆਂ ਹਨ।

ਕਿਸਾਨਾਂ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ 2021-22 ਦੌਰਾਨ ਇੱਕ ਨਵਾਂ ਮਹੱਤਵਪੂਰਨ ਪ੍ਰੋਗਰਾਮ “ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਮਿਸ਼ਨ” ਸ਼ੁਰੂ ਕੀਤਾ ਗਿਆ ਹੈ ਜਿਸਦਾ ਉਦੇਸ਼ ਸਥਾਈ ਰੂਪ ਵਿੱਚ ਖੇਤੀਬਾੜੀ ’ਤੇ ਨਿਰਭਰ ਲੋਕਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਇਸ ਤੋਂ ਇਲਾਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਣ ਵਾਸਤੇ ਕਰੋੜ ਰੁਪਏ ਦੀ ਲਾਗਤ ਨਾਲ ਮਿਸ਼ਨ ਚਲਾਇਆ ਜਾਵੇਗਾ ਜਿਸਨੂੰ ਅਗਲੇ ਤਿੰਨ ਸਾਲਾਂ (2021-24) ਦੌਰਾਨ ਲਾਗੂ ਕੀਤਾ ਜਾਵੇਗਾ।

ਕਰਜ਼ਾ ਮੁਆਫੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 4624 ਕਰੋੜ ਰੁਪਏ ਦੀ ਲਗਾਤ ਨਾਲ 5.64 ਲੱਖ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਖੇਤੀ ਕਰਜ਼ੇ ਮੁਆਫ ਕਰ ਦਿੱਤੇ ਹਨ ਅਤੇ ਇਸ ਤਰ੍ਹਾਂ ਇੱਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਦੇ ਪ੍ਰਤੀਕ ਵਜੋਂ 75 ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਸੌਂਪੇ। ਜ਼ਿਕਰਯੋਗ ਹੈ ਕਿ ਕਰਜ਼ਾ ਰਾਹਤ ਸਕੀਮ ਅਧੀਨ ਇਸ ਜ਼ਿਲ੍ਹੇ ਦੇ 46000 ਤੋਂ ਵੱਧ ਅਜਿਹੇ ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇਗਾ ਜਿਨ੍ਹਾਂ ਦਾ 140 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।

ਇਸ ਮੌਕੇ ਬੋਲਦਿਆਂ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਭਰੋਸਾ ਦਿੱਤਾ ਕਿ ਹੁਸ਼ਿਆਪੁਰ ਜ਼ਿਲ੍ਹੇ ਦੇ ਸਮੁੱਚੇ ਕੰਢੀ ਖੇਤਰ ਨੂੰ ਵਧੀਆ ਬੁਨਿਆਦੀ ਢਾਂਚਾ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਇਥੋਂ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦਿੱਤੀ ਜਾ ਸਕੇ। ਉਨ੍ਹਾਂ ਨੇ ਸਕੂਲ ਸਿੱਖਿਆ ਦੇ ਖੇਤਰ ਵਿੱਚ ਆਉਣ ਵਾਲੇ ਸਮੇਂ ਦੌਰਾਨ ਵੀ ਕਾਰਗੁਜ਼ਾਰੀ ਅਤੇ ਗ੍ਰੇਡਿੰਗ ਦੇ ਮਾਮਲੇ ’ਚ ਸੂਬੇ ਦੇ ਦੇਸ਼ ਵਿੱਚੋਂ ਅੱਵਲ ਦਰਜੇ ਨੂੰ ਕਾਇਮ ਰੱਖਣ ਲਈ ਸਕੂਲ ਸਿੱਖਿਆ ਵਿਭਾਗ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਇਆ।

ਇਸ ਤੋਂ ਪਹਿਲਾਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਕਾਂਗਰਸ ਪਾਰਟੀ ਨੇ 45 ਵਰਿ੍ਹਆਂ ਦੇ ਵਕਫੇ ਬਾਅਦ ਸਾਲ 2017 ਵਿਚ ਚੱਬੇਵਾਲ ਵਿਧਾਨ ਸਭਾ ਹਲਕੇ ਵਿਚ ਜਿੱਤ ਹਾਸਲ ਕੀਤੀ ਸੀ ਜਿਸ ਕਰਕੇ ਇਸ ਇਲਾਕੇ ਦੇ ਲੋਕਾਂ ਦੀਆਂ ਇਛਾਵਾਂ ਦੀ ਪੂਰਤੀ ਕਰਨਾ ਉਨ੍ਹਾਂ ਦੀ ਹੋਰ ਵਧੇਰੇ ਜ਼ਿੰਮੇਵਾਰੀ ਅਤੇ ਫਰਜ਼ ਬਣਦਾ ਹੈ। ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਡਾ. ਰਾਜ ਕੁਮਾਰ ਨੇ ਕਿਹਾ ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਤੋਂ ਇਲਾਵਾ ਸੂਬਾ ਸਰਕਾਰ ਨੇ ਕਈ ਸਮਾਜ ਭਲਾਈ ਸਕੀਮਾਂ ਵੀ ਅਮਲ ਵਿਚ ਲਿਆਂਦੀਆਂ ਹਨ ਜਿਨ੍ਹਾਂ ਵਿਚ ਕਰਜ਼ਾ ਮੁਆਫੀ, ਸਮਾਜਿਕ ਸੁਰੱਖਿਆ ਪੈਨਸ਼ਨ 500 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰਨਾ ਅਤੇ ਔਰਤਾਂ ਲਈ ਮੁਫਤ ਬੱਸ ਸਫਰ ਸੇਵਾ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਪੇਂਡੂ ਇਲਾਕੇ ਵਿਚ ਸਥਾਪਤ ਹੋਣ ਵਾਲੇ ਇਸ ਨਵੇਂ ਕਾਲਜ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਦਰ ’ਤੇ ਮਿਆਰੀ ਤੇ ਵਾਜਬ ਦਰਾਂ ’ਤੇ ਉਚੇਰੀ ਸਿੱਖਿਆ ਮੁਹੱਈਆ ਹੋਵੇਗੀ। ਡਾ. ਰਾਜ ਕੁਮਾਰ ਨੇ ਮੁਖਲਿਆਣਾ ਪਿੰਡ ਦੀ ਪੰਚਾਇਤ ਅਤੇ ਖਾਸ ਕਰਕੇ ਇਥੋਂ ਦੇ ਸਰਪੰਚ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਲਾਕੇ ਵਿਚ ਸਿੱਖਿਆ ਦੇ ਪਸਾਰ ਵਾਲੇ ਇਸ ਪ੍ਰੋਜੈਕਟ ਲਈ ਲੋੜੀਂਦੀ 5 ਏਕੜ ਜਮੀਨ ਦੀ ਬਜਾਏ ਫਰਾਖਦਿਲੀ ਦਿਖਾਉਂਦੇ ਹੋਏ 10 ਏਕੜ ਜ਼ਮੀਨ ਦਿੱਤੀ।

ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਤੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੰਤ ਸਮਾਜ ਦੇ ਬਾਬਾ ਸਰਬਜੋਤ ਸਿੰਘ ਬੇਦੀ, ਵਿਧਾਇਕ ਪਵਨ ਕੁਮਾਰ ਆਦੀਆ, ਅਰੁਣ ਡੋਗਰਾ, ਇੰਦੂ ਬਾਲਾ ਅਤੇ ਬੀ.ਐਸ.ਧਾਲੀਵਾਲ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰੀ ਪ੍ਰਵੀਨ ਸੈਣੀ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਡਾ. ਕੁਲਦੀਪ ਨੰਦਾ, ਨਮੀਸ਼ਾ ਮਹਿਤਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਹਜ਼ਾਰ ਸਨ।

Tuesday, September 20, 2016

ਪਿਛਲੇ 12 ਸਾਲਾਂ ਤੋਂ ਲਗਾਤਾਰ ਤਰੱਕੀ ਕਰ ਰਹੀ ਹੈ ਵਿਨੋਦ ਕੁਮਾਰੀ

ਉਸਦੀ "ਫਰਮ" ਹੁਣ ਕਾਫੀ ਕੁਝ ਬਣਾਉਂਦੀ ਹੈ  
ਲੁਧਿਆਣਾ: 20 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਵਿਨੋਦ ਕੁਮਾਰੀ ਨਾਲ ਤਾਂ ਤਕਰੀਬਨ ਹਰ ਮੇਲੇ ਮੌਕੇ ਮੁਲਾਕਾਤ ਹੋ ਜਾਂਦੀ। ਮੈਂ ਉਸਨੂੰ ਫ਼ਰੀਦਕੋਟ ਦੇ ਕਿਸਾਨ ਮੇਲੇ ਤੇ ਵੀ ਮਿਲਿਆ ਅਤੇ ਪਟਿਆਲਾ ਦੇ ਕਿਸਾਨ ਮੇਲੇ ਤੇ ਵੀ। ਪੁੱਛਿਆ ਤਾਂ ਕਹਿਣ ਲੱਗੀ ਅਸੀਂ ਤਾਂ ਹਰ ਮੇਲੇ 'ਤੇ ਪਹੁੰਚਦੇ ਹਾਂ। ਹੁਸ਼ਿਆਰਪੁਰ ਦੀ ਵਿਨੋਦ ਕੁਮਾਰੀ ਨੇ ਜਦੋਂ ਪਹਿਲੀ ਵਾਰ 15 ਕੁ ਹਜ਼ਾਰ ਰੁਪਏ ਲਾਏ ਤਾਂ ਉਸਨੂੰ ਡਰ ਲੱਗਿਆ ਸੀ ਕਿ ਕਿਧਰੇ ਡੁੱਬ ਨਾ ਜਾਣ  ਪਰ ਪਹਿਲੇ ਕਿਸਾਨ ਮੇਲੇ ਚੋਂ  ਹੀ ਸਾਰੇ ਪੈਸੇ ਮੁੜ ਆਏ। ਉਸਦਾ 12 ਸਾਲ ਦਾ ਤਜਰਬਾ ਦੱਸਦਾ ਹੈ ਕਿ ਇਸ ਕੰਮ ਵਿੱਚ ਮੁਨਾਫ਼ਾ ਹੀ ਮੁਨਾਫ਼ਾ ਹੈ ਹਾਂ ਮਿਹਨਤ ਅਤੇ ਲਗਨ ਜ਼ਰੂਰੀ ਹੈ। ਉਸਦੇ ਪਰਿਵਾਰਿਕ ਮੈਂਬਰ ਵੀ ਉਸ ਨਾਲ ਕੰਮ ਕਰਾਉਂਦੇ ਹਨ। ਉਹ ਇਸ ਤਰਾਂ ਕੰਮ ਕਰਦੀ ਹੈ ਜਿਵੇਂ ਉਹ ਕਿਤੇ ਨੌਕਰੀ ਕਰਦੀ ਹੋਵੇ ਅਤੇ ਫਰਮ ਦਾ ਮਾਲਿਕ  ਸਿਰ  'ਤੇ ਖੜਾ ਹੋਵੇ। ਮੈਂ ਮਜ਼ਾਕ ਨਾਲ ਅਖਿਆ ਥੱਕ ਜਾਏਂਗੀ ਝੱਟ ਅਰਾਮ ਵੀ ਕਰ ਲਿਆ ਕਰ। ਆਖਣ ਲੱਗੀ ਕੰਮ ਵੇਲੇ ਕੰਮ ਆਰਾਮ ਵੇਲੇ ਆਰਾਮ।  ਆਪਣਾ ਕੰਮ ਹੈ ਨ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ।  ਉਹ ਪਿਛਲੇ 12 ਸਾਲਾਂ ਤੋਂ ਇਸ ਲਾਈਨ  ਵਿੱਚ ਹੈ।  ਉਹ ਕਹਿੰਦੀ ਹੈ ਕਿ ਉਸ ਦੀ ਸਾਰੀ ਪ੍ਰਾਪਤੀ ਪੀਏਯੂ ਕਾਰਨ ਹੀ ਸੰਭਵ ਹੋ ਸਕੀ। ਇਸ ਵੇਲੇ ਉਸ ਦੀ ਫਰਮ ਮਤਲਬ ਸੈਲਫ ਹੈਲਪ ਗਰੁੱਪ ਵਿੱਚ ਹੁਣ ਅਚਾਰ, ਚਟਨੀਆਂ, ਸਕੁਐਸ਼ ਅਤੇ ਹੋਰ ਬਹੁਤ ਕੁਝ ਬਣਦਾ ਹੈ ਜਿਸਦੀ ਮੰਗ ਲਗਾਤਾਰ ਵੱਧ ਰਹੀ ਹੈ।   

Tuesday, August 30, 2016

PAU ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਆਯੋਜਨ


Tue, Aug 30, 2016 at 4:36 PM
ਮੂੰਗਫਲੀ ਸੰਬੰਧੀ ਕਿਸਾਨ ਦਿਵਸ ਮਨਾਇਆ 
ਲੁਧਿਆਣਾ: 30 ਅਗਸਤ 2016: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਵਿਖੇ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜ਼ਿਲੇ ਦੇ ਫਾਰਮ ਸਲਾਹਕਾਰ ਕੇਂਦਰ ਦੇ ਸਹਿਯੋਗ ਨਾਲ ਇਕ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਇਹ ਖੇਤ ਦਿਵਸ ਭੁੰਗਾ ਬਲਾਕ ਦੇ ਮਸਤੀਵਾਲ ਪਿੰਡ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਡਾ. ਬੁੱਟਰ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲਾ ਪੰਜਾਬ ਵਿੱਚ ਮੂੰਗਫਲੀ ਦੀ ਸਭ ਤੋਂ ਜ਼ਿਆਦਾ ਕਾਸ਼ਤ ਕਰਨ ਦਾ ਮਾਣ ਰੱਖਦਾ ਹੈ । ਇਸ ਜ਼ਿਲੇ ਵਿੱਚ 1400 ਹੈਕਟੇਅਰ ਦੇ ਕਰੀਬ ਰਕਬਾ ਮੂੰਗਫਲੀ ਅਧੀਨ ਹੈ। ਉਹਨਾਂ ਹਾਜ਼ਰ ਕਿਸਾਨਾਂ ਨੂੰ ਸਰਵਪੱਖੀ ਨਿਊਟ੍ਰੀਐਂਟ ਮੈਨੇਜਮੈਂਟ, ਰਸਾਇਣਾਂ ਦੀ ਸੰਕੋਚਵੀਂ ਵਰਤੋਂ ਅਤੇ ਮਿੱਟੀ ਪਰਖ ਕਰਵਾਉਣ ਦੇ ਲਈ ਕਿਹਾ। ਉਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਕੇਂਦਰਾਂ ਨਾਲ ਜੁਡ਼ਨ ਲਈ ਕਿਹਾ। ਇਸ ਮੌਕੇ ਤੇਲ ਬੀਜ ਸੈਕਸ਼ਨ ਤੋਂ ਡਾ. ਸੁਰਿੰਦਰ ਕੌਰ ਸੰਧੂ ਅਤੇ ਡਾ. ਵਰਿੰਦਰ ਸਿਡਾਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਗਿਆਨੀ ਗੁਰਪ੍ਰਤਾਪ ਸਿੰਘ ਨੇ ਕਣਕ ਦੀ ਚੰਗੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ ਜਦਕਿ ਡਾ. ਮਨਿੰਦਰ ਸਿੰਘ ਬੌਂਸ ਨੇ ਕੀਡ਼ਿਆਂ ਦੇ ਪ੍ਰਬੰਧਾਂ ਸੰਬੰਧੀ ਚਾਨਣਾ ਪਾਇਆ।
ਇਸ ਮੌਕੇ ਉਘੀ ਸਹਿਕਾਰੀ ਸੰਸਥਾ 'ਫੈਪਰੋ' ਨੇ ਵੀ ਭਾਗ ਲਿਆ ਗਿਆ ਅਤੇ ਪ੍ਰਧਾਨ ਸ. ਦਵਿੰਦਰ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਇਕ ਖੇਤੀ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।

Friday, October 18, 2013

ਜਾਰੀ ਹੈ ਵੈਬਸਾਈਟਾਂ ਦੀ ਦੁਨੀਆ ਵਿੱਚ ਤੇਜ਼ ਰਫਤਾਰ ਵਿਕਾਸ

Fri, Oct 18, 2013 at 8:07 AM
ਹੁਣ ਲਾਲ ਸਿੰਘ ਦਸੂਹਾ ਦੀਆਂ ਕਹਾਣੀਆਂ ਦੀ ਵੈਬ-ਸਾਈਟ ਲੋਕਅਰਪਿਤ
ਦਸੂਹਾ, ਹੁਸ਼ਿਆਰਪੁਰ 17 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ ): ਕਹਾਣੀਕਾਰ ਲਾਲ ਸਿੰਘ ਦੇ ਲਿਖਣ ਸ਼ੈਲੀ ਤੇ ਕਹਾਣੀਆਂ ਨੂੰ ਦਰਸਾਉਦੀ ਵੈਬ ਸਾਇਟ ਡੀ .ਪੀ.ਆਰ.ਓ ਬਲਦੇਵ ਸਿੰਘ ਬੱਲੀ(ਰਿਟਾ:) ਦੀ ਅਗਵਾਈ ਹੇਠ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਲੋਕ ਅਰਪਿਤ ਕੀਤੀ ਗਈ । ਇਸ ਵਿੱਚ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ , ਪੁਸਤਕਾਂ, ਪ੍ਗਤੀਵਾਦੀ ਸਿਰਜਿਤ ਕਲਾ ਬਾਰੇ ,ਕਿਤਾਬਾਂ ਦੀ ਘੁੰਡ ਚੁਕਾਈ ,ਕਹਾਣੀਕਾਰ ਦੇ ਪਾਤਰ ,ਕਹਾਣੀ ਪੁਸਤਕਾਂ ਉੱਤੇ ਖੋਜ ਕਾਰਜ , ਉਲਥਾ ਕੀਤੀਆਂ ਕਹਾਣੀ ਪੁਸਤਕਾਂ , ਆਲੋਚਨਾ ਲੇਖ ,ਮੁਲਾਕਾਤਾਂ , ਬਾਲ ਕਹਾਣੀਆਂ , ਜਥੇਬੰਦਕ ਕਾਰਜ , ਕਹਾਣੀਕਾਰ ਦਾ ਸੁਹਜ-ਸ਼ਾਸ਼ਤਰ, ਫੋਟੋ-ਗੈਲਰੀ ਸਮੇਤ ਸੱਜਰੀਆਂ ਰਚਨਾਵਾਂ ਆਦਿ ਕਈ ਜਾਣਕਾਰੀਆਂ ਉਪਲੱਬਧ ਹਨ । ਇਸ ਨੂੰ ਲੋਕ ਅਰਪਿਤ ਕਰਦਿਆਂ ਡੀ.ਪੀ.ਆਰ.ਓ.(ਰਿਟਾ.)ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਕੋਈ ਵੀ ਭਾਸ਼ਾ ਵਿਕਸਤ ਭਾਸ਼ਾ ਤਾਂ ਹੀ ਅਖਵਾ ਸਕਦੀ ਹੈ ਜੇਕਰ ਉਹ ਆਪਣੇ ਬੁਲਾਰਿਆਂ ਦੀਆਂ ਸਮਕਾਲੀਨ ਸੰਚਾਰ ਲੋੜਾਂ ਪੂਰੀਆਂ ਕਰ ਸਕਦੀ ਹੋਵੇ , ਭਾਵੇ ਲਾਲ ਸਿੰਘ ਦਸੂਹਾ ਪੰਜਾਬੀ ਕਹਾਣੀ ਦਾ ਨਾਮਵਰ ਲੇਖਕ ਹੈ ਪਰ ਫਿਰ ਵੀ ਇੰਟਰਨੈਟ ਤੇ ਮੌਜੂਦ ਇਸ ਵੈਬਸਾਈਟ ਨਾਲ ਜਿੱਥੇ ਪਾਠਕ ਅਤੇ ਲੇਖਕ ਲਾਲ ਸਿੰਘ ਵਿਚ ਇਕ ਨਿਵੇਕਲੀ ਸਾਂਝ ਪੈਦਾ ਹੋਵੇਗੀ  ਉੱਥੇ ਪਾਠਕਾਂ ਨੂੰ ਲੇਖਕ ਦੀ ਪ੍ਰਤੀਭਾ ਦੇ ਵੱਖ ਵੱਖ ਪਹਿਲੂ ਦਾ ਅਧਿਐਨ ਕਰਨ ਦਾ ਮੌਕਾ ਮਿਲੇਗਾ । ਇਸ ਮੌਕੇ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਘੁੰਮਣ ਨੇ ਲਾਲ ਸਿੰਘ ਨੂੰ ਵਧਾਈ ਦੇਂਦਿਆਂ ਕਿਹਾ ਕਿ  ਇੰਟਰਨੈਟ ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਅਤੇ ਖ਼ਾਸ ਕਰਕੇ ਕਹਾਣੀ ਦੇ ਵਿਕਾਸ ਲਈ ਇਕ ਮੰਚ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ, ਲਾਲ ਸਿੰਘ ਦੀ ਇਸ ਵੈਬ ਸਾਇਟ ਨਾਲ ਪੰਜਾਬੀ ਭਾਸ਼ਾ ਖ਼ਾਸ ਕਰਕੇ ਪੰਜਾਬੀ ਕਹਾਣੀ ਦਾ ਵਿਕਾਸ ਅਤੇ ਵਿਸਥਾਰ ਤਕਨੀਕ ਦੇ ਮਾਧੀਆਮ ਨਾਲ ਸੰਭਵ ਹੋਵੇਗਾ ।  ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਅਤੇ ਅਮਰੀਕ ਡੋਗਰਾ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ ਦਾ ਵਿਕਾਸ ਤਕਨਾਲੋਜੀ ਨਾਲ ਹੀ ਜੁੜਿਆ ਹੋਇਆ ਹੈ । ਭਾਸ਼ਾ, ਸਾਹਿਤ ਤੇ ਸਭਿਆਚਾਰ ਇਸ ਤੋਂ ਅਭਿੱਜ ਨਹੀਂ ਰਹਿ ਸਕਦਾ ਇਸ ਸੰਦਰਭ ਵਿੱਚ ਇਹ ਉਪਰਾਲਾ ਸਲਾਹੁਣਯੋਗ ਹੈ ,ਇਸ ਨਾਲ ਲਾਲ ਸਿੰਘ ਦਸੂਹਾ ਦੇ ਪਾਠਕਾਂ ਦਾ ਦੇਸ਼ ਵਿਦੇਸ਼ ਵਿੱਚ ਪਹਿਲਾਂ ਨਾਲੋਂ ਵੀ ਵਧੇਰੇ ਵਾਧਾ ਹੋਵੇਗਾ । ਇਸ ਮੌਕੇ ਸੁਰਿੰਦਰ ਸਿੰਘ ਨੇਕੀ ਅਤੇ ਗੁਰਇਕਬਾਲ ਸਿੰਘ ਬੋਦਲ ਨੇ ਕਿਹਾ ਕਿ ਮਨੁੱਖ ਦੀ ਸੁਹਜ ਭੁੱਖ ਪੂਰੀ ਕਰਨ ਲਈ ਇੰਟਰਨੈਟ ਸਮਕਾਲੀ ਸਮੇਂ ਵਿਚ ਪ੍ਰਮੁਖ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ , ਨਵੇਂ ਪਾਠਕਾਂ ਦਾ ਪੰਜਾਬੀ ਕਹਾਣੀ ਨਾਲ ਲਗਾ ਪੈਦਾ ਕਰਨ ਲਈ ਇਸ ਉੱਤਮ ਮੀਲ ਪੱਥਰ ਹੈ ।ਅਜੋਕੇ ਸਮੇਂ ਇੰਟਨੈਟ ਦੇ ਵਧਦੇ ਰੁਝਾਨ ਕਾਰਨ ਪੰਜਾਬੀ ਸਾਹਿਤ ਖ਼ਾਸ ਕਰਕੇ ਪੰਜਾਬੀ ਕਹਾਣੀ ਦੀ ਤਕਨੀਕ ਅਤੇ ਕਹਾਣੀ ਨੂੰ ਹਰ ਪਾਠਕ ਤੱਕ ਪਹੁੰਚਣ ਦਾ ਉਪਰਾਲਾ ਕਾਬਿਲੇ ਤਾਰੀਫ਼ ਹੈ । ਤਰਸੇਮ ਸਿੰਘ ਸਫ਼ਰੀ ਅਤੇ ਕਰਨੈਲ ਸਿੰਘ ਨੇਕਨਾਮਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਪ੍ਰਤੀ ਮੋਹ ਪੈਦਾ ਕਰਨ ਲਈ ਸਾਈਬਰ ਸਪੇਸ ਤੇ ਇਸ ਤਰ੍ਹਾਂ ਲਾਲ ਸਿੰਘ ਜਿਹੇ ਸਾਹਿਤਕਾਰਾਂ ਦੀਆਂ ਵੈਬਸਾਈਟਾਂ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਦਿਲਪ੍ਰੀਤ ਸਿੰਘ ਕਾਹਲੋਂ ਅਤੇ ਮਹਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਤਕਨੀਕੀ ਯੁਗ ਵਿੱਚ ਇੰਟਨੈਟ ਦੇ ਮਾਧਿਅਮ ਰਾਹੀ ਲਾਲ ਸਿੰਘ ਦਸੂਹਾ ਦੀਆਂ ਰਚਨਾਵਾਂ ਨੂੰ ਦੇਸ਼ ਵਿਦੇਸ਼ ਤੱਕ ਬੈਠੇ ਪਾਠਕਾਂ ਤੱਕ ਪਹੁੰਚਾਉਣਾ ਆਸਾਨ ਹੋ ਜਾਵੇਗਾ । ਇਸ ਨਾਲ ਜਿੱਥੇ ਲਾਲ ਸਿੰਘ ਕੱਦ ਹੋਰ ਉੱਜ ਹੋਇਆ ਹੈ ਉੱਥੇ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦਾ ਮਾਣ ਸਨਮਾਣ ਵਧਿਆ ਹੈ । ਇਸ ਸਮੇਂ ਸਭਾ ਦੇ ਅਹੁਦੇਦਾਰ ,ਮੈਂਬਰ ਅਤੇ ਪਾਠਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ । 
ਜਾਰੀ ਹੈ ਵੈਬ ਸਾਈਟਾਂ ਦੀ ਦੁਨੀਆ ਵਿੱਚ ਤੇਜ਼ ਰਫਤਾਰ ਵਿਕਾਸ