ਉਹਨਾਂ ਨੂੰ ਸਿੱਖ ਫ਼ਲਸਫ਼ੇ ਅਤੇ ਤਵਾਰੀਖ਼ ਦੀ ਸਹੀ ਸਮਝ ਸੀ-ਦਿਲਗੀਰ
ਸ੍ਰ. ਗੁਰਮੀਤ ਸਿੰਘ ਅਸਟਰੇਲੀਆ ਚੜ੍ਹਾਈ ਕਰ ਗਏ। ਇਹ ਜਾਣਕਾਰੀ ਪੰਥ ਦੇ ਬੇਬਾਕ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਹੁਰਾਂ ਦੀ ਇੱਕ ਪੋਸਟ ਤੋਂ ਮਿਲੀ। ਉਹਨਾਂ ਦੱਸਿਆ ਕਿ ਸ ਬਲਬਿੰਦਰ ਸਿੰਘ ਅਸਟਰੇਲੀਆ ਨੇ ਖ਼ਬਰ ਦਿੱਤੀ ਹੈ ਕਿ ਆਸਟਰੇਲੀਆ ਦੇ ਸਿੱਖ ਵਿਦਵਾਨ 26 ਜਨਵਰੀ 2018 ਦੇ ਦਿਨ ਸਿਡਨੀ ਵਿਚ ਚੜ੍ਹਾਈ ਕਰ ਗਏ ਹਨ। ਸ. ਗੁਰਮੀਤ ਸਿੰਘ ਪੰਥ ਦੇ ਉਨ੍ਹਾਂ ਗਿਣੇ-ਚੁਣੇ ਲੋਕਾਂ ਵਿਚੋਂ ਸਨ ਜਿਨ੍ਹਾਂ ਨੂੰ ਸਿੱਖ ਫ਼ਲਸਫ਼ੇ ਅਤੇ ਤਵਾਰੀਖ਼ ਦੀ ਸਹੀ ਸਮਝ ਸੀ। ਸਿੱਖਾਂ ਵਿਚੋਂ ਉਹ ਗਿਣਤੀ ਦੇ ਉਨ੍ਹਾਂ ਲੋਕਾਂ ਵਿਚੋਂ ਸਨ ਜੋ ਸਿੱਖੀ ਬਾਰੇ ਹਰ ਨਵੀਂ ਕਿਤਾਬ ਨੂੰ ਖ਼ਰੀਦਦੇ ਅਤੇ ਗਹੁ ਨਾਲ ਪੜ੍ਹਦੇ ਸਨ। ਆਸਟਰੇਲੀਆ ਵਿਚ ਉਨ੍ਹਾਂ ਨੇ ਸਿੱਖ ਧਰਮ ਦੀ ਸਭ ਤੋਂ ਵੱਡੀ ਲਾਇਬਰੇਰੀ ਕਾਇਮ ਕੀਤੀ ਹੋਈ ਸੀ, ਜਿਸ ਵਿਚ ਸਿੱਖ ਧਰਮ ਬਾਰੇ ਹਰ ਇਕ ਨਵੀਂ ਛਪੀ ਕਿਤਾਬ ਮੌਜੂਦ ਹੁੰਦੀ ਸੀ। ਪੰਥ ਨੂੰ ਅਜਿਹੇ ਵਧੀਆ ਸ਼ਖ਼ਸ ਦੇ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਉਹ ਪੰਥ ਦੇ ਹਰ ਮਸਲੇ ‘ਤੇ ਸੰਜੀਦਾ ਮਜ਼ਮੁਨ ਲਿਖਿਆ ਕਰਦੇ ਸਨ। ਪਹਿਲਾਂ ਉਹ ਹਾਂਗਕਾਂਗ ਵਿਚ ਵੀ ਰਹੇ ਸਨ ਤੇ ਉਨ੍ਹਾਂ ਨੇ ਬਹੁਤ ਸਾਰੀਆਂ ਜ਼ਬਾਨਾਂ ਵਿਚ ਸਿੱਖ ਧਰਮ ਸਬੰਧੀ ਆਪਣੇ ਦਸਵੰਧ ਵਿਚੋਂ ਕਿਤਾਬਾਂ ਛਾਪ ਕੇ ਮੁਫ਼ਤ ਵੰਡੀਆਂ ਸਨ। ਸਿੱਖ ਰੀਵੀਊ ਕਲਕੱਤਾ ਅਤੇ ਰੋਜ਼ਾਨਾ ਸਪੋਕਸਮੈਨ ਦੇ ਉਹ ਬਹੁਤ ਸੰਜੀਦਾ ਸ਼ੁਭ ਚਿੰਤਕ ਸਨ ਅਤੇ ਇਨ੍ਹਾਂ ਵਿਚੋਂ ਲੇਖ ਅਤੇ ਖ਼ਬਰਾਂ ਨੂੰ ਉਹ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ਵਿਚ ਪਹੁੰਚਾਇਆ ਕਰਦੇ ਸਨ। ਉਨ੍ਹਾਂ ਦੇ ਚਲਾਣੇ ਨਾਲ ਅਸਟਰੇਲੀਆ ਵਿਚ ਸਿੱਖ ਅਧਿਐਨ ਦਾ ਇਕ ਕਾਂਡ ਖ਼ਤਮ ਹੋ ਗਿਆ ਹੈ।
ਮੈਨੂੰ ਤਾਂ ਇੰਜ ਜਾਪਦਾ ਹੈ ਜਿਵੇਂ ਮੇਰਾ ਵੱਡਾ ਭਰਾ ਇਸ ਫ਼ਾਨੀ ਦੁਨੀਆਂ ਤੋਂ ਚਲਾ ਗਿਆ ਹੋਵੇ।
No comments:
Post a Comment