Friday, July 15, 2022

ਕਨੇਡਾ ਦੇ ਰਿਪੁਦਮਨ ਸਿੰਘ ਮਲਿਕ ਨੂੰ ਕਤਲ ਕਰ ਦਿੱਤਾ ਗਿਆ

 14th July 2022 at 23:56 Facebook

ਅਜ ਸਰੀ (ਕਨੇਡਾ) ਵਿਚ ਰਿਪੁਦਮਨ ਸਿੰਘ ਮਲਿਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ

ਸੋਸ਼ਲ ਮੀਡੀਆ: 14 ਜੁਲਾਈ 2022: (ਹਰਜਿੰਦਰ ਸਿੰਘ ਦਿਲਗੀਰ//ਪੰਜਾਬ ਸਕਰੀਨ)::

ਰਿਪੁਦਮਨ ਸਿੰਘ ਨੇ ਕਨੇਡਾ ਵਿਚ ਪਹਿਲਾ ਸਿੱਖ ਬੈਂਕ 'ਖਾਲਸਾ ਕਰੈਡਿਟ ਯੂਨੀਅਨ' ਅਤੇ ਪਹਿਲਾ ਖਾਲਸਾ ਸਕੂਲ ਸ਼ੁਰੂ ਕੀਤਾ ਸੀ ਉਸ ਨੂੰ 1985 ਦੇ ਕਨਿਸ਼ਨ ਹਾਵਈ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। ਉਸ ਨੂੰ ਭਾਰਤੀ ਪਾਰਲੀਮੈਂਟ ਨੂੰ ਉਡਾਉਣ ਦੀ ਸਾਜ਼ਿਸ਼ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। 

ਉਸ ਦਾ ਨਾਂ 37 ਸਾਲ ਤੀਕ ਭਾਰਤ ਸਰਕਾਰ ਦੀ ਸਿੱਖਾਂ ਦੀ ਬਲੈਕ ਲਿਸਟ ਵਿਚ ਪਿਆ ਰਿਹਾ ਸੀ। ਬਲੈਕ ਲਿਸਟ ਵਿਚੋਂ ਨਾਂ ਨਿਕਲਣ ਮਗਰੋਂ ਪਿਛਲੇ ਸਾਲ ਉਹ ਭਾਰਤ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਉਸ ਦੇ ਭਾਰਤ ਜਾਣ ਦੀ ਤਕਲੀਫ਼ ਕਿਸੇ ਟੋਲੇ ਨੂੰ ਹੋਈ ਸੀ ਅਤੇ ਇਹ ਕਤਲ  ਉਸੇ ਟੋਲੇ ਨੇ ਕਰਵਾਇਆ ਜਾਪਦਾ ਹੈ।

ਰਿਪੁਦਮਨ ਸਿੰਘ ਮਲਿਕ ਜਥੇਦਾਰ ਤਲਵਿੰਦਰ ਸਿੰਘ ਦਾ ਬਹੁਤ ਨਜ਼ਦੀਕੀ ਸਾਥੀ ਸੀ। ਉਹ ਅਖੰਡ ਕੀਰਤਨੀ ਜਥੇ ਨਾਲ ਵੀ ਸਬੰਧਤ ਸੀ।

ਮੈਂ ਜਦੋਂ ਵੀ ਕਨੇਡਾ ਵਿਚ ਵੈਨਕੂਵਰ ਜਾਂਦਾ ਸੀ ਉਨ੍ਹਾਂ ਦੇ ਘਰ ਜ਼ਰੂਰ ਜਾਇਆ ਕਰਦਾ ਸੀ। ਉਨਾਂ ਦਾ ਨਿੱਘਾ ਪਿਆਰ ਮੈਨੂੰ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਦੇ ਜਾਣ ਨਾਲ ਜੋ ਉਦਾਸੀ ਮੈਂ ਮਹਿਸੂਸ ਕਰ ਰਿਹਾ ਹਾਂ, ਅਤੇ ਕਰਦਾ ਰਹਾਂਗਾ, ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਦਿਲ ਦਾ ਸਾਫ਼, ਨਿੱਘਾ, ਸੱਚਾ-ਸੁੱਚਾ ਦੋਸਤ ਟੁਰ ਜਾਣਾ ਮੇਰੇ ਵਾਸਤੇ ਅਸਹਿ ਹੈ। ਕਾਸ਼ ਮੈਂ ਆਪਣਾ ਦੁਖ ਬਿਆਨ ਕਰ ਸਕਦਾ !

ਤਕਰੀਬਨ 32 ਸਾਲ ਪੁਰਾਣੀ ਗੱਲ ਹੈ। ਮੈਂ ਰਿਪੁਦਮਨ ਸਿੰਘ ਨੂੰ ਸਭ ਤੋਂ ਪਹਿਲਾਂ 28 ਜੁਲਾਈ 1990 ਦੇ ਦਿਨ ਰੌਸ ਸਟਰੀਟ ਗੁਰਦੁਆਰੇ ਵਿਚ ਮਿਲਿਆ ਸੀ। ਮੈਂ ਇਕ ਦਿਨ ਪਹਿਲਾਂ ਨਾਰਵੇ ਤੋਂ ਕਨੇਡਾ ਗਿਆ ਸੀ।  ਮੈਂ ਵਰਲਡ ਸਿਖ ਆਰਗੇਨਾਈਜ਼ੇਸ਼ਨ ਦੇ ਕਨੇਡਾ ਦੇ ਪ੍ਰਧਾਨ ਗਿਆਨ ਸਿੰਘ ਸੰਧੂ ਦੀ ਬੇਟੀ ਪਲਵਿੰਦਰ ਕੌਰ (ਜੋ ਹੁਣ ਕਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ) ਦੀ(ਰਵਿੰਦਰ ਰਵੀ ਦੇ ਬੇਟੇ ਨਾਲ) ਸ਼ਾਦੀ ਵਿਚ ਸ਼ਾਮਿਲ ਹੋਣ ਵਾਸਤੇ ਗਿਆ ਸੀ। ਇਸ ਸ਼ਾਦੀ ਵਿਚ ਮੈਂ 'ਸਿਖਿਆ' ਦੇਣ ਦੀ ਸੇਵਾ ਕੀਤੀ ਸੀ (ਸ਼ਾਦੀ ਦੇ ਸਿੱਖ ਸਿਧਾਂਤ 'ਤੇ ਲੈਕਚਰ ਕੀਤਾ ਸੀ)।

ਉਸ ਦਿਨ ਹੀ ਰਿਪੁਦਮਨ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਸਤੰਬਰ 1990 ਵਿਚ ਉਨ੍ਹਾਂ ਦੇ ਜੱਥੇ ਨੇ ਉਥੇ ਕਿਤਾਬਾਂ ਦਾ ਸਟਾਲ ਲਾਇਆ ਹੋਇਆ ਸੀ। ਅਚਾਣਕ ਮੈਂ ਗੁਰਦੁਆਰੇ ਗਿਆ ਤਾਂ ਸਟਾਲ ਵੇਖ ਕੇ ਉੇਥੇ ਚਲਾ ਗਿਆ। ਰਿਪੁਦਮਨ ਸਿੰਘ ਵੀ ਉਥੇ ਖੜ੍ਹੇ ਸਨ। ਉਨ੍ਹਾਂ ਮੈਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਾਲੀ ਕਿਤਾਬ ਭੇਟ ਕੀਤੀ ਸੀ। ਉਹ ਕਿਤਾਬ ਅੱਜ ਵੀ ਮੇਰੇ ਕੋਲ ਹੈ। ਮੈਂ ਹੁਣ ਤਕ ਆਪਣੀ ਲਾਇਬਰੇਰੀ ਦੀਆਂ ਢਾਈ ਤਿੰਨ ਹਜ਼ਾਰ ਕਿਤਾਬਾਂ ਲਾਇਬਰੇਰੀਆਂ ਨੂੰ ਭੇਟ ਕਰ ਚੁਕਾ ਹਾਂ। ਪਰ, ਇਹ ਕਿਤਾਬ ਉਸ ਸੱਜਣ ਦੀ ਭੇਟਾ ਹਣ ਕਰ ਕੇ ਮੈਂ ਕਿਸੇ ਨੂੰ ਨਹੀਂ ਦਿੱਤੀ। ਉਂਞ 32 ਸਾਲ ਵਿਚ ਇਸ ਵਿਚੋਂ ਕਈ ਪਉੜੀਆਂ ਵਰਤੀਆਂ ਹਨ ਇਸ ਕਰ ਕੇ ਇਸ ਦੀ ਹਾਲਤ ਚੋਖੀ ਖਸਤਾ ਹੋ ਚੁਕੀ ਹੈ। (ਫੇਸਬੁਕ ਤੋਂ ਧੰਨਵਾਦ ਸਾਹਿਤ)

No comments: