Showing posts with label Delhi University. Show all posts
Showing posts with label Delhi University. Show all posts

Monday, July 01, 2013

ਪੰਜਾਬੀ ਸਾਹਿਤ ਅਕਾਡਮੀ ਦਾ ਵਫ਼ਦ ਤਿਵਾੜੀ ਨੂੰ ਮਿਲਿਆ

ਪੰਜਾਬੀ ਭਾਸ਼ਾ ਬਾਰੇ ਦਿੱਲੀ ਯੂਨੀਵਰਸਿਟੀ ਦੇ ਫੈਸਲੇ ਦੀ ਤਿੱਖੀ ਵਿਰੋਧਤਾ ਸ਼ੁਰੂ 
ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਨੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ
ਲੁਧਿਆਣਾ : 01 ਜੁਲਾਈ (ਰੈਕਟਰ ਕਥੂਰੀਆ):ਰਸਮੀ ਨਿਖੇਧੀਆਂ ਅਤੇ ਅਖਬਾਰੀ ਵਿਰੋਧਾਂ ਵਾਲੇ ਬਹੁ ਪ੍ਰਚਲਿਤ ਅੰਦਾਜ਼ ਤੋਂ ਇੱਕ ਵਾਰ ਫਿਰ ਉੱਪਰ ਉਠਦਿਆਂ ਪੰਜਾਬੀ ਸਾਹਿਤ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਹਿੱਤਾ ਅਤੇ ਹੱਕਾਂ ਲਈ ਇੱਕ ਹੋਰ ਠੋਸ ਕਦਮ ਉਠਾਇਆ ਹੈ। ਅਕਾਦਮੀ ਦੇ ਇੱਕ ਵਫਦ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮੁਨੀਸ਼ ਤਿਵਾੜੀ ਨਾਲ ਮੁਲਾਕਾਤ ਕਰਕੇ ਇਹ ਸਾਰਾ ਮਸਲਾ ਉਠਾਇਆ ਅਤੇ ਇਸ ਮਸਲੇ ਨੂੰ ਹੱਲ ਕਰਾਉਣ ਦਾ ਭਰੋਸਾ ਵੀ ਹਾਸਿਲ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਹੋਰਨਾਂ ਸਰਗਰਮ ਅਹੁਦੇਦਾਰਾਂ ਦਾ ਇਹ ਵਫ਼ਦ ਅੱਜ ਇਥੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਨੂੰ ਮਿਲਿਆ ਅਤੇ ਇਸ ਮੁਲਾਕਾਤ ਦੌਰਾਨ ਉਹਨਾਂ ਨੂੰ ਇੱਕ ਮੈਮੋਰੰਡਮ ਵੀ ਦਿੱਤਾ। ਇਸ ਮੌਕੇ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਕੈਲੇ, ਜਸਵੰਤ ਜ਼ਫ਼ਰ, ਅੰਤ੍ਰਿੰਗ ਬੋਰਡ ਦੇ ਮੈਂਬਰ ਤ੍ਰੈਲੋਚਨ ਲੋਚੀ ਅਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਵੀ ਹਾਜ਼ਰ ਸਨ। ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੇ ਪਹਿਲਾਂ ਹੀ ਪੜ੍ਹਾਏ ਜਾਂਦੇ ਕੋਰਸਾਂ ਦੀ ਥਾਂ ’ਤੇ ਫ਼ਾਊਂਡੇਸ਼ਨ ਕੋਰਸ ਅਤੇ ਅਪਲਾਈਡ ਕੋਰਸ ਵਾਲੇ ਸਿਲੇਬਸ ਲਾਗੂ ਕਰਕੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਨਾਂ ’ਤੇ ਦਿਖਾਵੇ ਵਜੋਂ ਪੰਜਾਬੀ ਭਾਸ਼ਾ ਪੜ੍ਹਾਏ ਜਾਣ ਦਾ ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲੇ ਦਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਸਖ਼ਤ ਨੋਟਿਸ ਲਿਆ ਹੈ। ਸ੍ਰੀ ਮੁਨੀਸ਼ ਤਿਵਾੜੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਦਾ ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ।
ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਆਖਿਆ ਕਿ ਦਿੱਲੀ ਵਿਚ ਇਕ ਪਾਸੇ ਪੰਜਾਬੀ ਦੂਸਰੀ ਭਾਸ਼ਾ ਵਜੋਂ ਪ੍ਰਵਾਣਿਤ ਹੈ ਪਰ ਦਿੱਲੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਪਹਿਲਾਂ ਮਿਲੇ ਥਾਂ ਤੋਂ ਵੀ ਪਿੱਛੇ ਹਟ ਰਹੀ ਹੈ। ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦੇ ਕੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਹੱਕੀ ਥਾਂ ਦਿਵਾਉਣ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਹੋਰਾਂ ਆਖਿਆ ਕਿ ਦਿੱਲੀ ਯੂਨੀਵਰਸਿਟੀ ਦਾ ਉਪਰੋਕਤ ਫ਼ੈਸਲਾ ਪੰਜਾਬੀਆਂ ਖ਼ਾਸ ਕਰਕੇ ਦਿੱਲੀ ਵਿਚ ਵੱਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਸਿਰਜਣਾਤਮਕ ਸੰਭਾਵਨਾਵਾਂ ਪੈਦਾ ਕਰਨ ਦੇ ਮੌਕਿਆਂ ਦੇ ਐਨ ਉਲਟ ਹੈ। ਅਕਾਡਮੀ ਦੇ ਸਾਬਕਾ ਪ੍ਰਧਾਨ ਪਦਮਸ੍ਰੀ ਡਾ. ਸੁਰਜੀਤ ਪਾਤਰ ਅਤੇ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਡਾ. ਸਰਦਾਰਾ ਸਿੰਘ ਜੌਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਐਸ.ਪੀ. ਸਿੰਘ ਹੋਰਾਂ ਮੰਗ ਕੀਤੀ ਕਿ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਨਾ ਸਿਰਫ਼ ਪਹਿਲਾ ਦਰਜਾ ਹੀ ਮਿਲੇ ਸਗੋਂ ਵਿਸ਼ਵੀਕਰਨ ਦੇ ਸੰਦਰਭ ਵਿਚ ਇਸ ਭਾਸ਼ਾ ਦੀ ਉੱਚ ਵਿੱਦਿਆ ਦਾ ਪ੍ਰਬੰਧ ਕਰਕੇ ਸਿਲੇਬਸ ਨੂੰ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਅਨੁਸਾਰ ਬਣਾ ਕੇ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਗੱਲ ਲਈ ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਉਪਰੋਕਤ ਵਿਚਾਰਾਂ ਨੂੰ ਇਕੱਠੇ ਕੀਤਾ। ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ, ਅੰਤਰਿੰਗ ਬੋਰਡ ਮੈਂਬਰ ਜਨਮੇਜਾ ਸਿੰਘ ਜੌਹਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ ਅਤੇ ਪ੍ਰੋ. ਨਰਿੰਜਨ ਤਸਨੀਮ, ਸ੍ਰੀ ਮਿੱਤਰ ਸੈਨ ਮੀਤ ਸਮੇਤ ਕਾਫ਼ੀ ਗਿਣਤੀ ਵਿਚ ਲੇਖਕਾਂ ਨੇ ਵਿਚਾਰ ਕੇ ਇਹ ਬਿਆਨ ਪ੍ਰੈੱਸ ਨੂੰ ਜਾਰੀ ਕੀਤਾ। ਹੁਣ ਦੇਖਣਾ ਇਹ ਹੈ ਕਿ ਇਹ ਮਸਲਾ ਕਿੰਨੀ ਜਲਦੀ ਹੱਲ ਕੀਤਾ ਜਾਂਦਾ ਹੈ। 


ਦਿੱਲੀ ਯੂਨੀਵਰਸਿਟੀ ਦਾ ਫੈਸਲਾ ਪੰਜਾਬੀ ਭਾਸ਼ਾ ਵਿਰੁੱਧ ਡੂੰਘੀ ਸਾਜਿਸ਼

Mon, Jul 1, 2013 at 2:53 PM ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਲਿਆ ਗੰਭੀਰ ਨੋਟਿਸ 
ਫੈਸਲਾ ਤੁਰੰਤ ਰੱਦ ਕਰਵਾਇਆ ਜਾਵੇ ਤਾਂ ਜੋ ਸ਼ਾਂਤੀ ਦਾ ਮਾਹੌਲ ਬਣਿਆ ਰਹੇ
ਅੰਮ੍ਰਿਤਸਰ:  01 ਜੁਲਾਈ :- (ਪੰਜਾਬ ਸਕਰੀਨ ਬਿਊਰੋ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੰਜਾਬੀ  ਭਾਸ਼ਾ ਪ੍ਰਤੀ ਦਿੱਲੀ ਯੂਨੀਵਰਸਿਟੀ ਦੇ ਫੈਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗ੍ਰੈਜੂਏਸ਼ਨ ਨੀਤੀ ’ਚ ਲਾਗੂ ਨਾ ਕਰਨ ਦਾ ਫੈਸਲਾ ਅਤਿ ਮੰਦਭਾਗਾ ਕਰਾਰ ਦੇਂਦਿਆਂ ਉਹਨਾਂ ਇਸ ਨੂੰ ਪੰਜਾਬੀ ਭਾਸ਼ਾ ਵਿਰੁੱਧ ਡੂੰਘੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਬੀ.ਏ.ਬੀ.ਕਾਮ ਦੇ ਕੋਰਸਾਂ ਵਿੱਚ ਪੰਜਾਬੀ ਇੱਕ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾ ਰਹੀ ਸੀ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਜੋ ਪੰਜਾਬੀ ਵਿਰੋਧੀ ਲਾਬੀ ਦਾ ਪੰਜਾਬੀਆਂ ਅਤੇ ਪੰਜਾਬੀ ਭਾਸ਼ਾ ਨਾਲ ਕੋਝਾ ਮਜਾਕ ਹੈ। ਉਨ੍ਹਾਂ ਦਿੱਲੀ ਯੂਨੀਵਰਸਿਟੀ ਦੇ ਇਸ ਫੈਸਲੇ ਤੇ ਸਖਤ ਇਤਰਾਜ ਜਿਤਾਉਦਿਆਂ ਕਿਹਾ ਕਿ ਜੇਕਰ ਯੂਨੀਵਰਸਿਟੀ ਦੇ ਪ੍ਰਬੰਧਕ ਪੰਜਾਬੀ ਭਾਸ਼ਾ ਨੂੰ ਹਟਾਉਣ ਦੀ ਬਜਾਏ ਹੋਰ ਭਾਸ਼ਾ ਵੀ ਯੂਨੀਵਰਸਿਟੀ ’ਚ ਲਾਗੂ ਕਰਨ ਤਾਂ ਦੇਸ਼ ਦੇ ਹਿੱਤ ’ਚ ਲਿਆ ਫੈਸਲਾ ਮੰਨਿਆ ਜਾਣਾ ਸੀ, ਪ੍ਰੰਤੂ ਲੱਗਦਾ ਹੈ ਕਿ ਪੰਜਾਬੀ ਵਿਰੋਧੀ ਦਿੱਲੀ ’ਚੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਨੂੰ ਕਿਸੇ ਸਿਆਸੀ ਸਾਜਿਸ਼ ਤਹਿਤ ਰੋਕਣਾ ਚਾਹੁੰਦੇ ਹਨ ਜੋ ਠੀਕ ਨਹੀਂ।
ਉਨ੍ਹਾਂ ਕਿਹਾ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ’ਚ ਵੀ ਪੰਜਾਬੀ ਸਖ਼ਤ ਮਿਹਨਤ ਤੇ ਕਾਰੋਬਾਰ ਸਥਾਪਿਤ ਕਰਕੇ ਜਿਥੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਉਥੇ ਦੇਸ਼ ਦੀ ਤਰੱਕੀ ’ਚ ਵੀ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਵਸੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਮਝਦਿਆਂ ਕੈਨੇਡਾ ਸਰਕਾਰ ਨੇ ਬਹੁਤ ਸਾਰੀਆਂ ਥਾਵਾਂ ਤੇ ਸਾਈਨ ਬੋਰਡ ਪੰਜਾਬੀ ਭਾਸ਼ਾ ’ਚ ਲਗਵਾਏ ਹਨ, ਜਿਸ ਨੂੰ ਵੇਖ ਕੇ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਕਿਉਂਕਿ ਵਿਦੇਸ਼ੀ ਧਰਤੀ ਤੇ ਮਾਂ ਬੋਲੀ ਪੰਜਾਬੀ ਨੂੰ ਮਾਣ ਮਿਲਣਾ ਕੋਈ ਛੋਟੀ ਗੱਲ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਦਿੱਲੀ ਵਿੱਚ ਵੀ ਬਹੁਤ ਸਾਰੇ ਪੰਜਾਬੀ ਵੱਸਦੇ ਹਨ ਜਿਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਹੈ, ਪ੍ਰੰਤੂ ਸਰਕਾਰੀ ਤੰਤਰ ਵਿੱਚ ਕੁਝ ਸ਼ਰਾਰਤੀ ਲੋਕ ਕੋਈ ਨਾ ਕੋਈ ਨਵਾਂ ਝਮੇਲਾ ਖੜ੍ਹਾ ਕਰਕੇ ਦੇਸ਼ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਤਾਕ ’ਚ ਰਹਿੰਦੇ ਹਨ। ਉਨ੍ਹਾਂ ਕਿਹਾ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਇਸ ਨਾਦਰਸ਼ਾਹੀ ਫੈਸਲੇ ਪ੍ਰਤੀ ਪੰਜਾਬੀ ਭਾਈਚਾਰੇ ’ਚ ਰੋਸ ਤੇ ਰੋਹ ਦੇ ਨਾਲ-ਨਾਲ ਬੇਗਾਨਗੀ ਦੀ ਭਾਵਨਾ ਪਾਈ ਜਾ ਰਹੀ ਹੈ, ਜੋ ਠੀਕ ਨਹੀਂ। ਉਨ੍ਹਾਂ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਵਿਰੁੱਧ ਕੀਤਾ ਫੈਸਲਾ ਤੁਰੰਤ ਰੱਦ ਕਰਵਾਇਆ ਜਾਵੇ ਤਾਂ ਜੋ ਦੇਸ਼ ’ਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ।
ਫੇਸਬੁੱਕ ਤੇ ਸਿੱਖ-ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ

ਬੰਗਾ ਵਿਖੇ ਗੁਰਮਤਿ ਕੈਂਪ ਲਗਾਇਆ                       ਬੱਚਿਆਂ ਨੂੰ ਸਿੱਖੀ ਵਿੱਚ ਪ੍ਰਪੱਕ ਕਰਨ ਦੀ ਮੁਹਿੰਮ ਤੇਜ਼ 


ਦਿੱਲੀ ਯੂਨੀਵਰਸਿਟੀ ਦਾ ਫੈਸਲਾ ਪੰਜਾਬੀ ਭਾਸ਼ਾ ਵਿਰੁੱਧ ਡੂੰਘੀ ਸਾਜਿਸ਼ 


ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਨੂੰ 'ਤੇ ਹਮਲੇ ਦੀ ਤਿੱਖੀ ਨਿਖੇਧੀ