Sunday, May 23, 2021

ਇਕੋ ਪਰਿਵਾਰ ਦੇ ਛੇ ਜੀਅ ਕੋਰੋਨਾ ਨਾਲ ਦੇ ਗਏ ਸਨ ਵਿਛੋੜਾ

23rd May 2021 at 5:18 PM

ਅਖੰਡ ਕੀਰਤਨੀ ਜੱਥਾ (ਦਿੱਲੀ) ਵੱਲੋਂ ਇਸ ਨਾਜ਼ੁਕ ਘੜੀ ਹਰ ਲੁੜੀਂਦੀ ਸੇਵਾ 


ਨਵੀਂ ਦਿੱਲੀ
: 23 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਜਿਹੜੀਆਂ ਡਰਾਉਣੀਆਂ ਅਤੇ ਅਜੀਬੋ ਗਰੀਬ ਗੱਲਾਂ ਕਦੇ ਫ਼ਿਲਮਾਂ, ਟੀਵੀ ਸੀਰੀਅਲਾਂ ਅਤੇ ਕਿਤਾਬਾਂ ਵਿੱਚ ਪੜ੍ਹੀਆਂ, ਸੁਣੀਆਂ ਜਾਂ ਦੇਖੀਆਂ ਸਨ ਉਸ ਕਿਸਮ ਦੀਆਂ ਗੱਲਾਂ ਪੂਰੀ ਤਰ੍ਹਾਂ ਸੱਚ ਹੋ ਕੇ ਸਾਹਮਣੇ ਆ ਰਹੀਆਂ ਹਨ। ਜੋ ਜੋ ਹੋ ਰਿਹਾ ਹੈ ਇਸ ਤੋਂ ਵੱਧ ਕਲਿਯੁਗ ਕਿਹੜਾ ਬਾਕੀ ਹੈ? ਇਸ ਕਿਸਮ ਦੇ  ਬੇਹੱਦ ਨਾਜ਼ੁਕ ਹਾਲਾਤ ਵਿੱਚ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਖੁੱਲ ਕੇ ਸਾਹਮਣੇ ਆਈ ਹੈ। ਜਿੱਥੇ ਆਪਣੇ ਸੱਕੇ ਸੰਬੰਧੀ ਪਰਿਵਾਰਿਕ ਮੈਂਬਰ ਦੀਆਂ ਅੰਤਿਮ ਰਸਮਾਂ ਲਈ ਕੋਈ ਅੱਗੇ ਨਹੀਂ ਆ ਰਿਹਾ ਉੱਥੇ ਸਿੱਖ ਕੌਮ ਨਾਲ ਜੁੜੇ ਪਰਿਵਾਰ ਬੜੀ ਹਿੰਮਤ ਨਾਲ ਸਾਹਮਣੇ ਆ ਰਹੇ ਹਨ। ਪਰਿਵਾਰਾਂ ਦੇ ਪਰਿਵਾਰ ਇਸ ਕੋਵਿਡ ਕੋਰੋਨਾ ਨੇ ਖਾ ਲਏ ਹਨ। ਕਈਆਂ ਪਰਿਵਾਰਾਂ ਦੀ ਤਾਂ ਕੋਈ ਨਿਸ਼ਾਨੀ ਵੀ ਬਾਕੀ ਨਹੀਂ ਬੱਚੀ। ਕਈਆਂ ਦੇ ਸਾਰੇ ਪਰਿਵਾਰ ਇੱਕ, ਦੋ ਜਾਂ ਤਿੰਨ ਧੀਆਂ ਹੀ ਬਚੀਆਂ ਹਨ। 
ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਸੰਸਾਰ ਭਰ ਅੰਦਰ ਫੈਲੀ ਕੋਰੋਨਾ ਮਹਾਮਾਰੀ ਨਾਲ ਅਕਾਲ ਚਲਾਣਾ ਕਰ ਗਏ ਗੁਰਸਿੱਖ ਪਰਿਵਾਰਾਂ ਦੀ ਯਾਦ ਅੰਦਰ ਕੀਰਤਨੀ ਅਖਾੜੇ ਅਤੇ ਅਰਦਾਸ ਸਮਾਗਮ ਸਜਾਏ ਗਏ।
ਅਜ ਗੁਰੂ ਨਾਨਕ ਪਬਲਿਕ ਸਕੂਲ ਰਾਜੋਰੀ ਗਾਰਡਨ ਵਿਖੇ ਮਹਾਮਾਰੀ ਨਾਲ ਇਕੋ ਹੀ ਪਰਿਵਾਰ ਦੀਆਂ ਵਿੱਛੜੀਆਂ ਰੂਹਾਂ ਭਾਈ ਗੁਰਚਰਨ ਸਿੰਘ, ਮਾਤਾ ਜਤਿੰਦਰ ਕੌਰ ਅਤੇ ਇਨ੍ਹਾਂ ਦੇ ਬੇਟੇ ਜਸਪ੍ਰੀਤ ਸਿੰਘ ਨੂੰ ਯਾਦ ਕਰਦਿਆਂ ਅਤੇ ਹੋਰ ਬੇਅੰਤ ਜੀਆਂ ਦੇ ਨਮਿਤ ਕੀਰਤਨ ਅਤੇ ਅਰਦਾਸ ਸਮਾਗਮ ਰਖਿਆ ਗਿਆ ਸੀ। 
ਜ਼ਿਕਰਯੋਗ ਹੈ ਕਿ ਭਾਈ ਗੁਰਚਰਨ ਸਿੰਘ ਜੀ ਸਣੇ ਪਰਿਵਾਰ ਦੇ ਛੇ ਜੀਅ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਆ ਕੇ ਸੰਸਾਰ ਵਿਛੋੜਾ ਦੇ ਗਏ ਸਨ ਤੇ ਪਿੱਛੇ ਪਰਿਵਾਰ ਅੰਦਰ ਇਕ ਧੀ ਅਤੇ ਨੂੰਹ ਬੱਚੇ ਸਨ। ਪਰਿਵਾਰ ਦੇ ਵੱਡੇ ਵਡੇਰਿਆਂ ਦੇ ਜਾਣ ਤੇ ਅਖੰਡ ਕੀਰਤਨੀ ਜੱਥੇ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਪਰਿਵਾਰ ਦੀਆਂ ਵਿਛੁੜੀ ਰੂਹਾਂ ਨਮਿਤ ਅਰਦਾਸ ਸਮਾਗਮ ਰਖਿਆ ਸੀ। ਸਮਾਗਮ ਅੰਦਰ ਬੀਬੀ ਸੁਰਜੀਤ ਕੌਰ ਜੀ, ਬੀਬੀ ਨਿਰਮਲ ਕੌਰ ਜੀ, ਭਾਈ ਹਰਮੀਤ ਸਿੰਘ ਅਤੇ ਹੋਰ ਕੀਰਤਨੀਆਂ ਨੇ ਹਾਜ਼ਿਰੀ ਭਰ ਕੇ ਇਲਾਹੀ ਬਾਣੀ ਦੇ ਅਖਾੜੇ ਲਗਾਏ ਸਨ। ਸਮਾਗਮ ਦੀ ਸਮਾਪਤੀ ਤੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਕੋਰੋਨਾ ਨਾਲ ਬਹੁਤ ਸਾਰੇ ਜੀਅ ਪਰਿਵਾਰ ਵਿਛੋੜਾ ਦੇ ਗਏ ਹਨ ਜਿਸਦਾ ਸਾਨੂੰ ਬਹੁਤ ਦੁੱਖ ਹੈ, ਓਥੇ ਹਾਜ਼ਿਰ ਸੰਗਤਾਂ ਨੂੰ ਭਾਈ ਗੁਰਚਰਨ ਸਿੰਘ ਜੀ ਦੇ ਪਰਿਵਾਰ ਵਿਚ ਵਾਪਰੇ ਭਾਣੇ ਬਾਰੇ ਦਸਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਰਹਿ ਗਈਆਂ ਬੱਚੀਆਂ ਸਾਡੀ ਧੀਆਂ ਵਾਂਗ ਹਨ ਤੇ ਇਨ੍ਹਾਂ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਹੈ ਇਨ੍ਹਾਂ ਦੀ ਕਿਸੇ ਕਿਸਮ ਦੀ ਜ਼ਰੂਰਤ ਜਾਂ ਕੋਈ ਤਕਲੀਫ ਸਮੇਂ ਅਸੀ ਹਰ ਵਕਤ ਇਨ੍ਹਾਂ ਦੇ ਨਾਲ ਖੜੇ ਹਾਂ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਸ ਪਰਿਵਾਰ ਦੇ ਤਿੰਨ ਜੀਆਂ ਦਾ ਸਸਕਾਰ ਅਤੇ ਅੰਤਿਮ ਰਸਮਾਂ ਵੀ ਅਖੰਡ ਕੀਰਤਨੀ ਜੱਥੇ ਦੇ ਸਿੰਘਾਂ ਨੇ ਨਿਭਾ ਕੇ ਅਪਣਾ ਫਰਜ਼ ਪੂਰਾ ਕੀਤਾ ਸੀ। ਕਿੰਨਾ ਚੰਗਾ ਹੋਵੇ ਜੇ ਲੋਕ  ਭਲਾਈ ਦੇ ਸਿਸ਼ਾਂਤ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਇਸ ਮੌਕੇ ਇੱਕ ਹੋ ਜਾਣ। 

No comments: