2nd June 2021 at 1:41 PM
ਲੁਧਿਆਣੇ ਦੇ 5 ਬਲਾਕਾਂ ‘ਚੋਂ ਬੀ ਕੇ ਯੂ ਡਕੌਦਾ ਵੱਲੋਂ ਜ਼ਬਰਦਸਤ ਹੰਭਲਾ
ਲੁਧਿਆਣਾ: 2 ਜੂਨ 2021: (ਜਸਵੰਤ ਜੀਰਖ//ਪੰਜਾਬ ਸਕਰੀਨ)::
ਅੱਜ ਲੁਧਿਆਣਾ ਜ਼ਿਲ੍ਹੇ ਦੇ ਪੰਜ ਬਲਾਕਾਂ ਜਗਰਾਓਂ, ਸਿੱਧਵਾਂ ਬੇਟ,ਹੰਬੜਾਂ, ਰਾਏਕੋਟ, ਸੁਧਾਰ ਵਿੱਚੋਂ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ ਅਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇਕ ਹਜ਼ਾਰ ਕਿਸਾਨਾਂ-ਮਜ਼ਦੂਰਾਂ ਦਾ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਦਿੱਲੀ ਲਈ ਰਵਾਨਾ ਹੋਇਆ। ਇਸ ਕਾਫ਼ਲੇ ਦੇ ਲੁਧਿਆਣਾ ਪੁੱਜਣ ਤੇ ਵੇਰਕਾ ਮਿਲਕ ਪਲਾਂਟ ਲਾਗੇ ਲੁਧਿਆਣੇ ਦੀਆਂ ਜਨਤਕ ਜਮਹੂਰੀ ਜੱਥੇਬੰਦੀਆਂ ਨੇ ਨਿੱਘਾ ਸੁਆਗਤ ਕੀਤਾ ਜਿਹਨਾਂ ਵਿੱਚ , ਇਨਕਲਾਬੀ ਕੇਂਦਰ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਮਹਾਂ ਸਭਾ ਲੁਧਿਆਣਾ ਦੇ ਕਾਰਕੁੰਨ ਸ਼ਾਮਲ ਸਨ। ਇਨ੍ਹਾਂ ਕਾਰਕੁਨਾਂ ਵਿੱਚ ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਹਰਜਿੰਦਰ ਕੌਰ, ਬਲਵਿੰਦਰ ਸਿੰਘ ਲਾਲ ਬਾਗ਼, ਕਰਤਾਰ ਸਿੰਘ ਪੀਏਯੂ, ਮਾਸਟਰ ਸੁਰਜੀਤ ਸਿੰਘ, ਸੁਬੇਗ ਸਿੰਘ ਫ਼ੌਜੀ, ਟੇਕ ਚੰਦ ਕਾਲੀਆ, ਪ੍ਰਿੰਸੀਪਲ ਅਜਮੇਰ ਦਾਖਾ, ਨਵਦੀਪ ਸਿੰਘ ਸ਼ਾਮਲ ਸਨ ਜਿਹਨਾਂ ਨੇ ਕਿਸਾਨੀ ਝੰਡਿਆਂ ਨਾਲ ਨਾਹਰੇ ਮਾਰਦਿਆਂ ਕਾਫ਼ਲੇ ਨੂੰ ਜੀ ਆਇਆਂ ਕਿਹਾ। ਬੀ ਕੇ ਯੂ (ਡਕੌਦਾ) ਦੇ ਬਲਾਕ ਪ੍ਰਧਨ ਸੁਖਮਿੰਦਰ ਸਿੰਘ ਹੰਬੜਾਂ, ਸਰਵਜੀਤ ਗਿੱਲ ਸੁਧਾਰ, ਰਣਧੀਰ ਸਿੰਘ ਉੱਪਲ ਰਾਏਕੋਟ, ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿੱਧਵਾਂ ਆਪਣੇ ਆਪਣੇ ਬਲਾਕਾਂ ਦੇ ਕਾਫਲਿਆਂ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ ਨੇ ਸਵਾਗਤ ਕਰਤਾ ਜੱਥੇਬੰਦੀਆਂ ਦੇ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਫ਼ਲਾ ਲੰਮਾਂ ਸਮਾਂ ਦਿੱਲੀ ਸੰਯੁਕਤ ਮੋਰਚੇ ਵਿੱਚ ਆਪਣੀ ਜ਼ੁਮੇਵਾਰੀ ਨਿਭਾਉਂਦਿਆਂ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ, ਬਿੱਜਲੀ ਬਿੱਲ 2020 ਆਦਿ ਵਾਪਸ ਲੈਣ ਲਈ ਅਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਕੰਮ ਕਰੇਗਾ। ਮਹਿੰਦਰ ਸਿੰਘ ਕਮਾਲ ਪੁਰਾ ਵੱਲੋਂ ਧੰਨਵਾਦ ਕਰਦੇ ਸਮੇਂ ਉਥੇ ਦਾ ਮਾਹੌਲ ਬਹੁਤ ਜਜ਼ਬਾਤੀ ਜਿਹਾ ਹੋ ਗਿਆ। ਇਹ ਇਕੱਠ ਅਤੇ ਇਹ ਜੱਥਾ ਇਸ ਗੱਲ ਦਾ ਨਵਾਂ ਸਬੂਤ ਸੀ ਕਿ ਕਿਸਾਨ ਮੋਰਚਾ ਪੂਰੀ ਤਰ੍ਹਾਂ ਚੜ੍ਹਦੀਕਲਾ ਵਿਚ ਹੈ।
No comments:
Post a Comment