ਰੂਬਰੂ ਦਾ ਆਯੋਜਨ ਕੀਤਾ ਕਲਾਪੀਠ ਨੇ ਫਿਰੋਜ਼ਪੁਰ ਵਿੱਚ
ਫਿਰੋਜ਼ਪੁਰ: 21 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
ਸ਼ਬਦ ਸਭਿਆਚਾਰ ਅਧਾਰ ਲਈ ਨਿਰੰਤਰ ਜਤਨਸ਼ੀਲ ਸੰਸਥਾ ਕਲਾਪੀਠ (ਰਜਿ.) ਵੱਲੋਂ ਨਾਮਵਰ ਸਾਹਿਤਕਾਰ ਚਰਚਾ ਪੰਜਾਬ ਦੇ ਸੰਪਾਦਕ ਦਰਸ਼ਨ ਢਿੱਲੋਂ ਨਾਲ ਰੂਬਰੂ ਕਰਵਾਇਆ ਗਿਆ। ਇਸ ਬੇਹੱਦ ਸਾਦੇ ਅਤੇ ਭਾਵਪੂਰਤ ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਜਸਪਾਲ ਘਈ ਨੇ ਕੀਤੀ। ਵਿਅੰਗਕਾਰ ਐਮ ਕੇ ਰਾਹੀ ਅਤੇ ਦੀਪਕ ਸ਼ਰਮਾ ਵਿਸ਼ੇਸ਼ ਮਹਿਮਾਣ ਵੱਜੋਂ ਸ਼ਾਮਲ। ਅਨਿਲ ਆਦਮ ਨੇ ਕਲਾਪੀਥ ਸਮਾਗਮ ਦੀ ਜਾਣਕਾਰੀ ਦਿੱਤੀ। ਪ੍ਰੋਫੈਸਰ ਘਈ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਦੇਵ ਹਸਨ, ਰੇਣੂ ਸੋਢੀ, ਵਿਜੇ ਵਿਕਟਰ, ਸੁਰਿੰਦਰ ਢਿੱਲੋਂ ਅਤੇ ਵਿਨੋਦ ਗਰਗ ਦੀਆਂ ਉਪਰੰਤ ਆਪਣੀ ਜ਼ਿੰਦਗੀ ਦੇ ਰਾਜ਼ ਖੋਹਲੇ ਦਰਸ਼ਨ ਢਿੱਲੋਂ ਹੁਰਾਂ ਨੇ। ਉਹਨਾਂ ਦੱਸਿਆ ਕਿ ਉਹ ਆਪਣੇ ਕਦੇ ਵੀ ਅੱਗੇ ਝੁਕੇ ਨਹੀਂ। ਉਹਨਾਂ ਹਮੇਸ਼ਾਂ ਅੜ ਕੇ ਜਿੱਤ ਪ੍ਰਾਪਤ ਕੀਤੀ।
ਅੱਜ ਦੇ ਪੂੰਜੀਵਾਦੀ ਸਿਸਟਮ ਵਾਲੀ ਵਿੱਦਿਆ ਦੇ ਹੜ੍ਹਾਂ ਵਿੱਚ ਵਹਿਣ ਦੀ ਬਜਾਏ 13 ਕਾਲਜਾਂ ਵਿੱਚ ਧੱਕੇ ਧੇੜੇ ਖਾ ਕੇ ਬੀ ਏ ਕਰਨ ਵਾਲਾ ਵਿਦਿਆਰਥੀ ਆਪਣੀ ਵਿਚਾਰਧਾਰਕ ਸਟਡੀ ਵਿੱਚ ਪੱਕਾ ਰਿਹਾ। ਇਸ ਵਿਚਾਰਧਾਰਕ ਪ੍ਰਤਿਬਧਤਾ ਸਦਕਾ ਇੰਗਲੈਂਡ ਵਰਗੇ ਵਿਕਸਿਤ ਮੁਲਕ ਵਿੱਚ 16 ਸਾਲ ਕੌਂਸਲਰ ਅਤੇ ਡਿਪਟੀ ਮੇਅਰ ਰਿਹਾ।
ਆਖਦੇ ਨੇ ਲੱਗੀ ਵਾਲੇ ਤੇ ਕਦੇ ਵੀ ਨਾ ਸੌਂਦੇ---- 1972 ਵਿੱਚ ਹੋਏ ਮੋਗਾ ਗੋਲੀਕਾਂਡ ਵਿਖੇ ਜਦੋਂ ਦਿਲ ਦੀ ਅੱਖ ਖੱਬੇ ਪੱਖੀ ਵਿਚਾਰਧਾਰਾ ਨਾਲ ਲੱਗੀ ਤਾਂ ਉਹ ਨਾਤਾ ਅੱਜ ਤੱਕ ਕਾਇਮ ਹੈ। ਜਦੋਂ ਪੰਜਾਬ ਵਿੱਚ ਅੱਤਵਾਦ ਦੀ ਚੜ੍ਹਤ ਹੋਈ ਰਾਂ ਇਹ ਦਰਸ਼ਨ ਢਿੱਲੋਂ ਹੀ ਸੀ ਜਿਸਨੇ ਆਪਣੇ ਵਿਚਾਰਾਂ 'ਤੇ ਪਹਿਰਾ ਦੇਂਦਿਆਂ ਲੋਕ ਪੱਖੀ ਲੇਖਕਾਂ ਅਤੇ ਪਾਠਕਾਂ ਨੂੰ ਮੰਚ ਮੁਹਈਆ ਕਰਾਉਣ ਵਿੱਚ ਸਰਗਰਮ ਰੋਲ ਅਦਾ ਕੀਤਾ। ਇਸੇ ਦੌਰਾਨ ਚਰਚਾ ਪੰਜਾਬ ਦੀ ਸ਼ੁਰੂਆਤ ਵੀ ਹੋਈ ਜਿਹੜੀ ਅੱਜ ਤੱਕ ਜਾਰੀ ਹੈ।
ਪ੍ਰਵਾਸ ਦੇ ਦੁੱਖਾਂ ਸਹਿੰਦਿਆਂ ਵੀ ਭਾਰਤੀ ਪੰਜਾਬ ਵਿਚ ਪੰਜਾਬੀ ਦੇ ਪਸਾਰ ਲਈ ਲਾਇਬ੍ਰੇਰੀਆਂ ਖੋਲ੍ਹਣ ਦਾ ਪ੍ਰਾਜੈਕਟ ਸ਼ੁਰੂ ਕੀਤਾ। ਕਲਾਪੀਠ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਅੱਜ ਜਦੋਂ ਲੋਕ ਵਿਰੋਧੀ ਤਾਕਤਾਂ ਦੀ ਚੜ੍ਹਤ ਹੈ, ਸੰਸਥਾਵਾਂ ਦੀ ਜਿੰਮੇਵਾਰੀ ਤੇ ਅਹਿਮੀਅਤ ਵੱਧ ਜਾਂਦੀ ਹੈ। ਪ੍ਰੋ ਕੁਲਦੀਪ, ਸੁਖਜਿੰਦਰ, ਸੁਰਿੰਦਰ ਕੰਬੋਜ, ਰਛਪਾਲ ਸਿੰਘ, ਰਾਜੀਵ ਖੁਸ਼ਾਲ, ਕਮਲ ਸ਼ਰਮਾ ਆਦਿ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਸ੍ਰੀ ਢਿੱਲੋਂ ਨੇ ਵਿਸਥਾਰ ਨਾਲ ਦਿੱਤੇ | ਕਲਾਪੀਠ ਵਲੋਂ ਪੋ੍ਰ. ਘਈ, ਅਨਿਲ ਆਦਮ, ਦੀਪਕ ਸ਼ਰਮਾ, ਹਰਮੀਤ ਵਿਦਿਆਰਥੀ, ਕੁਲਦੀਪ ਅਤੇ ਸੁਰਿੰਦਰ ਕੰਬੋਜ ਨੇ ਸ਼ਾਲ ਪਹਿਨਾ ਕੇ ਸ੍ਰੀ ਢਿੱਲੋਂ ਦਾ ਸਨਮਾਨ ਕੀਤਾ ਅਤੇ ਫ਼ਿਰੋਜ਼ਪੁਰ ਦੇ ਲੇਖਕਾਂ ਦੀਆਂ ਪੁਸਤਕਾਂ ਦਾ ਸੈੱਟ ਵੀ ਭੇਟ ਕੀਤਾ। ਪ੍ਰੋ ਕੁਲਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |
ਪੂੰਜੀਵਾਦ ਦੀ ਗੁਲਾਮੀ 'ਤੇ ਲੱਗੇ ਮੌਜੂਦਾ ਸਿਸਟਮ ਦੇ ਮਾਰੂ ਹੱਲਿਆਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਕਿਸਤਰਾਂ ਅੱਜਕਲ੍ਹ ਬਾਜ਼ਾਰ ਘਰਾਂ ਦੀ ਥਾਂ ਘਰਾਂ ਵਿੱਚ ਘਰ ਕਰ ਗਿਆ ਹੈ। ਉਹਨਾਂ ਹੋਰ ਵੀ ਗੱਲਾਂ ਕੀਤੀਆਂ ਜਿਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਜਰੂਰੀ ਵੀ ਹੈ ਪਰ ਇਹ ਕੋਸ਼ਿਸ਼ ਕਿਸੇ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ।
No comments:
Post a Comment