Showing posts with label ਨਾਰੀ ਸ਼ਕਤੀ. Show all posts
Showing posts with label ਨਾਰੀ ਸ਼ਕਤੀ. Show all posts

Monday, December 31, 2012

ਲੇਕਿਨ ਇਸ ਰਾਖ ਮੇਂ ਸ਼ੋਲਾ ਭੀ ਹੈ ਚਿੰਗਾਰੀ ਭੀ

ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ
ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ
ਦਿੱਲੀ ਵਿੱਚ ਵਾਪਰੀ ਬਲਾਤਕਾਰ ਦੀ ਘਟਨਾ ਨਾ ਤਾਂ ਪਹਿਲੀ ਸੀ ਤੇ ਨਾ ਹੀ ਆਖਿਰੀ। ਪਰ ਦਾਮਿਨੀ ਦਾ ਬਲਿਦਾਨ ਉਹਨਾਂ ਸਾਰੀਆਂ ਘਟਨਾਵਾਂ ਲੈ ਇੱਕ ਜ਼ੋਰਦਾਰ ਆਵਾਜ਼ ਬਣ ਗਿਆ ਜਿਹਡ਼ੀਆਂ ਦਬਾ ਦਿੱਤੀਆਂ ਗਈਆਂ ਸਨ। ਇਸ ਘਟਨਾ ਨੇ ਕੌਮਾਂਤਰੀ ਪਧਰ ਤੇ ਇਸ ਗੰਭੀਰ ਸਮਸਿਆ ਵੱਲ ਧਿਆ ਦੁਆਇਆ ਹੈ ਅਤੇ ਦੱਸਿਆ ਹੈ ਕਿ ਕਿਸ ਤਰਾਂ ਨਵਰਾਤਰੇ ਦੇ ਤਿਓਹਾਰ ਮੌਕੇ ਦੇਵੀ ਦੇ ਨੋ ਰੂਪਾਂ ਦੇ ਪੂਜਾ ਕਰਨ ਵਾਲਾ ਸਮਾਜ  ਹਕੀਕਤ ਵਿੱਚ ਇੱਕ ਔਰਤ ਨੂੰ, ਇੱਕ ਧੀ ਨੂੰ, ਇੱਕ ਮਾਂ ਨੂੰ, ਇੱਕ ਭੈਣ ਨੂੰ ਬਣਦਾ ਸਤਿਕਾਰ ਅਤੇ ਸੁਰੱਖਿਆ ਦੇਣ ਤੋਂ ਅਸਮਰਥ ਹੋ ਜਾਂਦਾ ਹੈ। ਸਮਾਜ ਅਤੇ ਸਰਕਾਰ  ਦੋਹਾਂ ਪਧਰਾਂ ਤੇ ਹੀ ਹਕੀਕੀ ਸਥਿਤੀ ਸਾਹਮਣੇ ਆ ਗਈ ਹੈ। ਪੀਡ਼ਤ ਕੁਡ਼ੀ ਦੇ ਚੁਪ੍ਚੁਪੀਤੇ ਕੀਤੇ ਗਏ ਅੰਤਿਮ ਸੰਸਕਾਰ ਦੀ ਖਬਰ ਨੂੰ ਵੀ ਮੀਡੀਆ ਨੇ ਪੂਰੀ ਤਰਾਂ ਬਣਦੀ ਥਾ ਦਿੱਤੀ ਹੈ। ਇਨਸਾਫ਼ ਮਿਲੇ ਬਿਨਾ ਹੀ ਪੀਡ਼ਿਤ ਲਡ਼ਕੀ ਇਸ ਦੁਨੀਆ ਤੋਂ ਹਮੇਸ਼ਾਂ ਲਈ ਰੁਖਸਤ ਹੋ ਗਈ। ਉਸ ਦਾ ਬੇਜਾਨ ਜਿਸਮ ਚਿਤਾ ਤੇ ਜਲ ਕੇ ਰਾਖ ਹੋ ਗਿਆ ਪਰ ਇਸ ਰਾਖ ਚੋਂ ਵੀ ਇੱਕ ਕ੍ਰਾਂਤੀ ਦੀ ਆਵਾਜ਼ ਆ ਰਹੀ ਹੈ। ਇੰਝ ਲਗਦੈ ਜਿਵੇਂ ਦਾਮਿਨੀ ਆਖ ਰਹੀ ਹੈ ਮੇਰੀ ਇਸ ਰਾਖ  ਮੇਂ ਸ਼ੋਲਾ ਭੀ ਹੈ ਚਿੰਗਾਰੀ ਭੀ  -ਰੈਕਟਰ ਕਥੂਰੀਆ
ਦਿੱਲੀ ਕਾਂਡ ਦੀ ਪੀਡ਼ਤ ਦਾ ਚੁੱਪ-ਚੁਪੀਤੇ ਸਸਕਾਰ
Posted On December - 30 - 2012
ਨਵੀਂ ਦਿੱਲੀ, 30 ਦਸੰਬਰ
ਜੰਤਰ ਮੰਤਰ,ਨਵੀਂ ਦਿੱਲੀ ਵਿਖੇ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ’ਚ ਟਕਰਾਅ ਹੋਣ ਦਾ ਦ੍ਰਿਸ਼ (ਫੋਟੋ: ਮਾਨਸ ਰੰਜਨ ਭੂਈ)
ਲੋਕ ਰੋਹ ਨੂੰ ਧਿਆਨ ਵਿਚ ਰੱਖਦਿਆਂ ਅੱਜ ਦਿੱਲੀ ਜਬਰ-ਜਨਾਹ ਦੀ ਪੀਡ਼ਤ ਲਡ਼ਕੀ ਦਾ ਚੁੱਪ-ਚੁਪੀਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਲਡ਼ਕੀ ਦੀ ਲੰਘੇ ਦਿਨ ਸਿੰਗਾਪੁਰ ਹਸਪਤਾਲ ’ਚ ਮੌਤ ਹੋ ਗਈ ਸੀ ਤੇ ਅੱਜ ਹਵਾਈ ਅੱਡੇ ’ਤੇ ਉਸ ਦੀ ਦੇਹ ਪਹੁੰਚਣ ਮੌਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮ੍ਰਿਤਕਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਨੇ ਦਿਖਾਈ ਜਦੋਂਕਿ ਉਸ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅੰਤਿਮ ਰਸਮਾਂ ਦੱਖਣੀ-ਪੱਛਮੀ ਦਿੱਲੀ ਵਿਚ ਸਥਿਤ ਘਰ ਵਿਚ ਕੀਤੀਆਂ ਗਈਆਂ ਜਿਥੇ ਲਡ਼ਕੀ ਰਹਿੰਦੀ ਸੀ। ਅੱਜ ਸਵੇਰੇ ਤਕਰੀਬਨ 3.30 ਵਜੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਮ੍ਰਿਤਕਾ ਦੀ ਦੇਹ ਲੈ ਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ। ਇਸ ਮੌਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਮ੍ਰਿਤਕਾ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ 16 ਦਸੰਬਰ ਨੂੰ ਦਿੱਲੀ ਦੀ ਬੱਸ ਵਿਚ 23 ਸਾਲਾ ਪੈਰਾ-ਮੈਡੀਕਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਬੱਸ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ। ਉਹ ਪਿਛਲੇ ਦੋ ਹਫਤਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲਡ਼ ਰਹੀ ਸੀ ਪਰ ਲੰਘੇ ਦਿਨ ਸਿੰਗਾਪੁਰ ਦੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ ਤੇ ਸਰਕਾਰ ਵੀ ਕਸੂਤੀ ਹਾਲਤ ਵਿਚ ਘਿਰੀ ਹੋਈ ਹੈ।
ਅੱਜ ਲੋਕਾਂ ਦੇ ਰੋਹ ਨੂੰ ਵੇਖਦਿਆਂ ਦਿੱਲੀ ਪੁਲੀਸ ਦੇ ਦਬਾਅ ਕਰਕੇ ਮ੍ਰਿਤਕਾ ਦਾ ਅੰਤਿਮ ਸੰਸਕਾਰ ਚੁੱਪ-ਚੁਪੀਤੇ ਕਰ ਦਿੱਤਾ ਗਿਆ। ਇਸ ਮੌਕੇ ਦਿੱਲੀ ਪੁਲੀਸ, ਬੀਐਸਐਫ ਤੇ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮ੍ਰਿਤਕਾ ਦੀ ਲਾਸ਼ ਪਹਿਲਾਂ ਘਰ ਲਿਜਾਈ ਗਈ ਤੇ ਫਿਰ ਦਵਾਰਕਾ ਸੈਕਟਰ-24 ਵਿਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਗ੍ਰਹਿ ਰਾਜ ਮੰਤਰੀ ਆਰ.ਪੀ.ਐਨ. ਸਿੰਘ, ਦਿੱਲੀ ਭਾਜਪਾ ਦੇ ਮੁਖੀ ਵਿਜੇਂਦਰ ਗੁਪਤਾ ਵੀ ਹਾਜ਼ਰ ਸਨ। ਪਤਾ ਲੱਗਾ ਹੈ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਪੁਲੀਸ ਨੇ ਅੰਤਿਮ ਸੰਸਕਾਰ ਬਾਰੇ ਸਾਰੀ ਜਾਣਕਾਰੀ ਗੁਪਤ ਰੱਖੀ। ਪ੍ਰਸ਼ਾਸਨ ਤਾਂ ਸਵੇਰੇ 6.30 ਵਜੇ ਹੀ ਸਸਕਾਰ ਕਰਨਾ ਚਾਹੁੰਦਾ ਸੀ ਪਰ ਹਿੰਦੂ ਰਵਾਇਤਾਂ ਮੁਤਾਬਕ ਸੂਰਜ ਚਡ਼੍ਹਨ ਤੋਂ ਪਹਿਲਾਂ ਸਸਕਾਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ 7.30 ਵਜੇ ਮ੍ਰਿਤਕਾ ਦੇ ਪਿਤਾ ਨੇ ਉਸ ਦੀ ਚਿਖਾ ਨੂੰ ਅਗਨੀ ਵਿਖਾਈ। ਇਸ ਮੌਕੇ ਮ੍ਰਿਤਕਾ ਦਾ ਭਰਾ ਤੇ ਹੋਰ ਰਿਸ਼ਤੇਦਾਰ ਵੀ ਹਾਜ਼ਰ ਸਨ।    -ਪੀ.ਟੀ.ਆਈ. (
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

Wednesday, March 09, 2011

ਚਲੋ ਚਿੰਗਾਰੀ ਸੁਲਗੀ ਹੈ.. ਗਿਆਨ ਦਾ ਭਾਂਬੜ ਵੀ ਬਣੇਗੀ.


ਕੱਲ ਰਾਤ ਮਹਿਲਾ ਦਿਵਸ ਦੇ ਮੌਕੇ ਤੇ ਖਬਰਾਂ ਦੇਖ ਰਿਹਾ ਸਾਂ ਤਾਂ ਇੱਕ ਖਬਰ ਆਈ ਕਿ ਦੇਸ਼ ਦੀ ਰਾਜਧਾਨੀ ਵਿੱਚ ਇੱਕ ਨੌਜਵਾਨ ਲੜਕੀ ਦੀ ਹੱਤਿਆ ਕਰ ਦਿੱਤੀ ਗਈ. ਮਨ ਵਿੱਚ ਆਇਆ ਕਿ ਕੀ ਸੋਚਦੀ ਹੋਵੇਗੀ ਉਹ ਆਪਣੇ ਅੰਤਲੇ ਵੇਲੇ ਇਸ ਅੰਤਰਰਾਸ਼ਟਰੀ ਦਿਨ ਬਾਰੇ ਅਤੇ ਇਸਨੂੰ ਮਨਾਉਣ ਲਈ ਹੁੰਦੇ ਰੌਲੇ ਰੱਪੇ ਵਾਲੇ ਅਡੰਬਰਾਂ  ਬਾਰੇ ? ਕੀ ਆਇਆ ਹੋਵੇਗਾ ਉਸ ਬੇਰਹਿਮ ਕਾਤਿਲ ਦੇ ਮਨ ਵਿੱਚ ਜਿਸ ਨੇ ਇਸ ਨਾਰੀ ਦਿਵਸ ਦੇ ਮੌਕੇ ਤੇ ਉਸਨੂੰ ਕਤਲ ਕਰ ਦਿੱਤਾ? ਕੀ ਸੋਚਦੀਆਂ ਹੋਣਗੀਆਂ ਕਤਲ ਕੀਤੀ ਗਈ ਉਸ ਮੁਟਿਆਰ ਦੀਆਂ ਸਹੇਲੀਆਂ ਅਤੇ ਹੋਰ ਪਰਿਵਾਰਿਕ ਔਰਤਾਂ? ਦਿਮਾਗ ਵਿੱਚ ਇਹ ਲੜੀ ਅਜੇ ਚੱਲ ਹੀ ਰਹੀ ਸੀ ਕਿ ਇੱਕ ਹੋਰ ਖਬਰ ਆਈ ਕਿ ਸੂਰਤ ਵਿੱਚ ਇੱਕ ਗਰਭਵਤੀ ਔਰਤ ਨੂੰ ਹਸਪਤਾਲ 'ਚੋਂ ਕਢ ਦਿੱਤਾ ਗਿਆ ਕਿਓਂਕਿ ਉਸ ਲਈ ਹਸਪਤਾਲ ਵਿੱਚ ਕੋਈ ਬੈਡ ਖਾਲੀ ਨਹੀਂ ਸੀ. ਉਸ ਨੇ ਖੁੱਲੇ ਅਸਮਾਨ  ਹੇਠਾਂ ਆਪਣੇ ਦੋ ਬੱਚਿਆਂ ਨੂੰ ਜਨਮ ਦਿੱਤਾ. ਇੱਕ ਕੁੜੀ ਤੇ ਇੱਕ ਮੁੰਡਾ. ਦਿਮਾਗ ਵਿੱਚ ਫਿਰ ਖਿਆਲ ਆਇਆ ਕਿ ਕੀ ਸੋਚਦੀ ਹੋਵੇਗੀ ਇਹ ਮਾਂ ਇਸ ਮਹਿਲਾ ਦਿਵਸ ਬਾਰੇ ਜੋ ਉਸਨੂੰ ਅਜਿਹੇ ਨਾਜ਼ੁਕ ਮੌਕੇ ਤੇ ਇੱਕ ਬੈਡ ਵੀ ਨਾ ਦੇ ਸਕਿਆ. ਅਜਿਹੀਆਂ ਖਬਰਾਂ ਨਾਲ ਮਨ ਉਦਾਸ ਹੋ ਗਿਆ. ਸਵੇਰੇ ਇੱਕ ਮਿੱਤਰ ਨਾਲ ਚੰਡੀਗੜ੍ਹ ਜਾਣਾ ਸੀ ਸੋ ਅਧੀ ਰਾਤ ਹੋਈ ਤਾਂ ਸੋਚਿਆ ਕਿ ਹੁਣ ਸੌਂ ਜਾਣਾ ਚਾਹੀਦਾ ਹੈ ਤਾਂ ਕਿ ਸਵੇਰੇ ਜਲਦੀ ਉਠਿਆ ਜਾ ਸਕੇ.ਪਰ ਨੀਂਦ ਕਿਥੇ. ਤਿੰਨ ਕੁ ਵਜੇ ਫਿਰ ਕੰਪਿਊਟਰ ਆਨ ਕੀਤਾ ਤਾਂ ਸਾਹਮਣੇ ਸੀ ਸ਼ਸ਼ੀ ਸਮੁੰਦਰਾ ਵੱਲੋਂ ਟੈਗ ਕੀਤੀ ਇੱਕ ਨਵੀਂ ਪੋਸਟ. . 
ਮੇਰੇ ਲਈ 'ਵੁਮਨਜ਼ ਡੇ ' ਦਾ ਮਤਲਬ :ਸ਼ਸ਼ੀ ਦੀ ਰਚਨਾ ਸੀ ਪੜ੍ਹਨੀ ਹੀ ਪੈਣੀ ਸੀ ਕਿਓਂਕਿ ਸ਼ਸ਼ੀ ਬਹੁਤ ਘੱਟ ਲਿਖਦੀ ਹੈ ਪਰ ਜਦੋਂ ਲਿਖਦੀ ਹੈ ਤਾਂ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ. ਵਾਵਰੋਲਿਆਂ ਨੂੰ ਜਗਾਉਣ, ਉਹਨਾਂ ਦਾ ਰਿਮੋਟ ਕੰਟ੍ਰੋਲ ਆਪਣੇ ਕੋਲ ਰੱਖਣ ਅਤੇ ਫਿਰ ਸਾਰੀਆਂ ਬੇਚੈਨੀਆਂ ਦੇ ਬਾਵਜੂਦ ਸ਼ਾਂਤੀ ਵਰਤਾਉਣ ਦੀ ਕਲਾ ਵਿੱਚ ਉਸ ਨੂੰ ਰੱਬੀ  ਮੁਹਾਰਤ ਹਾਸਿਲ ਹੈ.ਉਸਦੀ ਲਿਖਤ ਪੜ੍ਹ ਕੇ ਤੁਸੀਂ ਕੀ ਸੋਚਦੇ ਹੋ ਮਹਿਲਾ ਦਿਵਸ ਬਾਰੇ ਜ਼ਰੂਰ ਦੱਸਣਾ. -ਰੈਕਟਰ ਕਥੂਰੀਆ 
ਮੇਰੇ ਲਈ 'ਵੁਮਨਜ਼ ਡੇ ' ਦਾ ਮਤਲਬ
*** ਕਿ, ਮੇਰੀਆਂ ਧੀਆਂ ਆਪਣੀ ਮਰਜੀ ਦੇ ਵਾਲ ਬਣਾ, ਤੇ ਕਪੜੇ ਪਾ ਬਾਜ਼ਾਰ 'ਚ ਤੁਰ ਸਕਣ | ਤੇ ਆਦਮੀ ਉਨ੍ਹਾਂ ਨੂੰ ਦੇਖ ਉਨ੍ਹਾਂ ਦੇ ਕਰੈਕਟਰ ਬਾਰੇ ਜਜਮੈਂਟ ਬਣਾਉਂਦੇ ਸੀਟੀਆਂ ਤੇ ਅਖਾਂ ਨਾ ਮਾਰਨ,ਮਜ਼ਾਕ ਕਰਕੇ ਨਾ ਹੱਸਣ, ਚੂੰਢੀਆਂ ਨਾ ਵਢਣ !
***ਕਿ, ਓਹ ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਮੁੰਡਿਆਂ ਬਰਾਬਰ ਪੜ੍ਹ ਸਕਣ | ਤੇ ਇਨ੍ਹਾਂ ਵਿਦਿਅਕ ਸੰਸਥਾਵਾਂ ਦਾ ਮਾਹੌਲ ਅਜਿਹਾ ਨਾ ਹੋਵੇ ਜਿਥੇ ਉਨ੍ਹਾਂ ਨੂੰ ਸਿਰ ਝੁਕਾ ਡਰ ਡਰ ਕੇ ਤੁਰਨਾ ਪਵੇ !
***ਕਿ, ਜੇ ਓਹ ਚਾਹੁਣ ਤਾਂ ਆਪਣੀ ਯੋਗਤਾ ਮੁਤਾਬਿਕ ਨੌਕਰੀ ਜਾਂ ਬਿਜ਼ਨਸ ਕਰ ਸਕਣ ! ਤੇ ਕੰਮ 'ਤੇ ਮਰਦ ਬੌਸਾਂ ਤੇ ਹੋਰਾਂ ਵੱਲੋਂ ਉਹਨਾ ਨੂੰ ਕਿਸੇ ਤਰੀਕੇ ਵਰਤਣ / ਬਲੈਕ ਮੇਲ ਕਰਨ ਦੀ ਕੋਸ਼ਿਸ਼ ਨਾ ਕੀਤਾ ਜਾਵੇ !   
***ਕਿ, ਉਨ੍ਹਾਂ ਨੂੰ ਆਪਣੀ ਮਰਜੀ ਦਾ ਦੋਸਤ / ਪਤੀ ਚੁਣਨ ਜਾਂ ਨਾ ਚੁਣਨ ਦਾ ਹੱਕ ਹੋਵੇ | ਤੇ ਓਹ ਕਿਸੇ ਦੀ ਵੀ ਨਜ਼ਰ ਵਿੱਚ " ਬੇਗਾਨਾ ਧਨ " ਤੇ " ਬਿਗਾਨੇ ਘਰ ਦੀਆਂ " ਬਣ ਕੇ ਸਾਰੀ ਜ਼ਿੰਦਗੀ ਕੱਟਣ ਲਈ ਮਜਬੂਰ ਨਾ ਹੋਣ !
***ਕਿ, ਵਿਆਹ ਕਰਨ 'ਤੇ ਉਨ੍ਹਾਂ ਨੂੰ ਮਾਪਿਆਂ ਦਾ ਜੱਦੀ ਨਾਮ ਛੱਡ, ਸਹੁਰਿਆਂ ਦਾ ਨਾਮ ਰਖਣ ਲਈ ਮਜਬੂਰ ਨਾ  ਕੀਤਾ ਜਾਵੇ ! 
***ਕਿ, ਇੱਕ ਅਜਿਹਾ ਸਮਾਜ ਬਣੇ ਜਿਥੇ ਮੁੰਡੇ / ਮਰਦ ਹਰ ਪੈਰ 'ਤੇ ਉਹਨਾ ਨੂੰ ਬਲੈਕ ਮੇਲ ਨਾ ਕਰ ਸਕਣ !
***ਕਿ, ਦੁਨੀਆਂ ਵਿੱਚ ਓਹ ਅਜਿਹਾ ਤਮਾਸ਼ਾ ਨਾ ਬਨਣ ਜਿਵੇਂ ਮੈਨੂੰ, ਉਨ੍ਹਾਂ ਦੀ ਮਾਂ ਨੂੰ,ਬਣਾਇਆ ਗਿਆ...!
***ਕਿ, ਓਹ ਸਭ ਤਸੀਹੇ ਜਿਹੜੇ ਮੈਨੂੰ ਝੱਲਣੇ ਪਏ, ਉਨ੍ਹਾਂ 'ਚੋਂ ਮੇਰੀਆਂ ਧੀਆਂ ਨੂੰ ਨਾ ਲੰਘਣਾ ਪਵੇ !
***ਕਿ, ਲੋਕ ਮੇਰੇ ਕੋਲ ਆ ਕੇ ਅਫ਼ਸੋਸ ਨਾ ਕਰਨ ਕਿ ਮੇਰੇ ਸਿਰਫ਼ ਕੁੜੀਆਂ ਜੰਮੀਆਂ, ਮੁੰਡੇ ਨਹੀਂ !
                                           ਸ਼ਸ਼ੀ ਸਮੁੰਦਰਾ 3 / 8 / 11 (ਪੋਸਟਿੰਗ ਟਾਈਮ:ਰਾਤ 10:37) 
ਇਸ ਬਾਰੇ ਲੋਕ ਰਾਜ ਜੀ ਨੇ ਕਿਹਾ,"ਤੁਹਾਡੇ ਨਾਲ ਸਹਿਮਤ ਹਾਂ....ਵੈਸੇ ਜਦੋਂ ਅਸੀਂ ਹਰ ਥਾਂ ਬਰਾਬਰੀ ਦੀ ਗੱਲ ਕਰਦੇ ਹਾਂ, ਓਥੇ ਅੱਜ ਦਾ ਦਿਨ ਰਾਖਵਾਂ ਰਖ ਕੇ ਅਸੀਂ ਇਹ ਕਬੂਲ ਕਰ ਰਹੇ ਲੱਗਦੇ ਹਾਂ ਕੀ ਬਰਾਬਰੀ ਅਜੇ ਹੈ ਨਹੀਂ ਤੇ ਇਸ ਵਾਸਤੇ ਸੁਚੇਤ ਯਤਨ ਕਰਨ ਦੀ ਲੋੜ ਹੈ.


ਸਾਡੀ ਇਕ ਬੇਟੀ ਹੀ ਹੈ ਤੇ ਹੋਰ ਕੋਈ ਔਲਾਦ ਨਾ ਪੈਦਾ ਕਰਨ ਦਾ ਸਾਡਾ ਸੁਚੇਤ ਫੈਸਲਾ ਸੀ ਜਿਸ ਤੇ ਅੜੇ ਰਹਿਣ ਲਈ ਸਾਨੂ ਬਹੁਤ ਸਾਰੇ ਨਜਦੀਕੀ ਤੇ ਦੂਰ ਦੇ ਰਿਸ਼ਤੇਦਾਰਾਂ ਨੂ ਚੁੱਪ ਵੀ ਕਰਵਾਉਣਾ ਪਿਆ...
ਜਦੋਂ ਬੇਟੀ ਦਾ ਜਨਮ ਹੋਇਆ ਸੀ, ਮੈਂ ਉਦੋਂ ਚੰਡੀਗੜ੍ਹ ਸੀ ਪੀ.ਜੀ.ਆਈ. ਵਿਚ.....ਲੇਬਰ ਰੂਮ ਵਾਲਿਆਂ ਲਈ ਜਦੋਂ ਮੈਂ ਮਿਠਾਈ ਲਈ ਕੇ ਗਿਆ ਤਾਂ ਕਈਆਂ ਨੂ ਲੱਗਿਆ ਕੀ ਸ਼ਾਇਦ ਮੈਨੂ ਭੁਲੇਖਾ ਲੱਗ ਗਿਆ ਹੈ......ਕਈਆਂ ਦੇ ਚੇਹਰੇ ਯਾਦ ਕਰ ਕੇ ਮੈਨੂ ਅਜੇ ਵੀ ਹਾਸਾ ਆ ਜਾਂਦਾ ਹੈ......ਆਪਣੇ ਡਿਪਾਰਟਮੈਂਟ ਵਿਚ ਮਿਠਾਈ ਵੰਡਦੇ ਹੋਏ ਵੀ ਕੁਝ ਦੇ ਰਿਐਕ੍ਸ੍ਹ੍ਨ ਐਸੇ ਹੀ ਸਨ.

ਕੁਝ ਮਹੀਨੇ ਪਹਿਲਾਂ ਮੈਂ ਆਪਣੇ ਸਟੇਟਸ ਵਿਚ ਵੀ ਲਿਖਿਆ ਸੀ ਕਿ ਜਦੋਂ ਅਸੀਂ ਆਪਣੀਆਂ ਧੀਆਂ ਨੂ ਇਹ ਕਹਿੰਦੇ ਹਾਂ ,"ਤੂੰ ਤਾਂ ਮੇਰਾ ਪੁੱਤ ਹੈਂ" ਜਾਂ ਹੋਰ ਗੱਲਾਂ ਤੇ ਵੀ "ਪੁਤਾਂ ਵਰਗੀ ਧੀ" ਕਹਿੰਦੇ ਰਹਿੰਦੇ ਹਾਂ ਤਾਂ ਅਸਲ ਵਿਚ ਅਸੀਂ ਧੀ ਨੂੰ ਉਸ ਦੇ 'ਪੁਤ ਨਾ ਹੋਣ ਦਾ' ਹੀ ਐਹਸਾਸ ਕਰਵਾ ਰਹੇ ਹੁੰਦੇ ਹਾਂ .....ਮੰਨਿਆ ਕਿ ਅਜੇਹਾ ਕੋਈ ਜਾਂ ਬੁਝ ਕੇ ਨਹੀਂ ਕਰਦਾ, ਪਰ ਸਾਡੀ ਤਰਬੀਅਤ ਹੀ ਇਸ ਤਰਾਂ ਹੋਈ ਹੈ ਸਦੀਆਂ ਤੋਂ ਕਿ ਇਹ ਗੱਲਾਂ ਸਾਡੇ ਸਹਿਜ ਵਤੀਰੇ ਦਾ ਹਿੱਸਾ ਬਣ ਗਈਆਂ ਨੇ, ਜਿਨ੍ਹਾਂ ਨੂ ਸੁਚੇਤ ਹੋ ਕੇ ਪਛਾਨਣ ਤੇ ਬਦਲਣ ਦੀ ਲੋੜ ਹੈ.
 ਡਾਕਟਰ ਸੁਸ਼ੀਲ ਰਹੇਜਾ ਨੇ ਕਿਹਾ ਕੀ ਕਾਸ਼ ...ਸਭ ਦੇ ਮਨਾਂ ਵਿਚ ਹੀ ਤੁਹਾਡੇ ਵਰਗੇ ਵਿਚਾਰ ਸਮਾ ਜਾਣ ......
ਮੋਹਿੰਦਰ ਰਿਸ਼ਮ ਹੁਰਾਂ ਕਿਹਾ ਲੋਕ ਰਾਜ ਜੀ, ਤੁਹਾਡਾ  ਕੋਮੈੰਟ  ਪੜ੍ਹ ਕੇ ਮੇਨੂੰ ਰਸ਼ਪਿੰਦਰ ਰਸ਼ਿਮ ਦਾ ਨਾਵਲ "ਔਰਤ ਮਨਫ਼ੀ ਮਰਦ" ਯਾਦ ਆ  ਗਿਆ ਹੈ....!
ਇਕ਼ਬਾਲ ਗਿੱਲ ਜੀ ਨੇ ਕਿਹਾ ਕਿ ਮਨ ਖੁਸ਼ ਹੋ ਗਿਆ ਇਹ ਜਾਣਕੇ ਕਿ ਅਸੀਂ ਸਹੀ ਪਾਸੇ ਵੱਲ ਸਫਰ ਕਰ ਰਹੇ ਹਾਂ ਉਹ ਵਕਤ ਛੇਤੀ ਆ ਜਾਵੇਗਾ ਜਿਹਾ ਤੁਸੀਂ ਸੁਪਨਾ ਡਿਠਾ ਹੈ |
ਮਨਜੀਤ ਹਰਜਾਈ ਹੁਰਾਂ ਕਿਹਾ  ਮੇਂ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਸੇਹ੍ਮਤ ਹਾਂ. ਤੁਹਾਡਾ ਨਜ਼ਰੀਆ ਬਿਲ ਕੁਲ ਵਾਜਿਬ ਹੈ. 

ਮੇਂ ਇਹ ਕੇਹਨਾ ਚਾਹਵਾਂ ਗਾ ਕੇ ਮੇਰੀਆਂ ਧੀਆਂ ਨੂੰ ਇਹ ਵੀ ਅਧਿਕਾਰ ਮਿਲਣਾ ਚਾਹਿਦਾ ਹੈ,
ਕਿ ਸਮਾਜ ਵਿਚ ਰਹਿ  ਕੇ ਓਹ ਆਪਣੀ ਜਿੰਦਗੀ ਦਾ ਸਚਾ ਅਤੇ ਸਹੀ ਰਾਹ ਚੁਣ ਸਕਣ
ਅਤੇ ਇਕ ਸਭਿਅਕ ਅਤੇ ਅਜਾਦ ਜਿੰਦਗੀ ਜੀ ਸਕਣ. ਧੰਨਵਾਦ ਸਹਿਤ.

ਦਿਲਾਵਰ ਚਾਹਲ  ਵੀ ਸ਼ਸ਼ੀ ਜੀ ਨਾਲ ਪੂਰੀ ਤਰਾਂ ਸਹਿਮਤ ਹਨ  
ਗੁਰਮੀਤ ਬਚੜਾ ਜੀ ਵੀ ਅਤੇ  ਜਤਿੰਦਰ ਲਸਾੜਾ ਜੀ ਵੀ.  ਗਗਨਦੀਪ ਢਿੱਲੋਂ ਨੇ ਇਸ ਨੂੰ ਮਹਾਨ ਵਿਚਾਰ ਦੱਸਿਆ . 
ਪਰਮਿੰਦਰ ਸਿੰਘ ਨੇ ਬੜੇ ਜ਼ੋਰਦਾਰ ਢੰਗ ਨਾਲ ਸ਼ਸ਼ੀ ਜੀ ਦਾ ਸਮਰਥਾ ਕੀਤਾ ਅਤੇ  ਨੌਜਵਾਨ ਪੱਤਰਕਾਰ ਤਰਸੇਮ  ਦੇਓਗਨ ਨੇ ਕਿਹਾ ਕਿ ਅਸਲ  ਮਸਲਾ ਤਾਂ ਇਹੀ ਹੈ.. ਚਲੋ ਚਿੰਗਾਰੀ ਸੁਲਗੀ  ਹੈ.. ਗਿਆਨ ਦਾ ਭਾਂਬੜ ਵੀ ਬਣੇਗੀ.. ਅਮੀਨ. ਆਪਣੀ ਪੋਸਟ ਸਕਰਿਪਟ ਵਿੱਚ ਸ਼ਸ਼ੀ ਸਮੁੰਦਰਾ ਨੇ ਲਿਖਿਆ. ਤੇ ਇਹ ਵੀ ਕਿ ਲੋਕਾਂ ਵਿੱਚ ਮੇਰੀਆਂ ਧੀਆਂ ਆਪਣੀਆਂ ਇਨਸਾਨੀ ਕਦਰਾਂ-ਕੀਮਤਾਂ ਕਰਕੇ ਜਾਣੀਆਂ ਜਾਣ, ਨਾ ਕਿ ਉਨ੍ਹਾਂ ਦੇ ਰੰਗ,ਕੱਦ-ਬੁੱਤ, ਅਖਾਂ, ਨੱਕ, ਮੂੰਹ ਕਰਕੇ, ਅਤੇ,ਨਾ ਹੀ ਕੋਈ ਡਿਗਰੀਆਂ ਤੇ ਪੁਜੀਸ਼ਨਾ ਕਰਕੇ ! ਤੁਸੀਂ ਇਸ ਨਾਲ ਸਹਿਮਤ ਹੋ ਨਾ?ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ--ਰੈਕਟਰ ਕਥੂਰੀਆ 

ਭਾਵੇਂ ਸਾਮਵਾਦੀ ਹੀ ਹੋਣ ਔਰਤ ਹਰ ਥਾਂ ਪੌੜੀ ਦੇ ਅਖੀਰਲੇ ਡੰਡੇ 'ਤੇ ਖੜ੍ਹੀ ਹੈ


ਫਰਾਂਸ ਦੀ 'ਸਿਮੋਨ ਦੀ ਬੌਵੁਆਰ' ਸੰਸਾਰ ਦੀ ਨਾਰੀਵਾਦੀ ਲਹਿਰ ਨੂੰ ਸੇਧ ਦੇਣ ਵਾਲੀ ਚਿੰਤਕ ਰਹੀ ਹੈ।ਆਪਣੀ ਜਵਾਨੀ ਦੇ ਦਿਨਾਂ 'ਚ ਉਸਨੇ ਕਿਹਾ ਸੀ,ਕਿ 'ਔਰਤ ਪੈਦਾ ਨਹੀਂ ਹੁੰਦੀ,ਬਣਾ ਦਿੱਤੀ ਜਾਂਦੀ ਹੈ'।ਉਸਦੀ 'ਦ ਸੈਕੇਂਡ ਸੈਕਸ' ਨਾਂਅ ਦੀ ਕਿਤਾਬ ਦਾ ਦੁਨੀਆ ਦੀ ਲਗਭਗ ਹਰ ਭਾਸ਼ਾ 'ਚ ਤਰਜ਼ਮਾ ਹੋਇਆ।ਆਪਣੇ ਵਿਦਵਾਨ ਪ੍ਰੇਮੀ ਸਾਰਤਰ ਨਾਲ ਉਹ ਬਿਨਾਂ ਵਿਆਹ ਤੋਂ ਸਾਰੀ ਉਮਰ ਰਹੀ।ਮੈਂ ਪੱਤਰਕਾਰ ਐਲਿਸ ਸ਼ਵੇਰਜਰ ਨਾਲ ਉਸਦੀ 1972 'ਚ ਕੀਤੀ ਲੰਮੀ ਇੰਟਰਵਿਊ ਪੜ੍ਹ ਰਿਹਾ ਸੀ,ਜਿਸ 'ਚੋਂ ਕੁਝ ਹਿੱਸੇ ਦਾ ਤਰਜ਼ਮਾ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ।ਅਸਲ 'ਚ ਮੁੱਖ ਧਾਰਾ ਦੇ ਅਖ਼ਬਾਰ 'ਔਰਤ ਦਿਹਾੜੇ' 'ਤੇ ਖਾਨਾਪੂਰਤੀ ਕਰਨ ਲਈ ਗੁੱਡੀ ਗੁੱਡੀ(ਖਾਸ ਕਰ ਪੰਜਾਬੀ ਅਖ਼ਬਾਰ) ਗੱਲਾਂ ਨਾਲ ਸਾਰ ਦਿੰਦੇ ਹਨ ਤੇ ਬਦਲਵੀਂ ਸਿਆਸੀ ਧਾਰਾ ਨਾਲ ਜੁੜੇ ਲੋਕ ਆਪਣੇ ਵਿਚਾਰਧਾਰਕ ਮੱਤਭੇਦਾਂ ਕਾਰਨ ਬਹੁਤ ਸਾਰੀਆਂ ਚੀਜ਼ਾਂ ਨਹੀਂ ਛਾਪ ਪਾਉਂਦੇ।ਇਸ ਲਈ ਬਹੁਤ ਸਾਰੇ ਸਵਾਲ ਕੰਨ੍ਹੀਆਂ 'ਤੇ ਪਏ ਹੀ ਰਹਿ ਜਾਂਦੇ ਹਨ।ਸਿਮੋਨ ਨੇ ਇਸ ਇੰਟਰਵਿਊ 'ਚ (1972)ਕਈ ਅਹਿਮ ਸਵਾਲ ਖੜ੍ਹੇ ਕੀਤੇ ਹਨ,ਮੈਨੂੰ ਲਗਦਾ ਉਨ੍ਹਾਂ ਦੀ ਸਾਰਥਿਕਤਾ ਓਨੀ ਹੀ ਹੈ ਤੇ ਅੱਜ ਵੀ ਉਨ੍ਹਾਂ 'ਤੇ ਚਰਚਾ ਦੀ ਲੋੜ ਹੈ।--ਯਾਦਵਿੰਦਰ ਕਰਫਿਊ

ਐਲਿਸ ਸ਼ਵੇਰਜਰ--'ਨਾਰੀਵਾਦ' ਨੂੰ ਬਹੁਤ ਗਲਤ ਢੰਗ ਨਾਲ ਸਮਝਿਆ ਤੇ ਪ੍ਰਭਾਸ਼ਿਤ ਕੀਤਾ ਗਿਆ ਹੈ।ਤੁਹਾਡੀ 'ਨਾਰੀਵਾਦ' ਦੀ ਪਰਿਭਾਸ਼ਾ ਕੀ ਹੈ ?
ਸਿਮੋਨ--'ਦ ਸੈਕੇਂਡ ਸੈਕਸ' ਦੇ ਅਖੀਰ 'ਚ ਮੈਂ ਕਿਹਾ ਹੈ ਕਿ ਮੈਂ ਨਾਰੀਵਾਦੀ ਨਹੀਂ ਹਾਂ,ਕਿਉਂਕਿ ਉਸ ਸਮੇਂ ਮੇਰਾ ਵਿਸ਼ਵਾਸ ਸੀ ਕਿ ਔਰਤਾਂ ਦੀਆਂ ਸਮੱਸਿਆਵਾਂ ਸਮਾਜਵਾਦ ਦੀ ਸਥਾਪਨਾ ਤੇ ਵਿਕਾਸ ਨਾਲ ਆਪਣੇ ਆਪ ਹੱਲ ਹੋ ਜਾਣਗੀਆਂ।'ਨਾਰੀਵਾਦੀ' ਹੋਣ ਦਾ ਮੇਰਾ ਮਤਲਬ ਹੈ ਕਿ ਕੁਝ ਖਾਸ ਔਰਤ ਮਸਲਿਆਂ 'ਤੇ ਜਮਾਤੀ ਸੰਘਰਸ਼ ਤੋਂ ਹੱਟ ਕੇ ਆਜ਼ਾਦ ਰੂਪ 'ਚ ਸੰਘਰਸ਼ ਕਰਨਾ।ਮੈਂ ਅੱਜ ਵੀ ਆਪਣੇ ਉਸੇ ਵਿਚਾਰ 'ਤੇ ਕਾਇਮ ਹਾਂ।ਮੇਰੀ ਪਰਿਭਾਸ਼ਾ ਦੇ ਮੁਤਾਬਕ ਔਰਤਾਂ ਤੇ ਉਹ ਮਰਦ ਵੀ ਨਾਰੀਵਾਦੀ ਹਨ,ਜੋ ਪਿੱਤਰਸਤਾਮਿਕ ਵਿਵਸਥਾ 'ਚ ਔਰਤਾਂ ਦੀ ਹਾਲਤ 'ਚ ਬਦਲਾਅ ਲਈ ਸੰਘਰਸ਼ ਕਰ ਰਹੇ ਹਨ।ਇਹ ਸੰਘਰਸ਼ ਜਿੰਨਾ ਜਮਾਤੀਸੰਘਰਸ਼ ਨਾਲ ਜੁੜਿਆ ਹੋਇਆ ਹੈ,ਓਨਾ ਹੀ ਉਸਤੋਂ ਅਜ਼ਾਦਆਨਾ ਰੂਪ 'ਚ ਆਪਣਾ ਪਛਾਣ ਰੱਖਦਾ ਹੈ।ਇਹ ਸੱਚ ਹੈ,ਕਿ ਪੂਰੇ ਸਮਾਜ ਦੀ ਮੁਕਤੀ ਤੋਂ ਬਗੈਰ ਔਰਤਾਂ ਦੀ ਮੁਕਤੀ ਸੰਭਵ ਨਹੀਂ ਹੈ,ਪਰ ਫਿਰ ਵੀ ਨਾਰੀਵਾਦੀ ਇਸ ਟੀਚੇ ਲਈ ਅੱਜ ਤੇ ਹੁਣੇ ਤੋਂ ਸੰਘਰਸ਼ ਕਰ ਰਹੇ ਹਨ।ਇਸ ਅਰਥ 'ਚ ਮੈਂ ਨਾਰੀਵਾਦੀ ਹਾਂ,ਕਿਉਂਕਿ ਮੈਨੂੰ ਲੱਗਦਾ ਹੈ ਕਿ ਔਰਤ ਦੀ ਮੁਕਤੀ ਲਈ ਅੱਜ ਤੇ ਹੁਣੇ ਸੰਘਰਸ਼ ਕਰਨਾ ਚਾਹੀਦਾ ਹੈ,ਇਸ ਤੋਂ ਪਹਿਲਾਂ ਕਿ ਸਮਾਜ ਦਾ ਸੁਫਨਾ ਪੂਰਾ ਹੋਵੇ।ਇਸ ਦੇ ਨਾਲ ਹੀ ਮੈਨੂੰ ਇਹ ਵੀ ਲੱਗਦਾ ਹੈ ਕਿ ਸਮਾਜਵਾਦੀ ਦੇਸ਼ਾਂ 'ਚ ਵੀ ਔਰਤ ਤੇ ਮਰਦ ਦੇ ਵਿਚਕਾਰ ਅਮਲੀ ਬਰਾਬਰੀ ਹਾਸਲ ਨਹੀਂ ਕੀਤੀ ਜਾ ਸਕੀ ਹੈ।ਇਸ ਲਈ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਔਰਤਾਂ ਆਪਣਾ ਭਵਿੱਖ ਆਪਣੇ ਹੱਥਾਂ 'ਚ ਲੈਣ,ਇਹੀ ਕਾਰਨ ਹੈ ਕਿ ਮੈਂ ਵੀਮਨਜ਼ ਲਿਬਰੇਸ਼ਨ ਮੂਵਮੈਂਟ ਦੇ ਨਾਲ ਜੁੜੀ ਹਾਂ।

ਇਸ ਤੱਥ ਨਾਲ ਜੁੜਿਆ ਇਕ ਪਹਿਲੂ ਹੋਰ ਵੀ ਹੈ ਤੇ ਮੇਰਾ ਵਿਸ਼ਵਾਸ ਹੈ ਕਿ ਇਹ ਬਹੁਤ ਵੱਡਾ ਕਾਰਨ ਹੈ ਕਿ ਜਿਸ ਵਜ੍ਹਾ ਕਰਕੇ ਔਰਤਾਂ ਵੱਡੀ ਗਿਣਤੀ 'ਚ ਅਜ਼ਾਦ ਔਰਤ-ਲਹਿਰ ਲਈ ਅੱਗੇ ਆ ਰਹੀਆਂ ਹਨ--ਉਹ ਇਹ ਹੈ ਕਿ ਫਰਾਂਸ ਦੇ ਖੱਬੇਪੱਖੀ ਹਲਕਿਆਂ ,ਕ੍ਰਾਂਤੀਕਾਰੀ ਗਰੁੱਪਾਂ ਤੇ ਜਥੇਬੰਦੀਆਂ ਦੇ ਅੰਦਰ ਵੀ ਲਿੰਗ ਭੇਦਭਾਵ ਤੇ ਘੋਰ ਗੈਰ-ਬਰਾਬਰੀ ਹੈ।ਸਾਹਮਣੇ ਜੋ ਦਿਖਾਈ ਦਿੰਦਾ ਹੈ,ਉਸਦੇ ਪਿਛਲੀਆਂ ਸੱਚਾਈਆਂ ਇਹ ਹਨ ਕਿ ਔਰਤਾਂ ਹਮੇਸ਼ਾਂ ਸਭ ਤੋਂ ਹੇਠਲੇ ਪੱਧਰ ਦੇ ਥਕਾਊ ਤੇ ਨੀਰਸ ਕੰਮ ਕਰਦੀਆਂ ਹਨ,ਜਦੋਂਕਿ ਮਰਦ ਬੁਲਾਰੇ ਹੁੰਦੇ ਹਨ,ਉਹ ਗੰਭੀਰ ਲੇਖ ਲਿਖ਼ਦੇ ਹਨ।ਸਭ ਤੋਂ ਚੰਗੇ ਤੇ ਰੁਚੀ ਭਰਪੂਰ ਕੰਮ ਕਰਦੇ ਹਨ ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹਨ।ਇਨ੍ਹਾਂ ਮਾਰਕਸਵਾਦੀ ਜਥੇਬੰਦੀਆਂ 'ਚ--ਸਿਧਾਂਤਕ ਰੂਪ 'ਚ ਜਿੰਨ੍ਹਾਂ ਦਾ ਟੀਚਾ ਔਰਤ ਸਮੇਤ ਹਰ ਮਨੁੱਖ ਦੀ ਮੁਕਤੀ ਹੈ ਦੇ ਅੰਦਰ ਔਰਤਾਂ ਦੀ ਹਾਲਤ ਅੱਜ ਵੀ ਅਧੀਨਤਾ ਵਾਲੀ ਹੈ।ਸੱਚਾਈ ਇੱਥੋਂ ਤੱਕ ਹੀ ਨਹੀਂ ਹੈ।ਖੱਬੇਪੱਖੀਆਂ ਅੰਦਰ ਕੁਝ ਗਿਣੇ ਚੁਣੇ ਲੋਕਾਂ ਨੂੰ ਛੱਡ ਕੇ,ਔਰਤ ਮੁਕਤੀ ਦੇ ਵਿਚਾਰ ਪ੍ਰਤੀ ਜ਼ਿਆਦਾਤਰ ਮਰਦ ਕਾਮਰੇਡਾਂ ਦਾ ਰਵੱਈਆ ਕਾਫੀ ਵਿਰੋਧੀ,ਹਮਲਾਵਰ ਤੇ ਦੁਸ਼ਮਣਾਂ ਵਾਲਾ ਹੈ।ਜਦ ਪਹਿਲੀ ਵਾਰ ਵੈਂਸਾਨਨ(ਫਰਾਂਸ) 'ਚ ਹੋਈ ਸੀ ਤਾਂ ਕੁਝ ਖੱਬੇਪੱਖੀ ਆਪਣੇ ਕਮਰਿਆਂ 'ਚੋਂ ਬੋਲੇ ਸੀ ਕਿ "ਸੱਤਾ ਲਿੰਗ 'ਤੇ ਰੱਖੀ ਹੋਈ ਹੈ"।ਮੇਰੇ ਖਿਆਲ 'ਚ ਹੁਣ ਮਰਦਾਂ 'ਚ ਥੋੜ੍ਹਾ ਜਿਹਾ ਬਦਲਾਅ ਆਇਆ ਹੈ ਪਰ ਉਹ ਵੀ ਇਸ ਕਰਕੇ ਕਿਉਂਕਿ ਔਰਤਾਂ ਨੇ ਅਜ਼ਾਦ ਰੂਪ 'ਚ ਹਥਿਆਰਬੰਦ ਤੇ ਜਝਾਰੂ ਸੰਘਰਸ਼ ਦੀ ਪਹਿਲ ਕੀਤੀ ਹੈ।

ਐਲਿਸ ਸ਼ਵੇਰਜਰ--ਤੁਸੀਂ ਫਰਾਂਸ ਦਾ ਜ਼ਿਕਰ ਕੀਤਾ।ਹੁਣ ਤੱਕ ਤੁਸੀਂ ਅਨੇਕਾਂ ਸਮਾਜਵਾਦੀ ਦੇਸਾਂ ਦੀ ਯਾਤਰਾ ਕਰ ਚੁੱਕੇ ਹੋਂ।ਕੀ ਉਨ੍ਹਾਂ ਦੇਸ਼ਾਂ 'ਚ ਔਰਤਾਂ ਦੀ ਅਮਲੀ ਹਾਲਤ 'ਚ ਕੁਝ ਫਰਕ ਆਇਆ ਹੈ ?
ਸਿਮੋਨ--ਓਥੇ ਹਾਲਤਾਂ ਕੁਝ ਭਿੰਨ ਹਨ।ਰੂਸ 'ਚ ਲਗਭਗ ਸਾਰੀਆਂ ਔਰਤਾਂ ਕੰਮ ਕਾਜੀ ਹਨ ਤੇ ਉਹ ਔਰਤਾਂ ਜੋ ਕੰਮ ਨਹੀਂ ਕਰਦੀਆਂ,ਹੋਰ ਲੋਕ ਉਨ੍ਹਾਂ ਨੂੰ ਬੇਇੱਜ਼ਤੀ ਦੀ ਨਜ਼ਰ ਨਾਲ ਵੇਖਦੇ ਹਨ।ਰੂਸੀ ਔਰਤ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਕੰਮ ਕਾਜੀ ਹੈ।ਸਿਆਸੀ ਤੇ ਸਮਾਜਿਕ ਨਜ਼ਰੀਏ ਤੋਂ ਵੀ ਔਰਤਾਂ ਓਥੇ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ।ਪਰ ਇਸ ਸਭ ਦੇ ਬਾਵਜੂਦ ਵੀ ਜੇ ਤੁਸੀਂ ਕੇਂਦਰੀ ਕਮੇਟੀਆਂ ਤੇ ਪੀਪਲਜ਼ ਅੰਸੈਂਬਲੀ ,ਜਿਸ ਕੋਲ ਅਮਲੀ ਰੂਪ 'ਚ ਅਧਿਕਾਰ ਤੇ ਸੱਤਾ ਹੈ,ਦਾ ਜਾਇਜ਼ਾ ਲਵੋਂ ਤਾਂ ਓਥੇ ਮਰਦਾਂ ਦੀ ਤੁਲਨਾ 'ਚ ਔਰਤਾਂ ਬਹੁਤ ਘੱਟ ਹਨ।ਕਿੱਤਾਕਾਰੀ ਖੇਤਰਾਂ ਅੰਦਰ ਵੀ ਹਾਲਤ ਕੁਝ ਅਜਿਹੀ ਹੀ ਹੈ।ਜ਼ਿਆਦਤਰ ਗੈਰ-ਰੁਚੀ ਤੇ ਘੱਟ ਅਹਿਮੀਅਤ ਵਾਲੇ ਕੰਮ ਔਰਤਾਂ ਦੁਆਰਾ ਕੀਤੇ ਜਾਂਦੇ ਹਨ।ਸੋਵੀਅਤ ਸੰਘ 'ਚ ਲੱਗਭਗ ਸਾਰੀਆਂ ਡਾਕਟਰਾਂ ਔਰਤਾਂ ਹਨ,ਕਿਉਂਕਿ ਓਥੇ ਸਿਹਤ ਸੇਵਾ ਮੁਫ਼ਤ ਹੈ।ਰਾਜ ਇਸ ਕੰਮ ਦੀ ਪੂਰੀ ਤਨਖਾਹ ਨਹੀਂ ਦਿੰਦਾ,ਜਦੋਂ ਇਹ ਕਿੱਤਾ ਹੋਰਾਂ ਤੋਂ ਔਖਾ ਹੈ।ਸਿਹਤ ਤੇ ਸਿੱਖਿਆ ਦਾ ਖੇਤਰ ਔਰਤਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ,ਪਰ ਜੋ ਅਸਲੀ ਮਾਅਨਿਆਂ 'ਚ ਅਹਿਮ ਕਾਰਜ ਖੇਤਰ ਹਨ,ਜਿਵੇਂ ਵਿਗਿਆਨ ਤੇ ਇੰਜੀਨੀਅਰਿੰਗ ਆਦਿ ,ਉਨ੍ਹਾਂ 'ਚ ਅੱਜ ਵੀ ਔਰਤਾਂ ਬਹੁਤ ਘੱਟ ਹਨ।ਇਹ ਸੱਚਾਈ ਸ਼ੋਲਜੇਨਿਤਸਿਨ ਦੇ ਨਾਵਲ 'ਕੈਸ਼ਰ ਵਾਰਡ' 'ਚ ਵੀ ਸਾਹਮਣੇ ਆਈ ਹੈ।ਨਾਵਲ 'ਚ ਇਕ ਔਰਤ ਹੈ,ਜੋ ਹਸਪਤਾਲ 'ਚ ਉੱਚੇ ਅਹੁਦੇ 'ਤੇ ਤੈਨਾਤ ਹੈਤੇ ਸਿਹਤ ਵਿਭਾਗ ਦੇ ਸੀਨੀਅਰ ਮੈਂਬਰਾਂ 'ਚੋਂ ਇਕ ਹੈ।ਹਸਪਤਾਲ ਦੇ ਅਹਿਮ ਦੌਰਿਆਂ ਤੇ ਦਿਨ ਭਰ ਦੀ ਥਕਾਵਟ ਤੋਂ ਬਾਅਦ ਉਹ ਘਰ ਭੱਜਦੀ ਹੈ,ਪਤੀ ਤੇ ਬੱਚਿਆਂ ਲਈ ਰੋਟੀ-ਪਾਣੀ ਬਣਾਉਣਾ,ਕੱਪੜੇ ਧੋਣੇ ਤੇ ਘਰ ਦੇ ਦੂਜੇ ਕੰਮ ਨਿਬੇੜਨ ਲਈ।ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਬੇਹੱਦ ਔਖੀਆਂ ਤੇ ਕਿੱਤਾਕਾਰੀ ਜ਼ਿੰਮੇਵਾਰੀਆਂ ਦੇ ਬਾਵਜੂਦ ਉਸਨੂੰ ਘਰ ਦੇ ਕੰਮ ਕਾਰ ਲਈ ਮਰਨਾ ਪੈਂਦਾ ਹੈ,ਜਿਵੇਂ ਕਿ ਦੁਨੀਆਂ ਦੇ ਦੂਜੇ ਸਾਰੇ ਦੇਸ਼ਾਂ 'ਚ ਹੁੰਦਾ ਹੈ ਤੇ ਸ਼ਾਇਦ ਉਸਤੋਂ ਵੀ ਜ਼ਿਆਦਾ,ਕਿਉਂਕਿ ਫਰਾਂਸ ਘੱਟੋ ਘੱਟ ਔਰਤਾਂ ਘਰੇਲੂ ਕੰਮਾਂ 'ਚ ਨੌਕਰ ਦੀ ਮੱਦਦ ਤਾਂ ਲੈ ਸਕਦੀਆਂ ਹਨ।ਸਾਰੀਆਂ ਹਾਲਤਾਂ ਦਾ ਨਿਚੋੜ ਇਹੀ ਹੈ ਕਿ ਸੋਵੀਅਤ ਸੰਘ 'ਚ ਵੀ ਔਰਤਾਂ ਤੇ ਮਰਦਾਂ ਦੇ ਵਿਚਕਾਰ ਸਬੰਧ ਬਰਾਬਰੀ ਅਧਾਰਿਤ ਨਹੀਂ ਹਨ।

ਐਲਿਸ ਸ਼ਵੇਰਜਰ--ਇਸਦਾ ਕਾਰਨ ਕੀ ਹੈ ?
ਸਿਮੋਨ--ਪਹਿਲਾ ਤੇ ਮੁੱਖ ਕਾਰਨ ਇਹ ਹੈ ਕਿ ਸਮਾਜਵਾਦੀ ਦੇਸ਼ ਅਸਲ 'ਚ ਸਮਾਜਵਾਦੀ ਦੇਸ਼ ਨਹੀਂ ਹਨ।ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਮਾਰਕਸਵਾਦ ਦੇ ਪੈਰੋਕਾਰ ਸਮਾਜਵਾਦ ਦੀ ਉਸ ਹੱਦ ਤੱਕ ਪਹੁੰਚ ਹੀ ਨਹੀਂ ਸਕੇ,ਜਿੱਥੇ ਪੂਰੇ ਮਰਦ ਵਰਗ ਦੀ ਜਾਗਰੂਕਤਾ ਦਾ ਰੂਪਾਂਤਰਨ ਸੰਭਵ ਹੁੰਦਾ,ਜੋ ਮਾਰਕਸ ਦਾ ਸੁਫ਼ਨਾ ਸੀ।ਮਾਰਕਸਵਾਦੀ ਸਿਧਾਂਤਕਾਰਾਂ ਨੇ ਜੋ ਕੀਤਾ,ਉਹ ਸੀ ਪੂੰਜੀ ਦੀ ਨਿੱਜੀ ਜਗੀਰ ਦਾ ਖਾਤਮਾ ਤੇ ਉਤਪਾਦਨ ਸਬੰਧਾਂ 'ਚ ਬਦਲਾਅ।ਪਰ ਸਮੇਂ ਦੇ ਨਾਲ ਇਹ ਤੱਥ ਸਪੱਸ਼ਟ ਹੋ ਗਿਆ ਕਿ ਸਿਰਫ ਉਤਪਾਦਨ ਸਬੰਧਾਂ ਨੂੰ ਬਦਲ ਦੇਣਾ ਹੀ ਕਾਫੀ ਨਹੀਂ ਹੈ ਤੇ ਅਜਿਹਾ ਕਰਕੇ ਮਨੁੱਖ ਤੇ ਸਮਾਜ ਦੇ ਅੰਦਰੂਨੀ ਰੂਪਾਂਤਰਨ ਦੇ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ।ਵੱਖ ਵੱਖ ਆਰਥਿਕ ਵਿਵਸਥਾਵਾਂ 'ਚ ਵੀ ਸਦੀਆਂ ਤੋਂ ਚੱਲੇ ਆ ਰਹੇ ਮੁੱਲ,ਸੱਭਿਆਚਾਰ ਤੇ ਔਰਤ ਤੇ ਮਰਦ ਦੇ ਵਿਚਕਾਰ ਪੁਰਾਤਨ ਭੂਮਿਕਾਵਾਂ ਦੀ ਵੰਡ ਬਾਦਸਤੂਰ ਜਾਰੀ ਰਹੇਗੀ।ਇਸ ਅਮਲ ਦੇ ਸਬੰਧ 'ਚ ਇਹ ਵੀ ਕੌੜਾ ਸੱਚ ਹੈ ਕਿ ਕਿ ਮਰਦ ਪ੍ਰਧਾਨਤਾ ਵਾਲੇ ਸਮਾਜ 'ਚ ਮਰਦਾਂ ਅੰਦਰ ਆਪਣੀ ਕੁਦਰਤੀ ਬੌਧਿਕ ਤੇ ਉਚਤਮ ਹੋਣ ਦਾ ਗਰੂਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ।ਉਨ੍ਹਾਂ ਦੀ ਮਨੋਸਥਿਤੀ ਦੀ ਨੀਂਹ ਮਰਦ ਪ੍ਰਧਾਨਤਾ 'ਤੇ ਟਿਕੀ ਹੋਈ ਹੈ ਤੇ ਉਹ ਅਸਾਨੀ ਨਾਲ ਇਸ ਵਿਸ਼ੇਸ਼ ਅਧਿਕਾਰ ਦਾ ਤਿਆਗ ਕਰਨ ਨੂੰ ਤਿਆਰ ਨਹੀਂ ਹੈ।ਮਰਦ ਅਜ਼ਾਰੇਦਾਰੀ ਕਾਇਮ ਰਹੇ,ਇਸ ਲਈ ਜ਼ਰੂਰੀ ਹੈ ਕਿ ਔਰਤਾਂ ਮਰਦਾਂ ਦੀ ਤੁਲਨਾ 'ਚ ਘੱਟ ਤੇ ਹੀਣਭਾਵ ਰਹਿਣ ਤੇ ਔਰਤਾਂ ਵੀ ਮਰਦਾਂ ਦੇ ਮੁਕਾਬਲੇ ਆਪਣਾ ਦਰਜ਼ਾ ਹੇਠਾਂ ਰੱਖਣ ਤੇ ਖੁਦ ਨੂੰ ਹੀਣ ਮੰਨਣ ਦੀਆਂ ਆਦੀ ਹੋ ਗਈਆਂ ਹਨ।ਇਹ ਸੱਭਿਆਚਾਰਕ ਜਕੜਬੰਦੀ ਐਨੀ ਡੂੰਘੀ ਹੈ ਕਿ ਬਹੁਤ ਹੀ ਘੱਟ ਔਰਤਾਂ ਲਿੰਗ ਗੈਰ-ਬਰਾਬਰੀ ਦੇ ਖ਼ਿਲਾਫ ਅਵਾਜ਼ ਬੁਲੰਦ ਕਰ ਪਾਉਂਦੀਆਂ ਹਨ।

ਐਲਿਸ ਸ਼ਵੇਰਜਰ--ਤੁਸੀਂ 1968 'ਚ ਜਮਾਤੀ ਸੰਘਰਸ਼ ਦੀ ਲੜਾਈ 'ਚ ਕਾਫੀ ਸਰਗਰਮ ਸੀ।ਜਿਵੇਂ ਕਿ ਤੁਸੀਂ ਇਕ ਬਦਲਵੀਂ ਧਾਰਾ ਦੀ ਅਖ਼ਬਾਰ ਦਾ ਕੰਮ ਕਾਰ ਵੀ ਸੰਭਾਲਿਆ ਹੋਇਆ ਸੀ.ਤੁਸੀਂ ਇਸ ਲੜਾਈ 'ਚ ਸੜਕਾਂ 'ਤੇ ਵੀ ਉੱਤਰੇ।ਤੁਹਾਡੇ ਮੁਤਾਬਕ ਜਮਾਤੀ ਸੰਘਰਸ਼ ਤੇ ਦੋ ਲਿੰਗਾਂ ਦੇ ਵਿਚਕਾਰ ਸੰਘਰਸ਼ 'ਚ ਕੀ ਫਰਕ ਹੈ ? 

ਸਿਮੋਨ-ਅੱਜ ਜਿਸ ਤੱਥ ਨੂੰ ਮੈਂ ਪੂਰੀ ਸ਼ਿੱਦਤ ਨਾਲ ਸਥਾਪਤ ਕਰ ਸਕਦੀ ਹਾਂ,ਉਹ ਇਹ ਹੈ ਕਿ ਸਿਰਫ ਜਮਾਤੀ ਸੰਘਰਸ਼ ਦੁਆਰਾ ਹੀ ਔਰਤ ਮੁਕਤੀ ਮੁਕਤੀ ਦੇ ਮਹਾਨ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ।'ਦ ਸੈਕੇਂਡ ਸੈਕਸ' ਪ੍ਰਕਾਸ਼ਤ ਹੋਣ ਤੋਂ ਬਾਅਦ ਮੇਰਾ ਵਿਚਾਰ ਹੋਰ ਪੱਕਾ ਤੇ ਵਿਆਪਕ ਹੋਇਆ।ਭਾਵੇਂ ਸਾਮਵਾਦੀ ਹੋਣ,ਮਾਓਵਾਦੀ ਹੋਣ ਤਾਂ ਟਰਾਟਸਕੀਅਨ,ਔਰਤ ਹਰ ਥਾਂ,ਹਰ ਖੇਮੇ 'ਚ ਅਧੀਨਤਾ ਦੀ ਹੈ,ਪੌੜੀ ਦੇ ਅਖੀਰਲੇ ਡੰਡੇ 'ਤੇ ਖੜ੍ਹੀ ਹੈ।ਸਿੱਟੇ ਦੇ ਰੂਪ 'ਚ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਔਰਤਾਂ ਨੂੰ ਸੱਚੀ ਨਾਰੀਵਾਦੀ ਹੋਣਾ ਚਾਹੀਦਾ ਹੈ।ਤੇ ਆਪਣੇ ਸੰਘਰਸ਼ ਨੂੰ ਖੁਦ ਹੱਥ 'ਚ ਲੈਣ ਦੀ ਜ਼ੁਅੱਰਤ ਰੱਖਣੀ ਚਾਹੀਦੀ ਹੈ।ਅੱਜ ਇਜ ਜ਼ਰੂਰੀ ਹੈ ਕਿ ਮਜ਼ਦੂਰਾਂ ਤੇ ਔਰਤਾਂ ਦੇ ਸ਼ੋਸ਼ਣ ਦੇ ਵਿਚਕਾਰ ਸਬੰਧ ਸਥਾਪਤ ਹੋਵੇ।

ਐਲਿਸ ਸ਼ਵੇਰਜਰ--ਜ਼ਿਆਦਾਤਰ ਨਾਰੀਵਾਦੀ ਅੰਦੋਲਨਾਂ 'ਚ ਕੁਝ ਹਮਜਿਨਸੀ ਤੱਤ ਵੀ ਮੌਜੂਦ ਹਨ,ਪਰ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਹਮਜਿਨਸੀ ਸਬੰਧ ਸੰਯੋਗਵੱਸ ਹਨ ਤੇ ਇਨ੍ਹਾਂ ਦੀ ਗਿਣਤੀ ਵੀ ਜ਼ਿਆਦਾ ਨਹੀਂ ਹੈ।ਫਿਰ ਵੀ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਹਮਜਿਨਸੀ ਸਬੰਧ ਮੁਕਤੀ ਦੇ ਸਵਾਲ ਸੂਤਰਧਾਰ ਬਣੇ ਹਨ।ਤੁਹਾਨੂੰ ਲਗਦਾ ਹੈ ਕਿ ਔਰਤ ਹਮਜਿਨਸੀ ਸਬੰਧ ਮਰਦਾਂ ਨੂੰ ਨਕਾਰਣ ਦਾ ਖਾੜਕੂ ਤਰੀਕਾ ਤੇ ਅੰਦੋਲਨ ਲਈ ਪ੍ਰਭਾਵੀ ਹਥਿਆਰ ਹੋ ਸਕਦਾ ਹੈ ?
ਸਿਮੋਨ--ਮੈਂ ਇਸ ਵਿਸ਼ੇ 'ਤੇ ਜ਼ਿਆਦਾ ਨਹੀਂ ਸੋਚਿਆ ਹੈ।ਚੰਗਾ ਹੈ ਕਿ ਕੁਝ ਔਰਤਾਂ ਅਜਿਹੀਆਂ ਹਨ,ਜੋ ਕਾਫੀ ਖਾੜਕੂ ਤੇ ਜਝਾਰੂ ਹਨ।ਹਮਜਿਨਸੀ ਔਰਤਾਂ ਬਹੁਤ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ,ਪਰ ਜਦੋਂ ਇਹ ਔਰਤਾਂ ਹਮਜਿਨਸੀ ਸਵਾਲ 'ਤੇ ਹੀ ਜ਼ਿਆਦਾ ਜ਼ੋਰ ਦੇਣ ਲੱਗੀ ਜਾਂਦੀਆਂ ਹਨ,ਤਾਂ ਇਸਤਰੀ ਲਿੰਗ ਔਰਤਾਂ ਦੀ ਲਹਿਰ ਤੋਂ ਵੱਖਵਾਦ ਦਾ ਖਤਰਾ ਖੜ੍ਹਾ ਹੋ ਜਾਂਦਾ ਹੈ।ਰਵਾਇਤੀ ਰੂਪ 'ਚ ਥੋਪਿਆ ਹੋਇਆ ਵਿਪਰੀਤ ਲਿੰਗੀ ਸੈਕਸ ਜਿੰਨਾ ਘਟੀਆ ਤੇ ਖਿਝ ਪੈਦਾ ਵਾਲਾ ਹੈ,ਭਗਸ਼ਿਸ਼ਨ(CLITORIS) ਦੀ ਰਹੱਸਤਾ ਵੀ ਓਨੀ ਹੀ ਬਕਵਾਸ ਹੈ।

ਐਲਿਸ ਸ਼ਵੇਰਜਰ--ਵਿਪਰੀਤ ਲਿੰਗੀ ਜੀਵਨ ਦੇ ਬੰਧਨ ਤੋਂ ਮੁਕਤੀ ਪਾਉਣ ਲਈ ਔਰਤਾਂ ਨੇ ਸਹਿਜਤਾ ਨਾਲ ਹਮਜਿਨਸੀ ਸਬੰਧਾਂ ਨੂੰ ਸਵੀਕਾਰ ਕੀਤਾ ਹੈ,ਕਿਉਂਕਿ ਪਿੱਤਰਸਤਾਮਿਕ ਸਮਾਜ 'ਚ ਮਰਦਾਂ ਦਾ ਯੌਨ ਸਬੰਧ ਪੱਕੇ ਤੌਰ 'ਤੇ ਦਮਨਕਾਰੀ ਹੋਣਗੇ ?

ਸਿਮੋਨ--ਕੀ ਇਹ ਜ਼ਰੂਰੀ ਹੈ ਕਿ ਔਰਤ-ਮਰਦ ਵਿੱਚ ਸਬੰਧ ਹਮੇਸ਼ਾ ਦਮਨਕਾਰੀ ਹੀ ਹੋਣ ? ਅਜਿਹੇ ਸਰੀਰਕ ਸਬੰਧ ਨੂੰ ਨਕਾਰਣ ਦੀ ਬਜਾਏ ਉਸ ਸੰਬੰਧ 'ਚ ਮੌਜੂਦ ਦਮਨਕਾਰੀ ਤੱਤਾਂ ਦੇ ਵਿਨਾਸ਼ ਦੀ ਗੱਲ ਕਿਉਂ ਨਾ ਕੀਤੀ ਜਾਵੇ।ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਲੋਕ ਕਹਿੰਦੇ ਹਨ ਕਿ ਸੰਭੋਗ ਹਮੇਸ਼ਾ ਬਲਾਤਕਾਰ ਹੀ ਹੁੰਦਾ ਹੈ।ਮੈਂ ਅਜਿਹਾ ਨਹੀਂ ਮੰਨਦੀ।ਜਦ ਕੋਈ ਕਹਿੰਦਾ ਹੈ ਕਿ ਸੰਭੋਗ ਬਲਾਤਕਾਰ ਹੈ ਤਾਂ ਉਹ ਮਰਦਾਂ ਵਲੋਂ ਫੈਲਾਏ ਗਏ ਮਿੱਥ ਨੂੰ ਸਵੀਕਾਰ ਕਰ ਰਿਹਾ ਹੁੰਦਾ ਹੈ,ਜਿਸਦਾ ਮਤਲਬ ਹੈ ਕਿ ਮਰਦਾਂ ਦਾ ਯੌਨ ਅੰਗ ਕੋਈ ਤਲਵਾਰ ਜਾਂ ਹਥਿਆਰ ਹੈ।ਦਰਅਸਲ ਸਵਾਲ ਔਰਤ ਤੇ ਮਰਦ ਦੇ ਵਿਚਕਾਰ ਇਕ ਨਵੇਂ ਢੰਗਾਂ ਦੇ ਉਤਪੀੜਨ ਮੁਕਤ ਯੌਨ ਸਬੰਧਾਂ ਦੀ ਸਿਰਜਨਾ ਦਾ ਹੈ।..........####੦੦੦####

ਨਾਰੀ ਸ਼ਕਤੀ ਦੀ ਜਾਗ੍ਰਤੀ ਅਤੇ ਇਸ ਨੂੰ ਮਜਬੂਤ ਕਰਨ ਦੇ ਮਕ਼ਸਦ ਨਾਲ ਸ਼ੁਰੂ ਹੋਈ ਅੰਤਰ ਰਾਸ਼ਟਰੀ ਮਹਿਲਾ ਦਿਵਸ ਵਾਲੀ ਪਛਾਣ ਵੀ ਹੁਣ ਲਗਾਤਾਰ ਖੁਰਦੀ ਜਾ ਰਹੀ ਹੈ. ਮੁੱਖ ਧਾਰਾ ਦੇ ਮੀਡੀਆ ਵਿੱਚ ਇਹ ਵੀ ਇੱਕ ਵਿਕਾਓ ਵਸਤ ਬਣ ਗਿਆ ਹੈ. ਸਿਰਫ ਇੱਕ ਕਾਗਜ਼ੀ ਕਾਰਵਾਈ. ਮਹਿਜ਼ ਇੱਕ ਰਸਮੀ ਸਮਗਰੀ. ਅਜਿਹੇ ਨਿਰਾਸ਼ਾਜਨਕ ਦੌਰ ਵਿੱਚ ਵੀ ਜਿਹਨਾਂ ਕੁਝ ਖਾਸ ਪੱਤਰਕਾਰਾਂ ਨੇ ਇਸ ਦਿਨ ਨੂੰ ਗੰਭੀਰਤਾ ਨਾਲ ਲੈ ਕੇ ਇਸ ਨੂੰ ਸੰਸਾਰ ਦੀ ਮਹਿਲਾ ਸ਼ਕਤੀ ਨਾਲ ਜੋੜਨ ਦੀ ਜੋ  ਕੋਸ਼ਿਸ਼ ਕੀਤੀ ਉਸਦੀ ਸ਼ਲਾਘਾ ਕਰਨੀ ਬਣਦੀ ਹੈ. 'ਔਰਤ ਕੋਲ ਖੋਣ ਨੂੰ ਕੁਝ ਨਹੀਂ ਹੈ'--ਸਿਮੋਨ" ਇਸ ਸਿਰਲੇਖ ਹੇਠ ਛਪਿਆ ਉਹਨਾਂ ਦਾ ਇਹ ਲੇਖ ਗੁਲਾਮ ਕਲਮ 'ਚੋਂ ਲੈ ਕੇ ਛਾਪਿਆ ਜਾ ਰਿਹਾ ਹੈ. ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜਣਾ. --ਰੈਕਟਰ ਕਥੂਰੀਆ