Monday, April 25, 2022

ਵੋਮੈਨ ਕਨਵੈਨਸ਼ਨ ਵੱਲੋਂ ਅਗਿਆਨ ਦੇ ਹਨੇਰਿਆਂ ਵਿਰੁੱਧ ਗਿਆਨ ਦੀ ਰੌਸ਼ਨੀ ਦਾ ਸੱਦਾ

25th April 2022 at 11:16 AM
ਲੁਧਿਆਣਾ ਵਿੱਚ ਹੋਈ ਯੰਗ ਵੋਮੈਨ ਕਨਵੈਨਸ਼ਨ 


ਲੁਧਿਆਣਾ
: 24 ਅਪ੍ਰੈਲ 2022::(ਪੰਜਾਬ ਸਕਰੀਨ ਟੀਮ):: 
ਸਾਡੇ ਦੁਸ਼ਮਣਾਂ ਨੇ ਅਗਿਆਨ ਦੇ ਹਨੇਰਿਆਂ ਨੂੰ ਸਾਡੇ ਖਿਲਾਫ ਆਪਣਾ ਹਥਿਆਰ ਬਣਾਇਆ ਹੈ ਸਾਨੂੰ ਗਿਆਨ ਦੀ ਰੌਸ਼ਨੀ ਨਾਲ ਇਸਦਾ ਮੁਕਾਬਲਾ ਕਰਨਾ ਹੋਵੇਗਾ। ਇਹ ਸੁਨੇਹਾ ਨੌਜਵਾਨ ਕੁੜੀਆਂ ਦੀ ਸੂਬਾਈ ਕਨਵੈਨਸ਼ਨ ਵਿੱਚ ਕੌਮੀ ਆਗੂ ਡਾ ਕੰਵਲਜੀਤ ਢਿੱਲੋਂ ਨੇ ਪੂਰੇ ਵਿਸਥਾਰ ਨਾਲ ਸਮਝਾਇਆ ਅਤੇ ਦੂਰ ਦੁਰਾਡਿਓਂ ਆਈਆਂ ਇਹਨਾਂ ਲੜਕੀਆਂ ਨੂੰ ਇੱਕ ਨਵੇਂ ਜੋਸ਼ ਅਤੇ ਜਜ਼ਬਿਆਂ ਨਾਲ ਭਰ ਦਿੱਤਾ। ਉਦਾਸੀ, ਨਿਰਾਸ਼ਾ ਅਤੇ ਡਾਵਾਂਡੋਲਤਾ ਨੂੰ ਛੱਡ ਕੇ ਇਹਨਾਂ ਇਸਤਰੀਆਂ ਨੇ ਸੰਘਰਸ਼ ਨੂੰ ਹੀ ਆਪਣਾ ਰਹਿਬਰ ਬਣਾਉਣ ਦਾ ਸੰਕਲਪ ਲਿਆ। 
ਅੱਜ ਪੰਜਾਬ ਇਸਤਰੀ ਸਭਾ ਵੱਲੋਂ ਨੌਜਵਾਨ ਲੜਕੀਆਂ ਦੀ ਕਨਵੈਨਸ਼ਨ ਲੁਧਿਆਣਾ ਸਥਿਤ  ਸ਼ਹੀਦ ਕਰਨੈਲ ਸਿੰਘ ਈਸਡ਼ੂ ਭਵਨ ਵਿਖੇ  ਕਰਵਾਈ ਗਈ।  ਡਾ ਕੰਵਲਜੀਤ ਢਿੱਲੋਂ ਨੇ ਨੌਜਵਾਨ ਲੜਕੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਜਦੋਂ ਕਿ  ਪੁਰਾਣੀ ਲੀਡਰਸ਼ਿਪ ਵੱਡੀ ਉਮਰ ਦੀ ਹੋ ਰਹੀ ਹੈ ਤਾਂ ਨੌਜਵਾਨ ਲੜਕੀਆਂ ਦਾ ਮੈਦਾਨ ਵਿਚ ਆਉਣਾ ਬਹੁਤ ਹੀ ਜ਼ਰੂਰੀ  ਬਣ ਗਿਆ ਹੈ। ਜਦੋਂ ਹਨੇਰੀਆਂ ਦੇ ਪੈਰੋਕਾਰ ਹਰ ਹੀਲੇ ਲੜਕੀਆਂ ਨੂੰ ਰਸੋਈ ਅਤੇ ਬੈਡਰੂਮਾਂ ਤੱਕ ਸੀਮਿਤ ਰੱਖਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ ਉਦੋਂ ਇਸ ਕਨਵੈਨਸ਼ਨ ਨੇ ਇਹਨਾਂ ਲੜਕੀਆਂ ਨੂੰ ਜ਼ਿੰਦਗੀ ਦੀ ਜੰਗ ਦੇ ਮੈਦਾਨ ਵਿੱਚ ਅੱਕ ਸੰਘਰਸ਼ਾਂ ਦੀ ਅਗਵਾਈ ਕਰਨ ਦੀ ਪ੍ਰੇਰਨਾ ਵੀ ਦਿੱਤੀ।  ਇਸ ਵੇਲੇ ਔਰਤ ਜਾਤੀ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਔਰਤ ਨੂੰ ਸਿਰਫ ਔਰਤ ਹੋਣ ਕਰਕੇ ਹੀ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ, ਉਸ ਨੂੰ ਸਮਾਜ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਆਦਿ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਨਵੈਨਸ਼ਨ ਵਾਲੇ ਹਾਲ ਵਿੱਚ ਰਾਣੀ ਝਾਂਸੀ, ਵਿਮਲਾ ਡਾਂਗ ਅਤੇ ਸਵਿਤਰੀ ਬਾਈ ਫੂਲੇ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਲਗਾਏ ਗਏ ਸਨ। 
ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਲੜਕੀਆਂ ਦਾ ਹੌਸਲਾ ਬੁਲੰਦ ਹੋਵੇ। ਉਹ ਸਮਾਜਿਕ ਬੁਰਾਈਆਂ ਖ਼ਿਲਾਫ਼ ਹਿੱਕ ਡਾਹ ਕੇ ਲੜਨ। ਉਹ ਆਪਣੇ ਹੌਸਲੇ ਨਾਲ ਅੱਗੇ ਵਧਣ ਅਤੇ ਨਵਾਂ ਸਮਾਜ ਸਿਰਜਣ।ਏ.ਆਈ.ਐਸ.ਐਫ ਦੀ ਨੈਸ਼ਨਲ ਕਨਵੀਨਰ ਕਰਮਵੀਰ ਬੱਧਨੀ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਅਤੇ ਪੰਜਾਬ ਇਸਤਰੀ ਸਭਾ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ  ਨੌਜਵਾਨ ਕਾਡਰ ਨੂੰ ਸਰਗਰਮ ਕਰਨ 'ਚ ਪਹਿਲਕਦਮੀ ਕੀਤੀ ਹੈ। ਉਸ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਵਰਣਨ ਕਰਦਿਆਂ ਹੋਇਆਂ ਲੜਕੀਆਂ ਨੂੰ ਇਹ ਜ਼ਿੰਮੇਵਾਰੀ ਉਠਾਉਣ ਦਾ ਸੱਦਾ ਵੀ ਦਿੱਤਾ ਅਤੇ  ਵਾਅਦਾ ਵੀ ਕੀਤਾ। ਚੰਡੀਗੜ੍ਹ ਤੋਂ ਜਰਨਲਿਜ਼ਮ ਦੀ ਵਿਦਿਆਰਥਣ ਕਾਰਤਿਕਾ ਨੇ ਲੜਕੀਆਂ ਨੂੰ ਕਿਹਾ ਕਿ ਜੇਕਰ ਸਾਡੇ ਨਾਲ ਜ਼ਿੰਦਗੀ ਵਿੱਚ ਕਦੇ ਕੋਈ ਧੋਖਾ ਹੋ ਜਾਂਦਾ ਹੈ ਤਾਂ ਸਾਨੂੰ ਆਪਣੀ ਜ਼ਿੰਦਗੀ  ਖ਼ਤਮ ਨਹੀਂ ਕਰ ਲੈਣੀ ਚਾਹੀਦੀ  ਅਤੇ ਨਾ ਹੀ ਹਿੰਮਤ ਛੱਡਣੀ ਚਾਹੀਦੀ ਹੈ ਸਗੋਂ ਨਵੀਂ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ ਹੈ। ਕਿਸੇ ਵੀ ਦਬਾਅ ਹੇਠ ਆਏ ਬਿਨਾ ਆਪਣੀ ਜ਼ਿੰਦਗੀ ਦੇ ਫ਼ੈਸਲੇ ਖੁਦ ਸੋਚ ਸਮਝ ਕੇ ਲੈਣੇ ਚਾਹੀਦੇ ਹਨ  ।
 ਡਾ ਅਰੁਣ ਮਿੱਤਰਾ ਜੋ ਕਿ ਡਾਕਟਰਾਂ ਦੀ ਅੰਤਰਰਾਸ਼ਟਰੀ  ਜੰਗ ਦੀ ਰੋਕਥਾਮ ਲਈ ਸੰਸਥਾ  ਦੇ  ਕੋ ਪ੍ਰੈਜ਼ੀਡੈਂਟ ਹਨ, ਉਨ੍ਹਾਂ ਨੇ ਵੀ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ  ਕਿ ਨੌਜਵਾਨ ਲੜਕੀਆਂ ਮੈਦਾਨ ਵਿੱਚ ਆਈਆਂ ਹਨ, ਜਿਨ੍ਹਾਂ ਨੇ ਪੁਰਾਣੀ ਲੀਡਰਸ਼ਿਪ ਦੀ ਥਾਂ ਲੈਣੀ ਹੈ। ਇਹ ਇਕ ਬਹੁਤ ਵਧੀਆ ਉੱਦਮ ਹੈ। ਉਨ੍ਹਾਂ ਨੇ ਇਸ ਗੱਲ ਲਈ ਲੜਕੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।  ਮਨਿੰਦਰ ਸਿੰਘ ਜੀ ਭਾਟੀਆ ਨੇ ਵੀ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਲੁਧਿਆਣਾ ਵਿਖੇ ਨੌਜਵਾਨ ਲੜਕੀਆਂ ਦੀ ਕਨਵੈਨਸ਼ਨ  ਹੋਈ ਹੈ ਜਿਹੜੀ ਸੰਕੇਤ ਦੇਂਦੀ ਹੈ ਕਿ ਪੰਜਾਬ ਇਸਤਰੀ ਸਭਾ ਦੀ  ਨਵੀਂ ਲੀਡਰਸ਼ਿਪ ਇੱਕ ਵਾਰ ਫੇਰ ਨਵੇਂ ਸੰਘਰਸ਼ਾਂ ਦੀ ਅਗਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿਹਨਾਂ ਨੇ ਇਹ ਭਰਮ ਪਾਲਿਆ ਹੋਇਆ ਹੈ ਕਿ ਅਸੀਂ ਇਹਨਾਂ  ਲੜਕੀਆਂ ਅਤੇ ਇਸਤਰੀਆਂ ਨੂੰ ਦਬਾ ਲਵਾਂਗੇ ਉਹਨਾਂ ਦੇ ਭ੍ਰਮਭੂਲੇਖੇ ਇੱਕ ਵਾਰ ਫੇਰ ਦੂਰ ਹੋਣ ਵਾਲੇ ਹਨ। ਲਾਲ ਝੰਡੇ ਤੋਂ ਅਗਵਾਈ ਲੈਣ ਵਾਲਿਆਂ ਇਹਨਾਂ ਕੁੜੀਆਂ ਨੇ ਇੱਕ ਨਵਾਂ ਇਤਿਹਾਸ ਰਚਨਾ ਹੈ। 
ਦੁਪਹਿਰ ਦੀ ਸਖਤ ਗਰਮੀ ਦੇ ਬਾਵਜੂਦ ਅੱਜ ਦੀ ਕਨਵੈਨਸ਼ਨ ਵਿਚ ਮੋਗਾ, ਫਿਰੋਜ਼ਪੁਰ, ਲੁਧਿਆਣਾ, ਫਾਜ਼ਿਲਕਾ, ਪਟਿਆਲਾ ਅਤੇ ਤਰਨ ਤਾਰਨ ਤੋਂ  ਡੈਲੀਗੇਟ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸਮਾਗਮ ਵਿੱਚ ਕਰਮਵੀਰ ਬੱਧਨੀ ਨੂੰ ਕਨਵੀਨਰ ਚੁਣਿਆ ਗਿਆ। ਇਸ ਤੋਂ ਇਲਾਵਾ ਅਮਨਦੀਪ ਕੌਰ ਫਿਰੋਜ਼ਪੁਰ, ਡਿੰਪਲ ਰਾਣੀ ਤਰਨਤਾਰਨ, ਸਵਰਨਜੀਤ ਕੌਰ  ਫ਼ਾਜ਼ਿਲਕਾ, ਗਗਨਦੀਪ ਕੌਰ ਲੁਧਿਆਣਾ ਤੋਂ ਕੋ ਕਨਵੀਨਰ ਚੁਣੇ ਗਏ। ਊਸ਼ਾ ਛਾਂਗਾਰਾਏ, ਪੂਨਮ, ਇਸ਼ਰਤ ਸੋਨੀਆ ਕੌਰ, ਹਰਜਿੰਦਰ ਕੌਰ ਅਤੇ ਬਿੰਦਰਪਾਲ ਐਗਜ਼ੈਕਟਿਵ ਮੈਂਬਰ ਚੁਣੇ ਗਏ। ਪੰਜਾਬ ਇਸਤਰੀ ਸਭਾ ਵੱਲੋਂ  ਭੈਣ ਜੀ ਕੁਲਵੰਤ ਕੌਰ ਲੁਧਿਆਣਾ, ਹਰਜਿੰਦਰ ਕੌਰ ਤਰਨਤਾਰਨ, ਜੋਗਿੰਦਰ  ਜਲਾਲਾਬਾਦ ਅਤੇ ਹਰਜੀਤ ਢੰਡੀਆਂ ਨੇ ਵੀ ਹਾਜ਼ਰੀ ਲਗਵਾਈ।  ਕਨਵੈਨਸ਼ਨ ਦੇ ਪ੍ਰਬੰਧ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਕੀਤੇ ਅਤੇ ਕਰਮਵੀਰ ਬੱਧਨੀ ਨੇ ਪੂਰਾ ਸਾਥ ਦਿੱਤਾ। ਕੇਂਦਰ ਵੱਲੋਂ ਡਾ ਕੰਵਲਜੀਤ ਢਿੱਲੋਂ ਜੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਲੁਧਿਆਣੇ ਵਾਲੇ ਸਾਰੇ ਸਾਥੀਆਂ ਦਾ ਕਨਵੈਨਸ਼ਨ ਨੂੰ ਸਫਲ ਬਣਾਉਣ ਲਈ  ਦਿੱਤੇ ਗਏ ਸਹਿਯੋਗ  ਲਈ ਧੰਨਵਾਦ ਕੀਤਾ ਗਿਆ। 

No comments: