26th April 2022 at 03:06 PM
ਤਾਨਾਸ਼ਾਹੀ ਬਦਲੀਆਂ ਦੇ ਖਿਲਾਫ ਕੀਤੀ ਗੇਟ 'ਤੇ ਹੀ ਰੋਸ ਰੈਲੀ
ਲੁਧਿਆਣਾ: 26 ਅਪ੍ਰੈਲ 2022: (ਪੰਜਾਬ ਸਕਰੀਨ ਟੀਮ)::
ਪਬਲਿਕ ਸੈਕਟਰ ਨੂੰ ਡੋਬਣ ਅਤੇ ਨਿਜੀ ਸੈਕਟਰ ਨੂੰ ਲਾਹੇ ਪਹੁੰਚਾਉਣ ਦੀਆਂ ਨੀਤੀਆਂ ਲੰਮੇ ਸਮੇਂ ਤੋਂ ਜਾਰੀ ਹਨ। ਸਰਕਾਰਾਂ ਬਦਲਦੀਆਂ ਰਹੀਆਂ ਅਤੇ ਬਿਆਨ ਵੀ ਬਦਲਦੇ ਰਹੇ ਪਰ ਨਹੀਂ ਬਦਲਿਆ ਤਾਂ ਹਕੀਕਤ ਵਿਚ ਕੁਝ ਨਹੀਂ ਬਦਲਿਆ। ਨਿਜੀਕਰਨ ਵੱਲ ਝੁਕੀਆਂ ਸਰਕਾਰਾਂ ਦੇ ਰਵਈਏ ਨੇ ਬਾਰ ਬਾਰ ਇਹੀ ਸਾਬਿਤ ਕੀਤਾ ਕਿ ਪਬਲਿਕ ਸੈਕਟਰ ਜਿੰਨੀ ਜਲਦੀ ਮੁੱਕ ਜਾਵੇ ਓਨਾ ਹੀ ਚੰਗਾ ਹੋਵੇ। ਇਹ ਕੁਝ ਰੋਡਵੇਜ਼ ਵਾਲੇ ਪਾਸੇ ਵੀ ਨਜ਼ਰ ਆਇਆ।
ਜਦੋਂ ਇਸ ਰਵਈਏ ਦੇ ਖਿਲਾਫ ਪਨਬਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਵੱਡਾ ਹਿੱਸਾ ਇਕਮੁੱਠ ਹੋ ਕੇ ਆਵਾਜ਼ ਉਠਾਉਣ ਲੱਗਿਆ ਤਾਂ ਅੰਦੋਲਨ ਫਿਰ ਤਿੱਖਾ ਹੋਣ ਲੱਗ ਪਿਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਅਤੇ ਏਕੇ ਨੂੰ ਕਮਜ਼ੋਰ ਕਾਰਨ ਲਈ ਸਾਡੇ ਸਰਗਰਮ ਮੈਂਬਰਾਂ ਦਾ ਤਬਾਦਲਾ ਕਰ ਕੇ ਉਹਨਾਂ ਨੂੰ ਦੋ ਦੋ ਸੋ ਜਾਂ ਢਾਈ ਢਾਈ ਸੋ ਕਿਲੋਮੀਟਰ ਦੂਰ ਦੁਰਾਡੇ ਸਟੇਸ਼ਨਾਂ 'ਤੇ ਭੇਜ ਦਿੱਤਾ ਗਿਆ ਹੈ। ਇਹਨਾਂ ਮੁਲਾਜ਼ਮਾਂ ਨੂੰ ਇਸ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂਕਿ ਇਹਨਾਂ ਦੀ ਜਥੇਬੰਦਕ ਏਕਤਾ ਅਤੇ ਆਵਾਜ਼ ਦੋਹਾਂ ਨੂੰ ਕਮਜ਼ੋਰ ਕੀਤਾ ਜਾ ਸਕੇ।
ਇਸ ਸਬੰਧੀ ਅੱਜ ਵੀ ਲੁਧਿਆਣਾ ਬਸ ਅੱਡੇ 'ਤੇ ਇਹਨਾਂ ਮੁਲਾਜ਼ਮਾਂ ਨੇ ਆਪਣੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਸਤਨਾਮ ਸਿੰਘ ਸੱਤਾ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਅਹਿਜਿਆਂ ਹਰਕਤਾਂ ਨਾਲ ਸਰਕਾਰ
ਸਾਡੇ ਜੋਸ਼ ਅਤੇ ਜਜ਼ਬੇ ਨੂੰ ਰੋਕ ਨਹੀਂ ਸਕੇਗੀ। ਉਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੀਆਂ ਕਰਨ ਵਾਲੀ ਮੰਗ ਦਾ ਵੀ ਜ਼ਿਕਰ ਕੀਤਾ ਅਤੇ ਰੂਟਾਂ ਦੀ ਦੂਰੀ ਪੂਰੀ ਕਰਦਿਆਂ ਰਸਤਿਆਂ ਵਿਚ ਆਉਂਦੀ ਤੇਲ ਦੀ ਕ ਮੀ ਵਾਲਾ ਮੁੱਦਾ ਵੀ ਉਠਾਇਆ। ਜੇ ਅਜਿਹਾ ਵਤੀਰਾ ਬੰਦ ਨਾ ਹੋਇਆ ਤਾਂ ਮੁਲਾਜ਼ਮਾਂ ਦੀ ਨਾਰਾਜ਼ਗੀ ਹੋਰ ਵਧੇਗੀ।
ਮੁਲਾਜ਼ਮ ਆਗੂ ਸਤਨਾਮ ਸਿੰਘ ਨੇ ਇਸ ਗੱਲ 'ਤੇ ਦੁੱਖ ਪ੍ਰਗਟਾਇਆ ਕਿ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕਰਕੇ ਹੌਦ ਚ ਆਈ ਮੌਜੂਦਾਂ ਸਰਕਾਰ ਨੇ ਜਥੇਬੰਦੀ ਦੇ ਆਗੂਆਂ ਦੀਆਂ ਬਦਲੀਆਂ ਕਰਕੇ ਅਵਾਜ਼ ਦਬਾਉਣ ਦੇ ਦਾ ਜਿਹੜਾ ਰਾਹ ਫੜਿਆ ਹੈ ਉਸ ਨਾਲ ਸਾਡੇ ਅੰਦੋਲਨ ਵਿਚ ਕੋਈ ਕਮੀ ਨਹੀਂ ਆਵੇਗੀ।
ਇਸ ਰੋਸ ਨੂੰ ਦਿਖਾਉਣ ਲਈ ਹੀ ਅੱਜ ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਮੁਲਾਜਮਾਂ ਨੇ ਪੱਟੀ ਡਿੱਪੂ ਦੇ ਮੁਲਾਜਮਾਂ ਦੀਆਂ ਟਰਾਸਪੋਰਟ ਮੰਤਰੀ ਦੇ ਹੁਕਮਾਂ ਤੇ ਕੀਤੀਆਂ ਜਬਰੀ ਬਦਲੀਆਂ ਰੱਦ ਕਰਵਾਉਣ ਲਈ ਪੰਜਾਬ ਦੇ ਸਮੂਹ ਡਿੱਪੂਆਂ ਤੇ ਕੀਤੀਆਂ ਗੇਟ ਰੈਲੀਆਂ ਕੀਤੀਆਂ ਹਨ ਅਤੇ ਨਾਅਰੇਬਾਜ਼ੀ ਵੀ ਕੀਤੀ।
ਨਾਲ ਹੀ ਇਹਨਾਂ ਆਗੂਆਂ ਨੇ ਚੇਤਾਵਨੀ ਵੀ ਦਿੱਤੀ ਕਿ ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਪੱਟੀ ਡਿੱਪੂ ਦੀਆਂ ਬਦਲੀਆਂ ਨਾਂ ਕੀਤੀਆਂ ਰੱਦ ਤਾਂ ਪੂਰੇ ਪੰਜਾਬ ਦੇ ਪੰਜਾਬ ਰੋਡਵੇਜ ਪਨਬੱਸ ਅਤੇ ਪੀ ਆਰ ਟੀ ਸੀ ਦੇ ਸਮੂਹ ਡਿਪੂ ਬੰਦ ਕੀਤੇ ਜਾਣਗੇ।
ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਪੱਟੀ ਡਿੱਪੂ ਦੇ ਮੁਲਾਜਮਾਂ ਦੀਆਂ ਟਰਾਸਪੋਰਟ ਮੰਤਰੀ ਵੱਲੋ ਕੀਤੀਆਂ ਨਜਾਇਜ਼ ਤੌਰ ਤੇ ਦੂਰ ਦੁਰਾਡੇ ਕੀਤੀਆਂ ਬਦਲੀਆਂ ਦੀ ਤਿੱਖੀ ਨਿੰਦਾ ਕੀਤੀ ਗਈ। ਡਿਪੂ ਪ੍ਧਾਨ ਸਤਨਾਮ ਸਿੰਘ ਵੱਲੋ ਇਸ ਮਸਲੇ ਤੇ ਲੁਧਿਆਣਾ ਡਿੱਪੂ ਦੇ ਗੇਟ ਤੇ ਬੋਲਦੇ ਹੋਏ ਦੱਸਿਆਂ ਕਿ ਲੋਕਤੰਤਰੀ ਦੇਸ਼ ਵਿੱਚ ਲੋਕਤੰਤਰ ਦੇ ਨਾਮ ਤੇ ਚੁਣੀਆਂ ਹੋਈਆਂ ਸਰਕਾਰਾਂ ਅੱਜ ਦੇ ਸਮੇ ਵੀ ਲੋਕਾਂ ਦੀ ਆਵਾਜ਼ ਨੂੰ ਜਬਰੀ ਤੌਰ ਤੇ ਦਬਾਉਣ ਤੋ ਕਿਸੇ ਗੱਲੋ ਵੀ ਪਿੱਛੇ ਨਹੀ ਹੈ ਜਿਸਦਾ ਨਮੂਨਾਂ ਪੱਟੀ ਡਿੱਪੂ ਵਿੱਚ ਕਰਮਚਾਰੀਆਂ ਦੇ ਹੱਕਾਂ ਤੇ ਮੰਗਾਂ ਲਈ ਆਵਾਜ ਉਠਾਉਣ ਵਾਲੇ ਜਥੇਬੰਦੀ ਦੇ ਆਗੂਆਂ ਦੀਆਂ ਬਦਲੀਆਂ ਮੈਨੇਜਮੈਂਟ ਦੇ ਕਹਿਣ ਤੇ ਟਰਾਸਪੋਰਟ ਮੰਤਰੀ ਪੰਜਾਬ ਵੱਲੋ ਕਰਮਚਾਰੀਆਂ ਦੇ ਘਰਾਂ ਤੋ 300 ਕਿਲੋਮੀਟਰ ਦੂਰ ਕਰਨ ਦੇ ਹੁਕਮ ਜਾਰੀ ਕਰਕੇ ਵਿਖਾ ਦਿੱਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਜਥੇਬੰਦੀ ਸ਼ੁਰੂ ਤੋ ਹੀ ਕਰਮਚਾਰੀਆਂ ਦੀਆਂ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੇ ਨਾਲ ਨਾਲ ਜਨਤਕ ਮੰਗਾਂ ਜਿਵੇ ਕਿ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਵਿੱਚ ਨਵੀਆਂ 10 ਹਜਾਰ ਬੱਸਾਂ ਸ਼ਾਮਿਲ ਕਰਨਾਂ ਅਤੇ ਟਰਾਪੋਰਟ ਮਾਫੀਆਂ ਨੂੰ ਨਕੇਲ ਪਾਉਣ ਲਈ ਸਰਕਾਰ ਕੋਲ ਆਵਾਜ਼ ਚੁੱਕਦੀ ਰਹੀ ਹੈ ਅਤੇ ਇਸ ਆਵਾਜ਼ ਚੁੱਕਣ ਦਾ ਖਮਿਆਜ਼ਾ ਜਥੇਬੰਦੀ ਦੇ ਆਗੂਆਂ ਨੂੰ ਆਪਣੇ ਘਰਾਂ ਤੋ ਦੂਰ ਬਦਲੀਆਂ ਦੇ ਰੂਪ ਚ ਚੁਕਾਉਣਾ ਪੈ ਰਿਹਾ ਹੈ। ਇਸ ਕਦਮ ਦਾ ਮਕਸਦ ਸਿਰਫ ਕਰਮਚਾਰੀਆਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਦੀ ਆਵਾਜ਼ ਉਠਾਉਣ ਵਾਲੇ ਆਗੂਆਂ ਵਿੱਚ ਡਰ ਦਾ ਮਹੌਲ ਪੈਦਾ ਕਰਨਾ ਹੈ ਪਰੰਤੂ ਕਰੋਨਾਂ ਕਾਲ ਅਤੇ ਹੋਰ ਕੁਦਰਤੀ ਆਫਤਾਂ ਵਿੱਚ ਸਰਕਾਰ ਅਤੇ ਪੰਜਾਬ ਦੀ ਜਨਤਾਂ ਨੂੰ ਨਿਰੰਤਰ ਦਿਨ ਰਾਤ ਟਰਾਸਪੋਰਟ ਸੇਵਾਵਾਂ ਪ੍ਰਦਾਨ ਕਰਨ ਵਾਲੇ ਇਹ ਕਰਮਚਾਰੀ ਇਹਨਾਂ ਸਰਕਾਰ ਤੇ ਮੈਨੇਜਮੈਂਟ ਦੀਆਂ ਗਲਤ ਕਾਰਵਾਈਆਂ ਤੋ ਡਰਨ ਵਾਲੇ ਨਹੀ।
ਸ਼ਮਸ਼ੇਰ ਸਿੰਘ ਸੂਬਾ ਜਰਨਲ ਸਕੱਤਰ , ਗੁਰਪ੍ਰੀਤ ਬੜੈਚ ਡਿਪੂ ਮੀਤ ਪ੍ਰਧਾਨ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਯੂਨੀਅਨ ਵਲੋਂ 2 ਵਾਰ ਮਿਲ ਕੇ ਆਪਣੀ ਅਤੇ ਮਹਿਕਮੇ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਪੈਨਲ ਮੀਟਿੰਗ ਲਈ ਚਾਰ ਮੰਗ ਪੱਤਰ ਭੇਜੇ ਗਏ ਹਨ ਪ੍ਰੰਤੂ ਜਾਇਜ਼ ਮੰਗਾਂ ਦਾ ਹੱਲ ਕਰਨ ਜਾਂ ਮਹਿਕਮੇ ਨੂੰ ਮੁਨਾਫ਼ੇ ਵਾਲੇ ਪਾਸੇ ਲੈ ਕੇ ਜਾਣ ਦੀ ਥਾਂ ਤੇ ਨਵੇਂ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਯੂਨੀਅਨ ਨੂੰ ਧਰਨੇ ਮੁਜ਼ਾਹਰੇ ਹੜਤਾਲਾਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਾਇਜ਼ ਮੰਗਾਂ ਵਿੱਚ 10 ਹਜ਼ਾਰ ਸਰਕਾਰੀ ਬੱਸਾਂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ, ਡਾਟਾ ਐਂਟਰੀ ਉਪਰੇਟਰ ਅਤੇ ਅਡਵਾਸ ਬੁੱਕਰਾਂ ਦੀ ਤਨਖਾਹ ਵਿੱਚ ਵਾਧਾ ਕਰਨ, ਟਿਕਟ ਦੀ ਜੁੰਮੇਵਾਰੀ ਸਵਾਰੀ ਦੀ ਕਰਨ ਆਦਿ ਮੰਗਾਂ ਦਾ ਹੱਲ ਜਲਦੀ ਕੱਢਿਆ ਜਾਵੇ। ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੈਨੇਜਮੈਟ ਵਲੋਂ ਧੱਕੇਸ਼ਾਹੀ ਨਾਲ ਕੀਤੀਆਂ ਪੱਟੀ ਡਿੱਪੂ ਦੇ ਕਰਮਚਾਰੀਆਂ ਦੀਆਂ ਬਦਲੀਆਂ ਤੁਰੰਤ ਰੱਦ ਨਾ ਕੀਤੀਆਂ ਗਈਆਂ ਤਾਂ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਦਾ ਮੁਕੰਮਲ ਚੱਕਾਂ ਜਾਮ ਸਮੂਹ ਪੰਜਾਬ ਦੇ ਬੱਸ ਸਟੈਡ ਤੇ ਡਿੱਪੂ ਬੰਦ ਕਰਕੇ ਕੀਤਾ ਜਾਵੇਗਾ ਅਤੇ ਟਰਾਸਪੋਰਟ ਮੰਤਰੀ ਪੰਜਾਬ ਅਤੇ ਮੈਨਿੰਜਮੈਟ ਖਿਲਾਫ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ,ਸੁਖਵਿੰਦਰ ਸਿੰਘ ਬੱਬੂ, ਪੀ ਆਰ ਟੀ ਸੀ ਤੋਂ ਦਲਜੀਤ ਸਿੰਘ ਆਦਿ ਸਾਥੀਆਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ।
No comments:
Post a Comment