ਦੇਸ਼ ਅਤੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਹੋਏ ਖਾਸ ਪ੍ਰੋਗਰਾਮ
ਨਾਮਧਾਰੀ ਸੰਗਤਾਂ ਨੇ ਹਰ ਥਾਂ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੀ ਮਦਦ ਲਈ ਉਚੇਚ ਨਾਲ ਪਹੁੰਚ ਕੀਤੀ
ਸ੍ਰੀ ਜੀਵਨ ਨਗਰ//ਚੰਡੀਗੜ੍ਹ//ਮੋਹਾਲੀ//ਲੁਧਿਆਣਾ//ਜਲੰਧਰ: 7 ਅਗਸਤ 2021::(ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਪ੍ਰਮੁੱਖ ਠਾਕੁਰ ਦਲੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਦੇਸ਼ ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮਨਾਇਆ ਗਿਆ। ਇਸ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਢੰਗ ਤਰੀਕਾ ਵੀ ਬੜਾ ਹੀ ਵੱਖਰਾ ਜਿਹਾ ਸੀ। ਨਾ ਕੋਈ ਢੋਲ ਢਮੱਕਾ ਤੇ ਨਾ ਹੀ ਕੇਕ ਕੱਟਣ ਦੀ ਕੋਈ ਰਸਮ। ਸਿਰਫ ਭਜਨ ਬੰਦਗੀ ਨਾਲ ਸ਼ੁਰੂਆਤ ਕੀਤੀ ਗਈ। ਬੜੀ ਹੀ ਮਰਿਯਾਦਾ ਅਤੇ ਸਤਿਕਾਰ ਨਾਲ ਨਿੱਤਨੇਮ ਹੋਏ। ਕੀਰਤਨ ਵੀ ਕੀਤੇ ਗਏ। ਇਹ ਸਭ ਕੁਝ ਬਹੁਤੀ ਥਾਂਈ ਸਵੇਰੇ ਸਵੇਰੇ ਤੜਕਸਾਰ ਕੀਤਾ ਗਿਆ। ਕਈਆਂ ਥਾਂਵਾਂ ਤੇ ਸ਼ਾਮ ਨੂੰ ਵੀ ਵਿਸ਼ੇਸ਼ ਆਯੋਜਨ ਹੋਏ। ਨਿੱਤਨੇਮ ਮਗਰੋਂ ਬੜੇ ਹੀ ਅਦਬ ਨਾਲ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਸ਼ਾਮਲ ਹੋਣ ਲਈ ਪੁੱਜੀ ਸੰਗਤ ਦੀ ਪੰਗਤ ਵਿੱਚ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ ਅਤੇ ਆਰਥਿਕ ਪੱਖੋਂ ਕਮਜ਼ੋਰ ਕਲੋਨੀਆਂ ਦੇ ਲੋਕਾਂ ਤੱਕ ਵੀ ਲਿਜਾਇਆ ਗਿਆ। ਲੱਡੂ ਤਾਂ ਵੱਡੀ ਪੱਧਰ ਤੇ ਵੰਡੇ ਗਏ।
ਸ੍ਰੀ ਜੀਵਨ ਨਗਰ: ਸ੍ਰੀ ਜੀਵਨ ਨਗਰ ਦੀ ਪਾਵਨ ਅਤੇ ਇਤਿਹਾਸਿਕ ਸਥਾਨ ਤੇ ਨਾਮਧਾਰੀ ਸੰਗਤ ਨੇ ਆਪਣੇ ਪਿਆਰੇ ਸਤਿਗੁਰੂ ਦਲੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ। ਇਸ ਮੌਕੇ ਸਾਰਾ ਨਗਰ ਲੜੀਆਂ ਨਾਲ ਜਗਮਗਾ ਰਿਹਾ ਸੀ ਅਤੇ ਲੋਕਾਂ ਵਿਚ ਬਹੁਤ ਖੁਸ਼ੀ ਦੀ ਲਹਿਰ ਸੀ. ਇਸ ਦੇ ਨਾਲ ਹੀ ਦੇਸ਼ -ਵਿਦੇਸ਼ ਵਿਚ ਰਹਿਣ ਵਾਲੀ ਸਾਰੀ ਸੰਗਤ ਵਿਚ ਬਹੁਤ ਖੁਸ਼ੀ, ਪ੍ਰੇਮ ਅਤੇ ਉਤਸ਼ਾਹ ਦੀ ਭਾਵਨਾ ਨਜਰ ਆ ਰਹੀ ਸੀ ਅਤੇ ਸਭ ਨੇ ਆਪਣੇ ਆਪਣੇ ਢੰਗ ਨਾਲ ਸਤਿਗੁਰੂ ਜੀ ਦੇ ਆਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਕਾਸ਼ ਦਿਵਸ ਮਨਾਇਆ। ਕਿਉਂਕਿ ਸਤਿਗੁਰੂ ਦਲੀਪ ਸਿੰਘ ਜੀ ਸੰਗਤ ਨੂੰ ਆਪਣਾ ਪੈਸਾ ਵਾਧੂ ਖਰਚ ਨਾ ਕਰਕੇ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਹੁਕਮ ਅਤੇ ਪ੍ਰੇਰਣਾ ਦਿੰਦੇ ਹਨ। ਆਪ ਜੀ ਦੇ ਇਸੇ ਬਚਨ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ ਵੱਖ ਥਾਵਾਂ ਤੇ ਸੰਗਤ ਨੇ ਝੁੱਗੀਆਂ ਵਿਚ ਰਹਿਣ ਵਾਲਿਆਂ ਕੋਲ ਜਾ ਕੇ ਉਹਨਾਂ ਨੂੰ ਪਦਾਰਥ ਛਕਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ।ਸ੍ਰੀ ਜੀਵਨ ਨਗਰ ਵਿਚ ਹੋਏ ਵੱਡੇ ਸਮਾਗਮ ਦੌਰਾਨ ਜਿੱਥੇ ਗੁਰਬਾਣੀ ਦੇ ਪਾਠ, ਸ਼ਬਦ, ਕਵੀ ਦਰਬਾਰ, ਕਥਾ ਕੀਰਤਨ ਅਤੇ ਗਤਕਾ ਪ੍ਰਦਰਸ਼ਨ ਆਦਿ ਵਿਖਾਇਆ ਗਿਆ ਉੱਥੇ ਗਰੀਬਾਂ ਨੂੰ ਵੀ ਸਤਿਕਾਰ ਨਾਲ ਲੰਗਰ ਛਕਾਇਆ ਗਿਆ। ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਮੁਕਤਾ ਜੀ, ਬਾਬਾ ਸਰਵਪ੍ਰੀਤ ਸਿੰਘ, ਜਥੇਦਾਰ ਗੁਰਜੀਤ ਸਿੰਘ ਜੀ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਉੱਥੇ ਹੀ ਅਤਰ ਕੌਰ, ਕੇਸਰ ਕੌਰ ਬੱਚੀਆਂ ਦੇ ਜਥੇ ਨੇ ਮਨੋਹਰ ਕੀਰਤਨ ਅਤੇ ਪੰਜਾਬ ਸਿੰਘ ਪੰਜਾਬ ਅਤੇ ਹੀਰਾ ਸਿੰਘ ਦੇ ਕਵੀਸ਼ਰੀ ਜਥੇ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ ਨਿਹੰਗ ਸਿੰਘਾਂ ਦੇ ਜਥੇ ਵਲੋਂ ਗਤਕਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਸਮਾਗਮ ਦਾ ਪ੍ਰਬੰਧਨ ਮੁੱਖ ਰੂਪ ਨਾਲ ਪ੍ਰਧਾਨ ਸੁਖਦੇਵ ਸਿੰਘ, ਵਕੀਲ ਨਰਿੰਦਰ ਸਿੰਘ, ਅਜੀਤ ਸਿੰਘ ਸੰਤਾਂਵਾਲੀ, ਜਸਵੰਤ ਸਿੰਘ, ਮੋਹਨ ਸਿੰਘ ਝੱਬਰ, ਸੂਬਾ ਬਲਜੀਤ ਸਿੰਘ, ਰਘੁਬੀਰ ਸਿੰਘ ਸੱਗੂ , ਅੰਗਰੇਜ ਸਿੰਘ, ਨਰਿੰਦਰ ਸਿੰਘ, ਗੁਰਨਾਮ ਸਿੰਘ, ਗੁਰਭੇਜ ਸਿੰਘ, ਮੁਖਤਿਆਰ ਸਿੰਘ ਹਰਭੇਜ ਸਿੰਘ, ਦੇਵ ਸਿੰਘ ਅਤੇ ਨਾਮਧਾਰੀ ਗੁਰਦਵਾਰਾ ਸਮਿਤੀ ਦੇ ਹੋਰ ਸੇਵਾਦਾਰਾਂ ਨੇ ਕੀਤਾ ਅਤੇ ਆਈਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੋਹਾਲੀ: ਮੋਹਾਲੀ ਵਿੱਚ ਮੁਖ ਸਮਾਗਮ ਸੰਤ ਤੇਜਿੰਦਰ ਸਿੰਘ ਨਾਮਧਾਰੀ ਦੀ ਰਿਹਾਇਸ਼ਗਾਹ ਤੇ ਹੋਇਆ। ਤੜਕੇ ਤੜਕੇ ਛੇ ਵਜੇ ਨਿੱਤਨੇਮ ਦੇ ਮੁਤਾਬਿਕ ਪੂਜਾਪਾਠ ਸ਼ੁਰੂ ਕਰ ਦਿੱਤਾ ਗਿਆ। ਮਹਿੰਗਾਈ, ਬੇਰੋਜ਼ਗਾਰੀ, ਗਰੀਬੀ ਅਤੇ ਹੋਰ ਸਮੱਸਿਆਵਾਂ ਦੀ ਅਗਨੀ ਵਿੱਚ ਸੜ ਰਹੀ ਲੋਕਾਈ ਨੂੰ ਰਾਹਤ ਦੇਣ ਦੀਆਂ ਅਰਦਾਸਾਂ ਅਰਜੋਈਆਂ ਵੀ ਕੀਤੀਆਂ ਗਈਆਂ। ਹਰ ਘਰ ਵਿਚ ਹਰ ਬੱਚੇ ਨੂੰ ਵਿੱਦਿਆ, ਭੋਜਨ ਅਤੇ ਕੱਪੜੇ ਦੇਣ ਦੇ ਨਾਲ ਨਾਲ ਸਭਨਾਂ ਨੂੰ ਆਤਮਨਿਰਭਰ ਬਣਾਉਣ ਦੇ ਉਪਰਾਲਿਆਂ ਵਿੱਚ ਵੀ ਤੇਜ਼ੀ ਲਿਆਉਣ ਦੇ ਸੰਕਲਪ ਦੁਹਰਾਏ ਗਏ। ਕਾਬਿਲੇ ਜ਼ਿਕਰਯੋਗ ਹੈ ਕਿ ਠਾਕੁਰ ਜੀ ਦੀ ਸੰਗਤ ਬਹੁਤ ਸਾਰੀਆਂ ਥਾਂਵਾਂ ਤੇ ਇਸ ਮਕਸਦ ਲਈ ਸਕੂਲ ਚਲਾ ਰਹੀ ਹੈ। ਗਰੀਬੀ ਕਾਰਨ ਪਿਛੜੇ ਹੋਏ ਲੋਕਾਂ ਲਈ ਸੰਗਤ ਉਚੇਚ ਨਾਲ ਝੁੱਗੀਆਂ ਝੌਂਪੜੀਆਂ ਵਿਚ ਫੇਰੀ ਮਾਰਦੀ ਹੈ। ਨਿੱਤ ਵਰਤੋਂ ਦੀ ਲੋੜ ਦੀਆਂ ਜ਼ਰੂਰੀ ਚੀਜ਼ਾਂ ਵੰਡੀਆਂ ਜਾਂਦੀਆਂ ਹਨ।
ਇਸਦਾ ਇੱਕ ਫਾਇਦਾ ਇਹ ਵੀ ਹੋਇਆ ਕਿ ਸੰਗਤ ਦੇ ਸਾਫ ਸੁਥਰੇ ਲਿਬਾਸ ਅਤੇ ਮਿੱਠੇ ਸੁਭਾਅ ਨੂੰ ਦੇਖ ਕੇ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਸਮੇਤ ਸਿੰਘ ਸੱਜਣ ਲੱਗ ਪਏ ਹਨ। ਇਸ ਮੁਹਿੰਮ ਵਿੱਚ ਮੋਹਾਲੀ ਤੋਂ ਮੁੱਖ ਸੰਚਾਲਨ ਕਰਦੇ ਹਨ ਸੰਤ ਤੇਜਿੰਦਰ ਸਿੰਘ, ਜਲੰਧਰ ਵਿੱਚ ਪ੍ਰਿੰਸੀਪਲ ਰਾਜਪਾਲ ਕੌਰ ਅਤੇ ਲੁਧਿਆਣਾ ਵਿੱਚ ਸੰਤ ਨਵਤੇਜ ਸਿੰਘ ਹੁਰਾਂ ਦੀ ਪ੍ਰੇਰਨਾ ਨਾਲ ਅਰਵਿੰਦਰ ਸਿੰਘ ਲਾਡੀ, ਹਰਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਪ੍ਰੀਤ ਨਿਰੰਤਰ ਸਰਗਰਮ ਰਹਿੰਦੇ ਹਨ।
ਦਿਲਚਸਪ ਗੱਲ ਹੈ ਕਿ ਇਸ ਵਾਰ ਵੀ ਪ੍ਰਕਾਸ਼ ਪੁਰਬ ਮਨਾਉਣ ਦੇ ਸਾਰੇ ਆਯੋਜਨ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਪੂਰੀ ਤਰ੍ਹਾਂ ਭਾਰਤੀ ਸੰਸਕ੍ਰਿਤੀ ਦਾ ਖਿਆਲ ਰੱਖਦਿਆਂ ਹੋਏ। ਪੱਛਮੀ ਹਵਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਤੜਕ ਭੜਕ ਤੋਂ ਪੂਰਬ ਦੀ ਇਸ ਸਭਿਅਤਾ ਨੂੰ ਬਚਾ ਕੇ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਨਾਮਧਾਰੀ ਵਰਗ ਆਧੁਨਿਕ ਤਕਨੀਕ, ਆਧੁਨਿਕ ਵਿਗਿਆਨ ਅਤੇ ਆਧੁਨਿਕ ਤਰੱਕੀਆਂ ਦੇ ਸਭਨਾਂ ਲਾਹੇਵੰਦੇ ਹਿੱਸਿਆਂ ਦਾ ਸਤਿਕਾਰ ਕਰਦਾ ਹੋਇਆ ਸਿੱਖੀ ਦੀ ਸਭਿਅਤਾ ਨਾਲ ਵੀ ਜੁੜਿਆ ਰਹਿੰਦਾ ਹੈ। ਗੁਰੂ ਘਰ ਦੀ ਸਿੱਖਿਆ ਨਾਲ ਖੁਦ ਨੂੰ ਜੋੜੀ ਰੱਖਦਾ ਹੈ ਨਾਮਧਾਰੀ ਵਰਗ। ਮੋਹਾਲੀ ਵਾਲੇ ਸਮਾਗਮ ਵਿੱਚ ਸੰਤ ਤੇਜਿੰਦਰ ਸਿੰਘ ਨਾਮਧਾਰੀ ਹੁਰਾਂ ਦੇ ਨਾਲ ਨਾਲ ਪ੍ਰਗਟ ਸਿੰਘ, ਰਤਨ ਸਿੰਘ, ਮੋਹਰ ਸਿੰਘ, ਜਸਵਿੰਦਰ ਸਿੰਘ, ਸੰਦੀਪ, ਮਦਨ ਸਿੰਘ, ਦਲਜੀਤ ਸਿੰਘ ਅਤੇ ਬਹੁਤ ਸਾਰੇ ਹੋਰ ਨਾਮਧਾਰੀ ਵੀ ਪੂਰੀ ਤਰ੍ਹਾਂ ਸਰਗਰਮ ਰਹੇ। ਲੁਧਿਆਣਾ ਵਿੱਚ ਹਰਪ੍ਰੀਤ ਕੌਰ ਪ੍ਰੀਤ ਦੀ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ। ਜਲੰਧਰ ਵਿੱਚ ਪ੍ਰਿੰਸੀਪਲ ਰਾਜਪਾਲ ਕੌਰ ਹੁਰਾਂ ਦੀ ਟੀਮ ਇਸ ਵਾਰ ਵੀ ਪੂਰੀ ਤਰ੍ਹਾਂ ਸਰਗਰਮ ਰਹੀ। ਸਿਰਸੇ ਅਤੇ ਜੀਵਨ ਨਗਰ ਸਮੇਤ ਹੋਰ ਵੀ ਬਹੁਤ ਸਾਰੀਆਂ ਥਾਂਵਾਂ ਤੇ ਸਮਾਗਮ ਹੋਏ।
ਠਾਕੁਰ ਦਲੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਏ ਵਿਸ਼ੇਸ਼ ਆਯੋਜਨ
No comments:
Post a Comment