Saturday, August 07, 2021

ਨੀਰਜ ਚੋਪੜਾ ਨੂੰ ਦਿੱਤਾ ਜਾਏਗਾ ਦੋ ਕਰੋੜ ਰੁਪਏ ਦਾ ਇਨਾਮ

 Saturday 7th August 2021, 10:25 PM

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਹਿਮ ਐਲਾਨ 

ਨੀਰਜ ਚੋਪੜਾ-ਜਿੱਤ ਦੀ  ਖੁਸ਼ੀ--ਪੀਆਈਬੀ  ਫੋਟੋ 
ਚੰਡੀਗੜ੍ਹ: 7 ਅਗਸਤ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਸੂਬੇਦਾਰ ਨੀਰਜ ਚੋਪੜਾ 
ਨੀਰਜ ਚੋਪੜਾ ਦੀ ਮਿਹਨਤਾਂ ਭਰੀ ਜਿੱਤ ਨੂੰ ਸਲਾਮ ਆਖਦਿਆਂ ਪੂਰੇ ਦੇਸ਼ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਪੰਜਾਬ ਵਿੱਚ ਖੁਸ਼ੀ ਦੀ ਖ਼ਾਸ ਲਹਿਰ ਹੈ। ਇਸ ਸ਼ਾਨਾਂਮੱਤੀ ਜਿੱਤ ਨੂੰ ਸਲਾਮ ਆਖ ਰਹੇ ਹਨ ਸਭ ਲੋਕ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਖੁਸ਼ੀ ਨੂੰ ਹੋਰ ਵਧਾਉਂਦਿਆਂ ਨੀਰਜ ਨੂੰ ਦੋ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। 

ਓਲੰਪਿਕ ਖੇਡਾਂ ਵਿੱਚ ਅਥਲੈਟਿਕਸ ਵਿੱਚ ਭਾਰਤ ਲਈ ਪਹਿਲਾ ਸੋਨੇ ਦਾ ਤਮਗਾ ਜਿੱਤਣ ਵਾਲੇ ਭਾਰਤੀ ਫੌਜ ਦੇ ਸੂਬੇਦਾਰ ਨੀਰਜ ਚੋਪੜਾ (ਵੀ.ਐਸ.ਐਮ.) ਦੀ ਸ਼ਾਨਾਮੱਤੀ ਪ੍ਰਾਪਤੀ ਨੂੰ ਸਨਮਾਨਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ  ਭਾਰਤ ਦੇ ਇਸ ਅਥਲੀਟ ਨੂੰ ਦੋ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ ਹੈ। ਨੀਰਜ ਨੇ ਟੋਕੀਓ ਵਿਖੇ 87.58 ਮੀਟਰ ਦੀ ਥਰੋਅ ਨਾਲ ਜੈਵਲਿਨ ਵਿੱਚ ਸੋਨੇ ਦਾ ਤਮਗਾ ਜਿੱਤਿਆ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਰਤ ਅਤੇ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਨੀਰਜ ਚੋਪੜਾ ਜੋ ਭਾਰਤੀ ਫੌਜ ਦਾ ਸਿਪਾਹੀ ਹੈ, ਦੇ ਪਰਿਵਾਰ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ। ਇਸ ਪੰਜ ਬੀ ਪਿਛੋਕੜ ਕਾਰਨ ਪੰਜਾਬ ਜ਼ਿਆਦਾ ਖੁਸ਼ ਹੈ  ਹਰ ਪੰਜਾਬੀ ਖੁਸ਼ ਹੈ। 

ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਭਾਰਤ ਵਿੱਚ ਬਹੁਤਾ ਸਮਾਂ ਆਪਣੀ ਪ੍ਰੈਕਟਿਸ ਐਨ.ਆਈ.ਐਸ. ਪਟਿਆਲਾ ਵਿਖੇ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ 2018 ਵਿੱਚ ਜਕਾਰਤਾ ਏਸ਼ਿਆਈ ਖੇਡਾਂ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਜੈਵਲਿਨ ਥਰੋਅ ਵਿੱਚ ਉਹ 88.07 ਮੀਟਰ ਦੀ ਥਰੋਅ ਨਾਲ ਭਾਰਤ ਦਾ ਮੌਜੂਦਾ ਰਿਕਾਰਡ ਹੋਲਡਰ ਹੈ।

ਨੀਰਜ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ ਅਤੇ ਅੰਡਰ 20 ਵਰਗ ਵਿੱਚ 86.48 ਮੀਟਰ ਦੀ ਥਰੋਅ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ। ਨੀਰਜ ਚੋਪੜਾ ਨੇ ਆਪਣੀ ਪੜ੍ਹਾਈ ਡੀ.ਏ.ਵੀ.ਕਾਲਜ ਚੰਡੀਗੜ੍ਹ ਤੋਂ ਕੀਤੀ ਹੈ ਅਤੇ 2016 ਵਿੱਚ ਉਸ ਨੇ ਭਾਰਤੀ ਸੈਨਾ ਵਿੱਚ 4 ਰਾਜਸਥਾਨ ਰਾਈਫਲਜ਼ ਜੁਆਇਨ ਕੀਤੀ ਸੀ।

ਉਲੰਪਿਕ 'ਚ 13 ਸਾਲ ਬਾਅਦ ਭਾਰਤ ਨੂੰ ਕਿਸੇ ਮੁਕਾਬਲੇ 'ਚ ਸੋਨੇ ਦਾ ਤਮਗਾ ਮਿਲਿਆ ਹੈ। ਇਸ ਤੋਂ ਪਹਿਲਾਂ 2008 'ਚ ਬੀਜਿੰਗ ਉਲੰਪਿਕ 'ਚ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਸੋਨਾ ਜਿੱਤਿਆ ਸੀ। ਬਿੰਦਰਾ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਗੋਲਡ ਆਪਣੇ ਨਾਂਅ ਕੀਤਾ ਸੀ। ਉਲੰਪਿਕ ਖੇਡਾਂ 'ਚ ਭਾਰਤ ਦਾ ਹੁਣ ਤੱਕ ਦਾ ਇਹ 10ਵਾਂ ਸੋਨੇ ਦਾ ਤਮਗਾ ਹੈ। ਭਾਰਤ ਨੇ ਇਸ ਤੋਂ ਪਹਿਲਾ ਹਾਕੀ 'ਚ 8 ਅਤੇ ਸ਼ੂਟਿੰਗ 'ਚ 1 ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਤਰ੍ਹਾਂ ਇਹ ਭਾਰਤ ਦਾ ਸਿਰਫ਼ ਦੂਜਾ ਵਿਅਕਤੀਗਤ ਸੋਨੇ ਦਾ ਤਮਗਾ ਹੈ। 

ਭਾਰਤ ਦਾ ਇਹ ਸਭ ਤੋਂ ਸਫ਼ਲ ਉਲੰਪਿਕ ਬਣ ਗਿਆ ਹੈ। ਲੰਡਨ ਉਲੰਪਿਕ 'ਚ ਭਾਰਤ ਨੇ 6 ਤਮਗੇ ਜਿੱਤੇ ਸਨ। ਟੋਕੀਓ ਉਲੰਪਿਕ 'ਚ ਭਾਰਤ ਨੇ 7 ਤਮਗੇ ਜਿੱਤ ਲਏ ਹਨ। ਨੀਰਜ ਦੇ ਗੋਲਡ ਤੋਂ ਇਲਾਵਾ ਮੀਰਾਬਾਈ ਚਾਨੂ ਨੇ ਵੇਟ ਲਿਟਿੰਗ 'ਚ ਚਾਂਦੀ, ਪੀ ਵੀ ਸਿੰਧੂ ਨੇ ਬੈਡਮਿੰਟਨ 'ਚ ਕਾਂਸੀ ਅਤੇ ਲਵਲੀਨਾ ਨੇ ਬਾਕਸਿੰਗ 'ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਤੋਂ ਇਲਾਵਾ ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਅਤੇ ਕੁਸ਼ਤੀ 'ਚ ਰਵੀ ਦਹੀਆ ਨੇ ਸਿਲਵਰ ਤਮਗਾ ਜਿੱਤਿਆ, ਉਥੇ ਹੀ ਬਜਰੰਗ ਨੇ ਸ਼ਨੀਵਾਰ ਨੂੰ ਕਾਂਸੀ ਦਾ ਤਮਗਾ ਜਿੱਤਿਆ। 

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਖਿਡਾਰੀਆਂ ਦੀਆਂ ਆਰਥਿਕ ਮੁਸ਼ਕਲਾਂ ਦੂਰ ਕਰਕੇ ਉਹਨਾਂ ਨੂੰ ਚੰਗੇ ਹਾਲਾਤ ਦੇਣਗੀਆਂ ਤਾਂਕਿ ਉਹ ਬੜੀ ਬੇਫਿਕਰੀ ਨਾਲ ਪੂਰਾ ਅਭਿਆਸ ਕਰ ਸਕਣ। ਖਿਡਾਰੀਆਂ ਦੇ ਘਰਾਂ ਦੀ ਹਾਲਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਹੀ ਜਿੱਤਾਂ ਅਤੇ ਤਮਗਿਆਂ ਦੀ ਗਿਣਤੀ ਹੋਰ ਵੱਧ ਸਕੇਗੀ। 

No comments: