Tuesday, November 26, 2019

ਹੰਬੜਾਂ ਕਾਂਡ ਨੂੰ ਲੈ ਕੇ ਲੁਧਿਆਣਾ ਵਿੱਚ ਏਸੀਪੀ ਦਫਤਰ ਦਾ ਜ਼ਬਰਦਸਤ ਘੇਰਾਓ

ਬੁਧਵਾਰ ਤੋਂ ਹੀ ਸ਼ੁਰੂ ਹੋਵੇਗੀ ਸਾਥੀਆਂ ਦੀ ਰਿਹਾਈ ਲਈ ਲੁੜੀਂਦੀ ਕਾਰਵਾਈ 
ਲੁਧਿਆਣਾ: 26 ਨਵੰਬਰ 2019: (*ਪੰਜਾਬ ਸਕਰੀਨ ਟੀਮ)::  
ਅੱਜ ਹੰਬੜਾਂ ਕਤਲ ਕਾਂਡ ਸਬੰਧੀ ਬਣੀ ਐਕਸ਼ਨ ਕਮੇਟੀ ਦੇ ਸਫਲ ਧਰਨੇ ਦੇ ਨਤੀਜੇ ਵੱਜੋਂ ਗ੍ਰਿਫਤਾਰ ਕੀਤੇ ਗਏ ਲੋਕ ਪੱਖੀ ਆਗੂਆਂ ਨੂੰ ਰਿਹਾ ਕਰਨ ਦੀ ਸਿਧਾਂਤਕ ਸਹਿਮਤੀ ਬਣ ਗਈ ਹੈ ਅਤੇ ਕਰੀਬ ਇੱਕ ਹਫਤੇ ਦੇ ਅੰਦਰ ਅੰਦਰ ਇਹਨਾਂ ਆਗੂਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਏਸੀਪੀ (ਵੈਸਟ) ਸਮੀਰ ਵਰਮਾ ਦੇ ਦਫਤਰ ਦਾ ਜ਼ਬਰਦਸਤ ਘੇਰਾਓ ਕੀਤਾ ਗਿਆ ਸੀ। ਇਸ ਮੌਕੇ ਪੁਲਸ ਨੇ ਵੀ ਪੂਰੇ ਬੰਦੋਬਸਤ ਕੀਤੇ ਹੋਏ ਸਨ। ਇਹ ਘੇਰਾਓ ਤੇਜ਼ ਬਰਸਾਤ ਦੇ ਬਾਵਜੂਦ ਵੀ ਖਤਮ ਨਹੀਂ ਹੋਇਆ। ਧਰਨਾਕਾਰੀ ਸਟੇਜ ਤੋਂ ਹੋਏ ਐਲਾਨ ਮੁਤਾਬਿਕ ਮੀਂਹ ਸ਼ੁਰੂ ਹੋਣ 'ਤੇ ਆਲੇ ਦੁਆਲੇ ਬਣੀਆਂ ਦੁਕਾਨਾਂ ਅਤੇ ਦਰਖ਼ਤਾਂ ਦੀ ਸ਼ਰਨ ਹੇਠ ਗਏ ਪਰ ਮੀਂਹ ਰੁਕਦਿਆਂ ਹੀ ਫਿਰ ਧਰਨੇ ਵਾਲੀ ਥਾਂ ਤੇ ਪਰਤ ਆਏ। ਫਿਰ ਦਰੀਆਂ ਵਿਛ ਗਈਆਂ ਅਤੇ ਫਿਰ ਤਿੱਖੀ ਨਾਅਰੇਬਾਜ਼ੀ ਸ਼ੁਰੂ ਹੋ ਗਈ। ਪੁਲਿਸ ਨੇ ਆਪਣੇ ਵੀਡੀਓ ਕੈਮਰਾਮੈਨ ਵੀ ਪੱਤਰਕਾਰਾਂ ਦੇ ਭੇਸ ਵਿੱਚ ਧਰਨੇ ਮੌਕੇ ਛੱਡੇ ਹੋਏ ਸਨ ਜਿਹਨਾਂ ਨੇ ਇੱਕ ਇੱਕ ਪਲ ਦੀ ਕਾਰਵਾਈ  ਅਤੇ ਇੱਕ ਇੱਕ ਚੇਹਰੇ ਦੀ ਸ਼ਕਲ ਆਪਣੇ ਵੀਡੀਓ ਕੈਮਰਿਆਂ ਵਿੱਚ ਕੈਦ ਕੀਤੀ। ਪੁਲਿਸ ਵਾਲਿਆਂ ਨੇ ਆਪਣੇ ਮੋਬਾਈਲਾਂ ਰਾਹੀਂ ਵੀ ਧਰਨੇ ਅਤੇ ਮੁਜ਼ਾਹਰੇ ਨੂੰ ਰਿਕਾਰਡ ਕਰਨ ਦੀ ਇਹ "ਡਿਊਟੀ" ਨਿਭਾਈ। ਚਰਚਾ ਰਹੀ ਕਿ ਪੁਲਿਸ ਵੱਲੋਂ ਇਸ ਵੀਡੀਓ ਨੂੰ ਵੀ ਨਿਸ਼ਾਨੇ 'ਤੇ ਰੱਖੇ ਲੀਡਰਾਂ ਦੇ ਖਿਲਾਫ ਕਿਸੇ ਅਗਲੀ ਅਗਲੇਰੀ ਕਾਰਵਾਈ ਲਈ ਵਰਤਿਆ ਜਾ ਸਕਦਾ ਹੈ। 
ਇਸ ਧਰਨੇ ਦੀ ਸ਼ੁਰੂਆਤ ਸਵੇਰੇ ਦਸ ਵਜੇ ਫਿਰੋਜ਼ਪੁਰ ਰੋਡ ਤੇ ਸਥਿਤ ਵੇਰਕਾ ਮਿਲਕ ਪਲਾਂਟ/ਹਵਾਈ ਅੱਡਾ ਰੈਸਟੋਰੈਂਟ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਬਣੇ ਕਿਨਾਰੇ ਤੇ ਸ਼ੁਰੂ ਹੋ ਗਈ ਸੀ। ਧਰਨਾਕਾਰੀਆਂ ਨੇ ਸੜਕੀ ਆਵਾਜਾਈ ਠੱਪ ਨਾ ਕਰਨ ਦਾ ਆਪਣਾ ਅਹਿਦ ਨਿਭਾਇਆ ਅਤੇ ਟਰੈਫਕ ਨਹੀਂ ਰੋਕਿਆ। ਆਮ ਲੋਕ ਧਰਨੇ ਤੋਂ ਪ੍ਰੇਸ਼ਾਨ ਨਾ ਹੋਣ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ। ਸੜਕ ਕਿਨਾਰੇ ਹੀ ਫੁੱਟਪਾਥ ਤੇ ਬੈਠ ਕੇ ਨਾਅਰੇਬਾਜ਼ੀ ਕੀਤੀ ਅਤੇ ਉੱਥੋਂ ਹੀ ਮਾਰਚ ਕਰਦੇ ਹੋਏ ਇਹ ਮੁਜ਼ਾਹਰਾਕਾਰੀ ਏਸੀਪੀ (ਵੈਸਟ) ਸਮੀਰ ਵਰਮਾ ਦੇ ਦਫਤਰ ਵੱਲ ਵਧੇ। ਕਾਫਲਾ ਬਹੁਤ ਲੰਮਾ ਸੀ ਅਤੇ ਤੇਜ਼ ਰਫਤਾਰ ਦੇ ਬਾਵਜੂਦ ਇਸ ਮਾਰਚ ਨੂੰ ਇੱਕ ਥਾਂ ਤੇ ਖੜੋ ਕੇ ਦੇਖਿਆਂ ਕਰੀਬ ਦਸ ਮਿੰਟ ਤੋਂ ਵੱਧ ਦਾ ਸਮਾਂ ਲੱਗਦਾ ਸੀ। 
ਏਸੀਪੀ (ਵੈਸਟ) ਦੇ ਦਫਤਰ ਸਾਹਮਣੇ ਪੁੱਜ ਕੇ ਚੋਂਕ ਵਿੱਚ ਦਰੀਆਂ ਵਿਛਾਈਆਂ ਗਈਆਂ ਅਤੇ ਬੜੇ ਹੀ ਅਨੁਸ਼ਾਸਨ ਨਾਲ ਉੱਥੇ ਬੈਠ ਕੇ ਬੁਲੰਦ ਆਵਾਜ਼ ਵਿੱਚ ਨਾਅਰੇਬਾਜ਼ੀ ਕੀਤੀ ਗਈ। ਕਮੇਟੀ ਦੇ ਸਰਗਰਮ ਮੈਂਬਰ ਲਖਵਿੰਦਰ ਅਤੇ ਹੋਰ ਬੁਲਾਰਿਆਂ ਨੇ ਦੱਸਿਆ ਕਿ ਕਿਵੇਂ ਏਸੀਪੀ ਸਮੀਰ ਵਰਮਾ ਹੰਬੜਾਂ ਵਿੱਚ ਕੀਤੇ ਗਏ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਖੜੋਤੇ ਹਨ। ਉਹਨਾਂ ਨੇ ਹੰਬੜਾਂ ਵਿਖੇ ਦੋ ਦਿਨਾਂ ਦਾ ਸਮਾਂ ਲਿਆ ਸੀ ਪਰ ਦੋ ਦਿਨ ਲੰਘਣ ਮਗਰੋਂ ਵੀ ਉਹ ਆਪਣੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੇ ਹਨ। ਦੂਜੇ ਪਾਸੇ ਬਾਲ ਮਜ਼ਦੂਰ ਦਾ ਕਾਤਲ ਠੇਕੇਦਾਰ ਰਘਬੀਰ ਸਿੰਘ ਆਜ਼ਾਦ ਘੁੰਮ ਰਿਹਾ ਹੈ। ਪੁਲਿਸ ਉਸਨੂੰ ਗ੍ਰਿਫਤਾਰ ਕਰਨ ਲਈ ਕੁਝ ਨਹੀਂ ਕਰ ਰਹੀ।  
ਇਸ ਮੌਕੇ ਏਟਕ ਦੇ ਆਗੂ ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਵਿਭਾਗ ਦੇ ਕੁਝ ਅਧਿਕਾਰੀ ਸ਼ਿਵ ਸੈਨਾ ਅਤੇ ਆਰ ਐਸ ਐਸ ਵਰਗੇ ਫਿਰਕੂ ਸੰਗਠਨਾਂ ਦੇ ਹੱਥੇ ਚੜ੍ਹੇ ਹੋਏ ਹਨ ਅਤੇ ਉਹਨਾਂ ਕੋਲੋਂ ਬਾਕਾਇਦਾ ਸਨਮਾਨਿਤ ਵੀ ਹੁੰਦੇ ਹਨ। ਇਸ ਲਈ ਉਹਨਾਂ ਨੂੰ ਆਮ ਲੋਕਾਂ ਦੀ ਕੋਈ ਚਿੰਤਾ ਹੀ ਨਹੀਂ ਰਹੀ। 
ਧਰਨਾਕਾਰੀਆਂ ਦਾ ਸਿਰੜ ਅਤੇ ਰੋਹ ਦੇਖ ਕੇ ਏਸੀਪੀ ਦਫਤਰ ਵੱਲੋਂ ਬਾਕਾਇਦਾ ਬੜੇ ਹੀ ਸਨਮਾਨ ਨਾਲ ਐਕਸ਼ਨ ਕਮੇਟੀ ਨੂੰ ਗੱਲਬਾਤ ਲਈ ਬੁਲਾਇਆ ਗਿਆ। ਇਸ ਮੀਟਿੰਗ ਵਿੱਚ ਏਸੀਪੀ ਸਮੀਰ ਵਰਮਾ ਨੇ ਕਾਨੂੰਨੀ ਅਤੇ ਤਕਨੀਕੀ ਅੜਚਨਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਉਹ ਵੀ ਇਹਨਾਂ  ਆਗੂਆਂ ਨੂੰ ਰਿਹਾ ਕਰਨ ਲਈ ਗੰਭੀਰ ਹਨ। ਇਸ ਮਕਸਦ ਲਈ ਉਹਨਾਂ ਕਿਹਾ ਕਿ ਧਰਨਾਕਾਰੀ ਇੱਕ ਐਪਲੀਕੇਸ਼ਨ ਡੀਸੀਪੀ ਕੋਲੋਂ ਉਹਨਾਂ (ਸਮੀਰ ਵਰਮਾ) ਦੇ ਨਾਂਅ ਮਾਰਕ ਕਰਵਾ ਦੇਣ।  ਇਸ ਤੋਂ ਬਾਅਦ ਉਹ ਸਾਰੀਆਂ ਤਕਨੀਕੀ ਅੜਚਨਾਂ ਦੂਰ ਕਰਵਾ ਕੇ ਇਹਨਾਂ ਆਗੂਆਂ  ਨੂੰ ਰਿਹਾ ਕਰਵਾ ਦੇਣਗੇ। ਇਸ ਮਕਸਦ ਲਈ ਤਿੰਨ ਦਸੰਬਰ ਤੱਕ ਦੀ ਮਿਆਦ ਨਿਸਚਿਤ ਕੀਤੀ ਗਈ ਹੈ। ਐਪਲੀਕੇਸ਼ਨ ਵਾਲੀ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਏਸੀਪੀ ਸਮੀਰ ਵਰਮਾ ਖੁਦ ਕਮੇਟੀ ਦੇ ਆਗੂਆਂ ਨਾਲ ਡੀਸੀਪੀ ਕੋਲ ਜਾਣਗੇ। ਅੱਜ ਦੇ ਇਸ ਘਟਨਾਕ੍ਰਮ ਤੋਂ ਇੱਕ ਵਾਰ ਫਿਰ ਪਤਾ ਲੱਗਦਾ ਹੈ ਕਿ ਲੋਕ ਪੱਖੀ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਕਾਹਲਾ ਰਹਿਣ ਵਾਲਾ ਸਿਸਟਮ ਰਿਹਾਈ ਦੇ ਮਾਮਲੇ ਵਿੱਚ ਕਿੰਨਾ ਮਜਬੂਰ ਜਿਹਾ ਹੋ ਜਾਂਦਾ ਹੈ। ਇਸ ਬਾਰੇ ਸਹਿਮਤੀ ਹੋਣ ਤੋਂ ਬਾਅਦ ਐਕਸ਼ਨ ਕਮੇਟੀ ਦੇ ਬੁਲਾਰਿਆਂ ਨੇ ਦੱਸਿਆ ਕਿ ਜੇ ਅਜਿਹਾ ਨਾ ਹੋਇਆ ਅਤੇ ਉਹਨਾਂ ਨਾਲ ਦੋਬਾਰਾ ਵਿਸ਼ਵਾਸਘਾਤ ਕੀਤਾ ਗਿਆ ਤਾਂ ਫਿਰ ਪੰਜ ਦਸੰਬਰ ਨੂੰ ਅੱਜ ਨਾਲੋਂ ਵੀ ਵੱਡਾ ਧਰਨਾ ਦਿੱਤਾ ਜਾਵੇਗਾ ਜਿਸਨੂੰ ਸੰਭਾਲਣਾ ਪੁਲਿਸ ਲਈ ਨਾਮੁਮਕਿਨ ਹੋ ਜਾਵੇਗਾ। 
ਜ਼ਿਕਰਯੋਗ ਹੈ ਅੱਜ ਦੇ ਧਰਨੇ ਲਈ ਵੀ ਧਰਨਾਕਾਰੀ ਜਿੱਥੇ ਦੋ ਵਕਤ ਦੀ ਦਾਲ /ਸਬਜ਼ੀ/ਰੋਟੀ ਦਾ ਪ੍ਰਬੰਧ ਕਰ ਕੇ ਗਏ ਸਨ ਉੱਥੇ ਕੰਬਲ ਅਤੇ ਬਿਸਤਰੇ ਵੀ ਨਾਲ ਲੈ ਕੇ ਗਏ ਸਨ ਤਾਂਕਿ ਇਸ ਧਰਨੇ ਨੂੰ ਅਣਮਿੱਥੇ ਸਮੇਂ ਤੱਕ ਚਲਾਇਆ ਜਾ ਸਕੇ। ਇਹਨਾਂ ਸਾਰੇ ਪ੍ਰਬੰਧਾਂ ਨੂੰ ਦੇਖ ਕੇ ਜਿੱਥੇ ਪੁਲਿਸ ਵਿਭਾਗ ਹੈਰਾਨ ਸੀ ਉੱਥੇ ਆਲੇ ਦੁਆਲੇ ਦੇ ਅਮੀਰ ਸ਼ਹਿਰੀ ਵੀ ਹੈਰਾਨ ਸਨ। ਉਹਨਾਂ ਸ਼ਹਿਰੀ ਇਲਾਕਿਆਂ ਵਿੱਚ ਅਜਿਹਾ ਧਰਨਾ ਪਹਿਲਾਂ ਕਦੇ ਨਹੀਂ ਸੀ ਦੇਖਿਆ। 
ਇਸੇ ਦੌਰਾਨ ਐਕਸ਼ਨ ਕਮੇਟੀ ਨੇ ਦੇਰ ਸ਼ਾਮ ਨੂੰ ਇੱਕ ਪ੍ਰੈਸਨੋਟ ਵੀ ਜਾਰੀ ਕੀਤਾ ਹੈ। ਇਸ ਪ੍ਰੈਸ ਨੋਟ ਵਿੱਚ ਵੀ ਅੱਜ ਦੇ ਧਰਨੇ ਨੂੰ ਪੂਰੀ ਤਰਾਂ ਸਫਲ ਦੱਸਿਆ ਗਿਆ ਹੈ। ਕਾਮਰੇਡ ਲਖਵਿੰਦਰ ਨੇ ਕਿਹਾ ਹੈ ਕਿ ਅੱਜ .ਸੀ.ਪੀ. (ਪੱਛਮੀ) ਸਮੀਰ ਵਰਮਾਂ ਖਿਲਾਫ਼ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਪਰ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਭਾਰੀ ਮੀਂਹ ਦੇ ਬਾਵਜੂਦ ਰਾਤ ਪੈਣ ਤੱਕ ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ, ਮੁਲਾਜਮ ਤੇ ਹੋਰ ਇਨਸਾਫ਼ ਲੋਕ ਮੁਜ਼ਾਹਰੇ ਵਿੱਚ ਡਟੇ ਰਹੇ ਲੋਕ ਰੋਹ ਅੱਗੇ ਝੁੱਕਦਿਆਂ .ਸੀ.ਪੀ. ਸਮੀਰ ਵਰਮਾ ਨੇ ਇੱਕ ਹਫਤੇ ਅੰਦਰ ਨਾਜਾਇਜ ਪਰਚਾ ਰੱਦ ਕਰਕੇ ਲੋਕ ਆਗੂ ਰਿਹਾ ਕਰਨ ਦੀ ਕਾਰਵਾਈ ਪੂਰੀ ਕਰ ਦਾ ਵਾਅਦਾ ਕੀਤਾ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਪੁਲਿਸ ਆਪਣੇ ਵਾਅਦੇ ਉੱਤੇ ਖਰੀ ਨਾ ਉੱਤਰੀ ਤਾਂ 5 ਦਸੰਬਰ ਨੂੰ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਕਰਯੋਗ ਹੈ ਕਿ ਏਸੀਪੀ ਸਮੀਰ ਵਰਮਾ ਨੇ 21 ਨਵੰਬਰ ਨੂੰ ਹੰਬੜਾਂ ਵਿਖੇ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਨਾਲ਼ ਹੋਈ ਮੀਟਿੰਗ ਵਿੱਚ ਕਿਹਾ ਸੀ ਕਿ ਮਾਲਕ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ 15 ਸਾਲਾ ਮਜ਼ਦੂਰ ਲਵਕੁਸ਼ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ 10 ਆਗੂਆਂ ਉੱਤੇ ਪਾਇਆ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇਗਾ, ਲੋਕ ਆਗੂ ਰਿਹਾਅ ਕਰ ਦਿੱਤੇ ਜਾਣਗੇ ਅਤੇ ਲਵਕੁਸ਼ ਦੇ ਕਾਤਲ ਮਾਲਕ (ਠੇਕੇਦਾਰ) ਉੱਤੇ ਕਤਲ ਦਾ ਪਰਚਾ ਪਾਇਆ ਜਾਵੇਗਾ ਅਤੇ ਗਿਰਫਤਾਰ ਕੀਤਾ ਜਾਵੇਗਾ ਅਤੇ ਹੋਰ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ ਪਰ ਲੋਕ ਵਿਰੋਧੀ ਰਵੱਈਆ ਅਪਣਾਉਂਦੇ ਹੋਏ ਉਕਤ ਅਫਸਰ ਨੇ ਵਾਅਦੇ ਤੋਂ ਮੁੱਕਰਦਿਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਸ ਖਿਲਾਫ਼ ਲੋਕ ਮਸਲਿਆਂ ਲਈ ਜੂਝ ਰਹੀਆਂ ਜੱਥੇਬੰਦੀਆਂ ਵਿੱਚ ਰੋਹ ਭਖਿਆ ਹੋਇਆ ਹੈ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੁਲਿਸ-ਪ੍ਰਸ਼ਾਸਨ ਦਾ ਇਹ ਹਮਲਾ ਲੋਕਾਂ ਦੇ ਇੱਕਮੁੱਠ ਹੋਣ, ਸੰਘਰਸ਼ ਕਰਨ, ਰੋਸ ਪ੍ਰਗਟਾਵੇ ਦੇ ਬੁਨਿਆਦੀ ਜਮਹੂਰੀ ਅਤੇ ਸੰਵਿਧਾਨਿਕ ਹੱਕ ਉੱਤੇ ਹਮਲਾ ਹੈ ਜੋ ਕਿਸੇ ਵੀ ਹਾਲਤ ਵਿੱਚ ਮਨਜੂਰ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਉਹ ਨਾਜਾਇਜ ਪਰਚਾ ਰੱਦ ਅਤੇ ਲੋਕ ਆਗੂ ਰਿਹਾ ਕਰਵਾ ਕੇ ਹੀ ਰਹਿਣਗੇ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਨੂੰ ਇਸ ਘੋਲ ਦੀ ਡੱਟਵੀਂ ਹਮਾਇਤ ਦਾ ਸੱਦਾ ਵੀ ਦਿੱਤਾ ਗਿਆ ਹੈ
ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਹੰਬੜਾਂ ਦੀ ਮੈਂਸਰ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਾਲਕ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ 15 ਸਾਲਾ ਮਜ਼ਦੂਰ ਲਵਕੁਸ਼ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ 10 ਆਗੂਆਂ ਉੱਤੇ ਪਾਇਆ ਨਾਜਾਇਜ਼ ਪਰਚਾ ਰੱਦ ਕਰ ਦਿੱਤਾ ਜਾਵੇ, ਲੋਕ ਆਗੂ ਰਿਹਾਅ ਕਰ ਦਿੱਤੇ ਜਾਣਗੇ, ਲਵਕੁਸ਼ ਦੇ ਕਾਤਲ ਮਾਲਕ (ਠੇਕੇਦਾਰ) ਉੱਤੇ ਕਤਲ ਦਾ ਪਰਚਾ ਪਾਇਆ ਜਾਵੇ ਅਤੇ ਗਿਰਫਤਾਰ ਕੀਤਾ ਜਾਵੇ ਸੰਘਰਸ਼ ਕਮੇਟੀ ਦੀ ਮੰਗ ਹੈ ਕਿ ਹੰਬੜਾਂ ਕਤਲ ਕਾਂਡ ਦੇ ਦੋਸ਼ੀ ਨਾਲ਼ ਮਿਲੀਭੁਗਤ ਕਰਨ ਵਾਲ਼ੇ ਪੁਲਿਸ ਅਫਸ਼ਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਦਾ ਰੋਸ ਜ਼ਾਹਰ ਕਰਨ ਦਾ ਹੱਕ ਬਹਾਲ ਕੀਤਾ ਜਾਵੇ, ਪੀੜਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ
            ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 10 ਲੋਕ ਆਗੂਆਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀਮੇਜ਼ਰ ਭੈਣੀ,ਚਿਮਲ ਸਿੰਘਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰਗੁਰਦੀਪ, ਜਗਦੀਸ਼, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ)/ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਸੁਖਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਵਿੰਦਰ, ਸ਼ੁਲੇਂਦਰ ਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਜਸਮੀਤ  ਨੂੰ ਝੂਠਾ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਹੈ
            ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਮੈਂਸਰ ਪਲਾਈਵੁੱਡ ਫੈਕਟਰੀ ਹੰਬੜਾਂ ਵਿੱਚ ਝਾਰਖੰਡ ਸੂਬੇ ਤੋਂ ਆਏ ਲਵਕੁਸ਼ ਨਾਮ ਦੇ 15 ਸਾਲਾ ਬੱਚੇ ਤੋਂ ਠੇਕੇਦਾਰ ਰਘਬੀਰ ਵੱਲੋਂ ਉਪਰੋਕਤ ਫੈਕਟਰੀ ਅੰਦਰ ਲੇਬਰ ਦਾ ਕੰਮ ਕਰਾਇਆ ਜਾਂਦਾ ਸੀ ਮਿਤੀ ਨਵੰਬਰ ਨੂੰ ਫੈਕਟਰੀ ਅੰਦਰ ਕੰਮ ਦੌਰਾਨ ਰਘਬੀਰ ਨੇ ਬੱਚੇ ਲਵਕੁਸ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਦੇ ਸਿਰ ਵਿੱਚ ਡੰਡੇ ਮਾਰੇ ਉਸਦੀ ਪੀ.ਜੀ.ਆਈ. ਵਿੱਚ ਮੌਤ ਹੋ ਗਈ ਇਸਦੇ ਬਾਵਜੂਦ ਵੀ ਪੁਲਿਸ ਦੋਸ਼ੀ ਠੇਕੇਦਾਰ ਰਘਬੀਰ ਸਿੰਘ ਖਿਲਾਫ਼ ਪਰਚਾ ਦਰਜ ਨਹੀਂ ਕਰ ਰਹੀ ਸੀ ਪੁਲਿਸ ਨੇ ਬਾਅਦ ਵਿੱਚ ਲੋਕ ਦਬਾਅ ਹੇਠ ਪਰਚਾ ਦਰਜ ਵੀ ਕੀਤਾ ਪਰ ਧਾਰਾ 302 ਦੀ ਥਾਂ ਧਾਰਾ 304 ਹੀ ਲਾਈ ਦੋਸ਼ੀ ਦੀ ਤੁਰੰਤ ਗਿਰਫਤਾਰੀ, ਧਾਰਾ 302 ਤਹਿਤ ਪਰਚਾ ਦਰਜ ਕਰਨ ਅਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਹੋਰ ਜੱਥੇਬੰਦੀਆਂ ਨੇ 18 ਨਵੰਬਰ ਨੂੰ ਹੰਬੜਾਂ ਵਿਖੇ ਰੋਸ ਮੁਜਾਹਰਾ ਕੀਤਾ ਪੁਲਿਸ ਨੇ ਜਾਇਜ ਕਾਰਵਾਈ ਕਰਨ ਦੀ ਥਾਂ ਜ਼ਬਰ ਦਾ ਰਾਹ ਚੁਣਿਆ ਅਤੇ ਜੱਥੇਬੰਦੀਆਂ ਦੇ ਆਗੂਆਂ ਨੂੰ ਗਿਰਫਤਾਰ ਕਰਕੇ ਧਾਰਾ 353, 341, 283, 149, 186 ਤਹਿਤ ਪਰਚਾ ਦਰਜ ਕਰਕੇ ਅੱਜ ਜੇਲ੍ਹ ਭੇਜ ਦਿੱਤਾ ਹੈ ਦੂਜੇ ਪਾਸੇ ਮੁਜ਼ਾਹਰੇ ਤੋਂ ਬਾਅਦ ਲਵਕੁਸ਼ ਦੀ ਲਾਸ਼ ਅਤੇ ਪੀੜਤ ਪਰਿਵਾਰ ਦਾ ਕੁੱਝ ਵੀ ਅਤਾ ਪਤਾ ਨਹੀਂ ਹੈ ਪੂਰੇ ਘਟਨਾਕ੍ਰਮ ਤੋਂ ਲੁਧਿਆਣਾ ਪੁਲਿਸ ਦੀ ਦੋਸ਼ੀ ਨਾਲ਼ ਮਿਲੀਭੁਗਤ ਸਾਫ਼ ਹੈ
            ਅੱਜ ਦੇ ਰੋਹ ਭਰਪੂਰ ਮੁਜ਼ਾਹਰੇ ਨੂੰ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਜੱਥੇਬੰਦੀਆਂ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਤਾਜ ਮੁਹੰਮਦ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਸੂਰਜ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਵੱਲੋਂ ਦਰਸ਼ਨ ਸਿੰਘ ਗਾਲਿਬ, ਏਟਕ ਵੱਲੋਂ ਗੁਰਨਾਮ ਸਿੱਧੂ, ਕਿਰਤੀ ਕਿਸਾਨ ਯੂਨੀਅਨ ਤਰਲੋਚਨ ਸਿੰਘ ਝੋਰੜਾਂ, ਜਮਹੂਰੀ ਕਿਸਾਨ ਸਭਾ ਵੱਲੋਂ ਰਘਬੀਰ ਸਿੰਘ ਬੈਨੀਪਾਲ, ਸੀਟੂ ਵੱਲੋਂ ਤਰਸੇਮ ਜੋਧਾਂ, ਜਗਦੀਸ਼ ਚੰਦਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਵਿਜੇ ਨਾਰਾਇਣ, ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ, ਜੁਆਂਇਟ ਕੌਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਡੀ.ਪੀ. ਮੌੜ, ਨੌਜਵਾਨ ਭਾਰਤ ਸਭਾ ਵੱਲੋਂ ਬਿੰਨੀ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨਿਰਮਲ ਸਿੰਘ, ਸੀਟੀਯੂ ਵੱਲੋਂ ਰਾਮਬਚਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਗੁਰਜੀਤ ਸਿੰਘ ਕਾਲਾ, ਉਸਾਰੀ ਮਜ਼ਦੂਰ ਯੂਨੀਅਨ (ਏਟਕ) ਵੱਲੋਂ ਐਸ.ਐਸ. ਭਾਟੀਆ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਸੀਟੀਯੂ) ਵੱਲੋਂ ਬੱਗਾ ਸਿੰਘ, ਇਨਕਲਾਬੀ ਮਜ਼ਦੂਰ ਕੇਂਦਰ ਵੱਲੋਂ ਸੁਰਿੰਦਰ, ਡੀਐਮਐਫ ਵੱਲੋਂ ਰਮਨਜੀਤ ਸੰਧੂ, ਐਨ.ਆਰ.ਐਮ.ਯੂ. ਵੱਲੋਂ ਮਨੋਹਰ ਲਾਲ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਕੰਵਲਜੀਤ ਖੰਨਾ ਤੇ ਹੋਰ ਆਗੂਆਂ ਨੇ ਸੰਬੋਧਿਤ ਕੀਤਾ
(ਪੰਜਾਬ ਸਕਰੀਨ ਟੀਮ ਵਿੱਚ ਇਸ ਕਵਰੇਜ ਲਈ ਸਰਗਰਮ ਰਹੇ:ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ ਇਪਟਾ//ਰੈਕਟਰ ਕਥੂਰੀਆ)

No comments: