28 ਨਵੰਬਰ ਨੂੰ ਕੂਹਲੀ ਕਲਾਂ 'ਚ ਹੋਵੇਗੀ ਸ਼ਰਧਾਂਜਲੀ
ਲੁਧਿਆਣਾ: 27 ਨਵੰਬਰ 2019: (ਪੰਜਾਬ ਸਕਰੀਨ ਬਿਊਰੋ)::
ਲੰਘੀ 19 ਨਵੰਬਰ ਨੂੰ ਵਿਛੋੜਾ ਦੇ ਗਏ ਕਾਮਰੇਡ ਦਰਸ਼ਨ ਸਿੰਘ ਕੂਹਲੀ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਨ੍ਹਾਂ ਦੇ ਪਿੰਡ ਕੂਹਲੀ ਕਲਾਂ 'ਚ 28 ਨਵੰਬਰ ਨੂੰ ਇਨਕਲਾਬੀ ਲਹਿਰ ਦਾ ਕਾਫਲਾ ਜੁੜੇਗਾ| ਲੁਧਿਆਣਾ ਖੇਤਰ ਦੀਆਂ ਜਨਤਕ ਸ਼ਖ਼ਸੀਅਤਾਂ ਦੇ ਆਧਾਰ 'ਤੇ ਸ਼ਰਧਾਂਜਲੀ ਸਮਾਗਮ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ ਕਮੇਟੀ ਤਰਫੋਂ ਕਨਵੀਨਰ ਹਰਜਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ 76 ਵਰ੍ਹਿਆਂ ਦੀ ਉਮਰ 'ਚ ਕਾਫਲੇ 'ਚੋਂ ਵਿਛੜੇ ਕਾ. ਦਰਸ਼ਨ ਸਿੰਘ ਕੂਹਲੀ ਨੇ ਜਵਾਨੀ ਪਹਿਰੇ ਵੇਲੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ 'ਚੋਂ ਡਿਪਲੋਮੇ ਦੀ ਪੜ੍ਹਾਈ ਨੂੰ ਵਿੱਚੇ ਛੱਡ ਕੇ ਇਨਕਲਾਬੀ ਲਹਿਰ 'ਚ ਉਦੋਂ ਪੈਰ ਰੱਖਿਆ ਸੀ ਜਦੋਂ ਪੰਜਾਬ ਦੀ ਜਵਾਨੀ ਨਕਸਲਬਾੜੀ ਬਗ਼ਾਵਤ ਦੇ ਹਲੂਣੇ ਨਾਲ ਜਾਗ ਉੱਠੀ ਸੀ। ਕਾਮਰੇਡ ਕੂਹਲੀ ਦੀ ਸ਼ਾਨਾਂਮੱਤੀ ਜ਼ਿੰਦਗੀ ਦੇ ਹਵਾਲੇ ਕਾਮਰੇਡ ਅਮੋਲਕ ਸਿੰਘ ਅਤੇ ਕਿਸਾਨ ਆਗੂ ਕਾਮਰੇਡ ਸੁਦਾਗਰ ਸਿੰਘ ਘੁਡਾਣੀ ਨੇ ਵੀ ਦਿੱਤੇ ਹਨ। ਚੇਤੇ ਰਹੇ ਕਿ ਨਕਸਲੀ ਲਹਿਰ ਵੇਲੇ ਦੇ ਲੋਕ ਨਾਇਕਾਂ ਵਿੱਚੋਂ ਇੱਕ ਕਾਮਰੇਡ ਦਰਸ਼ਨ ਸਿੰਘ ਕੂਹਲੀ ਉਨ੍ਹਾਂ ਸਿਰਲੱਥ ਨੌਜਵਾਨਾਂ ਦੀ ਮੋਹਰਲੀ ਕਤਾਰ 'ਚ ਹੋ ਕੇ ਜੂਝਿਆ ਜਿਨ੍ਹਾਂ ਨੇ ਮਾਓ ਵਿਚਾਰਧਾਰਾ ਦਾ ਝੰਡਾ ਪੰਜਾਬ ਦੀ ਧਰਤੀ 'ਤੇ ਝੁਲਾਇਆ ਸੀ। ਸੰਨ 1968-69 ਦੇ ਸਾਲਾਂ ਤੋਂ ਲੈ ਕੇ ਉਹ ਲੱਗਭੱਗ ਪੰਦਰਾਂ ਵਰ੍ਹੇ ਪੰਜਾਬ ਦੀ ਕਮਿਊਨਿਸਟ ਇੰਨਕਲਾਬੀ ਲਹਿਰ ਦੀਆਂ ਆਗੂ ਸਫ਼ਾਂ 'ਚ ਰਿਹਾ। ਉਸ ਨੇ ਲੋਕ ਇਨਕਲਾਬ ਦਾ ਸੁਨੇਹਾ ਪਿੰਡ ਪਿੰਡ ਪਹੁੰਚਾਉਣ ਲਈ ਦਿਨ ਰਾਤ ਇੱਕ ਕੀਤਾ, ਸੈਂਕੜੇ ਨੌਜਵਾਨਾਂ ਨੂੰ ਲਹਿਰ 'ਚ ਕੁੱਦਣ ਲਈ ਪ੍ਰੇਰਿਤ ਕੀਤਾ। ਇਨਕਲਾਬ ਦਾ ਉਸ ਦਾ ਤਸੱਵਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਬੁਲੰਦ ਕੀਤੇ ਸੰਕਲਪ ਵਾਲਾ ਸੀ ਜਿਸ ਵਿੱਚ ਸਾਮਰਾਜਵਾਦ ,ਜਗੀਰਦਾਰੀ ਤੇ ਦਲਾਲ ਸਰਮਾਏਦਾਰੀ ਦੇ ਲੁਟੇਰੇ ਰਾਜ ਨੂੰ ਲੋਕ ਤਾਕਤ ਦੇ ਜ਼ੋਰ ਉਲਟਾਉਣਾ ਹੈ ਤੇ ਸਮਾਜ 'ਚ ਹਰ ਤਰ੍ਹਾਂ ਦੇ ਵਿਤਕਰਿਆਂ ਤੇ ਗੈਰ-ਬਰਾਬਰੀ ਦਾ ਖਾਤਮਾ ਕਰਕੇ ਕਿਰਤੀ ਲੋਕਾਂ ਦੀ ਪੁਗਤ ਕਾਇਮ ਕਰਨਾ ਹੈ। ਇਸ ਖਾਤਰ ਮਿਹਨਤਕਸ਼ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਲਹਿਰ ਨੂੰ ਲੋਕ ਲਹਿਰ ਦੇ ਧੁਰੇ ਵਜੋਂ ਉਸਾਰਨਾ ਹੈ ਤੇ ਜ਼ਮੀਨ ਦੀ ਮੁੜ ਵੰਡ ਕਰਕੇ ਜਗੀਰਦਾਰੀ ਦੀ ਸੱਤਾ ਦਾ ਖਾਤਮਾ ਕਰਨਾ ਹੈ | ਦਰਸ਼ਨ ਸਿੰਘ ਕੂਹਲੀ ਤੇ ਉਸ ਦੇ ਸਾਥੀਆਂ ਨੇ ਦੁਨੀਆਂ ਦੇ ਹੋਰਨਾਂ ਮੁਲਕਾਂ ਖਾਸ ਕਰਕੇ ਰੂਸ ਤੇ ਚੀਨ 'ਚ ਕਿਰਤੀ ਲੋਕਾਂ ਵੱਲੋਂ ਉਸਾਰੇ ਗਏ ਸਮਾਜਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਤੇ ਚੀਨੀ ਲੋਕਾਂ ਵੱਲੋਂ ਅਖ਼ਤਿਆਰ ਕੀਤੇ ਰਾਹ 'ਤੇ ਤੁਰ ਕੇ ਲੋਕ ਮੁਕਤੀ ਹਾਸਲ ਕਰਨ ਦੇ ਰਸਤੇ ਨੂੰ ੳੁਭਾਰਿਆ |ਉਸ ਦੌਰ 'ਚ ਹਕੂਮਤਾਂ ਵੱਲੋਂ ਕਮਿਊਨਿਸਟ ਇਨਕਲਾਬੀਆਂ 'ਤੇ ਕਹਿਰਾਂ ਦੇ ਤਸ਼ਦਦ ਦਾ ਦੌਰ ਚੱਲਿਆ, ਕਾਮਰੇਡ ਦੇ ਦਰਜਨਾਂ ਸਾਥੀ ਪੁਲਿਸ ਨੇ ਕੋਹ ਕੋਹ ਕੇ ਸ਼ਹੀਦ ਕੀਤੇ ਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਡਰਾਮਾ ਰਚਿਆ ਗਿਆ। ਬਾਬਾ ਬੂਝਾ ਸਿੰਘ ਵਰਗੇ ਬਜ਼ੁਰਗ ਸੰਗਰਾਮੀਆਂ ਸਮੇਤ ਸੈਂਕੜੇ ਨੌਜਵਾਨ ਸ਼ਹੀਦ ਕੀਤੇ ਗਏ। ਇਸ ਸਾਰੇ ਦੌਰ 'ਚ ਦਰਸ਼ਨ ਸਿੰਘ ਕੂਹਲੀ ਨੇ ਅੰਡਰਗਰਾਊਂਡ ਹੋ ਕੇ ਕੰਮ ਕੀਤਾ ਤੇ ਉਸ ਦੀ ਬੇਖੌਫ ਆਵਾਜ਼ ਪਿੰਡ ਪਿੰਡ ਗੂੰਜਦੀ ਰਹੀ। ਕਾ. ਦਰਸ਼ਨ ਸਿੰਘ ਨੇ ਆਪਣੇ ਤਜਰਬੇ 'ਚੋਂ ਜਨਤਕ ਲੀਹ ਦੇ ਮਹੱਤਵ ਦੀ ਪਹਿਚਾਣ ਕੀਤੀ ਤੇ ਇਸ 'ਤੇ ਖੜ੍ਹਦਿਆਂ ਲੋਕਾਂ ਦੀ ਲਹਿਰ ਦੇ ਪੱਧਰ ਅਨੁਸਾਰ ਢੁਕਵੇਂ ਦਾਅ ਪੇਚ ਅਪਣਾਉਣ ਦੇ ਵਿਚਾਰਾਂ ਦਾ ਰਾਹ ਫੜਿਆ। ਆਪਣੀ ਜ਼ਿੰਦਗੀ ਦੇ ਮਗਰਲੇ ਦੋ ਦਹਾਕੇ ਉਸ ਨੇ ਕਿਸਾਨ ਲਹਿਰ 'ਚ ਰੋਲ ਨਿਭਾਇਆ ਅਤੇ ਕਿਸਾਨ ਲਹਿਰ ਨੂੰ ਇਨਕਲਾਬੀ ਲੀਹਾਂ 'ਤੇ ਤੋਰਨ ਲਈ ਯਤਨਸ਼ੀਲ ਰਿਹਾ। ਉਹ ਲੰਮਾ ਅਰਸਾ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ ) ਦਾ ਸੂਬਾ ਵਿਤ ਸਕੱਤਰ ਤੇ ਲੁਧਿਆਣੇ ਜ਼ਿਲ੍ਹੇ ਦਾ ਪ੍ਰਧਾਨ ਰਿਹਾ। ਇਸੇ ਅਰਸੇ 'ਚ ਉਸ ਨੇ ਪੰਜਾਬ ਅੰਦਰ ਜਥੇਬੰਦ ਕੀਤੀਆਂ ਗਈਆਂ ਕਈ ਸਿਆਸੀ ਜਨਤਕ ਮੁਹਿੰਮਾਂ ਵਿੱਚ ਵੀ ਹਿੱਸਾ ਪਾਇਆ। ਜਿਨ੍ਹਾਂ 'ਚ ਨਕਸਲਵਾੜੀ ਲਹਿਰ ਦੇ ਸ਼ਹੀਦਾਂ ਦਾ ਦਿਹਾੜਾ ਮਨਾਉਣ ਲਈ 1994 ਦੇ ਸਾਲ 'ਚ ਪੰਜਾਬ ਅੰਦਰ ਚੱਲੀ ਵੱਡੀ ਜਨਤਕ ਮੁਹਿੰਮ ਵਿਸ਼ੇਸ਼ ਕਰਕੇ ਉਭਰਵੀਂ ਹੈ। ਉਹ ਲੋਕ ਸਾਹਿਤ ਤੇ ਕਲਾ ਦੇ ਮਹੱਤਵ ਨੂੰ ਉਭਾਰਨ ਲਈ ਬਣੇ ਹੋਏ ਪਲੇਟਫਾਰਮ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦਾ ਟੀਮ ਮੈਂਬਰ ਵੀ ਸੀ। ਮੁਲਕ ਦੀ ਕਮਿਊਨਿਸਟ ਇੰਨਕਲਾਬੀ ਲਹਿਰ ਦੀ ਉੱਘੀ ਸ਼ਖ਼ਸੀਅਤ ਕਾਮਰੇਡ ਹਰਭਜਨ ਸੋਹੀ ਦੇ ਵਿਛੋੜੇ ਮਗਰੋਂ ਉਸ ਦੀ ਯਾਦ 'ਚ ਪ੍ਰਕਾਸ਼ਨ ਕਾਇਮ ਕਰਨ ਲਈ ਵੀ ਯਤਨ ਜੁਟਾਇਆ ਤੇ ਕੌਮਾਂਤਰੀ ਲੀਹ ਨਾਲ ਸਬੰਧਤ ਉਸਦੀਆਂ ਦਸਤਾਵੇਜ਼ਾਂ ਨੂੰ ਪ੍ਰਕਾਸ਼ਤ ਕੀਤਾ। ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਪਸਾਰ ਲਈ ਉਸ ਨੇ ਢੇਰਾਂ ਢੇਰ ਪੁਸਤਕਾਂ ਨੂੰ ਲੋਕਾਂ ਤੱਕ ਪਹੁੰਚਾਇਆ। ਇਸੇ ਲੋੜ 'ਚੋਂ ਹੀ ਉਸ ਨੇ ਸ਼ਹੀਦ ਭਗਤ ਸਿੰਘ ਦੀ ਪੁਸਤਕ " ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ" ਨੂੰ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਰਲ ਕੇ ਛਪਵਾਇਆ ਸੀ। ਉਸ ਦੀ ਘਾਲਣਾ ਨੂੰ ਸਿਜਦਾ ਕਰਨ ਲਈ ਤੇ ਉਸ ਦੇ ਲੋਕ ਇਨਕਲਾਬ ਦੇ ਸੁਪਨੇ ਨੂੰ ਬੁਲੰਦ ਕਰਨ ਲਈ ਉਸ ਦੇ ਕਾਫਲੇ ਦੇ ਸੰਗੀ ਉਸਦੇ ਪਿੰਡ ਇਕੱਠੇ ਹੋ ਕੇ ਉਸ ਦੀਆਂ ਯਾਦਾਂ ਸਾਂਝੀਆਂ ਕਰਨਗੇ ਤੇ ਸ਼ਰਧਾਂਜਲੀਆਂ ਭੇਂਟ ਕਰਨਗੇ। ਕਮੇਟੀ ਨੇ ਦਰਸ਼ਨ ਸਿੰਘ ਕੂਹਲੀ ਦੇ ਸਭਨਾਂ ਸੰਗੀਆਂ ਸਾਥੀਆਂ, ਸ਼ੁਭਚਿੰਤਕਾਂ ਤੇ ਸਨੇਹੀਆਂ ਨੂੰ ਇਸ ਸਮਾਗਮ 'ਚ ਪੁੱਜਣ ਦਾ ਸੱਦਾ ਦਿੱਤਾ ਹੈ |ਸਮਾਗਮ ਲਈ ਗਠਿਤ ਕੀਤੀ ਗਈ ਕਮੇਟੀ 'ਚ ਕਨਵੀਨਰ ਹਰਜਿੰਦਰ ਸਿੰਘ ਤੋਂ ਇਲਾਵਾ ਕੁਲਵੰਤ ਤਰਕ, ਸੁਦਾਗਰ ਸਿੰਘ ਘੁਡਾਣੀ ਕਲਾਂ ਕਾਮਰੇਡ ਦਰਸ਼ਨ ਕੂਹਲੀ ਦੀ ਜੀਵਨ ਸਾਥਣ ਮਨਜੀਤ ਕੌਰ ਤੇ ਜਸਪਾਲ ਜੱਸੀ ਸ਼ਾਮਿਲ ਹਨ।
No comments:
Post a Comment