Sunday, August 25, 2019

ਭੋਲੇਵਾਲ: ਹੜ ਉਪਰੰਤ ਰਾਹਤ ਕਾਰਜ

Aug 25, 2019, 2:19 PM
ਸਥਾਨਕ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਦਾ ਰਿਹਾ ਵਿਸ਼ੇਸ਼ ਯੋਗਦਾਨ
ਮਜ਼ਬੂਤੀ ਦਾ ਕੰਮ ਅਤੇ ਬੰਨ ਦੀ ਸੁਰੱਖਿਆ ਜਾਰੀ ਰਹੇਗੀ-ਡਿਪਟੀ ਕਮਿਸ਼ਨਰ 
ਲੁਧਿਆਣਾ: 25 ਅਗਸਤ 2019: (ਪੰਜਾਬ ਸਕਰੀਨ ਟੀਮ)::
ਸਤਲੁੱਜ ਦਰਿਆ ਦੇ ਪਰਲੇ ਪਾਸੇ ਪਰ ਜ਼ਿਲਾ ਲੁਧਿਆਣ ਦੀ ਹਦੂਦ ਅੰਦਰ ਪੈਂਦੇ ਪਿੰਡ ਭੋਲੇਵਾਲ ਕਦੀਮ ਕੋਲ ਪਏ 170 ਫੁੱਟ ਤੋਂ ਵੱਡੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਇਸ ਦੀ ਮਜ਼ਬੂਤੀ ਅਤੇ ਸੁਰੱਖਿਆ ਦਾ ਕੰਮ ਜਾਰੀ ਰੱਖਿਆ ਜਾਵੇਗਾ, ਜਿਸ ਲਈ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਸ੍ਰ. ਅਮਰਿੰਦਰ ਸਿੰਘ ਮੱਲਾ ਅਤੇ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ੍ਰ. ਰੁਪਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਬਕਾਇਦਾ ਅਧਿਕਾਰੀਆਂ ਦੀਆਂ ਡਿਊਟੀਆਂ ਰੋਸਟਰ ਬਣਾ ਕੇ ਲਗਾ ਦਿੱਤੀਆਂ ਗਈਆਂ ਹਨ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਿੰਡ ਭੋਲੇਵਾਲ ਕਦੀਮ ਵਿੱਚ 19 ਅਗਸਤ ਨੂੰ ਪਾੜ ਪੈਣ ਦਾ ਪਤਾ ਲੱਗਾ ਸੀ, ਜਿਸ ਨੂੰ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਪੂਰਨ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਸੀ। ਇਹ ਪਾੜ 170 ਫੁੱਟ ਤੋਂ ਜਿਆਦਾ ਚੌੜਾ ਸੀ, ਜਦਕਿ ਇਸ ਦੀ ਡੂੰਘਾਈ 45 ਫੁੱਟ ਤੋਂ ਵਧੇਰੇ ਸੀ। ਇਸ ਪਾੜ ਨੂੰ ਪੂਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ੁਰੂ ਕੀਤੇ ਗਏ ਉਪਰਾਲਿਆਂ ਵਿੱਚ ਸਥਾਨਕ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਹੁਤ ਯੋਗਦਾਨ ਦਿੱਤਾ। 
ਸ੍ਰੀ ਅਗਰਵਾਲ ਨੇ ਦੱਸਿਆ ਕਿ ਭਾਵੇਂਕਿ ਇਹ ਬੰਨ ਪੂਰ ਦਿੱਤਾ ਗਿਆ ਹੈ ਅਤੇ ਹੁਣ ਖ਼ਤਰੇ ਦਾ ਕੋਈ ਖਦਸ਼ਾ ਨਹੀਂ ਪਰ ਫਿਰ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਦੀ ਹੋਰ ਮਜ਼ਬੂਤੀ ਕਰਨ ਅਤੇ 24 ਘੰਟੇ ਸੁਰੱਖਿਆ ਦਾ ਕੰਮ ਜਾਰੀ ਰੱਖਿਆ ਜਾਵੇਗਾ, ਜਿਸ ਲਈ ਅਧਿਕਾਰੀਆਂ ਦੀਆਂ 24 ਘੰਟੇ ਦੀਆਂ ਡਿਊਟੀਆਂ ਰੋਸਟਰ ਬਣਾ ਕੇ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਬੰਨ ਦੇ ਟੁੱਟਣ ਨਾਲ ਨਾਲ ਲੱਗਦੇ ਪਿੰਡ ਆਹਲੋਵਾਲ, ਸ਼ਨੀ ਗਾਂਓ, ਨਵਾਂ ਖਹਿਰਾ ਆਦਿ ਪਿੰਡ ਪ੍ਰਭਾਵਿਤ ਹੋਏ ਸਨ, ਜਿੱਥੇ ਕਿ ਪ੍ਰਸਾਸ਼ਨ ਵੱਲੋਂ ਲਗਾਤਾਰ ਰਾਹਤ ਪ੍ਰਬੰਧ ਜਾਰੀ ਹਨ। ਲੋਕਾਂ ਨੂੰ ਰਾਸ਼ਨ, ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਮੈਡੀਕਲ ਸਹਾਇਤਾ ਅਤੇ ਲਗਾਤਾਰ  ਮੁਹੱਈਆ ਕਰਵਾਈ ਜਾ ਰਹੀ ਹੈ। 
ਉਹਨਾਂ ਦੱਸਿਆ ਕਿ ਇਸ ਪਾੜ ਨੂੰ ਪੂਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਗਈ। ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਪਾਣੀ ਵਸੀਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ, ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਹਲਕਾ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ, ਵਿਧਾਇਕ ਸ੍ਰੀ ਸੰਜੇ ਤਲਵਾੜ ਅਤੇ ਹੋਰ ਕਈ  ਸਖ਼ਸ਼ੀਅਤਾਂ ਅਤੇ ਅਧਿਕਾਰੀਆਂ ਨੇ ਕਈ ਵਾਰ ਹੱਲਾਸ਼ੇਰੀ ਦੇਣ ਲਈ ਚੱਕਰ ਲਗਾਏ। 
ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਮੱਤੇਵਾੜਾ ਜੰਗਲਾਤ ਖੇਤਰ ਵਿੱਚ ਪੈਂਦੇ ਪਿੰਡ ਗੜ ਫਾਜ਼ਲ ਵਿੱਚ ਵੀ 70 ਫੁੱਟ ਤੋਂ ਵਧੇਰੇ ਦਾ ਪਾੜ ਪੈਣ ਲੱਗਾ ਸੀ, ਜਿਸ ਨੂੰ ਜ਼ਿਲਾ ਪ੍ਰਸਾਸ਼ਨ ਨੇ ਸਮਾਂ ਰਹਿੰਦੇ ਟੁੱਟਣ ਤੋਂ ਬਚਾਅ ਲਿਆ। ਇਥੇ ਵੀ ਸਥਾਨਕ ਲੋਕਾਂ, ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਅਤੇ ਹੋਰ ਕਈ ਜਥੇਬੰਦੀਆਂ ਦੀ ਸਹਾਇਤਾ ਨਾਲ ਪਾੜ ਨੂੰ ਪੂਰਨ ਦਾ ਕੰਮ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਅਲਰਟ ਜਾਰੀ ਰਹੇਗਾ, ਉਦੋਂ ਤੱਕ ਇਹਨਾਂ ਬੰਨ੍ਹਾਂ  ਤੋਂ ਇਲਾਵਾ ਧੁੱਲੇਵਾਲ, ਈਸਾਪੁਰ, ਸ਼ੇਰਗੜ, ਮੱਤੇਵਾੜਾ, ਜਮਾਲਪੁਰ ਲੇਲੀ, ਸੀਡ ਫਾਰਮ, ਖਹਿਰਾ ਬੇਟ, ਮਧੇਪੁਰ ਅਤੇ ਮਾਣੇਵਾਲ ਦੀ ਸੁਰੱਖਿਆ ਨੂੰ ਪੂਰੀ ਤਰਾਂ ਯਕੀਨੀ ਬਣਾਇਆ ਜਾਵੇਗਾ।

No comments: