Sunday, June 02, 2019

ਕਾਮਰੇਡ ਲੈਨਿਨ ਦਾ ਸ਼ੰਘਰਸਮਈ ਜੀਵਨ ਹੀ ਇਨਕਲਾਬੀਆਂ ਲਈ ਰਾਹ ਦਰਸਾਵਾ


Jun 2, 2019, 5:16 PM
ਲੈਨਿਨ ਨੇ ਹੀ ਸਾਨੂੰ ਪਾਰਟੀ ਉਸਾਰਨ ਵਾਲੀ ਜੁਗਤ ਦੱਸੀ-ਅੰਮ੍ਰਿਤ ਪਾਲ ਪੀਏਯੂ 
ਲੁਧਿਆਣਾ: 2 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਨੌਜਵਾਨ ਸਭਾ , ਭਾਈ ਰਣਧੀਰ ਸਿੰਘ ਨਗਰ( ਐਲ ਬਲਾਕ) ਲੁਧਿਆਣਾ ਵੱਲੋਂ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਹਾਲ ਸੁਨੇਤ ਵਿਖੇ “ ਮਹਾਨ ਕਾਮਰੇਡ ਲੈਨਿਨ ਦੀ ਸੰਘਰਸ਼ਮਈ ਜੀਵਨ-ਗਾਥਾ “ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਦੇ ਮੁੱਖ ਬੁਲਾਰੇ ਅੰਮ੍ਰਿਤਪਾਲ ਪੀਏਯੂ ਨੇ ਕਿਹਾ ਕਿ ਕਾਮਰੇਡ ਲੈਨਿਨ ਦੀ ਸੰਘਰਸ਼ਮਈ ਜ਼ਿੰਦਗੀ ਅੱਜ ਵੀ ਇਨਕਲਾਬੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਕਿਉਂਕਿ ਉਸਦੀ ਜ਼ਿੰਦਗੀ ਸੰਸਾਰ ਇਨਕਲਾਬ ਨੂੰ ਅੱਗੇ ਵਧਾਉਣ , ਖ਼ਾਸ ਕਰਕੇ ਸੋਵੀਅਤ ਯੂਨੀਅਨ ਵਿੱਚ  ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਕਰਨ ਅਤੇ ਇਨਕਲਾਬੀ ਵਿਚਾਰਾਂ ਦਾ ਦੁਨੀਆਂ ਭਰ ਵਿੱਚ ਪ੍ਰਚਾਰ-ਪ੍ਰਸਾਰ ਦੀ ਦਾਸਤਾਨ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜਿੱਥੇ ਲੈਨਿਨ ਨੇ ਮੁਲਕ ਪੱਧਰੀ ਪੇਸ਼ੇਵਰ ਕਮਿਉਨਿਸਟਾਂ ਦੀ ਪਾਰਟੀ ਉਸਾਰਨ ਦੀ ਜੁਗਤ ਤੇ ਦਾਅ-ਪੇਚ ਦੱਸੇ , ਉੱਥੇ ਸਮੇਂ ਸਮੇਂ ਸਿਰ ਬਦਲਵੀਆਂ ਹਾਲਤਾਂ ਦਾ ਮਾਰਕਸਵਾਦੀ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਕੇ ਦਰੁਸਤ ਲੀਹ ਵੀ ਅਪਣਾਈ। ਮਾਰਕਸ ਦੀ ਬੁਨਿਆਦੀ ਵਿਆਖਿਆ ਤੇ ਟਿਕੇ ਖੁੱਲ੍ਹੇ ਮੁਕਾਬਲੇ ਵਾਲੇ ਪੂੰਜੀਵਾਦ ਨੂੰ ਇਜਾਰੇਦਾਰ ਪੂੰਜੀਵਾਦ , ਭਾਵ ਸਾਮਰਾਜਵਾਦ ਵਜੋਂ ਪ੍ਰੀਭਾਸ਼ਤ ਕਰਨ ਤੇ ਉਸ ਦੇ ਸਿਫਤੀ ਲੱਛਣਾਂ ਨੂੰ ਸੂਤਰਬੱਧ ਕਰਨ ਦਾ   ਕੰਮ ਵੀ ਲੈਨਿਨ ਦੇ ਹਿੱਸੇ ਆਇਆ, ਜਿਸ ਨਾਲ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਕਮਿਉਨਿਸਟ ਪਾਰਟੀਆਂ ਨੂੰ ਸਾਮਰਾਜ ਵਿਰੁੱਧ ਲੜਾਈ ਲੜਨ ‘ਚ ਠੀਕ ਅਤੇ ਨਵੀਂ ਸੇਧ ਦਿੱਤੀ।


                   ਕਾ: ਲੈਨਿਨ ਅੰਤਾਂ ਦੇ ਔਖੇ ਸਮਿਆਂ ‘ਚ ਵੀ ਸਰਗਰਮ ਰਿਹਾ, ਭਾਵੇਂ ਉਹ ਗ੍ਰਿਫ਼ਤਾਰੀ ਦਾ ਸਮਾਂ ਹੋਵੇ , ਭਾਵੇਂ ਜਲਾਵਤਨੀ ਤੇ ਗੰਭੀਰ ਬਿਮਾਰੀ ਦਾ ਸਮਾਂ ਹੋਵੇ। ਲੈਨਿਨ ਨੇ ਤਾਂ ਉਮਰ ਭਰ ਆਪਣੇ ਆਪ ਨੂੰ ਰੂਸ ਵਿੱਚ ਸਮਾਜਵਾਦੀ ਉਸਾਰੀ ਅਤੇ ਸੰਸਾਰ  ਇਨਕਲਾਬ ਨੂੰ ਸਮਰਪਿਤ ਕੀਤਾ।ਜਿੱਥੇ ਉਹਨਾਂ ਨੇ ਰੂਸ ਅੰਦਰ ਮੌਕਾਪ੍ਰਸਤੀ ਤੇ ਸੋਧਵਾਦ ਖ਼ਿਲਾਫ਼ ਲੜਾਈ ਲੜੀ , ਉੱਥੇ ਕੌਮਾਂਤਰੀ ਪੱਧਰ ਤੇ ਵੀ ਮਾਰਕਸਵਾਦ ਤੋਂ ਭਟਕਣ ਵਾਲਿਆਂ ਖ਼ਿਲਾਫ਼ ਵੀ ਬੇਕਿਰਕ ਜੱਦੋ-ਜਹਿਦ ਕੀਤੀ । ਲੈਨਿਨ ਨੇ  ਕਿਸੇ  ਸਮੇਂ  ਰੂਸ ਨੂੰ        “ ਕੌਮਾਂ ਦਾ ਜੇਲ੍ਹ “ ਕਹੇ ਜਾਣ ਵਾਲੇ ਦੇਸ਼ ਨੂੰ ਕੌਮਾਂ ਦੇ ਸਵਰਗ ਵਜੋਂ ਵਿਕਸਿਤ ਕੀਤਾ। ਇਕ ਵੀ ਮਿੰਟ ਵਿਹਲਾ ਨਾ ਬੈਠਣ ਵਾਲਾ ਲੈਨਿਨ ਅੰਤ ਗੰਭੀਰ ਬਿਮਾਰੀ ਦੀ ਹਾਲਤ ਵਿੱਚ 21 ਜਨਵਰੀ 1924 ਨੂੰ 54 ਸਾਲ ਦੀ ਉਮਰ ‘ਚ ਇਸ ਦੁਨੀਆਂ ਤੋਂ ਸਦੀਵੀ ਵਿਦਾਇਗੀ ਲੈ ਗਿਆ। ਪਰ ਉਸਦਾ ਦਰਸਾਇਆ ਰਾਹ ਅੱਜ ਵੀ ਕਮਿਉਨਿਸਟਾਂ ਦੀ ਰਾਤ ਰੁਸ਼ਨਾਉਂਦਾ ਹੈ।
      ਸੈਮੀਨਾਰ ਦੀ ਸਟੇਜ ਦੀ ਕਾਰਵਾਈ ਨਿਭਾਉਂਦਿਆਂ ਜਸਵੰਤ ਜੀਰਖ ਨੇ ਬਹੁਤ ਸਾਰੀਆਂ ਜੀਵੰਤ ਟਿੱਪਣੀਆਂ ਕੀਤੀਆਂ ਅਤੇ ਭਾਰਤ ਦੇ ਕਮਿਉਨਿਸਟਾਂ ਨੂੰ ਲੈਨਿਨ ਦੀ ਘਾਲਣਾ ਭਰੀ ਜੀਵਨੀ ਤੋਂ ਸੇਧ ਲੈਕੇ ਚੱਲਣ ਲਈ ਅਪੀਲ ਕੀਤੀ। ਸੁਆਲਾਂ ਜੁਆਬਾਂ ਦੇ ਦੌਰ ਵਿੱਚ ਸੁਰਜੀਤ ਦੌਧਰ, ਕੰਵਲਜੀਤ ਜਗਰਾਓਂ, ਕਸਤੂਰੀ ਲਾਲ, ਜਸਦੇਵ ਲਲਤੋਂ, ਰੁਪਿੰਦਰਪਾਲ ਜੰਡਿਆਲੀ, ਸੁਖਵਿੰਦਰ ਲੀਲ, ਰਾਕੇਸ ਆਜਾਦ ਨੇ ਭਾਗ ਲਿਆ ਜ਼ਿਹਨਾਂ ਦੇ ਜਵਾਬ ਦਿੰਦਿਆਂ ਅੰਮ੍ਰਿਤਪਾਲ ਨੇ ਹੋਰ ਸਪਸ਼ਟਤਾ ਨਾਲ ਆਪਣੇ ਵੱਲੋਂ ਕਹੀਆਂ ਗੱਲਾਂ ਦੀ ਪ੍ਰੋੜ੍ਹਤਾ ਕੀਤੀ। ਇਸ ਸਮੇਂ ਤਰਕਸ਼ੀਲ ਆਗੂ ਆਤਮਾ ਸਿੰਘ, ਮਾ ਸੁਰਜੀਤ ਸਿੰਘ, ਅਰੁਣ ਕੁਮਾਰ, ਅਜਮੇਰ ਦਾਖਾ, ਸਾਬਕਾ ਅਧਿਆਪਕ ਆਗੂ ਚਰਨ ਨੂਰਪੁਰਾ, ਡਾ ਮੋਹਨ ਸਿੰਘ,ਐਡਵੋਕੇਟ ਹਰਪ੍ਰੀਤ ਜੀਰਖ ਅਤੇ ਗੁਰਚਰਨ ਜੀਤ, ਕਾ. ਸੁਰਿੰਦਰ, ਕਰਤਾਰ ਸਿੰਘ ਸਮੇਤ ਕਈ ਜੱਥੇਬੰਦੀਆਂ ਦੇ ਕਾਰਕੁਨ ਔਰਤਾਂ ਸਮੇਤ ਹਾਜ਼ਰ ਸਨ।ਜਸਦੇਵ ਲਲਤੋਂ ਨੇ ਇਨਕਲਾਬੀ ਗੀਤ ਰਾਹੀਂ ਵੀ ਆਪਣੇ ਜਜਬਾਤ ਸਾਂਝੇ ਕੀਤੇ । ਨੌਜਵਾਨ ਸਭਾ ਦੇ ਪ੍ਰਧਾਨ ਰਾਕੇਸ ਆਜ਼ਾਦ ਨੇ ਅੰਤ ਵਿੱਚ ਆਪਣੇ ਵਿਚਾਰ ਪ੍ਰਗਟਾਉਂਦਿਆਂ ਸਭ ਦਾ ਧੰਨਵਾਦ ਕੀਤਾ।
ਇਹਨਾਂ ਸੈਮੀਨਾਰਾਂ ਨਾਲ ਜੁੜਨ ਲਈ ਸੰਪਰਕ ਜਸਵੰਤ ਜੀਰਖ ਹੁਰਾਂ ਨਾਲ  ਮੋਬਾਈਲ ਨੰਬਰ  98151-69825 'ਤੇ ਸੰਪਰਕ ਕਰ ਸਕਦੇ ਹੋ। 

No comments: