Tuesday, May 28, 2019

ਜ਼ਿਲਾ ਲੁਧਿਆਣਾ ਵਿੱਚ ਲੱਗੇਗਾ 'ਸੀਐੱਨ-ਇਫ਼ਕੋ ਫੂਡ ਪ੍ਰੋਸੈਸਿੰਗ ਪਲਾਂਟ'

May 28, 2019, 5:39 PM
30 ਮਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੱਖਣਗੇ ਨੀਂਹ ਪੱਥਰ
ਸਮਰਾਲਾ/ਲੁਧਿਆਣਾ: 28 ਮਈ 2019: (ਪੰਜਾਬ ਸਕਰੀਨ ਬਿਊਰੋ)::
ਭਾਰਤੀ ਸਹਿਕਾਰਤਾ ਅਦਾਰਾ 'ਇਫ਼ਕੋ' (ਇੰਡੀਅਨ ਫਾਰਮਰਜ਼ ਫਰਟੀਲਾਈਜਰਜ਼ ਕੋਆਪਰੇਟਿਵ ਲਿਮਟਿਡ) ਅਤੇ ਸਪੇਨ ਦੀ ਮੋਹਰੀ ਫੂਡ ਪ੍ਰੋਸੈਸਿੰਗ ਕੰਪਨੀ 'ਕੋਂਗੇਲਡੋਸ ਡੇ ਨਵਾਰਾ' (ਸੀ. ਐੱਨ. ਕਾਰਪੋਰੇਸ਼ਨ) ਵੱਲੋਂ ਸਾਂਝਾ ਉੱਦਮ ਕਰਦਿਆਂ ਜ਼ਿਲਾ ਲੁਧਿਆਣਾ ਦੇ ਪਿੰਡ ਸੈਜੋਮਾਜਰਾ ਅਤੇ ਰੱਤੀਪੁਰ (ਨੇੜੇ ਸਮਰਾਲਾ) ਵਿਖੇ 'ਫੂਡ ਪ੍ਰੋਸੈਸਿੰਗ ਪਲਾਂਟ' ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਤੀ 30 ਮਈ ਨੂੰ ਰੱਖਿਆ ਜਾਵੇਗਾ। 
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਇੰਨਵੈਸਟ ਪੰਜਾਬ' ਦੀ ਸਹਾਇਤਾ ਨਾਲ ਲਗਾਏ ਜਾ ਰਹੇ ਇਸ ਪ੍ਰੋਜੈਕਟ ਨਾਲ ਜਿੱਥੇ ਇਲਾਕੇ ਦੇ 10 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਲਾਭ ਮਿਲੇਗਾ, ਉਥੇ ਹੀ ਸਿੱਧੇ ਅਤੇ ਅਸਿੱਧੇ ਤੌਰ 'ਤੇ 2500 ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਵੀ ਮੁਹੱਈਆ ਹੋਵੇਗਾ। 'ਸਟੇਟ ਆਫ਼ ਦ ਆਰਟ' ਵਜੋਂ ਵਿਕਸਤ ਕੀਤੇ ਜਾਣ ਵਾਲਾ ਇਹ ਪ੍ਰੋਜੈਕਟ 55 ਏਕੜ ਰਕਬੇ ਵਿੱਚ ਸਥਾਪਤ ਕੀਤਾ ਜਾਵੇਗਾ। ਸ਼ੁਰੂਆਤੀ ਗੇੜ ਵਿੱਚ ਇਸ ਪ੍ਰੋਜੈਕਟ 'ਤੇ 550 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਅਗਲੇ ਦੋ ਸਾਲਾਂ ਵਿੱਚ ਇਥੇ ਉਤਪਾਦਨ ਸ਼ੁਰੂ ਹੋ ਜਾਵੇਗਾ। 
ਇਸ ਪਲਾਂਟ ਵਿੱਚ ਸਾਲਾਨਾ 80 ਹਜ਼ਾਰ ਮੀਟਰਕ ਟਨ ਫੂਡ ਦੀ ਪ੍ਰੋਸੈਸਿੰਗ ਹੋ ਸਕੇਗੀ। ਪ੍ਰੋਸੈਸਿੰਗ ਹੋਣ ਵਾਲੇ ਫੂਡ ਵਿੱਚ ਤੁਰੰਤ ਫਰੀਜ਼ ਕੀਤੀਆਂ ਸਬਜ਼ੀਆਂ, ਫਰੈਂਚ ਫ੍ਰਾਈਜ਼ ਅਤੇ ਪੋਟੈਟੋ ਸਨੈਕਸ ਸ਼ਾਮਿਲ ਹੋਣਗੇ। ਫੂਡ ਪ੍ਰੋਸੈਸਿੰਗ ਲਈ ਲੋੜੀਂਦੀਆਂ ਸਬਜ਼ੀਆਂ ਅਤੇ ਹੋਰ ਸਮੱਗਰੀ ਪਲਾਂਟ ਵੱਲੋਂ 150 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਕਿਸਾਨਾਂ ਆਦਿ ਤੋਂ ਖਰੀਦੀ ਜਾਇਆ ਕਰੇਗੀ, ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਕਾਫੀ ਲਾਭ ਹੋਵੇਗਾ। ਇਸ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਨਾਉਣ ਅਤੇ ਲਾਗੂ ਕਰਨ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੂਬੇ ਦੇ ਖੇਤੀ ਅਤੇ ਆਰਥਿਕ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਯਤਨ ਹੈ। 
30 ਮਈ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਦਾ ਆਯੋਜਨ ਅੱਜ ਐੱਸ. ਡੀ. ਐੱਮ. ਸਮਰਾਲਾ ਦੇ ਦਫ਼ਤਰ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਸਮਰਾਲਾ) ਸ੍ਰ. ਜਸਪਾਲ ਸਿੰਘ ਢਿੱਲੋਂ ਨੇ ਕੀਤੀ। ਮੀਟਿੰਗ ਦੌਰਾਨ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਐੱਸ. ਡੀ. ਐੱਮ. ਮਿਸ ਗੀਤਿਕਾ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। 

No comments: