Monday, June 03, 2019

ਨਾਟਕ "ਮਿਊਜ਼ੀਅਮ" ਖੇਡਣ-ਖਿਡਾਉਣ ਵਾਲਿਆਂ ਨੇ ਮੰਗੀ ਮੁਆਫੀ-ਬਜਰੰਗ ਦਲ

Updated: 4th June 2019 at 7:23 AM  
ਮੁਆਫ਼ੀਆਂ ਮੰਗਵਾ ਕੇ ਸੱਚ ਨੂੰ ਨਹੀਂ ਬਦਲਿਆ ਜਾ ਸਕਦਾ-ਵਿੱਕੀ ਮਹੇਸ਼ਰੀ
ਲੁਧਿਆਣਾ: 3 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਬਹੁਤ ਹੀ ਹਰਮਨ ਪਿਆਰੇ ਨਾਟਕ "ਮਿਊਜ਼ੀਅਮ" ਦੇ ਲੁਧਿਆਣਾ ਵਿੱਚ ਹੋਏ ਮੰਚਨ ਨੂੰ ਲੈ ਕੇ ਰੋਹ ਵਿੱਚ ਆਏ ਹਿੰਦੂ ਸੰਗਠਨਾਂ ਨੇ ਇਸਦਾ ਤਿੱਖਾ ਵਿਰੋਧ ਕੀਤਾ ਸੀ। ਇਹ ਨਾਟਕ  ਐਸ ਸੀ ਡੀ ਗੌਰਮਿੰਟ ਕਾਲਜ ਲੁਧਿਆਣਾ ਵਿੱਚ 7 ਅਪ੍ਰੈਲ 2019 ਨੂੰ ਖੇਡਿਆ ਗਿਆ ਸੀ। ਇਸ ਨਾਟਕ ਤੋਂ ਬਾਅਦ ਜਦੋਂ ਬਜਰੰਗ ਦਲ ਨੇ ਆਪਣਾ ਇਤਰਾਜ਼ ਅਤੇ ਰੋਸ ਪ੍ਰਗਟ ਕੀਤਾ ਤਾਂ 15 ਅਪ੍ਰੈਲ ਵਾਲੇ ਦਿਨ ਇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਵੀ ਦਰਜ ਕਰ ਲਈ ਗਈ। ਹੁਣ ਇਸ ਵਿਵਾਦ ਨੂੰ ਲੈ ਕੇ ਨਾਟਕ ਖੇਡਣ ਵਾਲੀ ਟੀਮ ਅਤੇ ਹੋਰ ਪ੍ਰਬੰਧਕਾਂ ਨੇ "ਮੁਆਫੀ" ਮੰਗ ਲਈ ਹੈ। ਕਾਲਜ ਦੀ ਇੱਕ ਸੀਨੀਅਰ ਮਹਿਲਾ ਪ੍ਰੋਫੈਸਰ ਨੇ ਪਹਿਲਾਂ ਹੀ ਇਸ ਮੁੱਦੇ ਨੂੰ ਲੈ ਕੇ ਪੇਸ਼ਗੀ ਜ਼ਮਾਨਤ ਕਰਵਾ ਲਈ ਹੋਈ ਹੈ। ਦੂਜੇ ਪਾਸੇ ਖੱਬੇ ਪੱਖੀ ਕਲਾਕਾਰਾਂ ਅਤੇ ਬੁਧੀਜੀਵੀਆਂ ਨੇ "ਮੁਆਫੀ" ਵਾਲੀ ਗੱਲ ਨੂੰ ਬਹੁਤ ਹੀ ਮੰਦਭਾਗਾ ਅਤੇ ਚਿੰਤਾਜਨਕ ਦੱਸਿਆ ਹੈ। ਇਹਨਾਂ ਦਾ ਕਹਿਣਾ ਹੈ "ਮੁਆਫੀਆਂ ਮੰਗਵਾਉਣ" ਅਤੇ ਕਲਾਕਾਰਾਂ ਦੇ ਸੂਖਮ ਮਨਾਂ ਉੱਤੇ ਦਬਾਅ ਪਾਉਣ ਦਾ ਇਹ ਸਿਲਸਿਲਾ ਅਸਲ ਵਿੱਚ ਸੰਘ ਪਰਿਵਾਰ ਦੇ ਹੀ ਏਜੰਡੇ ਨੂੰ ਅੱਗੇ ਵਧਾਉਣ ਵਾਲੀ ਗੱਲ ਹੈ ਅਤੇ ਅਸੀਂ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀਂ  ਹੋਣ ਦਿਆਂਗੇ। 
ਪਿਛਲੇ ਕੁਝ ਹਫਤਿਆਂ ਦੌਰਾਨ ਸਾਹਿਤ, ਸਟੇਜ, ਕਲਾ ਅਤੇ ਸੱਭਿਆਚਾਰ 'ਤੇ ਛਾਇਆ ਰਿਹਾ ਨਾਟਕ "ਮਿਊਜ਼ੀਅਮ" ਦਾ ਵਿਵਾਦ ਅੱਜ ਨਵਾਂ ਰੁੱਖ ਅਖਤਿਆਰ ਕਰਦਾ ਮਹਿਸੂਸ ਹੋਇਆ। ਬਜਰੰਗ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਨਾਟਕ ਖੇਡਣ ਵਾਲਿਆਂ ਅਤੇ ਖਿਡਾਉਣ ਵਾਲਿਆਂ ਨੇ ਅੱਜ ਸਾਡੇ ਕੋਲੋਂ "ਮੁਆਫੀ" ਮੰਗ ਲਈ ਹੈ ਜਿਸ ਨਾਲ ਸਾਡੀ "ਜਿੱਤ" ਹੋਈ ਹੈ। ਇਹ "ਮੁਆਫੀ" ਅੱਜ ਲੁਧਿਆਣਾ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਸਥਿਤ ਸੰਘ ਪਰਿਵਾਰ ਦੇ ਹੀ ਪ੍ਰਸਿੱਧ ਅਤੇ ਪੁਰਾਣੇ ਦਫਤਰ "ਸਮਿਤੀ ਕੇਂਦਰ" ਵਿੱਚ ਮੰਗੀ ਗਈ। 
ਇਸ ਦਫਤਰ ਤੋਂ ਮੁਖ ਤੌਰ ਤੇ "ਵਿਸ਼ਵ ਹਿੰਦੂ ਪਰੀਸ਼ਦ" ਦੀਆਂ ਸਰਗਰਮੀਆਂ ਸੰਚਾਲਿਤ ਹੁੰਦੀਆਂ ਹਨ। ਇਸ "ਮੁਆਫੀ" ਦੇ ਮੌਕੇ ਵਿਵਾਦਿਤ ਨਾਟਕ "ਮਿਊਜ਼ੀਅਮ" ਵਿੱਚ ਭਾਗ ਲੈਣ ਵਾਲੇ ਕਲਾਕਾਰ ਬੱਚੇ ਅਤੇ ਉਹਨਾਂ ਦੇ ਮਾਤਾ-ਪਿਤਾ ਵੀ  ਮੌਜੂਦ ਸਨ ਜਿਹਨਾਂ ਨੂੰ "ਸਮਿਤੀ ਕੇਂਦਰ" ਵਿੱਚ ਮੌਜੂਦ "ਧਾਰਮਿਕ" ਆਗੂਆਂ ਨੇ ਬੜੇ ਹੀ "ਪਿਆਰ ਅਤੇ ਸਤਿਕਾਰ" ਨਾਲ ਸਮਝਾਇਆ ਕਿ ਆਹ ਦੇਖੋ ਤੁਹਾਡੇ ਬੱਚੇ ਕਿੱਧਰ ਨੂੰ ਵਧਦੇ ਜਾ ਰਹੇ ਹਨ। ਇਹਨਾਂ ਵਿਦਿਆਰਥੀ ਕਲਾਕਾਰਾਂ ਦੇ ਗਿਣਤੀ ਦਸ ਸੀ। ਇਹਨਾਂ ਦੇ ਨਾਲ ਕਾਲਜ ਦੇ ਸੀਨੀਅਰ ਪ੍ਰੋਫੈਸਰ ਵੀ ਮੌਜੂਦ ਸਨ। 
ਮੀਡੀਆ ਲਈ "ਮੁਆਫੀਨਾਮੇ" ਦੀ ਨਕਲ ਮੰਗੇ ਜਾਣ 'ਤੇ ਬਜਰੰਗ ਦਲ ਦੇ ਆਗੂ ਚੇਤਨ ਮਲਹੋਤਰਾ ਨੇ ਕਿਹਾ ਕਿ ਮੁਆਫੀਨਾਮੇ ਦੀ ਲਿਖਤ ਸਾਡੇ ਤੱਕ ਜਲਦੀ ਹੀ ਪਹੁੰਚ ਜਾਏਗੀ। ਜਦੋਂ ਸਾਡੇ ਕੋਲ ਲਿਖਤੀ ਬਿਆਨ ਆਏਗਾ ਅਸੀਂ ਵੀ ਦਸਖਤ ਉਦੋਂ ਹੀ ਕਰਾਂਗੇ। ਉਹਨਾਂ ਦੱਸਿਆ ਕਿ ਨਾਟਕ ਖੇਡਣ ਵਾਲੀ ਟੀਮ ਦੇ ਮੁਖੀਆਂ ਨਾਲ ਅੱਜ ਸਾਡੀ ਮੁਲਾਕਾਤ "ਸਮਿਤੀ ਕੇਂਦਰ" ਵਿੱਚ ਹੋਈ ਜਿਸ ਵਿੱਚ ਐਸ ਸੀ ਡੀ ਗੌਰਮਿੰਟ ਕਾਲਜ, ਲੁਧਿਆਣਾ ਦੇ ਪ੍ਰੋਫੈਸਰ ਅਤੇ ਬੱਚੇ ਸ਼ਾਮਲ ਸਨ। ਇਹਨਾਂ ਨੇ ਸਿਧਾਂਤਕ ਤੌਰ 'ਤੇ ਤਾਂ ਮੁਆਫੀ ਮੰਗ ਲਈ ਹੈ ਅਤੇ ਸਾਡੀਆਂ ਦਲੀਲਾਂ ਨਾਲ ਸਹਿਮਤ ਵੀ ਹੋ ਗਏ ਹਨ ਪਰ ਅਜੇ ਇਹ ਸਭ ਕੁਝ ਜ਼ੁਬਾਨੀ ਹੈ। ਲਿਖਤੀ ਮੁਆਫੀ ਮੰਗੇ ਬਿਨਾ ਗੱਲ ਨਹੀਂ ਬਣਨੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਮੁਆਫੀ ਲਈ ਸ਼ਰਤ ਰੱਖੀ ਗਈ ਸੀ ਕਿ ਇਹ ਮੁਆਫੀ ਭਾਰਤ ਨਗਰ ਚੌਂਕ ਵਿੱਚ ਭਾਰੀ ਇਕੱਠ ਕਰਕੇ ਸਭਨਾਂ ਦੇ ਸਾਹਮਣੇ ਮੰਗੀ ਜਾਏ। ਸੰਘ ਪਰਿਵਾਰ ਨਾਲ ਸਬੰਧਤ  ਕੁਝ ਬਾਰਸੂਖ "ਸਿਆਸੀ ਆਗੂਆਂ" ਦੇ ਦਖਲ ਦੇਣ ਤੇ "ਬਜਰੰਗ ਦਲ" ਅਤੇ "ਵਿਸ਼ਵ ਹਿੰਦੂ ਪਰੀਸ਼ਦ" ਨੇ ਇਸ ਅੜੀ ਨੂੰ ਛੱਡ ਦਿੱਤਾ। ਇਸਤੋਂ ਬਾਅਦ ਹੀ ਇਹ ਮੀਟਿੰਗ ਸਮਿਤੀ ਕੈਂਦਰ ਵਿੱਚ ਨਿਸਚਿਤ ਕੀਤੀ ਗਈ। 
ਦੂਜੇ ਪਾਸੇ ਪ੍ਰਗਤੀਸ਼ੀਲ ਲਹਿਰ ਨਾਲ ਜੁੜੇ ਕਲਾਕਾਰਾਂ ਅਤੇ ਹੋਰ ਸ਼ਖਸੀਅਤਾਂ ਨੇ ਇਸ ਖਬਰ 'ਤੇ ਹੈਰਾਨੀ ਭਰਿਆ ਦੁੱਖ ਪ੍ਰਗਟ ਕੀਤਾ ਹੈ। ਸੀਪੀਆਈ ਅਤੇ "ਇਪਟਾ" ਨਾਲ ਜੁੜੇ ਸਰਗਰਮ ਨੌਜਵਾਨ ਆਗੂ ਵਿੱਕੀ ਮਹੇਸ਼ਰੀ ਨੇ ਇਸ ਖਬਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਨਾ ਸਾਡੀ ਸੋਚ ਬਦਲੀ ਜਾ ਸਕਦੀ ਹੈ ਨਾ ਹੀ ਸਾਡਾ ਅੰਦਾਜ਼। ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆਏ ਹਨ ਉਹਨਾਂ ਨਤੀਜਿਆਂ ਮਗਰੋਂ ਇਹੀ ਕੁਝ ਹੋਣਾ ਸੀ। ਇਸਦੇ ਬਾਵਜੂਦ ਸਾਨੂੰ ਨਾਂ ਤਾਂ ਡਰਾਇਆ ਜਾ ਸਕਦਾ ਹੈ ਅਤੇ ਨਾ ਹੀ  ਖਾਮੋਸ਼ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਆਰ ਐੱਸ ਐੱਸ ਵੱਲੋਂ ਕਲਾਕਾਰਾਂ ਅਤੇ ਵਿਦਿਆਰਥੀਆਂ ਨੂੰ ਧਮਕਾਉਣ ਅਤੇ ਮੁਆਫ਼ੀਆਂ ਮੰਗਵਾਉਣ ਨਾਲ ਨਾ ਤਾਂ ਇਤਿਹਾਸ ਬਦਲ ਸਕਦਾ ਹੈ ਨਾ ਹੀ ਮਿਥਿਹਾਸ ਸੱਚ ਬਣ ਸਕਦਾ ਹੈ। ਸਵਾਲ ਕੇਵਲ ਇਤਿਹਾਸ ਦੀਆਂ ਕਿਤਾਬਾਂ ਦੇ ਮੁਥਾਜ ਨਹੀਂ। ਸਵਾਲ ਲੋਕਾਂ ਦੇ ਮਨਾਂ ਅਤੇ ਜ਼ੁਬਾਨਾਂ ਤੇ ਵੀ ਹੁੰਦੇ ਹਨ। ਜਿਸ ਅਨਿਆਂ ਦਾ ਜਵਾਬ ਸਾਡੇ ਦਾਦਿਆਂ ਨੂੰ ਨਹੀਂ ਮਿਲਿਆ ਉਹ ਅਸੀਂ ਲੈ ਕੇ ਰਹਾਂਗੇ, ਤੇ ਸਾਡੇ ਅਧੂਰੇ ਸਵਾਲ ਆਉਣ ਵਾਲੀਆਂ ਪੀੜ੍ਹੀਆਂ ਪੂਰੇ ਕਰਨ ਗਈਆਂ।
ਇਸ ਬਾਰੇ ਜਿੱਥੇ ਕਾਲਜ ਨਾਲ ਜੁੜੇ ਹਲਕਿਆਂ ਵਿੱਚੋਂ ਕੁਝ ਨੇ ਟਾਲਮਟੋਲ ਵਾਲਾ ਰਵਈਆ ਅਪਣਾਇਆ ਅਤੇ ਕੁਝ ਹੋਰਾਂ ਨੇ ਇਸਦੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। 
ਇਸੇ ਦੌਰਾਨ ਸਟੇਜ ਨਾਲ ਜੁੜੀ ਇੱਕ ਹੋਰ ਸਰਗਰਮ ਨੌਜਵਾਨ ਸ਼ਖ਼ਸੀਅਤ ਸਪਨਦੀਪ ਕੌਰ ਨੇ ਨਾਟਕ ਦੀ ਖੁੱਲ ਕੇ ਹਮਾਇਤ ਕੀਤੀ ਹੈ। ਸਪਨਦੀਪ ਕੌਰ ਦੇ ਸਾਥੀਆਂ ਨੇ ਵੀ ਇਸ ਨਾਟਕ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਲੋੜ ਪਈ ਤਾਂ ਅਸੀਂ ਇਸਨੂੰ ਬਾਰ ਬਾਰ ਖੇਡਾਂਗੇ। ਇਸੇ ਤਰਾਂ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਵੀ ਇਸ ਨਾਟਕ ਦੀ ਹਮਾਇਤ ਕੀਤੀ ਹੈ। 

No comments: