Friday, April 26, 2019

ਪਹਿਲਾ ਵਿਵੇਕ ਸੁਰ ਸਨਮਾਨ 27 ਅਪਰੈਲ ਦੇ ਜੀਵੇ ਪੰਜਾਬ ਪ੍ਰੋਗਾਮ ਵਿੱਚ

Apr 26, 2019, 4:55 PM
ਵਿਵੇਕ ਦੀ ਯਾਦ ਵਿੱਚ ਪਹਿਲਾ ਪੁਰਸਕਾਰ ਮਨਰਾਜ ਪਾਤਰ ਨੂੰ
ਲੁਧਿਆਣਾ: 26 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ)::
ਪਹਿਲਾ ਵਿਵੇਕ ਸੁਰ ਸਨਮਾਨ-2018 ਗੁਰੂ ਨਾਨਕ ਭਵਨ ਵਿਖੇ 27 ਅਪਰੈਲ ਨੂੰ ਜੀਵੇ ਪੰਜਾਬ ਪ੍ਰੋਗਰਾਮ ਵਿਚ ਨੌਜਵਾਨ ਗਾਇਕ ਮਨਰਾਜ ਪਾਤਰ ਨੂੰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਜਸਵੰਤ ਜ਼ਫ਼ਰ ਨੇ ਦੱਸਿਆ ਕਿ ਵਿਵੇਕ ਸਿੰਘ ਪੰਧੇਰ ਜੋ ਵੈਨਕੂਵਰ ਵਿਖੇ ਇੰਜਨੀਅਰਿੰਗ ਦੀ ਪੜ੍ਹਾਈ ਦੇ ਨਾਲ ਨਾਲ ਗਾਇਕੀ, ਸੰਗੀਤ, ਫੋਟੋਕਾਰੀ, ਫਿਲਮਸਾਜ਼ੀ ਆਦਿ ਕਲਾਵਾਂ ਦਾ ਸ਼ੌਕ ਰੱਖਦਾ ਸੀ ਅਤੇ 2015 ਵਿਚ ਜਿਸ ਦੇ ਚਲਾਣਾ ਕਰਨ ਉਪਰੰਤ ਉਸ ਦੇ ਸਰੀਰ ਦੇ ਬਹੁਤ ਸਾਰੇ ਅੰਗ ਵੱਖ ਵੱਖ ਲੋੜਵੰਦਾਂ ਨੂੰ ਲਗਾਏ ਗਏ ਸਨ, ਦੀ ਯਾਦ ਵਿਚ ਪਿਛਲੇ ਸਾਲ ਇਹ ਸਨਮਾਨ ਸਥਾਪਤ ਕੀਤਾ ਗਿਆ ਸੀ। ਹਰ ਸਾਲ ਇਕ ਮਿਆਰੀ ਗੀਤ ਨੂੰ ਸਭ ਤੋਂ ਵਧੀਆ ਗਾਉਣ ਵਾਲੇ ਗਾਇਕ ਨੂੰ ਇਹ ਸਨਮਾਨ ਦਿੱਤਾ ਜਾਣਾ ਹੈ। 2018 ਵਿਚ ਪਹਿਲੀ ਵਾਰ ਸਰੀ ਨਿਵਾਸੀ ਬਲਦੇਵ ਸਿੰਘ ਬਾਠ ਦਾ ਗੀਤ 'ਮਸਤੀ ਦੀ ਬਸਤੀ' ਇਸ ਪ੍ਰਤੀਯੋਗਤਾ ਲਈ ਰੱਖਿਆ ਗਿਆ ਸੀ। ਇਸ ਗੀਤ ਨੂੰ ਪੰਜ ਨੌਜਵਾਨ ਗਾਇਕਾਂ ਮਨਰਾਜ ਪਾਤਰ, ਤਨਵੀਰ ਸੰਧੂ, ਵਿਜੇ ਯਮਲਾ, ਕਰਮਜੀਤ ਗਰੇਵਾਲ ਅਤੇ ਟਿਮੀ ਗਿੱਲ ਨੇ ਆਪੋ ਆਪਣੇ ਅੰਦਾਜ਼ ਵਿਚ ਵੱਖ-ਵੱਖ ਮਾਧਿਅਮਾਂ ਰਾਹੀਂ ਗਾਇਆ ਸੀ। ਤਿੰਨ ਜੱਜਾਂ, ਗਾਇਨ ਅਚਾਰੀਆ ਭਾਈ ਬਲਦੀਪ ਸਿੰਘ, ਪ੍ਰਸਿੱਧ ਸੰਗੀਤ ਨਿਰਦੇਸ਼ਕ ਤੇਜਵੰਤ ਕਿੱਟੂ ਅਤੇ ਪ੍ਰਸਿੱਧ ਦਾਨਿਸ਼ਵਰ ਅਤੇ ਪ੍ਰਬੁੱਧ ਸੰਗੀਤ ਸਰੋਤੇ ਡਾ. ਸਰਦਾਰਾ ਸਿੰਘ ਜੌਹਲ ਦੇ ਸਾਂਝੇ ਮੁਲਾਂਕਣ ਅਨੁਸਾਰ ਇਹ ਪੁਰਸਕਾਰ ਮਨਰਾਜ ਪਾਤਰ ਨੂੰ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ। ਮਨਰਾਜ ਪਾਤਰ ਪੰਜਾਬੀ ਦੇ ਹਰਮਨ ਪਿਆਰੇ ਕਵੀ ਡਾ. ਸੁਰਜੀਤ ਪਾਤਰ ਦਾ ਸਪੁੱਤਰ ਹੈ ਅਤੇ ਉਸ ਨੇ ਅੱਜ ਜੀਵੇ ਪੰਜਾਬ ਪ੍ਰੋਗਰਾਮ ਵਿਚ ਪਹਿਲੀ ਵਾਰ ਆਪਣੀ ਚੰਗੇਰੀ ਗਾਇਨ ਕਲਾ ਲੈ ਕੇ ਸਰੋਤਿਆਂ ਸਨਮੁਖ ਪੇਸ਼ ਹੋਣਾ ਹੈ। ਇਸ ਦੌਰਾਨ ਉਹ ਪੁਰਸਕਾਰ ਪ੍ਰਤੀਯੋਗਤਾ ਲਈ ਰੱਖਿਆ ਗਿਆ ਗੀਤ 'ਮਸਤੀ ਦੀ ਬਸਤੀ' ਵੀ ਪੇਸ਼ ਕਰੇਗਾ। ਪ੍ਰੋਗਰਾਮ ਦੌਰਾਨ ਉਸ ਨੂੰ ਇਕਵੰਜਾ ਹਜ਼ਾਰ ਰੁਪਏ ਨਕਦ ਅਤੇ ਵਿਸ਼ੇਸ਼ ਪੁਰਸਕਾਰ ਚਿੰਨ੍ਹ ਦਿੱਤਾ ਜਾਵੇਗਾ। ਇਸ ਪ੍ਰਤੀਯੋਗਤਾ ਵਿਚ ਨਾਮਜ਼ਦ ਹੋਏ ਦੂਸਰੇ ਗਾਇਕ ਤਨਵੀਰ ਸੰਧੂ ਨੇ ਵੀ ਇਸ ਪ੍ਰੋਗਰਾਮ ਵਿਚ ਆਪਣੀ ਗਾਇਨ ਅਤੇ ਸੰਗੀਤ ਕਲਾ ਪੇਸ਼ ਕਰਨੀ ਹੈ। ਉਸ ਨੂੰ ਇੱਕੀ ਹਜ਼ਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਣਾ ਹੈ। ਪੁਰਸਕਾਰ ਲਈ ਨਾਮਜ਼ਦ ਹੋਏ ਬਾਕੀ ਨੌਜਵਾਨ ਗਾਇਕਾਂ ਨੂੰ ਅਗਲੇ ਦਿਨਾਂ ਵਿਚ ਹੋਣ ਵਾਲੇ ਕਿਸੇ ਹੋਰ ਪ੍ਰੋਗਰਾਮ ਵਿਚ ਇਹ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਜਸਵੰਤ ਜ਼ਫ਼ਰ ਨੇ ਕਿਹਾ ਕਿ ਜਿਸ ਉਦੇਸ਼ ਅਤੇ ਭਾਵਨਾ ਨਾਲ ਜੀਵੇ ਪੰਜਾਬ ਲਹਿਰ ਅੱਗੇ ਵੱਧ ਰਹੀ ਹੈ ਵਿਵੇਕ ਸੁਰ ਸਨਮਾਨ ਪ੍ਰਦਾਨ ਕਰਨ ਲਈ ਬਹੁਤ ਢੁੱਕਵਾਂ ਮੰਚ ਹੈ। 
ਜੀਵੇ ਪੰਜਾਬ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਅਤੇ ਸੰਚਾਲਕ ਸ਼੍ਰੀ ਕੁਮਾਰ ਸੌਰਵ ਨੇ ਦੱਸਿਆ ਕਿ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ, ਅਰਪਨ ਸੰਧੂ, ਅਮਨ ਧਾਲੀਵਾਲ, ਪ੍ਰਭ ਜੋਬਨ ਅਤੇ ਗਗਨਜੀਤ ਆਪਣੀ ਬਿਹਤਰੀਨ ਗਾਇਕੀ ਪੇਸ਼ ਕਰਨਗੇ। ਉਹਨਾਂ ਦੱਸਿਆ ਕਿ ਬੁੱਢਾ ਦਰਿਆ ਦੀ ਪੁਨਰ ਸੁਰਜੀਤੀ ਦੀ ਮੁਹਿੰਮ ਨੂੰ ਸਮਰਪਿਤ ਇਹ ਪ੍ਰੋਗਰਾਮ ਗੁਰੂ ਨਾਨਕ ਭਵਨ ਦੇ ਮੁੱਖ ਆਡੀਟੋਰੀਅਮ ਵਿਚ ਸ਼ਾਮੀਂ ਠੀਕ ਛੇ ਵਜੇ ਸ਼ੁਰੂ ਹੋਵੇਗਾ ਅਤੇ ਲਗਪਗ ਢਾਈ ਘੰਟੇ ਚੱਲੇਗਾ। ਉਹਨਾਂ ਦਰਸ਼ਕਾਂ ਨੂੰ ਬੇਨਤੀ ਕੀਤੀ ਕਿ ਉੁਹ ਸਮਾਂ ਰਹਿੰਦੇ ਪਹੁੰਚ ਕੇ ਪਹਿਲਾਂ ਤੋਂ ਅਲਾਟ ਕੀਤੇ ਨੰਬਰਾਂ ਵਾਲੀਆਂ ਆਪਣੀਆਂ ਸੀਟਾਂ 'ਤੇ ਬੈਠਣ ਦੀ ਕ੍ਰਿਪਾਲਤਾ ਕਰਨ। ਦਰਸ਼ਕਾਂ ਸਰੋਤਿਆਂ ਵਲੋਂ ਪ੍ਰੋਗਰਾਮ ਦੌਰਾਨ ਤਸਵੀਰਾਂ ਖਿੱਚਣ ਜਾਂ ਵੀਡੀਓ ਰਿਕਾਰਡਿੰਗ ਦੀ ਮਨਾਹੀ ਹੈ।

No comments: