Showing posts with label Vivek Pandher. Show all posts
Showing posts with label Vivek Pandher. Show all posts

Friday, April 26, 2019

ਪਹਿਲਾ ਵਿਵੇਕ ਸੁਰ ਸਨਮਾਨ 27 ਅਪਰੈਲ ਦੇ ਜੀਵੇ ਪੰਜਾਬ ਪ੍ਰੋਗਾਮ ਵਿੱਚ

Apr 26, 2019, 4:55 PM
ਵਿਵੇਕ ਦੀ ਯਾਦ ਵਿੱਚ ਪਹਿਲਾ ਪੁਰਸਕਾਰ ਮਨਰਾਜ ਪਾਤਰ ਨੂੰ
ਲੁਧਿਆਣਾ: 26 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ)::
ਪਹਿਲਾ ਵਿਵੇਕ ਸੁਰ ਸਨਮਾਨ-2018 ਗੁਰੂ ਨਾਨਕ ਭਵਨ ਵਿਖੇ 27 ਅਪਰੈਲ ਨੂੰ ਜੀਵੇ ਪੰਜਾਬ ਪ੍ਰੋਗਰਾਮ ਵਿਚ ਨੌਜਵਾਨ ਗਾਇਕ ਮਨਰਾਜ ਪਾਤਰ ਨੂੰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਜਸਵੰਤ ਜ਼ਫ਼ਰ ਨੇ ਦੱਸਿਆ ਕਿ ਵਿਵੇਕ ਸਿੰਘ ਪੰਧੇਰ ਜੋ ਵੈਨਕੂਵਰ ਵਿਖੇ ਇੰਜਨੀਅਰਿੰਗ ਦੀ ਪੜ੍ਹਾਈ ਦੇ ਨਾਲ ਨਾਲ ਗਾਇਕੀ, ਸੰਗੀਤ, ਫੋਟੋਕਾਰੀ, ਫਿਲਮਸਾਜ਼ੀ ਆਦਿ ਕਲਾਵਾਂ ਦਾ ਸ਼ੌਕ ਰੱਖਦਾ ਸੀ ਅਤੇ 2015 ਵਿਚ ਜਿਸ ਦੇ ਚਲਾਣਾ ਕਰਨ ਉਪਰੰਤ ਉਸ ਦੇ ਸਰੀਰ ਦੇ ਬਹੁਤ ਸਾਰੇ ਅੰਗ ਵੱਖ ਵੱਖ ਲੋੜਵੰਦਾਂ ਨੂੰ ਲਗਾਏ ਗਏ ਸਨ, ਦੀ ਯਾਦ ਵਿਚ ਪਿਛਲੇ ਸਾਲ ਇਹ ਸਨਮਾਨ ਸਥਾਪਤ ਕੀਤਾ ਗਿਆ ਸੀ। ਹਰ ਸਾਲ ਇਕ ਮਿਆਰੀ ਗੀਤ ਨੂੰ ਸਭ ਤੋਂ ਵਧੀਆ ਗਾਉਣ ਵਾਲੇ ਗਾਇਕ ਨੂੰ ਇਹ ਸਨਮਾਨ ਦਿੱਤਾ ਜਾਣਾ ਹੈ। 2018 ਵਿਚ ਪਹਿਲੀ ਵਾਰ ਸਰੀ ਨਿਵਾਸੀ ਬਲਦੇਵ ਸਿੰਘ ਬਾਠ ਦਾ ਗੀਤ 'ਮਸਤੀ ਦੀ ਬਸਤੀ' ਇਸ ਪ੍ਰਤੀਯੋਗਤਾ ਲਈ ਰੱਖਿਆ ਗਿਆ ਸੀ। ਇਸ ਗੀਤ ਨੂੰ ਪੰਜ ਨੌਜਵਾਨ ਗਾਇਕਾਂ ਮਨਰਾਜ ਪਾਤਰ, ਤਨਵੀਰ ਸੰਧੂ, ਵਿਜੇ ਯਮਲਾ, ਕਰਮਜੀਤ ਗਰੇਵਾਲ ਅਤੇ ਟਿਮੀ ਗਿੱਲ ਨੇ ਆਪੋ ਆਪਣੇ ਅੰਦਾਜ਼ ਵਿਚ ਵੱਖ-ਵੱਖ ਮਾਧਿਅਮਾਂ ਰਾਹੀਂ ਗਾਇਆ ਸੀ। ਤਿੰਨ ਜੱਜਾਂ, ਗਾਇਨ ਅਚਾਰੀਆ ਭਾਈ ਬਲਦੀਪ ਸਿੰਘ, ਪ੍ਰਸਿੱਧ ਸੰਗੀਤ ਨਿਰਦੇਸ਼ਕ ਤੇਜਵੰਤ ਕਿੱਟੂ ਅਤੇ ਪ੍ਰਸਿੱਧ ਦਾਨਿਸ਼ਵਰ ਅਤੇ ਪ੍ਰਬੁੱਧ ਸੰਗੀਤ ਸਰੋਤੇ ਡਾ. ਸਰਦਾਰਾ ਸਿੰਘ ਜੌਹਲ ਦੇ ਸਾਂਝੇ ਮੁਲਾਂਕਣ ਅਨੁਸਾਰ ਇਹ ਪੁਰਸਕਾਰ ਮਨਰਾਜ ਪਾਤਰ ਨੂੰ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ। ਮਨਰਾਜ ਪਾਤਰ ਪੰਜਾਬੀ ਦੇ ਹਰਮਨ ਪਿਆਰੇ ਕਵੀ ਡਾ. ਸੁਰਜੀਤ ਪਾਤਰ ਦਾ ਸਪੁੱਤਰ ਹੈ ਅਤੇ ਉਸ ਨੇ ਅੱਜ ਜੀਵੇ ਪੰਜਾਬ ਪ੍ਰੋਗਰਾਮ ਵਿਚ ਪਹਿਲੀ ਵਾਰ ਆਪਣੀ ਚੰਗੇਰੀ ਗਾਇਨ ਕਲਾ ਲੈ ਕੇ ਸਰੋਤਿਆਂ ਸਨਮੁਖ ਪੇਸ਼ ਹੋਣਾ ਹੈ। ਇਸ ਦੌਰਾਨ ਉਹ ਪੁਰਸਕਾਰ ਪ੍ਰਤੀਯੋਗਤਾ ਲਈ ਰੱਖਿਆ ਗਿਆ ਗੀਤ 'ਮਸਤੀ ਦੀ ਬਸਤੀ' ਵੀ ਪੇਸ਼ ਕਰੇਗਾ। ਪ੍ਰੋਗਰਾਮ ਦੌਰਾਨ ਉਸ ਨੂੰ ਇਕਵੰਜਾ ਹਜ਼ਾਰ ਰੁਪਏ ਨਕਦ ਅਤੇ ਵਿਸ਼ੇਸ਼ ਪੁਰਸਕਾਰ ਚਿੰਨ੍ਹ ਦਿੱਤਾ ਜਾਵੇਗਾ। ਇਸ ਪ੍ਰਤੀਯੋਗਤਾ ਵਿਚ ਨਾਮਜ਼ਦ ਹੋਏ ਦੂਸਰੇ ਗਾਇਕ ਤਨਵੀਰ ਸੰਧੂ ਨੇ ਵੀ ਇਸ ਪ੍ਰੋਗਰਾਮ ਵਿਚ ਆਪਣੀ ਗਾਇਨ ਅਤੇ ਸੰਗੀਤ ਕਲਾ ਪੇਸ਼ ਕਰਨੀ ਹੈ। ਉਸ ਨੂੰ ਇੱਕੀ ਹਜ਼ਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਣਾ ਹੈ। ਪੁਰਸਕਾਰ ਲਈ ਨਾਮਜ਼ਦ ਹੋਏ ਬਾਕੀ ਨੌਜਵਾਨ ਗਾਇਕਾਂ ਨੂੰ ਅਗਲੇ ਦਿਨਾਂ ਵਿਚ ਹੋਣ ਵਾਲੇ ਕਿਸੇ ਹੋਰ ਪ੍ਰੋਗਰਾਮ ਵਿਚ ਇਹ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਜਸਵੰਤ ਜ਼ਫ਼ਰ ਨੇ ਕਿਹਾ ਕਿ ਜਿਸ ਉਦੇਸ਼ ਅਤੇ ਭਾਵਨਾ ਨਾਲ ਜੀਵੇ ਪੰਜਾਬ ਲਹਿਰ ਅੱਗੇ ਵੱਧ ਰਹੀ ਹੈ ਵਿਵੇਕ ਸੁਰ ਸਨਮਾਨ ਪ੍ਰਦਾਨ ਕਰਨ ਲਈ ਬਹੁਤ ਢੁੱਕਵਾਂ ਮੰਚ ਹੈ। 
ਜੀਵੇ ਪੰਜਾਬ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਅਤੇ ਸੰਚਾਲਕ ਸ਼੍ਰੀ ਕੁਮਾਰ ਸੌਰਵ ਨੇ ਦੱਸਿਆ ਕਿ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ, ਅਰਪਨ ਸੰਧੂ, ਅਮਨ ਧਾਲੀਵਾਲ, ਪ੍ਰਭ ਜੋਬਨ ਅਤੇ ਗਗਨਜੀਤ ਆਪਣੀ ਬਿਹਤਰੀਨ ਗਾਇਕੀ ਪੇਸ਼ ਕਰਨਗੇ। ਉਹਨਾਂ ਦੱਸਿਆ ਕਿ ਬੁੱਢਾ ਦਰਿਆ ਦੀ ਪੁਨਰ ਸੁਰਜੀਤੀ ਦੀ ਮੁਹਿੰਮ ਨੂੰ ਸਮਰਪਿਤ ਇਹ ਪ੍ਰੋਗਰਾਮ ਗੁਰੂ ਨਾਨਕ ਭਵਨ ਦੇ ਮੁੱਖ ਆਡੀਟੋਰੀਅਮ ਵਿਚ ਸ਼ਾਮੀਂ ਠੀਕ ਛੇ ਵਜੇ ਸ਼ੁਰੂ ਹੋਵੇਗਾ ਅਤੇ ਲਗਪਗ ਢਾਈ ਘੰਟੇ ਚੱਲੇਗਾ। ਉਹਨਾਂ ਦਰਸ਼ਕਾਂ ਨੂੰ ਬੇਨਤੀ ਕੀਤੀ ਕਿ ਉੁਹ ਸਮਾਂ ਰਹਿੰਦੇ ਪਹੁੰਚ ਕੇ ਪਹਿਲਾਂ ਤੋਂ ਅਲਾਟ ਕੀਤੇ ਨੰਬਰਾਂ ਵਾਲੀਆਂ ਆਪਣੀਆਂ ਸੀਟਾਂ 'ਤੇ ਬੈਠਣ ਦੀ ਕ੍ਰਿਪਾਲਤਾ ਕਰਨ। ਦਰਸ਼ਕਾਂ ਸਰੋਤਿਆਂ ਵਲੋਂ ਪ੍ਰੋਗਰਾਮ ਦੌਰਾਨ ਤਸਵੀਰਾਂ ਖਿੱਚਣ ਜਾਂ ਵੀਡੀਓ ਰਿਕਾਰਡਿੰਗ ਦੀ ਮਨਾਹੀ ਹੈ।

Sunday, July 05, 2015

ਖੁਦ ਹੀ ਸਾਰੇ ਅੰਗ ਦਾਨ ਕਰ ਗਿਆ ਸੀ ਮੌਤ ਤੋਂ ਪਹਿਲਾਂ ਵਿਵੇਕ

ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ-ਸੋਸ਼ਲ ਮੀਡੀਆ ਤੇ ਸੋਗ ਸੁਨੇਹੇ 
ਜਸਵੰਤ ਸਿੰਘ ਜਫਰ  ਹਮੇਸ਼ਾਂ ਝੰਜੋੜਦੀ ਰਹੀ ਹੈ। ਕੁਝ ਸੋਚਣ ਲਈ ਮਜਬੂਰ ਕਰਦੀ ਰਹੀ ਹੈ। ਜਦ ਵੀ  ਉਹਨਾਂ ਦੀ ਰਚਨਾ ਪੜ੍ਹੀ ਇਹੀ ਮਹਿਸੂਸ ਹੋਇਆ ਇਹ ਕਿਤਿਓਂ ਬਹੁਤ ਉੱਪਰੋਂ ਉਤਰੀ ਹੈ। ਜਦੋਂ ਪਹਿਲੀ ਵਾਰ ਮੇਲ ਹੋਇਆ ਉਦੋਂ ਕਾਰਟੂਨਾਂ ਦੀ ਦੁਨੀਆ  ਵਿੱਚ ਉਹਨਾਂ ਦਾ ਨਾਮ ਸੀ। ਫਿਰ ਬਿਜਲੀ ਅੰਦੋਲਨ ਵੇਲੇ ਵੀ ਉਹ ਮੀਡੀਆ ਲਈ  ਵਿਸ਼ਲੇਸ਼ਕ ਸਾਬਿਤ ਹੋਏ। ਅਜਿਹਾ ਬਹੁਤ ਕੁਝ ਹੈ ਜਿਸਦਾ ਜ਼ਿਕਰ ਕੀਤਾ ਜਾ ਸਕਦਾ ਹੈ ਪਰ ਇੱਕ ਅਜਿਹਾ ਭਾਣਾ ਵਰਤਿਆ ਜਿਸਦਾ ਕਿਸੇ ਨੂੰ ਚਿਤਚੇਤਾ ਵੀ ਨਹੀਂ ਸੀ। ਉਹਨਾਂ ਦਾ  ਨੌਜਵਾਨ ਬੇਟਾ ਬੇਟਾ ਵਿਵੇਕ ਸਦੀਵੀ ਵਿਛੋੜਾ ਦੇ ਗਿਆ। ਇਹ ਸਭ ਉਦੋਂ ਹੋਇਆ ਜਦੋਂ ਉਸਦੇ ਠੀਕ ਹੋਣ ਦੀ ਖਬਰ ਵੀ ਸੀ। ਇਸ ਹਾਦਸੇ ਮਗਰੋਂ ਉਹੀ ਸ਼ਾਇਰ ਸੰਤੁਲਿਤ ਰਹਿ  ਸਕਦਾ ਸੀ ਜਿਸਨੇ ਸਿਰਫ ਲੋਕਾਂ ਲਈ ਨਾ ਲਿਖਿਆ ਹੋਇਆ ਬਲਕਿ ਆਪਣੇ ਵਿਚਾਰਾਂ ਨੂੰ ਖੁਦ ਵੀ ਜਿੰਦਗੀ ਵਿੱਚ ਢਾਲਿਆ ਹੋਵੇ। ਬੇਟੇ ਦੇ ਤੁਰ ਜਾਣ ਮਗਰੋਂ ਵੀ ਇਹ ਆਖਣਾ ਕਿ ਨਹੀਂ ਉਹ ਅਜੇ ਕਿਤੇ  ਨਹੀਂ ਗਿਆ---ਅੱਜ ਦੇ ਯੁਗ ਵਿੱਚ ਭਾਣਾ ਮੰਨਣ ਦੀ ਸਿਖਰ ਹੈ। ਇਸ ਦੁੱਖ ਮੌਕੇ ਸ਼ਬਦ ਨਹੀਂ ਮਿਲ ਰਹੇ। ਇਸ ਲੈ ਇਥੇ ਦਿੱਤੀ ਜਾ ਰਹੀ ਹੈ ਜਫਰ ਹੁਰਾਂ ਦੀ ਹੀ ਲਿਖਤ।
                                                                                                                                                      Vivek Has Gone Nowhere । ਚਲਾ ਨਹੀਂ ਗਿਆ ਵਿਵੇਕ
                                                                                                                         -ਜਸਵੰਤ ਸਿੰਘ ਜਫਰ
ਜਸਵੰਤ ਸਿੰਘ ਜਫਰ 
ਸਾਡਾ ਪੁੱਤਰ ਅਤੇ ਮਿੱਤਰ Vivek Singh Pandher ਪਿਛਲੇ ਦਿਨੀਂ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ। ਮੈਂ, ਪਤਨੀ Balbir Kaur, ਭੈਣ ਜਸਵਿੰਦਰ ਅਤੇ ਬੇਟੀ Kirat Pandher ਦਿਲੀ ਤੋਂ 3.7.15 ਦੀ ਸਵੇਰ ਵੈਨਕੂਵਰ ਲਈ ਚੱਲ ਪਏ।ਵੈਨਕੂਵਰ ਦੀ 3.7.15 ਸ਼ਾਮ ਨੂੰ (ਹੁਣ ਤੋਂ 12 ਘੰਟੇ ਪਹਿਲਾਂ) ਪਹੁੰਚਣ ਤੇ ਵਿਵੇਕ ਦੀ ਸਿਹਤ ਵੀ ਸੁਧਾਰ ਹੋਣ ਦਾ ਪਤਾ ਲੱਗਾ। ਮਾਤਾ-ਪਿਤਾ ਜੀ, ਭਰਾ, ਚਾਚੇ, ਚਾਚੀਆਂ, Cousins, ਬਹੁਤ ਸਾਰੇ ਭਤੀਜੇ ਭਤੀਜੀਆਂ ਕੁਝ ਦੋਸਤ ਪਰਿਵਾਰ ਚਾਈਂ ਚਾਈਂ ਮਿਲੇ। ਸਵੇਰੇ ਡਾ. ਨੇ ਉਹਨਾਂ ਨੂੰ ਸੁਧਾਰ ਬਾਰੇ ਦੱਸਿਆ ਸੀ। ਸ਼ਾਮ ਨੂੰ ਸਾਡੇ ਪਹੁੰਚਣ ਤੇ ਪਹਿਲਾਂ ਉਹਨਾਂ ਦੁਬਾਰਾ ਪੁੱਛਿਅਾ ਤਾਂ ICU ਦੇ ਮੁਖੀ ਡਾ. ਮਾਈਪਿੰਦਰ ਸਿੰਘ ਸੇਖੋਂ (ਕਨੇਡਾ ਦੇ ਜੰਮਪਲ) ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਾਰੇ ਹਸਪਤਾਲ ਹੀ ਆ ਜਾਣਾ ਮੈਂ ਵਾਰ-ਵਾਰ ਨਾਲੋਂ parents ਸਮੇਤ ਸਾਰਿਆਂ ਨੂੰ ਇਕੋ ਵਾਰੀ ਵਿਸਥਾਰ ਨਾਲ ਦੱਸ ਦਿਆਂਗਾ। ਹਸਪਤਾਲ ਪਹੁੰਚ ਕੇ ਵਿਵੇਕ ਨੂੰ ਦੇਖਿਆ, ਛੂਹਿਆ, ਬੁਲਾਇਆ। ਸਾਹ, ਨਬਜ਼ ਠੀਕ, ਪਿੰਡਾ ਕੋਸਾ, ਪਰ ਬੇਹੋਸ਼। ੲਿਕ ਕਮਰੇ ਵਿਚ ਸਾਨੂੰ ਬਿਠਾਇਆ ਗਿਆ। ਡਾ. ਸੇਖੋਂ ਨੇ ਉਸ ਦੇ ਦਿਮਾਗ ਦੀ ਸੋਜਿਸ਼ ਘਟਣ ਵਧਣ ਬਾਰੇ ਵਿਸਥਾਰ ਨਾਲ ਦੱਸਿਆ। ਉਸ ਦੱਸਿਆ ਕਿ ਜਦੋਂ ਸੋਜਿਸ਼ ਦਿਮਾਗ ਦੇ ਉਪਰਲੇ ਹਿੱਸੇ ਤੋਂ ਹੇਠਲੇ ਭਾਗ ਤੇ ਜ਼ਿਆਦਾ ਆ ਜਾਵੇ ਤਾਂ ਇਹ dead ਹੋ ਜਾਂਦਾ ਹੈ, ਜਾਨੀ ਬੰਦਾ dead ਹੋ ਜਾਂਦਾ ਹੈ। ਵਿਵੇਕ ਨਾਲ ਸਾਡੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ੲਿਹ ਹੋ ਚੁੱਕਾ ਸੀ। ਸਭ ਨੇ ੲਿਸ ਨੂੰ ਬੜੇ ਧੀਰਜ ਨਾਲ ਸੁਣਿਆਂ ਅਤੇ ਪ੍ਰਵਾਨ ਕੀਤਾ। ਡਾ. ਦਾ ਏਨੇ ਸੋਹਣੇ ਤਰੀਕੇ ਨਾਲ ਦੱਸਣ ਲਈ ਧੰਨਵਾਦ ਕੀਤਾ। ਏਨੀ ਸ਼ਿੱਦਤ ਨਾਲ ਉਸ ਨੂੰ ਬਚਾਉਣ ਲਈ ਕੀਤੇ ਸਿਰਤੋੜ ਯਤਨਾਂ ਲਈ ਵੀ ਧੰਨਵਾਦ ਕੀਤਾ। ਸਭ ਨੇ ਵਿਵੇਕ ਦੇ ਗੁਣਾ ਦੀ ਚਰਚਾ ਕੀਤੀ। ਸਭ ਨੇ ੲਿਹ ਫੈਸਲਾ ਕੀਤਾ ਕਿ ਰੋਣ ਜਾਂ ਵਿਰਲਾਪ ਦੀ ਜਗ੍ਹਾ ਉਸ ਦੇ ਚੰਗੇ ਗੁਣਾਂ, ਉਦਮਾਂ, ਕੰਮਾਂ ਦੀ ਚਰਚਾ ਕਰਾਂਗੇ। ਉਸ ਦੀਆਂ ਵਧੀਆ ਗੱਲਾਂ ਕਰਕੇ ਉਸ ਨੂੰ ਯਾਦ ਕਰਦੇ ਰਹਾਂਗੇ ਕਿ ਉਹ ਆਪਣੇ ਮਾਂ ਪਿਉ ਤੱਕ ਲਈ ਵੱਡੇ ਅਤੇ ਵਧੀਆ ਕੰਮ ਕਰਨ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆਂ ਰਹਿੰਦਾ ਸੀ। ਲਿਆਕਤ, ਨਿਮਰਤਾ, ਦਲੇਰੀ, ਉਦਮ, maturity, authenticity, Hard work, ਆਗਿਆਕਾਰਤਾ, ਸੂਝ ਬੂਝ ਯਾਨੀ ਕਿਸੇ ਪੱਖੋਂ ਕੋਈ ਕਮੀ ਨਹੀਂ ਸੀ ਉਸ ਵਿਚ। ਏਨਾ ਕਮਾਲ ਦਾ ਤੋਹਫਾ ਦੇਣ ਲਈ ਪ੍ਰਮਾਤਮਾ/ਕੁਦਰਤ ਦਾ ਧੰਨਵਾਦ ਕੀਤਾ ਗਿਆ। ਆਪਣੀ 2 ਮਹੀਨੇ ਘੱਟ 23 ਸਾਲ ਦੀ ਉਮਰ ਦੌਰਾਨ ਉਸ ਨੇ ਜਿੰਨੀ ਖੁਸ਼ੀ ਅਤੇ ਤਾਜ਼ਗੀ ਆਪਣੇ ਨਾਲ ਸਬੰਧਤ ਸਾਰੇ ਲੋਕਾਂ ਨੂੰ ਦਿੱਤੀ ਉਸ ਤੇ ਬੇਹੱਦ ਸੰਤੁਸ਼ਟੀ ਪ੍ਰਗਟ ਕੀਤੀ ਗਈ। ਸਾਨੂੰ ਉਸ ਦੀ ਹਰ ਗੱਲੋਂ ਬੇਫਿਕਰੀ ਰਹੀ। ਉਸ ਵਲੋਂ ਕੀਤੇ ਕਈ ਕੰਮਾਂ ਦਾ ਉਸ ਦੇ ਦੋਸਤਾਂ ਤੋਂ ਪਤਾ ਲੱਗਣਾ ਤਾਂ ਅਸੀਂ ਕਹਿਣਾ ੲਿਹ ਕਰਨ ਤੋਂ ਪਹਿਲਾਂ ਤੂੰ ਸਾਨੂੰ ਤੇ ਦੱਸਿਆ-ਪੁੱਛਿਆ ਨਹੀਂ। ਉਸ ਕਹਿਣਾ, "ਮੈਨੂੰ ਪਤਾ ਹੈ ਕਿ ਜਿਹੜਾ ਕੰਮ ਤੁਹਾਨੂੰ ਖੁਸ਼ੀ ਦੇਵੇਗਾ ਉਸ ਨੂੰ ਕਰਨ ਲਈ ਤੁਹਾਡੀ ਆਗਿਆ ਲੈਣ ਦੀ ਲੋੜ ਨਹੀਂ।" ਡਾ. ਸੇਖੋਂ ਨੇ ਦੱਸਿਆ ਕਿ ਵਿਵੇਕ ੲਿਸੇ ਹਸਪਤਾਲ ਵਿਚ ਪਿਛਲੇ ਸਾਲ ਆਪਣੇ ਸਰੀਰ ਦੇ ਵਰਤੋਂ ਯੋਗ ਸਾਰੇ ਅੰਗ ਦਾਨ ਕਰ ਗਿਆ ਸੀ। ਸਾਨੂੰ ਨਹੀਂ ਸੀ ਪਤਾ। ਸੁਣ ਕੇ ਸਭ ਦਾ ਮਨ ਗਦਗਦ ਹੋ ਗਿਆ। ਸਭ ਨੇ ਤਾੜੀਆਂ ਵਜਾ ਕੇ ਉਸ ਦੀ ਪ੍ਰਸੰਸਾ ਕੀਤੀ। ਡਾ. ਸੇਖੋਂ ਨੇ ਉਸ ਵਲੋਂ ੲਿਸ ਸਬੰਧੀ ਹੱਥੀਂ ਭਰਿਆ ਅਤੇ ਦਸਤਖਤ ਕੀਤਾ ਫਾਰਮ ਦਿਖਾਇਆ। ਅੱਗੇ ਜਦ ਕਿਸੇ ਨੇ ਕਹਿਣਾ ਕਿ ਤੁਹਾਡੇ ਬੇਟੇ ਦੀ ਫਲਾਣੀ ਗੱਲ ਬੜੀ ਵਧੀਆ ਹੈ ਤਾਂ ਅਸੀਂ ਕਹਿਣਾ ਉਹ ਬੇਟਾ ਨਹੀਂ ਹੁਣ ਤੇ ਸਾਡਾ ਪਿਓ ਹੈ। ਪਰ ਅੱਜ ਉਸ ਦੇ ਮਾਂ ਪਿਓ ਹੋਣ ਤੇ ਬਹੁਤ ਮਾਣ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਾਤ ਦੇ 10.30 ਵੱਜ ਗਏ।

ਅਸੀਂ ਡਾ. ਸੇਖੋਂ ਤੋਂ ਪੁਛਿਆ ਕਿ ਕਦੋਂ ਤੱਕ ਦਾਨ ਕੀਤੇ ਸਾਰੇ ਅੰਗਾਂ ਨੂੰ ਪ੍ਰਾਪਤ ਕਰਨ ਦੀ ਕਾਰਵਾਈ ਕਰ ਲਵੋਗੇ। ਉਸ ਦੱਸਿਆ ਕਿ ਉਹ ਹੋਰ ਵਿਭਾਗ ਹੈ, ਉਸ ਨਾਲ ਸਬੰਧਤ ਡਾ. ਕੱਲ੍ਹ ਦਿਨੇ ਮਿਲਣਗੇ ਪਹਿਲਾਂ ਕੁਝ ਲਿਖਤੀ ਕਾਰਵਾਈ ਹੋਏਗੀ। ਅਸੀਂ ਕਿਹਾ ਕਿ ਪਤਾ ਕਰ ਲਓ ਕਿ ਜੇ ਹੁਣ ਆ ਸਕਦੇ ਹਨ ਅਸੀਂ ੲਿਸ ਨੂੰ ਹੁਣੇ ਮੁਕੰਮਲ ਕਰ ਕੇ ਖੁਸ਼ ਹੋਵਾਂਗੇ। ਉਹਨਾਂ ਡਾ. ਨਾਲ ਗੱਲ ਕੀਤੀ ਜੋ ੲਿਕ ਘੰਟੇ ਵਿਚ ਪਹੁੰਚ ਗਈ। ਫਾਰਮ ਵਗੈਰਾ ਦਸਤਖਤ ਕੀਤੇ। ਉਸ ਵਲੋਂ ਵਿਵੇਕ ਦੀ ਸਿਹਤ ਦੇ ਰਿਕਾਰਡ ਨਾਲ ਸਬੰਧਤ ਸਵਾਲਾਂ ਦੇ ਜੁਆਬ ਦਿੱਤੇ। ਉਹਨਾਂ ਦੱਸਿਆ ਕਿ ਦਾਨ ਕੀਤੇ ਗਏ ਸਾਰੇ ਅੰਗਾਂ ਨੂੰ ਪ੍ਰਾਪਤ ਕਰਨ ਦੀ ਕਾਰਵਾਈ 48 ਘੰਟੇ ਵਿਚ ਪੂਰੀ ਕਰ ਲੈਣਗੇ।ਤਦ ਤਕ ਉਸ ਦੇ ਸਰੀਰ ਦੇ ਸਾਰੇ ਸਿਸਟਮ ਨੂੰ ਵੈਂਟੀਲੇਟਰ ਰਾਹੀਂ ਚਲਦਾ ਰੱਖਿਆ ਜਾਵੇਗਾ।

ਘਰ ਆ ਕੇ ਸਾਰੇ ਜੀਆਂ ਨੂੰ ਇਸ ਸਾਰੇ ਕਾਸੇ ਤੋਂ ਜਾਣੂੰ ਕਰਾਿੲਅਾ ਗਿਆ। ਸਭ ਨੇ ਮਤਾ ਪਾਸ ਕੀਤਾ ਕਿ ਵਿਵੇਕ ਦੇ ਰੂਪ ਵਿਚ ਪ੍ਰਾਪਤ ਹੋਏ ਸ਼ਾਨਦਾਰ ਸਾਥ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ ਜਾਵੇਗਾ, ਕੋਈ ਰੋਣ ਵਿਰਲਾਪ ਨਹੀਂ ਕੀਤਾ ਜਾਵੇਗਾ। ਉਸ ਦੀਆਂ ਗੱਲਾਂ ਕੀਤੀਆਂ, ਪ੍ਰਸ਼ਾਦਾ ਛਕਿਆ। ਵੱਡੇ ਪਰਿਵਾਰ ਦੇ ਬਹੁਤੇ ਜੀਅ ਆਪੋ ਆਪਣੇ ਸੌਣ ਦੀਆਂ ਥਾਵਾਂ ਤੇ ਚਲੇ ਗਏ। ਬਾਕੀਆਂ ਨੇ ਹੋਰ ਗੱਲਾਂ ਕੀਤੀਆਂ। India ਨਾਲੋਂ ਿਦਨ-ਰਾਤ ਦਾ ਫਰਕ ਹੋਣ ਕਰਕੇ ਸਾਨੂੰ ਨੀਂਦ ਨਹੀਂ ਆਈ, ੲਿਸ ਕਰਕੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਅੱਖਰ ਲਿਖ ਦਿੱਤੇ ਹਨ। ਸਾਡੇ ਜੋ ਜਾਣਕਾਰ ਫੇਸਬੁਕ ਤੇ ਨਹੀਂ ਹਨ ਉਹਨਾਂ ਨੂੰ ਪੜ੍ਹ ਕੇ ਸੁਣਾ ਦੇਣਾ।

ਆਪ ਸਭ ਨੂੰ ਬੇਨਤੀ ਹੈ ਕਿ ਸਾਡੀ ੲਿਸ ਮਨੋਦਸ਼ਾ ਨੂੰ ਬਣਾਈ ਰੱਖਣ ਲਈ ਸਾਡੀ ਸਹਾਇਤਾ ਕਰਨਾ। ਤੁਹਾਡੀ ਹਮਦਰਦੀ ਅਤੇ ਅਫਸੋਸ ਵਾਲੇ ਬੋਲ ਬਿਨ-ਬੋਲਿਆਂ ਸਾਡੇ ਤੱਕ ਪਹੁੰਚ ਰਹੇ ਹਨ। ਆਪਣੀ ਅਤੇ ਸਾਡੀ ਚੜ੍ਹਦੀ ਕਲਾ ਲਈ ਕਾਮਨਾ ਕਰਨਾ। ਵਿਵੇਕ ਸਬੰਧੀ ਜੇ ਕੋਈ ਚੰਗੀਆਂ ਗੱਲਾਂ/ਯਾਦਾਂ ਸਾਂਝੀਆਂ ਕਰਨ ਨੂੰ ਮਨ ਕਰਦਾ ਹੋਵੇ ਤਾਂ ਉਹ ਕਿਸੇ ਨਾ ਕਿਸੇ ਰੂਪ 'ਚ ਸਾਡੇ ਲਈ ਅਮਾਨਤ ਵਾਂਗ ਲਿਖ ਰੱਖਣਾ।
ੲਿਸ ਭਿਆਨਕ ਲਗਦੇ ਹਾਦਸੇ ਨੂੰ ਸਹਿਜਤਾ ਨਾਲ ਸਹਿਣ ਦੀ ਸ਼ਕਤੀ ਕਿਥੋਂ ਆਈ ੲਿਹ ਕਦੀ ਫਿਰ ਸਾਂਝਾ ਕਰਾਂਗੇ।