ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮਾਂ ਅਨੁਸਾਰ ਲੋਹੜੀ ਮਨਾਈ
ਜਲੰਧਰ ਸਕੂਲ ਦੇ ਬੱਚਿਆਂ ਨੂੰ ਲੋਹੜੀ ਅਤੇ ਮਾਘੀ ਦੇ ਇਤਿਹਾਸਿਕ ਗੌਰਵ ਨਾਲ ਜਾਣੂ ਕਰਵਾਇਆ
ਜਲੰਧਰ: 14 ਜਨਵਰੀ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਜਲੰਧਰ ਸਕੂਲ,ਗਦਾਈਪੁਰ ਵਿਖੇ ਵਿਦਿਆਰਥੀਆਂ ਨੇ ਲੋਹੜੀ ਦੇ ਤਿਉਹਾਰ ਨੂੰ ਬੜੇ ਚਾਵਾਂ ਨਾਲ ਮਨਾਇਆ। ਕਿਸੇ ਨੂੰ ਭੰਗੜਾ ਪਾਉਣ ਦਾ ਚਾਅ ਚੜਿਆ ਸੀ ਅਤੇ ਕਿਸੇ ਨੂੰ ਗਿੱਧੇ ਪਾਉਣ ਦਾ ਜਾਂ ਫਿਰ ਪੰਜਾਬੀ ਗੀਤ ਗਾਉਣ ਦਾ ਕਿਉਂਕਿ ਬੱਚੇ ਪੜਾਈ ਦੇ ਨਾਲ ਮਨੋਰੰਜਨ ਵੀ ਕਰਨਾ ਚਾਹੁੰਦੇ ਹਨ ਅਤੇ ਮੌਕੇ ਦੀ ਭਾਲ ਵਿਚ ਹੀ ਹੁੰਦੇ ਹਨ। ਇਸ ਲਈ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਹੋਰ ਸਟਾਫ ਨੇ ਰੱਲ ਕੇ ਲੋਹੜੀ ਦੇ ਤਿਉਹਾਰ ਤੇ ਸਕੂਲ ਕੈਂਪਸ ਵਿੱਚ ਬਹੁਤ ਰੌਣਕਾਂ ਲਾਈਆਂ ਅਤੇ ਲੋਹੜੀ ਦੀ ਅਗਨੀ ਬਾਲ ਕੇ ਸਾਰੇ ਸ਼ਗਨ ਵੀ ਪੂਰੇ ਕੀਤੇ। ਇਸ ਮੌਕੇ ਮੈਡਮ ਜਸਬੀਰ ਕੌਰ ਅਤੇ ਮੈਡਮ ਸੋਨਮ ਨੇ ਬੱਚਿਆਂ ਨੂੰ ਲੋਹੜੀ ਦਾ ਮਹੱਤਵ ਦੱਸਦੇ ਹੋਏ ਹਿੰਦੂ ਅਤੇ ਸਿੱਖ ਧਰਮ ਵਿੱਚ ਮਾਘੀ ਦੇ ਮਹਾਤਮ ਤੋਂ ਵੀ ਜਾਣੂ ਕਰਵਾਇਆ। ਸਕੂਲ ਦੀ ਮੁੱਖ-ਅਧਿਆਪਕਾ ਰਾਜਪਾਲ ਕੌਰ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਹਰ ਤਿਉਹਾਰ ਕਿਸੇ ਪ੍ਰੇਰਨਾ ਅਤੇ ਸ਼ੁਭ ਵਿਚਾਰਾਂ ਨੂੰ ਲੈ ਕੇ ਸ਼ੁਰੂ ਹੋਇਆ ਪਰ ਹੋਲੀ-ਹੋਲੀ ਉਸ ਵਿੱਚ ਕਈ ਬੁਰਾਈਆਂ ਆ ਗਈਆਂ ਅਤੇ ਸਮਾਜ ਨੇ ਉਸ ਨੂੰ ਆਪਣੇ ਅਨੁਸਾਰ ਢਾਲ ਲਿਆ। ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਧੀਆਂ,ਭੈਣਾਂ ਨੂੰ ਤੋਹਫੇ ਆਦਿ ਦੇਣ ਤੋਂ ਸ਼ੁਰੂ ਹੋਇਆ ਪਰ ਪੁਰਸ਼ ਪ੍ਰਧਾਨ ਸਮਾਜ ਨੇ ਇਸ ਨੂੰ ਮੁੰਡਿਆਂ ਦੀ ਖੁਸ਼ੀ ਮਨਾਉਣ ਤੱਕ ਸੀਮਿਤ ਕਰ ਲਿਆ। ਅੱਜ ਸਾਨੂੰ ਸਤਿਗੁਰੂ ਦਲੀਪ ਸਿੰਘ ਜੀ ਧੀਆਂ ਦਾ ਸਤਿਕਾਰ ਕਰਨ ਅਤੇ ਉਹਨਾਂ ਦੀ ਲੋਹੜੀ ਮਨਾਉਣ ਦਾ ਸੰਦੇਸ਼ ਦੇ ਰਹੇ ਹਨ ਕਿਓਂਕਿ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਹੱਕ ਦਿੱਤੇ ਜਾਣੇ ਚਾਹੀਦੇ। ਫਿਰ ਇਸੇ ਤਰ੍ਹਾਂ ਮੁਕਤਸਰ ਸਾਹਿਬ ਦੇ ਪਾਵਨ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਦੱਸਿਆ ਕਿ ਕਿਵੇਂ ਚਾਲੀ ਮੁਕਤਿਆਂ ਨੇ ਮੁਗ਼ਲ ਸੈਨਾ ਨਾਲ ਟਾਕਰਾ ਲੈ ਕੇ ਜੌਹਰ ਵਿਖਾਏ ਅਤੇ ਬਹਾਦਰੀ ਨਾਲ ਸ਼ਹੀਦ ਹੋਏ। ਸਾਡੀ ਧਰਤੀ ਏਨੀ ਮਹਾਨ ਅਤੇ ਧੰਨ ਹੈ ਅਤੇ ਸਾਨੂੰ ਸਾਰਿਆਂ ਨੂੰ ਇਹਨਾਂ ਮਹਾਨ ਤਿਉਹਾਰਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਇਸ ਮੌਕੇ ਮੈਡਮ ਜਸਬੀਰ ਕੌਰ ,ਬਲਬੀਰ ਕੌਰ,ਸੋਨਮ ,ਮੀਨਾਕਸ਼ੀ ,ਬਲਜੀਤ ਕੌਰ ,ਸ਼ਿਵਾਨੀ ,ਸੋਨੀਆ ,ਤੌਸੀਨ ,ਮੀਨਾ ,ਅੰਜੁਬਾਲਾ ਆਦਿ ਹਾਜਰ ਸਨ।
No comments:
Post a Comment