...ਅਤੇ ਨਾਲ ਹੀ ਜਾਰੀ ਹੈ ਪੁਲਿਸ ਵੱਲੋਂ ਜੁਰਮਾਂ ਦੇ ਖਿਲਾਫ ਜੰਗ
ਲੁਧਿਆਣਾ: 27 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਜੁਰਮਾਂ ਦਾ ਸਿਲਸਿਲਾ ਜਾਰੀ ਹੈ। ਲੜਾਈ ਝਗੜੇ, ਫਾਇਰਿੰਗ ਆਮ ਜਿਹੀ ਗੱਲ ਹੋ ਗਈ ਹੈ। ਲੱਗਦਾ ਹੈ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਦਾ ਸੁਪਨਾ ਇੱਕ ਸੁਪਨਾ ਹੀ ਰਹੇਗਾ ਜਿਸ ਵਿੱਚ ਉਹਨਾਂ ਆਖਿਆ ਸੀ:
ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕਿ ਸਰਕਾਰ ਚਲਾਈ ਜਾਏਗੀ,
ਵੋ ਸੁਬਹ ਕਭੀ ਤੋਂ ਆਏਗੀ--ਵੋ ਸੁਬਹ ਕਭੀ ਤੋਂ ਆਏਗੀ..!
ਥਾਣਾ ਡਿਵੀਜ਼ਨ ਨੰਬਰ 4 ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਕੁੰਦਨਪੁਰੀ 'ਚ ਮੰਗਲਵਾਰ ਦੀ ਰਾਤ ਨੂੰ ਲੜਾਈ ਦੌਰਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਦੇ ਮਾਮਲੇ ਵਿਚ ਪੁਲਿਸ ਨੇ ਨਗਰ ਨਿਗਮ ਦੇ ਮੁਲਾਜ਼ਮ, ਉਸਦੇ ਪੁੱਤਰ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਮੋਹਿਤ ਲੋਧੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਆਸ਼ੀਸ਼ ਕੁਮਾਰ ਉਸ ਦੇ ਪਿਤਾ ਬਸੰਤ ਕੁਮਾਰ, ਕੁਲਦੀਪ ਤੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਲੜਾਈ ਦੌਰਾਨ ਪਿਉ ਪੁੱਤਰ ਵੱਲੋਂ ਚਲਾਈ ਗਈ ਗੋਲੀ ਦੌਰਾਨ ਮੋਹਿਤ ਤੇ ਉਸ ਦਾ ਦੋਸਤ ਸ਼ੁਭਮ ਜ਼ਖਮੀ ਹੋ ਗਿਆ ਸੀ। ਜਾਂਚ ਕਰ ਰਹੇ ਅਧਿਕਾਰੀ ਐਸ. ਐਚ ਓ. ਸ. ਗੁਰਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਦੀਵਾਲੀ ਦੇ ਤਿਉਹਾਰ ਮੌਕੇ ਅਜਿਹੀ ਵਾਰਦਾਤ ਨੇ ਆਮ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ।
ਕੇ ਵੀ ਐਮ ਸਕੂਲ ਦੇ ਕਲਰਕ ਨੂੰ ਲੁੱਟ ਲਿਆ
ਲੁਧਿਆਣਾ: ਆਮ ਵਿਅਕਤੀ ਦਾ ਆਉਣਾ ਜਾਣਾ ਸੁਰੱਖਿਅਤ ਨਹੀਂ ਰਿਹਾ। ਕਿਸੇ ਨੂੰ ਵੀ ਕੋਈ ਵੀ ਲੁੱਟ ਸਕਦਾ ਹੈ। ਸਥਾਨਕ ਸਿਵਲ ਸਿਟੀ ਨੇੜੇ ਅੱਜ ਸਵੇਰੇ ਕੁੰਦਨ ਵਿਦਿਆ ਮੰਦਰ ਸਕੂਲ ਦੇ ਕਲਰਕ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਲਿਆ ਤੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪ੍ਰਭਾਵਿਤ ਕਲਰਕ ਸੰਜੀਵ ਕੁਮਾਰ ਨੇ ਦੱਸਿਆ ਕਿ ਸਕੂਲ ਦੀ ਪ੍ਰਿੰਸੀਪਲ ਦੀ ਲੜਕੀ ਦਾ ਬੀਤੀ ਰਾਤ ਵਿਆਹ ਸੀ ਤੇ ਉਹ ਡੋਲੀ ਤੋਰਨ ਉਪਰੰਤ ਘਰ ਵਾਪਸ ਆ ਰਿਹਾ ਸੀ, ਜਦੋਂ ਉਹ ਸਿਵਲ ਸਿਟੀ ਨੇੜੇ ਪਹੁੰਚਿਆ ਤਾਂ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਉਸਨੂੰ ਰੋਕ ਲਿਆ ਤੇ ਨਕਦੀ ਦੀ ਮੰਗ ਕੀਤੀ। ਜਦੋਂ ਉਸਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦਾ ਪਰਸ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਪਰਸ ਵਿਚ 6 ਹਜ਼ਾਰ ਦੀ ਨਕਦੀ ਤੇ ਹੋਰ ਸਮਾਨ ਸੀ। ਪੁਲਿਸ ਜਾਂਚ ਕਰ ਰਹੀ ਹੈ। ਹੁਣ ਦੇਖਣਾ ਹੈ ਕਿ ਲੋਕਾਂ ਵਿੱਚ ਪੁਲਿਸ ਦਾ ਭਰੋਸਾ ਬਹਾਲ ਕਰਨ ਲਈ ਕਿ ਕਦਮ ਚੁੱਕੇ ਜਾਂਦੇ ਹਨ।
ਤਿੰਨ ਕਲੋਨਾਈਜ਼ਰਾਂ ਸਮੇਤ 6 ਖਿਲਾਫ਼ ਕੇਸ ਦਰਜ
ਲੁਧਿਆਣਾ:: ਕੋਈ ਆਮ ਵਿਅਕਤੀ ਛੇਤੀ ਕੀਤਿਆਂ ਆਪਣੇ ਘਰ ਦਾ ਸੁਪਨਾ ਸਾਕਾਰ ਨਹੀਂ ਕਰ ਸਕਦਾ। ਉਮਰ ਲੰਘ ਜਾਂਦੀ ਹੈ ਬੱਚਤਾਂ ਕਰਦਿਆਂ ਅਤੇ ਪੈਸੇ ਜੋੜਦਿਆਂ ਪਾਰ ਠੱਗੀਆਂ ਮਾਰਨ ਵਾਲੇ ਅਖੌਤੀ ਪ੍ਰਾਪਰਟੀ ਡੀਲਰ ਉਸ ਦੇ ਸੁਪਨਿਆਂ ਨੂੰ ਤੋੜਦਿਆਂ ਦੇਰ ਨਹੀਂ ਲਾਉਂਦੇ। ਲੁਧਿਆਣਾ ਪੁਲਿਸ ਨੇ ਜਾਇਦਾਦ ਦੇ ਮਾਮਲੇ 'ਚ ਠੱਗੀ ਕਰਨ ਦੇ ਦੋਸ਼ ਤਹਿਤ ਤਿੰਨ ਕਲੋਨਾਈਜ਼ਰਾਂ ਸਮੇਤ 6 ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਫੁੱਲਾਂਵਾਲ ਵਾਸੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਅਮਿਤ ਕੁਮਾਰ, ਦਿਨੇਸ਼ ਕੁਮਾਰ, ਵਿਜੈ ਕੁਮਾਰ, ਪਰਮਜੀਤ ਸਿੰਘ ਅਤੇ ਪ੍ਰੇਮ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਉਸਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਜਾਂਚ ਕਰ ਰਹੀ ਹੈ। ਕਿ ਸਰਕਾਰ ਆਮ ਲੋਕਾਂ ਨੂੰ ਠੱਗੀ ਰਹੀ ਪ੍ਰਾਪਰਟੀ ਸਿਸਟਮ ਦੇਣ ਵਿੱਚ ਕਦੇ ਕਾਮਯਾਬ ਹੋਵੇਗੀ?
ਪੋਸਟਮਾਰਟਮ 'ਚ ਪਤਾ ਲੱਗੇਗਾ ਰਾਜੇਸ਼ ਸ਼ਰਮਾ ਦੀ ਮੌਤ ਦਾ ਅਸਲੀ ਕਾਰਨ
ਲੁਧਿਆਣਾ: ਸਵੇਰੇ ਉੱਠ ਕੇ ਸੈਰ ਕਰਨ ਗਏ ਵਿਅਕਤੀ ਦੇ ਕੰਨ ਚੇਤੇ ਵੀ ਨਹੀਂ ਹੁੰਦਾ ਕਿ ਮੌਤ ਉਸਦਾ ਇੰਤਜ਼ਾਰ ਕਰ ਰਹੀ ਹੈ। ਪਰ ਸਵੇਰੇ ਸਵੇਰ ਹੋਈ ਮੌਤ ਨੇ ਫਿਰ ਸਾਬਿਤ ਕੀਤਾ ਕਿ ਮੌਤ ਦਾ ਕੋਈ ਸਮਾਂ ਨਿਸਚਿਤ ਨਹੀਂ ਹੁੰਦਾ। ਸਥਾਨਕ ਜੱਸੀਆਂ ਰੋਡ 'ਤੇ ਅੱਜ ਸਵੇਰੇ ਸੈਰ ਕਰਨ ਗਏ ਇਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਵਿਚ ਜਾਂਚ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਥਾਣਾ ਡਿਵੀਜ਼ਨ ਨੰ.-4 ਦੇ ਬਾਹਰ ਧਰਨਾ ਦੇ ਕੇ ਜੋਰਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਜੱਸੀਆਂ ਸੜਕ 'ਤੇ ਰਹਿਣ ਵਾਲਾ ਰਜੇਸ਼ ਸ਼ਰਮਾ (45) ਅੱਜ ਸਵੇਰੇ ਘਰੋ ਸੈਰ ਲਈ ਗਿਆ ਸੀ, ਪਰ ਉਥੇ ਸ਼ੱਕੀ ਹਾਲਾਤ ਵਿਚ ਉਸ ਦੀ ਮੌਤ ਹੋ ਗਈ। ਲੋਕਾਂ ਸੜਕ 'ਤੇ ਲਾਸ਼ ਪਈ ਦੇਖੀ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਮ੍ਰਿਤਕ ਰਜੇਸ਼ ਦੇ ਭਰਾ ਨਿਰਦੋਸ਼ ਨੇ ਦੱਸਿਆ ਕਿ ਰਜੇਸ਼ ਕੁਮਾਰ ਦਾ ਕੁਝ ਵਿਅਕਤੀਆਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਇਹ ਲੋਕ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਰਜੇਸ਼ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਇਕ ਸਾਜਿਸ਼ ਤਹਿਤ ਰਜੇਸ਼ ਦਾ ਕਤਲ ਕੀਤਾ ਗਿਆ ਹੈ ਪਰ ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਦੀ ਬਜਾਏ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਭਲਕੇ ਰਾਜੇਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਰਿਪੋਰਟ ਆਉਣ 'ਤੇ ਉਸ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ, ਉਸ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮਿ੍ਤਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਸੀ।
No comments:
Post a Comment