ਸਮਾਨਤਾ ਮਿਸ਼ਨ ਅਤੇ ਬੇਲਨ ਬ੍ਰਿਗੇਡ ਨੇ ਕੀਤੀ ਭੁੱਖ ਹੜਤਾਲ
ਲੁਧਿਆਣਾ: 25 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਸਾਡੇ ਲੋਕਤੰਤਰ ਦੀ ਇੱਕ ਖਾਸੀਅਤ ਨਾਅਰੇਬਾਜ਼ੀ ਵੀ ਹੈ। ਚੋਣਾਂ ਵੇਲੇ ਨਵੇਂ ਨਵੇਂ ਨਾਅਰੇ ਘੜੇ ਅਤੇ ਲਾਏ ਜਾਂਦੇ ਹਨ। ਚੋਣਾਂ ਲੰਘਦਿਆਂ ਹੀ ਜਦੋਂ ਨਾਅਰੇ ਲਾਉਣ ਵਾਲੇ ਹੀ ਇਹਨਾਂ ਨੂੰ ਭੁੱਲ ਭੁਲਾ ਜਾਂਦੇ ਹਨ ਤਾਂ ਲੋਕ ਇਹਨਾਂ ਨਾਅਰਿਆਂ ਨੂੰ ਯਾਦ ਕਰਾਉਣ ਲਈ ਨਵੇਂ ਜੁਆਬੀ ਨਾਅਰੇ ਘੜ ਕੇ ਲਾਉਣ ਲੱਗ ਜਾਂਦੇ ਹਨ। ਕੁਝ ਅਜਿਹਾ ਹੀ ਮਹਿਸੂਸ ਹੋਇਆ ਅੱਜ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿੱਚ ਜਿੱਥੇ ਬੇਲਨ ਬ੍ਰਿਗੇਡ ਅਤੇ ਸਮਾਨਤਾ ਮਿਸ਼ਨ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਗਈ ਅਤੇ ਧਰਨਾ ਵੀ ਦਿੱਤਾ ਗਿਆ। ਇਸਦੀ ਅਗਵਾਈ ਕਰਨ ਵਾਲਿਆਂ ਵਿੱਚ ਮਾਸਟਰ ਜਸਦੇਵ ਸਿੰਘ ਲਲਤੋਂ, ਅਨੀਤਾ ਸ਼ਰਮਾ ਅਤੇ ਕੁੰਵਰ ਰੰਜਨ ਸਿੰਘ ਵੀ ਸਰਗਰਮ ਸਨ। ਇਸ ਮੌਕੇ ਬੁਰੇ ਦਿਨ ਆਉਣ ਦੇ ਨਾਅਰੇ ਵੀ ਜੋਰ ਸ਼ੋਰ ਨਾਲ ਲੱਗੇ।
ਸਿੱਖਿਆ ਦੇ ਜ਼ਰੂਰੀ ਅਤੇ ਮੁਢਲੇ ਅਧਿਕਾਰ ਦੀ ਰਾਖੀ ਲਈ ਇਹਨਾਂ ਸੰਗਠਨਾਂ ਦਾ ਸੰਘਰਸ਼ ਕਈ ਦਿਨਾਂ ਤੋਂ ਚੱਲ ਰਿਹਾ ਹੈ। ਸਕੂਲਾਂ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਹਨਾਂ ਦੀਆਂ ਮੁਲਾਕਾਤਾਂ ਹੋ ਚੁੱਕੀਆਂ ਹਨ ਪਰ ਗੱਲ ਕਿਸੇ ਸਿਰੇ ਲੱਗਦੀ ਨਜ਼ਰ ਨਹੀਂ ਆਉਂਦੀ। ਇੰਝ ਲੱਗਦਾ ਹੈ ਕਿ ਸਿੱਖਿਆ ਸਿਰਫ ਅਮੀਰ ਲੋਕਾਂ ਲਈ ਰਾਖਵੀਂ ਕਰਨ ਦੀ ਕੋਈ ਗੰਭੀਰ ਸਾਜ਼ਿਸ਼ ਸਿਰੇ ਚੜ੍ਹਾਈ ਜਾ ਰਹੀ ਹੈ। ਜੇ ਇਹ ਸਾਜਿਸ਼ ਸਫਲ ਹੁੰਦੀ ਹੈ ਤਾਂ ਗਰੀਬ ਵਰਗ ਹਮੇਸ਼ਾਂ ਲਈ ਗਰੀਬ ਰਹੀ ਜਾਵੇਗਾ ਜਾਂ ਫਿਰ ਜੁਰਮਾਂ ਦੀ ਹਨੇਰੀ ਸੁਰੰਗ ਵਿੱਚ ਪਹੁੰਚ ਜਾਵੇਗਾ ਜਿੱਥੋਂ ਵਾਪਿਸੀ ਨਹੀਂ ਹੁੰਦੀ।
"ਸਮਾਨਤਾ ਮਿਸ਼ਨ" ਅਤੇ "ਬੇਲਨ ਬ੍ਰਿਗੇਡ" ਜਿਹੇ ਸੰਗਠਨ ਸੰਭਾਵਤ ਖਦਸ਼ਿਆਂ ਕਾਰਣ ਹੀ ਸਿੱਖਿਆ ਦੇ ਅਧਿਕਾਰ ਨੂੰ ਹਰ ਇੱਕ ਵਿਅਕਤੀ ਤੱਕ ਲਿਜਾਣਾ ਚਾਹੁੰਦੇ ਹਨ। ਪਰ ਅਸਮਾਨ ਛੂਹ ਰਹੀਆਂ ਮਹਿੰਗੀਆਂ ਫੀਸਾਂ, ਮਹਿੰਗੀਆਂ ਕਿਤਾਬਾਂ, ਤਰਾਂ ਤਰਾਂ ਦੇ ਫੰਡ ਅਤੇ ਹੋਰ ਖਰਚੇ ਇਸ ਨੇਕ ਇਰਾਦੇ ਨੂੰ ਪੂਰਾ ਕਰਨ ਦੇ ਮਕਸਦ ਨਾਲ ਤੁਰੇ ਕਾਫ਼ਿਲੇ ਦੇ ਰਸਤੇ ਵਿੱਚ ਰੁਕਾਵਟ ਬਣੇ ਹੋਏ ਹਨ। ਸਕੂਲਾਂ ਵਾਲਿਆਂ ਦੀਆਂ ਮਨਮਰਜ਼ੀਆਂ ਅਤੇ ਪ੍ਰਸ਼ਾਸਨ ਦਾ ਢਿੱਲਮਠ ਵਾਲਾ ਰਵਈਆ ਇਸ ਸੰਘਰਸ਼ ਨੂੰ ਨਾਜ਼ੁਕ ਮੋੜ ਵੱਲ ਲੈ ਕੇ ਜਾ ਰਹੇ ਹਨ? ਸਿੱਖਿਆ ਦੇ ਨਿਜੀਕਰਣ ਦੀ ਮੰਗ ਜੋਰ ਫੜ ਰਹੀ ਹੈ। ਲੋਕਾਂ ਕੋਲੋਂ ਫੰਡ ਵਸੂਲ ਕਰਕੇ ਅਮੀਰ ਬਣੇ ਲੋਕਾਂ ਦੀਆਂ ਸੰਪਤੀਆਂ ਦੀ ਜਾਂਚ ਪੜਤਾਲ ਕਰਨ ਅਤੇ ਇਹਨਾਂ ਨੂੰ ਜ਼ਬਤ ਕਰਨ ਦੀ ਮੰਗ ਵੀ ਉਠ ਰਹੀ ਹੈ। ਇਸੇ ਆਪ ਨੂੰ ਕਿਸੇ ਨ ਕਿਸੇ ਲੀਡਰ ਜਾਂ ਅਧਿਕਾਰੀ ਦਾ ਦੱਸਣ ਬੰਦਾ ਦੱਸਣ ਵਾਲਿਆਂ ਦੀ ਭੀੜ ਵੀ ਇਹਨਾਂ ਅੰਦੋਲਨਕਾਰੀਆਂ ਦੁਆਲੇ ਲਗਾਤਾਰ ਵਧ ਰਹੀ ਹੈ। ਹੁਣ ਦੇਖਣਾ ਹੈ ਕਿ ਇਹ ਸੰਘਰਸ਼ ਵਿਚੋਲੀਏ ਅਤੇ ਦਲਾਲਾਂ ਤੋਂ ਬਚਦਾ ਹੋਇਆ ਕਿੰਨੀ ਕੁ ਜਲਦੀ ਸਫਲ ਹੁੰਦਾ ਹੈ।
No comments:
Post a Comment