ਗਲਾ ਘੁੱਟਣ ਦੀ ਕੀਤੀ ਕੋਸ਼ਿਸ਼-ਸਾਥੀਆਂ ਨੇ ਆ ਕੇ ਬਚਾਇਆ
ਮੁੰਬਈ//ਲੁਧਿਆਣਾ: 24 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ 'ਤੇ ਫੇਰ ਹਮਲਾ ਹੋਇਆ ਹੈ। ਐਤਵਾਰ ਨੂੰ ਮੁੰਬਈ ਤੋਂ ਪੁਣੇ ਦੀ ਇੱਕ ਫਲਾਈਟ 'ਚ ਇੱਕ ਸ਼ਖਸ ਨੇ ਕਨੱਈਆ ਕੁਮਾਰ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਕਨੱਈਆ ਨੇ ਹਮਲਾਵਰ ਨੂੰ ਭਾਜਪਾ ਹਮਾਇਤੀ ਦੱਸਿਆ ਅਤੇ ਨਾਲ ਹੀ ਏਅਰਲਾਈਨ 'ਤੇ ਹਮਲਾਵਰ ਵਿਰੁੱਧ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਦੂਜੇ ਪਾਸੇ ਏਅਰਲਾਈਨ ਨੇ ਕਨੱਈਆ ਕੁਮਾਰ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਵਿਸਥਾਰ ਸਾਹਿਤ ਅੱਜ ਸੀਪੀਆਈ ਆਗੂ ਕਾਮਰੇਡ ਅਮਰਜੀਤ ਕੌਰ ਨੇ ਇੱਕ ਸੈਮੀਨਾਰ ਦੌਰਾਨ ਦਿੱਤੀ।
ਇਸ ਤੋਂ ਇਲਾਵਾ ਕਨੱਈਆ ਨੇ ਵੀ ਟਵਿਟਰ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਜਹਾਜ਼ ਅੰਦਰ ਇੱਕ ਵਿਅਕਤੀ ਨੇ ਮੇਰਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਘਟਨਾ ਮਗਰੋਂ ਜੈੱਟ ਏਅਰਵੇਜ਼ ਦੇ ਸਟਾਫ਼ ਨੇ ਉਸ ਵਿਅਕਤੀ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਨੇ ਮੇਰੇ 'ਤੇ ਹਮਲਾ ਕੀਤਾ ਸੀ। ਕਨੱ੍ਹਈਆ ਨੇ ਕਿਹਾ ਕਿ ਹਮਲਾਵਰ ਦਾ ਪੂਰਾ ਨਾਂਅ ਮਾਨਸ ਦਾਸ ਅਤੇ ਉਹ ਟੀ ਸੀ ਐੱਸ 'ਚ ਮੁਲਾਜ਼ਮ ਹੋਣ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦਾ ਹਮਾਇਤੀ ਹੈ। ਇਸ ਦੇ ਨਾਲ ਹੀ ਕਨੱ੍ਹਈਆ ਨੇ ਸੁਆਲ ਕੀਤਾ ਕਿ ਕੀ ਹਮਲਾ ਹੀ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਇਕੋ-ਇੱਕ ਤਰੀਕਾ ਹੈ। ਉਧਰ ਜੈੱਟ ਏਅਰਵੇਜ਼ ਨੇ ਇਸ ਬਾਰੇ ਪੁੱਛਣ 'ਤੇ ਕਿਹਾ ਕਿ ਮੁੰਬਈ ਤੋਂ ਪੁਣੇ ਦੀ ਫਲਾਈਟ ਦੌਰਾਨ ਕੁਝ ਲੋਕਾਂ ਨੂੰ ਸੁਰੱਖਿਆ ਕਰਕੇ ਜਹਾਜ਼ ਤੋਂ ਲਾਹ ਦਿੱਤਾ ਗਿਆ, ਕਿਉਂਕਿ ਜੈੱਟ ਲਈ ਅਮਲੇ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।
No comments:
Post a Comment