ਲੁਧਿਆਣਾ ਵਿੱਚ ਰੋਹ ਭਰਿਆ ਪਰ ਸ਼ਾਂਤ ਰੋਸ ਮਾਰਚ
ਲੁਧਿਆਣਾ: 15 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਕਈ ਦਿਨ ਬੀਤ ਜਾਣ ਦੇ ਬਾਵਜੂਦ ਮਾਤਾ ਚੰਦ ਕੌਰ ਦੇ ਕਾਤਲਾਂ ਦਾ ਪਤਾ ਨਾ ਲੱਗਣ ਤੇ ਨਾਮਧਾਰੀ ਸੰਗਤ ਵਿੱਚ ਨਿਰਾਸ਼ਾ ਵਧ ਰਹੀ ਹੈ। ਚੇਤੇ ਰਹੇ ਕਿ ਸਾਹਿਬ ਵਿਖੇ ਮਾਤਾ ਚੰਦਕੌਰ ਨੂੰ ਦੋ ਅਣਪਛਾਤੇ ਸ੍ਰੀ ਭੈਣੀਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨਾਮਧਾਰੀ ਸੰਪਰਦਾ ਦੇ ਦੋਵੇਂ ਪ੍ਰਮੁਖ ਧੜੇ ਸ੍ਰੀ ਭੈਣੀ ਸਾਹਿਬ ਵਿਖੇ ਹੋਏ ਇਸ ਵਹਿਸ਼ੀਆਨਾ ਕਤਲ ਨੂੰ ਲੈ ਕੇ ਇੱਕ ਦੂਜੇ ਵੱਲ ਉਂਗਲ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਇਹ ਮਾਮਲਾ ਸਰਗਰਮ ਹੈ।
ਸ੍ਰੀ ਭੈਣੀ ਸਾਹਿਬ ਵਿਚ ਪਿਛਲੇ ਦਿਨੀਂ ਹਥਿਆਰਬੰਦ ਨੌਜਵਾਨਾਂ ਵੱਲੋਂ ਕਤਲ ਕੀਤੀ ਸਵ: ਸਤਿਗੁਰੂ ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਗਿ੍ਫਤਾਰ ਕਰਨ ਦੀ ਮੰਗ ਨੂੰ ਲੈ ਕੇ ਨਾਮਧਾਰੀ ਸੰਗਤ ਵੱਲੋਂ ਅੱਜ ਰੋਹ ਭਰਿਆ ਪਰ ਸ਼ਾਂਤ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿਚ ਨਾਮਧਾਰੀ ਸੰਗਤ ਸਿਮਰਨ ਕਰ ਰਹੀ ਸੀ, ਇਹ ਮਾਰਚ ਫੀਲਡ ਗੰਜ ਸਥਿਤ ਸ਼ਹੀਦੀ ਸਮਾਰਕ ਤੋਂ ਸ਼ੁਰੂ ਹੋਇਆ ਤੇ ਮਿੰਨੀ ਸਕੱਤਰੇਤ ਵਿਖੇ ਜਾ ਕੇ ਸਮਾਪਤ ਹੋਇਆ। ਉਥੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਸੁਰਿੰਦਰ ਸਿੰਘ ਨਾਮਧਾਰੀ ਨੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਏ. ਡੀ. ਸੀ. ਅਜੈ ਸੂਦ ਨੂੰ ਇਕ ਮੰਗ ਪੱਤਰ ਵੀ ਦਿੱਤਾ ਤੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਗਿ੍ਫਤਾਰ ਕਰਨ ਦੀ ਮੰਗ ਕੀਤੀ। ਪੁਲਿਸ ਕਮਿਸ਼ਨਰ ਸ. ਔਲਖ ਨੇ ਨਾਮਧਾਰੀ ਸੰਗਤ ਨੂੰ ਭਰੋਸਾ ਦਿਵਾਇਆ ਕਿ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਪੁਲਿਸ ਜਲਦ ਗਿ੍ਫਤਾਰ ਕਰ ਲਵੇਗੀ। ਇਸ ਤੋਂ ਪਹਿਲਾਂ ਨਾਮਧਾਰੀ ਸੰਪਰਦਾਇ ਨਾਲ ਸਬੰਧਿਤ ਸੈਂਕੜੇ ਲੋਕ ਫੀਲਡ ਗੰਜ ਸਥਿਤ ਸ਼ਹੀਦੀ ਸਮਾਰਕ 'ਤੇ ਇਕੱਠੇ ਹੋਏ ਅਤੇ ਇਨ੍ਹਾਂ ਲੋਕਾਂ ਨੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਦੀ ਮੰਗ ਨੂੰ ਲੈ ਕੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ। ਪੁਲਿਸ ਵੱਲੋਂ ਰੋਸ ਮਾਰਚ ਦੇ ਰਸਤੇ 'ਤੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹੋਏ ਸਨ। ਇਥੇ ਵਰਣਯੋਗ ਹੈ ਕਿ 11 ਦਿਨ ਪਹਿਲਾਂ 4 ਅਪ੍ਰੈਲ ਨੂੰ ਸ੍ਰੀ ਭੈਣੀ ਸਾਹਿਬ ਵਿਚ ਦੋ ਹਥਿਆਰਬੰਦ ਨੌਜਵਾਨਾਂ ਵੱਲੋਂ ਮਾਤਾ ਚੰਦ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸ੍ਰੀ ਭੈਣੀ ਸਾਹਿਬ ਵਿਖੇ ਅਜਿਹੀ ਘਿਨਾਉਣੀ ਵਾਰਦਾਤ ਖਾੜਕੂਵਾਦ ਵੇਲੇ ਵੀ ਨਹੀਂ ਸੀ ਵਾਪਰੀ। ਨਾਮਧਾਰੀ ਸੰਗਤ ਵੱਲੋਂ ਪੁਲਿਸ ਕਮਿਸ਼ਨਰ ਨੂੰ ਦਿੱਤੇ ਗਏ ਮੰਗ ਪੱਤਰ ਵਿਚ ਸ਼ੱਕ ਦੇ ਅਧਾਰ 'ਤੇ ਕੁਝ ਵਿਅਕਤੀਆਂ ਦੇ ਨਾਂਅ ਦੱਸੇ ਹਨ ਅਤੇ ਪੁਲਿਸ ਕਮਿਸ਼ਨਰ ਨੂੰ ਇਨ੍ਹਾਂ ਵਿਅਕਤੀਆਂ ਦੀ ਪੁੱਛ ਪੜਤਾਲ ਕਰਨ ਲਈ ਵੀ ਕਿਹਾ ਹੈ। ਪੁਲਿਸ ਕਮਿਸ਼ਨਰ ਦਫਤਰ ਵਿਚ ਨਾਮਧਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਆਗੂ ਸੁਰਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਨਾਮਧਾਰੀ ਸੰਗਤ ਉਨੀ ਦੇਰ ਤੱਕ ਚੁੱਪ ਕਰਕੇ ਨਹੀਂ ਬੈਠੇਗੀ ਜਿੰਨੀ ਦੇਰ ਤੱਕ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਉਨ੍ਹਾਂ ਵੱਲੋਂ ਕੀਤੇ ਇਸ ਘਿਨਾਉਣੀ ਘਟਨਾ ਦੀ ਸਜ਼ਾ ਨਹੀਂ ਮਿਲ ਜਾਂਦੀ। ਉਨ੍ਹਾਂ ਪੁਲਿਸ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਗਿ੍ਫਤਾਰ ਕਰਵਾਉਣ ਲਈ ਉਨ੍ਹਾਂ ਵੱਲੋਂ ਕੀਤੇ ਜਾਣ ਵਾਲਾ ਹਰੇਕ ਸੰਘਰਸ਼ ਸ਼ਾਂਤੀਪੂਰਨ ਹੋਵੇਗਾ। ਇਸੇ ਦੌਰਾਨ ਨਾਮਧਾਰੀ ਸੰਗਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸੁਆਲਾਂ ਦੀ ਚਰਚਾ ਵੀ ਕਰ ਰਹੀ ਹੈ। ਸੋਸ਼ਲ ਮੀਡੀਆ'ਤੇ ਇਸ ਸਮੇਂ ਨੂੰ ਭਿਆਨਕ ਕਲਯੁਗ ਦੱਸਦਿਆਂ ਕਿਹਾ ਗਿਆ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਨਵੇਂ ਸਰੂਪ ਨੂੰ ਪਛਾਣ ਕਰਕੇ ਸਾਹਮਣੇ ਲਿਆਉਣ ਦਾ ਵੇਲਾ ਆ ਗਿਆ ਹੈ।
No comments:
Post a Comment