ਜਨਰਲ ਸਕੱਤਰ ਦੇ ਅਹੁਦੇ ਲਈ ਡਾ: ਸੁਰਜੀਤ ਬਿਨਾ ਮੁਕਾਬਲਾ ਜੇਤੂ
ਲੁਧਿਆਣਾ : 17 ਅਪ੍ਰੈਲ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਲੁਧਿਆਣਾ ਵਿੱਚ ਲੇਖਕਾਂ ਦੀਆਂ ਚੋਣਾਂ ਦੌਰਾਨ ਪੰਜਾਬੀ ਭਵਨ ਵਿੱਚ ਪੂਰੀ ਗਹਿਮਾਗਹਿਮੀ ਰਹੀ। ਵੋਟਾਂ ਪਾਉਣ ਆਏ ਮੈਂਬਰ ਭਾਵੇਂ ਥੋਹੜੇ ਸਨ ਪਰ ਫਿਰ ਵੀ ਰੋਣਕਾਂ ਪੂਰੀਆਂ ਸਨ। ਇਸਦੇ ਬਾਵਜੂਦ ਅੱਜ ਪਹਿਲਾਂ ਵਾਲੀ ਗੱਲ ਨਹੀਂ ਸੀ। ਦੂਜੇ ਸ਼ਹਿਰਾਂ ਚੋਂ ਆਏ ਹੋਏ ਲੇਖਕ ਵੋਟਰਾਂ ਵਿੱਚੋਂ ਜ਼ਿਆਦਾਤਰ ਬਾਅਦ ਦੁਪਹਿਰ ਨੂੰ ਹੀ ਵਾਪਿਸ ਚਲੇ ਗਏ। ਨਾ ਰਸਤਿਆਂ ਦੀ ਦੂਰੀ ਵਧੀ ਸੀ ਅਤੇ ਨਾ ਹੀ ਮੌਸਮ ਦੀ ਗਰਮੀ ਪਰ ਪਤਾ ਨਹੀਂ ਕਿਓਂ ਲੇਖਕਾਂ ਵਿੱਚ ਅੱਜ ਉਹ ਪਹਿਲਾਂ ਵਾਲਾ ਜੋਸ਼ ਨਜ਼ਰ ਨਹੀ ਸੀ ਆ ਰਿਹਾ। ਨਵੀਂ ਟੀਮ ਭਵਿੱਖ ਦੀਆਂ ਚੋਣਾਂ ਲਈ ਆਨਲਾਈਨ ਵੋਟਿੰਗ ਦੇ ਸਿਸਟਮ ਨੂੰ ਵੀ ਪਹਿਲ ਦੇ ਆਧਾਰ ਤੇ ਲਾਗੂ ਕਰਾਉਣ ਦੀ ਕੋਸ਼ਿਸ਼ ਕਰੇਗੀ। ਇਸ ਨਾਲ ਪੋਲਿੰਗ ਦਰ ਵਿੱਚ ਨਿਸਚੇ ਹੀ ਵਾਧਾ ਹੋਵੇਗਾ। ਨਾਮਧਾਰੀ ਸੰਪਰਦਾ ਅਤੇ ਉਹਨਾਂ ਦਾ ਸਾਤਵਿਕ ਸੁਆਦੀ ਲੰਗਰ ਅੱਜ ਗੈਰ ਹਾਜ਼ਰ ਜਹੇ ਮਹਿਸੂਸ ਹੋਏ। ਸ਼ਾਇਦ ਮਾਤਾ ਚੰਦ ਕੌਰ ਹੁਰਾਂ ਦੇ ਵਹਿਸ਼ੀਆਨਾ ਕਤਲ ਕਰਕੇ ਅਜੇ ਤੱਕ ਸਭ ਕੁਝ ਪਹਿਲਾਂ ਵਾਂਗ ਆਮ ਨਹੀਂ ਹੋ ਸਕਿਆ। ਇਸ ਗਮ ਨੂੰ ਅੱਜ ਚੋਣਾਂ ਦੌਰਾਨ ਆਏ ਲੇਖਕਾਂ ਵਿੱਚ ਵੀ ਮਹਿਸੂਸ ਕੀਤਾ ਗਿਆ। ਇਸ ਵਾਰ ਮਹਿਲਾ ਵੋਟਰਾਂ ਦੀ ਗਿਣਤੀ ਵੀ ਘੱਟ ਸੀ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਦੇਰ ਰਾਤ ਮੁਕੰਮਲ ਹੋਈ ਚੋਣ ਵਿਚ ਡਾ. ਸੁਖਦੇਵ ਸਿੰਘ ਸਿਰਸਾ ਸਿੱਧੇ ਮੁਕਾਬਲੇ ਵਿਚ ਕਸ਼ਮੀਰੀ ਲਾਲ ਚਾਵਲਾ ਨੂੰ ਹਰਾ ਕੇ ਮੁੜ ਪ੍ਰਧਾਨ ਚੁਣੇ ਗਏ ਹਨ। ਅਕਾਡਮੀ ਦੇ ਲਗਪਗ 1700 ਮੈਂਬਰਾਂ ਵਿਚੋਂ ਕੁੱਲ 669 ਵੋਟਰਾਂ ਨੇ ਇਸ ਚੋਣ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿਚੋਂ ਡਾ: ਸਿਰਸਾ ਨੂੰ 559 ਵੋਟਾਂ ਜਦਕਿ ਸ੍ਰੀ ਚਾਵਲਾ ਨੂੰ ਸਿਰਫ਼ 104 ਵੋਟਾਂ ਮਿਲੀਆਂ ਅਤੇ 6 ਵੋਟਾਂ ਰੱਦ ਹੋ ਗਈਆਂ। ਡਾ. ਸਿਰਸਾ ਲਗਾਤਾਰ ਦੂਜੀ ਵਾਰ ਅਕਾਡਮੀ ਦੇ ਪ੍ਰਧਾਨ ਚੁਣੇ ਗਏ ਜਦਕਿ ਜਨਰਲ ਸਕੱਤਰ ਦੇ ਅਹੁਦੇ ਲਈ ਡਾ: ਸੁਰਜੀਤ ਪਹਿਲਾਂ ਹੀ ਬਿਨਾ ਮੁਕਾਬਲਾ ਜੇਤੂ ਬਣ ਚੁੱਕੇ ਹਨ।
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ: ਅਨੂਪ ਸਿੰਘ ਬਟਾਲ਼ਾ ਆਪਣੇ ਵਿਰੋਧੀ ਕੁਲਦੀਪ ਸਿੰਘ ਬੇਦੀ ਨੂੰ ਫਸਵੇਂ ਮੁਕਾਬਲੇ ਦੌਰਾਨ ਸਿਰਫ਼ 6 ਵੋਟਾਂ ਦੇ ਫ਼ਰਕ ਨਾਲ ਹਰਾਇਆ। ਦਿਲਚਸਪ ਤੱਥ ਇਹ ਹੈ ਕਿ ਡਾ: ਅਨੂਪ ਸਿੰਘ ਨੇ ਚੋਣ ਮੈਦਾਨ ਵਿਚੋਂ ਹਟ ਜਾਣ ਬਾਰੇ ਚੋਣ ਅਧਿਕਾਰੀ ਨੂੰ ਪੱਤਰ ਵੀ ਭੇਜ ਦਿੱਤਾ ਸੀ ਪਰ ਚੋਣ ਅਧਿਕਾਰੀ ਨੇ ਉਨ੍ਹਾਂ ਦੀ ਨਾਮਜਦਗੀ ਵਾਪਸ ਕਰਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਨਾਮਜਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ 3 ਅਪ੍ਰੈਲ ਸੀ ਪਰ ਉਨ੍ਹਾਂ ਦਾ ਪੱਤਰ ਚੋਣ ਅਧਿਕਾਰੀ ਨੂੰ ਬਾਅਦ ਵਿਚ ਮਿਲਿਆ। ਇਸ ਦੇ ਬਾਵਜੂਦ ਵੋਟਰਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਡਾ: ਅਨੂਪ ਸਿੰਘ ਨੂੰ ਜਿਤਾ ਦਿੱਤਾ। ਡਾ. ਅਨੂਪ ਸਿੰਘ ਨੂੰ 316 ਵੋਟਾਂ ਅਤੇ ਕੁਲਦੀਪ ਸਿੰਘ ਬੇਦੀ ਨੂੰ 310 ਵੋਟਾਂ ਪਈਆਂ ਜਦਕਿ 41 ਵੋਟਾਂ ਰੱਦ ਹੋ ਗਈਆਂ। ਇਸ ਤੋਂ ਪਹਿਲਾਂ ਵੀ ਡਾ. ਅਨੂਪ ਸਿੰਘ ਅਕਾਡਮੀ ਦੇ ਸੀਨੀ: ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ’ਤੇ ਰਹਿ ਚੁੱਕੇੇ ਹਨ।
ਸ਼ਾਂਤਮਈ ਤਰੀਕੇ ਨਾਲ ਮੁਕੰਮਲ ਹੋਈ ਚੋਣ ਪ੍ਰਕਿਰਿਆ ਵਿਚ ਵੋਟਰਾਂ ਨੇ ਚੋਖਾ ਉਤਸ਼ਾਹ ਵਿਖਾਇਆ। ਦੇਰ ਰਾਤ ਨਤੀਜਿਆਂ ਦਾ ਐਲਾਨ ਮੁੱਖ ਚੋਣ ਅਧਿਕਾਰੀ ਮਲਕੀਅਤ ਸਿੰਘ ਔਲਖ ਨੇ ਕੀਤਾ। ਮੀਤ ਪ੍ਰਧਾਨ ਦੇ ਅਹੁਦੇ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਖਿੱਤੇ ਵਿਚੋਂ ਚਾਰ ਮੀਤ ਪ੍ਰਧਾਨ ਚੁਣੇ ਗਏ ਹਨ। ਜਿਨ੍ਹਾਂ ਵਿਚ ਖੁਸ਼ਵੰਤ ਬਰਗਾੜੀ, ਤਰੈਲੋਚਨ ਲੋਚੀ, ਡਾ: ਗੁਰਚਰਨ ਕੌਰ ਕੋਚਰ, ਸੁਰਿੰਦਰ ਸਿੰਘ ਕੈਲੇ ਸ਼ਾਮਿਲ ਹਨ। ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰ ਦੇ ਮੀਤ ਪ੍ਰਧਾਨਾਂ ਵਿਚ ਡਾ: ਸੁਦਰਸ਼ਨ ਗਾਸੋ ਜੇਤੂ ਰਹੇ। ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਿਚ ਸਹਿਜਪ੍ਰੀਤ ਸਿੰਘ ਮਾਂਗਟ, ਸ੍ਰੀ ਰਾਮ ਅਰਸ਼, ਭੁਪਿੰਦਰ ਸਿੰਘ ਸੰਧੂ ਅੰਮਿ੍ਰਤਸਰ, ਅਜੀਤ ਪਿਆਸਾ, ਸਰੂਪ ਸਿੰਘ ਅਲੱਗ, ਸੁਖਦਰਸ਼ਨ ਗਰਗ, ਹਰਪ੍ਰੀਤ ਹੁੰਦਲ, ਗੁਲਜ਼ਾਰ ਸਿੰਘ ਸ਼ੌਂਕੀ, ਭਗਵੰਤ ਸਿੰਘ ਸੰਗਰੂਰ, ਮਨਜਿੰਦਰ ਸਿੰਘ ਧਨੋਆ, ਭਗਵੰਤ ਸਿੰਘ ਰਸੂਲਪੁਰੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਡਾ: ਸ਼ਰਨਜੀਤ ਕੌਰ, ਦਵਿੰਦਰ ਦਿਲਰੂਪ, ਹਰਵਿੰਦਰ ਸਿਰਸਾ ਅਤੇ ਹਰਦੇਵ ਸਿੰਘ ਗਰੇਵਾਲ ਵੀ ਪ੍ਰਬੰਧਕੀ ਬੋਰਡ ਦੇ ਮੈਂਬਰ ਵਜੋਂ ਪਹਿਲਾਂ ਹੀ ਬਿਨਾ ਮੁਕਾਬਲਾ ਜਿੱਤ ਚੁੱਕੇ ਹਨ। ਮੁੱਖ ਚੋਣ ਅਧਿਕਾਰੀ ਦੇ ਨਾਲ਼ ਸਹਾਇਕ ਚੋਣ ਅਧਿਕਾਰੀ ਹਕੀਕਤ ਸਿੰਘ ਮਾਂਗਟ, ਡਾ. ਕੁਲਵਿੰਦਰ ਕੌਰ ਮਿਨਹਾਸ, ਪ੍ਰੋ. ਕੁਲਵੰਤ ਸਿੰਘ ਅਤੇ ਬਲਵੰਤ ਸਿੰਘ ਨੇ ਵੋਟਰਾਂ, ਉਮੀਦਵਾਰ ਅਤੇ ਪ੍ਰਬੰਧਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਜੇਤੂ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਹਰਮੀਤ ਵਿਦਿਆਰਥੀ ਵੱਲੋਂ ਕਿਤਾਬ ਬਾਜ਼ਾਰ ਬਾਰੇ ਉਠਾਈ ਆਵਾਜ਼ ਰੰਗ ਲਿਆਈ। ਕਿਤਾਬ ਬਾਜ਼ਾਰ ਖੁਲ੍ਹਿਆ ਅਤੇ ਕਰੀਬ ਇੱਕ ਲੱਖ ਰੁਪਏ ਦੀਆਂ ਕਿਤਾਬਾਂ ਵਿਕੀਆਂ। ਕਮਿਸ਼ਨ ਅਤੇ ਖਰਚੇ ਕਢ ਕੇ ਕਰੀਬ 60 ਹਜ਼ਾਰ ਰੁਪਏ ਦਾ ਮੁਨਾਫਾ ਹੋਇਆ।
No comments:
Post a Comment