Sunday, April 10, 2016

ਫਿਰ ਹੋਇਆ ਗੁਰਸ਼ਰਨ ਭਾਅ ਜੀ ਦੀ ਮੌਜੂਦਗੀ ਦਾ ਅਹਿਸਾਸ

ਪਲਸ ਮੰਚ ਦੀ ਨਵੀਂ ਚੋਣ ਵਿੱਚ ਬਣੇ ਅਮੋਲਕ ਸਿੰਘ ਪ੍ਰਧਾਨ
ਲੁਧਿਆਣਾ, 10 ਅਪ੍ਰੈਲ 2016; (ਪੰਜਾਬ ਸਕਰੀਨ ਬਿਊਰੋ):

ਕਲਾ ਨੂੰ ਲੋਕ ਭਲੇ ਦੀ ਜੰਗ ਦੌਰਾਨ ਹਥਿਆਰ ਵਾਂਗ ਵਰਤਣਾ ਸਿਖਾਉਣ ਵਾਲੇ ਗੁਰਸ਼ਰਨ ਭਾਅ ਜੀ ਦਾ ਸੁਪਨਾ ਅੱਜ ਇੱਕ ਵਾਰ ਫੇਰ ਸਾਕਾਰ ਹੋਣ ਦੇ ਨੇੜੇ ਹੁੰਦਾ ਜਾਪਿਆ। ਉਹਨਾਂ ਵੱਲੋਂ ਸਥਾਪਿਤ ਪੰਜਾਬ ਲੋਕ ਸੱਭਿਆਚਾਰਕ ਮੰਚ ਪੁਲਾਂਘਾਂ ਪੁੱਟਦਾ ਮਹਿਸੂਸ ਹੋਇਆ। ਫਿਰਕੂ ਅਤੇ ਫ਼ਾਸ਼ੀ ਹਨੇਰੀਆਂ ਤੇਜ਼ ਹੋਣ ਤੋਂ ਬਾਅਦ ਪਲਸ ਮੰਚ ਇੱਕ ਵਾਰ ਫੇਰ ਲੋਕਾਂ ਦੀ ਧਿਰ ਬਣ ਕੇ ਆ ਡਟਿਆ। ਹਿੰਦੂ ਰਾਸ਼ਟਰ ਅਤੇ ਸਿੱਖ ਰਾਸ਼ਟਰ ਦੀ ਬਹਿਸ ਦੌਰਾਨ ਮਜ਼ਬੂਤ ਲੋਕ ਰਾਸ਼ਟਰ ਦੀ ਕਾਇਮੀ ਦਾ ਸੰਕਲਪ ਦੋਹਰਾਇਆ ਗਿਆ। ਦੀਵਾਰਾਂ ਤੇ ਲੱਗੀਆਂ ਸ਼ਹੀਦ ਭਗਤ ਸਿੰਘ ਦੀਆਂ ਟੂਕਾਂ ਇਸ ਆਯੋਜਨ ਦੇ ਮਕਸਦ ਨੂੰ ਸਵਾਗਤੀ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸਪਸ਼ਟ ਕਰ ਰਹੀਆਂ ਸਨ। ਪੰਜਾਬ ਨਾਲ ਹੁੰਦੀਆਂ ਸਾਜ਼ਿਸ਼ਾਂ ਅਤੇ ਖੂਨ ਖਰਾਬੇ ਨੂੰ ਹੱਡੀਂ ਹੰਢਾਉਣ ਵਾਲੀ ਅਮੋਲਕ ਸਿੰਘ, ਕੰਵਲਜੀਤ ਖੰਨਾ ਅਤੇ ਕਸਤੂਰੀ ਲਾਲ ਦੀ ਟੀਮ ਅੱਜ ਉਮਰ ਵਧਣ ਦੇ ਬਾਵਜੂਦ ਪੁਰਾਣੇ ਜੋਸ਼ੋ ਖਰੋਸ਼ ਨਾਲ ਕਾਇਮ ਸੀ। ਪਲਸ ਮੰਚ ਦਾ ਸੂਬਾਈ ਇਜਲਾਸ ਅੱਜ ਪੰਜਾਬੀ ਭਵਨ ਵਿਖੇ ਸਫ਼ਲਤਾਪੂਰਕ ਢੰਗ ਨਾਲ ਨੇਪਰੇ ਚੜ੍ਹਿਆ।
ਲੋਕਾਂ ਨਾਲ ਹੁੰਦੀਆਂ ਆ ਰਹੀਆਂ ਵਧੀਕੀਆਂ ਦਾ ਸਿਲਸਿਲਾ ਵੀ ਪੁਰਾਣਾ ਹੈ ਅਤੇ ਇਹਨਾਂ ਦੇ ਖਿਲਾਫ਼ ਖੜੇ ਹੁੰਦੇ ਰਹੇ ਸੰਗਰਾਮਾਂ ਦੀ ਗਾਥਾ ਵੀ ਲਗਾਤਾਰ ਨਿੱਤ ਨਵੀਂ ਤੋਂ ਨਵੀਂ ਹੁੰਦੀ ਰਹੀ ਹੈ। ਇਹ ਸਿਲਸਿਲਾ ਸੱਤਰਵਿਆਂ ਦੀ ਦਹਿਸ਼ਤ ਵੇਲੇ ਵੀ ਜਾਰੀ ਰਿਹਾ ਅਤੇ ਅੱਸੀਵਿਆਂ ਦੇ ਖੂਨੀ ਦਹਾਕੇ ਦੌਰਾਨ ਵੀ। ਇਹਨਾਂ ਸੰਗ੍ਰਾਮਾਂ ਨੂੰ ਉਭਾਰਨ ਲਈ ਜਿਹੜੇ ਲੋਕ ਆਪਣੇ ਸੁੱਖਾਂ ਨੂੰ ਛੱਡ ਕੇ ਅੱਗੇ ਆਏ ਉਹਨਾਂ ਵਿੱਚ ਗੁਰਸ਼ਰਨ ਭਾਅ ਜੀ ਦਾ ਨਾਮ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਜਦੋਂ ਬੋਲਣ ਵਾਲੇ ਡਰ ਜਾਂ ਲਾਲਚਾਂ ਕਾਰਣ ਮਚਲੇ ਬਣ ਗਏ ਸਨ ਉਦੋਂ ਗੁਰਸ਼ਰਨ ਭਾਅ ਜੀ ਦੀ ਆਵਾਜ਼ ਗੂੰਜਦੀ ਸੀ। ਨੁੱਕੜ ਨਾਟਕਾਂ ਰਾਹੀਂ ਹਲੂਣਾ ਦੇਂਦੀ ਸੀ। ਉਹਨਾਂ ਦੇ ਤੁਰ ਜਾਣ ਮਗਰੋਂ ਵੀ ਉਹ ਆਵਾਜ਼ ਬੁਲਾ ਰਹੀ ਹੈ ਸੰਘਰਸ਼ਾਂ ਦਾ ਸੱਦਾ ਦੇਂਦੀ ਹੈ। ਪਲਸ ਮੰਚ ਉਸ ਆਵਾਜ਼ ਨੂੰ ਹੀ ਅੱਗੇ ਲਿਜਾ ਰਿਹਾ ਹੈ। ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਹੋਏ ਪਲਸ ਮੰਚ ਦੇ ਸੂਬਾਈ ਸਮਾਗਮ ਦੌਰਾਨ ਇਸ ਆਵਾਜ਼ ਨੂੰ ਹੋਰ ਅੱਗੇ ਲਿਜਾਣ ਦਾ ਸੰਕਲਪ ਕੀਤਾ ਗਿਆਤਾਂਕਿ ਚੰਗੇ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਹੋ ਸਕੇ। 
ਇਸ ਅਜਲਾਸ ਦੌਰਾਨ ਸੂਬਾ ਕਮੇਟੀ ਦੇ ਬੀਤੇ ਸੈਸ਼ਨ ਦੀਆਂ ਸਰਗਰਮੀਆਂ ਵਾਲੀ ਮੂਲਾਂਕਣ ਰਿਪੋਰਟ 'ਤੇ ਗੰਭੀਰ ਸਾਰਥਕ ਚਰਚਾ ਹੋਈ।  ਇਜਲਾਸ ਨੇ ਸਰਗਰਮੀਆਂ ਵਿਚੋਂ ਨਿਕਲੇ ਤਜਰਬਿਆਂ ਨੂੰ ਭਵਿੱਖ 'ਚ ਸੰਭਾਲਣ, ਊਣਤਾਈਆਂ 'ਤੇ ਕਾਬੂ ਪਾਉਣ ਦੀ ਬਾਰੀਕੀ ਅਤੇ ਸੰਵੇਦਨਾ ਭਰੀ ਪਹੁੰਚ ਅਪਣਾਉਂਦਿਆਂ ਅਗਲੇ ਸ਼ੈਸਨ ਲਈ ਮਹੱਤਵਪੂਰਨ ਕਾਰਜ ਹੱਥ ਲੈਣ ਦਾ ਨਿਰਣਾ ਲਿਆ ਹੈ।ਇਸ ਮੌਕੇ ਇਜਲਾਸ ਦੌਰਾਨ ਫ਼ੈਸਲਾ ਕੀਤਾ ਕਿ ਅਗਲੇ ਵਰ੍ਹੇ ਵੀ ਸੰਸਥਾਗਤ ਰੂਪ 'ਚ ਮੰਚ ਦਾ ਹਰ ਪੱਧਰ 'ਤੇ ਜਥੇਬੰਦਕ ਢਾਂਚਾ ਉਸਾਰਨ, ਮਜ਼ਬੂਤ ਕਰਨ ਤੇ ਸਾਹਿਤਕ ਸੱਭਿਆਚਾਰਕ ਕਾਮਿਆਂ ਅੰਦਰ ਪ੍ਰਤੀਬੱਧਤਾ, ਨਿਸ਼ਚਾ ਤੇ ਲੋਕ ਸੰਗਰਾਮ ਨਾਲ ਰੰਗ-ਮੰਚ ਦੀ ਧੜਕਣ ਸਾਂਝੀ ਕਰਨ ਦੇ ਅਹਿਮ ਕਦਮ ਚੁੱਕਣ ਦਾ ਅਹਿਦ ਲਿਆ।  ਇਸ ਮੌਕੇ ਵਿੱਤ ਸਕੱਤਰ ਕਸਤੂਰੀ ਲਾਲ ਵੱਲੋਂ ਰੱਖੀ ਵਿੱਤ ਰਿਪੋਰਟ ਵੀ ਪਾਸ ਕੀਤੀ ਗਈ। ਇਸ ਮੌਕੇ ਕੁਝ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਇਜਲਾਸ ਵਿਚ ਪਾਸ ਕੀਤਾ ਗਿਆ। ਅਜਲਾਸ ਵਿਚ ਬੀਤੇ ਅਰਸੇ ਦਾ ਲੇਖਾਜੋਖਾ ਕਰਨ ਵਾਲੀ ਬਹਿਸ ਦੌਰਾਨ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕਮਲਜੀਤ ਖੰਨਾ ਤੇ ਖ਼ਜਾਨਚੀ ਕਸਤੂਰੀ ਲਾਲ ਨੇ ਵਿਸਥਾਰਪੂਰਕ ਵਿਚਾਰ ਚਰਚਾ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਅਗਲੇ ਸੈਸ਼ਨ ਲਈ ਦੁਬਾਰਾ ਤੋਂ ਅਮੋਲਕ ਸਿੰਘ ਨੂੰ ਮੰਚ ਦਾ ਸੂਬਾ ਪ੍ਰਧਾਨ, ਕਮਲਜੀਤ ਖੰਨਾ ਜਨਰਲ ਸਕੱਤਰ, ਹੰਸਾ ਮੀਤ ਪ੍ਰਧਾਨ, ਮਾਸਟਰ ਰਾਮ ਕੁਮਾਰ ਸੰਯੁਕਤ ਸਕੱਤਰ, ਕਸਤੂਰੀ ਲਾਲ ਵਿੱਤ ਸਕੱਤਰ ਅਤੇ ਗੁਰਪ੍ਰੀਤ ਕੌਰ, ਹਰਵਿੰਦਰ ਦਿਵਾਨਾ ਸੂਬਾ ਕਮੇਟੀ ਮੈਂਬਰ ਚੁਣੇ ਗਏ। ਇਸੇ ਦੌਰਾਨ ਪੰਜਾਬ ਭਰ ਦੀਆਂ ਨਾਟਕ ਅਤੇ ਗੀਤ-ਸੰਗੀਤ ਮੰਡਲੀਆਂ 'ਚੋਂ 22 ਮੈਂਬਰੀ ਜਨਰਲ ਬਾਡੀ ਚੁਣੀ ਗਈ, ਜਿਸ ਵਿਚ 6-6 ਮਹੀਨੇ ਦੀ ਰੂਪ ਰੇਖਾ ਉਲੀਕੀ ਜਾਇਆ ਕਰੇਗੀ। ਕੁਲ ਮਿਲਾ ਕੇ ਇਹ ਇੱਕ ਸਫਲ ਅਜਲਾਸ ਸੀ ਜਿਸ ਨੇ ਹੋਰ ਬਹੁਤ ਸਾਰੀਆਂ ਉਮੀਦਾਂ ਵੀ ਜਗਾਈਆਂ ਹਨ।  

No comments: