Showing posts with label Surgery. Show all posts
Showing posts with label Surgery. Show all posts

Tuesday, September 28, 2021

56 ਸਾਲਾ ਵਿਅਕਤੀ ਨੂੰ ਹਾਰਟ ਸਰਜੀ ਨਾਲ ਮਿਲੀ ਨਵੀਂ ਜ਼ਿੰਦਗੀ

Tuesday 28th September 2021 at  04:18 PM

ਡਾ. ਐਚ ਐਸ ਬੇਦੀ ਵੱਲੋਂ ਸਰਜਰੀ ਵਿੱਚ ਨਵਾਂ ਕ੍ਰਿਸ਼ਮਾ 

ਮੋਹਾਲੀ: 28 ਸਤੰਬਰ 2021: (ਗੁਰਜੀਤ ਬਿੱਲਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਹਸਮੁਖ ਸੁਭਾਅ ਵਾਲੇ ਡਾਕਟਰ ਐਚ ਐਸ ਬੇਦੀ ਮੀਡੀਆ ਵਾਲਿਆਂ ਨਾਲ ਗੱਲਬਾਤ ਕਰਦਿਆਂ ਵੀ ਮਾਹੌਲ ਨੂੰ ਖੁਸ਼ਗਵਾਰ ਬਣਾ ਦੇਂਦੇ। ਮਰੀਜ਼ ਨੂੰ ਵੀ ਹੌਂਸਲਾ ਦੇਂਦੇ ਅਤੇ ਮੈਡੀਕਲ ਭਾਸ਼ਾ ਦੇ ਭਾਰੀ ਭਰਕਮ ਸ਼ਬਦਾਂ ਨੂੰ ਹਲਕਾ ਬਣਾਉਂਦਿਆਂ ਇੱਕ ਸ਼ੇਅਰ ਅਕਸਰ ਸੁਣਾਇਆ ਕਰਦੇ ਹਨ:

ਜ਼ਰਾ ਸਾ ਦਿਲ ਹੈ ਲੇਕਿਨ ਕਮ ਨਹੀਂ ਹੈ, ਕਿ ਇਸਮੇਂ ਕੌਣ ਸਾ ਆਲਮ ਨਹੀਂ ਹੈ 

ਦਿਲ ਦੀ ਸਿਹਤ ਦਾ ਪਤਾ ਆਮ ਤੌਰ ਤੇ ਉਦੋਂ ਲੱਗਣ ਲੱਗਦਾ ਹੈ ਜਦੋਂ ਦਿਲ ਜੁਆਬ ਦੇਣ ਲੱਗਦਾ ਹੈ। ਮਰੀਜ਼ ਆਖ਼ਿਰੀ ਸਾਹਾਂ ਤੇ ਹੁੰਦਾ ਹੈ ਪਰ ਡਾਕਟਰ ਬੇਦੀ ਵਰਗਾ ਕੋਈ ਹੋਣਹਾਰ ਡਾਕਟਰ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਵਾਪਿਸ ਕੱਢ ਲਿਆਉਂਦਾ ਹੈ। ਨਵਾਂ ਜੀਵਨ ਦੇਂਦਾ ਹੈ। ਉਦੋਂ ਪਤਾ ਲੱਗਦਾ ਹੈ ਕਿ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਕਿਓਂ ਆਖਿਆ ਜਾਂਦਾ ਹੈ। ਹੁਣ ਡਾਕਟਰ ਬੇਦੀ ਨੇ ਇਸੇ ਰੂਪ ਦਾ ਅਹਿਸਾਸ ਕਰਾਇਆ ਹੈ ਮੋਹਾਲੀ ਦੇ ਇੱਕ ਨਾਮੀਗ੍ਰਾਮੀ ਹਸਪਤਾਲ ਵਿੱਚ। ਫਤਿਹਗੜ੍ਹ ਸਾਹਿਬ ਦੇ 56 ਸਾਲਾ ਸੁਰਜੀਤ ਸਿੰਘ (ਬਦਲਿਆ ਹੋਇਆ ਨਾਮ) ਨੂੰ ਹਾਲ ਹੀ ਵਿਚ ਮੋਹਾਲੀ ਦੇ ਆਈਵੀ ਹਸਪਤਾਲ ਵਿਚ ਇੱਕ ਸਫਲ ਮੁਸ਼ਕਿਲ ਹਾਰਟ ਸਰਜਰੀ ਦੇ ਬਾਅਦ ਨਵੀਂ ਜ਼ਿੰਦਗੀ ਮਿਲੀ ਹੈ।

ਮੰਗਲਵਾਰ ਨੂੰ ਆਈਵੀ ਹਸਪਤਾਲ ਵਿਚ ਇੱਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਇਸ ਮੁਸ਼ਕਿਲ ਪ੍ਰਕ੍ਰਿਆ ਨੂੰ ਕਰਨ ਵਾਲੇ ਕਾਰਡਿਯਕ ਵੈਸਕੂਲਰ ਸਾਇੰਸੇਜ ਦੇ ਡਾਇਰੈਕਟਰ, ਡਾ. ਹਰਿੰਦਰ ਸਿੰਘ ਬੇਦੀ ਨੇ ਕਿਹਾ ਕਿ ਮਰੀਜ਼ ਨੂੰ ਦਿਲ ਦਾ ਗੰਭੀਰ ਦੌਰਾ ਪਿਆ ਸੀ। ਉਹ ਇੱਕ ਸਥਾਨਕ ਹਾਰਟ ਹਸਪਤਾਲ ਵਿਚ ਗਏ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਇਲਾਵਾ ਦਿਲ ਵਿਚ ਇੱਕ ਵੱਡੇ ਛੇਦ ਹੋਣ ਦਾ ਪਤਾ ਲੱਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਨੂੰ ਡਾ. ਬੇਦੀ ਦੇ ਕੋਲ ਰੈਫਰ ਕੀਤਾ। 

ਡਾ. ਬੇਦੀ, ਜਿਨ੍ਹਾਂ ਨੂੰ ਪਹਿਲਾਂ ਐਸਕਾਰਟਸ ਹਾਰਟ ਇੰਸਟੀਟਿਊਟ, ਦਿੱਲੀ ਅਤੇ ਸੇਂਟ ਵਿੰਸੇਂਟ ਹਸਪਤਾਲ, ਸਿਡਨੀ ਵਿਚ ਅਜਿਹੇ ਮਾਮਲਿਆਂ ਦਾ ਇਲਾਜ ਕੀਤਾ ਹੈ, ਨੇ ਦੱਸਿਆ ਕਿ ਨਾਜੁਕ ਹਾਲਾਤਾਂ ਦੇ ਕਾਰਨ ਇਸ ਮਾਮਲੇ ਵਿਚ ਸਮਾਂ ਬਹੁਤ ਮਹੱਤਵਪੂਰਣ ਸੀ | ਰੋਗੀ ਦੀ ਤੁਰੰਤ ਜਾਂਚ ਕੀਤੀ ਗਈ ਅਤੇ ਐਮਰਜੰਸੀ ਸਰਜਰੀ ਦੇ ਲਈ ਲੈ ਜਾਇਆ ਗਿਆ | ਇਹ ਪੋਸਟ ਹਾਰਨ ਅਟੈਕ ਦੇ ਬਾਅਦ ਇੰਟਰਵੈਂਟ੍ਰੀਕੂਲਰ ਸੇਪਟਮ ਦੇ ਰਪਚਰ ਦਾ ਮਾਮਲਾ ਸੀ, ਡਾ. ਬੇਦੀ ਨੇ ਦੱਸਿਆ। 

ਸਰਜਰੀ ਦੇ ਦੌਰਾਨ ਇਹ ਵੀ ਪਾਇਆ ਗਿਆ ਕਿ ਫੇਫੜਿਆਂ ਦੇ ਨਾਲ ਨਾਲ ਦਿਲ ਨੂੰ ਸਚਮੁਚ ਬਹੁਤ ਨੁਕਸਾਨ ਹੋ ਗਿਆ ਸੀ। ਇਨਸਾਨੀ ਜਾਂ ਲੈਣ ਲਈ ਇਹ ਨੁਕਸਾਨ ਕਾਫੀ ਜ਼ਿਆਦਾ ਸੀ। ਹਾਰਟ ਵਿਚ ਮੋਰੀ ਦੇ ਕਾਰਨ ਖੂਨ ਕਾਫੀ ਮਾਤਰਾ ਵਿਚ ਦਿਲ ਦੇ ਸੱਜੇ ਹਿੱਸੇ ਵਿਚ ਚਲਿਆ ਗਿਆ ਸੀ ਅਤੇ ਉੱਥੋਂ ਫੇਫੜਿਆਂ ਵਿਚ ਵੀ ਪਹੁੰਚ ਗਿਆ ਸੀ। ਸਥਿਤੀ ਸੱਚਮੁੱਚ ਗੰਭੀਰ ਸੀ। ਇਸਦੇ ਕਾਰਨ ਰੋਗੀ ਨੂੰ ਸਾਹ ਲੈਣ ਵਿਚ ਸਮੱਸਿਆ ਹੋ ਰਹੀ ਸੀ ਅਤੇ ਆਕਸੀਜਨ ਦਾ ਪੱਧਰ ਵੀ ਬਹੁਤ ਘੱਟ ਹੋ ਗਿਆ ਸੀ। 

ਹਰੇਕ ਧੜਕਣ ਦੇ ਨਾਲ ਹਾਰਟ ਦਾ ਫਰੰਟ ਭਾਗ ਬੈਲੂਨਿੰਗ ਆਊਟ ਹੋ ਰਿਹਾ ਸੀ। ਰੋਗੀ ਨੂੰ ਤੁਰੰਤ ਹਾਰਟ ਲੰਗ ਮਸ਼ੀਨ ਤੇ ਰੱਖਿਆ ਗਿਆ ਅਤੇ ਇੱਕ ਸਪੈਸ਼ਲ ਸਾਲਿਊਸ਼ਨ ਨਾਲ ਉਨ੍ਹਾਂ ਦਾ ਹਾਰਟ ਰੋਕਿਆ ਗਿਆ। ਇਹ ਕੋਈ ਛੋਟਾ ਕੰਮ ਨਹੀਂ ਸੀ। ਬਹੁਤ ਵੱਡੀ ਜ਼ਿੰਮੇਵਾਰੀ ਸੀ। ਹਾਰਟ ਦਾ ਛੇਦ ਇੱਕ ਸਪੈਸ਼ਲ ਇੰਪੋਰਟਡ ਤਕਨੀਕ ਨਾਲ ਰਿਪੇਅਰ ਕੀਤਾ ਗਿਆ। ਡਾ. ਬੇਦੀ ਨੇ ਕਿਹਾ ਕਿ ਦਿਲ ਦੇ ਨੁਕਸਾਨੇ ਗਏ ਹਿੱਸੇ ਦੀ ਵੀ ਰਿਪੇਅਰ ਕੀਤੀ ਗਈ। ਇਸ ਰਿਪੇਅਰ ਬਿਨਾ ਜ਼ਿੰਦਗੀ ਦਾ ਸਿਹਤਮੰਦ ਢੰਗ ਨਾਲ ਲੰਮੇਰਾ ਹੋਣਾ ਬੇਹੱਦ ਮੁਸ਼ਕਲ ਸੀ। 

ਸਰਜਰੀ ਦੇ ਬਾਅਦ ਰੋਗੀ ਨੇ ਕਾਫੀ ਚੰਗੀ ਤਰ੍ਹਾਂ ਨਾਲ ਰਿਕਵਰ ਕੀਤਾ ਅਤੇ ਸਰਜਰੀ ਦੇ ਬਾਅਦ ਚੌਥੇ ਦਿਨ ਉਸਨੂੰ ਛੁੱਟੀ ਦੇ ਦਿੱਤੀ ਗਈ। ਸਰਜਰੀ ਕਰਨ ਵਾਲੀ ਟੀਮ ਦੇ ਹੋਰ ਮੈਂਬਰ ਡਾ. ਜਿਤੇਨ ਸਿੰਘ, ਡਾ. ਵਿਕਰਮ ਅਰੋੜਾ ਹਨ। 


Friday, August 20, 2021

ਤ੍ਰਾਸਦੀ: ਜਨਮ ਵੇਲੇ ਹੀ ਬੱਚੀ ਦੀਆਂ ਅੰਤੜੀਆਂ ਪੇਟ ਤੋਂ ਬਾਹਰ ਸਨ

ਸੀਐਮਸੀ ਨੇ ਦਿੱਤਾ ਨਵਾਂ ਜਨਮ-ਪਿਤਾ ਤਾਂ ਛੱਡ ਕੇ ਹੀ ਦੌੜ ਗਿਆ ਸੀ 


ਲੁਧਿਆਣਾ
: 20 ਅਗਸਤ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਕਹਿੰਦੇ ਨੇ ਡਾਕਟਰ ਭਗਵਾਨ ਹੁੰਦਾ ਹੈ। ਰੱਬ ਦਾ ਦੂਜਾ ਨਾਮ ਹੁੰਦਾ ਹੈ ਡਾਕਟਰ। ਇਸ ਗੱਲ ਨੂੰ ਇੱਕ ਵਾਰ ਫੇਰ ਸਾਬਿਤ ਕੀਤਾ ਹੈ ਸੀਐਮਸੀ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ ਆਪਣੇ ਇੱਕ ਨਵੇਂ ਕ੍ਰਿਸ਼ਮੇ ਨਾਲ। 

ਮਾਮਲਾ ਇੱਕ ਅਜਿਹੀ ਬਿਮਾਰੀ ਦਾ ਹੈ ਜਿਸ ਨੂੰ ਗੈਸਟਰੋਸਿਸ ਕਿਹਾ ਜਾਂਦਾ ਹੈ। ਇਸ ਬਿਮਾਰੀ ਦਾ ਸ਼ਿਕਾਰ ਹੋਣ ਵਾਲੇ ਬੱਚੇ ਦੀਆਂ ਅੰਤੜੀਆਂ ਪੇਟ ਤੋਂ ਬਾਹਰ ਆ ਜਾਂਦੀਆਂ ਹਨ। ਇਹ  ਨੁਕਸ ਜਨਮ ਸਮੇਂ ਤੇ ਵੀ ਹੋ ਸਕਦਾ ਹੈ। ਆਮ ਤੌਰ ਤੇ ਹੁੰਦਾ ਵੀ ਜਨਮ ਸਮੇਂ ਤੇ ਹੀ ਹੈ। ਬਿਮਾਰੀ ਬੇਹੱਦ ਖਤਰਨਾਕ ਹੈ। ਜੇ ਹੋ ਜਾਏ ਤਾਂ ਬਚਣਾ ਬਿਲਕੁਲ ਹੀ ਮੁਸ਼ਕਿਲ। ਬਲਕਿ ਇਹ ਕਹਿ ਲਵੋ ਕਿ ਨਾਮੁਮਕਿਨ ਵਰਗਾ ਮਾਮਲਾ। 

ਇਸ ਖੌਫਨਾਕ ਦ੍ਰਿਸ਼ ਨੂੰ ਦੇਖਣਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਮਜ਼ੋਰ ਦਿਲ ਵਾਲੇ ਨਿੱਕੇ ਜਿਹੇ ਮਰੀਜ਼ ਬੱਚੇ ਨੂੰ ਦੇਖ ਕੇ ਹੀ ਲੋਕ ਦਹਿਲ ਜਾਂਦੇ ਹਨ। ਲੋਕਾਂ ਨੇ ਮੀਟ ਮੰਡੀ ਵਿੱਚ ਕੱਟੇ ਵੱਢੇ ਜਾਂਦੇ ਜਾਨਵਰਾਂ ਦੀਆਂ ਅੰਤੜੀਆਂ ਤਾਂ ਅਕਸਰ ਪੇਟ ਤੋਂ ਬਾਹਰ ਤੜਫਦੀਆਂ ਦੇਖੀਆਂ ਹੋਣਗੀਆਂ ਪਰ ਇੱਕ ਇਨਸਾਨੀ ਬੱਚੇ ਨਾਲ ਇਹੋ ਜਿਹਾ ਦ੍ਰਿਸ਼ ਨਜ਼ਰ ਆਵੇ ਤਾਂ ਅਜਿਹਾ ਸੋਚ ਕੇ ਵੀ ਡਰ ਲੱਗਦਾ ਹੈ। 

ਇਸ ਬੱਚੀ ਨੂੰ ਦੇਖ ਕੇ ਇਸਦਾ ਪਿਤਾ ਵੀ ਛੱਡ ਕੇ ਦੌੜ ਗਿਆ ਸੀ। ਨਿਜੀ ਹਸਪਤਾਲ ਦੇ ਡਾਕਟਰਾਂ, ਸਟਾਫ ਅਤੇ ਨਰਸਾਂ ਨੇ ਵੀ ਕੋਈ ਕੇਅਰ ਨਾ ਕੀਤੀ। ਅਸਲ ਵਿਚ ਉਹ ਵੀ ਇਹ ਸਭ ਦੇਖ ਕੇ ਘਬਰਾ ਗਏ ਸਨ। ਉਹਨਾਂ ਅਜਿਹੀ ਡਲਿਵਰੀ ਪਹਿਲਾਂ ਕਦੇ ਨਹੀਂ ਸੀ ਦੇਖੀ। 

ਜਦੋਂ ਇਹ ਬੱਚੀ ਸੀਐਮਸੀ ਵਿੱਚ ਲਿਆਂਦੀ ਗਈ ਉਦੋਂ ਇਹ ਸਿਰਫ ਇੱਕ ਦਿਨ ਦੀ। ਇਸਦੀ ਮਾਨ ਨੇ ਇਸਦਾ ਸਾਥ ਨਹੀਂ ਛੱਡਿਆ। ਆਰਤੀ ਨਾਮ ਦੀ ਉਸ ਔਰਤ ਦਾ ਇਹ ਪਪਹਿਲਾ ਬੱਚਾ ਸੀ। ਇਹ ਪਰਿਵਾਰ ਕਾਫੀ ਦੇਰ ਤੋਂ ਪੰਜਾਬ ਵਿੱਚ ਹੈ ਅਤੇ ਅੱਜਕਲ੍ਹ ਫੀਲਡਗੰਜ ਅਤੇ ਇਸਲਾਮਗੰਜ ਦਰਮਿਆਨ ਪੈਂਦੇ ਅਮਰਪੁਰਾ ਵਿਚ ਹੀ ਰਹਿੰਦਾ ਹੈ।
 
ਸੀਐਮ ਸੀ ਹਸਪਤਾਲ ਵਾਲਿਆਂ ਕੋਲ ਜਿਹੜਾ ਇਹ ਕੇਸ ਆਇਆ ਉਹ ਅਸਲ ਵਿੱਚ ਬਾਹਰ ਕਿਸੇ ਨਿਜੀ ਹਸਪਤਾਲ ਵਿਚ ਹੋਏ ਜਨਮ ਦਾ ਸੀ। ਡਲਿਵਰੀ ਹੋ ਗਈ ਪਰਿਵਾਰ ਕੋਲ ਪੈਸੇ ਵੀ ਮੁੱਕ ਗਏ।  ਖਰਾਬ ਕਿ ਬਚਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਸਨ। ਉਸ ਹਸਪਤਾਲ ਵਾਲਿਆਂ ਨੇ ਵੀ ਬੜੀ ਹੀ ਬੇਰਹਿਮੀ ਨਾਲ ਪਰਿਵਾਰ ਨੂੰ ਘਰ ਭੇਜ ਦਿੱਤਾ ਸੀ। ਵੀ ਪੈਸੇ ਬਿਨਾ ਇਲਾਜ ਕਿੰਝ ਕਰਦੇ! ਪਰ ਫਿਰ ਵੀ ਚੰਗੇ ਭਾਗਾਂ ਨੂੰ ਪਰਿਵਾਰ ਦੇ ਲੋਕ ਕਿਸੇ ਨ ਕਿਸੇ ਦੇ ਕਹਿਣ ਤੇ ਇਸ ਬੱਚੀ ਅਤੇ ਇਸਦੀ ਮਾਂ ਨੂੰ ਸੀਐਮਸੀ ਹਸਪਤਾਲ ਵਿੱਚ ਲੈ ਆਏ। ਇਸ ਬੱਚੀ ਦੇ ਠੀਕ ਹੋ ਜਾਣ ਦੀ ਸਭ ਤੋਂ ਵੱਧ ਉਮੀਦ ਇਸ ਬੱਚੀ ਦੀ ਮਾਂ ਆਰਤੀ ਨੂੰ ਸੀ। ਉਸਦਾ ਪਹਿਲਾ ਬੱਚਾ ਸੀ ਇਹ ਵਿਆਹ ਤੋਂ ਬਾਅਦ। ਉਹ ਸੋਚਦੀ ਸੀ ਪੰਜਾਬ ਦੇ ਲੋਕ ਵੱਡੇ ਦਿਲ ਵਾਲੇ ਹੁੰਦੇ ਨੇ ਮੇਰੀ ਬੱਚੀ ਨੂੰ ਕੁਝ ਨਹੀਂ ਹੋਣ ਦੇਣਗੇ।  
ਸੀਐਮਸੀ ਦੇ ਡਾਕਟਰਾਂ ਦੀ ਟੀਮ ਨੇ ਇਸ ਨਿੱਕੀ ਜਿਹੀ ਬੱਚੀ ਨੂੰ 20 ਦਿਨਾਂ ਤੱਕ ਆਈਸੀਯੂ ਵਿੱਚ ਰੱਖਿਆ ਗਿਆ। ਇਲਾਜ ਦੌਰਾਨ ਹੋਲੀ ਹੋਲੀ ਇਸ ਬੱਚੀ ਦੀਆਂ ਆਂਤਾਂ ਨੂੰ ਪੇਟ ਦੇ ਅੰਦਰ ਕੀਤਾ ਗਿਆ। ਇੱਕ ਅਜਿਹਾ ਕੰਬਮ ਸੀ ਜਿਹੜਾ ਨਾਮੁਮਕਿਨ ਜਾਪਦਾ ਸੀ। ਕੁਦਰਤ ਦੀ ਕਰੋਪੀ ਕਹੋ ਜਾਂ ਬਿਮਾਰੀ ਦਾ ਕਹਿਰ ਮਾਮਲਾ ਬੜਾ ਹੀ ਨਾਉਮੀਦ ਕਰਨ ਵਾਲਾ ਅਤੇ ਨਿਰਾਸ਼ਾਜਨਕ ਸੀ। ਇਸ ਸਭ ਕੁਝ ਦੇ ਬਾਵਜੂਦ ਇਸ ਬੱਚੀ ਨੂੰ ਇੱਕ ਵਾਰ ਫਿਰ ਤੋਂ ਨਾਰਮਲ ਬੱਚੀ ਬਣਾਇਆ ਗਿਆ ਇਸੇ ਸੀਐਮਸੀ ਵਿੱਚ ਸਿਰਫ ਡਾਕਟਰੀ ਵਿਗਿਆਨ ਦੇ ਸਹਾਰੇ। ਬਿਨਾ ਕਿਸੇ ਡੇਰੇ ਤੋਂ। ਬਿਨਾ ਕਿਸੇ ਰੱਬ ਤੋਂ। ਬਿਨਾਕ ਕਿਸੇ ਮੰਤਰ ਤੰਤਰ ਤੋਂ।  
ਉੱਪਰੋਂ ਇਸ ਬੱਚੀ ਦੇ ਮਾਪੇ ਬੇਹੱਦ ਗਰੀਬ ਸਨ। ਬੁਰੀ ਤਰ੍ਹਾਂ ਨਿਰਾਸ ਹੋਏ ਹੋਏ ਸਨ। ਉਹਨਾਂ ਕੋਲ ਕੋਈ ਪੈਸੇ ਵੀ ਨਹੀਂ ਸੀ। ਇਸ  ਮੁਲਕ ਵਿੱਚ ਇਨਸਾਨ ਬਿਮਾਰ ਹੋ ਜਾਈ ਅਤੇ ਉਸ ਕੋਲ ਕੋਈ ਪੈਸੇ ਨਾ ਹੋਵੇ ਤਾਂ ਉਸ ਲਈ ਇਹ ਬਹੁਤ ਹੀ ਵੱਡਾ ਗੁਨਾਹ ਵਰਗਾ ਹੈ। ਰਿਸ਼ਤੇਦਾਰ, ਵਾਕਿਫ, ਸਲਾਹਾਂ ਦੇਣ ਵਾਲੇ ਸਭ ਦੌੜ ਜਾਂਦੇ ਹਨ। ਖੂਨ ਦੀ ਇੱਕ ਬੋਤਲ ਕੋਈ ਨਹੀਂ ਦੇਂਦਾ ਲੱਖਾਂ ਨ ਰੁਪਏ ਤਾਂ ਬਹੁਤ ਹੀ ਦੂਰ ਦੀ ਗੱਲ ਹੈ। 
ਸੀਐਮਸੀ ਵਾਲਿਆਂ ਨੇ ਇਸ ਬੱਚੀ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ। ਅੱਜ ਦੇ ਕਾਰੋਬਾਰੀ ਜ਼ਮਾਨੇ ਵਿੱਚ ਇਹ ਕਿਸੇ
ਚਮਤਕਾਰ ਤੋਂ ਘੱਟ ਨਹੀਂ। ਸੀਐਮਸੀ ਹਸਪਤਾਲ ਵਿੱਚ ਬੱਚਿਆਂ ਦਾ ਇਹ ਵਿਭਾਗ ਸੰਨ 1972 ਤੋਂ ਇਸੇ ਤਰ੍ਹਾਂ ਦੇ ਗੰਭੀਰ ਕੇਸਾਂ ਨੂੰ ਹੱਲ ਕਰਦਾ ਆ ਰਿਹਾ ਹੈ। ਨਿੱਕੀ ਨਿੱਕੀ ਉਮਰ ਦੇ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਸਰਜਰੀਆਂ ਇਥੇ ਬੜੀ ਸਫਲਤਾ ਨਾਲ ਕੀਤੀਆਂ ਗਈਆਂ ਹਨ ਜੋ ਕਿ ਅਸਲ ਵਿੱਚ ਬੜੀਆਂ ਹੀ ਪੇਚੀਦਾ ਕਿਸਮ ਦੀਆਂ ਗੁੰਝਲਾਂ ਵਾਲੀਆਂ ਹੁੰਦੀਆਂ ਹਨ। 
ਇਸ ਮਕਸਦ ਲਈ ਇਸ ਹਸਪਤਾਲ ਕੋਲ ਬਹੁਤ ਸਾਰੀਆਂ ਤਕਨੀਕੀ ਸਹੂਲਤਾਂ ਮੌਜੂਦ ਹਨ। ਸੀਐਮਸੀ ਦੇ ਡਾਕਟਰਾਂ ਨੇ ਬਾਰ ਬਾਰ ਇਹ ਸਾਬਿਤ ਕੀਤਾ ਹੈ ਕਿ ਤੁਹਾਡੇ ਕਰਮ ਹੀ ਚੰਗੇ ਫਲ ਦੇਂਦੇ ਹਨ ਨਾ ਕਿ ਸਾਧਾਂ ਦੇ ਅੰਧਵਿਸ਼ਵਾਸੀ ਡੇਰੇ। ਇਹ ਪੰਜਾਬ ਦਾ ਇਕਲੌਤਾ ਹਸਪਤਾਲ ਹੈ ਜਿਹੜਾ ਬੱਚਿਆਂ ਦੀ ਸਰਜਰੀ ਵਿੱਚ ਐਮ ਸੀ ਐਚ ਪ੍ਰੋਗਰਾਮ ਨੂੰ ਸਫਲਤਾ ਪੂਰਬਕ ਚਲਾ ਰਿਹਾ ਹੈ। 
ਜੇ ਤੁਹਾਨੂੰ ਇਹ ਖਬਰ ਚੰਗੀ ਲੱਗੀ ਹੈ ਤਾਂ ਸਿਹਤ ਦੀਆਂ ਅਜਿਹੀਆਂ ਸੰਸਥਾਵਾਂ ਨੂੰ ਮਜ਼ਬੂਤ ਬਣਾਓ। ਆਪਣਾ ਦਾਨ ਧਾਰਮਿਕ ਅਦਾਰਿਆਂ ਨੂੰ ਨਹੀਂ ਸਿਹਤ ਅਤੇ ਵਿਦਿਅਕ ਅਦਾਰਿਆਂ ਨੂੰ ਦਿਓ। ਇਸ ਬੱਚੀ ਦੇ ਇਸ ਇਲਾਜ ਤੇ ਤਿੰਨ ਲੱਖ ਰੁਪਏ ਤੋਂ ਵੱਧ ਦਾ ਖਰਚਾ ਆਇਆ ਹੈ। ਤੁਸੀਂ ਜੇ ਚਾਹੋ ਤਾਂ ਸੀਐਮਸੀ ਦੇ ਫ਼ੰਡ ਵਿਚ ਡੋਨੇਸ਼ਨ ਦੇ ਸਕਦੇ ਹੋ। ਸਰਕਾਰਾਂ ਨੂੰ ਮਜਬੂਰ ਕਰ ਸਕਦੇ ਹੋ ਕਿ ਹਰ ਕਿਸੇ ਦੇ ਲਈ ਇਲਾਜ ਜ਼ਰੂਰੀ ਹੋ। ਇਸ ਵਾਰ ਦੀਆਂ ਚੋਣਾਂ ਵਿੱਚ ਯਾਦ ਵੀ ਰੱਖਿਓ। ਹਰ ਵਾਰ ਸੀਐਮਸੀ ਵੀ ਸਾਰਾ ਖਰਚਾ ਭਰ ਸਕੇ ਕੋਈ ਜ਼ਰੂਰੀ ਤਾਂ ਨਹੀਂ ਨ? ਆਓ ਸੀਐਮਸੀ ਹਸਪਤਾਲ ਦੇ ਫ਼ੰਡ ਨੂੰ ਕਿਸੇ ਵੀ ਹੀਲੇ ਘਟਣ ਨਾ ਦੇਈਏ। ਇਸ ਖਜ਼ਾਨੇ ਨੂੰ ਹਰ ਵੇਲੇ ਭਰਿਆ ਭਰਿਆ ਰੱਖੀਏ। ਖੁਸ਼ੀ ਗਮੀ ਦੇ ਖਰਚੇ ਕੱਢਣ ਵੇਲੇ ਫਾਲਤੂ ਫਜ਼ੂਲ ਖਰਚਿਆਂ ਦੀ ਬਜਾਏ ਇਹਨਾਂ ਅਦਾਰਿਆਂ ਲਈ ਫ਼ੰਡ ਦੇਈਏ। ਫ਼ੰਡ ਦੇਣ ਲਈ ਸਬੰਧਤ ਨੰਬਰ ਅਤੇ ਜਾਣਕਾਰੀ ਇਥੇ ਨਾਲ ਹੀ ਦਿੱਤੀ ਜਾ ਰਹੀ ਹੈ।