Friday, August 20, 2021

ਤ੍ਰਾਸਦੀ: ਜਨਮ ਵੇਲੇ ਹੀ ਬੱਚੀ ਦੀਆਂ ਅੰਤੜੀਆਂ ਪੇਟ ਤੋਂ ਬਾਹਰ ਸਨ

ਸੀਐਮਸੀ ਨੇ ਦਿੱਤਾ ਨਵਾਂ ਜਨਮ-ਪਿਤਾ ਤਾਂ ਛੱਡ ਕੇ ਹੀ ਦੌੜ ਗਿਆ ਸੀ 


ਲੁਧਿਆਣਾ
: 20 ਅਗਸਤ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਕਹਿੰਦੇ ਨੇ ਡਾਕਟਰ ਭਗਵਾਨ ਹੁੰਦਾ ਹੈ। ਰੱਬ ਦਾ ਦੂਜਾ ਨਾਮ ਹੁੰਦਾ ਹੈ ਡਾਕਟਰ। ਇਸ ਗੱਲ ਨੂੰ ਇੱਕ ਵਾਰ ਫੇਰ ਸਾਬਿਤ ਕੀਤਾ ਹੈ ਸੀਐਮਸੀ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ ਆਪਣੇ ਇੱਕ ਨਵੇਂ ਕ੍ਰਿਸ਼ਮੇ ਨਾਲ। 

ਮਾਮਲਾ ਇੱਕ ਅਜਿਹੀ ਬਿਮਾਰੀ ਦਾ ਹੈ ਜਿਸ ਨੂੰ ਗੈਸਟਰੋਸਿਸ ਕਿਹਾ ਜਾਂਦਾ ਹੈ। ਇਸ ਬਿਮਾਰੀ ਦਾ ਸ਼ਿਕਾਰ ਹੋਣ ਵਾਲੇ ਬੱਚੇ ਦੀਆਂ ਅੰਤੜੀਆਂ ਪੇਟ ਤੋਂ ਬਾਹਰ ਆ ਜਾਂਦੀਆਂ ਹਨ। ਇਹ  ਨੁਕਸ ਜਨਮ ਸਮੇਂ ਤੇ ਵੀ ਹੋ ਸਕਦਾ ਹੈ। ਆਮ ਤੌਰ ਤੇ ਹੁੰਦਾ ਵੀ ਜਨਮ ਸਮੇਂ ਤੇ ਹੀ ਹੈ। ਬਿਮਾਰੀ ਬੇਹੱਦ ਖਤਰਨਾਕ ਹੈ। ਜੇ ਹੋ ਜਾਏ ਤਾਂ ਬਚਣਾ ਬਿਲਕੁਲ ਹੀ ਮੁਸ਼ਕਿਲ। ਬਲਕਿ ਇਹ ਕਹਿ ਲਵੋ ਕਿ ਨਾਮੁਮਕਿਨ ਵਰਗਾ ਮਾਮਲਾ। 

ਇਸ ਖੌਫਨਾਕ ਦ੍ਰਿਸ਼ ਨੂੰ ਦੇਖਣਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਮਜ਼ੋਰ ਦਿਲ ਵਾਲੇ ਨਿੱਕੇ ਜਿਹੇ ਮਰੀਜ਼ ਬੱਚੇ ਨੂੰ ਦੇਖ ਕੇ ਹੀ ਲੋਕ ਦਹਿਲ ਜਾਂਦੇ ਹਨ। ਲੋਕਾਂ ਨੇ ਮੀਟ ਮੰਡੀ ਵਿੱਚ ਕੱਟੇ ਵੱਢੇ ਜਾਂਦੇ ਜਾਨਵਰਾਂ ਦੀਆਂ ਅੰਤੜੀਆਂ ਤਾਂ ਅਕਸਰ ਪੇਟ ਤੋਂ ਬਾਹਰ ਤੜਫਦੀਆਂ ਦੇਖੀਆਂ ਹੋਣਗੀਆਂ ਪਰ ਇੱਕ ਇਨਸਾਨੀ ਬੱਚੇ ਨਾਲ ਇਹੋ ਜਿਹਾ ਦ੍ਰਿਸ਼ ਨਜ਼ਰ ਆਵੇ ਤਾਂ ਅਜਿਹਾ ਸੋਚ ਕੇ ਵੀ ਡਰ ਲੱਗਦਾ ਹੈ। 

ਇਸ ਬੱਚੀ ਨੂੰ ਦੇਖ ਕੇ ਇਸਦਾ ਪਿਤਾ ਵੀ ਛੱਡ ਕੇ ਦੌੜ ਗਿਆ ਸੀ। ਨਿਜੀ ਹਸਪਤਾਲ ਦੇ ਡਾਕਟਰਾਂ, ਸਟਾਫ ਅਤੇ ਨਰਸਾਂ ਨੇ ਵੀ ਕੋਈ ਕੇਅਰ ਨਾ ਕੀਤੀ। ਅਸਲ ਵਿਚ ਉਹ ਵੀ ਇਹ ਸਭ ਦੇਖ ਕੇ ਘਬਰਾ ਗਏ ਸਨ। ਉਹਨਾਂ ਅਜਿਹੀ ਡਲਿਵਰੀ ਪਹਿਲਾਂ ਕਦੇ ਨਹੀਂ ਸੀ ਦੇਖੀ। 

ਜਦੋਂ ਇਹ ਬੱਚੀ ਸੀਐਮਸੀ ਵਿੱਚ ਲਿਆਂਦੀ ਗਈ ਉਦੋਂ ਇਹ ਸਿਰਫ ਇੱਕ ਦਿਨ ਦੀ। ਇਸਦੀ ਮਾਨ ਨੇ ਇਸਦਾ ਸਾਥ ਨਹੀਂ ਛੱਡਿਆ। ਆਰਤੀ ਨਾਮ ਦੀ ਉਸ ਔਰਤ ਦਾ ਇਹ ਪਪਹਿਲਾ ਬੱਚਾ ਸੀ। ਇਹ ਪਰਿਵਾਰ ਕਾਫੀ ਦੇਰ ਤੋਂ ਪੰਜਾਬ ਵਿੱਚ ਹੈ ਅਤੇ ਅੱਜਕਲ੍ਹ ਫੀਲਡਗੰਜ ਅਤੇ ਇਸਲਾਮਗੰਜ ਦਰਮਿਆਨ ਪੈਂਦੇ ਅਮਰਪੁਰਾ ਵਿਚ ਹੀ ਰਹਿੰਦਾ ਹੈ।
 
ਸੀਐਮ ਸੀ ਹਸਪਤਾਲ ਵਾਲਿਆਂ ਕੋਲ ਜਿਹੜਾ ਇਹ ਕੇਸ ਆਇਆ ਉਹ ਅਸਲ ਵਿੱਚ ਬਾਹਰ ਕਿਸੇ ਨਿਜੀ ਹਸਪਤਾਲ ਵਿਚ ਹੋਏ ਜਨਮ ਦਾ ਸੀ। ਡਲਿਵਰੀ ਹੋ ਗਈ ਪਰਿਵਾਰ ਕੋਲ ਪੈਸੇ ਵੀ ਮੁੱਕ ਗਏ।  ਖਰਾਬ ਕਿ ਬਚਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਸਨ। ਉਸ ਹਸਪਤਾਲ ਵਾਲਿਆਂ ਨੇ ਵੀ ਬੜੀ ਹੀ ਬੇਰਹਿਮੀ ਨਾਲ ਪਰਿਵਾਰ ਨੂੰ ਘਰ ਭੇਜ ਦਿੱਤਾ ਸੀ। ਵੀ ਪੈਸੇ ਬਿਨਾ ਇਲਾਜ ਕਿੰਝ ਕਰਦੇ! ਪਰ ਫਿਰ ਵੀ ਚੰਗੇ ਭਾਗਾਂ ਨੂੰ ਪਰਿਵਾਰ ਦੇ ਲੋਕ ਕਿਸੇ ਨ ਕਿਸੇ ਦੇ ਕਹਿਣ ਤੇ ਇਸ ਬੱਚੀ ਅਤੇ ਇਸਦੀ ਮਾਂ ਨੂੰ ਸੀਐਮਸੀ ਹਸਪਤਾਲ ਵਿੱਚ ਲੈ ਆਏ। ਇਸ ਬੱਚੀ ਦੇ ਠੀਕ ਹੋ ਜਾਣ ਦੀ ਸਭ ਤੋਂ ਵੱਧ ਉਮੀਦ ਇਸ ਬੱਚੀ ਦੀ ਮਾਂ ਆਰਤੀ ਨੂੰ ਸੀ। ਉਸਦਾ ਪਹਿਲਾ ਬੱਚਾ ਸੀ ਇਹ ਵਿਆਹ ਤੋਂ ਬਾਅਦ। ਉਹ ਸੋਚਦੀ ਸੀ ਪੰਜਾਬ ਦੇ ਲੋਕ ਵੱਡੇ ਦਿਲ ਵਾਲੇ ਹੁੰਦੇ ਨੇ ਮੇਰੀ ਬੱਚੀ ਨੂੰ ਕੁਝ ਨਹੀਂ ਹੋਣ ਦੇਣਗੇ।  
ਸੀਐਮਸੀ ਦੇ ਡਾਕਟਰਾਂ ਦੀ ਟੀਮ ਨੇ ਇਸ ਨਿੱਕੀ ਜਿਹੀ ਬੱਚੀ ਨੂੰ 20 ਦਿਨਾਂ ਤੱਕ ਆਈਸੀਯੂ ਵਿੱਚ ਰੱਖਿਆ ਗਿਆ। ਇਲਾਜ ਦੌਰਾਨ ਹੋਲੀ ਹੋਲੀ ਇਸ ਬੱਚੀ ਦੀਆਂ ਆਂਤਾਂ ਨੂੰ ਪੇਟ ਦੇ ਅੰਦਰ ਕੀਤਾ ਗਿਆ। ਇੱਕ ਅਜਿਹਾ ਕੰਬਮ ਸੀ ਜਿਹੜਾ ਨਾਮੁਮਕਿਨ ਜਾਪਦਾ ਸੀ। ਕੁਦਰਤ ਦੀ ਕਰੋਪੀ ਕਹੋ ਜਾਂ ਬਿਮਾਰੀ ਦਾ ਕਹਿਰ ਮਾਮਲਾ ਬੜਾ ਹੀ ਨਾਉਮੀਦ ਕਰਨ ਵਾਲਾ ਅਤੇ ਨਿਰਾਸ਼ਾਜਨਕ ਸੀ। ਇਸ ਸਭ ਕੁਝ ਦੇ ਬਾਵਜੂਦ ਇਸ ਬੱਚੀ ਨੂੰ ਇੱਕ ਵਾਰ ਫਿਰ ਤੋਂ ਨਾਰਮਲ ਬੱਚੀ ਬਣਾਇਆ ਗਿਆ ਇਸੇ ਸੀਐਮਸੀ ਵਿੱਚ ਸਿਰਫ ਡਾਕਟਰੀ ਵਿਗਿਆਨ ਦੇ ਸਹਾਰੇ। ਬਿਨਾ ਕਿਸੇ ਡੇਰੇ ਤੋਂ। ਬਿਨਾ ਕਿਸੇ ਰੱਬ ਤੋਂ। ਬਿਨਾਕ ਕਿਸੇ ਮੰਤਰ ਤੰਤਰ ਤੋਂ।  
ਉੱਪਰੋਂ ਇਸ ਬੱਚੀ ਦੇ ਮਾਪੇ ਬੇਹੱਦ ਗਰੀਬ ਸਨ। ਬੁਰੀ ਤਰ੍ਹਾਂ ਨਿਰਾਸ ਹੋਏ ਹੋਏ ਸਨ। ਉਹਨਾਂ ਕੋਲ ਕੋਈ ਪੈਸੇ ਵੀ ਨਹੀਂ ਸੀ। ਇਸ  ਮੁਲਕ ਵਿੱਚ ਇਨਸਾਨ ਬਿਮਾਰ ਹੋ ਜਾਈ ਅਤੇ ਉਸ ਕੋਲ ਕੋਈ ਪੈਸੇ ਨਾ ਹੋਵੇ ਤਾਂ ਉਸ ਲਈ ਇਹ ਬਹੁਤ ਹੀ ਵੱਡਾ ਗੁਨਾਹ ਵਰਗਾ ਹੈ। ਰਿਸ਼ਤੇਦਾਰ, ਵਾਕਿਫ, ਸਲਾਹਾਂ ਦੇਣ ਵਾਲੇ ਸਭ ਦੌੜ ਜਾਂਦੇ ਹਨ। ਖੂਨ ਦੀ ਇੱਕ ਬੋਤਲ ਕੋਈ ਨਹੀਂ ਦੇਂਦਾ ਲੱਖਾਂ ਨ ਰੁਪਏ ਤਾਂ ਬਹੁਤ ਹੀ ਦੂਰ ਦੀ ਗੱਲ ਹੈ। 
ਸੀਐਮਸੀ ਵਾਲਿਆਂ ਨੇ ਇਸ ਬੱਚੀ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ। ਅੱਜ ਦੇ ਕਾਰੋਬਾਰੀ ਜ਼ਮਾਨੇ ਵਿੱਚ ਇਹ ਕਿਸੇ
ਚਮਤਕਾਰ ਤੋਂ ਘੱਟ ਨਹੀਂ। ਸੀਐਮਸੀ ਹਸਪਤਾਲ ਵਿੱਚ ਬੱਚਿਆਂ ਦਾ ਇਹ ਵਿਭਾਗ ਸੰਨ 1972 ਤੋਂ ਇਸੇ ਤਰ੍ਹਾਂ ਦੇ ਗੰਭੀਰ ਕੇਸਾਂ ਨੂੰ ਹੱਲ ਕਰਦਾ ਆ ਰਿਹਾ ਹੈ। ਨਿੱਕੀ ਨਿੱਕੀ ਉਮਰ ਦੇ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਸਰਜਰੀਆਂ ਇਥੇ ਬੜੀ ਸਫਲਤਾ ਨਾਲ ਕੀਤੀਆਂ ਗਈਆਂ ਹਨ ਜੋ ਕਿ ਅਸਲ ਵਿੱਚ ਬੜੀਆਂ ਹੀ ਪੇਚੀਦਾ ਕਿਸਮ ਦੀਆਂ ਗੁੰਝਲਾਂ ਵਾਲੀਆਂ ਹੁੰਦੀਆਂ ਹਨ। 
ਇਸ ਮਕਸਦ ਲਈ ਇਸ ਹਸਪਤਾਲ ਕੋਲ ਬਹੁਤ ਸਾਰੀਆਂ ਤਕਨੀਕੀ ਸਹੂਲਤਾਂ ਮੌਜੂਦ ਹਨ। ਸੀਐਮਸੀ ਦੇ ਡਾਕਟਰਾਂ ਨੇ ਬਾਰ ਬਾਰ ਇਹ ਸਾਬਿਤ ਕੀਤਾ ਹੈ ਕਿ ਤੁਹਾਡੇ ਕਰਮ ਹੀ ਚੰਗੇ ਫਲ ਦੇਂਦੇ ਹਨ ਨਾ ਕਿ ਸਾਧਾਂ ਦੇ ਅੰਧਵਿਸ਼ਵਾਸੀ ਡੇਰੇ। ਇਹ ਪੰਜਾਬ ਦਾ ਇਕਲੌਤਾ ਹਸਪਤਾਲ ਹੈ ਜਿਹੜਾ ਬੱਚਿਆਂ ਦੀ ਸਰਜਰੀ ਵਿੱਚ ਐਮ ਸੀ ਐਚ ਪ੍ਰੋਗਰਾਮ ਨੂੰ ਸਫਲਤਾ ਪੂਰਬਕ ਚਲਾ ਰਿਹਾ ਹੈ। 
ਜੇ ਤੁਹਾਨੂੰ ਇਹ ਖਬਰ ਚੰਗੀ ਲੱਗੀ ਹੈ ਤਾਂ ਸਿਹਤ ਦੀਆਂ ਅਜਿਹੀਆਂ ਸੰਸਥਾਵਾਂ ਨੂੰ ਮਜ਼ਬੂਤ ਬਣਾਓ। ਆਪਣਾ ਦਾਨ ਧਾਰਮਿਕ ਅਦਾਰਿਆਂ ਨੂੰ ਨਹੀਂ ਸਿਹਤ ਅਤੇ ਵਿਦਿਅਕ ਅਦਾਰਿਆਂ ਨੂੰ ਦਿਓ। ਇਸ ਬੱਚੀ ਦੇ ਇਸ ਇਲਾਜ ਤੇ ਤਿੰਨ ਲੱਖ ਰੁਪਏ ਤੋਂ ਵੱਧ ਦਾ ਖਰਚਾ ਆਇਆ ਹੈ। ਤੁਸੀਂ ਜੇ ਚਾਹੋ ਤਾਂ ਸੀਐਮਸੀ ਦੇ ਫ਼ੰਡ ਵਿਚ ਡੋਨੇਸ਼ਨ ਦੇ ਸਕਦੇ ਹੋ। ਸਰਕਾਰਾਂ ਨੂੰ ਮਜਬੂਰ ਕਰ ਸਕਦੇ ਹੋ ਕਿ ਹਰ ਕਿਸੇ ਦੇ ਲਈ ਇਲਾਜ ਜ਼ਰੂਰੀ ਹੋ। ਇਸ ਵਾਰ ਦੀਆਂ ਚੋਣਾਂ ਵਿੱਚ ਯਾਦ ਵੀ ਰੱਖਿਓ। ਹਰ ਵਾਰ ਸੀਐਮਸੀ ਵੀ ਸਾਰਾ ਖਰਚਾ ਭਰ ਸਕੇ ਕੋਈ ਜ਼ਰੂਰੀ ਤਾਂ ਨਹੀਂ ਨ? ਆਓ ਸੀਐਮਸੀ ਹਸਪਤਾਲ ਦੇ ਫ਼ੰਡ ਨੂੰ ਕਿਸੇ ਵੀ ਹੀਲੇ ਘਟਣ ਨਾ ਦੇਈਏ। ਇਸ ਖਜ਼ਾਨੇ ਨੂੰ ਹਰ ਵੇਲੇ ਭਰਿਆ ਭਰਿਆ ਰੱਖੀਏ। ਖੁਸ਼ੀ ਗਮੀ ਦੇ ਖਰਚੇ ਕੱਢਣ ਵੇਲੇ ਫਾਲਤੂ ਫਜ਼ੂਲ ਖਰਚਿਆਂ ਦੀ ਬਜਾਏ ਇਹਨਾਂ ਅਦਾਰਿਆਂ ਲਈ ਫ਼ੰਡ ਦੇਈਏ। ਫ਼ੰਡ ਦੇਣ ਲਈ ਸਬੰਧਤ ਨੰਬਰ ਅਤੇ ਜਾਣਕਾਰੀ ਇਥੇ ਨਾਲ ਹੀ ਦਿੱਤੀ ਜਾ ਰਹੀ ਹੈ। 

No comments: